ਬਰਗਾੜੀ ਮੋਰਚੇ ਦੇ ਹੁੰਗਾਰੇ ਨੂੰ ਬਣਾਇਆ ਆਧਾਰ
ਚੰਡੀਗੜ੍ਹ: ਪੰਜਾਬ ਵਿਚ ਮੁੜ ਖਾੜਕੂਵਾਦ ਦਾ ਹਊਆ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਵਿਚ ਸਿਆਸੀ ਹਿਲਜੁਲ ਕਾਰਨ ਸਿਆਸੀ ਧਿਰਾਂ ਇਸ ਦਾਅਵੇ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵਿਦੇਸ਼ੀ ਸ਼ਕਤੀਆਂ ਕੰਮ ਕਰ ਰਹੀਆਂ ਹਨ। ਭਾਰਤ ਦੇ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਵੀ ਇਸ ਦਾਅਵੇ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦਿਆਂ ਸਿਆਸੀ ਧਿਰਾਂ ਦੀ ਹਾਂ ਵਿਚ ਹਾਂ ਮਿਲਾਈ ਹੈ।
ਨਵੀਂ ਦਿੱਲੀ ਵਿਚ ‘ਭਾਰਤ ਦੀ ਅੰਦਰੂਨੀ ਸੁਰੱਖਿਆ ਦੀ ਬਦਲਦੀ ਸੂਰਤੇ-ਹਾਲ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੌਰਾਨ ਉਨ੍ਹਾਂ ਪੰਜਾਬ ਬਾਰੇ ਟਿੱਪਣੀ ਕੀਤੀ ਹੈ ਕਿ ਬਾਹਰੀ ਸੂਤਰਾਂ ਰਾਹੀਂ ਪੰਜਾਬ ਵਿਚ ਦਹਿਸ਼ਤਪਸੰਦੀ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸ ਬਾਰੇ ਜੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਦੇਰ ਹੋ ਜਾਵੇਗੀ। ਉਤਰ ਪ੍ਰਦੇਸ਼ ਦੇ ਸਾਬਕਾ ਪੁਲਿਸ ਮੁਖੀ ਪ੍ਰਕਾਸ਼ ਸਿੰਘ ਨੇ ਵੀ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਈ ਹੈ ਅਤੇ ਇੰਗਲੈਂਡ ਵਿਚ ਹੋਈ ਰੈਫਰੈਂਡਮ 2020 ਰੈਲੀ ਦੇ ਹਵਾਲੇ ਨਾਲ ਖ਼ਾਲਿਸਤਾਨ ਪੱਖੀ ਉਭਾਰ ਦੀ ਗੱਲ ਕੀਤੀ ਹੈ। ਸਿਆਸੀ ਧਿਰਾਂ ਅਤੇ ਫੌਜ ਮੁਖੀ ਵਲੋਂ ਇਸ ਦਾਅਵੇ ਪਿੱਛੇ ਤਰਕ ਬਰਗਾੜੀ ਮੋਰਚੇ ਨੂੰ ਮੁੱਖ ਰੱਖ ਕੇ ਦਿੱਤਾ ਜਾ ਰਿਹਾ ਹੈ। ਪੰਜਾਬ ਦਾ ਖੁਫੀਆ ਤੰਤਰ ਵੀ ਇਹੀ ਬੋਲੀ ਬੋਲ ਰਿਹਾ ਹੈ। ਸਾਰੀਆਂ ਸਿਆਸੀ ਧਿਰਾਂ ਬਰਗਾੜੀ ਮੋਰਚੇ ਨੂੰ ਅਤਿਵਾਦ ਨਾਲ ਜੋੜ ਕੇ ਇਕ-ਦੂਜੇ ਉਤੇ ਇਸ ਦੀ ਹਮਾਇਤ ਦੇ ਦੋਸ਼ ਮੜ੍ਹ ਰਹੀਆਂ ਹਨ।
ਅਸਲ ਵਿਚ ਪੰਜਾਬ ਪੁਲਿਸ ਵਲੋਂ ਪਿਛਲੇ ਦਿਨੀਂ ਕੁਝ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਹਨ। ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਹਾਸਲ ਜਾਣਕਾਰੀ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਨਿਸ਼ਾਨਾ ਬਾਦਲ ਪਰਿਵਾਰ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਸੂਬੇ ਦੀਆਂ ਰਵਾਇਤੀ ਧਿਰਾਂ ਤੋਂ ਮਨ ਭਰ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀਕਾਂਡ ਵਿਚ ਨਿਆਂ ਦੀ ਲੰਮੀ ਉਡੀਕ ਨੇ ਪੰਜਾਬੀਆਂ ਨੂੰ ਬੇਚੈਨ ਕਰ ਦਿੱਤਾ ਹੈ। ਇਹੀ ਰੋਹ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਦੇ ਸਫਾਏ ਦਾ ਕਾਰਨ ਬਣਿਆ। ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਭਰੋਸਾ ਕਰ ਕੇ ਕਾਂਗਰਸ ਨੂੰ ਸੱਤਾ ਵਿਚ ਲਿਆਂਦਾ, ਪਰ ਸੱਤਾ ਮਿਲਦੇ ਸਾਰ ਹੀ ਕੈਪਟਨ ਦੀ ਬੋਲੀ ਬਦਲ ਗਈ। ਪੌਣੇ 2 ਸਾਲ ਲੰਘਣ ਪਿੱਛੋਂ ਵੀ ਸਰਕਾਰ ਕਮਿਸ਼ਨ ਤੇ ਜਾਂਚ ਟੀਮਾਂ ਬਣਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਤੋਂ ਟਾਲਾ ਵੱਟ ਰਹੀ ਹੈ। ਖਾਸਕਰ ਬਾਦਲ ਪਰਿਵਾਰ ਨਾਲ ਵਰਤੀ ਜਾ ਰਹੀ ਲਿਹਾਜ਼ਦਾਰੀ ਕਾਰਨ ਸਿੱਖਾਂ ਵਿਚ ਕਾਫੀ ਰੋਹ ਹੈ। ਬਰਗਾੜੀ ਮੋਰਚਾ ਵੀ ਸਰਕਾਰ ਦੀ ਇਸੇ ਨਾਲਾਇਕੀ ਦੀ ਉਪਜ ਹੈ।
ਇਹ ਮੋਰਚਾ ਤਿੰਨ-ਚਾਰ ਮਹੀਨੇ ਪਹਿਲਾਂ ਕੁਝ ਸਿੱਖਾਂ ਆਗੂਆਂ ਦੀ ਅਗਵਾਈ ਵਿਚ ਸ਼ੁਰੂ ਹੋਇਆ ਸੀ। ਐਨੇ ਥੋੜ੍ਹੇ ਸਮੇਂ ਵਿਚ ਇਸ ਮੋਰਚੇ ਦੀ ਸਫਲਤਾ ਵੇਖ ਕੇ ਸਿਆਸੀ ਧਿਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਹੋਈ ਹੈ। ਭਾਰਤ ਸਮੇਤ ਵਿਦੇਸ਼ਾਂ ਤੋਂ ਇਸ ਮੋਰਚੇ ਨੂੰ ਹਮਾਇਤ ਮਿਲ ਰਹੀ ਹੈ। ਇਥੋਂ ਤੱਕ ਕਿ ਕੁਝ ਹਿੰਦੂ ਜਥੇਬੰਦੀਆਂ ਵੀ ਇਸ ਦੀ ਹਮਾਇਤ ਵਿਚ ਆ ਨਿੱਤਰੀਆਂ ਹਨ। ਸਿਆਸੀ ਧਿਰਾਂ ਨਾਲੋਂ ਟੁੱਟ ਕੇ ਵੱਡੀ ਗਿਣਤੀ ਆਗੂ ਮੋਰਚੇ ਨਾਲ ਜੁੜ ਰਹੇ ਹਨ। ਖਾਸ ਕਰ ਅਕਾਲੀ ਦਲ ਨੂੰ ਇਸ ਪੱਖੋਂ ਕਾਫੀ ਤਕੜਾ ਝਟਕਾ ਲੱਗਾ ਹੈ। ਦੂਜੇ ਪਾਸੇ ਸਿਆਸੀ ਸੰਕਟ ਤੋਂ ਇਲਾਵਾ ਪੰਜਾਬ ਆਰਥਿਕ ਮੰਦਹਾਲੀ ਦਾ ਵੀ ਸ਼ਿਕਾਰ ਹੈ। ਬੇਰੁਜ਼ਗਾਰੀ, ਕਰਜ਼ ਤੇ ਨਸ਼ੇ ਨੌਜਵਾਨਾਂ ਨੂੰ ਖੁਦਕੁਸ਼ੀ ਦੇ ਰਾਹ ਤੋਰ ਰਹੇ ਹਨ। ਦਰਅਸਲ, ਪੰਜਾਬ ਨੇ ਅੱਸੀ ਤੇ ਨੱਬੇ ਦੇ ਦਹਾਕੇ ਵਿਚ ਵੱਡਾ ਦਰਦ ਝੱਲਿਆ ਪਰ ਲੱਖਾਂ ਲੋਕਾਂ ਦੀ ਮੌਤ ਤੋਂ ਬਾਅਦ ਵੀ ਪੰਜਾਬ ਦੇ ਮਸਲੇ ਉਥੇ ਦੇ ਉਥੇ ਹੀ ਖੜ੍ਹੇ ਹਨ। ਇਨ੍ਹਾਂ ਮਸਲਿਆਂ ਪ੍ਰਤੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੰਜੀਦਗੀ ਵਿਖਾਈ ਤੇ ਨਾ ਹੀ ਕੇਂਦਰ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਦਿੱਤਾ। ਇਹੋ ਕਾਰਨ ਹੈ ਕਿ ਅੱਜ ਲੋਕ ਉਸ ਸਿਆਸਤਦਾਨ ਨੂੰ ਹੀ ਹੁੰਗਾਰਾ ਦੇ ਰਹੇ ਹਨ ਜੋ ਪੰਥਕ ਮੁੱਦਿਆਂ ਦੀ ਗੱਲ ਕਰਦਾ ਹੈ।
ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਵੱਲੋਂ ਬਰਗਾੜੀ ਮੋਰਚਾ ਦੀ ਹਮਾਇਤ ਵਿਚ ਰੋਸ ਮਾਰਚ ਦੌਰਾਨ ਵੇਖਣ ਨੂੰ ਮਿਲੀ। ਇਥੋਂ ਤੱਕ ਕਿ ਕਾਂਗਰਸ ਵੀ ਪੰਥਕ ਮੁੱਦਿਆਂ ਦੀ ਵਕਾਲਤ ਕਰਨ ਲੱਗੀ ਹੈ, ਭਾਵੇਂ ਉਸ ਵਿਚ ਅਕਾਲੀ ਦਲ ਨੂੰ ਠਿੱਬੀ ਲਾਉਣ ਦੀ ਭਾਵਨਾ ਹੀ ਛੁਪੀ ਹੋਈ ਹੈ। ਇਹੀ ਕਾਰਨ ਹੈ ਕਿ ਰਵਾਇਤੀ ਧਿਰਾਂ ਵਲ-ਵਲ ਕੇ ਬਰਗਾੜੀ ਮੋਰਚੇ ਨੂੰ ਖਾੜਕੂਵਾਦ ਨਾਲ ਜੋੜ ਰਹੀਆਂ ਹਨ।