ਕਿਉਂ ਤੇ ਕਿਵੇਂ ਯਾਦ ਕਰੀਏ ਆਪਣੇ ਨਾਇਕਾਂ ਨੂੰ

ਹਾਲ ਹੀ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਗਮ ਸੰਸਾਰ ਭਰ ਵਿਚ ਮਨਾਏ ਗਏ। ਹਰ ਥਾਂ ਉਨ੍ਹਾਂ ਦੀ ਕੁਰਬਾਨੀ ਅਤੇ ਉਨ੍ਹਾਂ ਵੱਲੋਂ ਸਜਾਏ ਸੁਪਨਿਆਂ ਬਾਰੇ ਗੱਲਾਂ ਕੀਤੀਆਂ ਗਈਆਂ, ਤੇ ਨਾਲ ਹੀ ਇਨ੍ਹਾਂ ਸੁਪਨਿਆਂ ਦੀ ਪੂਰਤੀ ਲਈ ਮੁਹਿੰਮਾਂ ਉਤੇ ਚੜ੍ਹਨ ਦਾ ਤਹੱਈਆ ਕੀਤਾ ਗਿਆ।ਸਾਡੇ ਕਾਲਮਨਵੀਸ ਪ੍ਰੋæ ਕੁਲਵੰਤ ਸਿੰਘ ਰੋਮਾਣਾ ਨੇ ਸ਼ਹੀਦਾਂ ਦੀ ਇਸੇ ਕੁਰਬਾਨੀ ਬਾਰੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ ਅਤੇ ਨਾਲ ਹੀ ਕੁਝ ਸਵਾਲ ਵੀ ਉਠਾਏ ਹਨ ਤਾਂ ਕਿ ਅੱਜ ਦੇ ਸਮੇਂ ਵਿਚ ਲਗਾਤਾਰ ਉਠ ਰਹੇ ਸਵਾਲਾਂ ਨਾਲ ਸੰਵਾਦ ਰਚਾ ਕੇ ਮਨੁੱਖ ਉਤੇ ਪੈਂਦੀ ਆ ਰਹੀ ਭੀੜ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਜਿੰਨਾ ਚਿਰ ਅਸੀਂ ਇਤਿਹਾਸ ਨੂੰ ਵਰਤਮਾਨ ਦੇ ਰੂ-ਬਰੂ ਨਹੀਂ ਕਰਦੇ, ਅੱਜ ਦੇ ਕਰੂਰ ਹਾਲਾਤ ਨਾਲ ਟੱਕਰ ਨਹੀਂ ਲਈ ਜਾ ਸਕਦੀ। ਸ਼ਹੀਦਾਂ ਅਤੇ ਜੁਝਾਰੂਆਂ ਨੇ ਵੀ ਤਾਂ ਆਪਣੇ ਵਕਤਾਂ ਵਿਚ ਵਰਤਮਾਨ ਨਾਲ ਇੰਜ ਹੀ ਅੱਖ ਮਿਲਾਈ ਸੀ! -ਸੰਪਾਦਕ
ਪ੍ਰੋæ ਕੁਲਵੰਤ ਸਿੰਘ ਰੋਮਾਣਾ
ਫੋਨ: 209-416-5020

ਸੋਫੋਕਲੀਸ ਦੇ ਮਸ਼ਹੂਰ ਨਾਟਕ ḔਐਨਟਿਗਨੀḔ ਦਾ ਜੁਮਲਾ ਹੈ:
ਜ਼ਾਲਮ ਦੀ ਮੌਤ ਨਾਲ ਹੀ ਉਸ ਦੀ ਤਮਾਮ ਲੀਲ੍ਹਾ ਖ਼ਤਮ ਹੋ ਜਾਂਦੀ ਹੈ।
ਪਰ ਜ਼ੁਲਮ ਖ਼ਿਲਾਫ਼ ਲੜਨ ਵਾਲੇ ਬਹਾਦਰਾਂ ਦੀ ਮੌਤ ਤੋਂ ਉਨ੍ਹਾਂ ਦਾ ਸਮਾਂ ਸ਼ੁਰੂ ਹੁੰਦਾ ਹੈ।
æææਭਾਵ ਜ਼ੁਲਮ ਤੇ ਜ਼ਾਲਮ ਦਾ ਨਾਸ਼ ਅਟੱਲ ਹੈ ਅਤੇ ਜ਼ੁਲਮ ਖ਼ਿਲਾਫ਼ ਲੜਨ ਮਰਨ ਵਾਲੇ ਨਾਇਕ ਕਦੇ ਨਹੀਂ ਮਰਦੇ। ਉਹ ਆਪਣੀ ਕੌਮ ਦੇ ਚੇਤਿਆਂ ‘ਚ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਇਸੇ ਲਈ ਉਹ ਭਾਰਤੀ ਜਿਨ੍ਹਾਂ ਨੇ ਮੁਗਲ ਅਤੇ ਅੰਗਰੇਜ਼ ਤਾਨਾਸ਼ਾਹ ਹਾਕਮਾਂ ਦੇ ਜ਼ੁਲਮ-ਓ-ਜਬਰ ਸਾਹਮਣੇ ਡਟਣ ਦੀ ਹਿੰਮਤ ਕੀਤੀ, ਇਸ ਰਸਤੇ ਉਤੇ ਚੱਲਦਿਆਂ ਅਥਾਹ ਤਸੀਹੇ ਜਰੇ ਤੇ ਆਖਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ, ਉਨ੍ਹਾਂ ਸ਼ਹੀਦਾਂ ਨੂੰ ਅਸੀਂ ਅੱਜ ਵੀ ਬੜੇ ਸਤਿਕਾਰ ਤੇ ਉਤਸ਼ਾਹ ਨਾਲ ਯਾਦ ਕਰਦੇ ਹਾਂ। ਉਨ੍ਹਾਂ ਦ ੇਜਨਮ ਦਿਨ ਅਤੇ ਸ਼ਹੀਦੀ ਦਿਹਾੜੇ ਬੜੇ ਜੋਸ਼-ਓ-ਖਰੋਸ਼ ਨਾਲ ਮਨਾਏ ਜਾਂਦੇ ਹਨ। ਪੰਜਾਬੀ ਜਿਥੇ-ਜਿਥੇ ਵੀ ਵਸਦੇ ਹਨ, ਉਹ ਮੁਗਲ ਬਾਦਸ਼ਾਹਾਂ ਦੇ ਜਬਰ ਖ਼ਿਲਾਫ਼ ਲੜਨ ਵਾਲੇ ਸਿੱਖ ਗੁਰੂਆਂ, ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਲੜਾਈ ‘ਚ ਜਾਨਾਂ ਵਾਰਨ ਵਾਲੇ ਗਦਰੀ ਬਾਬਿਆਂ ਅਤੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਨ। ਉਨ੍ਹਾਂ ਦੀ ਯਾਦ ਵਿਚ ਹਰ ਸਾਲ ਵੱਡੇ-ਵੱਡੇ ਸਮਾਗਮ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਚੇਤੇ ਕੀਤਾ ਜਾਂਦਾ ਹੈ। ਸਕੂਲਾਂ ਕਾਲਜਾਂ ਦੇ ਕੋਰਸਾਂ ਵਿਚ ਉਨ੍ਹਾਂ ਦੇ ਸੰਘਰਸ਼ ਤੇ ਕੁਰਬਾਨੀ ਦੇ ਜਜ਼ਬਾਤ ਬਾਰੇ ਦਾਨਸ਼ਵਰ ਲੇਖਕਾਂ ਦੇ ਲੇਖ ਸ਼ਾਮਲ ਕੀਤੇ ਜਾਂਦੇ ਹਨ ਤਾਂ ਕਿ ਸਾਡੇ ਦੇਸ਼ ਦੇ ਨੌਜਵਾਨ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਨਿਰਸਵਾਸਥ ਤੇ ਨਿਰਭੈ ਸ਼ਹਿਰੀ ਬਣਨ। ਇਸ ਸਬੰਧੀ ਜੋ ਸਮਾਗਮ ਕੀਤੇ ਜਾਂਦੇ ਹਨ, ਉਨ੍ਹਾਂ ‘ਚ ਸਾਡੇ ਇਨ੍ਹਾਂ ਨਾਇਕਾਂ ਦੀ ਦੇਸ਼ ਭਗਤੀ, ਬਹਾਦਰੀ ਤੇ ਕੁਰਬਾਨੀ ਵਾਰੇ ਚਰਚਾ ਕਰਵਾਈ ਜਾਂਦੀ ਹੈ। ਉਨ੍ਹਾਂ ਦੇ ਸੰਘਰਸ਼ ਭਰਪੂਰ ਜੀਵਨ ਵਾਰੇ ਇਤਿਹਾਸਕਾਰਾਂ ਵੱਲੋਂ ਕੀਤੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ Ḕਤੇ ਨਾਟਕ ਖੇਡੇ ਜਾਂਦੇ ਹਨ। ਇਹ ਸਭ ਕੁਝ ਇਕ ਉਪਰਾਲਾ ਹੈ, ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਤੇ ਪ੍ਰੇਰਨਾ ਦੀ ਮਿਸਾਲ ਨੂੰ ਜਗਦੀ ਰੱਖਣ ਦਾ; ਉਨ੍ਹਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਜ਼ਿੰਦਾ ਰੱਖਣ ਦਾ। ਉਨ੍ਹਾਂ ਦੇ ਕੁਰਬਾਨੀ ਭਰਪੂਰ ਜੀਵਨ ਤੋਂ ਚਾਨਣ ਲੈ ਕੇ ਆਪਣੇ ਮੌਜੂਦਾ ਸਮਾਜ ਨੂੰ ਰੌਸ਼ਨ ਰੱਖਣ ਦਾ।
ਸਵਾਲ ਪੈਦਾ ਹੁੰਦਾ ਹੈ ਕਿ ਆਪਣੇ ਇਸ ਬੇਨਜ਼ੀਰ ਵਿਰਸੇ ਨੂੰ ਆਪਣੀ ਕੌਮ ਦੇ ਲੋਕਾਂ ਸਾਹਮਣੇ ਕਿਵੇਂ ਪੇਸ਼ ਕੀਤਾ ਜਾਵੇ ਕਿ ਉਹ ਵੀ ਆਪਣੇ ਮੌਜੂਦਾ ਸਮਾਜ ਨੂੰ ਸੰਵਾਰਨ ਲਈ ਤੱਤਪਰ ਹੋਣ। ਉਨ੍ਹਾਂ ‘ਚ ਵੀ ਇਕ ਐਸਾ ਜਜ਼ਬਾ ਪੈਦਾ ਹੋਵੇ ਕਿ ਉਹ ਵੀ ਆਪਣੇ ਸਮਾਜ ਵਿਚਲੇ ਭੈੜਾਂ ਨੂੰ ਖ਼ਤਮ ਕਰਨ ਲਈ ਉਠ ਖੜ੍ਹੇ ਹੋਣ। ਇਸ ਸਬੰਧ ‘ਚ ਪਹਿਲਾ ਨੁਕਤਾ ਤਾਂ ਇਹ ਹੈ ਕਿ ਨਾਇਕਾਂ ਤੇ ਸ਼ਹੀਦਾਂ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਮਿਥਾਹਿਸਕ ਨਜ਼ਰੀਏ ਤੋਂ ਨਹੀਂ; ਭਾਵ ਉਨ੍ਹਾਂ ਦੇ ਜੀਵਨ ਤੇ ਕੰਮਾਂ ਬਾਰੇ ਨਵੀਨ ਤੇ ਪਾਏਦਾਰ ਖੋਜਾਂ ਦੇ ਆਧਾਰ ਉਤੇ ਹੀ ਵਿਚਾਰ-ਚਰਚਾ ਹੋਣੀ ਚਾਹੀਦੀ ਹੈ। ਅਸੀਂ ਆਪਣੇ ਸੁਭਾਅ ਕਾਰਨ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ-ਕਰਦੇ ਉਨ੍ਹਾਂ ਨੂੰ ਹੋਰ ਵਡਿਆਉਣ ਲਈ ਉਨ੍ਹਾਂ ਦੇ ਸਾਧਾਰਨ ਜੀਵਨ ਨਾਲ ਐਸੇ ਮਨਘੜਤ ਅਤੇ ਪੈਗੰਬਰੀ ਨੁਕਤੇ ਜੋੜ ਦਿੰਦੇ ਹਾਂ ਕਿ ਵਿਗਿਆਨਕ ਸੋਚ ਰੱਖਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਦੀਆਂ ਤਾਂ ਅੱਖਾਂ ਹੀ ਅੱਡੀਆਂ ਰਹਿ ਜਾਂਦੀਆਂ ਹਨ। ਇਸ ਸਬੰਧ ੇਵਚ ਮਹਾਤਮਾ ਗਾਂਧੀ ਦੀ ਸ਼ਹੀਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਦਾ ਇਕ ਕਥਨ ਬੜਾ ਮਹੱਤਵਪੂਰਨ ਹੈ। ਉਸ ਕਿਹਾ ਸੀ ਕਿ ਸਾਡੇ ਇਸ ਮਹਾਨ ਪੁਰਸ਼ ਨੂੰ ਸਾਡੀ ਸੱਚੀ ਸ਼ਰਧਾਂਜਲੀ ਹਮੇਸ਼ਾ ਇਹੋ ਰਹੇਗੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਨਾਇਕ ਵਾਰੇ ਦੋ ਗੱਲਾਂ ਯਾਦ ਰੱਖਣ ਕਿ ਇਸ ਸਾਧਾਰਨ ਬੰਦੇ ਨੇ ਆਪਣੀ ਹਿੰਮਤ ਤੇ ਸੰਜਮ ਨਾਲ ਉਹ ਕਾਰਨਾਮਾ ਕਰ ਦਿਖਾਇਆ ਹੈ ਜੋ ਇਤਿਹਾਸ ਵਿਚ ਇਸ ਨੂੰ ਵਲੀ ਦਾ ਰੁਤਬਾ ਬਖ਼ਸ਼ਦਾ ਹੈ। ਦੂਜਾ ਇਹ ਕਿ ਇਹ ਸਾਡੇ ਵਾਂਗੇ ਹੀ ਹੱਡ-ਮਾਸ ਦਾ ਬੰਦਾ ਸੀ ਤੇ ਸਾਡੇ ਵਾਂਗ ਹੀ ਇਸ ਧਰਤੀ Ḕਤੇ ਤੁਰਦਾ-ਫਿਰਦਾ ਸੀ। ਸਾਡੇ ਵਾਂਗ ਹੀ ਸੌਂਦਾ-ਜਾਗਦਾ ਸੀ।
ਭਗਤ ਸਿੰਘ ਦੇ ਜੀਵਨ ਤੇ ਸੰਘਰਸ਼ ਬਾਰੇ ਉਸ ਦੇ ਅੰਨ੍ਹੇ ਸ਼ਰਧਾਲੂਆਂ ਨੇ ਬੜਾ ਕੁਝ ਐਸਾ ਜੋੜ ਰੱਖਿਆ ਹੈ ਪਰ ਜੇ ਅਸੀਂ ਉਸ ਦੇ ਬਚਪਨ ਤੋਂ ਆਖਰ ਤੱਕ ਦੇ ਸਾਥੀ ਯਸ਼ਪਾਲ ਵੱਲੋਂ ਭਗਤ ਸਿੰਘ ਬਾਰੇ ਲਿਖੇ ਲੇਖ ਪੜ੍ਹੀਏ, ਜਾਂ ਡਾæ ਭਗਵਾਨ ਸਿੰਘ ਜੋਸ਼ ਅਤੇ ਡਾæ ਚਮਨ ਲਾਲ (ਦੋਵੇਂ ਜਵਹਾਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ) ਦੀ ਭਗਤ ਸਿੰਘ ਬਾਰੇ ਕੀਤੀ ਖੋਜ ਦਾ ਅਧਿਐਨ ਕਰੀਏ ਤਾਂ ਅਸਲੀ ਭਗਤ ਸਿੰਘ ਦਾ ਪਤਾ ਲੱਗਦਾ ਹੈ ਕਿ ਸਕੂਲ ਅਤੇ ਕਾਲਜ ਦੇ ਮੁੱਢਲੇ ਸਾਲਾਂ ‘ਚ ਉਹ ਵੀ ਉਨਾ ਹੀ ਬੇਪ੍ਰਵਾਹ ਸੀ ਜਿੰਨਾ ਕੁ ਕੋਈ ਸਾਧਾਰਨ ਵਿਦਿਆਰਥੀ ਹੋ ਸਕਦਾ ਹੈ। ਉਸ ਦੀ ਇਸ ਬੇਪ੍ਰਵਾਹੀ ਤੋਂ ਉਸ ਦਾ ਬਾਪ ਵੀ ਉਨਾ ਹੀ ਖ਼ਫ਼ਾ ਸੀ ਜਿੰਨਾ ਕੋਈ ਸਾਧਾਰਨ ਬਾਪ ਹੋ ਸਕਦਾ ਹੈ, ਪਰ ਸੰਘਰਸ਼ ਦੇ ਅਮਲ ‘ਚ ਪੈ ਕੇ ਉਹ ਇਨਕਲਾਬੀ ਬੁੱਧੀਜੀਵੀ ਬਣ ਗਿਆ ਜਿਸ ਨੇ ਸਮਾਜ ਤੇ ਸਟੇਟ ਦੇ ਤਾਣੇ-ਬਾਣੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਸੀ।
ਲੋਕਾਂ ਨੂੰ ਆਪਣੇ ਇਸ ਮਿਸਾਲੀ ਇਨਕਲਾਬੀ ਵਿਰਸੇ ਨਾਲ ਜੋੜਨ ਦੇ ਕਾਰਜ ਨੂੰ ਦੋ ਨੁਕਤਿਆਂ ਤੋਂ ਵੇਖਣਾ ਚਾਹੀਦਾ ਹੈ। ਇਕ ਪਾਸੇ ਇਸ ਕਾਰਜ ‘ਚ ਲੱਗੇ ਉਹ ਲੋਕ ਹਨ ਜੋ ਸੁੱਚ-ਮੁੱਚ ਸਮਾਜ ਦੇ ਭੈੜਾਂ ਖਿਲਾਫ਼ ਲੜ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਇਸ ਇਨਕਲਾਬੀ ਵਿਰਸੇ ਨਾਲ ਜੋੜ ਕੇ ਆਪਣੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸੁਪਨਾ ਦੇਖ ਰਹੇ ਹਨ। ਪੰਜਾਬ ‘ਚ ਕਈ ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਇਹ ਕੰਮ ਕਰ ਰਹੀਆਂ ਹਨ। ਕਈ ਨਾਟਕ ਤੇ ਸੰਗੀਤ ਮੰਡਲੀਆਂ ਵੀ ਇਸ ਕੰਮ ‘ਚ ਇਨ੍ਹਾਂ ਜਥੇਬੰਦੀਆਂ ਦੀ ਭਰਪੂਰ ਮਦਦ ਕਰ ਰਹੀਆਂ ਹਨ। ਦੂਜੇ ਪਾਸੇ ਉਹ ਧਿਰਾਂ ਹਨ ਜੋ ਇਨ੍ਹਾਂ ਸ਼ਹੀਦਾਂ ਦਾ ਨਾਂ ਵਰਤ ਕੇ ਆਪਣਾ ਉਲੂ ਸਿੱਧਾ ਕਰਨਾ ਚਾਹੁੰਦੇ ਹਨ। ਸਭ ਸਿਆਸੀ ਧਿਰਾਂ ਇਸ ਕੰਮ ‘ਚ ਮੋਹਰੀ ਹਨ। ਮਸਲਨ, ਕੁਝ ਸਮਾਂ ਪਹਿਲਾਂ ਭਗਤ ਸਿੰਘ ਦੇ ਸੌਵੇਂ ਜਨਮ ਦਿਨ ਦੇ ਸਬੰਧ ‘ਚ ਸਮਾਗਮ ਹੋਏ। ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਦੀਆਂ ਪਾਰਟੀਆਂ ਨੇ ਆਪੋ-ਆਪਣੇ ਪ੍ਰੋਗਰਾਮ ਖਟਕੜ ਕਲਾਂ ‘ਚ ਕੀਤੇ। ਇਕ-ਦੂਜੇ ਤੋਂ ਵੱਡਾ ਇਕੱਠ ਦਿਖਾਉਣ ਲਈ ਸਭ ਵਸੀਲੇ ਵਰਤੇ ਗਏ। ਆਪਣੇ ਆਪ ਨੂੰ ਭਗਤ ਸਿੰਘ ਦੇ ਅਸਲੀ ਵਾਰਸ ਸਿੱਧ ਕਰਨ ਲਈ ਵੱਡੀ ਗਿਣਤੀ ‘ਚ ਨੌਜਵਾਨ ਮੁੰਡਿਆਂ ਨੂੰ ਚਿੱਟੇ ਕਮੀਜ਼-ਪਜਾਮੇ ਪਹਿਨਾ ਕੇ ਭਗਤ ਸਿੰਘ ਸਟਾਈਲ ਦੀਆਂ ਬਸੰਤੀ ਪੱਗਾਂ ਸਜਾ ਕੇ ਲਿਆਂਦਾ ਗਿਆ। ਤਿੰਨੇ ਧਿਰਾਂ ਦਾ ਇਕੋ ਮਕਸਦ ਸੀ, ਫਰਵਰੀ 2012 ਵਿਚ ਹੋਣ ਵਾਲੀਆਂ ਚੋਣਾਂ ਵਿਚ ਵੱਧ ਤੋਂ ਵੱਧ ਵੋਟਾਂ ਬਟੋਰਨ ਦਾ। ਦੂਜੇ ਪਾਸੇ ਭਗਤ ਸਿੰਘ ਦਾ ਇਹੋ ਸੌਵਾਂ ਜਨਮ ਦਿਨ ਬਰਨਾਲਾ ਵਿਖੇ ਮਨਾਇਆ ਗਿਆ ਜਿਸ ਵਿਚ ਪੰਜਾਬ ਦੀਆਂ ਉਹ ਸਭ ਅਗਾਂਹਵਧੂ ਜਥੇਬੰਦੀਆਂ ਸ਼ਾਮਲ ਸਨ ਜੋ ਵੋਟਾਂ ਦੀ ਸਿਆਸਤ ਤੋਂ ਤਾਂ ਕੋਹਾਂ ਦੂਰ ਸਨ, ਪਰ ਸਮਾਜਕ ਚੇਤੰਨਤਾ ਅਤੇ ਭਲਾਈ ਲਈ ਯਤਨਸ਼ੀਲ ਸਨ। ਇਹ ਲੋਕ ਕਾਫ਼ਲਿਆਂ ਦੇ ਰੂਪ ਵਿਚ ਪੰਜਾਬ ਵਿਚ ਸਭ ਦਿਸ਼ਾਵਾਂ ਵੱਲੋਂ ਪਿੰਡਾਂ, ਸ਼ਹਿਰਾਂ ਵਿਚੋਂ ਦੀ ਮਾਰਚ ਕਰਦੇ ਆਏ ਸਨ। ਭਗਤ ਸਿੰਘ ਦੇ ਸੰਘਰਸ਼ ਤੇ ਸੁਪਨਿਆਂ ਬਾਰੇ ਪ੍ਰਚਾਰ ਵੀ ਕਰਦੇ ਆਏ ਸਨ ਤੇ ਲੋਕਾਂ ਨੂੰ ਨਾਲ ਵੀ ਲੈਂਦੇ ਆਏ ਸਨ। ਸਟੇਜ Ḕਤੇ ਨਰੋਲ ਆਜ਼ਾਦੀ ਦੇ ਪ੍ਰਵਾਨਿਆਂ  ਦੇ ਜੀਵਨ ਤੇ ਘੋਲ ਬਾਰੇ ਭਾਸ਼ਣ ਤੇ ਪ੍ਰੋਗਰਾਮ ਹੋਏ। ਮਿਸਾਲੀ ਇਕੱਠ ਸੀ। ਭਾਜੀ ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਰਾਹੀਂ ਇਸ ਮੁੱਦੇ ਦਾ ਡੱਟ ਕੇ ਪ੍ਰਚਾਰ ਕੀਤਾ। ਇਸ ਸਬੰਧ ‘ਚ ਉਸ ਦੇ ਨਾਟਕਾਂ ਦੇ ਕਈ ਡਾਇਲਾਗ ਤਾਂ ਇੰਨੇ ਲੰਬੇ ਹੋ ਜਾਂਦੇ ਸਨ ਕਿ ਨਾਟਕ ਭਾਸ਼ਣ ਲੱਗਣ ਲੱਗ ਪੈਂਦਾ ਸੀ। ਹਾਸੇ-ਹਾਸੇ ‘ਚ ਉਸ ਦੇ ਕਈ ਪੈਰੋਕਾਰ ਤਾਂ ਇਥੋਂ ਤੱਕ ਕਹਿ ਦਿੰਦੇ ਸਨ ਕਿ ਬਾਬੇ ਨਾਟਕ ‘ਚ ਭਾਸ਼ਣ ਅਤੇ ਭਾਸ਼ਣ ‘ਚ ਨਾਟਕ ਕਰ ਜਾਂਦੇ ਹਨ।
ਮਾਰਚ ਦਾ ਮਹੀਨਾ ਆਮ ਤੌਰ ‘ਤੇ ਪੰਜਾਬੀਆਂ ਲਈ ਸ਼ਹੀਦੀ ਸਮਾਗਮਾਂ ਦਾ ਮਹੀਨਾ ਹੁੰਦਾ ਹੈ। ਪੰਜਾਬ ਸਮੇਤ ਜਿਥੇ ਕਿਤੇ ਵੀ ਪੰਜਾਬੀ ਵਸਦੇ ਹਨ, ਉਥੇ ਇਹ ਸਮਾਗਮ ਬੜੀ ਸ਼ਾਨ-ਓ-ਸ਼ੌਕਤ ਨਾਲ ਮਨਾਏ ਜਾਂਦੇ ਹਨ; ਭਾਵੇਂ ਇਹ ਅਮਰੀਕਾ ਹੈ, ਕੈਨੇਡਾ ਹੈ, ਇੰਗਲੈਂਡ ਜਾਂ ਕੋਈ ਹੋਰ ਮੁਲਕ। ਸ਼ਾਇਦ ਇਸ ਦਾ ਵੱਡਾ ਕਾਰਨ ਇਹ ਹੋਵੇ ਕਿ ਗਦਰ ਲਹਿਰ ਦੇ ਲਗਭਗ ਸਾਰੇ ਆਗੂਆਂ ਦਾ ਸਬੰਧ ਪੰਜਾਬ ਨਾਲ ਸੀ ਅਤੇ ਭਗਤ ਸਿੰਘ ਤੇ ਉਸ ਦੇ ਸਾਥੀ ਵੀ ਪੰਜਾਬੀ ਸਨ ਜਿਨ੍ਹਾਂ ਨੂੰ ਮਾਰਚ ਮਹੀਨੇ ਫਾਂਸੀ ਲਾਈ ਗਈ ਸੀ। ਇਹ ਪ੍ਰੋਗਰਾਮ ਆਮ ਤੌਰ Ḕਤੇ ਇੰਨੇ ਜੋਸ਼ੀਲੇ ਹੁੰਦੇ ਹਨ ਕਿ ਸਰੋਤਿਆਂ ਨੂੰ ਇਨਕਲਾਬੀ ਉਤਸ਼ਾਹ ਨਾਲ ਓਤ-ਪੋਤ ਕਰ ਦਿੰਦੇ ਹਨ। ਕਈ ਜਜ਼ਬਾਤੀ ਲੋਕ ਤਾਂ ਇਥੋਂ ਤੱਕ ਕਹਿ ਦਿੰਦੇ ਹਨ ਕਿ ਜੇ ਉਹ ਸਰਾਭੇ ਜਾਂ ਭਗਤ ਸਿੰਘ ਦੇ ਸਮਿਆਂ ‘ਚ ਪੈਦਾ ਹੋਏ ਹੁੰਦੇ ਤਾਂ ਉਨ੍ਹਾਂ ਇਨ੍ਹਾਂ ਸ਼ਹੀਦ ਦੇ ਨਾਲ ਹੋਣਾ ਸੀ। ਉਨ੍ਹਾਂ ਦੀ ਸੋਚ ਤੋਂ ਇਉਂ ਲਗਦਾ ਹੈ ਜਿਵੇਂ ਹੁਣ ਮੁਲਕ ‘ਚੋਂ ਸਭ ਅਲਾਮਤਾਂ ਖ਼ਤਮ ਹੋ ਗਈਆਂ ਹੋਣ ਤੇ ਨਾਲ ਹੀ ਕੁਰਬਾਨੀਆਂ ਦਾ ਮੌਸਮ ਵੀ ਖ਼ਤਮ ਹੋ ਗਿਆ ਹੋਵੇ, ਪਰ ਐਸਾ ਨਹੀਂ ਹੈ। ਭਾਰਤ ਵਿਚ ਅੱਜ ਵੀ ਐਸਾ ਕੁਝ ਵਾਪਰ ਰਿਹਾ ਹੈ ਜੋ ਜਮਹੂਰੀ ਮੁਲਕ ਵਿਚ ਬਿਲਕੁਲ ਵੀ ਨਹੀਂ ਵਾਪਰਨਾ ਚਾਹੀਦਾ। ਕੁਝ ਵਿਅਕਤੀ ਤੇ ਤਨਜ਼ੀਮਾਂ ਹਨ ਜੋ ਇਸ ਬੇਇਨਸਾਫੀ ਖਿਲਾਫ ਲੜ ਵੀ ਰਹੇ ਹਨ, ਜਾਨਾਂ ਵੀ ਵਾਰ ਰਹੇ ਹਨ। ਮਿਸਾਲ ਵਜੋਂ ਸਾਧਾਰਨ ਬੰਦੇ ਲਈ ਕਾਨੂੰਨ ਹੈ ਕਿ ਜੇ ਉਸ ਉਤੇ ਕੋਈ ਦੋਸ਼ ਹੈ ਤਾਂ ਉਹ ਜੇਲ੍ਹ ਜਾਏਗਾ ਤੇ ਉਨੀ ਦੇਰ ਜੇਲ੍ਹ ‘ਚ ਰਹੇਗਾ ਜਿੰਨਾ ਚਿਰ ਉਹ ਅਦਾਲਤ ‘ਚ ਆਪਣੇ ਆਪ ਨੂੰ ਨਿਰਦੋਸ਼ ਸਿੱਧ ਨਹੀਂ ਕਰਦਾ; ਪਰ ਕਿਸੇ ਐਮæਪੀæ ਜਾਂ ਐਮæਐਲ਼ਏæ ਉਤੇ ਜੇ ਕੋਈ ਦੋਸ਼ ਲਗਦਾ ਹੈ ਤਾਂ ਉਸ ਨੂੰ ਉਨ੍ਹਾਂ ਚਿਰ ਦੋਸ਼ੀ ਨਹੀਂ ਕਿਹਾ ਜਾ ਸਕਦਾ, ਜਿੰਨਾ ਚਿਰ ਮੁਲਕ ਦੀ ਆਖਰੀ ਅਦਾਲਤ ਉਸ ਨੂੰ ਦੋਸ਼ੀ ਨਹੀਂ ਠਹਿਰਾ ਦਿੰਦੀ। ਉਨਾ ਚਿਰ ਉਹ ਸਾਰੇ ਅਹੁਦੇ ਅਤੇ ਸਹੂਲਤਾਂ ਮਾਣ ਸਕਦਾ ਹੈ। ਇਥੋਂ ਤੱਕ ਕਿ ਆਖਰੀ ਅਦਾਲਤ ਵੱਲੋਂ ਦੋਸ਼ੀ ਸਿੱਧ ਹੋ ਕੇ ਅਤੇ ਸਜ਼ਾਯਾਫਤਾ ਹੋ ਕੇ ਵੀ ਉਹ ਸਜ਼ਾ ਸਸਪੈਂਡ ਕਰਵਾ ਕੇ ਅਹੁਦੇ Ḕਤੇ ਕਾਇਮ ਰਹਿ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਕਤਲ ਕੇਸ ਵਿਚ ਚਾਰ ਸਾਲ ਦੀ ਸਜ਼ਾ ਹੋਈ ਹੈ, ਪਰ ਉਹ ਸਜ਼ਾ ਸਸਪੈਂਡ ਕਰਵਾ ਕੇ ਅੱਜ ਵੀ ਪਾਰਲੀਮੈਂਟ ਵਿਚ ਬੈਠਾ ਤਾੜੀਆਂ ਮਾਰ ਰਿਹਾ ਹੈ।
ਮਨਮੋਹਨ ਸਿੰਘ ਸਰਕਾਰ ਨੇ 15 ਜੂਨ 2005 ਨੂੰ ਆਰæਟੀæਆਈæ (ਰਾਈਟ ਟੂ ਇਨਫਰਮੇਸ਼ਨ) ਨਾਂ ਦਾ ਬਿੱਲ ਪਾਸ ਕੀਤਾ ਜੋ 12 ਅਕਤੂਬਰ 2005 ਨੂੰ ਕਾਨੂੰਨ ਬਣ ਕੇ ਲਾਗੂ ਹੋ ਗਿਆ। ਇਸ ਦੇ ਲਾਗੂ ਹੋਣ ਨਾਲ ਆਮ ਸ਼ਹਿਰੀਆਂ ਨੂੰ ਅਧਿਕਾਰ ਮਿਲ ਗਿਆ ਕਿ ਉਹ ਅਰਜ਼ੀ ਦੇ ਕੇ ਕਿਸੇ ਸਰਕਾਰੀ ਮਹਿਕਮੇ ਜਾਂ ਕਰਮਚਾਰੀ ਬਾਰੇ ਜਾਣਕਾਰੀ ਲੈ ਸਕਣ। ਕੁਝ ਸੁਰੱਖਿਆ ਮਹਿਕਮਿਆਂ ਤੇ ਵੱਡੇ ਅਧਿਕਾਰੀਆਂ ਨੂੰ ਛੱਡ ਕੇ ਸਭ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਕਾਨੂੰਨ ਨੇ ਮਨੁੱਖੀ ਹੱਕਾਂ ਲਈ ਅਤੇ ਕੁਰੱਪਸ਼ਨ ਖਿਲਾਫ਼ ਲੜ ਰਹੇ ਲੋਕਾਂ ‘ਚ ਨਵੀਂ ਰੂਹ ਫੂਕ ਦਿੱਤੀ। ਧੜਾ-ਧੜ ਵੱਡੇ ਵੱਡੇ ਅਦਾਰਿਆਂ ‘ਚ ਕੁਰੱਪਸ਼ਨ ਦਾ ਪਰਦਾਫਾਸ਼ ਹੋਣ ਲੱਗਾ। ਜਿਹੜੇ ਮਹਿਕਮੇ ਜਾਂ ਲੋਕ ਇਸ ਕਾਨੂੰਨ ਦੀ ਮਾਰ ਤੋਂ ਬਾਹਰ ਸਨ, ਉਨ੍ਹਾਂ ਨੂੰ ਇਸ ਦੇ ਘੇਰੇ ‘ਚ ਲਿਆਉਣ ਲਈ ਮੁਹਿੰਮਾਂ ਸ਼ੁਰੂ ਹੋ ਗਈਆਂ। ਅੰਨਾ ਹਜ਼ਾਰੇ ਦੀ ਸਖ਼ਤ ਲੋਕ ਪਾਲ ਦੀ ਮੰਗ ਵੀ ਇਸ ਮੁਹਿੰਮ ਦੀ ਦੇਣ ਹੈ। ਦਿੱਲੀ ਦੇ ਇਕ ਕੱਪੜਾ ਵਪਾਰੀ ਸੁਭਾਸ਼ ਅਗਰਵਾਲ ਨੇ ਐਸੀ ਅਣਥੱਕ ਮਿਹਨਤ ਕੀਤੀ ਕਿ ਸਰਕਾਰ ਨੂੰ ਮਨਿਸਟਰਾਂ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਕਾਨੂੰਨ ਦੇ ਘੇਰੇ ‘ਚ ਲਿਆਉਣਾ ਪਿਆ। ਆਰæਟੀæਆਈæ ਕਾਰਕੁਨਾਂ ਦੀ ਬਦੌਲਤ ਏæ ਰਾਜਾ ਵਰਗੇ ਮਨਿਸਟਰ ਅਤੇ ਮਧੂ ਕੌੜਾ ਵਰਗੇ ਚੀਫ਼ ਮਨਿਸਟਰ ਜੇਲ੍ਹਾਂ ‘ਚ ਤੁੰਨ ਦਿੱਤੇ ਗਏ, ਪਰ ਇਹ ਵੀ ਸਚਾਈ ਹੈ ਕਿ ਆਰæਟੀæਆਈæ ਕਾਰਕੁਨਾਂ ਦਾ ਕੰਮ ਅੱਗ ਨਾਲ ਖੇਡਣ ਤੋਂ ਘੱਟ ਨਹੀਂ। ਜਿਨ੍ਹਾਂ ਲੋਕਾਂ ਦੀ ਕੁਰੱਪਸ਼ਨ ਦਾ ਇਹ ਕਾਰਕੁਨ ਪਰਦਾਫਾਸ਼ ਕਰਦੇ ਹਨ, ਉਹ ਧਨੀ ਵੀ ਹਨ ਤੇ ਸ਼ਕਤੀਸ਼ਾਲੀ ਵੀ। ਇਹੋ ਕਾਰਨ ਹੈ ਕਿ ਜਨਵਰੀ 2010 ਤੋਂ ਲੈ ਕੇ ਅਕਤੂਬਰ 2011 ਤੱਕ ਸਿਰਫ਼ 20 ਮਹੀਨਿਆਂ ਵਿਚ ਆਰæਟੀæਆਈæ ਲਹਿਰ ਨਾਲ ਸਬੰਧਤ 12 ਕਾਰਕੁਨ ਕਤਲ ਕਰ ਦਿੱਤੇ ਗਏ ਜਿਨ੍ਹਾਂ ‘ਚ ਭੁਪਾਲ ਦੀ 38 ਸਾਲਾ ਸ਼ਹਿਲਾ ਮਸੂਦ ਵੀ ਸੀ ਅਤੇ 40 ਕਾਰਕੁਨਾਂ ਉਤੇ ਜਾਨਲੇਵਾ ਹਮਲੇ ਹੋਏ ਹਨ। ਇਹ ਲੜਾਈ ਕਿਸੇ ਇਨਕਲਾਬੀ ਸੰਘਰਸ਼ ਤੋਂ ਘੱਟ ਨਹੀਂ। ਇਨ੍ਹਾਂ ਲੋਕਾਂ ਦਾ ਇਨ੍ਹਾਂ ਸ਼ਹੀਦੀ ਸਮਾਗਮਾਂ ‘ਚ ਜ਼ਿਕਰ ਵੀ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਹੈ।
ਭਾਰਤ ‘ਚ ਅਜੋਕੇ ਸਮਿਆਂ ਦੀ ਸਭ ਤੋਂ ਵੱਡੀ ਅਲਾਮਤ ਹੈ ਆਮ ਲੋਕਾਂ ਦਾ ਰੂਹਾਨੀ ਸੋਸ਼ਣ। ਤੁਸੀਂ ਸਵੇਰੇ 4-5 ਵਜੇ ਕਿਸੇ ਵੀ ਭਾਰਤੀ ਭਾਸ਼ਾ ਦਾ ਚੈਨਲ ਖੋਲ੍ਹ ਲਉ, ਉਥੇ ਤੁਹਾਨੂੰ ਕੋਈ ਨਾ ਕੋਈ ਬਾਬਾ ਜਾਂ ਬਾਬੀ ਐਸੇ-ਐਸੇ ਰੂਹਾਨੀ ਸੰਦੇਸ਼ ਦਿੰਦੇ ਦਿਸਣਗੇ ਜਿਵੇਂ ਹੁਣੇ-ਹੁਣੇ ਅਗਲੇ ਜਹਾਨੋਂ ਹੋ ਕੇ ਆਏ ਹੋਣ। ਜਗ੍ਹਾ-ਜਗ੍ਹਾ ਡੇਰੇ ਵੀ ਲੋਕਾਂ ਦੇ ਸਭ ਦੁੱਖਾਂ ਦਾ ਦਾਰੂ ਕਰਦੇ ਦਿਸਣਗੇ। ਵੱਡੇ-ਵੱਡੇ ਨੇਤਾ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ ਅਤੇ ਟੂਣੇ-ਟਾਮਣਾਂ ਦੇ ਚੱਕਰਾਂ ‘ਚ ਫਸੇ ਦਿਸਣਗੇ। ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਸੋਨੀਆ ਗਾਂਧੀ ਤੇ ਐਲ਼ਕੇæ ਅਡਵਾਨੀ ਬਾਕਾਇਦਾ ਹਵਨ ਕਰਵਾ ਕੇ ਲੋਕ ਸਭਾ ਦੀ ਚੋਣ ਲਈ ਕਾਗਜ਼ ਭਰਨ ਗਏ। ਲੋਕ ਆਪਣੇ ਦੁੱਖ, ਤਕਲੀਫਾਂ ਦੇ ਅਸਲੀ ਕਾਰਨ ਸਮਝਣ ਤੇ ਉਨ੍ਹਾਂ ਦਾ ਠੀਕ ਹੱਲ ਲੱਭਣ ਦੀ ਬਜਾਏ ਧਾਰਮਿਕ ਸਥਾਨਾਂ Ḕਤੇ ਮੱਥੇ ਰਗੜ ਕੇ ਜਾਂ ਜੋਤਸ਼ੀਆਂ ਦੇ ਦੱਸੇ ਉਪਾਅ ਕਰ ਕੇ ਆਪਣੇ ਜੀਵਨ ਦੀਆਂ ਉਲਝਣਾਂ ਹੱਲ ਕਰਨਾ ਚਾਹੁੰਦੇ ਹਨ। ਅਖ਼ਬਾਰਾਂ ਰਸਾਲਿਆਂ ‘ਚ ਹੋਰ ਕੁਝ ਹੋਵੇ ਨਾ ਹੋਵੇ, ਰਾਸ਼ੀ ਫਲ ਜ਼ਰੂਰ ਪੜ੍ਹਨ ਨੂੰ ਮਿਲੇਗਾ। ਸਮਾਜ ਨੂੰ ਹਾਂ-ਪੱਖੀ ਤੇ ਉਸਾਰੂ ਸਮਾਜ ਬਣਾਉਣ ਲਈ ਐਸੇ ਨਖਿਧ ਤੇ ਗੈਰ-ਵਿਗਿਆਨਕ ਰੁਝਾਨਾਂ ਨੂੰ ਠੱਲ੍ਹ ਪਾਉਣੀ ਜ਼ਰੂਰੀ ਹੈ। ਭਾਰਤ ਦੀ ਤਰਕਸ਼ੀਲ ਸੁਸਾਇਟੀ ਨੇ ਦੇਸ਼ ਵਿਚ ਇਸ ਕਿਸਮ ਦੀ ਰੂਹਾਨੀ ਲੁੱਟ ਤੋਂ ਗੈਰ-ਵਿਗਿਆਨਕ ਰੁਝਾਨ ਨੂੰ ਹਰ ਹੀਲੇ ਸਮਾਜ ‘ਚੋਂ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ, ਉਸ ਨੇ ਕੋਈ ਵੀ ਕਰਾਮਾਤ ਦਿਖਾਉਣ ਵਾਲੇ ਲਈ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਹੈ ਜੋ ਅੱਜ ਤੱਕ ਕੋਈ ਮਹਾਤਮਾ ਨਹੀਂ ਲੈ ਸਕਿਆ। ਉਨ੍ਹਾਂ ਨੂੰ ਕਈ ਵਾਰ ਆਪਣੇ ਆਪ ਨੂੰ ਪੈਗੰਬਰ ਸਮਝਣ ਵਾਲੇ ਲੋਕਾਂ ਦੇ ਚੇਲਿਆਂ ਨਾਲ ਲੜਾਈ-ਝਗੜਾ ਵੀ ਕਰਨਾ ਪਿਆ ਹੈ। ਲੋੜ ਹੈ ਐਸੇ ਅਦਾਰਿਆਂ ਤੇ ਜਥੇਬੰਦੀਆਂ ਨੂੰ ਹਰ ਤਰੀਕੇ ਨਾਲ ਉਤਸ਼ਾਹਿਤ ਕਰਨ ਦੀ, ਤਾਂ ਕਿ ਉਹ ਸਮਾਜ ਵਿਚ ਚੱਲ ਰਹੇ ਇਸ ਮਾਰੂ ਰੁਝਾਨ ਨੂੰ ਰੋਕਿਆ ਜਾ ਸਕੇ। ਪੰਜਾਬ ਵਿਚ ਅਤੇ ਪੰਜਾਬ ਤੋਂ ਬਾਹਰ ਹੋਣ ਵਾਲੇ ਇਨ੍ਹਾਂ ਸ਼ਹੀਦੀ ਸਮਾਗਮ ਵਿਚ ਭਾਰਤ ‘ਚ ਰੂਹਾਨੀਅਤ ਦੇ ਨਾ Ḕਤੇ ਚੱਲ ਰਹੇ ਇਸ ਫਰਾਡ ਦਾ ਭਾਸ਼ਣਾਂ, ਗੀਤਾਂ ਜਾਂ ਨਾਟਕਾਂ ਰਾਹੀਂ ਪਰਦਾਫਾਸ਼ ਹੋਣ ਚਾਹੀਦਾ ਹੈ ਅਤੇ ਇਸ ਫਰਾਡ ਨੂੰ ਰੋਕਣ ਵਿਚ ਲੱਗੀਆਂ ਤਨਜ਼ੀਮਾਂ ਅਤੇ ਸ਼ਖ਼ਸੀਅਤਾਂ ਦਾ ਮਾਨ-ਸਨਮਾਨ ਹੋਣਾ ਚਾਹੀਦਾ ਹੈ। ਇਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਮੌਜੂਦਾ ਸਮਾਜ ਦਾ ਭਲਾ ਵੀ ਇਸੇ ਗੱਲ ਵਿਚ ਹੈ।

Be the first to comment

Leave a Reply

Your email address will not be published.