ਉਡਾਣ ਭਰਨ ਤੋਂ ਪਹਿਲਾਂ ਹੀ ਬਾਜਵਾ ਦੇ ਖੰਭ ਕੁਤਰੇ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਮਾਝੇ ਦੇ ਜਰਨੈਲ ਵਜੋਂ ਮਸ਼ਹੂਰ ਸ਼ ਪ੍ਰਤਾਪ ਸਿੰਘ ਬਾਜਵਾ ਨੂੰ ਚਾਹੇ ਪੰਜਾਬ ਕਾਂਗਰਸ ਦੀ ਕਪਤਾਨੀ ਸੌਂਪ ਦਿੱਤੀ ਗਈ ਹੈ ਪਰ ਨਾਲ ਹੀ ਹਾਈ ਕਮਾਨ ਨੇ ਉਨ੍ਹਾਂ ਦੀਆਂ ਸ਼ਕਤੀਆਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਪਾਰਟੀ ਹਾਈ ਕਮਾਨ ਨੇ ਪਰਵਾਜ਼ ਤੋਂ ਪਹਿਲਾਂ ਹੀ ਸ਼ ਬਾਜਵਾ ਦੇ ਪਰ ਕੁਤਰ ਦਿੱਤੇ ਹਨ। ਨਾਲ ਹੀ ਮਾਝੇ, ਮਾਲਵੇ ਤੇ ਦੁਆਬੇ ਦੇ ਚਾਰ ਖੇਤਰੀ ਇੰਚਾਰਜ ਜਿਨ੍ਹਾਂ ਨੂੰ ਮੀਤ ਪ੍ਰਧਾਨਾਂ ਦੇ ਅਹੁਦੇ ਦਿੱਤੇ ਗਏ ਹਨ, ਲਾ ਕੇ ਹਾਈ ਕਮਾਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਖੁੱਲ੍ਹ ਕੇ ਨਹੀਂ ਖੇਡ ਸਕਣਗੇ।
ਸ਼ ਬਾਜਵਾ ਨੂੰ ਪਹਿਲਾ ਝਟਕਾ ਉਸ ਵੇਲੇ ਲੱਗਾ ਜਦੋਂ ਹਾਈ ਕਮਾਨ ਦੇ ਹੁਕਮ ‘ਤੇ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਅਤੇ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੇ ਅਹੁਦੇ ਵਾਪਸ ਲੈਣੇ ਪਏ। ਇਸ ਤੋਂ ਇਲਾਵਾ ਸ਼ ਬਾਜਵਾ ਵੱਲੋਂ ਪੰਜਾਬ ਕਾਂਗਰਸ ਲਈ ਨਿਯੁਕਤ ਕੀਤੇ ਗਏ ਤਿੰਨ ਸਕੱਤਰਾਂ ਨੂੰ ਵੀ ਹਟਾ ਦਿੱਤਾ ਗਿਆ ਜਿਨ੍ਹਾਂ ਵਿਚ ਰਾਜਬੀਰ ਸਿੰਘ, ਰਾਜਿੰਦਰਾ ਦੀਪਾ ਅਤੇ ਅਸ਼ੋਕ ਚੌਧਰੀ ਸ਼ਾਮਲ ਹਨ। ਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਦਾ ਕਲੇਸ਼ ਅਜੇ ਥੰਮ੍ਹਿਆ ਨਹੀਂ। ਵੱਖ-ਵੱਖ ਧੜਿਆਂ ਵਿਚਾਲੇ ਖਿੱਚੋਤਾਣ ਜਾਰੀ ਹੈ। ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਸ਼ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਕਾਂਗਰਸ ਦੀ ਘਰੇਲੂ ਜੰਗ ਹੋਰ ਤੇਜ਼ ਹੋਈ ਹੈ। ਪੰਜਾਬ ਕਾਂਗਰਸ ਦੇ ਵਿਧਾਇਕਾਂ ਵਿਚੋਂ ਬਹੁਗਿਣਤੀ ਕੈਪਟਨ ਦੇ ਨਾਲ ਹੋਣ ਅਤੇ ਮਾਝਾ ਖੇਤਰ ਦੇ ਹੀ ਕੁਝ ਵਿਧਾਇਕ ਪਿਛਲੇ ਸਮੇਂ ਤੋਂ ਸ਼ ਬਾਜਵਾ ਤੋਂ ਦੂਰ ਹੋਣ ਕਾਰਨ ਇਸ ਮਝੈਲ ਆਗੂ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਵੱਡੀ ਵੰਗਾਰ ਬਣ ਗਿਆ ਹੈ।
ਉਧਰ, ਹਾਈ ਕਮਾਨ ਨੇ ਸ਼ਕਤੀਆਂ ਦਾ ਤਵਾਜ਼ਨ ਬਣਾਈ ਰੱਖਣ ਲਈ ਮਾਝੇ, ਮਾਲਵੇ ਤੇ ਦੁਆਬੇ ਦੇ ਖੇਤਰਾਂ ਲਈ ਇੰਚਾਰਜ ਵਜੋਂ ਚਾਰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ। ਦੁਆਬੇ ਲਈ ਬੰਗਾ ਦੇ ਵਿਧਾਇਕ ਤਰਲੋਚਨ ਸਿੰਘ ਸੂੰਢ, ਮਾਝੇ ਲਈ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਓæਪੀæ ਸੋਨੀ ਅਤੇ ਮਾਲਵੇ ਲਈ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਨਿਯੁਕਤ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸ਼ ਬਾਜਵਾ ਨੇ ਫਤਿਹਜੰਗ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਕ੍ਰਮਵਾਰ ਪਾਰਟੀ ਦਫਤਰ ਦਾ ਇੰਚਾਰਜ ਅਤੇ ਮੁੱਖ ਬੁਲਾਰੇ ਵਜੋਂ ਨਿਯੁਕਤ ਕਰਨ ਤੋਂ ਪਹਿਲਾਂ ਹਾਈ ਕਮਾਨ ਤੋਂ ਮਨਜ਼ੂਰੀ ਨਹੀਂ ਲਈ ਸੀ ਜਿਸ ਦਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੁਲਚੈਨ ਸਿੰਘ ਚੜਕ ਤੇ ਸਕੱਤਰ ਹਰੀਸ਼ ਚੌਧਰੀ ਨੇ ਸਖਤ ਨੋਟਿਸ ਲਿਆ। ਇਹ ਮਾਮਲਾ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਪੁੱਜਣ ਤੋਂ ਬਾਅਦ ਹੰਗਾਮੀ ਹਾਲਤ ਵਿਚ ਸ਼ ਬਾਜਵਾ ਨੂੰ ਦੋਵੇਂ ਨਿਯੁਕਤੀਆਂ ਉਪਰ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ। ਇਹ ਵੀ ਚਰਚਾ ਹੈ ਕਿ ਇਸ ਮੁੱਦੇ ਬਾਰੇ ਪੰਜਾਬ ਇਕਾਈ ਦੇ ਇਕ ਧੜੇ ਵੱਲੋਂ ਵੀ ਹਾਈ ਕਮਾਨ ਕੋਲ ਇਤਰਾਜ਼ ਉਠਾਇਆ ਗਿਆ ਜਿਸ ਕਾਰਨ ਹਾਈ ਕਮਾਨ ਨੇ ਪੰਜਾਬ ਕਾਂਗਰਸ ਵਿਚ ਮੁੜ ਕੋਈ ਨਵਾਂ ਕਲੇਸ਼ ਸ਼ੁਰੂ ਹੋਣ ਨੂੰ ਰੋਕਣ ਲਈ ਤੁਰੰਤ ਇਹ ਫੈਸਲਾ ਕਰ ਦਿੱਤਾ।
ਦਿੱਲੀ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਵੱਲੋਂ ਸ਼ ਬਾਜਵਾ ਨੂੰ ਭੇਜੇ ਪੱਤਰ ਵਿਚ ਸੂਬੇ ਵਿਚ ਨਵੇਂ ਮੀਤ ਪ੍ਰਧਾਨ ਨਿਯੁਕਤ ਕਰਨ ਬਾਰੇ ਕਿਹਾ ਗਿਆ ਹੈ ਕਿ ਇਨ੍ਹਾਂ ਖੇਤਰਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਇਹ ਨਿਯੁਕਤੀਆਂ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮਨਜ਼ੂਰੀ ਤੋਂ ਬਾਅਦ ਕੀਤੀਆਂ ਗਈਆਂ ਹਨ।
ਦੂਜੇ ਬੰਨੇ ਸ਼ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਈ ਕਾਮਨ ਨੇ ਸਲਾਹ ਦਿੱਤੀ ਹੈ ਕਿ ਇਸ ਤਰ੍ਹਾਂ ਟੁੱਟਵੇਂ ਢੰਗ ਨਾਲ ਨਿਯੁਕਤੀਆਂ ਨਾ ਕੀਤੀਆਂ ਜਾਣ, ਇਸ ਨਾਲ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਹੋ ਸਕਦੇ ਹਨ ਤੇ ਇਕੋ ਵਾਰ ਸਾਰੀਆਂ ਨਵੀਆਂ ਨਿਯੁਕਤੀਆਂ ਦੀ ਤਜਵੀਜ਼ ਭੇਜ ਕੇ ਹਾਈ ਕਮਾਨ ਕੋਲੋਂ ਪ੍ਰਵਾਨਗੀ ਲੈ ਲਈ ਜਾਵੇ। ਉਨ੍ਹਾਂ ਮੰਨਿਆ ਕਿ ਹਾਈ ਕਮਾਨ ਕੋਲੋਂ ਇਨ੍ਹਾਂ ਨਿਯੁਕਤੀਆਂ ਦੀ ਮਨਜ਼ੂਰੀ ਨਾ ਲੈਣ ਕਾਰਨ ਰੋਕ ਲਾਉਣੀ ਪਈ ਹੈ। ਇਨ੍ਹਾਂ ਨਿਯੁਕਤੀਆਂ ਉਪਰ ਇਕ ਮਹੀਨੇ ਲਈ ਰੋਕ ਰਹੇਗੀ ਤੇ ਪੰਜਾਬ ਦਾ ਦੌਰਾ ਕਰਨ ਤੋਂ ਬਾਅਦ ਨਵੀਆਂ ਨਿਯੁਕਤੀਆਂ ਦੀ ਤਜਵੀਜ਼ ਤਿਆਰ ਕਰ ਕੇ ਹਾਈ ਕਮਾਨ ਨੂੰ ਭੇਜੀ ਜਾਵੇਗੀ। ਉਂਜ ਉਨ੍ਹਾਂ ਕਿਹਾ ਕਿ ਫਤਿਹਜੰਗ ਤਾਂ ਪਹਿਲਾਂ ਹੀ ਜਨਰਲ ਸਕੱਤਰ ਹੈ, ਉਸ ਨੂੰ ਤਾਂ ਸਿਰਫ ਦਫਤਰ ਦਾ ਇੰਚਾਰਜ ਹੀ ਬਣਾਇਆ ਗਿਆ ਸੀ।

Be the first to comment

Leave a Reply

Your email address will not be published.