ਸੁੱਤੇ ਲੋਕਾਂ ਨੂੰ ਜਾਗਣ ਦਾ ਹੋਕਾ ਦੇ ਗਿਆ ਮੇਲਾ ਗਦਰੀ ਬਾਬਿਆਂ ਦਾ

ਜਲੰਧਰ: ਗਦਰੀ ਬਾਬਿਆਂ ਦਾ ਮੇਲਾ ਸੁੱਤੇ ਲੋਕਾਂ ਨੂੰ ਜਾਗਣ ਦਾ ਹੋਕਾ ਦਿੰਦੇ ਹੋਏ ਸਮਾਪਤ ਹੋਇਆ। ਗਦਰੀ ਬਾਬਿਆਂ ਦੇ ਮੇਲੇ ਦੀ ਅਖੀਰਲੀ ਨਾਟਕਾਂ ਅਤੇ ਗੀਤ-ਸੰਗੀਤ ਭਰੀ ਰਾਤ ਨੇ ਸਥਾਪਤੀ ਅਤੇ ਲੋਕ ਵਿਰੋਧੀ ਸਭਿਆਚਾਰ ਖ਼ਿਲਾਫ਼ ਬੇਖੌਫ਼ ਹੋ ਕੇ, ਲੋਕ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਇਸ ਰਾਤ ਦੇ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਫੁਲਵਾੜੀ ਕਲਾ ਕੇਂਦਰ ਲੋਹੀਆਂ ਖਾਸ ਵੱਲੋਂ ‘ਜਾਗੋ’ ਕੱਢੀ ਗਈ, ਜਿਸ ‘ਚ ਵੱਡੀ ਗਿਣਤੀ ਕੁੜੀਆਂ ਨੇ ਰਵਾਇਤੀ ਬੋਲੀਆਂ ਨਾਲੋਂ ਸੰਗਰਾਮੀ ਇਤਿਹਾਸ, ਲੋਕ-ਮਸਲਿਆਂ ਅਤੇ ਹਰ ਵੰਨਗੀ ਦੀ ਬੁਰਾਈ ਖ਼ਿਲਾਫ਼ ਜੂਝਣ ਦਾ ਅਹਿਦ ਕਰਦੀਆਂ ਬੋਲੀਆਂ ਅਤੇ ਗਿੱਧਾ ਪਾਇਆ।

ਨਾਟਕਾਂ ਭਰੀ ਇਸ ਰਾਤ ‘ਚ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਸ਼ਬਦੀਸ਼ ਦਾ ਲਿਖਿਆ ਨਾਟਕ ‘ਮਨ ਮਿੱਟੀ ਦਾ ਬੋਲਿਆ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਨਾਟਕ ਨੇ ਮਰਦ ਪ੍ਰਧਾਨ ਨਿਜ਼ਾਮ ਦੇ ਕੋਹੜ ਨੂੰ ਬਾਖ਼ੂਬੀ ਸਾਹਮਣੇ ਲਿਆਉਂਦੇ ਹੋਏ ਔਰਤ ਸ਼ਕਤੀ ਦੀ ਗੱਲ ਕੀਤੀ। ਸਵਰਾਜਬੀਰ ਵੱਲੋਂ ਲਿਖੇ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ‘ਧਰਮ-ਗੁਰੂ’ ਨੇ ਅਖੌਤੀ ਗਊ ਰੱਖਿਅਕਾਂ ਅਤੇ ਧਰਮ ਦੇ ਨਾਂ ਹੇਠ ਸਮਾਜੀ ਦਾਬਾ ਜਮਾਉਣ, ਲੋਕਾਂ ਦੀ ਜ਼ੁਬਾਨਬੰਦੀ ਕਰਨ ਵਾਲਿਆਂ ਉਪਰ ਕਰਾਰੀਆਂ ਚੋਟਾਂ ਕੀਤੀਆਂ। ਨਾਟਕ ‘ਧਰਮ-ਗੁਰੂ’ ਨੇ ਗਊ ਮਾਸ ਦੇ ਮਸਲੇ ਨੂੰ ਲੈ ਕੇ ਮਾਰ-ਧਾੜ ਕਰਨ ਵਾਲਿਆਂ ਉਪਰ ਕਰਾਰਾ ਹੱਲਾ ਬੋਲਿਆ।
ਇਸ ਦੇ ਨਾਲ ਹੀ ਗੁਰਮੀਤ ਕੜਿਆਲਵੀ ਦੀ ਕਲਮ ਤੋਂ ਲਿਖਿਆ ਨਾਟਕ ‘ਸਿਲਤਰਾਂ’ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ‘ਚ ਨਾਟਿਯਮ ਅਭਿਨੇਤਾ ਦਾ ਰੰਗਮੰਚ ਜੈਤੋ, ਬਠਿੰਡਾ ਨੇ ਖੇਡਿਆ।
ਪੰਜਾਬ ਅੰਦਰ ਦਲਿਤਾਂ ਲਈ ਰਾਖਵੀਂ ਜ਼ਮੀਨ ਦੀ ਪ੍ਰਾਪਤੀ ਲਈ ਉਠੀ ਹੱਕੀ ਮੰਗ ਦਾ ਜ਼ਿਕਰ ਕਰਦਿਆਂ ਇਹ ਨਾਟਕ ਦਲਿਤਾਂ ਨਾਲ ਮੋਢੇ ਸੰਗ ਮੋਢਾ ਜੋੜਨ ਲਈ ਨਿੱਤਰੀ ਕਿਸਾਨੀ ਦੇ ਮਹੱਤਵ ਨੂੰ ਉਘਾੜਨ ‘ਚ ਸਫਲ ਰਿਹਾ। ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ ‘ਐਸੇ ਜਨ ਵਿਰਲੇ ਸੰਸਾਰਿ’, ਜਿਥੇ ਧਾਰਮਿਕ ਦੰਭੀਆਂ ਦੇ ਪਾਖੰਡ ਦੇ ਚੀਥੜੇ ਉਡਾ ਗਿਆ, ਉਥੇ ਦਲਿਤਾਂ ਸਮੇਤ ਸਮੂਹ ਦੱਬੀਆਂ ਜਮਾਤਾਂ ਨੂੰ ਸਮਾਜ ਦੇ ਹਕੀਕੀ ਵਾਰਸਾਂ ਵਜੋਂ ਉਭਾਰਨ ‘ਚ ਵੀ ਸਫਲ ਰਿਹਾ। ਕ੍ਰਿਸ਼ਨ ਚੰਦਰ ਅਤੇ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ‘ਤੇ ਆਧਾਰਿਤ ਨਾਟਕ ‘ਪਿਸ਼ਾਵਰ ਐਕਸਪ੍ਰੈੱਸ’, ਵਿਕੀ ਮਹੇਸ਼ਰੀ ਦੀ ਨਿਰਦੇਸ਼ਨਾ ‘ਚ ਰੁਜ਼ਗਾਰ ਪ੍ਰਾਪਤੀ ਮੰਚ (ਇਪਟਾ) ਵੱਲੋਂ ਖੇਡਿਆ ਗਿਆ। ਨਾਟਕ 1947 ਦੀ ਤ੍ਰਾਸਦੀ ਨੂੰ ਸਾਹਮਣੇ ਲਿਆ ਕੇ ਲੋਕਾਂ ਨੂੰ ਦਰੜ ਰਹੀ ਫ਼ਿਰਕੂ ਫਾਸ਼ੀਵਾਦੀ ‘ਐਕਸਪ੍ਰੈੱਸ’ ਤੋਂ ਸੁਚੇਤ ਕਰਦਾ ਹੈ।
ਮਾਨਵਤਾ ਕਲਾ ਮੰਚ ਨਗਰ ਨੇ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ਹੇਠ ਗੁਰਦਿਆਲ ਰੌਸ਼ਨ ਦੀ ਰਚਨਾ ਉਤੇ ਆਧਾਰਿਤ ‘ਮੈਂ ਭਾਰਤ ਹਾਂ’ ਕੋਰੀਓਗਰਾਫੀ ਪੇਸ਼ ਕਰਕੇ ਭਾਰਤ ਅੰਦਰ ਦਲਿਤਾਂ ਦੀ ਕੀਤੀ ਜਾ ਰਹੀ ਦੁਰਦਸ਼ਾ ਅਤੇ ਇਸ ਖਿਲਾਫ਼ ਚੱਲ ਰਹੇ ਸੰਗਰਾਮ ਦੀ ਤਸਵੀਰ ਸਾਹਮਣੇ ਲਿਆਂਦੀ। ਇਸ ਦੇ ਨਾਲ ਹੀ ਜਗਸੀਰ ਜੀਦਾ, ਧਰਮਿੰਦਰ ਮਸਾਣੀ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਜੰਮੂ ਤੋਂ ਆਈ ਸੰਗੀਤ ਮੰਡਲੀ, ਰੈੱਡ ਆਰਟ, ਅੰਮ੍ਰਿਤਪਾਲ, ਰੁਪਿੰਦਰ ਰੰਧਾਵਾ, ਰੂਹਜਨਜੀਤ, ਗਗਨ ਲੌਂਗੋਵਾਲ ਨੇ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ।
ਨਾਟਕਾਂ ਅਤੇ ਗੀਤਾਂ ਭਰੀ ਇਸ ਰਾਤ ‘ਚ ਖਚਾਖਚ ਭਰੇ ਪੰਡਾਲ ਸਾਹਮਣੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਢੱਡਾ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਮੰਗ ਰੱਖੀ ਕਿ ਪ੍ਰੋ. ਆਨੰਦ ਤੈਲਤੁੰਬੜੇ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ‘ਤੇ ਝੂਠੇ ਕੇਸ ਮੜ੍ਹਨ ਦੇ ਕੀਤੇ ਜਾ ਰਹੇ ਯਤਨ ਬੰਦ ਕੀਤੇ ਜਾਣ। ਜਿਸ ਵਜ੍ਹਾ ਕਰ ਕੇ ਉਹ ਮੁੱਖ ਵਕਤਾ ਵਜੋਂ ਮੇਲੇ ‘ਚ ਨਹੀਂ ਆ ਸਕੇ। ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ। ਅਗਲੇ ਵਰ੍ਹੇ ਮੇਲਾ ਜੱਲ੍ਹਿਆਂਵਾਲਾ ਬਾਗ਼ ਕਾਂਡ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ।
_____________________________________
ਚਿੱਤਰਕਲਾ ਮੁਕਾਬਲਿਆਂ ਨੇ ਮੇਲੇ ਵਿਚ ਭਰਿਆ ਰੰਗ
ਜਲੰਧਰ: ਗਦਰੀ ਬਾਬਿਆਂ ਦੇ ਮੇਲੇ ਦੇ ਦੂਜੇ ਦਿਨ ਕੁਇਜ਼, ਚਿੱਤਰਕਲਾ ਮੁਕਾਬਲੇ ਤੋਂ ਇਲਾਵਾ ਤਰਕਸ਼ੀਲ ਵਿਚਾਰ-ਸ਼ੋਅ, ਕਵੀ ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮ ਸ਼ੋਅ ਦੇ ਸੈਸ਼ਨ ਹੋਏ। ਕੁਇਜ਼ ਮੁਕਾਬਲੇ ਵਿਚ 31 ਟੀਮਾਂ ਨੇ ਹਿੱਸਾ ਲਿਆ। ਇਹ ਮੁਕਾਬਲਾ ‘ਕਾਰਲ ਮਾਰਕਸ: ਵਿਅਕਤੀ, ਯੁੱਗ ਤੇ ਸਿਧਾਂਤ’ ਨਾਂ ਦੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਵ-ਪ੍ਰਕਾਸ਼ਿਤ ਪੁਸਤਕ ਵਿਚੋਂ ਪਾਏ ਸੁਆਲਾਂ ਉਪਰ ਹੋਇਆ। ਇਸ ਪੁਸਤਕ ਦੇ ਲੇਖਕ ਅਤੇ ਕੁਇਜ਼ ਸੰਚਾਲਕ ਹਰਵਿੰਦਰ ਭੰਡਾਲ ਨੇ ਮੁਕਾਬਲੇ ਉਪਰੰਤ ਨਤੀਜੇ ਸੁਣਾਉਣ ਵੇਲੇ ਦੱਸਿਆ ਕਿ ਸਕੂਲਾਂ ਤੋਂ ਆਏ ਪ੍ਰਤੀਯੋਗੀਆਂ ਦੇ ਕਾਲਜਾਂ ਦੇ ਵਿਦਿਆਰਥੀਆਂ ਨਾਲੋਂ ਵੀ ਵੱਧ ਮਿਹਨਤ ਕੀਤੀ ਅਤੇ ਟੀਮਾਂ ਵਿਚ ਫਸਵਾਂ ਮੁਕਾਬਲਾ ਹੋਇਆ। ਕੁਇਜ਼ ਮੁਕਾਬਲੇ ‘ਚ ਪਹਿਲਾ ਸਥਾਨ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆ, ਦੂਜਾ ਸਥਾਨ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਪ੍ਰਾਪਤ ਕੀਤਾ।