ਪੰਜਾਬੀਆਂ ਨੇ ਵਧਾਇਆ ਮਾਂ ਬੋਲੀ ਦਾ ਮਾਣ

ਜਲੰਧਰ: ਦੇਸ਼-ਵਿਦੇਸ਼ ‘ਚ ਵਸਦੇ ਪੰਜਾਬੀਆਂ ਤੇ ਖਾਸ ਕਰ ਪੰਜਾਬੀ ਪ੍ਰੇਮੀਆਂ ਲਈ ਇਹ ਬਹੁਤ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਲ 2011 ਦੀ ਮਰਦਮਸ਼ੁਮਾਰੀ ‘ਚ ਪੰਜਾਬ ਦੇ 99.86 ਫੀਸਦੀ ਲੋਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਹੈ, ਜਦਕਿ ਸਿਰਫ 0.14 ਫੀਸਦੀ ਲੋਕਾਂ ਵੱਲੋਂ ਹੀ ਆਪਣੀ ਮਾਤ ਭਾਸ਼ਾ ਹਿੰਦੀ, ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਦੱਸੀ ਗਈ ਹੈ।

ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਕੁੱਲ 2 ਕਰੋੜ 77 ਲੱਖ 43 ਹਜ਼ਾਰ 338 ਲੋਕਾਂ ‘ਚੋਂ 2 ਕਰੋੜ 77 ਲੱਖ 3 ਹਜ਼ਾਰ 349 ਲੋਕਾਂ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣਾ ਪੰਜਾਬੀ ਪ੍ਰੇਮੀਆਂ ਲਈ ਬੇਹੱਦ ਸੰਤੁਸ਼ਟੀਜਨਕ ਗੱਲ ਕਹੀ ਜਾ ਸਕਦੀ ਹੈ, ਕਿਉਂਕਿ ਸਿਰਫ 39 ਹਜ਼ਾਰ 989 ਲੋਕਾਂ ਵੱਲੋਂ ਹੀ ਆਪਣੀ ਮਾਤ ਭਾਸ਼ਾ ਕੋਈ ਹੋਰ ਜ਼ਬਾਨ ਲਿਖਾਈ ਗਈ ਹੈ। ਇਸੇ ਤਰ੍ਹਾਂ ਦੇਸ਼ ਭਰ ‘ਚ ਪੰਜਾਬੀ ਜ਼ਬਾਨ ਬੋਲਣ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਪੰਜਾਬੀ ਭਾਸ਼ਾ ਨੇ ਦੇਸ਼ ਭਰ ਦੀਆਂ ਬੋਲੀਆਂ ‘ਚ 11ਵਾਂ ਸਥਾਨ ਬਰਕਰਾਰ ਰੱਖਿਆ ਹੈ ਹਾਲਾਂਕਿ ਹਿੰਦੀ ਭਾਸ਼ਾ ਦੇਸ਼ ਦੀ ਕੁੱਲ ਆਬਾਦੀ ਦੇ 43.63 ਫੀਸਦੀ ਲੋਕਾਂ ਦੀ ਬੋਲੀ ਹੋਣ ਕਾਰਨ ਪਹਿਲੇ ਸਥਾਨ ਉਤੇ ਹੈ, ਜਦਕਿ ਦੂਸਰੇ ਨੰਬਰ ‘ਤੇ ਬੰਗਾਲੀ ਤੇ ਤੀਸਰੇ ਉਤੇ ਮਰਾਠੀ ਭਾਸ਼ਾ ਆਉਂਦੀ ਹੈ, ਜਦਕਿ ਪੰਜਾਬੀ ਦਾ ਸਥਾਨ 11ਵਾਂ ਹੈ।
ਦੇਸ਼ ਭਰ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਵਧ ਕੇ 3 ਕਰੋੜ 31 ਲੱਖ 24 ਹਜ਼ਾਰ 726 ਪੁੱਜ ਗਈ ਹੈ, ਜੋ ਕੁੱਲ ਆਬਾਦੀ ਦਾ 2.74 ਫੀਸਦੀ ਬਣਦੀ ਹੈ। ਜੇਕਰ ਸਾਲ 1971 ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਦੇਸ਼ ਭਰ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,41,08,443 ਸੀ, ਜੋ ਕੁੱਲ ਆਬਾਦੀ ਦਾ 2.57 ਫੀਸਦੀ ਬਣਦੀ ਸੀ, ਜਦਕਿ 1981 ‘ਚ ਇਹ ਗਿਣਤੀ ਵਧ ਕੇ 1,96,11,199 ਹੋ ਗਈ, ਜੋ ਕੁੱਲ ਆਬਾਦੀ ਦਾ 2.95 ਫੀਸਦੀ ਸੀ। ਇਸੇ ਤਰ੍ਹਾਂ ਸਾਲ 1991 ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਧ ਕੇ 2,33,78,744 ਹੋ ਗਈ, ਜੋ ਕੁੱਲ ਆਬਾਦੀ ਦਾ 2.79 ਫੀਸਦੀ ਰਹੀ। ਸਾਲ 2001 ਦੀ ਮਰਦਮਸ਼ੁਮਾਰੀ ‘ਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ ਕਾਫੀ ਇਜ਼ਾਫਾ ਹੋਇਆ ਤੇ ਇਹ ਗਿਣਤੀ 2,91, 02, 477 ਹੋ ਗਈ ਜੋ ਸਾਲ 2001 ਤੋਂ ਲੈ ਕੇ ਸਾਲ 2011 ਦੇ ਦਹਾਕੇ ‘ਚ 3,31, 24, 726 ਪੁੱਜ ਗਈ। ਇਹ ਗਿਣਤੀ ਹੁਣ ਕੁੱਲ ਆਬਾਦੀ ਦਾ 2.74 ਫੀਸਦੀ ਹੈ।
ਦੱਸਣਯੋਗ ਹੈ ਕਿ ਸਾਲ 1981 ਦੀ ਮਰਦਮਸ਼ੁਮਾਰੀ ‘ਚ ਦੇਸ਼ ਦੀ ਕੁੱਲ ਆਬਾਦੀ ਦੇ 2.95 ਫੀਸਦੀ ਲੋਕਾਂ ਵੱਲੋਂ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਉਣ ਕਾਰਨ ਪੰਜਾਬੀ ਭਾਸ਼ਾ ਦੇਸ਼ ਦੀਆਂ ਭਾਸ਼ਾਵਾਂ ‘ਚੋਂ 10ਵੇ ਸਥਾਨ ਉਤੇ ਸੀ ਪਰ ਅਗਲੇ ਸਾਲਾਂ ‘ਚ ਇਹ 11ਵੇਂ ਸਥਾਨ ਉਤੇ ਪਹੁੰਚ ਗਈ ਪਰ ਪਿਛਲੇ ਸਾਲਾਂ ਦੌਰਾਨ ਜਿਸ ਤਰ੍ਹਾਂ ਪੰਜਾਬੀ ਭਾਸ਼ਾ ‘ਤੇ ਚਾਰ ਚੁਫੇਰਿਉਂ ਹਮਲੇ ਹੋ ਰਹੇ ਹਨ ਤਾਂ ਅਜਿਹੇ ‘ਚ ਪੰਜਾਬੀ ਭਾਸ਼ਾ ਵੱਲੋਂ ਆਪਣਾ ਸਥਾਨ ਬਰਕਰਾਰ ਰੱਖਣਾ ਪੰਜਾਬੀ ਪ੍ਰੇਮੀਆਂ ਲਈ ਕਾਫੀ ਸੰਤੁਸ਼ਟੀਜਨਕ ਕਿਹਾ ਜਾ ਰਿਹਾ ਹੈ। ਉਧਰ ਹਾਲਾਂਕਿ ਸਾਲ 2011 ਦੇ ਅੰਕੜਿਆਂ ਮੁਤਾਬਕ ਦੇਸ਼ ਭਰ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ ਵਾਧਾ ਜ਼ਰੂਰ ਹੋਇਆ ਹੈ ਪਰ ਜਿਸ ਰਫਤਾਰ ਨਾਲ ਇਹ ਵਾਧਾ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਸਕਿਆ ਤੇ ਸਾਲ 1991 ਤੋਂ 2001 ਦੇ ਦਹਾਕੇ ਦੇ ਮੁਕਾਬਲੇ ਸਾਲ 2001 ਤੋਂ 2011 ਦੇ ਦਹਾਕੇ ਵਿਚਕਾਰ ਇਸ ‘ਚ ਗਿਰਾਵਟ ਆਈ ਹੈ। ਲੰਘੇ 1991-2001 ਦੇ ਦਹਾਕੇ ‘ਚ ਇਹ ਵਾਧਾ 24.48 ਫੀਸਦੀ ਸੀ, ਜਦਕਿ 2001-2011 ਦੇ ਦਹਾਕੇ ਦੌਰਾਨ ਇਹ ਵਾਧਾ ਘਟ ਕੇ 13.82 ਫੀਸਦੀ ਰਹਿ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ 1971-1981 ਦੇ ਦਹਾਕੇ ‘ਚ ਇਹ ਵਾਧਾ ਦਰ ਸਭ ਤੋਂ ਵੱਧ 39 ਫੀਸਦੀ ਸੀ। ਇਸ ਦੇ ਬਾਵਜੂਦ ਸੂਬੇ ‘ਚ ਜਿਸ ਤਰ੍ਹਾਂ 99.86 ਫੀਸਦੀ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾ ਕੇ ਇਸ ਦੇ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ, ਉਸ ਤੋਂ ਪੰਜਾਬੀ ਦਾ ਭਵਿੱਖ ਕਾਫੀ ਸੁਨਹਿਰਾ ਦਿਖਾਈ ਦੇ ਰਿਹਾ ਹੈ।
_____________________
ਸਥਾਨਕ ਸਰਕਾਰਾਂ ਵਿਭਾਗ ‘ਚ ਪੰਜਾਬੀ ਵਿਚ ਹੋਵੇਗਾ ਕੰਮ
ਜਲੰਧਰ: ਸਥਾਨਕ ਸਰਕਾਰਾਂ ਵਿਭਾਗ ਦਾ ਸਾਰਾ ਕੰਮ ਹੁਣ ਪੰਜਾਬੀ ਵਿਚ ਕੀਤਾ ਜਾਵੇਗਾ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਦੇਣ ਤੋਂ ਇਲਾਵਾ ਨਗਰ ਕੌਂਸਲਰਾਂ ਦੇ ਹੱਦਾਂ ਅੰਦਰ ਸਾਈਨ ਬੋਰਡ ਵੀ ਪੰਜਾਬੀ ਵਿਚ ਲਿਖਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸਮੂਹ ਕਰਮਚਾਰੀਆਂ ਨੂੰ ਜਾਰੀ ਕੀਤੇ ਪੱਤਰ ਮੁਤਾਬਕ ਇਹ ਕਿਹਾ ਹੈ ਕਿ ਕੰਮਕਾਜ ਪੰਜਾਬੀ ਵਿਚ ਕਰਨਾ ਯਕੀਨੀ ਬਣਾਇਆ ਜਾਵੇ ਨਹੀਂ ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।
______________________
ਫਿਲਮ ‘ਜ਼ੀਰੋ’ ਦੇ ਪੋਸਟਰ ਤੋਂ ਭੜਕੇ ਸਿੱਖ
ਨਵੀਂ ਦਿੱਲੀ: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜ਼ੀਰੋ’ ਦੇ ਪੋਸਟਰ ਉਤੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਫਿਲਮ ਦੇ ਪੋਸਟਰ ਵਿਚ ਸ਼ਾਹਰੁਖ ਖਾਨ ਨੇ ਕਿਰਪਾਨ ਪਹਿਨੀ ਹੋਈ ਹੈ। ਇਸੇ ਪੋਸਟਰ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਫਿਲਮ ਦੇ ਪੋਸਟਰ ਵਿਚ ਸ਼ਾਹਰੁਖ ਨੰਗੇ ਸਰੀਰ ‘ਤੇ ਨੋਟਾਂ ਦਾ ਹਾਰ ਪਹਿਨੀ ਤੇ ਗਲ ਵਿਚ ਗਾਤਰਾ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਗਾਤਰਾ ਜਾਂ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇਕ ਹੈ। ਇਸ ਨੂੰ ਮਜ਼ਾਕੀਆ ਤਰੀਕੇ ਵਿਚ ਦਿਖਾਏ ਜਾਣ ‘ਤੇ ਸਿੱਖਾਂ ਨੂੰ ਇਤਰਾਜ਼ ਹੈ।
ਡੀ.ਐਸ਼ਜੀ.ਐਮ.ਸੀ. ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਕ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਫਿਲਮਾਂ ਵਿਚ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੀ ਭੇੜ ਚਾਲ ਹੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਫਿਲਮ ਮਨਮਰਜ਼ੀਆਂ ਵਿਚ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਨੂੰ ਦਿਖਾਇਆ ਗਿਆ ਸੀ। ਰਾਣਾ ਨੇ ਫਿਲਮ ਨਿਰਮਾਤਾਵਾਂ ਅਤੇ ਸ਼ਾਹਰੁਖ ਖ਼ਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਪੋਸਟਰ ਨੂੰ ਵਾਪਸ ਲਿਆ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ। ਕਮੇਟੀ ਵੀ ਫਿਲਮ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਵਿਚ ਹਨ।