ਜੀ. ਕੇ. ਅਤੇ ਮਾਨ ਦੀ ਮੁਲਾਕਾਤ ਨੇ ਵਧਾਇਆ ਬਾਦਲਾਂ ਦਾ ਫਿਕਰ

ਨਵੀਂ ਦਿੱਲੀ: ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਤੜਿੰਗ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਮੁਲਾਕਾਤ ਦੀ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ। ਜਿਹੜੇ ਜੀ. ਕੇ. ਹੁਣ ਤੱਕ ਗਰਮਖ਼ਿਆਲੀਆਂ ਉਤੇ ਸਵਾਲ ਚੁੱਕਦੇ ਆਏ ਹਨ, ਅਮਰੀਕਾ ਦੌਰੇ ਤੋਂ ਬਾਅਦ ਉਹ ਮਾਨ ਜਿਹੇ ਖ਼ਾਲਿਸਤਾਨੀ ਸਮਰਥਕਾਂ ਨਾਲ ਖਾਸੀ ਨੇੜਤਾ ਵਿਖਾ ਰਹੇ ਹਨ।

ਇਹ ਮੁਲਾਕਾਤ ਉਸ ਸਮੇਂ ਹੋਈ ਹੈ, ਜਦੋਂ ਜੀ. ਕੇ. ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਖਾਂ ਵਿਖਾਈਆਂ ਜਾ ਰਹੀਆਂ ਹਨ। ਉਹ ਬਰਗਾੜੀ ਗੋਲੀ ਕਾਂਡ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਨੂੰ ਗਲਤ ਠਹਿਰਾ ਰਹੇ ਹਨ। ਦੂਜੇ ਪਾਸੇ ਵਿਦੇਸ਼ਾਂ ਵਿਚ ਗਰਮਖਿਆਲੀਆਂ ਦੇ ਵਿਰੋਧ ਤੇ ਕੁੱਟਮਾਰ ਦਾ ਸ਼ਿਕਾਰ ਹੋਏ ਜੀ. ਕੇ. ਦੀ ਮਾਨ ਨੂੰ ਜੱਫੀ ਦੇ ਕਈ ਅਰਥ ਕੱਢੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮਾਨ ਨੇ ਜੀ. ਕੇ. ਨੂੰ ਬਰਗਾੜੀ ਆਉਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਜੀ. ਕੇ. ਨੇ ਪ੍ਰਵਾਨ ਕਰ ਲਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਕਾਲੀ ਦਲ ਨੂੰ ਵੱਡੀ ਸੱਟ ਵੱਜੇਗੀ, ਕਿਉਂਕਿ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਬਰਗਾੜੀ ਮੋਰਚੇ ‘ਤੇ ਨਹੀਂ ਪਹੁੰਚਿਆ।
ਅਕਾਲੀ ਦਲ ਬਾਦਲ ਵਿਚ ਇਸ ਸਮੇਂ ਪੰਜਾਬ ਤੋਂ ਇਲਾਵਾ ਦਿੱਲੀ ਵਿਚ ਵੀ ਬਾਗ਼ੀ ਸੁਰਾਂ ਉਠੀਆਂ ਹੋਈਆਂ ਹਨ। ਜੀ. ਕੇ. ਤੇ ਮਨਜਿੰਦਰ ਸਿੰਘ ਸਿਰਸਾ ਇਕ-ਦੂਜੇ ਦੇ ਆਹਮੋ ਸਾਹਮਣੇ ਹਨ। ਅਜਿਹੇ ਹਾਲਾਤ ਵਿਚ ਖ਼ਾਲਿਸਤਾਨੀ ਸਮਰਥਕ ਸਿਮਰਨਜੀਤ ਮਾਨ ਨੂੰ ਜੀ. ਕੇ. ਵੱਲੋਂ ਸਨਮਾਨਿਤ ਕਰਨਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਜੱਫੀ ਜੀ. ਕੇ. ਦਾ ਸਿਆਸੀ ਪੈਂਤੜਾ ਹੈ ਜਾਂ ‘ਪੰਥਕ ਦਰਦ’ ਕਾਰਨ ਉਨ੍ਹਾਂ ਵਿਚ ਵਿਚਾਰਧਾਰਕ ਤਬਦੀਲੀਆਂ ਆ ਰਹੀਆਂ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
____________________
ਅਕਾਲੀ ਦਲ ਨੇ ਫਿਰ ਚੁੱਕੇ ਪੰਥਕ ਹਥਿਆਰ
ਅੰਮ੍ਰਿਤਸਰ: ਸਿਆਸੀ ਸੰਕਟ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਪੰਥਕ ਹਥਿਆਰ ਚੁੱਕ ਲਏ ਹਨ। 1984 ਸਿੱਖ ਕਤਲੇਆਮ ਦੀ ਵਰ੍ਹੇਗੰਢ ਮੌਕੇ ਅਕਾਲੀ ਦਲ ਨੇ ਕਾਂਗਰਸ ‘ਤੇ ਸਿੱਖ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾਉਂਦਿਆਂ ਅੰਮ੍ਰਿਤਸਰ ਵਿਚ ਧਰਨੇ ਦਿੱਤੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਤੇ ਚੁਰਾਸੀ ਦੁਖਾਂਤ ਪੀੜਤਾਂ ਨੂੰ ਨਿਆਂ ਨਾ ਮਿਲਣ ਦੇ ਮੁੱਦੇ ‘ਤੇ ਧਰਨੇ ਲਾਏ।
ਧਰਨਿਆਂ ਵਿਚ ਸੁਖਬੀਰ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਕਮੇਟੀ ਮੈਂਬਰਾਂ ਨਾਲ ਬੈਠੇ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਪੰਥ ਕੋਲੋਂ ਮੁਆਫੀ ਮੰਗਣ ਦੀ ਗੱਲ ਕਹੀ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਿੱਖ ਵਿਰੋਧੀ ਹਥਕੰਡੇ ਅਪਣਾ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਚੁਰਾਸੀ ਕਤਲੇਆਮ ਦੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਤੇ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਸਿੱਖ ਇਤਿਹਾਸ ਨਾਲ ਛੇੜਛਾੜ ਕਰ ਰਹੀ ਹੈ ਤਾਂ ਕਿ ਸਿੱਖ ਕੌਮ ਨੂੰ ਖਤਮ ਕੀਤਾ ਜਾ ਸਕੇ।