ਕੱਟੜਪੰਥੀਆਂ ਵੱਲੋਂ ਭਗਤ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਚ ਵਿਘਨ

ਲਾਹੌਰ: ਪੁਲਿਸ ਦੇ ਸਮੇਂ ਸਿਰ ਦਖ਼ਲ ਸਦਕਾ ਮੂਲਵਾਦੀ ਧਾਰਮਿਕ ਦਲਾਂ ਤੇ ਸਿਵਲ ਸੁਸਾਇਟੀ ਦੇ ਕਾਰਕੁਨਾਂ ਵਿਚਾਲੇ ਟਕਰਾਅ ਟਲ ਗਿਆ। ਸਿਵਲ ਸੁਸਾਇਟੀ ਦੇ ਕਾਰਕੁਨ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਫੁਆਰਾ ਚੌਕ ਵਿਚ ਇਕੱਠੇ ਹੋਏ ਸਨ। ਇਹ ਫੁਆਰਾ ਚੌਕ ਉਸ ਅਸਥਾਨ ‘ਤੇ ਬਣਾਇਆ ਹੋਇਆ ਹੈ, ਜਿਥੇ ਬਰਤਾਨਵੀ ਸ਼ਾਸਕਾਂ ਨੇ 23 ਮਾਰਚ, 1931 ਨੂੰ ਸ਼ ਭਗਤ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਸੀ। ਉਨ੍ਹਾਂ ਨੇ ਇਸ ਚੌਕ ਵਿਚ ਭਗਤ ਸਿੰਘ ਦੀ ਵੱਡੀ ਤਸਵੀਰ ਅੱਗੇ ਮੋਮਬੱਤੀਆਂ ਬਾਲ ਕੇ ਮੰਗ ਕੀਤੀ ਕਿ ਸਰਕਾਰ ਇਸ ਚੌਕ ਦਾ ਨਾਮ ਸ਼ਹੀਦ ਦੇ ਨਾਮ ਉੱਤੇ ਰੱਖੇ ਤੇ ਧਾਰਮਿਕ ਮੂਲਪੰਥੀਆਂ ਦੇ ਦਾਬੇ ਵਿਚ ਨਾ ਆਵੇ। ਭਗਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਅਬਦੁੱਲਾ ਮਲਿਕ ਨੇ ਉਸ ਨੂੰ ਉਪ ਮਹਾਦੀਪ ਦਾ ਨਾਇਕ ਕਰਾਰ ਦਿੰਦਿਆਂ ਕਿਹਾ ਕਿ ਸ਼ਹੀਦਾਂ ਨੇ ਸਹਿਣਸ਼ੀਲਤਾ, ਭਰਾਤਰੀ ਭਾਵ ਤੇ ਅਮਨ ਦਾ ਸੁਨੇਹਾ ਦਿੱਤਾ ਸੀ ਤੇ ਉਨ੍ਹਾਂ ਨੇ ਅਨਿਆਂ ਤੇ ਸਾਧਨਾਂ ਦੀ ਕਾਣੀ ਵੰਡ ਵਿਰੁੱਧ ਆਵਾਜ਼ ਉਠਾਈ ਸੀ। ਇਸ ਕਰਕੇ ਸਭ ਵੀ ਆਪਣੇ ਹੱਕਾਂ ਲਈ ਸੰਘਰਸ਼ ਕਰਦਿਆਂ ਉਨ੍ਹਾਂ ਦੇ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ। ਜਦੋਂ ਮਲਿਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਮੂਲਪੰਥੀ ਧਾਰਮਿਕ ਦਲਾਂ ਦੇ ਆਗੂ ਉਥੇ ਪੁੱਜ ਗਏ ਤੇ ਸਿਵਲ ਸੁਸਾਇਟੀ ਮੈਂਬਰਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ। ਦੋਵਾਂ ਧਿਰਾਂ ਵਿਚਾਲੇ ਤਲ਼ਖਕਲਾਮੀ ਵੀ ਹੋਈ ਤੇ ਸਿਵਲ ਸੁਸਾਇਟੀ ਨੇ ਕਿਹਾ ਕਿ ਕੱਟੜਪੰਥੀਆਂ ਨੂੰ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਉਹ ਇਕ ਹਿੰਦੂ ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਹੀ ਸਥਿਤੀ ਬਦਤਰ ਹੁੰਦੀ, ਵੱਡੀ ਗਿਣਤੀ ਪੁਲਿਸ ਉਥੇ ਪੁੱਜ ਗਈ। ਪੁਲਿਸ ਅਧਿਕਾਰੀਆਂ ਦੀ ਬੇਨਤੀ ‘ਤੇ ਸਿਵਲ ਸੁਸਾਇਟੀ ਦੇ ਕਾਰਕੁਨ ਉਥੋਂ ਚਲੇ ਗਏ ਤੇ ਇਸ ਤਰ੍ਹਾਂ ਟਕਰਾਅ ਟਲ ਗਿਆ।
ਮਲਿਕ ਨੇ ਦਾਅਵਾ ਕੀਤਾ ਕਿ ਧਾਰਮਿਕ ਜਥੇਬੰਦੀਆਂ ਦੇ ਕਾਰਕੁਨ ਕਿਸੇ ਸਾਜ਼ਿਸ਼ ਤਹਿਤ ਇੱਥੇ ਵਿਘਨ ਪਾਉਣ ਲਈ ਭੇਜੇ ਸਨ। ਉਨ੍ਹਾਂ ਕਿਹਾ ਕਿ ਇਹ ਅਜਿਹਾ ਮੁੱਦਾ ਨਹੀਂ ਸੀ ਕਿ ਇਸ ‘ਤੇ ਇੰਨਾ ਰੌਲਾ ਪੈਂਦਾ। ਮਲਿਕ ਨੇ ਕਿਹਾ ਕਿ ਭਗਤ ਸਿੰਘ ਆਜ਼ਾਦੀ ਦੀ ਲੜਾਈ ਦਾ ਨਾਇਕ ਸੀ ਜੋ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਨੇ ਰਲਕੇ ਲੜੀ ਸੀ। ਇਸ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਲੋੜ ਨਹੀਂ ਹੈ। ਹਾਲੇ ਹੀ ਵਿਚ ਸਰਕਾਰ ਨੂੰ ਫੁਆਰਾ ਚੌਕ ਦਾ ਨਾਂ ਭਗਤ ਸਿਘ ਦੇ ਨਾਂ ‘ਤੇ ਰੱਖਣ ਦੀ ਯੋਜਨਾ ਠੱਪ ਕਰਨੀ ਪਈ ਸੀ  ਕਿਉਂਕਿ ਮੂਲਪੰਥੀ ਧਾਰਮਿਕ ਸ਼ਸ਼ਕਤੀਆਂ ਇਸ ਦਾ ਵਿਰੋਧ ਕਰ ਰਹੀਆਂ ਸਨ ਜਿਨ੍ਹਾਂ ਵਿਚ ਤਹਿਰੀਕ ਹੁਰਮਤ-ਏ-ਰਸੂਲ ਤੇ ਜਮਾਤ-ਉਦ-ਦਾਵਾ ਸ਼ਾਮਲ ਹਨ। ਇਨ੍ਹਾਂ ਨੇ ਲਾਹੌਰ ਹਾਈ ਕੋਰਟ ਵਿਚ ਇਸ ਫੈਸਲੇ ਨੂੰ ਚੁਣੌਤੀ ਵੀ ਦਿੱਤੀ ਹੋਈ ਹੈ।

Be the first to comment

Leave a Reply

Your email address will not be published.