‘ਮਾਸਟਰ, ਪ੍ਰੋਫੈਸਰ, ਅਧਿਆਪਕ’ ਅਤੇ ਕੱਚ-ਘਰੜ ਟਿੱਪਣੀਆਂ

ਮਾਣਯੋਗ ਸੰਪਾਦਕ ਜੀਓ,
ਜਦੋਂ ਕਦੇ ਕਿਸੇ ਲਿਖਤ ਦੀ ਗੁਣਵੱਤਾ ਬਾਰੇ ਸ਼ੱਕ ਸੁਬ੍ਹਾ ਹੋਵੇ ਤਾਂ ਆਪ ਜੀ ਇਕ ਨੋਟ ਲਿਖ ਕੇ ਚਿਤਾਵਨੀ ਕਰ ਦਿੰਦੇ ਹੋ ਕਿ ਇਸ ਵਿਚ ਪ੍ਰਗਟ ਵਿਚਾਰ ਲੇਖਕ ਦੇ ਆਪਣੇ ਹਨ ਤੇ ਅਖਬਾਰ ਦਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ‘ਪ੍ਰੋਫੈਸਰ’ ਅਵਤਾਰ ਸਿੰਘ ਦੇ ਲੇਖ ‘ਮਾਸਟਰ, ਪ੍ਰੋਫੈਸਰ, ਅਧਿਆਪਕ’ ਬਾਰੇ ਆਪ ਜੀ ਨੇ ਕੋਈ ਅਜਿਹੀ ਟਿੱਪਣੀ ਨਹੀਂ ਕੀਤੀ। ਤਾਂ ਸਮਝ ਲਈਏ ਕਿ ਪੰਜਾਬ ਟਾਈਮਜ਼ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਹੈ? ਪਰ ਪਾਠਕ ਇੱਦਾਂ ਨਹੀਂ ਕਰਨਗੇ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਲਿਖਤ ਆਪ ਦੀ ਪਾਰਖੂ ਨਜ਼ਰ ਵਿਚ ਨਹੀਂ ਚੜ੍ਹੀ ਹੋਣੀ, ਨਹੀਂ ਤਾਂ ਤੁਸੀਂ ਆਪਣਾ ਮਿਆਰੀ ਮਾਪਦੰਡ ਜਰੂਰ ਕਸਦੇ।

ਅਵਤਾਰ ਸਿੰਘ ਦੀ ਇਹ ਲਿਖਤ ਹਰ ਪਹਿਲੂ ਤੋਂ ਕੱਚ-ਘਰੜ ਜਾਪਦੀ ਹੈ। ਉਹ ਇਸ ਨੂੰ ਸ਼ੁਰੂ ਹੀ ਗਲਤ ਧਾਰਨਾ ਨਾਲ ਕਰਦੇ ਹਨ ਤੇ ਫਿਰ ਬੇਸਿਰ-ਪੈਰ ਗੱਲਾਂ ਭਰੀ ਜਾਂਦੇ ਹਨ। ਉਹ ਅਧਿਆਪਕਾਂ ਦੀਆਂ ਦੋ ਪੁਰਾਣੀਆਂ ਕਿਸਮਾਂ ਦਿਮਾਗ ਵਿਚ ਲਈ ਫਿਰ ਰਹੇ ਹਨ, ਜੋ ਉਨ੍ਹਾਂ ਨੇ ਸਮਾਂ ਬਦਲਣ ‘ਤੇ ਵੀ ਨਹੀਂ ਨਵਿਆਈਆਂ। ਇਕ ਪੁਰਾਣੀ ਰਵਾਇਤ ਅਨੁਸਾਰ ਸਕੂਲ ਵਿਚ ਪੜ੍ਹਾਉਣ ਵਾਲਿਆਂ ਨੂੰ ਮਾਸਟਰ ਕਹਿੰਦੇ ਸਨ, ਜੋ ਲਾਤੀਨੀ ਭਾਸ਼ਾ ਦੇ ਸ਼ਬਦ ‘ਮਾਸਤਰੋ’ ਭਾਵ ਉਸਤਾਦ ਦਾ ਦੇਸੀ ਰੂਪ ਸੀ, ਪਰ ਅੱਜ ਕੱਲ ਇਸ ਸ਼ਬਦ ਦਾ ਲਗਭਗ ਭੋਗ ਪੈ ਚੁਕਾ ਹੈ ਤੇ ਸਕੂਲਾਂ ਵਿਚ ਪੜ੍ਹਾਉਣ ਵਾਲਿਆਂ ਨੂੰ ਸਕੂਲ ਅਧਿਆਪਕ ਕਿਹਾ ਜਾਂਦਾ ਹੈ।
ਦੂਜੇ ਪਾਸੇ ਇਕ ਹੋਰ ਰਵਾਇਤ ਅਨੁਸਾਰ ਕਾਲਜ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਲਿਹਾਜਨ ‘ਪ੍ਰੋਫੈਸਰ’ ਕਹਿ ਦਿੱਤਾ ਜਾਂਦਾ ਹੈ, ਜਦੋਂ ਕਿ ਉਨ੍ਹਾਂ ਦਾ ਅਸਲ ਰੁਤਬਾ ਲੈਕਚਰਾਰ ਹੁੰਦਾ ਹੈ। ਪ੍ਰੋਫੈਸਰ ਦੇ ਸਰਬਉਚ ਅਹੁਦੇ ਤੀਕ ਪਹੁੰਚਣ ਲਈ ਲੈਕਚਰਾਰ ਨੂੰ ਲਗਾਤਾਰ ਅਧਿਆਪਨ ਤੇ ਖੋਜ ਕਾਰਜ ਕਰਨਾ ਪੈਂਦਾ ਹੈ ਤੇ ਉਸ ਦੇ ਪ੍ਰਕਾਸ਼ਨ ਰਾਹੀਂ ਆਪਣੀ ਅਧਿਆਪਨ ਤੇ ਖੋਜ ਪਰਪੱਕਤਾ ਦਾ ਸਬੂਤ ਦੇਣਾ ਪੈਂਦਾ ਹੈ। ਇਸ ਲੀਹ ‘ਤੇ ਚਲਦਿਆਂ ਪਹਿਲਾਂ ਉਹ ਰੀਡਰ ਬਣਦੇ ਹਨ ਤੇ ਫਿਰ ਸਫਲ ਖੋਜ ਨਿਰਦੇਸ਼ਨ ਦੀ ਲੰਮੀ ਪ੍ਰਕ੍ਰਿਆ ਵਿਚੋਂ ਲੰਘ ਕੇ ਪ੍ਰੋਫੈਸਰ ਦਾ ਰੁਤਬਾ ਹਾਸਲ ਕਰਦੇ ਹਨ। ਇਨ੍ਹਾਂ ਕਾਡਰਾਂ ਦੀ ਭਰਤੀ ਲਈ ਬਾਕਾਇਦਾ ਸਰਬਜਨਕ ਇੰਟਰਵਿਊ ਰੱਖੇ ਜਾਂਦੇ ਹਨ, ਜਿਨ੍ਹਾਂ ਵਿਚ ਕੋਈ ਵੀ ਉਮੀਦਵਾਰ ਆਪਣੀ ਯੋਗਤਾ ਅਜ਼ਮਾ ਸਕਦਾ ਹੈ। ਪਰ ਕਾਲਜਾਂ ਵਿਚ ਨਾ ਖੋਜ ਕਾਰਜ ਹੁੰਦਾ ਹੈ ਤੇ ਨਾ ਰੀਡਰ-ਪ੍ਰੋਫੈਸਰ ਦੇ ਰੁਤਬੇ ਹੁੰਦੇ ਹਨ। ਇਹ ਕੇਵਲ ਯੂਨੀਵਰਸਿਟੀਆਂ ਤੀਕ ਹੀ ਸੀਮਤ ਹੁੰਦੇ ਹਨ। ਹਾਂ, ਹੁਣ ਕਾਲਜ ਅਧਿਆਪਕਾਂ ਨੇ ਆਪਣੇ ਜੋਰ ਨਾਲ ਕਾਲਜਾਂ ਵਿਚ ਰੀਡਰ ਤੇ ਪ੍ਰੋਫੈਸਰ ਗਰੇਡ ਜਰੂਰ ਲਾਗੂ ਕਰਵਾ ਲਏ ਹਨ, ਪਰ ਹਨ ਉਹ ਸਭ ਲੈਕਚਰਾਰ ਹੀ। ਇਨ੍ਹਾਂ ਗੱਲਾਂ ਤੋਂ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ ਨੇ ਇਨ੍ਹਾਂ ਹੀ ਕਾਲਮਾਂ ਵਿਚ ਚਿਰੋਕਣੀ ਮਿੱਟੀ ਝਾੜੀ ਹੋਈ ਹੈ ਪਰ ਅਵਤਾਰ ਸਿੰਘ ਇਨ੍ਹਾਂ ‘ਤੇ ਮੁੜ ਕੇ ਧੂੜ ਭੁੱਕਣ ਵਾਲਾ ਕੰਮ ਕਰੀ ਜਾਂਦੇ ਹਨ।
ਅੱਜ ਕੱਲ ਇਹ ਮਨੌਤ ਜ਼ੋਰ ਪਕੜ ਗਈ ਹੈ ਕਿ ਸਭ ਅਧਿਆਪਕ ਅਧਿਆਪਕ ਹੀ ਹਨ, ਭਾਵੇਂ ਉਹ ਕੋਈ ਵੀ ਜਮਾਤ ਜਾਂ ਵਿਸ਼ਾ ਪੜ੍ਹਾਉਂਦੇ ਹੋਣ ਜਾਂ ਕਿਸੇ ਵੀ ਅਦਾਰੇ ਵਿਚ ਪੜ੍ਹਾਉਂਦੇ ਹੋਣ। ਵਿਦਿਆਰਥੀਆਂ ਦੇ ਦਿਮਾਗੀ ਪੱਧਰ ਅਨੁਸਾਰ ਸਭ ਦੇ ਕੰਮ ਨੂੰ ਅਹਿਮ ਮੰਨਿਆ ਜਾਂਦਾ ਹੈ। ਅਗਾਂਹਵਧੂ ਦੇਸ਼ਾਂ ਵਿਚ ਤਾਂ ਉਨ੍ਹਾਂ ਦੀ ਤਨਖਾਹ ਵਿਚ ਵੀ ਬਹੁਤਾ ਫਰਕ ਨਹੀਂ ਹੁੰਦਾ। ਸਗੋਂ ਕਈ ਵਾਰ ਤਾਂ ਸਕੂਲ ਅਧਿਆਪਕਾਂ ਦੀ ਤਨਖਾਹ ਕਾਲਜ ਵਾਲਿਆਂ ਤੋਂ ਵੱਧ ਹੁੰਦੀ ਹੈ।
ਜਦੋਂ ਮੈਂ ਕੈਲੀਫੋਰਨੀਆ ਦੇ ਇਕ ਸਕੂਲ ਵਿਚ ਪੜ੍ਹਾਉਂਦਾ ਸਾਂ ਤੇ ਸ਼ਾਮ ਨੂੰ ਯੂਨੀਵਰਸਿਟੀ ਵਿਚ ਬੀ.ਐਡ ਦਾ ਕੋਰਸ ਕਰਦਾ ਸਾਂ ਤਾਂ ਮੇਰੀ ਇਕ ਇੰਸਟਰਕਟਰ (ਅਮਰੀਕਾ ਸਿੱਖਿਆ ਨੂੰ ਸਿਖਲਾਈ ਕਾਰਜ ਮੰਨਿਆ ਜਾਂਦਾ ਹੈ, ਇਸ ਲਈ ਲੈਕਚਰਾਰ ਨੂੰ ਇੰਸਟਰਕਟਰ ਕਿਹਾ ਜਾਂਦਾ ਹੈ) ਨੇ ਮੇਰੀ ਸੈਲਰੀ ਪੁੱਛੀ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਦੱਸਿਆ ਕਿ ਮੈਂ ਉਸ ਨਾਲੋਂ ਕਿਤੇ ਵੱਧ ਲੈ ਰਿਹਾ ਸਾਂ। ਉਸ ਨੇ ਦੱਸਿਆ ਕਿ ਸਪੈਸ਼ਲ ਐਜੂਕੇਸ਼ਨ ਅਧਿਆਪਕ, ਜਿਨ੍ਹਾਂ ਨੂੰ ਅਵਤਾਰ ਸਿੰਘ ਜਿਹੇ ਵਿਦਵਾਨ ਅਧਿਆਪਕ ਹੀ ਨਾ ਸਮਝਣ, ਮੇਰੇ ਨਾਲੋਂ ਵੀ ਵੱਧ ਤਨਖਾਹ ਲੈ ਰਹੇ ਸਨ।
ਇਸ ਸਾਰੇ ਕੁਝ ਦਾ ਮਨੋਰਥ ਇਹ ਹੈ ਕਿ ਅਧਿਆਪਕਾਂ ਵਿਚ ਸਮਾਜਕ ਵਿਤਕਰਾ ਨਾ ਹੋਵੇ ਤੇ ਉਹ ਆਪਣੇ ਪੇਸ਼ੇ ਦੀ ਅਹਿਮੀਅਤ ਨੂੰ ਸਮਝ ਕੇ ਕੰਮ ਕਰ ਸਕਣ। ਪਰ ਲੇਖਕ ਅਵਤਾਰ ਸਿੰਘ ਕਾਲਜ ‘ਪ੍ਰੋਫੈਸਰਾਂ’ ਦੀ ਠੁੱਕ ਪੇਸ਼ ਕਰਨ ਲਈ ਸਕੂਲ ਅਧਿਆਪਕਾਂ ਨੂੰ ‘ਮਾਸਟਰ’ ਸੱਦ ਕੇ ਉਨ੍ਹਾਂ ਨਾਲ ਘੋਰ ਵਿਤਕਰੇ ਵਾਲੀ ਗੱਲ ਕਰਦੇ ਹਨ।
ਉਹ ਸੋਚਦੇ ਹਨ ਕਿ ਕਾਲਜ ਅਧਿਆਪਕਾਂ ਕੋਲ ਹੀ ਕਹਿਣ ਨੂੰ ਕੁਝ ਹੁੰਦਾ ਹੈ, ਇਸ ਲਈ ਉਹ ਸ੍ਰੇਸ਼ਟ ਅਹੁਦੇ ਦੇ ਹੱਕਦਾਰ ਹਨ। ਉਨ੍ਹਾਂ ਅਨੁਸਾਰ ਯੂਨੀਵਰਸਿਟੀ ਦੇ ਅਧਿਆਪਕਾਂ ਕੋਲ ਕਹਿਣ-ਸੁਣਨ ਨੂੰ ਕੁਝ ਹੁੰਦਾ ਹੀ ਨਹੀਂ, ਇਸ ਲਈ ਪੜ੍ਹਾਉਣ ਦੀ ਥਾਂ ਉਹ ਰਾਜੀਵ ਗਾਂਧੀ ਵਾਂਗ ‘ਅਮਕਾ ਢਿਮਕਾ’ ਕਰਦੇ ਰਹਿੰਦੇ ਹਨ। ਰਿਸਰਚ ਵਿਚ ਉਹ ਪਰਚਿਆਂ ਦੀ ਭਾਜੀ ਮੋੜਦੇ ਹਨ, ਇਕ ਦੂਜੇ ਦੀ ਨਕਲ ਮਾਰ ਕੇ ਲਿਖਦੇ ਹਨ ਤੇ ਖੋਜ ਦੇ ਨਾਂ ‘ਤੇ ਚੋਜ ਕਰਦੇ ਹਨ। ਅਜਿਹੀਆਂ ਗੱਲਾਂ ਤੋਂ ਪ੍ਰੋਫੈਸਰ ਸਾਹਿਬ ਸਿਖਿਆ ਫਿਲਾਸਫੀ ਦੀ ਇਹ ਬੁਨਿਆਦੀ ਗੱਲ ਤੋਂ ਅਨਜਾਣ ਲਗਦੇ ਹਨ ਕਿ ਸਿੱਖਿਆ ਦਾ ਮਨੋਰਥ ਵਿਦਿਆਰਥੀਆਂ ਨੂੰ ਤੋਤਿਆਂ ਵਾਂਗ ਰੱਟੇ ਲਵਾਉਣਾ ਨਹੀਂ ਤੇ ਨਾ ਹੀ ਕੋਈ ਹਰਫੇ-ਆਖਰ ਦੱਸਣਾ ਹੈ। ਸਿਖਿਆ ਦਾ ਮੰਤਵ ਤਾਂ ਮੁੱਢ ਵਿਚ ਭਾਸ਼ਾ, ਮੱਧ ਵਿਚ ਵਿਸ਼ਾ-ਵਸਤੂ ਤੇ ਅੰਤ ਵਿਚ ਵਿਧੀ-ਵਿਧਾਨ ਦੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੀ ਸੋਝੀ ਨੂੰ ਸੰਪੂਰਨ ਤੌਰ ‘ਤੇ ਵਿਕਸਿਤ ਕਰਨਾ ਹੈ। ਆਪਣਾ ਭਲਾ ਬੁਰਾ ਫਿਰ ਉਹ ਆਪ ਹੀ ਸੋਚਦੇ ਰਹਿਣਗੇ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਪ੍ਰਾਇਮਰੀ ਜਮਾਤਾਂ ਨੂੰ ਵਿਧੀ-ਵਿਧਾਨ ਸਿਖਾਇਆ ਜਾਵੇ, ਕਾਲਜਾਂ ਵਿਚ ‘A ਅ e’ ਅਤੇ ਯੂਨੀਵਰਸਿਟੀਆਂ ਵਿਚ ਵਿਸ਼ਾ ਸਮਗਰੀ ਦੱਸੀ ਜਾਵੇ।
ਪ੍ਰੋਫੈਸਰ ਸਾਹਿਬ ਦੀ ਲਿਖਤ ਦਸਦੀ ਹੈ ਕਿ ਉਨ੍ਹਾਂ ਦੀ ਨਫਰਤ ਯੂਨੀਵਰਸਿਟੀ ਅਧਿਆਪਕਾਂ ਪ੍ਰਤੀ ਹੀ ਨਹੀਂ ਸਗੋਂ ਯੂਨੀਵਰਸਿਟੀ ਅਦਾਰਿਆਂ ਤੇ ਯੂਨੀਵਰਸਿਟੀ ਵਿਦਿਆਰਥੀਆਂ ਤੀਕ ਵੀ ਪਹੁੰਚੀ ਹੋਈ ਹੈ। ਤਕਸ਼ਿਲਾ, ਨਾਲੰਦਾ ਤੇ ਵਿਸ਼ਵਭਾਰਤੀ ਜਿਹੇ ਪੁਰਾਤਨ ਸੰਗਠਨਾਂ ਨੂੰ ਅੱਖੋਂ ਪਰੋਖੇ ਕਰ ਕੇ ਯੂਨੀਵਰਸਿਟੀਆਂ ਬਾਰੇ ਉਹ ਲਿਖਦੇ ਹਨ, “ਇਹ ਤਾਂ ਕੱਲ ਦੀਆਂ ਬੱਚੀਆਂ ਹਨ, ਸਰਕਾਰਾਂ ਨੇ ਇਨ੍ਹਾਂ ਨੂੰ ਕਾਲਜਾਂ ਸਿਰ ਬਿਠਾ ਦਿੱਤਾ ਹੈ, ਨਹੀਂ ਇਨ੍ਹਾਂ ਨੂੰ ਕੌਣ ਜਾਣਦਾ ਸੀ, ਇਹ ਪੈਰਾਸਾਈਟ ਹਨ ਤੇ ਕਾਲਜ ਹੀ ਵਿਦਿਆ ਦੇ ਅਸਲ ਉਚ-ਅਦਾਰੇ ਹਨ।”
ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਬਾਰੇ ਉਹ ਲਿਖਦੇ ਹਨ ਕਿ ਉਨ੍ਹਾਂ ਨੂੰ ਤਾਂ ਕੋਈ ਨਾਂ ਵੀ ਨਹੀਂ ਦਿੱਤਾ ਹੋਇਆ ਜਦੋਂ ਕਿ ਕਾਲਜ ਦੇ ਪਾੜ੍ਹੇ ‘ਕਾਲਜੀਏਟ’ ਦੇ ਸਨਮਾਨਤ ਸ਼ਬਦ ਨਾਲ ਪੁਕਾਰੇ ਜਾਂਦੇ ਹਨ। ਉਨ੍ਹਾਂ ਨੇ ਦੋ ਸੈਮੀਨਾਰਾਂ ਦਾ ਵੀ ਜ਼ਿਕਰ ਕੀਤਾ ਹੈ, ਜਿਥੇ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਦੇ ਦੱਸੇ ਨੁਕਤੇ ਉਠਾ ਕੇ ਉਥੇ ਹਾਜਰ ਯੂਨੀਵਰਸਿਟੀਆਂ ਦੇ ‘ਮਹਾਂਰਥੀਆਂ’ ਦੇ ਗੋਡੇ ਲਵਾ ਦਿੱਤੇ। ਇੰਨਾ ਹੀ ਨਹੀਂ, ਉਹ ਕੁਝ ਅਜਿਹਾ ਸੰਕੇਤ ਵੀ ਕਰਦੇ ਹਨ ਕਿ ਯੂਨੀਵਰਸਿਟੀ ਅਧਿਆਪਕ ਘਟੀਆ ਪੱਧਰ ਦੇ ਹੁੰਦੇ ਹਨ ਤੇ ਅਸਲ ਬੁੱਧੀਜੀਵੀ ਕਾਲਜਾਂ ਵਿਚ ਹੀ ਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਨੋਰਥ ਪੰਜਾਬ ਯੂਨੀਵਰਸਿਟੀ, ਜਾਂ ਜੇ. ਐਨ. ਯੂ. ਜਿਹੇ ਕਿਸੇ ਵੱਡੇ ਵਿਸ਼ਵ-ਵਿਦਿਆਲੇ ਵਿਚ ਨਹੀਂ ਸਗੋਂ ‘ਬੰਗੇ ਦੇ ਕਾਲਜ’ ਵਿਚ ‘ਪ੍ਰੋਫੈਸਰ’ ਲੱਗਣਾ ਸੀ!
ਪਰ ਸਭ ਤੋਂ ਹਾਸੋਹੀਣੀ ਗੱਲ ਇਹ ਹੈ ਕਿ ਗੈਰ ਕਾਲਜੀ ਅਧਿਆਪਕਾਂ ਬਾਰੇ ਇੰਨੀਆਂ ਕੋਝੀਆਂ ਗੱਲਾਂ ਕਹਿਣ ਤੋਂ ਬਾਅਦ ਵੀ ਉਹ ਲਿਖਦੇ ਹਨ ਕਿ ਜਿਸ ਸਮਾਜ ਵਿਚ ਅਧਿਆਪਕਾਂ ਦੀ ਇੱਜਤ ਨਹੀਂ, ਉਹ ਤਰੱਕੀ ਨਹੀਂ ਕਰ ਸਕਦੇ!
ਇੰਜ ਲਗਦਾ ਹੈ ਕਿ ਲੇਖਕ ਅਵਤਾਰ ਸਿੰਘ ਕੁਝ ਕਹਿਣਾ ਚਾਹੁੰਦੇ ਹਨ ਪਰ ਕਹਿ ਨਹੀਂ ਪਾਉਂਦੇ, ਇਸ ਲਈ ਉਹ ਕੁਝ ਦਾ ਕੁਝ ਲਿਖੀ ਜਾਂਦੇ ਹਨ। ਦੋ ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਇਕ ਲੇਖ ਵਿਚ ਲਿਖਿਆ ਸੀ ਕਿ ਪੰਜਾਬ ਦੀ ਰਾਜਨੀਤੀ ਦੀ ਸਮਝ ਪੰਜਾਬੀ ਯੂਨੀਵਰਸਿਟੀ ਦੇ ਦੋ ਮਹਾਨ ਪ੍ਰੋਫੈਸਰਾਂ ਹਰਜੀਤ ਸਿੰਘ ਗਿੱਲ ਤੇ ਪ੍ਰੋਫੈਸਰ ਮਿਨਹਾਸ ਤੋਂ ਬਿਨਾ ਕੋਈ ਨਹੀਂ ਰੱਖਦਾ। ਇਹ ਲੇਖ ਪੜ੍ਹ ਕੇ ਇਸੇ ਯੂਨੀਵਰਸਿਟੀ ਦੇ ਸਿੰਡਿਕ ਰਹੇ ਮੇਰੇ ਇਕ ਪ੍ਰਿੰਸੀਪਲ ਦੋਸਤ ਨੇ ਸਾਰਾ ਦਿਨ ਸੋਚਣ ਉਪਰੰਤ ਮੈਨੂੰ ਫੋਨ ਕਰਕੇ ਪੁੱਛਿਆ ਕਿ ਪੰਜਾਬ ਰਾਜਨੀਤੀ ਦੇ ਮਾਹਿਰ ਇਹ ਦੋ ਪ੍ਰੋਫੈਸਰ ਕੌਣ ਹਨ? ਮੈਂ ਉਨ੍ਹਾਂ ਨੂੰ ਕਿਹਾ, ਪ੍ਰੋ. ਹਰਜੀਤ ਗਿੱਲ ਤਾਂ ਭਾਸ਼ਾ ਵਿਗਿਆਨ ਦੇ ਉਘੇ ਵਿਦਵਾਨ ਹਨ ਤੇ ਪ੍ਰੋ. ਮਿਨਹਾਸ ਕੈਮਿਸਟਰੀ ਦੇ ਅਧਿਆਪਕ ਸਨ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਨਹੀਂ ਜਾਪਦਾ। ਪਰ ਜਿਸ ਪ੍ਰੋ. ਮਿਨਹਾਸ ਦੀ ਫੋਟੋ ਲੇਖ ਵਿਚ ਛਪੀ ਹੈ, ਉਹ ਮੇਰੀ ਸਮਝ ਤੋਂ ਬਾਹਰ ਹੈ। ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, ਕਿਸੇ ਨੇ ਅੱਧੀ ਅਧੂਰੀ ਗੱਲ ਲਿਖ ਕੇ ਟਪਾਰ ਮਾਰੀ ਹੈ। ਉਦਾਂ ਦੀਆਂ ਟਪਾਰਾਂ ਹੀ ਉਨ੍ਹਾਂ ਦੇ ‘ਮਾਸਟਰ, ਪ੍ਰੋਫੈਸਰ, ਅਧਿਆਪਕ’ ਲੇਖ ਵਿਚ ਭਰੀਆਂ ਪਈਆਂ ਹਨ।
ਅਮਰੀਕੀ ਸਕੂਲਾਂ ਵਿਚ ਮੁਢਲੀਆਂ ਜਮਾਤਾਂ ਤੋਂ ਹੀ ਰੀਡਿੰਗ ਤੇ ਰਾਈਟਿੰਗ ਦੇ ਦੋ ਵਿਸ਼ੇ ਪੜ੍ਹਾਏ ਜਾਂਦੇ ਹਨ। ਰੀਡਿੰਗ ਵਿਚ ਕਿਸੇ ਲੇਖ ਜਾਂ ਪੁਸਤਕ ਨੂੰ ਪੜ੍ਹ ਕੇ ਇਸ ਦੇ ਲੇਖਕ ਦਾ ਮਨੋਰਥ ਜਾਣਨ ਦੀ ਕਲਾ ਸਿਖਾਈ ਜਾਂਦੀ ਹੈ। ਇਸ ਕਲਾ ਦੀ ਵਰਤੋਂ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਲੇਖ ਵਿਚ ‘ਪ੍ਰੋਫੈਸਰ ਸਾਹਿਬ’ ਦਾ ਮਨੋਰਥ ਦੂਜਿਆਂ ਨੂੰ ਨੀਵਾਂ ਦਿਖਾ ਕੇ ਆਪਣੀ ਹਉਮੈ ਨੂੰ ਪੱਠੇ ਪਾਉਣਾ ਹੈ। ਆਪਣੇ ਇਸ ਮਨੋਰਥ ਦੀ ਪੂਰਤੀ ਲਈ ਉਹ ਈਰਖਾ ਭਰਪੂਰ ਤੇ ਬੇਬੁਨਿਆਦ ਗੱਲਾਂ ਦਾ ਸਹਾਰਾ ਵੀ ਲੈਂਦੇ ਹਨ।
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310