ਪੰਜਾਬ ‘ਚ ਤੀਜੇ ਸਿਆਸੀ ਫਰੰਟ ਲਈ ਪਿੜ ਬੱਝਣ ਲੱਗਾ

ਚੰਡੀਗੜ੍ਹ: ਪੰਜਾਬ ਵਿਚ ਤੀਜੇ ਸਿਆਸੀ ਫਰੰਟ ਲਈ ਪਿੜ ਬੱਝਣ ਲੱਗਾ ਹੈ। ਰਵਾਇਤੀ ਧਿਰਾਂ ਤੋਂ ਅੱਕੇ ਲੋਕ ਇਕ ਮੰਚ ਉਤੇ ਖੜ੍ਹੇ ਹੁੰਦੇ ਦਿਸ ਰਹੇ ਹਨ। ਰਵਾਇਤੀ ਧਿਰਾਂ ਦੀ ਟੁੱਟ ਭੱਜ ਇਹੀ ਸੰਕੇਤ ਦੇ ਰਹੀ ਹੈ ਕਿ ਅਗਲੀਆਂ ਚੋਣਾਂ ਇਨ੍ਹਾਂ ਲਈ ਪਰਖ ਦੀ ਘੜੀ ਹੋਣਗੀਆਂ।

ਇਸ ਮੋਰਚੇ ਦੀ ਕਾਇਮੀ ਲਈ ਸਭ ਤੋਂ ਵੱਧ ਸਰਗਰਮੀ ਆਮ ਆਦਮੀ ਵਿਚੋØਂ ਮੁਅੱਤਲ ਕੀਤੇ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵੱਲੋਂ ਵਿਖਾਈ ਜਾ ਰਹੀ ਹੈ। ਖਹਿਰਾ ਦੀ ਇਸ ਪਹਿਲ ਨੇ ਆਪ ਸਮੇਤ ਹੋਰ ਧਿਰਾਂ ਦੇ ਬਾਗੀਆਂ ਨੂੰ ਵੀ ਰਾਹ ਦਿਖਾਇਆ ਹੈ। ਸੁਖਪਾਲ ਖਹਿਰਾ ਨੇ ਤੀਜਾ ਮੋਰਚਾ ਕਾਇਮ ਕਰਨ ਦਾ ਸੰਕੇਤ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਹ ਦਸੰਬਰ ਦੇ ਪਹਿਲੇ ਹਫਤੇ ਅੱਠ ਦਿਨ ਪੂਰੇ ਪੰਜਾਬ ਵਿਚ ਇਨਸਾਫ ਮਾਰਚ ਕਰਨਗੇ। ਇਸ ਦੌਰਾਨ ਪੰਜਾਬ ਦੀ ਜਨਤਾ ਤੋਂ ਰਾਏ ਲਈ ਜਾਵੇਗੀ। ਉਸ ਮੁਤਾਬਕ ਅਗਲੀ ਰਣਨੀਤੀ ਐਲਾਨੀ ਜਾਏਗੀ।
ਖਹਿਰਾ, ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਰਹੇ ਹਨ। ਇਸ ਤੋਂ ਇਲਾਵਾ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਤੇ ਬੀਰਦਵਿੰਦਰ ਸਿੰਘ ਵੀ ਖਹਿਰਾ ਨਾਲ ਮਿਲ ਸਕਦੇ ਹਨ। ਅਕਾਲੀ ਦਲ ਤੋਂ ਬਗਾਵਤ ਕਰ ਰਹੇ ਕਈ ਟਕਸਾਲੀ ਲੀਡਰਾਂ ਨੂੰ ਵੀ ਫਰੰਟ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਪਟਿਆਲਾ ਤੋਂ ਆਪ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਆਪਣੇ ਨੁਮਾਇੰਦੇ ਤਿਆਰ ਕਰ ਰਹੇ ਹਨ। ਉਹ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੀ ਮੁਅੱਤਲੀ ਨੂੰ ਗਲਤ ਕਰਾਰ ਦੇ ਰਹੇ ਹਨ। ਡਾ. ਗਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਆਪਣਾ ਏਜੰਡਾ ਪੇਸ਼ ਕਰ ਦਿੱਤਾ ਹੈ ਤੇ ਪੰਜਾਬ ਦੇ ਹਿੱਤ ‘ਚ ਕੰਮ ਕਰਨ ਵਾਲੀ ਕਿਸੇ ਵੀ ਪਾਰਟੀ ਜਾਂ ਵਿਅਕਤੀ ਨਾਲ ਉਹ ਸਮਝੌਤਾ ਕਰ ਸਕਦੇ ਹਨ।
ਉਧਰ, ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫਰੰਟ ਹੋਂਦ ਵਿਚ ਤਾਂ ਆ ਸਕਦਾ ਹੈ ਪਰ ਇਹ ਕਿੰਨਾ ਸਮਾਂ ਇਕੱਠਾ ਚੱਲੇਗਾ, ਇਸ ਬਾਰੇ ਕੁਝ ਕਹਿਣਾ ਮੁਸ਼ਕਲ ਹੈ। ਦਰਅਸਲ, ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਵਿਚਾਰਧਾਰਕ ਪੱਖੋਂ ਸੁਖਪਾਲ ਖਹਿਰਾ ਧੜੇ ਨਾਲੋਂ ਵੱਖਰੇਵਾਂ ਰੱਖਦੀਆਂ ਹਨ। ਚੋਣਾਂ ਵਿਚ ਤਾਂ ਇਹ ਗੱਠਜੋੜ ਚੱਲ ਸਕਦਾ ਹੈ ਪਰ ਲੰਮੇ ‘ਤੇ ਵਿਚਾਰਧਾਰਕ ਟਕਰਾਅ ਸੰਭਵ ਹੈ। ਇਸ ਤੋਂ ਇਲਾਵਾ ਪੁਰਾਣੀਆਂ ਪਾਰਟੀਆਂ ਵੱਲੋਂ ਖਹਿਰਾ ਨੂੰ ਆਪਣਾ ਲੀਡਰ ਮੰਨਣ ਵਿਚ ਵੀ ਦਿੱਕਤ ਆ ਸਕਦੀ ਹੈ।