ਅਕਾਲੀਆਂ ਨੂੰ ਸਿੱਖ ਮੁੱਦਿਆਂ ਅਤੇ ਭਾਜਪਾ ਨੂੰ ਹਿੰਦੂਤਵ ਦਾ ਹੇਜ!
-ਜਤਿੰਦਰ ਪਨੂੰ
ਭਾਰਤ ਵਿਚ ਹਿੰਦੂਤਵ ਦੇ ਪੱਕੇ ਰਾਜ ਦੀ ਸਥਾਪਤੀ ਦੇ ਸੁਫਨੇ ਨਾਲ ਬਣਾਏ ਗਏ ਰਾਸ਼ਟਰੀ ਸੋਇਮ ਸੇਵਕ ਸੰਘ (ਆਰ. ਐਸ਼ ਐਸ਼) ਦੇ ਮੁਖੀ ਮੋਹਣ ਭਾਗਵਤ ਨੇ ਵੀਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਅਤੇ ਅਗਲੇ ਦਿਨ ਆਰ. ਐਸ਼ ਐਸ਼ ਦੇ ਬੁਲਾਰੇ ਭਈਆ ਜੀ ਜੋਸ਼ੀ ਨੇ ਵਿਚਲੀ ਗੱਲ ਸ਼ੱਰੇਆਮ ਕਹਿ ਦਿੱਤੀ। ਪੱਤਰਕਾਰਾਂ ਮੂਹਰੇ ਉਸ ਨੇ ਸਾਫ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਅਯੁੱਧਿਆ ਦੇ ਰਾਮ ਮੰਦਿਰ ਦੀ ਉਸਾਰੀ ਛੇਤੀ ਹੋਵੇ। ਫੈਸਲੇ ਵਿਚ ਹੁੰਦੀ ਦੇਰੀ ਨਾਲ ਹਿੰਦੂਆਂ ਦਾ ਅਪਮਾਨ ਹੁੰਦਾ ਹੈ। ਸਾਨੂੰ ਆਸ ਸੀ ਕਿ ਅਦਾਲਤ ਹਿੰਦੂ ਭਾਵਨਾਵਾਂ ਬਾਰੇ ਸੋਚ ਕੇ ਫੈਸਲਾ ਕਰੇਗੀ, ਪਰ ਇਸ ਨੂੰ ਸੱਤ ਸਾਲ ਲੰਘ ਚੁਕੇ ਹਨ, ਇਸ ਦੀ ਹੋਰ ਉਡੀਕ ਕਰਨਾ ਠੀਕ ਨਹੀਂ। ਲੋੜ ਪਈ ਤਾਂ 1992 ਵਰਗਾ ਰਾਮ ਮੰਦਿਰ ਅੰਦੋਲਨ ਕੀਤਾ ਜਾਏਗਾ।”
ਅਸਲ ਵਿਚ ਇਹ ਬਿਆਨ ਘੱਟ ਅਤੇ ਧਮਕੀ ਵੱਧ ਹੈ। ਦੇਸ਼ ਦੀ ਹੁਕਮਰਾਨ ਪਾਰਟੀ ਦੀ ਕਾਰਜ ਸ਼ਕਤੀ ਮੰਨੇ ਜਾਂਦੇ ਸੰਗਠਨ ਦੀ ਇਹ ਧਮਕੀ ਬਹੁਤ ਵੱਡੇ ਸੰਕੇਤ ਦੇਣ ਵਾਲੀ ਹੈ।
ਦੂਜੇ ਪਾਸੇ ਪੰਜਾਬ ਵਿਚ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਮੁੱਦਿਆਂ ਨੂੰ ਉਛਾਲ ਕੇ ਰਾਜ ਸਰਕਾਰ ਦੇ ਖਿਲਾਫ ਇੱਕ ਮੋਰਚਾ ਲਾਉਣ ਦਾ ਢਕਵੰਜ ਜਿਹਾ ਕੀਤਾ ਹੈ। ਮਾਮਲੇ ਦੋ ਉਠਾਏ ਹਨ। ਪਹਿਲਾ, ਸਕੂਲਾਂ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਨਾਲ ਛੇੜ-ਛੇੜ ਹੋਈ ਹੋਣ ਦਾ ਹੈ, ਜਿਸ ਬਾਰੇ ਚੋਣਵੇਂ ਇਤਿਹਾਸਕਾਰ ਕਹਿੰਦੇ ਹਨ ਕਿ ਅਸਲ ਵਿਚ ਉਹ ਗੱਲ ਨਹੀਂ, ਜੋ ਅਕਾਲੀ ਆਗੂ ਕਹਿੰਦੇ ਹਨ। ਨਾਲ ਦੂਜੇ ਪਾਸੇ ਇਹ ਕਹਿਣ ਵਾਲੇ ਸੱਜਣ ਵੀ ਹਨ ਕਿ ਸਿੱਖ ਇਤਿਹਾਸ ਵਿਚ ਅੱਜ ਤੱਕ ਸਭ ਤੋਂ ਵੱਡੀ ਗਲਤੀ ਜੇ ਕਿਸੇ ਨੇ ਕੀਤੀ ਸੀ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੰਦੀ ਦੀ ਕਿਤਾਬ ‘ਸਿੱਖ ਇਤਿਹਾਸ’ ਵਿਚ ਗੰਦ-ਮੰਦ ਛਾਪ ਕੇ ਕੀਤੀ ਸੀ। ਵਿਵਾਦ ਛਿੜਨ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਖੁਦ ਹੀ ਕਿਤਾਬ ਵਾਪਸ ਲੈ ਕੇ ਇੱਕ ਜਾਂਚ ਕਮੇਟੀ ਬਣਾਈ ਸੀ, ਜਿਸ ਦੀ ਅਠਾਰਾਂ ਸਾਲਾਂ ਪਿੱਛੋਂ ਵੀ ਰਿਪੋਰਟ ਪੇਸ਼ ਨਹੀਂ ਹੋ ਸਕੀ।
ਦੂਜਾ ਮੁੱਦਾ ਅਕਾਲੀ ਦਲ ਨੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖਾਂ ਦੇ ਕਤਲਾਂ ਦਾ ਚੁੱਕਿਆ ਤੇ ਇਨਸਾਫ ਦੀ ਮੰਗ ਲਈ ਮੋਰਚਾ ਲਾਉਣ ਦੀ ਗੱਲ ਕਹੀ ਹੈ। ਉਸ ਕਤਲੇਆਮ ਦਾ ਇਨਸਾਫ ਹਰ ਹਾਲਤ ਵਿਚ ਹੋਣਾ ਚਾਹੀਦਾ ਹੈ, ਪਰ ਉਹ ਇਨਸਾਫ ਨਾ ਪੰਜਾਬ ਸਰਕਾਰ ਨੇ ਕਰਨਾ ਹੈ, ਨਾ ਇਸ ਵੇਲੇ ਕਾਂਗਰਸ ਪਾਰਟੀ ਕੇਂਦਰ ਵਿਚ ਰਾਜ ਕਰਦੀ ਹੈ। ਕੇਂਦਰ ਦੀ ਸਰਕਾਰ ਭਾਜਪਾ ਦੀ ਅਗਵਾਈ ਹੇਠ ਚੱਲਦੀ ਹੈ ਤੇ ਅਕਾਲੀ ਦਲ ਦੀ ਇੱਕ ਬੀਬੀ ਵੀ ਉਸ ਸਰਕਾਰ ਵਿਚ ਮੰਤਰੀ ਹੈ। ਉਨ੍ਹਾਂ ਨੂੰ ਇਨਸਾਫ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹੀਦਾ ਹੈ। ਪਿਛਲੇ ਪੰਜ ਸਾਲਾਂ ਵਿਚ ਕਿੰਨੀ ਵਾਰੀ ਉਨ੍ਹਾਂ ਨੇ ਜ਼ੋਰ ਦਿੱਤਾ ਤੇ ਕਿੰਨਾ ਕੁ ਇਨਸਾਫ ਕਰਵਾਇਆ ਹੈ, ਇਹ ਵੀ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਦਿੱਲੀ ਦੇ ਸਿੱਖ ਆਖਦੇ ਹਨ ਕਿ ਅਕਾਲੀਆਂ ਦੀ ਦਿਲਚਸਪੀ ਇਨਸਾਫ ਹੋਣ ਵਿਚ ਹੈ ਹੀ ਨਹੀਂ, ਉਹ ਇਹ ਮੁੱਦਾ ਵੋਟਾਂ ਖਾਤਰ ਜ਼ਿੰਦਾ ਰੱਖ ਕੇ ਹਰ ਵਾਰੀ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ।
ਭਾਜਪਾ ਨੂੰ ਹੁਣ ਰਾਮ ਜੀ ਯਾਦ ਆਉਣ ਲੱਗੇ ਹਨ, ਸਾਢੇ ਚਾਰ ਸਾਲ ਰਾਜ ਕਰਦੇ ਸਮੇਂ ਯਾਦ ਨਹੀਂ ਆਏ। ਇਸ ਰਾਜ ਦੀਆਂ ਜਦੋਂ ਤ੍ਰਿਕਾਲਾਂ ਪੈਣ ਲੱਗੀਆਂ ਹਨ ਤਾਂ ਰਾਮ ਮੰਦਿਰ ਬਣਾਉਣ ਦਾ ਮੁੱਦਾ ਇੰਜ ਉਛਾਲ ਲਿਆ ਹੈ, ਜਿਵੇਂ ਪੰਜਾਬੀ ਦਾ ਮੁਹਾਵਰਾ ‘ਬੂਹੇ ਖੜੋਤੀ ਜੰਨ, ਵਿੰਨ੍ਹੋ ਕੁੜੀ ਦੇ ਕੰਨ’ ਸੱਚਾ ਸਾਬਤ ਕਰਨ ਦਾ ਇਰਾਦਾ ਹੋਵੇ। ਉਹ ਅਦਾਲਤਾਂ ਨੂੰ ਲੋਕਾਂ ਦੀ ਸ਼ਰਧਾ ਮੁਤਾਬਕ ਫੈਸਲਾ ਕਰਨ ਦੀਆਂ ਨਸੀਹਤਾਂ ਦੇ ਕੇ ਇੱਕ ਤਰ੍ਹਾਂ ਅਦਾਲਤੀ ਕਾਰਵਾਈ ਵਿਚ ਅਸਿੱਧਾ ਦਖਲ ਦੇਣ ਦਾ ਯਤਨ ਵੀ ਕਰਦੇ ਦਿਖਾਈ ਦਿੰਦੇ ਹਨ। ਦੂਜੇ ਪਾਸੇ ਬਾਬਰੀ ਮਸਜਿਦ ਢਾਹੁਣ ਵੇਲੇ ਭੀੜਾਂ ਭੜਕਾ ਕੇ ਜੋ ਕੁਝ ਕੀਤਾ ਸੀ, ਉਸ ਤਰ੍ਹਾਂ ਦਾ ਅੰਦੋਲਨ ਛੇੜਨ ਅਤੇ ਉਧੜਧੁੰਮੀ ਮਚਾਉਣ ਦੀਆਂ ਧਮਕੀਆਂ ਵੀ ਦੇਈ ਜਾ ਰਹੇ ਹਨ।
ਇਹ ਸਭ ਕੁਝ ਉਨ੍ਹਾਂ ਨੂੰ ਅਤੇ ਪੰਜਾਬ ਵਿਚ ਅਕਾਲੀ ਦਲ ਨੂੰ ਇੱਕੋ ਵੇਲੇ ਇਸ ਲਈ ਯਾਦ ਆਇਆ ਹੈ ਕਿ ਦੋਹਾਂ ਲਈ ਲੋਕਾਂ ਵਿਚ ਜਾਣ ਵਾਲਾ ਹੋਰ ਕੋਈ ਰਾਹ ਨਹੀਂ ਰਹਿ ਗਿਆ ਜਾਪਦਾ।
ਅਕਾਲੀ ਦਲ ਆਪਣੇ ਰਾਜ ਸਮੇਂ ਹੋਏ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਮਾਰ ਹੇਠ ਹੈ। ਕਿਸੇ ਵੇਲੇ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਮਿਲਣ ਅਤੇ ਇਸ ਦੇ ਆਧਾਰ ਉਤੇ ਬਾਦਲ ਪਿਓ-ਪੁੱਤ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਹੋਣ ਦਾ ਝੋਰਾ ਲੱਗਾ ਹੋਇਆ ਹੈ। ਪਹਿਲਾਂ ਤਾਂ ਰਾਜ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੇ ਉਨ੍ਹਾਂ ਦੇ ਸਿਰ ਭਾਂਡਾ ਭੰਨ ਦਿੱਤਾ ਸੀ ਤੇ ਫਿਰ ਜਦੋਂ ਤਿੰਨ ਆਈ. ਜੀ. ਇਸ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਤਾਂ ਇਹ ਚਰਚੇ ਵਧਣ ਲੱਗੇ ਹਨ ਕਿ ਹਰ ਕੋਈ ਖੁਦ ਪੱਲਾ ਛੁਡਾਉਣ ਵਾਸਤੇ ਸਾਰਾ ਦੋਸ਼ ਬਾਦਲਾਂ ਉਤੇ ਲਾਈ ਜਾ ਰਿਹਾ ਹੈ। ਉਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਰਿਹਾ ਤੇ ਪਾਰਟੀ ਅੰਦਰ ਵੀ ਢਾਈ ਦਹਾਕਿਆਂ ਬਾਅਦ ਬਾਦਲ ਪਰਿਵਾਰ ਦੀ ਸਰਦਾਰੀ ਨੂੰ ਸਿੱਧੀ ਚੁਣੌਤੀ ਮਿਲਣ ਲੱਗੀ ਹੋਣ ਕਾਰਨ ਉਨ੍ਹਾਂ ਨੇ ਆਖਰ ਨੂੰ ਲੁਕਮਾਨੀ ਹਕੀਮ ਵਾਲਾ ਨੁਸਖਾ ਵਰਤਣ ਦਾ ਯਤਨ ਕੀਤਾ ਹੈ ਕਿ ਸਿੱਖੀ ਮੁੱਦੇ ਉਤੇ ਕੋਈ ਮੋਰਚਾ ਲਾ ਦੇਈਏ।
ਰਹੀ ਗੱਲ ਭਾਜਪਾ ਵਾਲਿਆਂ ਦੀ, ਉਹ ਇੱਕ ਵਾਰ ਫਿਰ ਉਸੇ ਸਥਿਤੀ ਵਿਚ ਹਨ, ਜਿਸ ਵਿਚ ਵਾਜਪਾਈ ਸਰਕਾਰ ਦੇ ਅੰਤਲੇ ਦਿਨਾਂ ਵਿਚ ਭਾਜਪਾ ਲੀਡਰਸ਼ਿਪ ਜਾ ਉਲਝੀ ਸੀ। ਉਦੋਂ ਲੋਕ ਅੱਜ ਵਾਂਗ ਹੀ ਸਰਕਾਰ ਦੇ ਨਿਕੰਮੇਪਣ ਕਾਰਨ ਉਬਲਦੇ ਪਏ ਸਨ ਤੇ ਸਰਕਾਰ ਚਲਾਉਣ ਵਾਲਿਆਂ ਨੇ ਉਨ੍ਹਾਂ ਅੱਗੇ ‘ਭਾਰਤ ਉਦੈ’ ਅਤੇ ‘ਫੀਲ ਗੁੱਡ’ ਦੇ ਨਾਅਰੇ ਪਰੋਸਣ ਦਾ ਕੰਮ ਛੋਹਿਆ ਪਿਆ ਸੀ। ਵਾਜਪਾਈ ਸਰਕਾਰ ਦੇ ਅੰਕੜੇ ਨਰਿੰਦਰ ਮੋਦੀ ਦੀ ਸਰਕਾਰ ਤੋਂ ਵੱਧ ਜ਼ੋਰਦਾਰ ਪੇਸ਼ ਹੋ ਰਹੇ ਸਨ ਤੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਹੋਰ ਜੋ ਵੀ ਵਿਰੋਧ ਹੋਵੇ, ਵਾਜਪਾਈ ਬਾਰੇ ਕਦੀ ਕਿਸੇ ਆਗੂ ਨੇ ਏਦਾਂ ਦੇ ਸ਼ਬਦ ਨਹੀਂ ਸੀ ਕਹੇ ਕਿ ਇਹ ਲਿਫਾਫੇਬਾਜ਼ੀ ਕਰਦਾ ਜਾਂ ਝੂਠ ਦਾ ਗੁਤਾਵਾ ਗੁੰਨ੍ਹੀ ਜਾਂਦਾ ਹੈ। ਅੱਜ ਸਰਕਾਰ ਦਾ ਮੁਖੀ ਕੁਝ ਵੀ ਕਹੀ ਜਾਵੇ, ਲੋਕ ਹੱਸੀ ਜਾਂਦੇ ਹਨ, ਕਿਸੇ ਕਾਮੇਡੀ ਸ਼ੋਅ ਵਾਂਗ ਮਜ਼ੇ ਨਾਲ ਸੁਣਦੇ ਹਨ ਤੇ ਯਕੀਨ ਕਰਨ ਬਾਰੇ ਪੁਛਿਆ ਜਾਵੇ ਤਾਂ ਭਾਜਪਾ ਦੇ ਆਪਣੇ ਪੱਕੇ ਪਰਿਵਾਰ ਵੀ ਅੱਗੋਂ ਹੱਸ ਪੈਂਦੇ ਹਨ।
‘ਡੀਜਲ ਤੇ ਪੈਟਰੋਲ ਦੇ ਭਾਅ ਘੱਟ ਹੋਏ ਕਿ ਨਹੀਂ’ ਵਾਲੀ ਜਿਸ ਕਲਿੱਪ ਵਿਚ ਸਲਮਾਨ ਖਾਨ ਹੱਸਦਾ ਹੈ, ਉਹ ਭਾਰਤ ਵਿਚ ਘਰ-ਘਰ ਵਿਚ ਸੁਣੀ ਜਾ ਰਹੀ ਹੈ ਤੇ ਨਾਲ ਇਸ ਗੱਲ ਬਾਰੇ ਚਰਚਾ ਹੁੰਦੀ ਹੈ ਕਿ ਮਨਮੋਹਨ ਸਿੰਘ ਦੇ ਵਕਤ ਦਾ ਤੇ ਅੱਜ ਦਾ ਕੀ ਫਰਕ ਹੈ। ਰਾਫੇਲ ਜੰਗੀ ਜਹਾਜਾਂ ਦੇ ਇੱਕੋ ਸੌਦੇ ਨੇ ਭਾਰਤੀ ਫੌਜਾਂ ਲਈ ਖਰੀਦੇ ਗਏ ਸਾਮਾਨ ਵਿਚ ਘੁਟਾਲਿਆਂ ਵਿਚ ਅੱਜ ਤੱਕ ਹੋਏ ਸਾਰੇ ਘਪਲੇ ਬੌਣੇ ਸਾਬਤ ਕਰ ਦਿੱਤੇ ਜਾਪਦੇ ਹਨ। ਇਸ ਹਾਲਤ ਵਿਚ ਭਾਜਪਾ ਲੀਡਰਸ਼ਿਪ ਲਈ ਲੋਕਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ।
ਜਦੋਂ ਲੋਕਾਂ ਦਾ ਸਾਹਮਣਾ ਕਰਨ ਵਿਚ ਔਖ ਹੁੰਦੀ ਹੋਵੇ, ਨਿੱਤ ਦਿਨ ਆਉਂਦੇ ਸਰਵੇਖਣਾਂ ਵਿਚ ਪ੍ਰਧਾਨ ਮੰਤਰੀ ਦੀ ਹਰਮਨ ਪਿਆਰਤਾ ਨੂੰ ਖੋਰਾ ਲੱਗਦਾ ਮੰਨਿਆ ਜਾਣ ਲੱਗ ਪਿਆ ਹੋਵੇ, ਉਦੋਂ ਭਗਵਾਨ ਰਾਮ ਦਾ ਆਸਰਾ ਲੈਣ ਤੋਂ ਬਗੈਰ ਕੋਈ ਰਸਤਾ ਇਸ ਪਾਰਟੀ ਨੂੰ ਦਿਖਾਈ ਨਹੀਂ ਦੇ ਸਕਦਾ। ਇਹੋ ਕਾਰਨ ਹੈ ਕਿ ਪੰਜਾਬ ਦੇ ਅਕਾਲੀ ਲੀਡਰ ਤੇ ਦੇਸ਼ ਪੱਧਰ ਉਤੇ ਭਾਜਪਾਈ ਆਗੂ ‘ਡੁੱਬਦੀ ਨੂੰ ਤਿਨਕੇ ਦਾ ਸਹਾਰਾ’ ਵਾਲਾ ਫਾਰਮੂਲਾ ਪਰਖਣ ਦੇ ਰਾਹ ਪੈ ਗਏ ਹਨ।