ਬਾਗੀਆਂ ਖਿਲਾਫ ਸਖਤ ਹੋਇਆ ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਖੁੱਲ੍ਹੇਆਮ ਬਗਾਵਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਮਾਝੇ ਦੇ ਤਿੰਨ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਜਥੇਦਾਰ ਸੇਖਵਾਂ ਨੇ ਪਿਛਲੇ ਕਰੀਬ ਇਕ ਮਹੀਨੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਖੁੱਲ੍ਹੇਆਮ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਸੰਕਟ ਦਾ ਸ਼ਿਕਾਰ ਅਕਾਲੀ ਦਲ ਵੱਲੋਂ ਬਗ਼ਾਵਤ ਦੀ ਸੁਲਗ ਰਹੀ ਅੱਗ ਸ਼ਾਂਤ ਕਰਨ ਲਈ ਬਾਗ਼ੀ ਨੇਤਾਵਾਂ ਨੂੰ ਕੱਢਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ ਸੇਵਾ ਸਿੰੰਘ ਸੇਖਵਾਂ ਤੋਂ ਕੀਤੀ ਗਈ। ਜਥੇਦਾਰ ਸੇਖਵਾਂ ਨੇ ਪਾਰਟੀ ਦੀ ਕੋਰ ਕਮੇਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲਾ ਬਿਕਰਮ ਸਿੰਘ ਮਜੀਠੀਆ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਜਥੇਦਾਰ ਸੇਖਵਾਂ ਦੀ ਇਸ ਕਾਰਵਾਈ ਤੋਂ ਬਾਅਦ ਤੁਰਤ ਅਨੁਸ਼ਾਸਨੀ ਕਾਰਵਾਈ ਦਾ ਐਲਾਨ ਕਰ ਦਿੱਤਾ ਗਿਆ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਥੇਦਾਰ ਸੇਖਵਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਵੇਖਦੇ ਹੋਏ ਉਨ੍ਹਾਂ ਦੀ ਮੁਢਲੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਸੇਖਵਾਂ ਨੇ ਮੌਕਾਪ੍ਰਸਤ ਵਾਂਗ ਵਿਵਹਾਰ ਕੀਤਾ ਹੈ ਅਤੇ ਉਹ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਪੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਪਾਰਟੀ ਪ੍ਰਤੀ ਨਾਸ਼ੁਕਰਗੁਜ਼ਾਰੀ ਵਿਖਾਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮਾਝੇ ਨਾਲ ਹੀ ਸਬੰਧਤ ਤਿੰਨ ਹੋਰ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਪਰ ਅਕਾਲੀ ਦਲ ਵੱਲੋਂ ਇਨ੍ਹਾਂ ਆਗੂਆਂ ਖਿਲਾਫ ਕਾਰਵਾਈ ਕਰਨ ਤੋਂ ਹਾਲ ਦੀ ਘੜੀ ਗੁਰੇਜ਼ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇਸ ਕਾਰਵਾਈ ਨਾਲ ਬਗ਼ਾਵਤ ਦੀ ਹਵਾ ਦਾ ਰੁਖ ਦੇਖਣ ਤੋਂ ਬਾਅਦ ਹੀ ਪਾਰਟੀ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ 29 ਸਤੰਬਰ ਨੂੰ ਦਿੱਤੇ ਅਸਤੀਫੇ ਤੋਂ ਬਾਅਦ ਬਗ਼ਾਵਤ ਦੀ ਅੱਗ ਸੁਲਗਣ ਲੱਗ ਗਈ ਸੀ ਤੇ ਇਸ ਕਤਾਰ ਵਿਚ ਮਾਝੇ ਦੇ ਆਗੂ ਵੀ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਬਾਗ਼ੀ ਅਕਾਲੀਆਂ ਵੱਲੋਂ ਬਾਦਲ ਪਰਿਵਾਰ ‘ਤੇ ਹਮਲਾ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਅਕਾਲੀ ਦਲ ਵੱਲੋਂ ਸਿਆਸੀ ਤੌਰ ‘ਤੇ ਉਖੜੇ ਪੈਰ ਲਾਉਣ ਲਈ ਕੋਈ ਪ੍ਰੋਗਰਾਮ ਐਲਾਨਿਆ ਹੁੰਦਾ ਹੈ। ਜਥੇਦਾਰ ਸੇਖਵਾਂ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਿਆਂ ਦਾ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ’84 ਦੇ ਦੰਗਿਆਂ ਦੇ ਮੁੱਦੇ ‘ਤੇ ਕਾਂਗਰਸ ਖਿਲਾਫ ਦਿੱਲੀ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀ ਢੀਂਡਸਾ ਵੱਲੋਂ ਵੀ ਅਸਤੀਫਾ ਪਟਿਆਲਾ ਦੀ ਵੱਕਾਰੀ ਰੈਲੀ ਤੋਂ ਕੁਝ ਦਿਨ ਪਹਿਲਾਂ ਦਿੱਤਾ ਗਿਆ ਸੀ। ਜਥੇਦਾਰ ਬ੍ਰਹਮਪੁਰਾ ਨੇ ਵੀ ਅਸਤੀਫਾ ਦੇਣ ਦਾ ਐਲਾਨ ਉਸ ਸਮੇਂ ਕੀਤਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਮੰਗ ਕਰਨ ਲਈ ਜ਼ੋਰ-ਅਜ਼ਮਾਈ ਕਰਨ ਪਹੁੰਚੇ ਸਨ।
________________________________
ਬਾਦਲਾਂ ਖਿਲਾਫ ਦੋਆਬੇ ‘ਚ ਵੀ ਉਠੀਆਂ ਬਾਗੀ ਸੁਰਾਂ
ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰੂਪ ਸਿੰਘ ਢੇਸੀ ਨੇ ਟਕਸਾਲੀ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਦੇ ਚੁੰਗਲ ਵਿਚੋਂ ਨਿਕਲ ਕੇ ਸ਼ਹੀਦਾਂ ਦੇ ਖੂਨ ਨਾਲ ਸਿਰਜੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਕੋਟਕਪੂਰਾ ‘ਚ ਹੋਈਆਂ ਘਟਨਾਵਾਂ ਦੱਸਦੀਆਂ ਹਨ ਕਿ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਪ੍ਰਗਟਾਉਣ ਵਾਲਿਆਂ ‘ਤੇ ਜ਼ੁਲਮ ਢਾਹੁਣ ਦੀ ਤਿਆਰੀ ਕੀਤੀ ਹੋਈ ਸੀ, ਇਸੇ ਕਰ ਕੇ ਘਟਨਾ ਤੋਂ ਪਹਿਲਾਂ ਹੀ ਆਲੇ ਦੁਆਲੇ ਦੇ ਹਸਪਤਾਲਾਂ ਨੂੰ ਖਾਲੀ ਕਰਨ ਅਤੇ ਡਾਕਟਰਾਂ ਨੂੰ ਤਿਆਰ ਰਹਿਣ ਦੇ ਹੁਕਮ ਦੇ ਦਿੱਤੇ ਸਨ।
ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਸਗੋਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਦੇ ਸਿਧਾਂਤਾਂ ਨੂੰ ਰੋਲ ਕੇ ਰੱਖਿਆ ਅਤੇ ਜਥੇਦਾਰ ਉਨ੍ਹਾਂ ਦੇ ਲਿਫਾਫੇ ਵਿਚੋਂ ਨਿਕਲਦੇ ਰਹੇ। ਬਾਦਲ ਨੇ ਸ਼ੁਰੂ ਤੋਂ ਹੀ ਪਰਿਵਾਰਵਾਦ ਅਤੇ ਆਪਣੇ ਕਾਰੋਬਾਰ ਨੂੰ ਤਰਜੀਹ ਦਿੱਤੀ। ਰਾਜਨੀਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਵੀ ਸਮੇਂ ਸਮੇਂ ਧੋਖਾ ਦਿੰਦੇ ਰਹੇ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਕੀਤੀ ਪੇਸ਼ਕਸ਼ ਨੂੰ ਮਹਿਜ਼ ਡਰਾਮਾ ਦੱਸਿਆ। ਸਰੂਪ ਸਿੰਘ ਢੇਸੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਸਿਧਾਂਤਾਂ ਤੇ ਅਸੂਲਾਂ ਨੂੰ ਪ੍ਰਣਾਈ ਹੋਈ ਪਾਰਟੀ ਹੈ ਜਦਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਜਿਹੇ ਐਮ.ਐਲ਼ਏ. ਵੀ ਪਾਰਟੀ ਨੇ ਬਣਾ ਦਿੱਤੇ ਜਿਨ੍ਹਾਂ ਨੂੰ ਨਾ ਤਾਂ ਅਕਾਲੀ ਦਲ ਦੇ ਸਿਧਾਂਤਾਂ ਦਾ ਕੋਈ ਇਲਮ ਹੈ ਤੇ ਨਾ ਹੀ ਉਹ ਸਿੱਖੀ ਸਰੂਪ ਵਿਚ ਹਨ।