ਪੜ੍ਹੇ-ਲਿਖੇ ਨੌਜਵਾਨ ਕਸ਼ਮੀਰੀ ਕਿਉਂ ਬਣ ਰਹੇ ਹਨ ਖਾੜਕੂ?

ਜ਼ਹੀਨ ਬੁੱਧੀਜੀਵੀ ਤੋਂ ਖਾੜਕੂ ਬਣੇ ਮਨਨ ਵਾਨੀ ਦੇ ਮੁਕਾਬਲੇ ਵਿਚ ਮਾਰੇ ਜਾਣ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਕਿ ਆਖਿਰ ਕਸ਼ਮੀਰ ਦੇ ਐਨੇ ਪੜ੍ਹੇ-ਲਿਖੇ ਨੌਜਵਾਨ ਇਸ ਰਾਹ ਉਪਰ ਚੱਲਣ ਦਾ ਜੋਖਮ ਜਾਣਦੇ ਹੋਏ ਵੀ ਭਵਿੱਖ ਨੂੰ ਲੱਤ ਮਾਰ ਕੇ ਬੰਦੂਕ ਕਿਉਂ ਚੁੱਕ ਰਹੇ ਹਨ? ਖਾੜਕੂ ਲਹਿਰ ਵਿਚ ਪੜ੍ਹੇ-ਲਿਖੇ ਨੌਜਵਾਨਾਂ ਦੀ ਆਮਦ ਤੋਂ ਭੈਭੀਤ ਹੁਕਮਰਾਨਾਂ ਵਲੋਂ ਹਿੰਦੁਸਤਾਨ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਸਾਰੇ ਹੀ ਕਸ਼ਮੀਰੀ ਵਿਦਿਆਰਥੀਆਂ ਨੂੰ ਸੰਭਾਵੀ ਖਾੜਕੂ ਮੰਨ ਕੇ ਉਨ੍ਹਾਂ ਦੀਆਂ ਸੂਚੀਆਂ ਬਣਾਉਣ ਦੇ ਫਰਮਾਨ ਜਾਰੀ ਕੀਤੇ ਗਏ ਹਨ।

ਪੰਜਾਬ ਵਿਚ ਵੀ ਐਸੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਕਸ਼ਮੀਰ ਦੇ ਸੰਜੀਦਾ ਪੱਤਰਕਾਰ ਇਸ਼ਫਾਕ ਜਮਾਲ ਨੇ ਆਪਣੇ ਇਸ ਲੇਖ ਵਿਚ ਕਸ਼ਮੀਰੀ ਮਨ ਦੀਆਂ ਪਰਤਾਂ ਨੂੰ ਫਰੋਲਿਆ ਹੈ, ਜੋ ਗਰੇਟਰ ਕਸ਼ਮੀਰ, ਰਾਈਜ਼ਿੰਗ ਕਸ਼ਮੀਰ ਅਤੇ ਕਸ਼ਮੀਰ ਤੋਂ ਛਪਦੇ ਹੋਰ ਰੋਜ਼ਾਨਾ ਅਖਬਾਰਾਂ ਦੇ ਕਾਲਮਨਵੀਸ ਹਨ। ਇਸ ਦਾ ਪੰਜਾਬੀ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਇਸ਼ਫਾਕ ਜਮਾਲ
ਅਨੁਵਾਦ: ਬੂਟਾ ਸਿੰਘ

ਸਵੇਰੇ ਜਾਗ ਖੁੱਲ੍ਹਦਿਆਂ ਹੀ ਮਨਨ ਵਾਨੀ ਦੇ ਮੁਕਾਬਲੇ ਵਿਚ ਘਿਰੇ ਹੋਣ ਦੀ ਖਬਰ ਸੁਣ ਕੇ ਕਸ਼ਮੀਰ ਵਿਚ ਕਿਸੇ ਲਈ ਵੀ ਸਹਿਜ ਰਹਿਣਾ ਸੰਭਵ ਨਹੀਂ ਸੀ। ਇਸ ਤੋਂ ਬਾਅਦ ਬਹੁਤ ਉਥਲ-ਪੁਥਲ ਮਚੀ, ਖਾਸ ਕਰਕੇ ਸੋਸ਼ਲ ਮੀਡੀਆ ਉਪਰ। ਕੁਝ ਇਸ ਨੂੰ ਝੂਠੀ ਖਬਰ ਕਹਿ ਰਹੇ ਸਨ, ਬਾਕੀ ਦੇ ਇਹ ਜਾਣੇ ਬਗ਼ੈਰ ਉਸ ਦੇ ਘੇਰੇ ਵਿਚੋਂ ਬਚ ਨਿਕਲਣ ਦਾ ਜਸ਼ਨ ਮਨਾ ਰਹੇ ਸਨ ਕਿ ਇਹ ਤਾਂ ਦਰਅਸਲ ਸੁਰੱਖਿਆ ਏਜੰਸੀਆਂ ਦਾ ਲੋਕ ਰੋਹ ਦੇ ਇਕਦਮ ਫੁਟਾਰੇ ਨੂੰ ਰੋਕਣ ਦੀ ਨਵੀਂ ਜੁਗਤ ਹੈ, ਜਿਵੇਂ ਬੁਰਹਾਨ ਵਾਨੀ ਦੇ ਮਾਮਲੇ ਵਿਚ ਵਾਪਰਿਆ ਸੀ। ਸੁਰੱਖਿਆ ਏਜੰਸੀਆਂ ਨੇ ਮਨਨ ਦੇ ਜ਼ਿੰਦਾ ਹੋਣ ਜਾਂ ਮਾਰੇ ਜਾਣ ਬਾਰੇ ਜਾਣ-ਬੁੱਝ ਕੇ ਘਚੋਲਾ ਖੜ੍ਹਾ ਕੀਤਾ ਅਤੇ ਉਹ ਇਕਦਮ ਹੋਣ ਵਾਲੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਵਿਚ ਕਾਮਯਾਬ ਹੋ ਗਏ।
ਚੀਜ਼ਾਂ ਉਭਰ ਰਹੀਆਂ ਹਨ, ਸੁਰੱਖਿਆ ਏਜੰਸੀਆਂ ਨੇ ਰੋਸ ਮੁਜ਼ਾਹਰਿਆਂ ਅਤੇ ਮੁਕਾਬਲਿਆਂ ਤੋਂ ਪਹਿਲਾਂ ਅਤੇ ਪਿਛੋਂ ਦੇ ਮੰਜ਼ਰ ਨਾਲ ਨਜਿੱਠਣ ਦੀਆਂ ਨਵੀਆਂ ਜੁਗਤਾਂ ਸਿੱਖ ਲਈਆਂ ਹਨ। ਨਵੀਂ ਤਕਨਾਲੋਜੀ, ਨਵੀਆਂ ਰਣਨੀਤੀਆਂ, ਰੋਹ ਉਪਰ ਠੰਢਾ ਛਿੜਕਣ ਦੀਆਂ ਜੁਗਤਾਂ ਅਤੇ ਇੰਤਜ਼ਾਮੀਆ ਕਦਮਾਂ ਨਾਲ ਸੁਰੱਖਿਆ ਏਜੰਸੀਆਂ ਦਾ ਕੰਮ ਹੋਰ ਸੌਖਾ ਹੋ ਗਿਆ ਹੈ; ਲੇਕਿਨ ਇਕ ਚੀਜ਼ ਨਹੀਂ ਬਦਲੀ, ਆਮ ਕਸ਼ਮੀਰੀਆਂ ਦਾ ਸੰਤਾਪ।
ਅਸੀਂ 90ਵਿਆਂ 'ਚ ਵੀ ਭੇਡਾਂ ਵਾਂਗ ਮਰਦੇ ਰਹੇ ਅਤੇ ਅਸੀਂ ਅੱਜ ਵੀ ਉਸੇ ਤਰ੍ਹਾਂ ਮਰ ਰਹੇ ਹਾਂ। ਕੋਈ ਨੋਟਿਸ ਨਹੀਂ ਲਿਆ ਜਾਂਦਾ, ਕਿਤੇ ਸੁਣਵਾਈ ਨਹੀਂ ਅਤੇ ਜਾਨਾਂ ਦਾ ਕੋਈ ਮੁੱਲ ਨਹੀਂ।
ਮਨਨ ਦੀ ਮੌਤ ਨਾਲ ਪੂਰੇ ਕਸ਼ਮੀਰ ਵਿਚ ਵਿਆਪਕ ਬਹਿਸ ਛਿੜ ਗਈ। ਕੁਝ ਉਸ ਦੇ ਬੰਦੂਕ ਅਤੇ ਕਲਮ ਨੂੰ ਰਲ਼ਗੱਡ ਕਰਨ ਦੇ ਫੈਸਲੇ ਉਪਰ ਸਵਾਲ ਉਠਾ ਰਹੇ ਹਨ, ਅਤੇ ਕੁਝ ਉਸ ਨੂੰ ਟਾਕਰੇ ਦੇ ਚਿੰਨ੍ਹ ਵਜੋਂ ਪੂਜ ਰਹੇ ਹਨ, ਜਦਕਿ ਜ਼ਿਆਦਾਤਰ ਇਸ ਗੱਲ ਨਾਲ ਸਹਿਮਤ ਹਨ ਕਿ ਅਜੋਕੇ ਹਾਲਾਤ ਵਿਚ ਉਸ ਅੱਗੇ ਬੰਦੂਕ ਚੁੱਕਣ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਸੀ।
ਮੈਂ ਮਨਨ ਨੂੰ ਏ.ਐਮ.ਯੂ. (ਅਲੀਗੜ੍ਹ ਮੁਸਲਿਮ ਯੂਨੀਵਰਸਿਟੀ) ਦੇ ਵਿਦਿਆਰਥੀ ਦਿਨਾਂ ਤੋਂ ਜਾਣਦਾ ਸੀ। ਅਸੀਂ ਫੇਸਬੁੱਕ ਉਪਰ ਦੋਸਤ ਸੀ ਅਤੇ ਮੈਂ ਉਸ ਦੀ ਸਿਆਸੀ ਸੂਝ-ਬੂਝ ਨੂੰ ਦੇਖ ਅਤੇ ਮਹਿਸੂਸ ਕਰ ਸਕਦਾ ਸੀ। ਫੇਸਬੁੱਕ ਉਪਰ ਉਹ ਵੱਖੋ-ਵੱਖਰੇ ਮੁੱਦਿਆਂ ਉਪਰ ਚਰਚਾ ਕਰਦਾ, ਸਾਡਾ ਵਿਚਾਰਾਂ ਦਾ ਥੋੜ੍ਹਾ ਆਦਾਨ-ਪ੍ਰਦਾਨ ਵੀ ਹੋਇਆ, ਅਤੇ ਇਹ ਉਸ ਦੀ ਵਿਦਿਆਰਥੀ ਸਰਗਰਮੀ ਸੀ ਜੋ ਮੈਨੂੰ ਸਭ ਤੋਂ ਵੱਧ ਪਸੰਦ ਸੀ।
ਸਾਲ ਗੁਜ਼ਰਦੇ ਗਏ ਅਤੇ ਮੈਂ ਉਸ ਨੂੰ ਵਿਕਸਤ ਹੁੰਦਿਆਂ, ਬਲਾਗ ਲਿਖਦਿਆਂ ਅਤੇ ਕਾਨਫਰੰਸਾਂ ਵਿਖੇ ਇਨਾਮ ਜਿੱਤਦੇ ਨੂੰ ਦੇਖਦਾ ਰਿਹਾ। ਮੈਂ ਉਸ ਤਰ੍ਹਾਂ ਦੇ ਯਤਨਾਂ ਨੂੰ ਮਹਿਸੂਸ ਕਰ ਸਕਦਾ ਸੀ ਜੋ ਉਸ ਨੂੰ ਪੀਐਚ.ਡੀ. ਡਿਗਰੀ ਲਈ ਬਿਹਤਰੀਨ ਸੰਸਥਾ ਵਿਚ ਜਾਣ ਲਈ ਕਰਨੇ ਪਏ, ਕਿਉਂਕਿ ਮੈਂ ਉਸੇ ਜ਼ਿਲ੍ਹੇ ਤੋਂ ਹਾਂ ਜਿਸ ਨਾਲ ਉਹ ਸਬੰਧਤ ਸੀ ਅਤੇ ਸਾਡਾ ਦੋਨਾਂ ਦਾ ਬਚਪਨ ਲੜਾਈ ਦੇ ਮਾਹੌਲ ਵਿਚ ਗੁਜ਼ਰਿਆ ਸੀ।
ਕੁਪਵਾੜਾ ਕਸ਼ਮੀਰ ਦੇ ਸਭ ਤੋਂ ਵਧੇਰੇ ਫੋਜੀਕਰਨ ਵਾਲੇ ਜ਼ਿਲ੍ਹਿਆਂ ਵਿਚੋਂ ਇਕ ਹੈ। ਆਰਥਿਕ ਅਤੇ ਸਿੱਖਿਆ ਦੇ ਪੱਖ ਤੋਂ ਲਤਾੜੇ ਹੋਏ ਇਸ ਜ਼ਿਲ੍ਹੇ ਨੂੰ ਚੱਲ ਰਹੀ ਲੜਾਈ ਦੀ ਮਾਰ ਝੱਲਣੀ ਪੈ ਰਹੀ ਹੈ। ਲੜਾਈ ਦੇ ਕੁਝ ਸਭ ਤੋਂ ਘਿਨਾਉਣੇ ਖੌਫਨਾਕ ਕਾਂਡ ਇਸੇ ਜ਼ਿਲ੍ਹੇ ਨੇ ਤੱਕੇ ਹਨ। ਜੇ ਤੁਸੀਂ ਕੁਪਵਾੜਾ ਤੋਂ ਹੋ ਤਾਂ ਤੁਹਾਡੇ ਲਈ ਪੜ੍ਹਾਈ ਵਿਚ ਅੱਗੇ ਵਧ ਸਕਣਾ ਕਦੇ ਵੀ ਸੌਖਾ ਨਹੀਂ।
ਮਨਨ ਇਸ ਜ਼ਿਲ੍ਹੇ ਦੇ ਉਨ੍ਹਾਂ ਵਿਰਲੇ ਨੌਜਵਾਨਾਂ ਵਿਚੋਂ ਸੀ ਜੋ ਆਪਣੀ ਸਖਤ ਮਿਹਨਤ ਨਾਲ ਵਧੀਆ ਸੰਸਥਾਵਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਕਾਮਯਾਬ ਹੋਏ। ਉਹ ਉਸ ਇਲਾਕੇ ਤੋਂ ਸੀ ਜਿਸ ਨੇ ਮੁਸਲਿਮ ਜਗਤ ਦੇ 20ਵੀਂ ਸਦੀ ਦੇ ਮਸ਼ਹੂਰ ਧਰਮ ਗਿਆਤਾ ਅਲਾਮਾ ਅਨਵਰ ਸ਼ਾਹ ਕਸ਼ਮੀਰੀ ਪੈਦਾ ਕੀਤਾ, ਇਕ ਵਿਦਵਾਨ ਹਸਤੀ ਜੋ ਆਪਣੀਆਂ ਰਚਨਾਵਾਂ ਲਈ ਕੁਲ ਆਲਮ ਵਿਚ ਜਾਣੀ ਜਾਂਦੀ ਹੈ। ਤੇ ਪਹਿਲਾ ਕਸ਼ਮੀਰੀ ਆਈ.ਏ.ਐਸ਼ ਟਾਪਰ ਸ਼ਾਹ ਫੈਜ਼ਲ ਵੀ ਉਸ ਦੇ ਗੁਆਂਢੀ ਪਿੰਡ ਤੋਂ ਹੈ ਜੋ ਕਸ਼ਮੀਰ ਦੀ ਲਗਭਗ ਇਕ ਪੁਸ਼ਤ ਲਈ ਪ੍ਰੇਰਨਾ ਬਣਿਆ।
ਲਿਹਾਜ਼ਾ ਕੋਈ ਪੁੱਛ ਹੀ ਸਕਦਾ ਹੈ ਕਿ ਵਿਦਵਾਨ ਅਨਵਰ ਸ਼ਾਹ, ਪੁਰਅਮਨ ਇਨਕਲਾਬੀ ਅਸ਼ਰਫ ਸਹਿਰਾਏ ਜਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸ਼ਾਹ ਫੈਜ਼ਲ ਦਾ ਰਾਹ ਚੁਣਨ ਲਈ ਮਨਨ ਕਿਉਂ ਪ੍ਰੇਰਤ ਨਹੀਂ ਹੋਇਆ। ਉਸ ਨੇ ਬੰਦੂਕ ਚੁੱਕਣ ਅਤੇ ਚੜ੍ਹਦੀ ਉਮਰੇ ਮਰਨ ਦਾ ਰਾਹ ਕਿਉਂ ਚੁਣਿਆ?
ਅਰਾਮਦਾਇਕ ਕਮਰਿਆਂ ਵਿਚ ਬੈਠੇ ਸਿਆਸੀ ਵਿਸ਼ਲੇਸ਼ਣਕਾਰ, ਥਿੰਕ ਟੈਂਕ ਜਾਂ ਅਰਾਮ ਕੁਰਸੀਆਂ ਵਾਲੇ ਪੱਤਰਕਾਰ ਵੱਖੋ-ਵੱਖਰੇ ਸਿਧਾਂਤ ਪੇਸ਼ ਕਰ ਸਕਦੇ ਹਨ ਜੋ ਉਸ ਦੇ ਬੰਦੂਕ ਚੁੱਕਣ ਲਈ ਜ਼ਿੰਮੇਵਾਰ ਹੋਣਗੇ। ਲੇਕਿਨ ਕਸ਼ਮੀਰ ਦੇ ਕਿਸੇ ਬਾਸ਼ਿੰਦੇ ਲਈ, ਖਾਸ ਕਰਕੇ ਮਨਨ ਵਰਗੀ ਨੱਬੇਵਿਆਂ ਦੀ ਪੀੜ੍ਹੀ ਲਈ, ਉਸ ਦਾ ਬੰਦੂਕ ਚੁੱਕਣ ਦਾ ਫੈਸਲਾ ਬਹੁਤਿਆਂ ਲਈ ਹੈਰਤਅੰਗੇਜ਼ ਨਹੀਂ ਹੋਵੇਗਾ।
ਬੀਤੇ ਵਿਚ ਵੀ, ਸਰਦੇ-ਪੁੱਜਦੇ ਘਰਾਂ ਦੇ ਕਈ ਉਚ ਤਾਲੀਮਯਾਫਤਾ ਨੌਜਵਾਨ ਹਥਿਆਰਬੰਦ ਖਾੜਕੂਵਾਦ ਵਿਚ ਸ਼ਾਮਲ ਹੁੰਦੇ ਰਹੇ ਹਨ ਅਤੇ ਬਹੁਤ ਸਾਰੇ ਅੱਜ ਵੀ ਹੋ ਰਹੇ ਹਨ। ਕਸ਼ਮੀਰ ਵਿਚ ਚਾਰ-ਚੁਫੇਰੇ ਹਨੇਰਾ ਹੈ। 1947 ਤੋਂ ਲੈ ਕੇ ਨਵੀਂ ਦਿੱਲੀ ਵਲੋਂ ਕਸ਼ਮੀਰ ਮਸਲੇ ਨਾਲ ਜਿਵੇਂ ਨਜਿਠਿਆ ਗਿਆ ਅਤੇ ਅੱਜ ਵੀ ਨਜਿਠਿਆ ਜਾ ਰਿਹਾ ਹੈ, ਉਹ ਕਿਸੇ ਲਈ ਵੀ ਇਸ ਪ੍ਰਬੰਧ ਤੋਂ ਉਕਤਾ ਜਾਣ ਲਈ ਕਾਫੀ ਹੈ।
ਕਸ਼ਮੀਰ ਵਿਚਲੇ ਦਿੱਲੀ ਦੇ ਚਹੇਤੇ ਮੁੱਖਧਾਰਾ ਆਗੂਆਂ ਤੋਂ ਲੈ ਕੇ, ਜਿਹਨਾਂ ਨੇ ਆਪਣੇ ਕਾਰਿਆਂ ਨਾਲ ਕਸ਼ਮੀਰ ਵਿਚ ਦਿੱਲੀ ਦਾ ਅਕਸ ਹੀ ਵਿਗਾੜਿਆ ਹੈ, ਇਸ ਦੀਆਂ ਘੋਰ 'ਤਾਕਤਵਰ' ਨੀਤੀਆਂ ਤਕ, ਕਸ਼ਮੀਰ ਦੇ ਆਵਾਮ ਨੂੰ ਕਿਵੇਂ ਨਾ ਕਿਵੇਂ ਇਹ ਗੱਲ ਜਚ ਗਈ ਹੈ ਕਿ ਹਿੰਦੁਸਤਾਨ ਦੀ ਹਕੂਮਤ ਉਨ੍ਹਾਂ ਦੀ ਗੱਲ ਨਹੀਂ ਸੁਣੇਗੀ। ਹੱਤਿਆਵਾਂ, ਕਰਫਿਊ ਤੇ ਹੜਤਾਲਾਂ, ਤੇ ਅਫਸਪਾ ਅਤੇ ਪੀ.ਐਸ਼ਏ. (ਪਬਲਿਕ ਸਕਿਊਰਿਟੀ ਐਕਟ) ਵਰਗੇ ਅਸਾਧਾਰਨ ਕਾਨੂੰਨ ਉਹ ਮਾਹੌਲ ਹੈ ਜਿਸ ਵਿਚ ਇਕ ਕਸ਼ਮੀਰੀ ਦੀ ਜ਼ਿੰਦਗੀ ਗੁਜ਼ਰਦੀ ਹੈ ਅਤੇ ਉਸ ਦੇ ਚਾਰ-ਚੁਫੇਰੇ ਘੁੱਪ ਹਨੇਰਾ ਹੈ।
ਦੋ ਕੁ ਦਿਨ ਹੋਏ ਇਕ ਮਸ਼ਹੂਰ ਕਸ਼ਮੀਰੀ ਕਾਲਮਨਵੀਸ ਨੇ ਲਿਖਿਆ ਕਿ ਜੇ ਦਿੱਲੀ ਸ੍ਰੀਨਗਰ ਉਪਰ ਬੰਬਾਂ ਦੀ ਬਰਸਾਤ ਵੀ ਕਰ ਦਿੰਦੀ ਹੈ, ਕੋਈ ਅੱਖ ਵੀ ਨਹੀਂ ਝਪਕੇਗਾ, ਤੇ ਇਸ ਨੂੰ ਵੀ ਭਾਰੀ ਹਮਾਇਤ ਮਿਲੇਗੀ। ਕਸ਼ਮੀਰੀ ਮਹਿਸੂਸ ਕਰਦੇ ਹਨ ਕਿ ਨਵੀਂ ਦਿੱਲੀ ਵਿਚ, ਜਾਂ ਜਿੱਥੋਂ ਤਕ ਇਸ ਗੱਲ ਦਾ ਸਬੰਧ ਹੈ ਜ਼ਿਆਦਾਤਰ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਕਸ਼ਮੀਰੀਆਂ ਲਈ ਕੋਈ ਹਮਦਰਦੀ ਨਹੀਂ ਹੈ।
ਐਸੇ ਹਾਲਾਤ ਵਿਚ, ਪੜ੍ਹੇ-ਲਿਖੇ ਅਤੇ ਸਿਆਸੀ ਤੌਰ 'ਤੇ ਜਾਗਰੂਕ ਨੌਜਵਾਨ ਨਿਸ਼ਚੇ ਹੀ ਨਪੀੜੇ ਜਾ ਰਹੇ ਮਹਿਸੂਸ ਕਰਨਗੇ ਅਤੇ ਆਪੋ-ਆਪਣੀ ਮੰਜ਼ਲੇ-ਮਕਸੂਦ ਅਨੁਸਾਰ ਇਸ ਹਾਲਾਤ ਵਿਚੋਂ ਨਿਕਲਣ ਬਾਰੇ ਸੋਚਣਗੇ। ਇਸ ਦਾ ਨਤੀਜਾ ਮਨਨ ਵਾਨੀ ਵਰਗੇ ਹੋਣਹਾਰ ਵਿਦਵਾਨਾਂ ਦੇ ਬੰਦੂਕ ਚੁੱਕਣ ਵਿਚ ਨਿਕਲਦਾ ਹੈ।
ਰੈਡੀਕਲ ਰੰਗ ਚੜ੍ਹਨਾ, ਗੁੰਮਰਾਹ ਕਰਕੇ ਸੋਚ ਬਦਲਣਾ, ਬੇਰੋਜ਼ਗਾਰੀ ਵਗੈਰਾ ਵਰਗੇ ਇੰਤਹਾ ਸਿੱਧੜ ਸਿਧਾਂਤ ਤਰਕਸ਼ੀਲ ਦਿਮਾਗ ਨੂੰ ਕਾਇਲ ਕਰਕੇ ਮਨਨ ਵਾਨੀ ਦੀ ਤਰ੍ਹਾਂ ਬੰਦੂਕ ਚੁੱਕਣ ਦੇ ਫੈਸਲੇ ਲੈਣ ਲਈ ਕਾਫੀ ਨਹੀਂ। ਇਹ ਅੰਧਕਾਰ ਅਤੇ ਕਸ਼ਮੀਰ ਵਿਚ ਇਕ ਪੁਰਅਮਨ ਤੇ ਸਨਮਾਨਜਨਕ ਜ਼ਿੰਦਗੀ ਦੀ ਨਾਉਮੀਦੀ ਹੀ ਹੈ ਜੋ ਨੌਜਵਾਨਾਂ ਨੂੰ ਬੰਦੂਕ ਵੱਲ ਧੱਕ ਰਹੀ ਹੈ।
ਕਸ਼ਮੀਰ ਵਿਚ ਜ਼ਿਆਦਾਤਰ ਆਮ ਦਿਨਾਂ ਵਿਚ ਸੜਕਾਂ ਉਪਰ ਖੂਨ-ਖਰਾਬੇ, ਕਤਲਾਂ, ਅਪਾਹਜ ਬਣਾ ਦੇਣ, ਪੱਥਰਬਾਜ਼ੀ, ਪੈਲੇਟ ਅਤੇ ਗੋਲੀਆਂ ਦੀਆਂ ਵਾਛੜ ਦਾ ਟਵੰਟੀ-ਟਵੰਟੀ ਮੈਚ ਹੁੰਦਾ ਹੈ। ਰਾਤ ਵੇਲੇ, ਇਸ ਹਿੰਸਾ ਦਾ ਸਤਾਇਆ ਮੇਰੇ ਵਰਗਾ ਬੰਦਾ ਹਿੰਦੁਸਤਾਨੀ ਵਿਦਵਾਨਾਂ ਦਾ ਮੂਡ ਜਾਨਣ ਲਈ ਟੀ.ਵੀ. ਚੈਨਲਾਂ ਵੱਲ ਪਰਤਦਾ ਹੈ। ਉਨ੍ਹਾਂ ਨੂੰ ਸੁਣ ਕੇ ਬੰਦਾ ਹੋਰ ਵੀ ਪ੍ਰੇਸ਼ਾਨ ਹੋ ਜਾਂਦਾ ਹੈ, ਜਿਸ ਤਰ੍ਹਾਂ ਦਾ ਜ਼ਹਿਰ ਉਨ੍ਹਾਂ ਵਿਚੋਂ ਕਈ ਕਸ਼ਮੀਰੀਆਂ ਦੇ ਖਿਲਾਫ ਉਗਲਦੇ ਹਨ, ਜਿਵੇਂ ਉਹ ਸਾਡਾ ਪੱਖ ਸੁਣੇ ਬਗ਼ੈਰ ਕਸ਼ਮੀਰ ਵਿਚ ਕਤਲਾਂ ਅਤੇ ਵਹਿਸ਼ਤ ਨੂੰ ਜਾਇਜ਼ ਠਹਿਰਾਉਂਦੇ ਹਨ।
ਮੈਂ ਇਕਦਮ ਟੀ.ਵੀ. ਬੰਦ ਕਰ ਦਿੰਦਾ ਹਾਂ। ਤਿੰਨ ਸਾਲ ਤੋਂ ਵਧੇਰੇ ਹੋ ਗਿਆ, ਜਦੋਂ ਮੈਂ ਅਤੇ ਮੇਰੇ ਵਰਗੇ ਬਹੁਤ ਸਾਰਿਆਂ ਨੇ ਸ਼ਾਇਦ ਹੀ ਕਦੇ ਕਿਸੇ ਹਿੰਦੁਸਤਾਨੀ ਟੀ.ਵੀ. ਚੈਨਲ ਉਪਰ ਕਸ਼ਮੀਰ ਨਾਲ ਸਬੰਧਤ ਬਹਿਸ ਦੇਖੀ ਹੋਵੇਗੀ। ਇਕ ਆਮ ਕਸ਼ਮੀਰ ਕੀ ਕਰੇਗਾ, ਜਦੋਂ ਉਹ ਮਹਿਸੂਸ ਕਰਦੇ ਹਨ ਕਿ ਆਲੇ-ਦੁਆਲੇ ਉਨ੍ਹਾਂ ਦਾ ਪੱਖ ਸੁਨਣ ਵਾਲਾ, ਉਨ੍ਹਾਂ ਨਾਲ ਹਮਦਰਦੀ ਕਰਨ ਵਾਲਾ ਕੋਈ ਨਹੀਂ, ਕਸ਼ਮੀਰੀਆਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਤਾਂ ਗੱਲ ਹੀ ਛੱਡੋ?
ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ, ਹਿੰਦੁਸਤਾਨ ਦੇ ਖੱਬੇ, ਸੱਜੇ ਅਤੇ ਮੱਧਮਾਰਗੀ ਸਾਰੇ ਇਕੋ ਥਾਂ ਖੜ੍ਹੇ ਜਾਪਦੇ ਹਨ। ਉਹ ਕਸ਼ਮੀਰ ਨੂੰ ਗੰਭੀਰ ਸਿਆਸੀ ਮਸਲੇ ਵਜੋਂ ਨਹੀਂ ਲੈਂਦੇ ਜਿਸ ਦਾ ਫੌਰੀ ਹੱਲ ਕਰਨਾ ਜ਼ਰੂਰੀ ਹੈ; ਸਗੋਂ ਹਰ ਕਿਸੇ ਕੋਲ ਦੇਣ ਲਈ ਸਲਾਹਾਂ ਹਨ ਕਿ ਕਸ਼ਮੀਰ ਨਾਲ ਕਿਵੇਂ ਨਜਿਠਿਆ ਜਾਵੇ, ਗੋਲੀਆਂ ਦੀ ਥਾਂ ਪੈਲੇਟ ਗੰਨਾਂ ਅਤੇ ਪੈਲੈਟ ਗੰਨਾਂ ਦੀ ਥਾਂ ਰਬੜ ਦੀਆਂ ਗੋਲੀਆਂ ਕਿਵੇਂ ਲਿਆਂਦੀਆਂ ਜਾਣ। ਲੇਕਿਨ ਕੋਈ ਵੀ ਝਗੜੇ ਨਾਲ ਸਬੰਧਤ ਤਮਾਮ ਧਿਰਾਂ ਨਾਲ ਗੱਲਬਾਤ ਦਾ ਅਮਲ ਚਲਾ ਕੇ ਕਸ਼ਮੀਰ ਵਿਚ ਅਮਨ ਲਿਆਉਣ ਦੀ ਵਕਾਲਤ ਨਹੀਂ ਕਰਦਾ। ਦਹਾਕਿਆਂ ਤੋਂ ਕਸ਼ਮੀਰ ਅਮਨ ਲਈ ਤਾਂਘ ਰਿਹਾ ਹੈ ਅਤੇ ਗੱਲਬਾਤ ਦੇ ਕਿਸੇ ਵੀ ਹਾਂਪੱਖੀ ਕਦਮ ਦਾ ਕਸ਼ਮੀਰੀ ਤਹਿ ਦਿਲੋਂ ਸਵਾਗਤ ਕਰਨਗੇ।
ਮਨਨ ਨਿੱਠ ਕੇ ਪੜ੍ਹਨ ਵਾਲਾ ਪਾਠਕ ਸੀ, ਲਿਓ ਤਾਲਸਤਾਏ ਅਤੇ ਅਰਨੈਸਟ ਹੈਮਿੰਗਵੇ ਵਰਗੇ ਬਹੁਤ ਸਾਰੇ ਪੱਛਮੀ ਲੇਖਕਾਂ ਨੂੰ ਪੜ੍ਹਨ ਦਾ ਸ਼ੁਕੀਨ। ਉਹ ਵਧੀਆ ਲੇਖਕ ਸੀ ਜਿਸ ਨੇ ਬਹੁਪੱਖੀ ਸਮਾਜੀ-ਸਿਆਸੀ ਮੁੱਦੇ ਉਠਾਉਂਦਿਆਂ ਸਿਆਸੀ ਵਿਅੰਗ ਲਿਖਣ ਸਮੇਤ ਬਹੁਤ ਸਾਰੇ ਬਲਾਗ ਲਿਖੇ। ਉਸ ਨੇ ਮੁੱਢਲੀ ਤਾਲੀਮ ਕੇਂਦਰ ਸਰਕਾਰ ਦੀ ਮਸ਼ਹੂਰ ਸਕੂਲੀ ਵਿਵਸਥਾ ਨਵੋਦਿਆ ਵਿਦਿਆਲਿਆ ਤੋਂ ਲਈ ਜਿਥੇ ਗਤੀਸ਼ੀਲ ਅਤੇ ਵੰਨ-ਸੁਵੰਨਤਾ ਵਾਲਾ ਸਮਾਜੀ ਮਾਹੌਲ ਹੈ। ਵਿਗਿਆਨਕ ਸੁਭਾਅ ਵਾਲੇ ਮਨਨ ਨੇ ਬਿਹਤਰੀਨ ਪ੍ਰਯੋਗਸ਼ਾਲਾਵਾਂ ਵਿਚ ਕੰਮ ਕੀਤਾ, ਆਪਣੇ ਵਿਦਿਆਰਥੀ ਜੀਵਨ ਦੀ ਸਰਗਰਮ ਜ਼ਿੰਦਗੀ ਦੌਰਾਨ ਉਸ ਦਾ ਕਈ ਜ਼ਹੀਨ ਦਿਮਾਗਾਂ ਨਾਲ ਆਦਾਨ-ਪ੍ਰਦਾਨ ਹੋਇਆ। ਫਿਰ ਵੀ ਉਸ ਨੇ ਬੰਦੂਕ ਚੁੱਕਣ ਦਾ ਰਾਹ ਅਖਤਿਆਰ ਕੀਤਾ।
ਉਸ ਦੇ ਮਨ ਵਿਚ ਦਰਅਸਲ ਕੀ ਗੁਜ਼ਰ ਰਹੀ ਸੀ, ਇਹ ਅਸੀਂ ਕਦੇ ਵੀ ਨਹੀਂ ਜਾਣ ਸਕਾਂਗੇ, ਲੇਕਿਨ ਅਸੀਂ ਕੁਝ ਕੜੀ-ਰਿਸ਼ਤੇ ਤਾਂ ਜੋੜ ਹੀ ਸਕਦੇ ਹਾਂ। 21ਵੀਂ ਸਦੀ ਵਿਚ, ਜਦੋਂ ਹਿੰਦੁਸਤਾਨ ਦੇ ਹੋਰ ਹਿੱਸਿਆਂ ਵਿਚ ਜ਼ਿੰਦਗੀ ਦੀਆਂ ਸਹੂਲਤਾਂ ਮਨੁੱਖ ਦੇ ਪੋਟਿਆਂ ਉਪਰ ਹਨ, ਜਦੋਂ ਉਸਦੇ ਹਮ-ਰੁਤਬਾ ਲੋਕ ਹਿੰਦੁਸਤਾਨ ਦੇ ਹੋਰ ਹਿੱਸਿਆਂ ਵਿਚ ਮਾਣ-ਸਨਮਾਨ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਹਨ, ਜਦੋਂ ਜਾਨਵਰਾਂ ਦੇ ਹੱਕਾਂ ਨੂੰ ਲੈ ਕੇ ਐਨੀ ਹਾਲ-ਪਾਹਰਿਆ ਮਚਾਈ ਜਾਂਦੀ ਹੈ, ਲੇਕਿਨ ਕਸ਼ਮੀਰੀਆਂ ਦੇ ਹੱਕ ਨਜ਼ਰਅੰਦਾਜ਼ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਕੋਈ ਪ੍ਰਵਾਹ ਹੀ ਨਹੀਂ ਕੀਤੀ ਜਾਂਦੀ।
ਮਨਨ ਵਰਗੇ ਕਿਸੇ ਕਸ਼ਮੀਰੀ ਨੂੰ ਘਰ ਪਹੁੰਚਣ ਲਈ ਵੀ ਦਰਜਨਾਂ ਸੁਰੱਖਿਆ ਨਾਕਿਆਂ ਵਿਚੋਂ ਦੀ ਗੁਜ਼ਰਨਾ ਪੈਂਦਾ ਹੈ। ਜਦੋਂ ਤੁਹਾਨੂੰ ਆਜ਼ਾਦੀ ਨਾਲ ਘੁੰਮਣ ਦੀ ਖੁੱਲ੍ਹ ਨਹੀਂ, ਜਦੋਂ ਤੁਹਾਡੇ ਵਾਲਾਂ ਦੇ ਸਟਾਈਲ ਅਤੇ ਪਹਿਰਾਵੇ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਹਨ ਅਤੇ ਤੁਹਾਡੀਆਂ ਕੋਈ ਵੀ ਪ੍ਰਾਪਤੀਆਂ ਅਤੇ ਵਿਦਿਅਕ ਯੋਗਤਾਵਾਂ ਸੁਰੱਖਿਆ ਦਸਤਿਆਂ ਦੇ ਗੁੱਸੇ ਤੋਂ ਤੁਹਾਡਾ ਬਚਾਉ ਕਰਨ ਦੇ ਕੰਮ ਨਹੀਂ ਆਉਂਦੀਆਂ, ਤਾਂ ਤੁਸੀਂ ਆਖਿਰ ਬੰਦੂਕ ਚੁੱਕ ਲੈਂਦੇ ਹੋ।
ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦਰਮਿਆਨ ਕਿਸੇ ਸੰਭਵ ਗੱਲਬਾਤ ਦੀ ਕੋਈ ਉਮੀਦ ਨਹੀਂ ਜਾਪਦੀ। ਜਦੋਂ ਕਸ਼ਮੀਰ ਨੇ ਬਿਨਾਂ ਕਾਰਨ ਹੀ ਭਾਜਪਾ ਦੇ 2019 ਦੀਆਂ ਚੋਣਾਂ ਦੇ ਏਜੰਡਾ ਵਿਚ ਕੇਂਦਰੀ ਥਾਂ ਹਾਸਲ ਕਰ ਲਿਆ ਹੈ। ਜਦੋਂ ਧਾਰਾ 35-ਏ ਅਤੇ ਧਾਰਾ 270 ਨਾਲ ਲਗਾਤਾਰ ਛੇੜਛਾੜ ਕੀਤੀ ਜਾ ਰਹੀ ਹੈ। ਜਦੋਂ ਤੁਹਾਨੂੰ ਹਿੰਦੀ ਖੇਤਰ ਦੇ ਔਸਤ ਵੋਟਰ ਨੂੰ ਕਸ਼ਮੀਰ ਬਾਰੇ ਆਪਣੀ ਧੱਕੜ ਨੀਤੀ ਨਾਲ ਸੰਤੁਸ਼ਟ ਕਰਨਾ ਪੈ ਰਿਹਾ ਹੈ... ਤਾਂ ਆਮ ਕਸ਼ਮੀਰੀ ਦਹਿਸ਼ਤ ਨਾਲ ਸਹਿਮਿਆ ਮਹਿਸੂਸ ਕਰਦਾ ਹੈ ਅਤੇ ਉਹ ਜਿਥੋਂ ਤਕ ਦੇਖ ਸਕਦਾ ਹੈ, ਉਸ ਨੂੰ ਕੇਵਲ ਹਨੇਰਾ ਹੀ ਨਜ਼ਰ ਆਉਂਦਾ ਹੈ।
ਕਸ਼ਮੀਰ ਦੇ ਜੋ ਇਲਾਕੇ ਹੁਣ ਤਕ ਸ਼ਾਂਤ ਸਨ, ਉਥੇ ਫੌਜ ਦੇ ਨਵੇਂ ਕੈਂਪ ਬਣਾਏ ਜਾਣ ਨਾਲ ਅਤੇ ਜਦੋਂ ਹਾਲਾਤ 90ਵਿਆਂ ਦੀ ਯਾਦ ਦਿਵਾ ਰਹੇ ਹਨ, ਜਾਂ ਉਸ ਤੋਂ ਵੀ ਭੈੜੇ ਹਨ, ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਹੋਰ ਵਧੇਰੇ ਨੌਜਵਾਨ ਖਾੜਕੂਆਂ ਦੀਆਂ ਸਫਾਂ ਵਿਚ ਸ਼ਾਮਲ ਹੋਣਗੇ। ਹੋਰ ਵਧੇਰੇ ਹਿੰਸਾ ਅਤੇ ਹੋਰ ਵਧੇਰੇ ਮੌਤਾਂ ਹੋਣਗੀਆਂ। ਜਿਵੇਂ ਸੁਰੱਖਿਆ ਮਾਹਰਾਂ ਨੇ ਪੇਸ਼ੀਨਗੋਈ ਕੀਤੀ ਹੈ, ਮਨਨ ਵਾਨੀ ਦੀ ਸੂਰਤ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ ਖਾੜਕੂ ਲਹਿਰ ਵਿਚ ਖਿੱਚ ਸਕਦੀ ਹੈ।
ਕਸ਼ਮੀਰੀ ਅਮਨ ਚਾਹੁੰਦੇ ਹਨ ਅਤੇ ਹਿੰਦੁਸਤਾਨ ਹਕੂਮਤ ਦਾ ਕੋਈ ਵੀ ਗੰਭੀਰ ਯਤਨ ਸੈਂਕੜੇ ਨੌਜਵਾਨਾਂ ਨੂੰ ਖਾੜਕੂ ਲਹਿਰ ਵਿਚ ਸ਼ਾਮਲ ਹੋਣ ਅਤੇ ਚੜ੍ਹਦੀ ਜਵਾਨੀ ਵਿਚ ਮਰਨ ਤੋਂ ਰੋਕ ਕੇ ਉਨ੍ਹਾਂ ਦੀਆਂ ਜਾਨਾਂ ਬਚਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਅਮਨ ਦੇ ਨਿੱਕੇ ਜਿਹੇ ਇਸ਼ਾਰੇ ਦਾ ਵੀ ਕਸ਼ਮੀਰ ਦੇ ਆਵਾਮ ਵੱਲੋਂ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ। ਜੇ ਨਵੀਂ ਦਿੱਲੀ ਕਸ਼ਮੀਰੀਆਂ ਨੂੰ ਸੱਚੀਓਂ ਹੀ ਆਪਣੇ ਨਾਗਰਿਕ ਸਮਝਦੀ ਹੈ, ਇਸ ਨੂੰ ਕਸ਼ਮੀਰ ਵਿਚ ਅਮਨ ਮੁੜ-ਬਹਾਲ ਕਰਨ ਲਈ ਫੌਰੀ ਤੌਰ 'ਤੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਮਾਯੂਸ ਅਤੇ ਅਲੱਗ-ਥਲੱਗ ਮਹਿਸੂਸ ਕਰ ਰਹੇ ਨੌਜਵਾਨਾਂ ਦਾ ਭਰੋਸਾ ਮੁੜ ਜਾਗ ਸਕੇ।
ਉਂਜ ਕਸ਼ਮੀਰ ਨਾਲ ਨਜਿੱਠਣ ਦੀ ਬਜਾਏ ਜੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਮਜ਼ਬੂਤ ਅਤੇ ਦਲੇਰ ਕਦਮ ਚੁੱਕੇ ਹੁੰਦੇ, ਜਿਵੇਂ ਰਿਆਸਤ ਦੇ ਖਾੜਕੂਵਾਦ ਤੋਂ ਮੁਕਤ ਇਲਾਕਿਆਂ ਵਿਚੋਂ ਅਫਸਪਾ ਕਾਨੂੰਨ ਵਾਪਸ ਲੈਣਾ, ਸਿਵਲ ਇਲਾਕਿਆਂ ਵਿਚੋਂ ਫੌਜ ਹਟਾਉਣਾ, ਜਾਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣਾ, ਤਾਂ ਜ਼ਮੀਨੀ ਹਾਲਾਤ ਪੂਰੀ ਤਰ੍ਹਾਂ ਵੱਖਰੇ ਹੋਣੇ ਸਨ। ਐਸੇ ਕਦਮਾਂ ਨੇ ਜਮਹੂਰੀਅਤ ਵਿਚ ਅਵਾਮ ਦਾ ਭਰੋਸਾ ਚੋਖੀ ਹੱਦ ਤਕ ਮੁੜ ਬਹਾਲ ਕਰ ਦੇਣਾ ਸੀ ਅਤੇ ਅੱਜ ਜੋ ਖੂਨ-ਖਰਾਬਾ ਅਸੀਂ ਕਸ਼ਮੀਰ ਦੀਆਂ ਸੜਕਾਂ ਉਪਰ ਦੇਖ ਰਹੇ ਹਾਂ, ਇਹ ਬਹੁਤ ਘਟ ਜਾਣਾ ਸੀ।