ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਮਸਲਾ ਭਖਿਆ, ਆਰ.ਐਸ਼ਐਸ਼ ਨੇ ਫੜੀ ਸਰਗਰਮੀ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਅਯੁੱਧਿਆ ਮਾਮਲੇ ਵਿਚ ਸੁਣਵਾਈ ਟਾਲਣ ਮਗਰੋਂ ਇਸ ਮੁੱਦੇ ‘ਤੇ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਕ ਪਾਸੇ ਸੰਤ ਸਮਾਜ ਦਿੱਲੀ ‘ਚ ‘ਧਰਮਾਦੇਸ਼’ ਸਮਾਗਮ ਕਰ ਕੇ ਮੋਦੀ ਸਰਕਾਰ ‘ਤੇ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ ਦਾ ਦਬਾਅ ਬਣਾ ਰਿਹਾ ਹੈ ਤੇ ਭਾਜਪਾ ਆਗੂ ਵੀ ਇਸ ਦੀ ਹਮਾਇਤ ‘ਚ ਖੁੱਲ੍ਹ ਕੇ ਬੋਲ ਰਹੇ ਹਨ। ਦੂਜੇ ਪਾਸੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਇਸ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਆਰ.ਐਸ਼ਐਸ਼ ਦੇ 1992 ਜਿਹਾ ਅੰਦੋਲਨ ਸ਼ੁਰੂ ਕਰਨ ਦੇ ਇਰਾਦੇ ਨੂੰ ਦੇਸ਼ ਲਈ ਖਤਰਨਾਕ ਦੱਸਿਆ ਹੈ।

ਨਵੀਂ ਦਿੱਲੀ ‘ਚ ਸੰਤਾਂ ਦੇ ਧਰਮਾਦੇਸ਼ ਸਮਾਗਮ ‘ਚ ਪਹੁੰਚੇ ਧਾਰਮਿਕ ਆਗੂ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਦੇਸ਼ ਦੇ ਲੱਖਾਂ ਲੋਕ ਚਾਹੁੰਦੇ ਹਨ ਕਿ ਅਯੁੱਧਿਆ ‘ਚ ਮੰਦਰ ਬਣੇ। ਦੋ ਰੋਜ਼ਾ ਧਰਮ ਸੰਸਦ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ਼ਬਰੀਮਾਲਾ ‘ਤੇ ਫ਼ੈਸਲਾ ਦਿੱਤਾ। ਉਸ ਨਾਲ ਲੋਕਾਂ ਨਾਲ ਦੁੱਖ ਹੋਇਆ ਅਤੇ ਅਯੁੱਧਿਆ ਬਾਰੇ ਫੈਸਲਾ ਨਹੀਂ ਦਿੱਤਾ ਤੇ ਇਸ ਨਾਲ ਵੀ ਲੋਕਾਂ ਨੂੰ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਲਈ ਉਹ ਪ੍ਰਾਰਥਨਾ ਤੇ ਕੋਸ਼ਿਸ਼, ਦੋਵੇਂ ਰਾਹ ਅਪਣਾਉਣਗੇ। ਧਰਮ ਸੰਸਦ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਬਾਰੇ ਜਲਦੀ ਹੀ ਆਰਡੀਨੈਂਸ ਜਾਂ ਕਾਨੂੰਨ ਲਿਆਂਦਾ ਜਾਵੇ। ਲਾਅ ਬੋਰਡ ਨੇ ਕਿਹਾ ਕਿ ਮੰਦਰ ਦੀ ਉਸਾਰੀ ਲਈ ਤੇਜ਼ ਹੋਈਆਂ ਗਤੀਵਿਧੀਆਂ ਸਿਆਸਤ ਤੋਂ ਪ੍ਰੇਰਿਤ ਹਨ। ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਕਿ ਇਹ ਸਾਰਾ ਕੁਝ 2019 ਦੀਆਂ ਲੋਕ ਸਭਾ ਦੇ ਮੱਦੇਨਜ਼ਰ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ।
ਮੰਦਰ ਦੇ ਨਿਰਮਾਣ ਲਈ 1992 ਵਰਗਾ ਅੰਦੋਲਨ ਸ਼ੁਰੂ ਕਰਨ ਦੇ ਸੰਘ ਦੇ ਇਰਾਦੇ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸੰਘ ਅੰਦੋਲਨ ਸ਼ੁਰੂ ਕਰਦਾ ਹੈ ਤਾਂ ਇਹ ਬਹੁਤ ਖਤਰਨਾਕ ਹੋਵੇਗਾ ਤੇ ਇਸ ਨਾਲ ਦੇਸ਼ ਵਿਚ ਅਰਾਜਕਤਾ ਫੈਲੇਗੀ। ਉਨ੍ਹਾਂ ਕਿਹਾ, ‘1992 ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਨਫਰਤ ਇੰਨੀ ਜ਼ਿਆਦਾ ਨਹੀਂ ਸੀ, ਜਿੰਨੀ ਹੁਣ ਹੈ। ਕੁਝ ਕਾਨੂੰਨ ਮਾਹਿਰਾਂ ਅਨੁਸਾਰ ਇਸ ਮਸਲੇ ‘ਤੇ ਹੁਣ ਕੋਈ ਆਰਡੀਨੈਂਸ ਜਾਂ ਸੰਸਦ ਦਾ ਕਾਨੂੰਨ ਨਹੀਂ ਆ ਸਕਦਾ। ਹੁਣ ਸਰਕਾਰ ਕੀ ਕਰੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।’ ਇਸੇ ਦਰਮਿਆਨ ਜਮੀਅਤ ਉਲਮਾ-ਏ-ਹਿੰਦ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਮੌਲਾਨਾ ਅਸ਼ਹਦ ਰਸ਼ੀਦੀ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ। ਸਾਰਿਆਂ ਨੂੰ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਜਦੋਂ ਵੀ ਸਮਾਂ ਆਵੇਗਾ ਅਯੁੱਧਿਆ ‘ਚ ਵੱਡਾ ਰਾਮ ਮੰਦਰ ਵੀ ਬਣਾਇਆ ਜਾਵੇਗਾ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਰਾਮ ਲੱਲਾ ਦੀ ਜਨਮ ਭੂਮੀ ‘ਤੇ ਬਾਬਰ ਦੇ ਨਾਂ ਦੀ ਇੱਕ ਇੱਟ ਵੀ ਨਹੀਂ ਲੱਗਣ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਕਿ ਹਿੰਦੂ ਦੁਨੀਆਂ ਦੇ ਸਭ ਤੋਂ ਵੱਧ ਸਹਿਣਸ਼ੀਲ ਲੋਕ ਹਨ, ਪਰ ਅਯੁੱਧਿਆ ‘ਚ ਰਾਮ ਮੰਦਰ ਦੀ ਪੈਰੀਫੇਰੀ ‘ਚ ਮਸਜਿਦ ਦੀ ਉਸਾਰੀ ਦੀ ਗੱਲ ਉਨ੍ਹਾਂ ਨੂੰ ਅਸਹਿਣਸ਼ੀਲ ਬਣਾ ਸਕਦੀ ਹੈ। ਉਮਾ ਭਾਰਤੀ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਉਨ੍ਹਾਂ ਨਾਲ ਆ ਕੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਅਦਾਲਤ ਨੂੰ ਅੱਗੇ ਆ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ। ਮੰਦਰ ਉਸਾਰੀ ‘ਚ ਹੋ ਰਹੀ ਦੇਰੀ ਨਾਲ ਲੋਕਾਂ ‘ਚ ਰੋਹ ਭਖ ਰਿਹਾ ਹੈ। ਅਯੁੱਧਿਆ ਦੇ ਤਪੱਸਵੀ ਚਾਵਨੀ ਮੰਦਰ ਦੇ ਮਹੰਤ ਸਵਾਮੀ ਪਰਮਹੰਸ ਦਾਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਰਾਮ ਮੰਦਰ ਦੀ ਉਸਾਰੀ ਬਾਰੇ ਅਧਿਕਾਰਤ ਐਲਾਨ ਨਾ ਕੀਤਾ ਗਿਆ ਤਾਂ ਉਹ ਛੇ ਦਸੰਬਰ ਨੂੰ ਆਤਮ ਦਾਹ ਕਰ ਲੈਣਗੇ। ਉਨ੍ਹਾਂ ਨੇ 6 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵਰਤ ਰੱਖਿਆ ਹੋਇਆ ਹੈ।
_______________________
ਆਪਣੇ ਮਨ ‘ਚ ਰਾਮ ਵਸਾਓ: ਥਰੂਰ
ਨਵੀਂ ਦਿੱਲੀ: ਅਯੁੱਧਿਆ ‘ਚ ਰਾਮ ਮੰਦਰ ਤੇ ਬਾਬਰੀ ਮਸਜਿਦ ਦੀ ਉਸਾਰੀ ਬਾਰੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਕੋਈ ਵੀ ਹਿੰਦੂ ਗ੍ਰੰਥ ਕੋਈ ਚੀਜ਼ ਹਾਸਲ ਕਰਨ ਲਈ ਹਿੰਸਾ ਦਾ ਰਾਹ ਅਖਤਿਆਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਸ਼ਾਸਤਰ ਕਹਿੰਦੇ ਹਨ ਕਿ ਰਾਮ ਨੂੰ ਆਪਣੇ ਮਨ ‘ਚ ਵਸਾਉਣਾ ਚਾਹੀਦਾ ਹੈ। ਸ੍ਰੀ ਥਰੂਰ ਨੇ ਕਿਹਾ, ‘ ਸ਼ਾਸਤਰ ਇਹ ਕਹਿੰਦੇ ਹਨ ਕਿ ਰਾਮ ਨੂੰ ਆਪਣੇ ਮਨ ‘ਚ ਵਸਾਓ ਅਤੇ ਜੇਕਰ ਲੋਕ ਰਾਮ ਨੂੰ ਆਪਣੇ ਮਨ ‘ਚ ਵਸਾ ਲੈਣ ਤਾਂ ਇਹ ਮਹੱਤਵ ਨਹੀਂ ਰੱਖਦਾ ਕਿ ਉਹ ਕਿਥੇ ਹਨ ਜਾਂ ਕਿਥੇ ਨਹੀਂ ਹਨ ਕਿਉਂਕਿ ਉਹ ਸਭ ਜਗ੍ਹਾ ਹਨ।’ ਸ੍ਰੀ ਥਰੂਰ ਆਪਣੇ ਵੱਲੋਂ ਪਿੱਛੇ ਜਿਹੇ ਕੀਤੀ ਗਈ ਟਿੱਪਣੀ ਕਿ ਕੋਈ ਵੀ ਚੰਗਾ ਹਿੰਦੂ ਵਿਵਾਦਤ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਾਲੀ ਥਾਂ ‘ਤੇ ਰਾਮ ਮੰਦਰ ਨਹੀਂ ਚਾਹੇਗਾ, ਬਾਰੇ ਜਵਾਬ ਦੇ ਰਹੇ ਸਨ।