ਔਰਤਾਂ ਨਾਲ ਵਧੀਕੀ ਅਤੇ ਰਸੂਖਵਾਨਾਂ ਦੀ ਸਿਆਸਤ

ਜਬਰ ਜਨਾਹ ਅਤੇ ਸੱਤਾ ਦੀ ਤਾਕਤ-2
ਉਘਾ ਟਿੱਪਣੀਕਾਰ ਪੀਟਰ ਫਰੈਡਰਿਕ ਦੱਖਣੀ ਏਸ਼ੀਆ ਦੇ ਮਾਮਲਿਆਂ ਬਾਰੇ ਲਗਾਤਾਰ ਲਿਖ ਰਿਹਾ ਹੈ। ਉਸ ਦੇ 46 ਸਫਿਆਂ ਦੇ ਪੈਂਫਲਿਟ ‘ਗਾਂਧੀ: ਨਸਲਪ੍ਰਸਤ ਜਾਂ ਇਨਕਲਾਬੀ’ ਨੇ ਸਭ ਦਾ ਧਿਆਨ ਖਿਚਿਆ ਸੀ। ‘ਜਬਰ ਜਨਾਹ ਅਤੇ ਸੱਤਾ’ ਨਾਂ ਦੇ ਇਸ ਲੇਖ ਵਿਚ ਉਸ ਨੇ ਜਿਨਸੀ ਸ਼ੋਸ਼ਣ ਬਾਰੇ ਚਰਚਾ ਕੀਤੀ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਜਿਨਸੀ ਸ਼ੋਸ਼ਣ ਕਰਨ ਵਾਲੇ ਕਿਸ ਤਰ੍ਹਾਂ ਆਪਣੀ ਤਾਕਤ ਦੀ ਦੁਰਵਰਤੋਂ ਆਪਣੇ ਖਿਲਾਫ ਉਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਕਰਦੇ ਹਨ ਅਤੇ ਬਹੁਤੀ ਵਾਰ ਆਪਣੇ ਇਨ੍ਹਾਂ ਮਨਸੂਬਿਆਂ ਵਿਚ ਕਾਮਯਾਬ ਵੀ ਰਹਿੰਦੇ ਹਨ।

ਇਸ ਅਹਿਮ ਅਤੇ ਲੰਮੇ ਲੇਖ ਦਾ ਅਨੁਵਾਦ ਸਾਡੀ ਕਾਲਮਨਵੀਸ ਡਾ. ਗੁਰਨਾਮ ਕੌਰ (ਸਾਬਕਾ ਮੁਖੀ, ਗੁਰੂ ਗ੍ਰੰਥ ਸਾਹਿਬ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕੀਤਾ ਹੈ। ਇਸ ਵਾਰ ਲੇਖ ਦੀ ਦੂਜੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਪੀਟਰ ਫਰੈਡਰਿਕ
ਅਨੁਵਾਦ: ਡਾ. ਗੁਰਨਾਮ ਕੌਰ, ਕੈਨੇਡਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜੂਨ 2018 ਵਿਚ ਥੌਮਸ ਰਾਇਟਰਜ਼ ਫਾਊਂਡੇਸ਼ਨ ਨੇ ਭਾਰਤ ਨੂੰ ਸੰਸਾਰ ਭਰ ਵਿਚ ਔਰਤਾਂ ਲਈ ਸਭ ਤੋਂ ਖਤਰਨਾਕ ਮੁਲਕ ਕਰਾਰ ਦਿੱਤਾ| ਫਰਵਰੀ ਵਿਚ ਭਾਰਤ ਸਰਕਾਰ ਨੇ ਨੈਸ਼ਨਲ ਫੈਮਿਲੀ ਸਰਵੇ ਨਸ਼ਰ ਕੀਤਾ, ਜਿਸ ਵਿਚ ਨਾ ਕੇਵਲ 31% ਵਿਆਹੁਤਾ ਔਰਤਾਂ ਨੇ ਪਤੀਆਂ ਹੱਥੋਂ ਦੁਰਵਿਹਾਰ ਦਾ ਸਾਹਮਣਾ ਕਰਨ ਬਾਰੇ ਖੁਲਾਸਾ ਕੀਤਾ, ਪਰ ਸਾਰੀਆਂ ਔਰਤਾਂ ਵਿਚੋਂ 52% ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਜੀਵਨ-ਸਾਥੀ ਹੱਥੋਂ ਹਿੰਸਾ ਕਈ ਵਾਰ ਜਾਇਜ਼ ਹੁੰਦੀ ਹੈ| ਪਿਛਲੇ ਸਾਲ ਸੰਸਾਰ ਆਰਥਕ ਫੋਰਮ (ਵਰਲਡ ਇਕਨਾਮਿਕ ਫੋਰਮ) ਦੀ ਸੰਸਾਰ ਵਿਚ ਲਿੰਗਕ ਪਾੜੇ ਬਾਰੇ ਰਿਪੋਰਟ (ਗਲੋਬਲ ਜੈਂਡਰ ਗੈਪ ਰਿਪੋਰਟ), ਜਿਸ ਵਿਚ ਔਰਤਾਂ ਦੀ ਬਰਾਬਰੀ ਦੀ ਪੜਤਾਲ ਉਨ੍ਹਾਂ ਦੀ ਸਿਹਤ, ਆਰਥਕਤਾ ਅਤੇ ਰਾਜਨੀਤੀ ਤੱਕ ਪਹੁੰਚ ਦੀ ਛਾਣਬੀਣ ਰਾਹੀਂ ਕੀਤੀ ਗਈ ਹੈ, ਨੇ ਭਾਰਤ ਨੂੰ 144 ਮੁਲਕਾਂ ਵਿਚੋਂ 108ਵੇਂ ਥਾਂ ‘ਤੇ ਰੱਖਿਆ ਹੈ| ਰਿਪੋਰਟ ਅਨੁਸਾਰ ਭਾਰਤ ਦਾ ਲਿੰਗਕ ਪਾੜਾ ਅਸਲ ਵਿਚ ਹੋਰ ਵਧ ਰਿਹਾ ਹੈ|
ਭਾਰਤੀ ਨਾਰੀਵਾਦੀ ਰੀਤਾ ਬੈਨਰਜੀ ਅਨੁਸਾਰ, “ਕਿਸੇ ਕੁੜੀ ਜਾਂ ਔਰਤ ਨੂੰ ਭਾਰਤੀ ਸਭਿਆਚਾਰਕ ਪ੍ਰਸੰਗ ਵਿਚ ਪਰਿਵਾਰ ਦੀ ਮਲਕੀਅਤ ਸਮਝਿਆ ਜਾਂਦਾ ਹੈ। ਉਸ ਕੋਲ ਆਪਣੇ ਸਰੀਰ ਦੀ ਮਾਲਕੀ ਵੀ ਨਹੀਂ ਹੈ|” ਬੈਨਰਜੀ ਲਿੰਗ ਅਤੇ ਸੱਤਾ ਵਿਚਕਾਰ ਰਿਸ਼ਤੇ ਬਾਰੇ ਆਪਣੀਆਂ ਲਿਖਤਾਂ ਵਿਚ “ਭਾਰਤੀ ਔਰਤਾਂ ਤੇ ਕੁੜੀਆਂ ਉਤੇ ਸਿਲਸਿਲੇਵਾਰ, ਲਗਾਤਾਰ ਅਤੇ ਵੱਡੇ ਪੱਧਰ ‘ਤੇ ਹੁੰਦੀ ਹਿੰਸਾ” ਬਾਬਤ ਅੰਕੜੇ ਪੇਸ਼ ਕਰਦੀ ਹੈ। ਉਹ ਖਾਸ ਤੌਰ ‘ਤੇ ‘50 ਮਿਲੀਅਨ ਮਿਸਿੰਗ’ ਮੁਹਿੰਮ ਦੀ ਨੀਂਹ ਰੱਖਣ ਲਈ ਜਾਣੀ ਜਾਂਦੀ ਹੈ, ਜੋ ਲਿੰਗਕ ਫਰਕ ਕਾਰਨ ਕੀਤੇ ਚੋਣਵੇਂ ਗਰਭਪਾਤ ਅਤੇ ਮਾਦਾ ਭਰੂਣ ਹੱਤਿਆ ਦੇ ਨਤੀਜਿਆਂ ਸਬੰਧੀ ਚੇਤਨਾ ਜਗਾਉਣ ਦੀ ਮੁਹਿੰਮ ਹੈ| ‘ਖਤਰਨਾਕ ਪਿਤਰਸੱਤਾ’ ਦੀ ਵਿਆਖਿਆ ਕਰਦਿਆਂ ਉਹ ਕਹਿੰਦੀ ਹੈ ਕਿ ਭਾਰਤੀ ਸਮਾਜ, “ਲਾਜ਼ਮੀ ਤੌਰ ‘ਤੇ ਔਰਤਾਂ ਨੂੰ ਸਰੀਰਕ ਭੋਗ ਦੀਆਂ ਚੀਜ਼ਾਂ ਸਮਝਦਾ ਹੈ, ਜਿਨ੍ਹਾਂ ਨੂੰ ਮਰਜ਼ੀ ਅਨੁਸਾਰ ਵਰਤਿਆ ਅਤੇ ਤਿਆਗਿਆ ਜਾ ਸਕਦਾ ਹੈ|” ਫਲਸਰੂਪ ਉਹ ਸਪਸ਼ਟ ਕਰਦੀ ਹੈ, “ਧੀਆਂ ਨੂੰ ਜਨਮ ਤੋਂ ਪਹਿਲਾਂ ਜਾਂ ਛੇਤੀ ਹੀ ਬਾਅਦ ਤਿਆਗ ਦਿੱਤਾ ਜਾਂਦਾ ਹੈ|”
ਜੋ ਕੁੜੀਆਂ ਜਨਮ ਤੋਂ ਬਾਅਦ ਬਚ ਜਾਂਦੀਆਂ ਹਨ, ਅਕਸਰ ਭੰਗੂੜੇ ਤੋਂ ਲੈ ਕੇ ਕਬਰ ਤੱਕ ਡੂੰਘੀ ਪ੍ਰੇਸ਼ਾਨੀ ਵਿਚੋਂ ਗੁਜਰਦੀਆਂ ਹਨ| ਭਾਰਤ ਅਜਿਹਾ ਮੁਲਕ ਹੋਣ ਦਾ ਦਾਅਵਾ ਕਰਦਾ ਹੈ, ਜਿਥੇ ਪ੍ਰਤੀ ਵਿਅਕਤੀ ਜਬਰ ਜਨਾਹ ਦੀ ਦਰ ਸਭ ਤੋਂ ਘੱਟ ਹੈ, ਫਿਰ ਵੀ ਰਾਸ਼ਟਰ ਦਾ ਆਪਣਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੰਨਦਾ ਹੈ ਕਿ 70% ਜਬਰ ਜਨਾਹ ਦੇ ਕੇਸ ਬਿਨਾ ਸੂਚਿਤ ਕੀਤਿਆਂ ਰਹਿ ਜਾਂਦੇ ਹਨ| ਜਬਰ ਜਨਾਹ ਲਈ ਸਹਿਣਸ਼ੀਲਤਾ ਰਾਜਨੀਤਕ ਪ੍ਰਬੰਧ ਵਿਚ ਡੂੰਘੀ ਧਸੀ ਹੋਈ ਹੈ ਜਿਵੇਂ ਕਿ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮ ਰਾਹੀਂ ਕੀਤੇ 2017 ਦੇ ਅਧਿਐਨ ਮੁਤਾਬਕ ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ ਪਿਛਲੇ ਪੰਜ ਸਾਲਾਂ ਵਿਚ ਜਬਰ ਜਨਾਹ ਦੇ ਦੋਸ਼ਾਂ ਵਾਲੇ ਘੱਟੋ ਘੱਟ 26 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ|
ਇਸੇ ਦੌਰਾਨ ਭਾਰਤੀ ਔਰਤਾਂ ਦੀ ਬਹੁਤ ਵੱਡੀ ਗਿਣਤੀ ਆਪਣੀਆਂ ਜਾਨਾਂ ਆਪ ਲੈ ਰਹੀ ਹੈ| ਸਤੰਬਰ ਵਿਚ ਇਕ ਲਾਂਸੈਟ ਅਧਿਐਨ ਨਸ਼ਰ ਕੀਤਾ ਗਿਆ, ਜਿਸ ਨੇ ਇੰਕਸਾਫ ਕੀਤਾ ਕਿ ਸੰਸਾਰ ਭਰ ਵਿਚ ਹੋਣ ਵਾਲੀਆਂ ਔਰਤਾਂ ਦੀਆਂ ਆਤਮ ਹੱਤਿਆਵਾਂ ਵਿਚੋਂ 40% ਇਕੱਲੇ ਭਾਰਤ ਵਿਚ ਹੁੰਦੀਆਂ ਹਨ| ਖੋਜੀਆਂ ਨੇ ਅੰਕੜਿਆਂ ਨੂੰ ਡੂੰਘੀ ਪਕੜ ਵਾਲੇ ਪੁਰਸ਼ ਪ੍ਰਧਾਨ ਸਭਿਅਚਾਰ ਅਤੇ ਔਰਤਾਂ ਖਿਲਾਫ ਪੁਰਸ਼ ਹਿੰਸਾ ਨਾਲ ਜੋੜਿਆ ਹੈ|
ਭਾਰਤ ਦੀਆਂ ਹਿੰਸਾ ਦਾ ਸ਼ਿਕਾਰ ਔਰਤਾਂ ਵਿਚੋਂ ਬਹੁਤੀਆਂ ਅਧਿਆਤਮਕ ਸੰਤਾਂ-ਬਾਬਿਆਂ ਦੇ ਝੁੰਡਾਂ ਵਿਚ ਮਿਲਦੀਆਂ ਹਨ ਅਤੇ ਚਰਚ ਦੇ ਹਾਲਾਂ, ਕਾਨਵੈਂਟਾਂ, ਆਸ਼ਰਮਾਂ ਅਤੇ ਮੰਦਿਰਾਂ ਵਿਚ ਮਿਲਦੀਆਂ ਹਨ| ਆਪਣੇ ਮੁਜ਼ਰਿਮਾਂ ਨੂੰ ਜਵਾਬਦੇਹ ਠਹਿਰਾਉਣ ਲਈ ਉਨ੍ਹਾਂ ਨੂੰ ਅਜੀਬ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਹੋਰ ਬਹੁਤ ਸਾਰੇ ਮੁਲਕਾਂ ਨਾਲੋਂ ਕਿਤੇ ਵੱਧ ਧਰਮ ਅਤੇ ਰਾਜਨੀਤੀ ਭਾਰਤ ਵਿਚ ਇਕ ਦੂਸਰੇ ਨਾਲ ਡੂੰਘੇ ਮਿਲੇ ਹੋਏ ਹਨ| ਇਹ ਸੋਚਦਿਆਂ ਕਿ ਆਪਣੇ ਨਾਲ ਵਾਪਰੇ ਦੁਰਵਿਹਾਰ ਨੂੰ ਨਸ਼ਰ ਕਰਨਾ ਹੈ ਜਾਂ ਨਹੀਂ, ਪੀੜਿਤ ਔਰਤਾਂ ਨੂੰ ਨਾ ਕੇਵਲ ਧਾਰਮਕ ਭਾਈਚਾਰੇ ਵਲੋਂ ਸਿੱਟਿਆਂ ਬਾਰੇ ਹੀ ਵਿਚਾਰ ਕਰਨਾ ਪੈਂਦਾ ਹੈ, ਬਲਕਿ ਇਹ ਸੰਭਾਵਨਾ ਵੀ ਹੁੰਦੀ ਹੈ ਕਿ ਰਾਜ ਤੰਤਰ ਵੱਲੋਂ ਮੁਜ਼ਰਿਮ ਦਾ ਪੱਖ ਪੂਰਿਆ ਜਾਵੇਗਾ| ਇਸ ਤੋਂ ਵੀ ਅੱਗੇ, ਧਾਰਮਕ ਮੁਖੀਆਂ ਨੂੰ ਅਕਸਰ “ਦੇਵਤਾ ਸਰੂਪ” ਕਰਕੇ ਪੂਜਿਆ ਜਾਂਦਾ ਹੈ ਅਤੇ ਮੁਜ਼ਰਿਮਾਂ ‘ਤੇ ਦੋਸ਼ ਲੱਗਣੇ ਜਾਂ ਇਥੋਂ ਤੱਕ ਕਿ ਸਜ਼ਾ ਮਿਲਣੀ ਵੀ ਉਨ੍ਹਾਂ ਦੀ ਲੋਕਪ੍ਰਿਅਤਾ ‘ਤੇ ਬਹੁਤ ਘੱਟ ਅਸਰ ਪਾਉਂਦੇ ਹਨ|
ਸੰਖੇਪ ਵਿਚ ਭਾਰਤ ਇਨਸਾਫ ਲੈਣ ਲਈ ਸੰਘਰਸ਼ ਦੀਆਂ ਲੜਾਈਆਂ ਦਾ ਉਨ੍ਹਾਂ ਔਰਤਾਂ ਲਈ ਸਭ ਤੋਂ ਉਪਰ ਦਾ ਸਥਾਨ ਹੈ ਜਿਨ੍ਹਾਂ ਨੂੰ ਤਾਕਤਵਰ ਬੰਦਿਆਂ ਵਲੋਂ ਸ਼ੋਸ਼ਤ ਕੀਤਾ ਜਾਂਦਾ ਹੈ| ਰਾਜਨੀਤਕ ਅਤੇ ਧਾਰਮਕ ਬਲਾਂ ਦੇ ਸੰਗਮ ਦੀ ਸਭ ਤੋਂ ਸੱਜਰੀ ਉਦਾਹਰਣ ਉਤਰ ਪ੍ਰਦੇਸ਼ (ਯੂ. ਪੀ.) ਦੇ ਉਨਾਉ ਸ਼ਹਿਰ ਵਿਖੇ 17 ਸਾਲਾ ਕੁੜੀ ਦਾ ਸਮੂਹਕ ਜਬਰ ਜਨਾਹ ਹੈ|
ਜੂਨ 2017 ਵਿਚ ਪੀੜਿਤ ਕੁੜੀ ਭਾਰਤੀ ਜਨਤਾ ਪਾਰਟੀ ਦੇ ਐਮ. ਐਲ਼ ਏ. ਕੁਲਦੀਪ ਸਿੰਘ ਸੇਂਗਰ ਦੇ ਘਰ ਰੁਜ਼ਗਾਰ ਦੀ ਭਾਲ ਵਿਚ ਗਈ ਸੀ। ਉਸ ਦਾ ਕਹਿਣਾ ਹੈ ਕਿ ਉਸ ਵੇਲੇ ਐਮ. ਐਲ਼ ਏ. ਅਤੇ ਉਸ ਦੇ ਕੁਝ ਸਹਾਇਕਾਂ ਨੇ ਉਸ ਨਾਲ ਜਬਰ ਜਨਾਹ ਕੀਤਾ| ਕੁਝ ਦਿਨ ਬਾਅਦ ਉਸੇ ਵਿਅਕਤੀ, ਜਿਸ ਨੇ ਉਸ ਦੀ ਜਾਣ-ਪਛਾਣ ਸੇਂਗਰ ਨਾਲ ਕਰਾਈ ਸੀ, ਨੇ ਇਕ ਦੂਸਰੇ ਸਮੂਹ ਨਾਲ ਜਾਣ-ਪਛਾਣ ਕਰਾਈ; ਜਿਸ ਨੇ ਉਸ ਨੂੰ ਵੇਚਣ ਤੋਂ ਪਹਿਲਾਂ ਉਸ ਨਾਲ ਸਮੂਹਕ ਜਬਰ ਜਨਾਹ ਕੀਤਾ| ਪੁਲਿਸ ਨੇ ਉਸ (ਪੀੜਿਤ) ਕੁੜੀ ਦਾ ਪਤਾ ਕੱਢ ਲਿਆ, ਉਸ ਨੂੰ ਆਜ਼ਾਦ ਕਰਾਇਆ ਤੇ ਉਸ ਦੇ ਬਿਆਨ ਲਏ, ਲੇਕਿਨ ਮੁੱਢ ਵਿਚ ਹੀ ਉਸ ਨੂੰ ਸੇਂਗਰ ਦਾ ਨਾਂ ਲੈਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ|
ਪਰਿਵਾਰ ਵਲੋਂ ਸੇਂਗਰ ਖਿਲਾਫ ਦੋਸ਼ ਦਰਜ ਕਰਾਉਣ ਦੀ ਕੋਸ਼ਿਸ਼ ਕਰਨ ਉਤੇ ਤਕਰੀਬਨ ਇਕ ਸਾਲ ਬਾਅਦ ਅਪਰੈਲ 2018 ਵਿਚ ਪੁਲਿਸ ਨੇ ਸਿਆਸਤਦਾਨ ਨੂੰ ਨਹੀਂ, ਬਲਕਿ ਪੀੜਿਤ ਕੁੜੀ ਦੇ ਬਾਪ ਨੂੰ ਗ੍ਰਿਫਤਾਰ ਕਰ ਲਿਆ| ਉਸ ਨੂੰ ਜੇਲ੍ਹ ਵਿਚ ਕੁੱਟਿਆ ਗਿਆ| ਦਿਨਾਂ ਬਾਅਦ ਪੀੜਿਤ ਕੁੜੀ ਨੇ ਆਪਣੇ ਆਪ ਨੂੰ ਇਕ ਹਿੰਦੂ ਸਾਧ ਯੋਗੀ ਅਦਿਤਿਆਨਾਥ, ਜੋ ਹੁਣ ਸੂਬੇ ਦਾ ਮੁੱਖ ਮੰਤਰੀ ਹੈ, ਦੇ ਨਿਵਾਸ ਸਥਾਨ ਦੇ ਸਾਹਮਣੇ ਜ਼ਿੰਦਾ ਜਲਾਉਣ ਦੀ ਅਸਫਲ ਕੋਸ਼ਿਸ਼ ਕੀਤੀ| ਇਸ ਤੋਂ ਅਗਲੇ ਦਿਨ ਉਸ ਦੇ ਬਾਪ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ|
ਇਸ ਪੀੜਿਤ ਕੁੜੀ ਨੇ ਮੀਡੀਆ ਨੂੰ ਦੱਸਿਆ, “ਮੇਰੇ ਨਾਲ ਜਬਰ ਜਨਾਹ ਕੀਤਾ ਗਿਆ। ਮੈਂ ਪਿਛਲੇ ਇਕ ਸਾਲ ਤੋਂ ਇਕ ਥਾਂ ਤੋਂ ਦੂਜੀ ਥਾਂ ਧੱਕੇ ਖਾ ਰਹੀ ਹਾਂ ਪ੍ਰੰਤੂ ਕੋਈ ਵੀ ਮੇਰੀ ਗੱਲ ਨਹੀਂ ਸੁਣ ਰਿਹਾ| ਮੈਂ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਹੋਏ ਦੇਖਣਾ ਚਾਹੁੰਦੀ ਹਾਂ, ਨਹੀਂ ਤਾਂ ਮੈਂ ਖੁਦ ਨੂੰ ਖਤਮ ਕਰ ਲਵਾਂਗੀ|” ਉਸ ਦੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਨਾਲ ਉਸ ਦੇ ਕੇਸ ਦੇ ਕੌਮਾਂਤਰੀ ਸੁਰਖੀਆਂ ਵਿਚ ਆਉਣ ਤੋਂ ਬਾਅਦ ਆਖਰਕਾਰ ਸੇਂਗਰ ਅਤੇ ਉਸ ਦੇ ਨਾਲਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪ੍ਰੰਤੂ ਡਰਾਮਾ ਇਥੇ ਹੀ ਖਤਮ ਨਹੀਂ ਹੋਇਆ| ਗ੍ਰਿਫਤਾਰੀਆਂ ਤੋਂ ਬਾਅਦ ਪਰਿਵਾਰ ਪਿੰਡ ਦੇ ਹੀ ਸਾਥੀ ਲੋਕਾਂ ਦੇ ਬਦਲੇ ਦੇ ਭੈਅ ਵਿਚ ਰਹਿਣ ਲੱਗਿਆ| ਪੀੜਿਤ ਦੀ ਮਾਂ ਨੇ ਦੱਸਿਆ, “ਪਿੰਡ ਵਿਚੋਂ ਕੋਈ ਵੀ ਸਾਡੀ ਹਮਾਇਤ ਕਰਨ ਦੀ ਹਿੰਮਤ ਨਹੀਂ ਕਰੇਗਾ| ਕੋਈ ਵੀ ਐਮ. ਐਲ਼ ਏ. ਅਤੇ ਉਸ ਦੇ ਪਰਿਵਾਰ ਦੇ ਖਿਲਾਫ ਆਪਣੀ ਆਵਾਜ਼ ਨਹੀਂ ਉਠਾਏਗਾ| ਪਿੰਡ ਵਿਚ ਉਨ੍ਹਾਂ ਦਾ ਬਹੁਤ ਰਸੂਖ ਹੈ|”
ਇਸ ਦੌਰਾਨ ਉਨਾਉ ਦੇ ਸੈਂਕੜੇ ਵਸਨੀਕਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਸੇਂਗਰ ਦੇ ਬਚਾਉ ਲਈ ਰੈਲੀ ਕੀਤੀ| ਨਗਰ ਪ੍ਰੀਸ਼ਦ ਦੇ ਮੁਖੀ ਅਨੂ ਕੁਮਾਰ ਦੀਕਸ਼ਿਤ ਨੇ ਰੈਲੀ ਦੀ ਅਗਵਾਈ ਕੀਤੀ ਅਤੇ ਕਿਹਾ, “ਐਮ. ਐਲ਼ ਏ. ਨੂੰ ਬਦਨਾਮ ਕਰਨ ਲਈ ਇਹ ਸਿਆਸੀ ਸਾਜ਼ਿਸ਼ ਹੈ। ਉਹ ਬੇਕਸੂਰ ਹੈ ਅਤੇ ਉਸ ਨੂੰ ਝੂਠੇ ਦੋਸ਼ਾਂ ਵਿਚ ਫਸਾਇਆ ਗਿਆ ਹੈ|” ਉਸ ਦੀ ਸਿਆਸੀ ਪਾਰਟੀ ਨੇ ਵੀ ਉਸ ਦੀ ਹਮਾਇਤ ਕੀਤੀ। ਇਕ ਬੁਲਾਰੇ ਨੇ ਬਿਆਨ ਦਿੱਤਾ, “ਸੇਂਗਰ ਨੇ ਬੀ. ਜੇ. ਪੀ. ਦੇ ਸੀਨੀਅਰ ਆਗੂਆਂ ਨੂੰ ਦੱਸਿਆ ਹੈ ਕਿ ਜਬਰ ਜਨਾਹ ਦੇ ਇਲਜ਼ਾਮ ਫਰਜ਼ੀ ਘੜੇ ਗਏ ਸਨ|”
ਅਦਿਤਿਆਨਾਥ, ਜੋ ਗੋਰਖਨਾਥ ਮੱਠ ਦਾ ਮੁੱਖ ਪੁਜਾਰੀ ਵੀ ਹੈ, ਇਸ ਕੇਸ ਵਿਚ ਧਾਰਮਕ ਦ੍ਰਿਸ਼ਟੀਕੋਣ ਦਾ ਪ੍ਰਤੀਨਿਧ ਹੈ| ਉਸ ਨੇ ਉਨਾਉ ਜਬਰ ਜਨਾਹ ਕੇਸ ਨੂੰ ਮਹੀਨਿਆਂ ਤੱਕ ਅਣਗੌਲਿਆਂ ਕਰੀ ਰੱਖਿਆ, ਆਖਰਕਾਰ ਪੀੜਿਤ ਕੁੜੀ ਵਲੋਂ ਆਤਮਦਾਹ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਹ ਕੁਝ ਬੋਲਿਆ| ਉਸ ਨੇ ਵਾਅਦਾ ਕੀਤਾ, “ਅਸੀਂ ਅਪਰਾਧੀਆਂ ਨਾਲ ਸਖਤੀ ਨਾਲ ਨਜਿਠਾਂਗੇ, ਬੇਸ਼ੱਕ ਉਹ ਕਿੰਨੇ ਵੀ ਬਾਰਸੂਖ ਹੋਣ|” ਫਿਰ ਵੀ ਉਸ ਦੀਆਂ ਟਿੱਪਣੀਆਂ ਵਿਚਲੀ ਦੇਰੀ ਅਤੇ ਉਸ ਦੀ ਪਾਰਟੀ ਦੀ ਸਥਿਤੀ ਉਸ ਦੇ ਬਿਆਨ ਦੀ ਸੱਚਾਈ ‘ਤੇ ਕੁਝ ਸ਼ੱਕ ਪ੍ਰਗਟ ਕਰਦੀ ਹੈ, ਜਦਕਿ ਔਰਤਾਂ ਦੇ ਹੱਕਾਂ ਉਤੇ ਉਸ ਦੀ ਜਨਤਕ ਸਥਿਤੀ ਇਨ੍ਹਾਂ ਸ਼ੰਕਿਆਂ ਨੂੰ ਪੂਰੀ ਤਰ੍ਹਾਂ ਸਹੀ ਸਾਬਤ ਕਰਦੀ ਹੈ|
ਅਦਿਤਿਆਨਾਥ ਦੇ ਚੁਣੇ ਜਾਣ ਤੋਂ ਬਾਅਦ ਐਮਨੈਸਟੀ ਇੰਟਰਨੈਸ਼ਨਲ ਨੇ ਅਸਾਧਾਰਨ ਕਦਮ ਚੁਕਿਆ ਅਤੇ ਲੋਕਤੰਤਰਿਕ ਢੰਗ ਨਾਲ ਚੁਣੇ ਹੋਏ ਨੇਤਾ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਬਿਆਨ ਜਾਰੀ ਕੀਤਾ| ਇਹ ਟਿੱਪਣੀ ਕਰਦਿਆਂ ਕਿ ਉਸ ਨੇ “ਨਫਰਤ ਭਰੀ ਬਿਆਨਬਾਜ਼ੀ ਕੀਤੀ ਹੈ।” ਐਮਨੈਸਟੀ ਨੇ ਧਿਆਨ ਦਿਵਾਇਆ ਕਿ “ਉਹ ਬਹੁਤ ਸਾਰੇ ਕੇਸਾਂ ਵਿਚ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਕਤਲ ਕਰਨ ਦੀ ਕੋਸ਼ਿਸ਼, ਅਪਰਾਧਕ ਧਮਕੀ, ਦੰਗੇ ਅਤੇ ਵੱਖ ਵੱਖ ਸਮੂਹਾਂ ਵਿਚ ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣੀ ਅਤੇ ਪੂਜਾ ਦੇ ਸਥਾਨ ਨੂੰ ਗੰਧਲਾ ਕਰਨਾ ਸ਼ਾਮਲ ਹੈ|” ਨਫਰਤ ‘ਤੇ ਰੌਸ਼ਨੀ ਪਾਉਂਦਾ ਇਕ ਭਾਸ਼ਣ ਸੀ, ਜਿਸ ਵਿਚ ਸਾਧੂ ਨੇ ਐਲਾਨ ਕੀਤਾ ਕਿ ਜੇ ਮੁਸਲਮਾਨ “ਇਕ ਹਿੰਦੂ ਕੁੜੀ ਲੈ ਜਾਂਦੇ ਹਨ, ਅਸੀਂ ਸੌ ਮੁਸਲਮਾਨ ਕੁੜੀਆਂ ਲੈ ਜਾਵਾਂਗੇ|” ਇਕ ਹੋਰ ਸਮੇਂ ਉਹ ਆਪਣੇ ਇਕ ਹਮਾਇਤੀ ਨੂੰ ਲੋਕਾਂ ਨੂੰ ਇਹ ਕਹਿੰਦਿਆਂ ਸੁਣ ਰਿਹਾ ਸੀ ਕਿ ਮੁਸਲਮਾਨ ਔਰਤਾਂ ਦੀਆਂ ਕਬਰਾਂ ਪੁੱਟੋ ਅਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨਾਲ ਜਬਰ ਜਨਾਹ ਕਰੋ|
ਇਸ ਤੋਂ ਵੀ ਅੱਗੇ, ਆਪਣੀ ਨਿੱਜੀ ਵੈਬਸਾਈਟ ‘ਤੇ ਪਾਏ ਲੇਖ ਵਿਚ ਉਸ ਨੇ ਔਰਤਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਦੱਸਦਿਆਂ ਜੋ.ਰ ਦਿੱਤਾ ਹੈ ਕਿ ਔਰਤਾਂ ਨੂੰ ਮਰਦਾਂ ਦੇ ਅਧੀਨ ਰਹਿਣਾ ਅਤੇ ਜਨਮ ਤੋਂ ਲੈ ਕੇ ਮੌਤ ਤੱਕ ਉਨ੍ਹਾਂ ਦੇ ਅਧਿਕਾਰ ਵਿਚ ਬੰਨ੍ਹੀਆਂ ਹੋਣਾ ਚਾਹੀਦਾ ਹੈ| ਉਸ ਨੇ ਦਲੀਲ ਦਿੱਤੀ, “ਖੁੱਲ੍ਹੀ ਛੱਡੀ ਹੋਈ ਊਰਜਾ ਜਾਇਆ ਜਾ ਸਕਦੀ ਹੈ| ਔਰਤ ਨੂੰ ਆਜ਼ਾਦੀ ਦੀ ਜ਼ਰੂਰਤ ਨਹੀਂ ਹੈ, ਪ੍ਰੰਤੂ ਸੁਰੱਖਿਆ ਦੀ ਜ਼ਰੂਰਤ ਹੈ|” ਲਿੰਗ ਦੀ ਪ੍ਰਕਿਰਤੀ ਉਤੇ ਆਪਣੇ ਵਿਚਾਰਾਂ ਨੂੰ ਵਿਸਤਾਰ ਦਿੰਦਿਆਂ ਉਸ ਨੇ ਦਾਅਵਾ ਕੀਤਾ ਕਿ ਮਰਦ ਜਿਹੜੇ ‘ਔਰਤਾਂ ਦੇ ਲੱਛਣ’ ਅਰਜਿਤ ਕਰ ਲੈਂਦੇ ਹਨ, ‘ਅਧਿਕ ਧਰਮੀ’ ਹੋ ਜਾਂਦੇ ਹਨ ਪ੍ਰੰਤੂ “ਜੇ ਔਰਤਾਂ ਮਰਦਊਪਣਾ ਅਪਨਾ ਲੈਣ, ਉਹ ਦੈਂਤਾਂ ਵਿਚ ਤਬਦੀਲ ਹੋ ਜਾਂਦੀਆਂ ਹਨ|”
ਉਨਾਉ ਜਬਰ ਜਨਾਹ ਕੇਸ ਦੇ ਪ੍ਰਤੀਕਰਮ ਉਨ੍ਹਾਂ ਹੋਰ ਵੀ ਜ਼ਿਆਦਾ ਘਿਨਾਉਣੇ ਜੰਗਲੀ ਸਮੂਹਕ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਪ੍ਰਤੀਬਿੰਬਤ ਕਰਦੇ ਹਨ, ਜਿਨ੍ਹਾਂ ਵਿਚੋਂ ਇਕ ਉਤਰ-ਪੱਛਮੀ ਭਾਰਤ ਵਿਚ ਵਾਪਰਿਆ| ਇਸ ਕੇਸ ਵਿਚ ਜਬਰ ਜਨਾਹ ਨਾ ਕੇਵਲ ਇਕ ਅਧਿਆਤਮਕ ਬਾਬੇ ਵਲੋਂ ਕੀਤਾ ਗਿਆ ਬਲਕਿ ਇਕ ਧਾਰਮਕ ਸਥਾਨ ‘ਤੇ ਕੀਤਾ ਗਿਆ|
ਜਨਵਰੀ 2018 ਵਿਚ ਇਕ ਟੱਪਰੀਵਾਸ ਮੁਸਲਿਮ ਭਾਈਚਾਰੇ ਦੀ ਅੱਠ ਸਾਲਾ ਕੁੜੀ ਜੰਮੂ ਕਸ਼ਮੀਰ ਵਿਚਲੇ ਕਠੂਆ ਵਿਖੇ ਆਪਣੇ ਪਰਿਵਾਰ ਦੇ ਘੋੜਿਆਂ ਨੂੰ ਚਰਾਂਦਾਂ ਵਿਚ ਲੈ ਕੇ ਗਈ| ਘੰਟਿਆਂ ਬਾਅਦ ਉਸ ਦੇ ਘੋੜੇ ਉਸ ਕੁੜੀ ਤੋਂ ਬਗੈਰ ਹੀ ਘਰ ਨੂੰ ਵਾਪਸ ਮੁੜ ਆਏ| ਇਕ ਹਫਤੇ ਬਾਅਦ ਉਸ ਦੀ ਲਾਸ਼ ਖੇਤ ਵਿਚੋਂ ਮਿਲੀ| ਅਸਲ ਵਿਚ ਉਸ ਨੂੰ ਪਹਿਲਾਂ ਨਸ਼ਾ ਪਿਲਾਇਆ ਗਿਆ, ਫਿਰ ਉਸ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ ਅਤੇ ਉਸ ਦੇ ਦੁਪੱਟੇ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ|
ਜਿਵੇਂ ਜਿਵੇਂ ਤਫਤੀਸ਼ ਦੀਆਂ ਤਹਿਆਂ ਖੁੱਲ੍ਹੀਆਂ, ਪੁਲਿਸ ਨੇ ਖੋਜ ਕੀਤੀ ਕਿ ਬੱਚੀ ਨੂੰ, ‘ਆਮ ਲੋਕਾਂ ਲਈ ਬੰਦ ਕੀਤੇ ਹੋਏ’ ਪਰਿਵਾਰ ਦੀ ਮਲਕੀਅਤ ਵਾਲੇ ਮੰਦਿਰ ਵਿਚ ਲਿਜਾਇਆ ਗਿਆ ਅਤੇ ਕਈ ਦਿਨਾਂ ਤੱਕ ਉਸ ਨਾਲ ਜਬਰ ਜਨਾਹ ਕੀਤਾ ਗਿਆ| ਮੰਦਿਰ ਦੇ ਪੁਜਾਰੀ ਅਤੇ ਮਾਲਕ ਸਾਂਝੀ ਰਾਮ ਉਤੇ ਟੱਪਰੀਵਾਸ ਭਾਈਚਾਰੇ ਨੂੰ ਡਰਾ ਕੇ ਭਜਾਉਣ ਦੀ ਚਾਲ ਚੱਲਣ ਦਾ ਦੋਸ਼ ਲੱਗਾ| ਸਾਂਝੀ ਰਾਮ ਦਾ ਪੁੱਤ, ਭਤੀਜਾ ਅਤੇ ਚਾਰ ਪੁਲਿਸ ਅਫਸਰਾਂ ਸਮੇਤ ਸਾਰਿਆਂ ‘ਤੇ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ| ਦੋਸ਼ੀ ਪੁਲਿਸ ਅਫਸਰਾਂ ਵਿਚੋਂ ਇਕ ਦੀਪਕ ਖਜੂਰੀਆ ਨੇ ਕਤਲ ਦੀ ਨਿਗਰਾਨੀ ਕੀਤੀ| ਬੱਚੀ ਨੂੰ ਕਤਲ ਕਰਨ ਤੋਂ ਪਹਿਲਾਂ ਉਸ ਨੇ ਇਕ ਵਾਰ ਆਖਰੀ ਵਾਰੀ ਉਸ ਨਾਲ ਜਬਰ ਜਨਾਹ ਕਰਨ ‘ਤੇ ਜੋ.ਰ ਦਿੱਤਾ|
ਫਰਵਰੀ ਵਿਚ ਹਾਲਤ ਹੋਰ ਵੀ ਘਿਨਾਉਣੀ ਹੋ ਗਈ ਜਦੋਂ ‘ਹਿੰਦੂ ਏਕਤਾ ਮੰਚ’ ਨਾਮ ਦੇ ਗਰੁਪ ਨੇ ਮੁਜ਼ਰਿਮਾਂ ਦੇ ਬਚਾਉ ਲਈ ਰੈਲੀ ਕੀਤੀ| ਮੰਚ ਦਾ ਆਗੂ ਵਿਜੇ ਸ਼ਰਮਾ ਬੀ. ਜੇ. ਪੀ. ਦਾ ਸੂਬਾ ਸਕੱਤਰ ਵੀ ਹੈ| ਰੈਲੀ ਮੌਕੇ ਉਸ ਨੇ ਦਲੀਲ ਦਿੱਤੀ ਕਿ ਬਲਾਤਕਾਰੀਆਂ ਦੇ ਖਿਲਾਫ ਦੋਸ਼ “ਸਾਨੂੰ ਤਬਾਹ ਕਰਨ” ਦੇ ਇਰਾਦੇ ਨਾਲ ਲਾਏ ਗਏ ਹਨ| ਸਾਰੇ ਮਾਮਲੇ ਨੂੰ ਹਿੰਦੂਆਂ ‘ਤੇ ਹਮਲਾ ਕਰਾਰ ਦਿੰਦਿਆਂ ਉਸ ਨੇ ਐਲਾਨ ਕੀਤਾ, “ਉਨ੍ਹਾਂ ਨੇ ਸਾਡੇ ਖਿਲਾਫ ਸਾਜ਼ਿਸ਼ ਰਚੀ ਹੈ|” ਪੁਲਿਸ ਅਫਸਰ ਖਜੂਰੀਆ ਦਾ ਹਵਾਲਾ ਦਿੰਦਿਆਂ ਸ਼ਰਮਾ ਨੇ ਦਾਅਵਾ ਕੀਤਾ, “ਉਸ ਨੂੰ ਝੂਠਾ ਫਸਾਇਆ ਗਿਆ ਹੈ|”
ਵਿਜੇ ਸ਼ਰਮਾ ਦੇ ਕਹਿਣ ਅਨੁਸਾਰ “5000 ਤੋਂ ਵੀ ਜ਼ਿਆਦਾ ਲੋਕਾਂ ਨੇ ਰੈਲੀ ਵਿਚ ਹਿੱਸਾ ਲਿਆ|” ਉਨ੍ਹਾਂ ਵਿਚ ਬੀ. ਜੇ. ਪੀ ਦੇ ਸੂਬਾਈ ਮੰਤਰੀ ਚੌਧਰੀ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਸ਼ਾਮਲ ਸਨ| ਆਉਣ ਵਾਲੇ ਹਫਤਿਆਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੀ ਕੌਮਾਂਤਰੀ ਖਬਰ ਬਣ ਜਾਣ ਦੇ ਫਲਸਰੂਪ ਪੈਦਾ ਹੋਏ ਰੋਹ ਨੇ ਉਨ੍ਹਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕਰ ਦਿੱਤਾ| ਜਿਵੇਂ ਹੀ ਉਸ ਨੇ ਅਸਤੀਫਾ ਦਿੱਤਾ, ਗੰਗਾ ਨੇ ਸਪੱਸ਼ਟ ਕੀਤਾ, “ਅਸੀਂ ਉਥੇ ਪਾਰਟੀ ਦੀ ਹਦਾਇਤ ‘ਤੇ ਗਏ ਸੀ|”
ਬੱਚੀ ਲਈ ਨਿਆਂ ਦੀ ਮੰਗ ਕਰਨੀ ਵੀ ਖਤਰਨਾਕ ਉਪਰਾਲਾ ਸੀ| ਅਪਰੈਲ ਵਿਚ ਪੀੜਤ ਕੁੜੀ ਦੇ ਪਰਿਵਾਰ ਦੀ ਅਟਾਰਨੀ ਦੀਪਿਕਾ ਰਾਜਵਤ ਨੇ ਲਗਾਤਾਰ ਮਿਲ ਰਹੀਆਂ ਜਬਰ ਜਨਾਹ ਅਤੇ ਕਤਲ ਦੀਆਂ ਧਮਕੀਆਂ ਬਾਰੇ ਸੂਚਿਤ ਕੀਤਾ| ਉਸ ਨੇ ਦੱਸਿਆ, “ਮੈਂ ਕੁਝ ਨਹੀਂ ਜਾਣਦੀ ਕਿ ਮੈਂ ਕਦੋਂ ਤੱਕ ਜ਼ਿੰਦਾ ਰਹਾਂਗੀ। ਮੇਰੇ ਨਾਲ ਵੀ ਜਬਰ ਜਨਾਹ ਹੋ ਸਕਦਾ ਹੈ, ਮੇਰਾ ਕਤਲ ਵੀ ਹੋ ਸਕਦਾ ਹੈ|” ਉਸ ਨੇ ਦੱਸਿਆ ਕਿ ਉਸ ਦੇ ਸਾਥੀ ਵਕੀਲ ਇਸ ਕੇਸ ਨੂੰ ਛੱਡ ਦੇਣ ਲਈ ਉਸ ‘ਤੇ ਦਬਾਅ ਪਾ ਰਹੇ ਹਨ| ਉਨ੍ਹਾਂ ਨੇ ਕੇਵਲ ਰਾਜਵਤ ‘ਤੇ ਦਬਾਅ ਹੀ ਨਹੀਂ ਪਾਇਆ, ਬਲਕਿ ਜਦੋਂ ਉਹ ਪੁਲਿਸ ਮੈਜਿਸਟਰੇਟ ਦੇ ਦਫਤਰ ਵਿਚ ਮੁਜ਼ਰਿਮਾਂ ਦੇ ਖਿਲਾਫ ਦੋਸ਼ ਦਾਖਲ ਕਰਾਉਣ ਗਏ, ਤਾਂ ਵਕੀਲਾਂ ਦੀ ਭੀੜ ਨੇ ਉਨ੍ਹਾਂ ਦਾ ਦਾਖਲਾ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ|
ਸਮਾਂ ਦਸੇਗਾ ਕਿ ਕਠੂਆ ਵਿਚ ਪੁਜਾਰੀ ਨਾਲ, ਉਨਾਉ ਵਿਚ ਸਿਆਸਤਦਾਨਾਂ ਨਾਲ, ਜਾਂ ਕੇਰਲ ਵਿਚ ਬਿਸ਼ਪ ਨਾਲ ਕੀ ਵਾਪਰਦਾ ਹੈ| ਫਿਰ ਵੀ ਪਿਛਲੇ ਸਾਲ ਦੀਆਂ ਇਹ ਤਿੰਨ ਘਟਨਾਵਾਂ-ਦੱਖਣ, ਕੇਂਦਰ, ਤੇ ਭਾਰਤ ਦੇ ਉਤਰ ਵਿਚ, ਭਾਰਤ ਵਿਚ ਔਰਤਾਂ ਪ੍ਰਤੀ ਵਤੀਰੇ ਦੀਆਂ ਘੱਟੋ ਘੱਟ ਤਿੰਨ ਚੀਜ਼ਾਂ ਨੂੰ ਜਾਹਰ ਕਰਦੀਆਂ ਹਨ| ਪਹਿਲੀ, ਸਰੀਰਕ ਸ਼ੋਸ਼ਣ ਦੇ ਬਹੁਤੇ ਕੇਸਾਂ ਵਿਚ ਧਰਮ ਅਤੇ ਸਿਆਸਤ ਦੋਹਰੇ ਤੱਤ ਸ਼ਾਮਲ ਹਨ| ਦੂਸਰਾ, ਇਨਸਾਫ ਪ੍ਰਾਪਤ ਕਰਨਾ ਔਖਾ ਕੰਮ ਹੋ ਸਕਦਾ ਹੈ| ਤੀਸਰਾ, ਇਹ ਸਾਰੇ ਦੇਸ਼ ਦੀ ਸੱਚਾਈ ਹੈ|
(ਚਲਦਾ)