ਸੋਹਣੀ ਆਪ ਡੁੱਬੀ, ਰੂਹ ਤਰਦੀ

ਸੁਖਦੇਵ ਮਾਦਪੁਰੀ
ਸੋਹਣੀ-ਮਹੀਂਵਾਲ ਦੇ ਦੁਖਾਂਤ ਤੋਂ ਭਲਾ ਕਿਹੜਾ ਪੰਜਾਬੀ ਜਾਣੂੰ ਨਹੀਂ? ਇਸ ਪ੍ਰੀਤ ਗਾਥਾ ਨੂੰ ਪੰਜਾਬੀ ਬੜੀਆਂ ਲਟਕਾਂ ਨਾਲ ਗਾਉਂਦੇ ਹਨ|

ਬਲਖ ਬੁਖਾਰੇ ਦੇ ਇਕ ਅਮੀਰ ਮਿਰਜਾ ਅਲੀ ਦਾ ਨੌਜਵਾਨ ਪੁੱਤਰ ਇੱਜਤ ਬੇਗ ਪੰਜਾਬ ਵਿਚ ਵਪਾਰ ਕਰਨ ਦੀ ਨੀਅਤ ਨਾਲ ਆਇਆ| ਉਹ ਗੁਜਰਾਤ ਦੇ ਇੱਕ ਘੁਮਾਰ ਤੁਲੇ ਦੀ ਧੀ ਸੋਹਣੀ ਤੇ ਫਿਦਾ ਹੋ ਗਿਆ| ਉਹਨੇ ਸੋਹਣੀ ਦੀ ਖਾਤਰ ਗੁਜਰਾਤ ਵਿਚ ਹੀ ਇੱਕ ਭਾਂਡਿਆਂ ਦੀ ਦੁਕਾਨ ਪਾ ਲਈ| ਉਹ ਹਰ ਰੋਜ਼ ਸੋਹਣੀ ਨੂੰ ਤੱਕਣ ਲਈ ਭਾਂਡੇ ਖਰੀਦਣ ਦੇ ਪੱਜ ਤੁਲੇ ਦੀ ਹੱਟੀ ‘ਤੇ ਜਾਂਦਾ| ਆਖਰ ਵਪਾਰ ਵਿਚ ਇੱਜਤ ਬੇਗ ਨੂੰ ਐਨਾ ਘਾਟਾ ਪੈ ਗਿਆ ਕਿ ਉਸ ਨੂੰ ਮਜਬੂਰ ਹੋ ਕੇ ਤੁਲੇ ਦੇ ਘਰ ਹੀ ਮੱਝਾਂ ਚਾਰਨ ਦੀ ਨੌਕਰੀ ਕਰਨੀ ਪੈ ਗਈ| ਉਹ ਹਰ ਰੋਜ਼ ਮੱਝਾਂ ਚਾਰਨ ਜਾਂਦਾ, ਮਗਰੇ ਸੋਹਣੀ ਭੱਤਾ ਲੈ ਟੁਰਦੀ| ਇੱਜਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਗਿਆ ਸੀ|
ਸੋਹਣੀ ਮਹੀਂਵਾਲ ਦੀ ਹੋ ਗਈ| ਦੋਹਾਂ ਦਾ ਪਿਆਰ ਦਿਨੋਂ ਦਿਨ ਗੂੜ੍ਹਾ ਹੁੰਦਾ ਗਿਆ, ਪਰ ਉਨ੍ਹਾਂ ਦੇ ਪਿਆਰ ਨੂੰ ਹੋਰਨਾਂ ਆਸ਼ਕਾਂ ਵਾਂਗ ਸਮਾਜ ਨੇ ਜਰਿਆ ਨਾ| ਲੋਕਾਂ ਨੇ ਸੋਹਣੀ ਦੇ ਮਾਂ-ਬਾਪ ਪਾਸ ਉਨ੍ਹਾਂ ਦੇ ਪਿਆਰ ਬਾਰੇ ਸ਼ਿਕਾਇਤਾਂ ਕੀਤੀਆਂ, ਉਲਾਂਭੇ ਦਿੱਤੇ| ਮਹੀਂਵਾਲ ਨੂੰ ਨੌਕਰੀਓਂ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਘੁਮਾਰਾਂ ਦੇ ਇਕ ਹੋਰ ਮੁੰਡੇ ਨਾਲ ਵਿਆਹ ਦਿੱਤਾ|
ਸੋਹਣੀ, ਮਹੀਂਵਾਲ ਲਈ ਤੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿਚ ਹੰਝੂ ਕੇਰਦਾ ਰਿਹਾ| ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ|
ਇੱਜਤ ਬੇਗ ਤੋਂ ਮਹੀਂਵਾਲ ਬਣਿਆ ਮਹੀਂਵਾਲ, ਮਹੀਂਵਾਲੋਂ ਫਕੀਰ ਬਣ ਗਿਆ ਅਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇੱਕ ਮੀਲ ਦੀ ਦੂਰੀ ‘ਤੇ ਝਨਾਂ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ|
ਸੋਹਣੀ ਆਪਣੇ ਸਹੁਰਿਆਂ ਦੇ ਘਰੋਂ ਰਾਤ ਸਮੇਂ ਚੋਰੀ ਮਹੀਂਵਾਲ ਨੂੰ ਮਿਲਣ ਲਈ ਦਰਿਆ ਕੰਢੇ ‘ਤੇ ਪੁੱਜ ਜਾਂਦੀ। ਮਹੀਂਵਾਲ ਦਰਿਆ ਪਾਰ ਕਰਕੇ ਉਸ ਨੂੰ ਆਣ ਮਿਲਦਾ| ਉਹ ਆਪਣੇ ਨਾਲ ਮੱਛੀ ਦਾ ਮਾਸ ਲਈ ਆਉਂਦਾ| ਕਿਹਾ ਜਾਂਦਾ ਹੈ ਕਿ ਇਕ ਦਿਨ ਮਹੀਂਵਾਲ ਨੂੰ ਮੱਛੀਆਂ ਨਾ ਮਿਲੀਆਂ, ਉਹਨੇ ਆਪਣਾ ਪੱਟ ਚੀਰ ਕੇ ਕਬਾਬ ਬਣਾ ਲਿਆ| ਸੋਹਣੀ ਉਸ ਦਿਨ ਤੋਂ ਦਰਿਆ ਪਾਰ ਕਰਕੇ ਆਪਣੇ ਮਹੀਂਵਾਲ ਦੀ ਝੁੱਗੀ ਵਿਚ ਜਾਣ ਲੱਗ ਪਈ| ਸੋਹਣੀ ਦੀ ਸੱਸ ਨੂੰ ਉਹਦੇ ਰਾਤ ਸਮੇਂ ਘੜੇ ਰਾਹੀਂ ਦਰਿਆ ਪਾਰ ਕਰਕੇ ਜਾਣ ਦਾ ਪਤਾ ਲੱਗ ਗਿਆ| ਇਕ ਰਾਤ ਉਨ੍ਹਾਂ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ|
ਸੋਹਣੀ ਕੱਚੇ ਘੜੇ ਨਾਲ ਤੂਫਾਨੀ ਦਰਿਆ ਵਿਚ ਠਿਲ੍ਹ ਪਈ| ਘੜਾ ਖੁਰ ਗਿਆ ਤੇ ਸੋਹਣੀ ਅੱਧ ਵਿਚਾਲੇ ਡੁੱਬ ਮੋਈ| ਮਹੀਂਵਾਲ ਨੇ ਡੁਬਦੀ ਸੋਹਣੀ ਦੀ ਚੀਕ ਸੁਣੀ ਅਤੇ ਆਪ ਵੀ ਮਗਰੇ ਛਾਲ ਮਾਰ ਦਿੱਤੀ| ਦੋਵੇਂ ਪਿਆਰੇ ਝਨਾਂ ਦੀਆਂ ਤੁਫਾਨੀ ਲਹਿਰਾਂ ਵਿਚ ਰੁੜ੍ਹ ਗਏ।
ਪੰਜਾਬ ਦੀ ਗੋਰੀ ਇਸ ਪ੍ਰੀਤ ਕਥਾ ਨੂੰ ਆਪਣੇ ਲੋਕ ਗੀਤਾਂ ਵਿਚ ਗਾਉਂਦੀ ਹੈ। ਗੋਰੀ ਹਾਰ ਸ਼ਿੰਗਾਰ ਲਾ ਕੇ ਗਿੱਧੇ ਵਿਚ ਪੁੱਜ ਜਾਂਦੀ ਹੈ| ਉਹਦਾ ਨੱਚਦੀ ਦਾ ਚਾਅ ਝਲਿਆ ਨੀ ਜਾਂਦਾ, ਹਰ ਪਾਸੇ ਉਹਨੂੰ ਆਪਣਾ ਮਹੀਂਵਾਲ ਹੀ ਨਜ਼ਰ ਆਉਂਦਾ ਹੈ:
ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ।
ਗਿੱਧੇ ਵਿਚ ਉਹ ਹਸ ਹਸ ਆਵੇ
ਮਹੀਂਵਾਲ ਮਹੀਂਵਾਲ ਗਾਵੇ।
ਸੋਹਣੀ ਦੀ ਠੋਡੀ ‘ਤੇ
ਮਛਲੀ ਹੁਲਾਰੇ ਖਾਵੇ।
ਆਪਣੇ ਮਹੀਂਵਾਲ ਨਾਲ ਨਿਹੁੰ ਲਾਉਣ ਕਰਕੇ ਉਸ ਨੂੰ ਜਿਹੜੇ ਦੁੱਖ ਝਲਣੇ ਪੈਂਦੇ ਹਨ, ਉਨ੍ਹਾਂ ਦੀ ਚੁਣੌਤੀ ਵੀ ਦੇ ਜਾਂਦੀ ਹੈ:
ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ,
ਸੁਣ ਲੈ ਨਿਹੁੰ ਦੇ ਝੇੜੇ।
ਕੱਚਾ ਭੂਤਨਾ ਬਣ ਕੇ ਚਿੰਬੜਦਾ,
ਨਿਹੁੰ ਨੂੰ ਜਿਹੜਾ ਛੇੜੇ।
ਛੱਤੀ ਕੋਠੜੀਆ ਨੌਂ ਦਰਵਾਜੇ,
ਜਿੱਥੇ ਨਿਹੁੰ ਦੇ ਡੇਰੇ।
ਸੋਹਣੀ ਪੁੱਛੇ ਮਹੀਂਵਾਲ ਨੂੰ,
ਕੀ ਹਾਲ ਆ ਗਭਰੂਆ ਤੇਰੇ।
ਮਹੀਂਵਾਲ ਨੂੰ ਵੀ ਆਪਣੀ ਸੋਹਣੀ ਦੀ ਸੂਰਤ ਪਿਆਰੀ-ਪਿਆਰੀ ਲਗਦੀ ਹੈ, ਚੰਗੀ-ਚੰਗੀ ਲੱਗਦੀ ਹੈ:
ਮੱਥਾ ਤੇਰਾ ਚੌਰਸ ਖੂੰਜਾ,
ਜਿਉਂ ਮੱਕੀ ਦੇ ਕਿਆਰੇ।
ਉਠ ਖੜ੍ਹ ਸੋਹਣੀਏਂ ਨੀ,
ਮਹੀਂਵਾਲ ਹਾਕਾਂ ਮਾਰੇ।
ਉਹ ਉਸ ਨੂੰ ਜਦੋਂ ਹਸਦੀ ਵੇਖਦਾ ਹੈ ਤਾਂ ਉਹਦਾ ਮਨ ਖਿੜ ਜਾਂਦਾ ਹੈ| ਉਹਦੇ ਬੋਲ ਉਹਦੇ ਕੰਨਾਂ ਵਿਚ ਕੋਈ ਮਿਸ਼ਰੀ ਘੋਲ ਜਾਂਦੇ ਹਨ| ਉਹ ਸੁਆਦ-ਸਆਦ ਹੋਇਆ ਗਾ ਉਠਦਾ ਹੈ:
ਤੂੰ ਹੱਸਦੀ ਦਿਲ ਰਾਜੀ ਮੇਰਾ,
ਲਗਦੇ ਨੇ ਬੋਲ ਪਿਆਰੇ।
ਚਲ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ।
ਲੁਕ-ਲੁਕ ਲਾਈਆਂ ਪਰਗਟ ਹੋਈਆਂ,
ਵੱਜ ਗਏ ਢੋਲ ਨਗਾਰੇ।
ਸੋਹਣੀਂਏਂ ਆ ਜਾ ਨੀ,
ਡੁੱਬਦਿਆਂ ਨੂੰ ਰੱਬ ਤਾਰੇ।
ਉਹ ਮਹੀਂਵਾਲ ਦੇ ਪੱਟ ਚੀਰਨ ਦੀ ਘਟਨਾ ਨੂੰ ਬਿਆਨਦਾ ਆਪਣੇ ਆਪ ਨੂੰ ਮਹੀਂਵਾਲ ਸਮਝਦਾ ਹੈ:
ਮਹੀਂਵਾਲ ਨੇ ਕਰੀ ਤਿਆਰੀ,
ਮੋਢੇ ਜਾਲ ਟਿਕਾਇਆ।
ਲੀੜੇ ਲਾਹ ਕੇ ਰੱਖੇ ਪੱਤਣ ‘ਤੇ,
ਜਾਲ ਚੁਫੇਰੇ ਲਾਇਆ।
ਅੱਗੇ ਤਾਂ ਮਛਲੀ ਸੌ-ਸੌ ਫਸਦੀ,
ਅੱਜ ਲੋਹੜਾ ਕੀ ਆਇਆ।
ਯਾਰ ਮੇਰੇ ਨੇ ਮੰਗਣਾ ਗੋਸ਼ਤ,
ਮੈਨੂੰ ਨਹੀਂ ਥਿਆਇਆ।
ਲੈ ਕੇ ਫਿਰ ਨਾਮ ਗੁਰਾਂ ਦਾ,
ਚੀਰਾ ਪੱਟ ਨੂੰ ਲਾਇਆ।
ਡੇਢ ਸੇਰ ਜਾ ਕੱਢ ਲਿਆ ਗੋਸ਼ਤ,
ਵਿਚ ਥਾਲ ਦੇ ਪਾਇਆ।
ਲੈ ਕੇ ਮਹੀਂਵਾਲ ਤੁਰ ਪਿਆ,
ਕੋਲ ਸੋਹਣੀ ਦੇ ਆਇਆ।
ਖਾਤਰ ਸੋਹਣੀ ਦੀ,
ਪੱਟ ਚੀਰ ਕਬਾਬ ਬਣਾਇਆ।
ਪੰਜਾਬ ਦੀ ਗੋਰੀ ਸੋਹਣੀ ਦੇ ਕੱਚੇ ਘੜੇ ‘ਤੇ ਦਰਿਆ ਨੂੰ ਪਾਰ ਕਰਨ ਦੇ ਬਿਰਤਾਂਤ ਨੂੰ ਬੜੇ ਦਰਦੀਲੇ ਸ਼ਬਦਾਂ ਵਿਚ ਬਿਆਨ ਕਰਦੀ ਹੈ| ਪੰਜਾਬਣਾਂ ਇਸ ਗੀਤ ਨੂੰ ਕਰੁਣਾਮਈ ਅੰਦਾਜ਼ ਵਿਚ ਗਾਉਂਦੀਆਂ ਹਨ| ਗਾਉਣ ਸਮੇਂ ਗਲਾ ਭਰ ਭਰ ਆਉਂਦਾ ਹੈ ਤੇ ਅੱਖੀਆਂ ਸਿਮ-ਸਿਮ ਜਾਂਦੀਆਂ ਹਨ। ਮਹੀਂਵਾਲ ਦੀ ਪ੍ਰੀਤ ਕਹਾਣੀ ਨੈਣਾਂ ਅੱਗੇ ਲਟਕ-ਲਟਕ ਜਾਂਦੀ ਹੈ। ਸੁਣਨ ਵਾਲਿਆਂ ਦੇ ਕਲੇਜੇ ਧਰੂਹੇ ਜਾਂਦੇ ਹਨ, ਸੋਗ ਮਈ ਬੋਲ ਉਭਰਦੇ ਹਨ, ਸੱਨਾਟਾ ਛਾ ਜਾਂਦਾ ਹੈ। ਸਿਰਫ ਗੀਤ ਦੇ ਦਰਦ ਵਿੰਨ੍ਹੇ ਬੋਲ ਸੁਣਾਈ ਦਿੰਦੇ ਹਨ:
ਕਿੱਕਰੇ ਨੀ ਕੰਡਿਆਲੀਏ, ਤੇਰੀ ਠੰਡੜੀ ਛਾਂ
ਲਗ ਲਗ ਜਾਂਦੀਆਂ ਮਜਲਸਾਂ,
ਬਹਿ-ਬਹਿ ਜਾਣ ਦੀਵਾਨ।
ਨੀਲੇ ਘੋੜੇ ਵਾਲਿਆ,
ਘੋੜਾ ਸਹਿਜ ਦੁੜਾ
ਧਮਕ ਪਵੇ ਮੇਰੇ ਮਹਿਲ ਨੂੰ,
ਕਜਲ ਪਏ ਰਵਾਲ।
ਬਾਰੀ ਵਿਚ ਖੜੋਤੀਏ,
ਸ਼ੀਸ਼ਾ ਨਾ ਲਿਸ਼ਕਾ।
ਕਹਿਰ ਪਵੇ ਤੇਰੇ ਰੂਪ ਨੂੰ,
ਗਿਆ ਕਲੇਜੇ ਨੂੰ ਖਾ।
ਪਟੀਆਂ ਰੱਖ ਗੰਵਾ ਲਈਆਂ,
ਨੈਣ ਗੰਵਾ ਲਏ ਰੋ।
ਏਸ ਜਵਾਨੀ ਦੇ ਹਾਣ ਦਾ,
ਮਹਿਰਮ ਮਿਲਿਆ ਨਾ ਕੋ
ਪਟੀਆਂ ਰੱਖ ਗੁੰਦਾ ਕੇ,
ਨੈਣਾਂ ਨੂੰ ਸਮਝਾ।
ਏਸ ਜਵਾਨੀ ਦੇ ਹਾਣ ਦਾ,
ਮਹਿਰਮ ਹੈ ਮਹੀਂਵਾਲ
ਬੇਟਾ ਵੇ ਸੁਣ ਮੇਰਿਆ,
ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੱਡ ਕੇ,
ਜਾਂਦੀ ਕੋਲ ਮਹੀਂਵਾਲ।

ਮਾਏਂ ਨੀ ਸੁਣ ਮੇਰੀਏ,
ਐਡੇ ਬੋਲ ਨਾ ਬੋਲ।
ਦਿਨੇ ਕੱਢੇ ਕਸੀਦੜਾ,
ਰਾਤੀਂ ਸੌਂਦੀ ਸਾਡੇ ਕੋਲ।

ਨਾਰੀਆਂ ਚੰਚਲ ਹਾਰੀਆ,
ਚੰਚਲ ਕੰਮ ਕਰਨ।
ਦਿਨੇ ਡਰਨ ਥਰ ਥਰ ਕਰਨ,
ਰਾਤੀਂ ਨਦੀ ਤਰਨ।
ਸੱਸ ਗਈ ਘੁੰਮਿਆਰ ਦੇ,
ਕੱਚਾ ਘੜਾ ਪਥਾ।
ਛੇਤੀ ਜਾ ਕੇ ਰੱਖਿਆ,
ਉਸ ਬੂਝੇ ਲਾਗੇ ਜਾ।

ਆ ਸੋਹਣੀ ਲੈ ਤੁਰ ਪਈ,
ਠਿਲ੍ਹ ਪਈ ਦਰਿਆ।
ਕੱਚਾ ਘੜਾ ਤੇ ਖੁਰ ਗਿਆ,
ਸੋਹਣੀ ਵੀ ਡੁੱਬੀ ਨਾਲ
ਮੱਛੀਓ ਨੀ ਜਲ ਰਹਿੰਦੀਓ,
ਵੱਢ ਵੱਢ ਖਾਇਓ ਮਾਸ।
ਇਕ ਨਾ ਖਾਵੋ ਨੈਣ ਅਸਾਡੜੇ,
ਸਾਨੂੰ ਅਜੇ ਮਿਲਣ ਦੀ ਆਸ।

ਦੁੱਧੋਂ ਦਹੀਂ ਜਮਾ ਲਿਆ
ਦਹੀਓਂ ਬਣ ਗਈ ਛਾਹ।
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ।
ਦੁਧੋਂ ਦਹੀਂ ਜਮਾ ਲਿਆ,
ਦਹੀਉਂ ਬਣਿਆ ਪਨੀਰ।
ਅੱਜ ਨਹੀਂ ਸੋਹਣੀ ਆਂਵਦੀ,
ਕਿਤੇ ਪੈ ਗਈ ਡੂੰਘੇ ਨੀਰ।
ਗੀਤ ਦੇ ਬੋਲ ਸੋਗੀ ਹਵਾਵਾਂ ਵਿਚ ਗੰਮ ਹੋ ਜਾਂਦੇ ਹਨ| ਕਿਸੇ ਦੀ ਦ੍ਰਿੜਤਾ ਭਰੀ ਆਵਾਜ਼ ਉਭਰਦੀ ਹੈ:
ਰਾਤ ਹਨੇਰੀ ਲਿਸ਼ਕਣ ਤਾਰੇ,
ਕੱਚੇ ਘੜੇ ‘ਤੇ ਮੈਂ ਤਰਦੀ।
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ‘ਤੇ ਮੂਲ ਨਾ ਡਰਦੀ।
ਮੂੰਹ ਜ਼ੋਰ ਪਾਣੀਆਂ ਅੱਗੇ, ਕੱਚਿਆਂ ਨੇ ਕਿੱਥੇ ਠਹਿਰਨਾ ਹੋਇਆ| ਘੜਾ ਅੱਧ ਵਿਚਕਾਰ ਹੀ ਖੁਰ ਗਿਆ ਤੇ ਸੋਹਣੀ ਆਪਣੀ ਵਫਾ ਨਿਭਾਉਂਦੀ ਆਪਣੀ-ਲਾਜ ਪਾਲ ਗਈ:
ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਢਾ ਜ਼ੁਲਮ ਕਮਾਇਆ।
ਜਿੱਥੇ ਸੋਹਣੀ ਡੁੱਬ ਕੇ ਮਾਰੀ
ਉਥੇ ਮੱਛੀਆਂ ਨੇ ਘੇਰਾ ਪਾਇਆ।
ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ, ਉਸ ਦੇ ਸਦਕੇ ਅੱਜ ਸਦੀਆਂ ਬੀਤਣ ਮਗਰੋਂ ਵੀ ਸੋਹਣੀ ਦੀ ਆਤਮਾ ਨੂੰ ਅੱਜ ਦੀ ਲੋਕ ਆਤਮਾ ਪ੍ਰਣਾਮ ਕਰਦੀ ਹੈ ਅਤੇ ਸਜ਼ਦੇ ਵਿਚ ਸਿਰ ਝੁਕਾਉਂਦੀ ਹੈ:
ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ।
ਵਿਚ ਝਨਾਂਵਾਂ ਦੇ
ਸੋਹਣੀ ਆਪ ਡੁੱਬੀ, ਰੂਹ ਤਰਦੀ।
ਸ਼ਾਲਾ! ਜੁੱਗ ਜੁੱਗ ਜਿਉਣ ਸੋਹਣੀਆਂ ਤੇ ਜਵਾਨੀਆਂ ਮਾਣਨ ਸਾਡੇ ਮਹੀਂਵਾਲ!