ਅਵਤਾਰ ਐਸ਼ ਸੰਘਾ, ਸਿਡਨੀ
ਫੋਨ: 61-437641033
ਵਿਸ਼ਾ ਨਿਰਸੰਦੇਹ ਸੰਵੇਦਨਸ਼ੀਲ ਹੈ। ਧਿਆਨ ਵੀ ਹਰੇਕ ਦਾ ਖਿੱਚਦਾ ਹੈ। ਜਵਾਨ ਤਬਕਾ ਇਸ ਵਿਸ਼ੇ ਪ੍ਰਤੀ ਗੰਭੀਰ ਨਜ਼ਰ ਨਹੀਂ ਆਉਂਦਾ। ਪਰੌਢ ਵਿਅਕਤੀ ਇਸ ਵਿਸ਼ੇ ਪ੍ਰਤੀ ਗੰਭੀਰ ਹੀ ਨਹੀਂ ਬਲਕਿ ਚਿੰਤਤ ਵੀ ਹਨ। ਇਸ ਬਾਰੇ ਸੋਚਦਿਆਂ ਮੈਨੂੰ ਇਕ ਉਰਦੂ ਸ਼ੇਅਰ ਯਾਦ ਆ ਗਿਆ:
ਮੁਬਾਰਕ ਹੋ ਜ਼ਈਫੀ (ਬੁਢਾਪਾ) ਕੋ
ਖਿਰਦ (ਅਕਲ) ਕੀ ਫਲਸਫਾਦਾਨੀ,
ਜਵਾਨੀ ਬੇਨਿਆਜ਼ੇ ਇਬਰਤੇ ਅੰਜਾਮ ਹੈ ਸਾਕੀ।
ਅਕਸਰ ਦੇਖਿਆ ਹੈ ਕਿ ਬਹੁਤ ਸਾਰੇ ਗੰਭੀਰ ਗੀਤਕਾਰਾਂ ਅਤੇ ਗਾਇਕਾਂ ਨੇ ਵੀ ਕੁੱਝ ਕੁ ਗੀਤ ਐਸੇ ਲਿਖ ਤੇ ਗਾ ਦਿੱਤੇ ਹਨ, ਜਿਨ੍ਹਾਂ ਵਿਚ ਹਿੰਸਾ ਅਤੇ ਹਵਸ ਦਾ ਖੁੱਲ੍ਹਾ ਪ੍ਰਗਟਾਵਾ ਹੈ। ਕਈਆਂ ਨੇ ਉਦੋਂ ਧਾਰਮਕ ਜਾਂ ਗੰਭੀਰ ਗੀਤਾਂ ਦੀਆਂ ਰੀਲਾਂ ਤੇ ਡੀ. ਵੀ. ਡੀ. ਕੱਢੀਆਂ ਜਦੋਂ ਉਨ੍ਹਾਂ ਨੂੰ ਸਮਾਜ ਦੇ ਕਿਸੇ ਵਰਗ ਵਲੋਂ ਧਮਕੀਆਂ ਆਉਣ ਲੱਗ ਪਈਆਂ। ਕਈ ਇਸ ਤੇਜ ਹਨੇਰੀ ਵਿਚ ਮਾਰੇ ਵੀ ਗਏ। ਇਸ ਵਿਸ਼ੇ ਬਾਰੇ ਮੈਂ ਟੀ. ਵੀ. ਚੈਨਲਾਂ ‘ਤੇ ਵੀ ਅਤੇ ਕਈ ਲੇਖਾਂ ਵਿਚ ਵੀ ਕਈ ਕੁਝ ਦੇਖ ਅਤੇ ਪੜ੍ਹ ਚੁਕਾ ਹਾਂ। ਜ਼ਿਆਦਾ ਇਹੀ ਕਿਹਾ ਗਿਆ ਹੈ ਕਿ ਗੀਤਾਂ ਵਿਚ ਹਿੰਸਾ, ਹਥਿਆਰਾਂ ਅਤੇ ਹਵਸ ਦਾ ਪ੍ਰਗਟਾਵਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।
ਉਪਰੋਕਤ ਧਾਰਨਾ ਨੂੰ ਸਰਅੰਜਾਮ ਦਿੰਦੇ ਸਮੇਂ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਸਾਹਿਤ ਵਿਚ ਉਹ ਕੁਝ ਦਰਸਾਉਣਾ ਸਾਹਿਤਕਾਰ ਦਾ ਫਰਜ਼ ਬਣਦਾ ਹੈ, ਜੋ ਕੁਝ ਸਮਾਜ ਵਿਚ ਵਾਪਰਦਾ ਹੈ।
ਸਮਾਜ ਵਿਚ ਹਿੰਸਾਤਮਕ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਮਤਲਬ ਇਹ ਹੈ ਕਿ ਉਹ ਸਾਹਿਤ ਵਿਚ ਵੀ ਦਿਖਾਉਣੀਆਂ ਬਣਦੀਆਂ ਹਨ। ਸਮਾਜ ਵਿਚ ਹੋਰ ਵੀ ਕਈ ਕੁਝ ਘਟੀਆ ਵਾਪਰਦਾ ਹੀ ਰਹਿੰਦਾ ਏ। ਉਹ ਵੀ ਸਾਹਿਤ ਵਿਚ ਦਿਖਾਉਣਾ ਬਣਦਾ ਹੀ ਹੈ। ਇਹ ਸਭ ਕੁਝ ਦਰਸਾਉਣ ਲਈ ਸਾਹਿਤਕਾਰ, ਕਲਾਕਾਰ ਜਾਂ ਗੀਤਕਾਰ ਨੂੰ ਕੁਝ ਸਾਹਿਤਕ ਵਿਧਾਂ ਦੀ ਵਰਤੋਂ ਕਰਨੀ ਚਾਹੀਦੀ ਏ। ਜਦ ਅਸੀਂ ਕੋਈ ਵੀ ਕੰਮ ਸਾਹਿਤਕ ਵਿਧਾਂ ਦੀ ਵਰਤੋਂ ਕਰਕੇ ਪੇਸ਼ ਕਰਦੇ ਹਾਂ ਤਾਂ ਉਹ ਲੋਕਾਂ ਨੂੰ ਘਟੀਆ ਮਹਿਸੂਸ ਨਹੀਂ ਹੁੰਦਾ। ਮਿਸਾਲ ਵਜੋਂ ਇਕ ਸਾਹਿਤਕ ਵਿਧ ਹੈ, ਕਾਵਿਕ ਨਿਆਂ (ਫੋeਟਚਿ ਝੁਸਟਚਿe)। ਇਸ ਦਾ ਅਰਥ ਹੈ ਕਿ ਕਿਸੇ ਵੀ ਸਾਹਿਤਕ ਕ੍ਰਿਤ ਦੇ ਅੰਤ ਵਿਚ ਚੰਗਿਆਈ ਜਿੱਤ ਜਾਵੇ ਤੇ ਬੁਰਾਈ ਹਾਰ ਜਾਵੇ।
ਬੁਰਾਈ ਹਾਰਦੀ ਹੋਈ ਦਿਖਾਉਣ ਲਈ ਵੀ ਸਾਨੂੰ ਕੁਝ ਨਾ ਕੁਝ ਬੁਰਾਈ ਤਾਂ ਕ੍ਰਿਤ ਵਿਚ ਦਿਖਾਉਣੀ ਪਊ। ਇਸ ਦਾ ਮਤਲਬ ਹੈ ਕਿ ਸਾਨੂੰ ਕੁਝ ਨਾ ਕੁਝ ਹਿੰਸਾਂ ਜਾਂ ਹਵਸ ਤਾਂ ਦਿਖਾਉਣੀ ਹੀ ਪਊ। ਜੇ ਅਸੀਂ ਇੰਜ ਕਰਾਂਗੇ ਤਾਂ ਹੀ ਅਸੀਂ ਬੁਰਾਈ ਉਤੇ ਚੰਗਿਆਈ ਦੀ ਜਿੱਤ ਦਿਖਾਉਣ ਦੇ ਯੋਗ ਹੋ ਸਕਦੇ ਹਾਂ। ਗੀਤਕਾਰ ਜਾਂ ਗਾਇਕ ਕਲਾਕਾਰ ਨੂੰ ਚਾਹੀਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਉਸ ਬੁਰਾਈ ਉਤੇ ਚੰਗਿਆਈ ਦੀ ਜਿੱਤ ਨੂੰ ਦਰਸਾਵੇ। ਕ੍ਰਿਤਾਂ ਉਤੇ ਬਹੁਤਾ ਰੋਸ ਉਦੋਂ ਪੈਂਦਾ ਹੋਣਾ ਸ਼ੁਰੂ ਹੁੰਦਾ ਏ, ਜਦ ਗੀਤਕਾਰ ਜਾਂ ਗਾਇਕ ਬੁਰੀ ਪ੍ਰਵਿਰਤੀ ਨੂੰ ਮਜ਼ੇ ਲੈ ਕੇ ਪੇਸ਼ ਕਰਨ ਲੱਗ ਪੈਂਦੇ ਹਨ ਤੇ ਉਸ ਉਤੇ ਚੰਗਿਆਈ ਦੀ ਜਿੱਤ ਨੂੰ ਵੱਧ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਨਹੀਂ ਕਰਦੇ। ਫਿਲਮਾਂ ਵਿਚ ਵੀ ਬੁਰਾਈ ਨੂੰ ਦਿਖਾਇਆ ਜਾਂਦਾ ਹੈ। ਅਖੀਰ ਵਿਚ ਬਦਮਾਸ਼ਾਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਅਤੇ ਨਾਇਕ ਤੇ ਨਾਇਕਾ ਜਿੱਤੇ ਹੋਏ ਦਿਖਾ ਦਿੱਤੇ ਜਾਂਦੇ ਹਨ।
ਸਾਹਿਤ ਵਿਚ ਪ੍ਰਤੱਖ ਅਤੇ ਸਿੱਧਾ ਉਪਦੇਸ਼ ਉਦੋਂ ਦਿੱਤਾ ਜਾਂਦਾ ਏ, ਜਦ ਸਾਹਿਤਕਾਰ ਕੋਈ ਲੇਖ ਲਿਖ ਰਿਹਾ ਹੋਵੇ। ਇਥੋਂ ਤੱਕ ਕਿ ਲੇਖ ਜਾਂ ਨਿਬੰਧ ਵਿਚ ਵੀ ਉਪਦੇਸ਼ ਨੂੰ ਪਰਪੱਕ ਬਣਾਉਣ ਲਈ ਕੋਈ ਨਾ ਕੋਈ ਮਿਸਾਲ ਦੇਣੀ ਹੁੰਦੀ ਏ।
ਜਦ ਅਸੀਂ ਹਿੰਸਾ ਜਾਂ ਹਵਸ ਦਾ ਬਿਰਤਾਂਤ ਦਿਖਾਵਾਂਗੇ ਤਾਂ ਉਸ ਨੂੰ ਪਰਪੱਕ ਬਣਾਉਣ ਲਈ ਸਾਨੂੰ ਕੁਝ ਹਥਿਆਰ ਤੇ ਮੌਕਾ ਮੇਲ ਤਾਂ ਦਿਖਾਉਣਾ ਹੀ ਪਊ। ਕਈ ਮਾੜੇ ਗੀਤਕਾਰ ਜਾਂ ਸਾਹਿਤਕਾਰ ਇਹ ਹਥਿਆਰ ਤੇ ਮੌਕਾ ਮੇਲ ਘਟੀਆ ਤਰੀਕੇ ਨਾਲ ਦਿਖਾ ਦਿੰਦੇ ਹਨ ਅਤੇ ਕਈ ਇਸ ਨੂੰ ਸਾਹਿਤਕ ਵਿਧਾਂ ਦੀ ਵਰਤੋਂ ਕਰਕੇ ਵਧੀਆ ਤਰੀਕੇ ਨਾਲ ਦਿਖਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਚੀਜ਼ ਉਹੀ ਹੁੰਦੀ ਏ, ਸਿਰਫ ਉਸ ਦੀ ਪੇਸ਼ਕਾਰੀ ਕਈ ਪ੍ਰਕਾਰ ਦਾ ਫਰਕ ਪਾ ਦਿੰਦੀ ਏ। ਕੱਪੜਾ ਉਹੀ ਹੁੰਦਾ ਏ, ਇੱਕ ਦਰਜੀ ਦਾ ਸੀਤਾ ਉਹ ਫਬਣ ਲਗਦਾ ਹੈ ਤੇ ਦੂਜੇ ਦਰਜੀ ਦਾ ਸੀਤਾ ਉਹ ਦੇਖਣ ਵਾਲੇ ਨੂੰ ਘਟੀਆ ਲਗਣ ਲਗ ਪੈਂਦਾ ਏ। ਕਈ ਚੰਗੇ ਸਾਹਿਤਕਾਰ ਆਪਣੇ ਬਿਰਤਾਂਤ ਨੂੰ ਵਧੀਆ ਬਣਾਉਣ ਲਈ ਕਈ ਵਾਰ ਬਿੰਬਾਂ ਦੀ ਵਰਤੋਂ ਕਰਦੇ ਹਨ।
ਇਕ ਵਾਰ ਮੈਂ ਇਕ ਟੀ. ਵੀ. ਚੈਨਲ ‘ਤੇ ਇਕ ਹੰਢੇ ਹੋਏ ਪੱਤਰਕਾਰ ਨੂੰ ਬਿੰਬ ਦਾ ਗਲਤ ਮਤਲਬ ਕੱਢਦਿਆਂ ਦੇਖਿਆ। ਸੁਰਜੀਤ ਬਿੰਦਰਖੀਆ ਦਾ ਮਸ਼ਹੂਰ ਗੀਤ ਹੈ, ‘ਜਿਹਦੇ ਹੇਠ ਘੋੜਾ ਮੋਢੇ ‘ਤੇ ਦੋਨਾਲੀ ਨੀਂ, ਪੱਗ ਬੰਨ੍ਹਦਾ ਜਿਓਣੇ ਮੌੜ ਵਾਲੀ ਨੀਂ।’ ਇਸ ਗੀਤ ਵਿਚ ਇਕ ਸਤਰ ਆਉਂਦੀ ਏ, ‘ਕਹਿੰਦੇ ਡੀ. ਸੀ. ਵੀ ਸਲੂਟ ਉਹਨੂੰ ਮਾਰਦਾ, ਪੈਰਾਂ ‘ਚ ਥਾਣੇਦਾਰ ਰੋਲ’ਤਾ।’ ਇਹ ਪੱਤਰਕਾਰ ਇਸ ਸਤਰ ਦੀ ਵਿਆਖਿਆ ਕਰਦਾ ਕਹਿ ਰਿਹਾ ਸੀ ਕਿ ਡੀ. ਸੀ. ਕਦੀ ਕਿਸੇ ਜਣੇ-ਖਣੇ ਨੂੰ ਸਲੂਟ ਨਹੀਂ ਮਾਰ ਸਕਦਾ।
ਅਸਲ ਵਿਚ ਉਹ ਪੱਤਰਕਾਰ ਇਸ ਸਤਰ ਵਿਚ ਮੌਜੂਦ ਬਿੰਬਾਵਲੀ ਨੂੰ ਸਮਝਣ ਵਿਚ ਅਸਮਰਥ ਜਾਪਦਾ ਸੀ। ਇਥੇ ‘ਸਲੂਟ’ ਦਾ ਅਰਥ ਹੈ, ‘ਈਨ ਮੰਨਣਾ’ ਜਾਂ ‘ਹੇਠੀ ਮਹਿਸੂਸ ਕਰਨਾ’, ਨਾ ਕਿ ਸੱਚਮੱਚ ਸਲੂਟ ਮਾਰਨਾ। ਇਸੇ ਤਰ੍ਹਾਂ ਕਵਿਤਾ ਜਾਂ ਗੀਤ ਵਿਚ ਅਕਸਰ ਹੋਰ ਵੀ ਬਿੰਬ ਵਰਤੇ ਜਾਂਦੇ ਰਹੇ ਹਨ ਜਿਵੇਂ ਇਕ ‘ਫੁੱਲ’ ਦਾ ਅਰਥ ‘ਨੰਨ੍ਹੇ ਮੁੰਨ੍ਹੇ ਬੱਚੇ’ ਵੀ ਹੋ ਸਕਦਾ ਹੈ, ‘ਖੂਬਸੂਰਤ ਇਸਤਰੀ’ ਜਾਂ ‘ਸਵੱਛ’ ਵੀ ਹੋ ਸਕਦਾ ਹੈ। ‘ਪਾਣੀ’ ਦਾ ਅਰਥ ‘ਖੁਸ਼ਹਾਲੀ’ ਹੁੰਦਾ ਹੈ ਤੇ ‘ਰੇਤ’ ਦਾ ਅਰਥ ‘ਮੰਦਹਾਲੀ’। ‘ਅੱਗ’ ਦਾ ਅਰਥ ‘ਪਿਆਰ’ ਜਾਂ ‘ਹਵਸ’ ਵੀ ਹੋ ਸਕਦਾ ਏ।
ਸਾਹਿਤ ਦੇ ਦੋ ਕੰਮ ਹੁੰਦੇ ਹਨ-ਸਿੱਖਿਆ ਜਾਂ ਉਪਦੇਸ਼ ਦੇਣਾ ਤੇ ਮਨਪ੍ਰਚਾਵਾ ਕਰਨਾ। ਇਹ ਦੋਵੇਂ ਕੰਮ ਵੀ ਕਿਸੇ ਕਹਾਣੀ ਜਾਂ ਘਟਨਾ ਰਾਹੀਂ ਦਰਸਾਏ ਹੀ ਠੀਕ ਪ੍ਰਭਾਵ ਛੱਡਦੇ ਹਨ। ‘ਬਾਬਾ ਵੇ ਕਲਾ ਮਰੋੜ’ ਜਾਂ ‘ਗੱਡੇ ‘ਤੇ ਨਾ ਚੜ੍ਹਦੀ, ਗਡੀਰੇ ‘ਤੇ ਨਾ ਚੜ੍ਹਦੀ’-ਦੋਵੇਂ ਘਟੀਆ ਤਰੀਕੇ ਦੀਆਂ ਪੇਸ਼ਕਾਰੀਆਂ ਰਾਹੀਂ ਕੀਤਾ ਗਿਆ ਮਨਪ੍ਰਚਾਵਾ ਹੈ। ਇਸ ਤੋਂ ਵੀ ਘਟੀਆ ਮਨਪ੍ਰਚਾਵੇ ਅਤੇ ਸਸਤੇ ਤਮਾਸ਼ੇ ਵਾਲੇ ਹੋਰ ਅਨੇਕਾਂ ਗੀਤ ਹਨ, ਜਿਨ੍ਹਾਂ ਬਾਰੇ ਪਾਠਕ ਖੁਦ ਜਾਣਦੇ ਹਨ। ਮੈਂ ਉਨ੍ਹਾਂ ਗੀਤਾਂ ਦੀ ਭਾਸ਼ਾ ਦਾ ਇਥੇ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ। ਦੂਜੇ ਪਾਸੇ ‘ਨੀਂ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ’, ‘ਤੇਰੀ ਵੇ ਡਰਾਇਵਰਾ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ?’ ਤੇ ‘ਬੇਬੇ ਬਾਪੂ ਕੈਨੇਡਾ ਵਿਚ- ਬੇਬੇ ਇੱਥੇ ਚੌਵੀ ਘੰਟੇ ਮੰਜੇ ਉਤੇ ਰਹਿੰਦੀ ਸੀ’ ਉਪਦੇਸ਼ ਵੀ ਚੰਗਾ ਦਿੰਦੇ ਹਨ ਤੇ ਮਨ ਪ੍ਰਚਾਵਾ ਵੀ ਕਰਦੇ ਹਨ।
ਅੱਜ ਕੱਲ੍ਹ ਕੁਝ ਆਲੋਚਕ ਕਹਿੰਦੇ ਹਨ ਕਿ ਗੀਤਾਂ ਵਿਚ ਹਿੰਸਾ ਅਤੇ ਹਥਿਆਰ ਦਾ ਜ਼ਿਕਰ ਵਧ ਗਿਆ ਏ। ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਏ ਕਿ ਇਹ ਹਿੰਸਾ ਅਤੇ ਹਥਿਆਰ ਗੀਤਾਂ ਵਿਚ ਪਹਿਲਾਂ ਵੀ ਹੋਇਆ ਕਰਦੇ ਸਨ। ਬੱਬੂ ਮਾਨ ਨੇ ਬਹੁਤ ਪਹਿਲਾਂ ਗੀਤ ਗਾਇਆ ਸੀ, ‘ਰਾਤੀਂ ਮਿਲਣ ਨਾ ਆਈਂ ਵੇ ਪਿੰਡ ਪਹਿਰਾ ਲੱਗਦਾ।’ ਹਿੰਦੀ ਫਿਲਮਾਂ ਵਿਚ ਸ਼ੁਰੂ ਤੋਂ ਹੀ ਅੰਤਾਂ ਦੀ ਬਦਮਾਸ਼ੀ ਦਿਖਾਈ ਜਾਂਦੀ ਰਹੀ ਏ ਪਰੰਤੂ ਆਖਰ ਵਿਚ ਇਨ੍ਹਾਂ ਬਦਮਾਸ਼ਾਂ ਦੇ ਜਾਂ ਤਾਂ ਜੁੱਤੀਆਂ ਪੈਂਦੀਆਂ ਦਿਖਾਈਆਂ ਜਾਂਦੀਆਂ ਹਨ ਤੇ ਜਾਂ ਇਹ ਜੇਲ੍ਹ ਵਿਚ ਡੱਕ ਦਿੱਤੇ ਜਾਂਦੇ ਹਨ। ਇਸ ਸਾਰੇ ਘਟਨਾਕ੍ਰਮ ਨਾਲ ਦਰਸ਼ਕ ਦੀ ਉਤਸੁਕਤਾ ਵੀ ਬਰਕਰਾਰ ਰਹਿੰਦੀ ਏ ਤੇ ਉਸ ਦਾ ਮਨਪ੍ਰਚਾਵਾ ਵੀ ਹੁੰਦਾ ਰਹਿੰਦਾ ਏ। ਮਾੜੇ ਕੰਮਾਂ ਤੋਂ ਦੂਰ ਰਹਿਣ ਦਾ ਉਪਦੇਸ਼ ਵੀ ਉਸ ਨੂੰ ਮਿਲਦਾ ਹੈ।
ਬਾਕੀ ਰਹੀ ਗੱਲ ਅਸ਼ਲੀਲਤਾ ਦੀ, ਅਸ਼ਲੀਲਤਾ ਨੂੰ ਬਹੁਤਾ ਦਿਖਾਏ ਬਿਨਾ ਵੀ ਭੰਡਿਆ ਜਾ ਸਕਦਾ ਹੈ। ਵਧੀਆ ਪੇਸ਼ਕਾਰੀ ਨਾਲ ਅਸ਼ਲੀਲਤਾ ਨੂੰ ਕੁਝ ਛੁਪਾਇਆ ਵੀ ਜਾ ਸਕਦਾ ਹੇ। ਮੁੱਕਦੀ ਗੱਲ, ਇੱਕ ਗੀਤਕਾਰ ਜਾਂ ਗਾਇਕ ਨੂੰ ਇਨ੍ਹਾਂ ਵਿਧਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ: ਪੇਸ਼ਕਾਰੀ, ਬਿੰਬਾਬਲੀ, ਕਾਵਿਕ ਨਿਆਂ, ਉਤਸੁਕਤਾ ਜਾਂ ਸਸਪੈਂਸ। ਇਨ੍ਹਾਂ ਵਿਧਾਂ ਦੀ ਵਰਤੋਂ ਨਾਲ ਮਾੜੀਆਂ ਪ੍ਰਵਿਰਤੀਆਂ ਨੂੰ ਵੀ ਵਧੀਆ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ।