ਰਾਂਝਾ ਰਿਫਿਊਜੀ: ਨਾ ਰਾਂਝਾ, ਨਾ ਰਿਫਿਊਜੀ, ਫਿਲਮ ਦੇ ਨਾਂ ‘ਤੇ ਮਜ਼ਾਕ!

ਇਕਬਾਲ ਸਿੰਘ ਚਾਨਾ
ਫਿਲਮ ਦੀ ਸਮੀਖਿਆ ਫਿਲਮ ਦੇ ਅੰਤ ਤੋਂ ਸ਼ੁਰੂ ਕਰਦਾ ਹਾਂ, ਜਿੱਥੇ ਲਿਖਿਆ ਹੈ, ‘ਠੋ ਬe ਚੋਨਟਨੁeਦ…!’ ਏਨੀ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਫਿਲਮ ਦੇ ਮੌਜੂਦਾ ਪ੍ਰੋਡਿਊਸਰ ਤਾਂ ਸ਼ਾਇਦ ਲੱਤਾਂ ਹੇਠ ਦੀ ਕੰਨ ਫੜ੍ਹ ਕੇ ਤੌਬਾ ਕਰ ਚੁਕੇ ਹੋਣਗੇ ਕਿ ਮੁੜ ਕੇ ਪੰਜਾਬੀ ਫਿਲਮ ਨਹੀਂ ਬਣਾਉਣੀ! ਕੋਈ ਨਵਾਂ ‘ਮੁਰਗਾ’ ਫਸ ਜਾਵੇ ਤਾਂ ਗੱਲ ਵੱਖਰੀ ਹੈ। ਕੁਲ ਮਿਲਾ ਕੇ ‘ਰਾਂਝਾ ਰਿਫਿਊਜੀ’ ਵਿਚ ਨਾ ਤਾਂ ਰਾਂਝੇ ਵਾਲੀ ਕੋਈ ਗੱਲ ਹੈ ਤੇ ਨਾ ਰਿਫਿਊਜੀ ਵਾਲੀ! ਬਸ ‘ਕੱਚ ਘਰੜ’ ਜਿਹੀ ਬਣਾ ਕੇ ਰੱਖ ਦਿੱਤੀ ਹੈ, ਸਾਰੀ ਫਿਲਮ!

ਫਿਲਮ 1947 ਦੇ ਇਕ ਛੋਟੇ ਜਿਹੇ ‘ਫਲੈਸ਼’ ਤੋਂ ਸ਼ੁਰੂ ਹੁੰਦੀ ਹੈ। ਫੌਰਨ ਬਾਅਦ ਕਹਾਣੀ ਪੰਜਾਬ ਆ ਜਾਂਦੀ ਹੈ, ਤੇ ਪਾਕਿਸਤਾਨ ਤੋਂ ਆਏ ਇਕ ਰਿਫਿਊਜੀ ਦੇ ਬੇਟੇ ‘ਰਾਂਝੇ’ ਨੂੰ ਲੋਕ ਰਾਂਝਾ ਰਿਫਿਊਜੀ ਕਹਿੰਦੇ ਹਨ। ਉਹ ਰਾਂਝਾ ਘੱਟ ਤੇ ਮੁਸ਼ਟੰਡਾ ਵੱਧ ਲਗਦਾ ਹੈ।
ਪਿੰਡ ਦੀ ਕੁੜੀ ਨਾਲ ਇਸ਼ਕ ਵਿਚ ਹੀ ਵਿਲਨ ਦਾ ਅੜੰਗਾ, ਪੰਚਾਇਤਾਂ ਤੇ ਹੋਰ ਬੜਾ ਕੁਝ। ਫਿਰ ਹੀਰੋ ਦਾ ਫੌਜ ਵਿਚ ਚਲੇ ਜਾਣਾ, ਉਥੇ ਪਾਕਿਸਤਾਨ ਵਿਚ ਬਚਪਨ ਵਿਚ ਵਿਛੜ ਗਏ ਭਰਾ ਦਾ ਮਿਲਣਾ। ਪਾਕਿਸਤਾਨ ਵਿਚ ਰਹਿ ਗਈ ਮਾਂ ਦਾ ਰੋਣਾ ਧੋਣਾ। ਲਗਦਾ ਫਿਲਮ ਦੇ ਕਹਾਣੀਕਾਰ, ਸਕ੍ਰੀਨਪਲੇ ਲੇਖਕ ਤੇ ਡਾਇਰੈਕਟਰ ਪੂਰੀ ਤਰ੍ਹਾਂ ਭੰਬਲਭੂਸੇ ਵਿਚ ਰਹੇ, ਕਿਤੇ ਵੀ ਫਿਲਮ ਸਕਰਿਪਟ ਵਿਚ ਬੱਝੀ ਹੋਈ ਨਹੀਂ ਲਗਦੀ, ਬਸ ਸਭ ਕੁਝ ਖਿਲਰਿਆ ਹੋਇਆ ਹੈ। ਫਿਲਮ ਦੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ, ਉਸ ਨੂੰ ਪਤਾ ਨਹੀਂ ਕਿੱਥੋਂ ਸੁੱਝਿਆ ਕਿ ਝਾਂਗੀਆਂ ਵਾਲੀ ਬੋਲੀ ਬੋਲਣ ਨਾਲ ਕਰੈਕਟਰ ਪਾਕਿਸਤਾਨੀ ਬਣ ਜਾਂਦਾ ਹੈ। ਲੇਖਕ ਨੂੰ ਸ਼ਾਇਦ ਜਾਣਕਾਰੀ ਨਹੀਂ ਕਿ ਪਾਕਿਸਤਾਨੀ ਸਾਡੇ ਏਧਰ ਨਾਲੋਂ ਵਧੀਆ ਪੰਜਾਬੀ ਬੋਲਦੇ ਹਨ।
ਫਿਲਮ ਦੀ ਕਹਾਣੀ ਦਾ ਕਾਫੀ ਹਿੱਸਾ ਬਾਰਡਰ ‘ਤੇ ਦਿਖਾਇਆ ਗਿਆ ਹੈ। ਇੱਕ ਟਿੱਬੇ ਜਿਹੇ ਉਤੇ ਦੋ ਕੁ ਤੰਬੂ ਲਾ ਕੇ ਇਨ੍ਹਾਂ ਨੇ ਬਾਰਡਰ ਵਿਖਾ ਦਿੱਤਾ। ਕੋਈ ਤੋਪ, ਕੋਈ ਮਸ਼ੀਨਗਨ ਜਾਂ ਕੋਈ ਗੱਡੀ ਤਕ ਨਹੀਂ। ਬਾਰਡਰ ਵਾਲਾ ਤਣਾਅ ਜਰਾ ਵੀ ਨਹੀਂ। ਬਸ ਬੋਰੀਅਤ ਹੀ ਬੋਰੀਅਤ!
ਹਾਲਾਂਕਿ ਮੈਂ ਸਮੀਖਿਆ ਕਰਨ ਦੇ ਇਰਾਦੇ ਨਾਲ ਸੁਚੇਤ ਰਹਿ ਕੇ ਫਿਲਮ ਵੇਖਦਾ ਹਾਂ, ਪਰ ਇਸ ਵਿਚ ਮੇਰੀ ਵੀ ਦੋ ਕੁ ਵਾਰ ਝਪਕੀ ਲੱਗ ਗਈ! ਐਕਟਿੰਗ ਦੀ ਗੱਲ ਕਰੀਏ ਤਾਂ ਰੌਸ਼ਨ ਪ੍ਰਿੰਸ ਨੇ ਫਿਲਮ ਵਿਚ ਡਬਲ ਰੋਲ ਕੀਤਾ ਹੈ। ਸਿੰਗਲ ਰੋਲ ਵਿਚ ਤਾਂ ਦਰਸ਼ਕਾਂ ਨੇ ਅਜੇ ਤਕ ਉਸ ਨੂੰ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ, ਇੱਥੇ ਡਬਲ ਹੈ। ਡਬਲ ਰੋਲ ਦੇ ਕਿਰਦਾਰ ਕਿਵੇਂ ਨਿਭਾਏ ਜਾਂਦੇ ਹਨ, ਨਾ ਉਸ ਨੂੰ ਤੇ ਨਾ ਸ਼ਾਇਦ ਡਾਇਰੈਕਟਰ ਨੂੰ ਪਤਾ ਹੈ। ਕੇਵਲ ਪਗੜੀ ਬੰਨ੍ਹ ਕੇ ਤੇ ਟੋਪੀ ਪਹਿਨ ਕੇ ਡਬਲ ਰੋਲ ਨਹੀਂ ਹੋ ਜਾਂਦਾ। ਕਿਰਦਾਰਾਂ ਦੇ ਹਾਵ ਭਾਵ ਦੀ ਵਿਲੱਖਣਤਾ ਵੀ ਜ਼ਰੂਰੀ ਹੁੰਦੀ ਹੈ।
ਰੌਸ਼ਨ ਪ੍ਰਿੰਸ ਤੇ ਫਿਲਮ ਦੇ ਡਾਇਰੈਕਟਰ ਨੂੰ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ‘ਰਾਮ ਔਰ ਸ਼ਿਆਮ’ ਤੇ ‘ਗੋਰਾ ਔਰ ਕਾਲਾ’ ਜਿਹੀਆਂ ਫਿਲਮਾਂ ਘੱਟੋ ਘੱਟ ਦਸ ਦਸ ਵਾਰ ਵੇਖਣੀਆਂ ਚਾਹੀਦੀਆਂ ਸਨ। ਫਿਲਮ ਵਿਚ ਉਹ ਰਾਂਝਾ ਘੱਟ ਤੇ ‘ਫੁਕਰਾ’ ਵੱਧ ਲਗਦਾ ਹੈ। ਇਸੇ ਤਰ੍ਹਾਂ ਹੀਰੋਇਨ ਸਾਨਵੀ ਧੀਮਾਨ ਵੀ ‘ਹੀਰ’ ਦੇ ‘ਸੁਹੱਪਣ’ ਤੋਂ ਕੋਹਾਂ ਦੂਰ ਹੈ, ਤੇ ਐਕਟਿੰਗ ਵਿਚ ਵੀ ਕਮਜ਼ੋਰ। ਕਰਮਜੀਤ ਅਨਮੋਲ ਨੇ ਕਾਮੇਡੀ ਦੇ ਨਾਲ ਨਾਲ ਖਲਨਾਇਕੀ ਵੀ ਕੀਤੀ ਹੈ ਪਰ ਨਾ ਤਾਂ ਕਾਮੇਡੀਅਨ ਤੇ ਨਾ ਹੀ ਵਿਲਨ ਜਚਦਾ ਹੈ।
ਪਾਕਿਸਤਾਨ ਵਿਚ ਮੁਸਲਿਮ ਮਾਂ ਦੇ ਰੋਲ ਵਿਚ ਅਨੀਤਾ ਸ਼ਬਦੀਸ਼ ਨੇ ਵੀ ਨਿਰਾਸ਼ ਕੀਤਾ ਹੈ। ਜੋ ਦਰਦ ਉਸ ਕਿਰਦਾਰ ਵਿਚ ਹੋਣਾ ਚਾਹੀਦਾ ਸੀ, ਪਰਦੇ ‘ਤੇ ਉਜਾਗਰ ਨਹੀਂ ਹੋ ਸਕਿਆ। ਹਾਰਬੀ ਸੰਘਾ ਨੂੰ ਫੌਜੀ ਦਾ ਕਿਰਦਾਰ ਪਤਾ ਨਹੀਂ ਕੀ ਸੋਚ ਕੇ ਦਿੱਤਾ ਗਿਆ ਹੈ। ਉਹ ਫੌਜੀ ਘੱਟ ਤੇ ਕਾਰਟੂਨ ਜਾਂ ਜੋਕਰ ਵੱਧ ਲਗਦਾ ਹੈ। ਅਜਿਹੇ ਕਿਰਦਾਰ ਸਿਰਜਣਾ ਹੀ ਫੌਜ ਦੀ ਬੇਅਦਬੀ ਹੈ। ਬਾਕੀ ਸਾਰੇ ਕਲਾਕਾਰ ਖਾਨਾ-ਪੂਰਤੀ ਹਨ।
ਲੇਖਕ ਤੇ ਡਾਇਰੈਕਟਰ ਅਵਤਾਰ ਸਿੰਘ ਨੇ ਇਸ ਤੋਂ ਪਹਿਲਾਂ ‘ਮਿੱਟੀ ਨਾ ਫਰੋਲ ਜੋਗੀਆ’ ਤੇ ‘ਰੁਪਿੰਦਰ ਗਾਂਧੀ-2’ ਫਿਲਮਾਂ ਦਿੱਤੀਆਂ ਹਨ। ‘ਮਿੱਟੀ ਨਾ ਫਰੋਲ ਜੋਗੀਆ’ ਸਿਨਮਾ ਖਿੜਕੀ ‘ਤੇ ਲੁੜ੍ਹਕ ਗਈ ਸੀ ਤੇ ‘ਰੁਪਿੰਦਰ ਗਾਂਧੀ-2’ ਹਿੱਟ ਸੀ। ਪਰ ‘ਰਾਂਝਾ ਰਿਫਿਊਜੀ’ ਉਸ ਦੀ ਦੋਹਾਂ ਤੋਂ ਘਟੀਆ ਫਿਲਮ ਹੈ!