ਸੰਗਤਾਂ ਦਾ ਰਿਕਾਰਡਤੋੜ ਇਕੱਠ ਰਿਹਾ ਯੂਬਾ ਸਿਟੀ ਦੇ ਨਗਰ ਕੀਰਤਨ ਵਿਚ

ਯੂਬਾ ਸਿਟੀ (ਬਿਊਰੋ, ਹੁਸਨ ਲੜੋਆ ਬੰਗਾ): ਦੂਰ ਦੂਰ ਜਿਥੋਂ ਤੱਕ ਵੀ ਨਜ਼ਰ ਜਾਂਦੀ, ਰੰਗ-ਬਰੰਗੀਆਂ ਦਸਤਾਰਾਂ ਅਤੇ ਦੁਪੱਟੇ ਹੀ ਨਜ਼ਰ ਆ ਰਹੇ ਸਨ, ਭਾਂਤ-ਸੁਭਾਂਤੇ ਭੋਜਨ ਪਦਾਰਥਾਂ ਦੇ ਸਟਾਲਾਂ ਤੋਂ ਸੰਗਤਾਂ ਭੋਜਨ ਪਦਾਰਥਾਂ ਦਾ ਅਨੰਦ ਲੈ ਰਹੀਆਂ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਅਰੰਭ ਹੋਇਆ ਤਾਂ ਅਸਮਾਨ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ।

ਇਹ ਸੀ ਨਜ਼ਾਰਾ, ਯੂਬਾ ਸਿਟੀ ਦੇ ਗੁਰਦੁਆਰਾ ਟਾਇਰਾ ਬਿਊਨਾ ਦੀਆਂ ਸੰਗਤਾਂ ਦੇ ਉਦਮ ਨਾਲ ਸਜਾਏ ਗਏ 39ਵੇਂ ਮਹਾਨ ਨਗਰ ਕੀਰਤਨ ਦਾ। ਗੁਰੂ ਮਹਾਰਾਜ ਦੀ ਪਾਲਕੀ ਦੇ ਅੱਗੇ ਅੱਗੇ ਝਾੜੂਬਰਦਾਰ ਸੜਕ ਸਾਫ ਕਰਦੇ ਜਾ ਰਹੇ ਸਨ, ਪਾਲਕੀ ‘ਤੇ ਬਿਰਾਜਮਾਨ ਰਾਗੀ ਜਥੇ ਵਲੋਂ ਕੀਤੇ ਜਾ ਰਹੇ ਸ਼ਬਦ ਕੀਰਤਨ ਦੀਆਂ ਧੁਨਾਂ ਫਿਜ਼ਾ ਵਿਚ ਇਲਾਹੀ ਰੰਗ ਘੋਲ ਰਹੀਆਂ ਸਨ। ਗਤਕੇ ਦੇ ਯੋਧੇ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਚਕ੍ਰਿਤ ਕਰ ਰਹੇ ਸਨ। ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਪਿਛੇ ਪਿਛੇ ਚੱਲ ਰਹੀਆਂ ਸਨ। ਪਿਛਲੇ ਸਾਲਾਂ ਵਾਂਗ ਬਾਕੀ ਭਾਈਚਾਰਿਆਂ ਦੇ ਲੋਕਾਂ ਨੇ ਸੰਗਤਾਂ ਵਜੋਂ ਹਾਜ਼ਰੀ ਭਰੀ।
ਇਸ ਵਾਰ ਦੀ ਖਾਸੀਅਤ ਇਹ ਵੀ ਸੀ ਕਿ ਸੰਗਤਾਂ ਦੀ ਗਿਣਤੀ ਰਿਕਾਰਡਤੋੜ ਸੀ। ਇਕ ਅੰਦਾਜ਼ੇ ਅਨੁਸਾਰ ਇਹ ਗਿਣਤੀ ਇਕ ਲੱਖ ਤੋਂ ਵੀ ਵੱਧ ਸੀ। ਇੰਨੇ ਵੱਡੇ ਇਕੱਠ ਦਾ ਇਕ ਕਾਰਨ ਸ਼ਾਇਦ ਸਾਫ-ਸੁਥਰਾ ਮੌਸਮ ਵੀ ਸੀ। ਪ੍ਰਬੰਧਕਾਂ ਵਲੋਂ ਨਗਰ ਕੀਰਤਨ ਲਈ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਤਿਆਰੀ ਨੇ ਸੰਗਤਾਂ ਨੂੰ ਸੰਭਾਲਣ ਵਿਚ ਕੋਈ ਕਸਰ ਨਾ ਛੱਡੀ।
ਨਗਰ ਕੀਰਤਨ ਤੋਂ ਪਹਿਲਾਂ ਵੱਖ ਵੱਖ ਧਾਰਮਕ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਅਖੰਡ ਪਾਠਾਂ ਦੀ ਲੜੀ 13 ਸਤੰਬਰ ਤੋਂ ਸ਼ੁਰੂ ਹੋਈ ਸੀ ਜਿਸ ਦੇ ਭੋਗ 4 ਨਵੰਬਰ ਨੂੰ ਪਾਏ ਗਏ। ਇਨ੍ਹਾਂ ਸਮਾਗਮਾਂ ਵਿਚ ਵੱਖ ਵੱਖ ਸ਼ਖਸੀਅਤਾਂ ਤੋਂ ਇਲਾਵਾ ਰਾਗੀ ਤੇ ਢਾਡੀ ਜਥਿਆਂ, ਕਥਾਵਾਚਕਾਂ ਤੇ ਪ੍ਰਚਾਰਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਨ੍ਹਾਂ ‘ਚ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਹਰਿਮੰਦਰ ਸਾਹਿਬ, ਭਾਈ ਹਰਚਰਨ ਸਿੰਘ ਖਾਲਸਾ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਬੀਬੀ ਬਲਜੀਤ ਕੌਰ ਕੈਨੇਡਾ, ਭਾਈ ਨਿਰੰਜਣ ਸਿੰਘ ਜਵੱਦੀਕਲਾਂ, ਭਾਈ ਮਨੋਹਰ ਸਿੰਘ ਦਿੱਲੀ, ਭਾਈ ਹਰਮਨਦੀਪ ਸਿੰਘ ਖਾਲਸਾ, ਭਾਈ ਸਾਹਿਬ ਸਿੰਘ, ਕਥਾਵਾਚਕ ਭਾਈ ਇਕਬਾਲ ਸਿੰਘ, ਢਾਡੀ ਜਥਾ ਭਾਈ ਅਮਰਜੀਤ ਸਿੰਘ ਜੌਹਲ ਬਿਧੀਪੁਰ, ਭਾਈ ਲਖਵਿੰਦਰ ਸਿੰਘ ਸੋਹਲ ਅਤੇ ਡਾ. ਸੁਖਪ੍ਰੀਤ ਸਿੰਘ ਉਦੋਕੇ ਤੋਂ ਇਲਾਵਾ ਹੋਰ ਪ੍ਰਚਾਰਕਾਂ ਨੇ ਵੱਖ ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ।
ਇਸੇ ਲੜੀ ਤਹਿਤ ਸਨਿਚਰਵਾਰ ਨੂੰ ਸ਼ਾਮ ਦੇ ਦੀਵਾਨਾਂ ਤੋਂ ਬਾਅਦ ਕਵੀ ਦਰਬਾਰ ਹੋਇਆ ਜਿਸ ਵਿਚ ਕਵੀਆਂ ਨੇ ਆਪਣੀਆਂ ਧਾਰਮਕ ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਹਫਤਾ ਪਹਿਲਾਂ ਐਤਵਾਰ ਨੂੰ ਢਾਡੀ ਦਰਬਾਰ ਕਰਵਾਇਆ ਗਿਆ। ਸਨਿਚਰਵਾਰ ਨੂੰ ਬੱਚਿਆਂ ਦਾ ਕੀਰਤਨ ਦਰਬਾਰ ਹੋਇਆ। ਨਗਰ ਕੀਰਤਨ ਤੋਂ ਪਹਿਲਾਂ ਸਨਿਚਰਵਾਰ ਨੂੰ ਅੰਮ੍ਰਿਤ ਵੇਲੇ ਦਸ਼ਮੇਸ਼ ਹਾਲ ਵਿਚ ਅੰਮ੍ਰਿਤ ਸੰਚਾਰ ਹੋਇਆ ਜਿਸ ਵਿਚ ਚਾਹਵਾਨ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਸਨਿਚਰਵਾਰ ਨੂੰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਹੋਈ। ਇਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ, Ḕਵੇ ਆਫ ਸਿੱਖ।Ḕ ਇਸ ਵਿਚ ਵੱਖ ਵੱਖ ਲੇਖਕਾਂ ਤੇ ਬੁੱਧੀਜੀਵੀਆਂ ਨੇ ਆਪਣੇ ਪਰਚੇ ਪੜ੍ਹੇ।
ਐਤਵਾਰ ਨੂੰ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਵਿਸ਼ੇਸ਼ ਦੀਵਾਨਾਂ ਵਿਚ ਵੱਖ ਵੱਖ ਅਮਰੀਕਨ ਸ਼ਖਸੀਅਤਾਂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ‘ਚ ਪੰਜ ਸੁਪਰਵਾਈਜ਼ਰ-ਰੌਨ ਸਲਿੰਜਰ, ਜੈਮ ਵੁਡਕਰ, ਡੈਨ ਫਲੋਰਸ, ਲੈਰੀ ਮੰਗਰ ਅਤੇ ਮੈਟ ਕੌਂਟ ਸ਼ਾਮਲ ਸਨ। ਇਸ ਤੋਂ ਇਲਾਵਾ ਕਾਂਗਰਸਮੈਨ ਜੇਮਜ਼ ਮਲੀਗਰ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੀ ਸ਼ਾਮਲ ਸਨ।
ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਨੇ ਆਪੋ ਆਪਣੇ ਫਲੋਟ ਲੈ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਇਨ੍ਹਾਂ ਵਿਚ ਸਿੱਖਸ ਫਾਰ ਜਸਟਿਸ, ਸਿੱਖ ਯੂਥ ਆਫ ਅਮੈਰਿਕਾ, ਯੁਨਾਈਟਿਡ ਸਿੱਖਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਸਨ। ਜੈਕਾਰਾ ਮੂਵਮੈਂਟ, ਸਿੱਖ ਕੁਲੀਸ਼ਨ, ਸਿੱਖ ਸੇਵਾ ਸਿਮਰਨ ਸੁਸਾਇਟੀ, ਬੜੂ ਸਾਹਿਬ ਕਲਗੀਧਰ ਸੁਸਾਇਟੀ, ਭਗਤ ਪੂਰਨ ਸਿੰਘ ਹੈਲਥ ਇਨੀਸ਼ੇਟਿਵ ਆਦਿ ਸੰਸਥਾਵਾਂ ਨੇ ਆਪੋ ਆਪਣੇ ਸਟਾਲਾਂ ਰਾਹੀਂ ਸੰਗਤਾਂ ‘ਚ ਪ੍ਰਚਾਰ ਕੀਤਾ। ਗੋਲਡਨ ਟੈਂਪਲ ਮਾਡਲ, ਭਾਈ ਕਨੱਈਆ ਫਲੋਟ, ਸ਼ਹੀਦ ਸਿੰਘਾਂ ਦਾ ਫਲੋਟ ਵੀ ਸੰਗਤਾਂ ਦੇ ਧਿਆਨ ਦਾ ਕੇਂਦਰ ਸਨ।
ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਜਗ੍ਹਾ ਵਿਚ ਲੱਗੇ ਵੱਡੇ ਬਾਜ਼ਾਰ ਵਿਚ ਕੱਪੜੇ, ਗਹਿਣਿਆਂ ਅਤੇ ਹੋਰ ਚੀਜ਼ਾਂ ਵਸਤਾਂ ਤੋਂ ਇਲਾਵਾ ਕਿਤਾਬਾਂ ਦੇ ਸਟਾਲ ਵੀ ਲੱਗੇ ਹੋਏ ਸਨ, ਜਿਨ੍ਹਾਂ ਤੋਂ ਲੋਕ ਆਪਣੀ ਪਸੰਦ ਦੀ ਖਰੀਦੋ ਫਰੋਖਤ ਕਰ ਰਹੇ ਸਨ।
ਨਗਰ ਕੀਰਤਨ ਦੀ ਪੰਜਾਬੀ ਤੇ ਅਮਰੀਕਨ ਮੀਡੀਏ ਨੇ ਲਾਈਵ ਕਵਰੇਜ ਕੀਤੀ। ਵੱਖ ਵੱਖ ਲੰਗਰਾਂ ਤੇ ਹੋਰ ਸੁਆਦਲੇ ਖਾਣਿਆਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ।
ਪੁਲਿਸ ਦੀਆਂ ਗਾਰਦਾਂ ਪਿਛਲੇ ਕੁਝ ਸਾਲਾਂ ਦੌਰਾਨ ਵਾਪਰੀਆਂ ਹਿੰਸਕ ਵਾਰਦਾਤਾਂ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਅਮਨ ਅਮਾਨ ‘ਤੇ ਨਿਗ੍ਹਾ ਰੱਖ ਰਹੀਆਂ ਸਨ। ਬਾਅਦ ਵਿਚ ਇਕ ਪਾਸੇ ਮੁੰਡਿਆਂ ਦੇ ਗੁੱਟ ਵਲੋਂ ਆਪਸੀ ਝਗੜੇ ਕਾਰਨ ਕੁਝ ਸ਼ਰਾਰਤੀ ਫੱਟੜ ਹੋ ਗਏ ਤੇ ਪੁਲਿਸ ਨੂੰ ਦਖਲ ਦੇਣਾ ਪਿਆ।
________________________________
ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਖਿੱਚੋਤਾਣ
ਯੂਬਾ ਸਿਟੀ (ਬਿਊਰੋ): ਇਥੇ 39 ਸਾਲ ਪਹਿਲਾਂ ਸ਼ੁਰੂ ਹੋਇਆ ਨਗਰ ਕੀਰਤਨ ਸਿੱਖਾਂ ਦੇ ਵੱਡੇ ਜੋੜ-ਮੇਲਿਆਂ ‘ਚ ਸ਼ੁਮਾਰ ਹੈ। ਸ਼ੁਰੂ ਦੇ ਸਾਲਾਂ ‘ਚ ਸੰਗਤ ਦੀ ਗਿਣਤੀ ਕੁਝ ਹਜ਼ਾਰਾਂ ਵਿਚ ਹੁੰਦੀ ਸੀ ਜੋ ਹੁਣ ਲੱਖ ਤੋਂ ਉਪਰ ਟੱਪ ਚੁੱਕੀ ਹੈ। ਨਵੀਂ ਜੁੜੀ ਪੀੜ੍ਹੀ ਨੂੰ ਅੱਜ ਦੀ ਸ਼ਾਨੋ ਸ਼ੌਕਤ ਤੇ ਇਕੱਠ ਵੇਖ ਕੇ ਬਹੁਤ ਸਾਧਾਰਨ ਲੱਗਦਾ ਹੋਵੇਗਾ, ਪਰ ਜਿਨ੍ਹਾਂ ਗੁਰਸਿੱਖਾਂ ਨੇ ਇਸ ਦੀ ਸ਼ੁਰੂਆਤ ਕੀਤੀ ਜਾਂ ਇਸ ਦੀ ਕਾਮਯਾਬੀ ਲਈ ਸ਼ੁਰੂ ਤੋਂ ਨਾਲ ਜੁੜੇ ਹੋਏ ਹਨ, ਉਹ ਹੀ ਦੱਸ ਸਕਦੇ ਹਨ ਕਿ ਕਿਹੜੇ ਹਾਲਾਤ ਵਿਚ ਇਹ ਸ਼ੁਰੂ ਕੀਤਾ ਗਿਆ ਸੀ। ਅੱਜ ਦੀ ਸੰਗਤ ਵਿਚਲਾ ਜੋਸ਼ ਵੇਖ ਕੇ ਸਹਿਜੇ ਹੀ ਇਹ ਸਵਾਲ ਮਨਾਂ ਵਿਚ ਉਠਦਾ ਹੈ ਕਿ ਜਿਸ ਉਦੇਸ਼ ਅਤੇ ਮਕਸਦ ਨਾਲ ਇਹ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਸੀ, ਕਿਤੇ ਅਸੀਂ ਉਸ ਤੋਂ ਭਟਕ ਤਾਂ ਨਹੀਂ ਗਏ? ਕਿਧਰੇ ਆਪਣੀ ਹਉਮੈ, ਦਿਖਾਵੇ, ਚੌਧਰ ਚਮਕਾਉਣ ਤੇ ਸ਼ਕਤੀ ਪ੍ਰਦਰਸ਼ਨ ਵਰਗੀਆਂ ਅਲਾਮਤਾਂ ‘ਚ ਤਾਂ ਨਹੀਂ ਘਿਰ ਗਏ?
“ਜਾਤ-ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਸੇ ਮੰਗਾ। ਅਵਰ ਨਹੀਂ ਤੋ ਅਪਨ ਸੰਗਾ” ਦੀ ਉਕਤੀ ਅਨੁਸਾਰ ਨਗਰ ਕੀਰਤਨ ਦੌਰਾਨ ਹਰ ਸਾਲ ਲੜਾਈ-ਝਗੜਾ ਹੁੰਦਾ ਰਿਹਾ ਹੈ ਅਤੇ ਨੌਬਤ ਮਰਨ-ਮਾਰਨ ਤੱਕ ਵੀ ਪਹੁੰਚ ਜਾਂਦੀ ਰਹੀ ਹੈ। ਇਸ ਵਾਰ ਭਾਵੇਂ ਕੋਈ ਗੰਭੀਰ ਝਗੜਾ ਤਾਂ ਨਹੀਂ ਹੋਇਆ, ਫਿਰ ਵੀ ਕੁਝ ਖਿੱਚੋਤਾਣ ਜਰੂਰ ਹੋਈ।
ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਗੱਲ ਤੋਂ ਹੀ ਅਕਸਰ ਤਕਰਾਰਬਾਜ਼ੀ ਹੋ ਜਾਂਦੀ ਹੈ ਕਿ ਕਿਹੜੀ ਧਿਰ ਨੇ ਕਿਥੇ ਲੰਗਰ ਲਾਉਣਾ ਹੈ? ਇਸ ਸਾਲ ਵੀ ਸ਼ੁੱਕਰਵਾਰ ਦੀ ਰਾਤ ਰੈਫਰੈਂਡਮ 2020 ਦੇ ਵਰਕਰਾਂ ਵਲੋਂ ਲਾਏ ਜਾ ਰਹੇ ਸਟਾਲ ਨੂੰ ਲੈ ਕੇ ਪ੍ਰਬੰਧਕਾਂ ਨਾਲ ਟਕਰਾ ਵਾਲੀ ਸਥਿਤੀ ਬਣ ਗਈ ਜਿਸ ਕਾਰਨ ਪੁਲਿਸ ਵੀ ਬੁਲਾਉਣੀ ਪਈ। ਜਿਸ ਥਾਂ ਉਤੇ ਰੈਫਰੈਂਡਮ ਵਾਲੇ ਸਟਾਲ ਲਾਉਣਾ ਚਾਹੁੰਦੇ ਸਨ, ਉਸ ਥਾਂ ਦੂਸਰੇ ਦਿਨ ਮੈਡੀਕਲ ਕੈਂਪ ਲੱਗਣਾ ਸੀ। ਖੈਰ, ਦੂਜੇ ਦਿਨ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਗ ਵਾਲੀ ਥਾਂ ਦੇ ਕੇ ਸਿਆਣਪ ਕੀਤੀ ਪਰ ਕਿੰਨੀ ਦੁੱਖਦਾਈ ਗੱਲ ਹੈ ਕਿ ਜਿਸ ਵਕਤ ਸ਼ੁੱਕਰਵਾਰ ਦੀ ਰਾਤ ਆਤਿਸ਼ਬਾਜ਼ੀ ਦੇਖਣ ਤਮਾਮ ਗੈਰ ਸਿੱਖ ਲੋਕ ਗੁਰੂ ਘਰ ਜੁੜੇ ਹੋਏ ਸਨ, ਉਦੋਂ ਹੀ ਪੁਲਿਸ ਸੱਦਣੀ ਪਈ। ਨਗਰ ਕੀਰਤਨ ਵਾਲੇ ਦਿਨ ਵੀ ਕੁਝ ਉਪੱਦਰੀਆਂ ਨੇ ਉਪੱਦਰ ਕੀਤਾ। ਦੱਸਿਆ ਜਾਂਦਾ ਹੈ ਕਿ ਉਹ ਸਾਰੇ ਬੇਏਰੀਏ ਇਲਾਕੇ ਦੇ ਸਨ ਤੇ ਕਿਰਪਾਨਾਂ ਤੇ ਹੋਰ ਤਿੱਖੇ ਹਥਿਆਰ ਕੱਢਦਿਆਂ ਸਾਰ ਹੀ ਪੁਲਿਸ ਦੋਵਾਂ ਧਿਰਾਂ ਨੂੰ ਫੜ੍ਹ ਕੇ ਲੈ ਗਈ।
ਨਗਰ ਕੀਰਤਨ ਦੀਆਂ ਤਿਆਰੀਆਂ ਦੌਰਾਨ ਕੁਝ ਲੋਕ ਦੋਸ਼ ਲਾ ਰਹੇ ਸਨ ਕਿ ਗੁਰੂ ਘਰ ਦੇ ਕੁਝ ਅਹਿਮ ਡਾਇਰੈਕਟਰ ਗੁਰੂ ਘਰ ਦੇ ਪੈਸਿਆਂ ਦੀ ਦੁਰਵਰਤੋਂ ਕਰਦੇ ਹਨ ਤੇ ਨਿੱਜੀ ਲਾਭ ਲਈ ਵਰਤਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਬੰਧਕਾਂ ਵਿਚੋਂ ਇਕ ਸ਼ਖਸ ਨੇ ਗੁਰੂ ਘਰ ਦੇ ਕਰੈਡਿਟ ਕਾਰਡ ਦੀ ਦੁਰਵਰਤੋਂ ਕੀਤੀ। ਦੋਸ਼ ਲਾਉਣ ਵਾਲਿਆਂ ‘ਚ ਕੁਝ ਡਾਇਰੈਕਟਰ ਵੀ ਸ਼ਾਮਲ ਹਨ ਪਰ ਜਿਨ੍ਹਾਂ ਉਤੇ ਦੋਸ਼ ਲੱਗ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਹਿਜ ਬਦਨਾਮ ਕਰਨ ਦੀ ਸਾਜਿਸ਼ ਹੈ। ਦੋਸ਼ ਲਾਉਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਪਿਛਲੀ ਵਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਆਏ ਕੁਝ ਬੰਦੇ ਇੱਥੇ ਰਹਿ ਗਏ ਤੇ ਗੁਰੂ ਘਰ ਦੇ ਕੁਝ ਡਾਇਰੈਕਟਰਾਂ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਗੁਰੂ ਘਰ ਵਲੋਂ ਗਰੀਨ ਕਾਰਡ ਦੁਆਏ ਪਰ ਨਾਲ ਹੀ ਕੁਝ ਸਿਆਣੇ ਡਾਇਰੈਕਟਰ ਕਹਿ ਰਹੇ ਹਨ ਕਿ ਇਸ ਹਮਾਮ ਵਿਚ ਬਹੁਤ ਸਾਰੇ ਹੋਰ ਵੀ ਨੰਗੇ ਹਨ ਤੇ ਉਨ੍ਹਾਂ ਦੇ ਹੱਥ ਵੀ ਮੈਲੇ ਹਨ। ਸਵਾਲ ਉਠਦਾ ਹੈ ਕਿ ਜੇ ਅਜਿਹੇ ਦੋਸ਼ ਲੱਗ ਰਹੇ ਹਨ ਤਾਂ ਜਰੂਰ ਹੀ ਪੁਣਛਾਣ ਹੋਣੀ ਚਾਹੀਦੀ ਹੈ।
ਸੂਤਰਾਂ ਅਨੁਸਾਰ ਗੁਰੂ ਘਰ ਦੇ ਬੋਰਡ ਦੀ ਅਗਲੀ ਮੀਟਿੰਗ ਦਸੰਬਰ ਮਹੀਨੇ ਰੱਖੀ ਗਈ ਹੈ ਜਿਸ ਵਿਚ ਬਹੁਤ ਸਾਰੇ ਅਹਿਮ ਫੈਸਲੇ ਹੋਣ ਦੀ ਚਰਚਾ ਹੈ। ਯਾਦ ਰਹੇ, ਗੁਰੂ ਘਰ ਦੇ ਇਕ ਡਾਇਰੈਕਟਰ ਦੀ ਮੌਤ ਹੋ ਗਈ ਸੀ ਜਿਸ ਲਈ ਬਾਕੀ ਡਾਇਰੈਕਟਰਾਂ ਨੇ ਬਹੁਸੰਮਤੀ ਨਾਲ ਨਵੇਂ ਡਾਇਰੈਕਟਰ ਦੀ ਚੋਣ ਕਰਨੀ ਸੀ। ਨਗਰ ਕੀਰਤਨ ਤੋਂ ਅਗਲੇ ਦਿਨ ਹੋਈਆਂ ਵੋਟਾਂ ਵਿਚ ਦੋ ਉਮੀਦਵਾਰ ਚੋਣ ਲੜ ਰਹੇ ਸਨ। ਵੋਟਾਂ ਪਾਉਣ ਲਈ 73 ਡਾਇਰੈਕਟਰਾਂ ‘ਚੋਂ ਕੁਲ 66 ਡਾਇਰੈਕਟਰ ਹਾਜ਼ਰ ਹੋਏ, ਜਿਹੜੇ ਆਪਸ ‘ਚ ਬਰਾਬਰ ਵੰਡੇ ਗਏ ਜਿਸ ਕਾਰਨ ਨਵੇਂ ਡਾਇਰੈਕਟਰ ਦੀ ਚੋਣ ਨਾ ਹੋ ਸਕੀ। ਹੋ ਸਕਦਾ ਹੈ ਕਿ ਅਗਲੀ ਚੋਣ ਦਸੰਬਰ ਦੀ ਮੀਟਿੰਗ ਵਿਚ ਕੀਤੀ ਜਾਵੇ।