ਆਨੰਦਪੁਰ ਸਾਹਿਬ ਵਿਚ ਸੰਗਤ ਦਾ ਸੈਲਾਬ

ਅਨੰਦਪੁਰ ਸਾਹਿਬ (ਪੰਜਾਬ ਟਾਈਮਜ਼ ਬਿਊਰੋ): ਸਿੱਖ ਪੰਥ ਦੀ ਨਿਰਾਲੀ ਸ਼ਾਨ ਦਾ ਪ੍ਰਤੀਕ ਅਤੇ ਕੌਮੀ ਮੇਲੇ ਦਾ ਰੂਪ ਲੈ ਚੁੱਕਾ ਹੋਲਾ ਮਹੱਲਾ ਇਥੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੇਲੇ ‘ਤੇ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪੁੱਜੀਆਂ। ਪੂਰੇ ਖਾਲਸਈ ਰੰਗ ਵਿਚ ਰੰਗੇ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਸੈਲਾਬ ਆ ਗਿਆ। ਸ਼ਹਿਰ ਵਿਚ ਕਿਤੇ ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ ਅਤੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ।
ਚਾਰੇ ਪਾਸੇ ਕੇਸਰੀ ਦਸਤਾਰਾਂ ਤੇ ਦੁਪੱਟਿਆਂ ਤੋਂ ਇਲਾਵਾ ਸੰਗਤਾਂ ਦੇ ਹੱਥਾਂ ਵਿਚ ਕੇਸਰੀ ਝੰਡੇ ਖਾਲਸਈ ਜਾਹੋ-ਜਲਾਲ ਦਾ ਅਲੌਕਿਕ ਨਜ਼ਾਰਾ ਪੇਸ਼ ਕਰ ਕਰ ਰਹੇ ਸਨ। ਸੰਗਤਾਂ ਦੀ ਸੇਵਾ ਲਈ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ 200 ਦੇ ਕਰੀਬ ਲੰਗਰ ਲਾਏ ਗਏ ਸਨ, ਉਥੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਹੀ ਵੱਖ-ਵੱਖ ਜਥੇਬੰਦੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਲੰਗਰ ਲਾਏ ਗਏ।
ਇਸ ਮੌਕੇ ਸਿੰਘ ਸਾਹਿਬ ਨੇ ਸਮੁੱਚੀ ਸਿੱਖ ਕੌਮ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ ਤੇ ਅਨੰਦਪੁਰ ਸਾਹਿਬ ਵਿਖੇ ਪਹੁੰਚਣ ‘ਤੇ ਜੀ ਆਇਆਂ ਕਿਹਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਵਿਸ਼ਵ ਭਰ ਵਿਚ ਬੈਠੀ ਸੰਗਤ ਨੂੰ ਮੁਬਾਰਕਬਾਦ ਦਿੱਤੀ ਤੇ ਹੋਲੇ ਮਹੱਲੇ ਨੂੰ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤਾ ਚੜ੍ਹਦੀ ਕਲਾ ਦਾ ਤਿਉਹਾਰ ਦੱਸਿਆ। ਉਨ੍ਹਾਂ ਖੰਡੇ ਬਾਟੇ ਦੀ ਪਾਹੁਲ ਛਕਣ ਦੀ ਵੀ ਅਪੀਲ ਕੀਤੀ। ਹੋਲੇ ਮਹੱਲੇ ਦਾ ਸ਼ੁਰੂਆਤੀ ਨਗਰ ਕੀਰਤਨ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ, ਕਨਖਲ, ਹਰਿਦੁਆਰ ਦੁਆਬਾ ਨਿਰਮਲ ਮੰਡਲ ਵੱਲੋਂ ਗੁਰਦੁਆਰਾ ਸੰਤ ਦਲੀਪ ਸਿੰਘ ਡੁਮੇਲੀ ਵਾਲਿਆਂ ਦੇ ਚੱਕ ਹੋਲਗੜ੍ਹ ਰੋਡ ਤੋਂ ਆਰੰਭ ਕੀਤਾ ਗਿਆ। ਬਾਬਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਹਿਲੇ ਦਿਨ ਨਿਰਮਲ ਭੇਖ ਵੱਲੋਂ ਸ਼ੁਰੂਆਤੀ ਨਗਰ ਕੀਰਤਨ ਸਜਾਇਆ ਜਾਂਦਾ ਹੈ। 27 ਤਾਰੀਕ ਨੂੰ ਸਿਆਸੀ ਕਾਨਫਰੰਸਾਂ ਹੋਈਆਂ ਜਦਕਿ 28 ਮਾਰਚ ਨੂੰ ਨਿਹੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਮਹੱਲਾ ਕੱਢਿਆ ਗਿਆ। ਇਨ੍ਹਾਂ ਤੋਂ ਇਲਾਵਾ ਹੋਲੇ ਮਹੱਲਾ ਦਾ ਸ਼ਿੰਗਾਰ ਕੁਸ਼ਤੀਆਂ, ਮਾਰਸ਼ਲ ਆਰਟ ਗੱਤਕਾ, ਕਬੱਡੀ ਤੇ ਘੋੜ ਸਵਾਰ ਨਿਹੰਗ ਸਿੰਘਾਂ ਦੇ ਜੌਹਰ ਦੇਖਣ ਲਈ ਵੀ ਸੰਗਤਾਂ ਵਿਚ ਅਤਿਅੰਤ ਉਤਸ਼ਾਹ ਰਿਹਾ।
ਟਰਾਲੀ ਪਲਟਣ ਨਾਲ ਛੇ ਮੌਤਾਂ: ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਤੋਂ ਆਏ ਸ਼ਰਧਾਲੂਆਂ ਦੀ ਟਰਾਲੀ ਪਲਟਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 22 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਤਿੰਨ ਪੁਰਸ਼ ਤੇ ਤਿੰਨ ਔਰਤਾਂ ਸ਼ਾਮਲ ਹਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਸ਼ਰਧਾਲੂ ਗੁਰੂ ਕਾ ਲਾਹੌਰ ਦੇ ਦਰਸ਼ਨ ਕਰ ਕੇ ਅਨੰਦਪੁਰ ਸਾਹਿਬ ਨੂੰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਟਰੈਕਟਰ ਬੇਕਾਬੂ ਹੋ ਕੇ ਪੰਜਾਬ ਦੀ ਹੱਦ ਤੋਂ 100 ਮੀਟਰ ਦੂਰ ਹਿਮਾਚਲ ਪ੍ਰਦੇਸ਼ ਵਿਚ ਪੈਂਦੇ ਸੇਲਾ ਘੋੜਾ ਵਿਖੇ ਪਲਟ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਾਦਸੇ ਵਿਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣ ਤੇ ਜ਼ਖ਼ਮੀਆਂ ਦੇ ਇਲਾਜ ਲਈ ਲੋੜੀਂਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਸੰਗਤ ਦੀ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਆਪਣੇ ਨੁਮਾਇੰਦਿਆਂ ਦੀਆਂ ਉਚੇਚੀਆਂ ਡਿਊਟੀਆਂ ਲਗਾਈ ਗਈਆਂ ਸਨ। ਪ੍ਰਸ਼ਾਸਨ ਵੱਲੋਂ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਸੀ। ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਫਸਰ ਖੁਦ ਇਸ ਦਾ ਜਾਇਜ਼ਾ ਲੈ ਰਹੇ ਸਨ।

Be the first to comment

Leave a Reply

Your email address will not be published.