ਪਹਿਲੀ ਜੂਨ ਤੋਂ ਚੱਲ ਰਹੇ ਬਰਗਾੜੀ ਇਨਸਾਫ ਮੋਰਚੇ ਅਤੇ ਪੰਜਾਬ ਦੇ ਸਿਆਸੀ ਪਿੜ ਵਿਚ ਆਏ ਮੋੜ ਨੇ ਸ਼੍ਰੋਮਣੀ ਅਕਾਲੀ ਵਿਚ ਸੁਧਾਰ ਦੀ ਗੁੰਜਾਇਸ਼ ਵਧਾ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਆਪਣੇ ਅਸਤੀਫੇ ਵਾਲਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਉਨ੍ਹਾਂ ਦੇ ਬਚਾਓ ਦਾ ਫਿਲਹਾਲ ਕੋਈ ਖਾਸ ਸਬੱਬ ਬਣ ਨਹੀਂ ਸਕਿਆ ਹੈ। ਇਸ ਦਾ ਵੱਡਾ ਕਾਰਨ ਸ਼ਾਇਦ ਇਹੀ ਹੈ ਕਿ ਜਿਹੜੇ ਸੀਨੀਅਰ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਬਗਾਵਤ ਦਾ ਝੰਡਾ ਬੁਲੰਦ ਕੀਤਾ ਹੈ,
ਉਹ ਫਿਲਹਾਲ ਆਪਣੇ ਪੈਂਡੜੇ ਉਤੇ ਕਾਇਮ ਹਨ ਸਗੋਂ ਸੁਖਬੀਰ ਬਾਦਲ ਦੇ ਅਸਤੀਫੇ ਦਾ ਉਨ੍ਹਾਂ ਬੜੇ ਤਿੱਖੇ ਬਿਆਨਾਂ ਨਾਲ ਸਵਾਗਤ ਕੀਤਾ ਹੈ। ਉਂਜ, ਇਕ ਨੁਕਤੇ ਤੋਂ ਵਿਚਾਰਿਆਂ ਬਾਗੀ ਆਗੂ ਪਹਿਲੇ ਗੇੜ ਦੀ ਬਾਜ਼ੀ ਜਿੱਤਣ ਤੋਂ ਬਾਅਦ ਅਜੇ ਪਛੜ ਰਹੇ ਹਨ। ਇਕ ਤਾਂ ਉਨ੍ਹਾਂ ਨੇ ਸਿਹਤ ਦਾ ਬਹਾਨਾ ਲਾ ਕੇ ਪਿਛਾਂਹ ਮੁੜਨ ਦੀ ਗੁੰਜਾਇਸ਼ ਰੱਖੀ ਹੋਈ ਹੈ; ਦੂਜੇ, ਜਿਸ ਤਰ੍ਹਾਂ ਸੁਖਬੀਰ ਬਾਦਲ ਅਤੇ ਉਸ ਦੇ ਜੋਟੀਦਾਰ ਵੱਖ-ਵੱਖ ਲੀਡਰਾਂ ਨੂੰ ਨਾਲ ਤੋਰਨ ਲਈ ਸੰਪਰਕ ਸਾਧ ਰਹੇ ਹਨ, ਉਸ ਤਰ੍ਹਾਂ ਦੀ ਸੁਰ ਬਾਗੀ ਲੀਡਰਾਂ ਨੇ ਅਖਤਿਆਰ ਨਹੀਂ ਕੀਤੀ। ਸੂਹ ਹੈ ਕਿ ਮਾਝੇ ਦੇ ਇਕਾ-ਦੁਕਾ ਆਗੂਆਂ ਨੇ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਰੰਗ ਤਾਂ ਦਿਖਾਇਆ ਪਰ ਇਸ ਦੀ ਸ਼ਿੱਦਤ ਬਗਾਵਤ ਵਾਲੀ ਨਹੀਂ ਸੀ। ਜੇ ਕਿਤੇ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਸੁਖਬੀਰ ਬਾਦਲ ਨੂੰ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਆਪਣੀ ਪ੍ਰਧਾਨਗੀ ਉਤੇ ਮੋਹਰ ਲੁਆਉਣੀ ਰਤਾ ਕੁ ਮੁਸ਼ਕਿਲ ਹੋ ਜਾਣੀ ਸੀ। ਸਿਆਸਤ ਵਿਚ ਵਿਚਰਦੇ ਕਿਸੇ ਵੀ ਆਗੂ ਨੂੰ ਇੰਨਾ ਕੁ ਅਹਿਸਾਸ ਤਾਂ ਹੋਣਾ ਹੀ ਚਾਹੀਦਾ ਹੈ ਕਿ ਸੁਖਬੀਰ ਬਾਦਲ ਦੇ ਜੋਟੀਦਾਰਾਂ ਨੇ ਜਿਸ ਢੰਗ ਨਾਲ ਪਾਰਟੀ ਅਤੇ ਹੋਰ ਸਿੱਖ ਸੰਸਥਾਵਾਂ ਉਤੇ ਕਬਜ਼ਾ ਕੀਤਾ ਹੋਇਆ ਹੈ, ਇਸ ਕਬਜ਼ੇ ਨੂੰ ਤੋੜਨ ਲਈ ਉਸ ਤੋਂ ਕਿਤੇ ਵਡੇਰੀ ਰਣਨੀਤੀ ਦੀ ਲੋੜ ਹੈ।
ਉਂਜ, ਇਹ ਕਬਜ਼ਾ ਤੋੜਨ ਦੀ ਰਣਨੀਤੀ ਦੇ ਮਾਮਲੇ ਵਿਚ ਬਰਗਾੜੀ ਇਨਸਾਫ ਮੋਰਚੇ ਵਾਲੇ ਵੀ ਪਹਿਲਾ ਗੇੜ ਜਿੱਤਣ ਦੇ ਬਾਵਜੂਦ ਮਾਰ ਖਾ ਗਏ ਜਾਪਦੇ ਹਨ। ਕਿਤੇ ਕੋਈ ਕਨਸੋਅ ਨਹੀਂ ਮਿਲੀ ਕਿ ਇਨਸਾਫ ਮੋਰਚੇ ਵਾਲੇ ਬਾਗੀ ਲੀਡਰਾਂ ਨਾਲ ਕਿਤੇ ਸੰਪਰਕ ਸਾਧ ਰਹੇ ਹਨ, ਕਿਉਂਕਿ ਇਸ ਵੇਲੇ ਮੁੱਖ ਮੁੱਦਾ ਬਾਦਲਾਂ ਦੇ ਉਖੜੇ ਪੈਰਾਂ ਨੂੰ ਹੋਰ ਉਖਾੜਨ ਦਾ ਸੀ। ਮੋਰਚੇ ਵਾਲੇ ਵਾਰ ਵਾਰ ਇਹੀ ਆਖ ਰਹੇ ਹਨ ਕਿ ਮੋਰਚੇ ਦਾ ਰੁਖ ਧਾਰਮਿਕ ਹੀ ਰੱਖਿਆ ਜਾਵੇਗਾ। ਵੱਡਾ ਸਵਾਲ ਹੁਣ ਇਹੀ ਹੈ ਕਿ ਸਿਆਸੀ ਚੋਟ ਤੋਂ ਬਗੈਰ ਬਾਦਲਾਂ ਨੂੰ ਸਿਆਸੀ ਸੀਨ ਤੋਂ ਲਾਂਭੇ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਇਹੀ ਅਸਲ ਵਿਚ ਇਨਸਾਫ ਮੋਰਚੇ ਦੀਆਂ ਸੀਮਾਵਾਂ ਹਨ। ਪੰਜਾਬ ਵਿਚ ਪਹਿਲਾਂ ਵੀ ਇਕ ਤੋਂ ਵੱਧ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਲੋਕ ਬੇਅਦਬੀ ਵਰਗੀਆਂ ਵਧੀਕੀਆਂ ਖਿਲਾਫ ਆਪ-ਮੁਹਾਰੇ ਉਠਦੇ ਰਹੇ ਪਰ ਹਰ ਵਾਰ ਹੀ ਇਸ ਰੋਹ ਨੂੰ ਸਿਆਸਤ ਵਿਚ ਪਲਟਾਉਣ ਵਾਲਾ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। ਇਹੀ ਕਾਰਨ ਹੈ ਕਿ ਇੰਨੇ ਵੱਡੇ ਹੁੰਗਾਰੇ ਦੇ ਬਾਵਜੂਦ ਬਰਗਾੜੀ ਇਨਸਾਫ ਮੋਰਚੇ ਵਿਚੋਂ ਅਜੇ ਤਕ ਪੰਜਾਬ ਅੰਦਰ ਨਵੀਂ ਸਿਆਸਤ ਦੀ ਪੈੜਚਾਲ ਕਿਤੇ ਸੁਣਾਈ ਨਹੀਂ ਦੇ ਰਹੀ, ਜਾਂ ਇਸ ਦੀ ਚਾਲ/ਸੁਰ ਬੇਹੱਦ ਧੀਮੀ ਹੈ। ਕਈ ਸਿਆਸੀ ਵਿਸ਼ਲੇਸ਼ਕਾਂ ਨੇ ਇਸ ਨੂੰ ਤੀਜੇ ਮੋਰਚੇ ਦੀ ਪੈੜਚਾਲ ਵੀ ਆਖਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਸੰਗਤ ਦਾ ਇਹ ਉਭਾਰ ਪੰਜਾਬ ਦੀ ਸਿਆਸਤ ਵਿਚ ਵੱਡਾ ਵੱਢ ਮਾਰਨ ਦੀ ਤਾਕਤ ਰੱਖਦਾ ਹੈ। ਉਨ੍ਹਾਂ ਦੀ ਪੇਸ਼ੀਨਗੋਈ ਹੈ ਕਿ ਇਸ ਉਭਾਰ ਵਿਚੋਂ ਕਿਸੇ ਦਮਦਾਰ ਲੀਡਰ ਦੇ ਉਭਰ ਆਉਣ ਦੀ ਪੂਰੀ ਸੰਭਾਵਨਾ ਹੈ।
ਦੋ ਰੋਜ਼ਾ ਪੰਥਕ ਅਸੈਂਬਲੀ ਨੂੰ ਵੀ ਇਸੇ ਪ੍ਰਸੰਗ ਵਿਚ ਰੱਖ ਕੇ ਦੇਖਿਆ ਗਿਆ ਹੈ। ਉਂਜ, ਉਥੇ ਜਿਸ ਤਰ੍ਹਾਂ ਕਾਰਵਾਈ ਚਲਾਈ ਗਈ, ਉਸ ਤੋਂ ਸਿਆਸੀ ਪਿੜ ਵਿਚ ਵੱਢ ਮਾਰਨ ਜੋਗੀ ਪਹਿਲਕਦਮੀ ਘੱਟ ਹੀ ਨਜ਼ਰੀਂ ਪਈ ਹੈ। ਅਜਿਹੇ ਇਕੱਠਾਂ ਦਾ ਸਭ ਤੋਂ ਪਹਿਲਾ, ਕੋਈ ਖਾਸ ਸੁਨੇਹਾ ਹੋਣਾ ਚਾਹੀਦਾ ਹੈ ਪਰ ਅਸੈਂਬਲੀ ਦੌਰਾਨ ਸਭ ਬੁਲਾਰਿਆਂ ਨੇ ਆਪੋ-ਆਪਣੀ ਸਿਆਸਤ ਮੁਤਾਬਕ ਹੀ ਭਾਸ਼ਨ ਦਿੱਤੇ। ਭਾਸ਼ਨ ਦੇਣੇ ਅਤੇ ਮਤੇ ਪਾਸ ਕਰਨੇ ਅਲੱਗ ਮਸਲੇ ਹਨ, ਮੌਜੂਦਾ ਸਿਆਸਤ ਦੇ ਸਮੁੱਚੇ ਹਾਲਾਤ ਨੂੰ ਹੰਗਾਲ ਕੇ ਬਰਾਬਰ ਦੀ ਸਿਆਸਤ ਲਈ ਪਿੜ ਬੰਨ੍ਹਣਾ ਹੋਰ ਮਸਲਾ ਹੈ। ਇਸ ਲਈ ਜਿੰਨੀ ਦੇਰ ਬਾਦਲਾਂ ਦੇ ਬਰਾਬਰ ਸਿਆਸੀ ਪਿੜ ਨਹੀਂ ਬੱਝਦਾ, ਓਨੀ ਦੇਰ ਨਵੀਂ ਸਿਆਸਤ ਲਈ ਰਾਹ ਖੁੱਲ੍ਹਣਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ। ਦਰਅਸਲ, ਬਾਦਲ ਵਿਰੋਧੀ ਧੜਿਆਂ, ਜੋ ਖੁਦ ਨੂੰ ਪੰਥਕ ਕਹਿਲਵਾ ਕੇ ਵਧੇਰੇ ਖੁਸ਼ ਰਹਿੰਦੇ ਹਨ, ਵਿਚ ਏਕੇ ਦੀ ਘਾਟ ਦਾ ਸਾਰਾ ਫਾਇਦਾ ਬਾਦਲਾਂ ਦੀ ਸਿਆਸਤ ਨੂੰ ਪੁੱਜਦਾ ਹੈ। ਇਸ ਲਈ ਜਿੰਨਾ ਚਿਰ ਬਾਦਲਾਂ ਦੇ ਬਰਾਬਰ ਸਿਆਸੀ ਪਿੜ ਨਹੀਂ ਬੱਝਦਾ, ਓਨੀ ਦੇਰ ਪੰਜਾਬ, ਖਾਸ ਕਰਕੇ ਸਿੱਖ ਦੀ ਸਿਆਸਤ ਦੀ ਕਾਇਆ-ਕਲਪ ਮੁਸ਼ਕਿਲ ਹੈ। ਪਿਛਲੇ ਸਮੇਂ ਦੌਰਾਨ ਇਸ ਪਾਸੇ ਕੋਸ਼ਿਸਾਂ ਤਾਂ ਹੋਈਆਂ ਹਨ ਪਰ ਲੀਡਰਸ਼ਿਪ ਦੀ ਘਾਟ ਕਾਰਨ ਇਸ ਦਾ ਹਾਲ ਵੀ ਆਮ ਆਦਮੀ ਪਾਰਟੀ ਦੇ ਉਭਾਰ ਵਰਗਾ ਹੀ ਹੋਇਆ ਹੈ। ਇਹ ਉਹੀ ਪਾਰਟੀ ਹੈ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਸੀ ਪਰ 2014 ਵਾਲੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ 2017 ਵਾਲੀਆਂ ਵਿਧਾਨ ਸਭਾ ਚੋਣਾਂ ਤਕ ਪੂਰੇ ਤਿੰਨ ਸਾਲ ਇਸ ਨੇ ਜਥੇਬੰਦੀ ਦੇ ਢਾਂਚੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਨਤੀਜਾ ਸਮੁੱਚੇ ਪੰਜਾਬੀ ਦੇਖ ਹੀ ਰਹੇ ਹਨ। ਹੁਣ ਲੋਕ ਸਭਾ ਚੋਣਾਂ ਇਕ ਵਾਰ ਫਿਰ ਸਿਰ ‘ਤੇ ਖੜ੍ਹੀਆਂ ਹਨ ਅਤੇ ਇਹ ਪਾਰਟੀ ਖੱਖੜੀਆਂ ਕਰੇਲੇ ਹੋਈ ਪਈ ਹੈ। ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨੂੰ ਭਾਵੇਂ ਪਛਾੜਾਂ ਲੱਗ ਰਹੀਆਂ ਹਨ, ਪਰ ਜਿਸ ਢੰਗ ਦਾ ਵਰਤਾਰਾ ਇਸ ਦੇ ਅੰਦਰੂਨੀ ਖੇਮਿਆਂ ਅੰਦਰ ਪਨਪ ਰਿਹਾ ਹੈ, ਉਸ ਤੋਂ ਕਈ ਪ੍ਰਕਾਰ ਦੀਆਂ ਕਿਆਸਆਰਾਈਆਂ ਲਾਈਆਂ ਜਾ ਰਹੀਆਂ ਹਨ। ਜਾਹਰ ਹੈ ਕਿ ਸੂਬੇ ਦੀ ਸਿਆਸਤ ਦਾ ਕੁਝ ਅਸਰ ਬਰਗਾੜੀ ਮੋਰਚੇ ਅਤੇ ਬਾਗੀ ਅਕਾਲੀਆਂ ਦੇ ਅਗਲੇ ਕਦਮਾਂ ਉਤੇ ਵੀ ਨਿਰਭਰ ਕਰ ਸਕਦਾ ਹੈ।