ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਦਿੱਲੀ ਵਿਚ ਪੰਜਾਬ ਦੇ ਸਮੂਹ ਕਾਂਗਰਸੀ ਲੋਕ ਸਭਾ ਤੇ ਰਾਜ ਸਭਾ ਮੈਬਰਾਂ ਨਾਲ ਕੀਤੀ ਮੀਟਿੰਗ ਦੌਰਾਨ ਰਾਜ ਦੇ ਧਾਰਮਿਕ ਡੇਰਿਆਂ ਨੂੰ ਆਪਣੇ ਨਾਲ ਜੋੜਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਬਰ ਵਿਰੁੱਧ ਡਟ ਕੇ ਖੜ੍ਹੇ ਹੋਣ ਦੇ ਵਿਚਾਰ ਉਭਰ ਕੇ ਸਾਹਮਣੇ ਆਏ।
ਸ੍ਰੀ ਰਾਹੁਲ ਗਾਂਧੀ ਨੇ ਇਹ ਮੀਟਿੰਗ ਪੰਜਾਬ ਦੇ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਲਈ ਸੱਦੀ ਸੀ। ਮੀਟਿੰਗ ਵਿਚ ਪੰਜਾਬ ਨਾਲ ਸਬੰਧਤ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਅੰਬਿਕਾ ਸੋਨੀ, ਅਸ਼ਵਨੀ ਕੁਮਾਰ ਤੇ ਪ੍ਰਨੀਤ ਕੌਰ ਵੀ ਸ਼ਾਮਲ ਸਨ। ਸ੍ਰੀ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਸੂਬਾਈ ਇਕਾਈ ਦੀਆਂ ਤਿਆਰੀਆਂ ਉਪਰ ਜਿਥੇ ਚਰਚਾ ਕੀਤੀ ਉਥੇ ਅਕਾਲੀ-ਭਾਜਪਾ ਸਰਕਾਰ ਦੀਆਂ ਸਰਗਰਮੀਆਂ ਦੀ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੰਜਾਬ ਦੇ ਸੰਸਦ ਮੈਂਬਰਾਂ ਨੇ ਕਾਂਗਰਸ ਨਾਲੋਂ ਟੁੱਟੇ ਡੇਰਿਆਂ ਨੂੰ ਨਾਲ ਜੋੜਨ ਦੇ ਜਿਥੇ ਸੁਝਾਅ ਦਿੱਤੇ, ਉਥੇ ਪੰਜਾਬ ਦੀਆਂ ਹੋਰ ਸਿਆਸੀ ਧਿਰਾਂ ਨੂੰ ਵੀ ਪਾਰਟੀ ਨਾਲ ਤੋਰਨ ਉਪਰ ਜ਼ੋਰ ਦਿੱਤਾ।
ਸੰਸਦ ਮੈਂਬਰ ਨੇ ਕਿਹਾ ਕਿ ਜਿਵੇਂ ਅਕਾਲੀਆਂ ਨੇ ਭਾਜਪਾ ਨਾਲ ਸਾਂਝ ਪਾਈ ਹੈ, ਉਸੇ ਤਰ੍ਹਾਂ ਕਾਂਗਰਸ ਨੂੰ ਵੀ ਹਮਖਿਆਲੀ ਪਾਰਟੀਆਂ ਨੂੰ ਨਾਲ ਜੋੜਨਾ ਚਾਹੀਦਾ ਹੈ। ਮੀਟਿੰਗ ਵਿਚ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਉਪਰ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁੱਦਾ ਵੀ ਉਠਿਆ ਤੇ ਕੇਂਦਰੀ ਸਕੀਮਾਂ ਅਧੀਨ ਪੰਜਾਬ ਨੂੰ ਦਿੱਤੇ ਜਾ ਰਹੇ ਕਰੋੜਾਂ ਰੁਪਏ ਦਾ ਪ੍ਰਚਾਰ ਵੀ ਧੁਰ ਹੇਠਾਂ ਤਕ ਕਰਨ ਦੇ ਸੁਝਾਅ ਦਿੱਤੇ ਗਏ। ਸੰਸਦ ਮੈਂਬਰਾਂ ਨੇ ਸ੍ਰੀ ਗਾਂਧੀ ਨੂੰ ਪੰਜਾਬ ਵਿਚਲੇ ਪ੍ਰਾਜੈਕਟਾਂ ਦੇ ਉਦਘਾਟਨ ਕੇਂਦਰੀ ਮੰਤਰੀਆਂ ਰਾਹੀਂ ਕਰਵਾਉਣ ਤੇ ਅਕਾਲੀਆਂ ਦੇ ਜਬਰ ਨੂੰ ਰੋਕਣ ਲਈ ਕਦਮ ਚੁੱਕਣ ਲਈ ਵੀ ਕਿਹਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜਨਰਲ ਸਕੱਤਰ ਨੂੰ ਦੱਸਿਆ ਕਿ ਉਹ ਅਗਲੇ ਇਕ ਮਹੀਨੇ ਦੌਰਾਨ ਪੰਜਾਬ ਦਾ ਦੌਰਾ ਕਰਕੇ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਨਗੇ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੱਤਾਧਾਰੀ ਦਲ ਤੇ ਕਾਂਗਰਸ ਵਿਧਾਇਕ ਦਲ ਵਿਚਕਾਰ ਪੈਦਾ ਹੋਏ ਟਕਰਾਅ ਬਾਰੇ ਵੀ ਚਰਚਾ ਹੋਣ ਦੇ ਸੰਕੇਤ ਮਿਲੇ ਹਨ। ਸ੍ਰੀ ਰਾਹੁਲ ਗਾਂਧੀ ਨੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਸਾਲ 2014 ਦੀਆਂ ਲੋਕ ਸਭਾ ਚੋਣਾਂ ਲਈ ਅਗਾਊਂ ਤਿਆਰੀਆਂ ਕਰਨ ਲਈ ਕਿਹਾ ਤੇ ਆਸ ਪ੍ਰਗਟ ਕੀਤੀ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ ਪਾਰਟੀ ਨੂੰ ਜਿੱਤ ਮਿਲੇਗੀ।
____________________________________
ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅਹੁਦਾ ਸੰਭਾਦਿਆਂ ਹੀ ਬਾਦਲਾਂ ਨੂੰ ਵੰਗਾਰਿਆ ਹੈ। ਇਸ ਮੌਕੇ ਹੋਏ ਸਮਾਗਮ ਵਿਚ ਲੰਮੇ ਸਮੇਂ ਬਾਅਦ ਕਾਂਗਰਸ ਦੀ ਸਮੂਹ ਲੀਡਰਸ਼ਿਪ ਇਕ ਸਟੇਜ ਉਤੇ ਨਜ਼ਰ ਆਈ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਹੋਈ ਸੀ ਤਾਂ ਉਸ ਵੇਲੇ ਪ੍ਰਧਾਨਗੀ ਦੇ ਦਾਅਵੇਦਾਰ ਸ਼ ਬਾਜਵਾ ਤੇ ਹੋਰ ਕਈ ਆਗੂ ਗੈਰ-ਹਾਜ਼ਰ ਰਹੇ ਸਨ ਜਦਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਖੇਮੇ ਦੇ ਸਮੂਹ ਵਿਧਾਇਕਾਂ ਤੇ ਆਗੂਆਂ ਸਮੇਤ ਇਸ ਸਮਾਗਮ ਵਿਚ ਪੁੱਜੇ।
ਉਨ੍ਹਾਂ ਸ਼ ਬਾਜਵਾ ਨੂੰ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਗੁੰਡਾਗਰਦੀ ਵਿਰੁੱਧ ਹਰੇਕ ਲੜਾਈ ਵਿਚ ਸਾਥ ਦੇਣ ਦਾ ਜਨਤਕ ਤੌਰ ‘ਤੇ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ 16 ਸਾਲ ਪੰਜਾਬ ਲਈ ਜੱਦੋਜਹਿਦ ਕਰਦੇ ਰਹੇ ਹਨ ਤੇ ਹੁਣ ਅਕਾਲੀ ਹੱਦੋਂ ਬਾਹਰ ਜਾ ਕੇ ਕਾਂਗਰਸੀਆਂ ਤੇ ਆਮ ਲੋਕਾਂ ‘ਤੇ ਜ਼ੁਲਮ ਢਾਹ ਰਹੇ ਹਨ ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਸ਼ ਬਾਜਵਾ ਨੇ ਵੀ ਕੈਪਟਨ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਤ ਕੀਤਾ।
ਸ਼ ਬਾਜਵਾ ਨੇ ਪਹਿਲੀ ਸੱਟੇ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਹੱਲਾ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੂੰ ਤਾਂ ਔਰੰਗਜ਼ੇਬ ਨਹੀਂ ਦਬਾਅ ਸਕਿਆ ਸੀ ਫਿਰ ਬਾਦਲ ਕੀ ਚੀਜ਼ ਹਨ। ਉਨ੍ਹਾਂ ਕਿਹਾ ਕਿ ਬਾਦਲ ਦੀ ਇਕੋ ਪ੍ਰਾਪਤੀ ਹੈ ਕਿ ਪੰਜਾਬ ਤੇ ਪੰਜਾਬੀ ਗਰੀਬ ਹੋ ਰਹੇ ਹਨ ਤੇ ਸੁਖਬੀਰ-ਮਜੀਠੀਆ ਅਮੀਰ ਹੋ ਰਹੇ ਹਨ। ਇਸ ਵੇਲੇ ਰਾਜ ਦੇ 22 ਮਹਿਕਮੇ ਇਕੱਲੇ ਬਾਦਲ ਪਰਿਵਾਰ ਦੇ ਕਬਜ਼ੇ ਹੇਠ ਹਨ। ਇਸ ਤੋਂ ਇਲਾਵਾ ਰੇਤ, ਕੇਬਲ, ਸ਼ਰਾਬ ਸਮੇਤ ਸਾਰੇ ਵਪਾਰ ਉਪਰ ਇਸੇ ਪਰਿਵਾਰ ਦਾ ਕਬਜ਼ਾ ਹੈ।
ਨਵੇਂ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਧੜਾ ਨਹੀਂ ਹੋਵੇਗਾ ਤੇ ਹਰੇਕ ਮਿਹਨਤੀ ਆਗੂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਲੜਾਈ ਵਿਚ ਉਨ੍ਹਾਂ ਨੂੰ ਕੈਪਟਨ ਅਗਵਾਈ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਪੁਲਿਸ ਤਸ਼ੱਦਦ ਦੇ ਸ਼ਿਕਾਰ ਕਾਂਗਰਸੀ ਵਰਕਰਾਂ ਨੂੰ ਪਾਰਟੀ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ ਤੇ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਟੋਲ ਫਰੀ ਨੰਬਰ ਦੇ ਕੇ ਕੀਤੀ ਜਾਵੇਗੀ। ਉਹ ਦੋ ਮਹੀਨਿਆਂ ਦੌਰਾਨ ਸਮੁੱਚੇ ਪੰਜਾਬ ਦਾ ਦੌਰਾ ਕਰਨਗੇ ਤੇ ਜਿਸ ਦੀ ਸ਼ੁਰੂਆਤ 29 ਮਾਰਚ ਨੂੰ ਗੁਰਦਾਸਪੁਰ ਤੋਂ ਕੀਤੀ ਜਾਵੇਗੀ। ਸ਼ ਬਾਜਵਾ ਨੇ ਆਪਣੀ ਖਾਮੋਸ਼ੀ ਤੋੜਦਿਆਂ ਪੰਜਾਬ ਵਿਧਾਨ ਸਭਾ ਵਿਚ ਵਾਪਰੀ ਘਟਨਾ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਸ੍ਰੀ ਜਾਖੜ ਦੀ ਅਗਵਾਈ ਹੇਠ ਕਾਂਗਰਸ ਵਿਧਾਇਕ ਦਲ ਦੀ ਕਾਰਗੁਜ਼ਾਰੀ ਵਰਨਣਯੋਗ ਹੈ ਤੇ ਵਿਧਾਇਕ ਜਗਮੋਹਨ ਕੰਗ ਨੇ ਸਪੀਕਰ ਦੀ ਕੁਰਸੀ ਉਪਰ ਬੈਠ ਕੇ ਕੁਝ ਵੀ ਗਲਤ ਨਹੀਂ ਕੀਤਾ ਕਿਉਂਕਿ ਜਦੋਂ ਹੁਕਮਰਾਨ ਵਿਰੋਧੀ ਧਿਰ ਦੀ ਗੱਲ ਹੀ ਨਹੀਂ ਸੁਣਨਗੇ ਤਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਹਿੰਦਾ।
Leave a Reply