ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ।
ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਇਸ ਅੰਕ ਤੋਂ ‘ਗਦਰ’ ਵਿਚ ਛਪੇ ਫੁਟਕਲ ਲੇਖਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਲੇਖਾਂ ਵਿਚੋਂ ਗਦਰੀਆਂ ਦੇ ਸਿਦਕ, ਸਿਰੜ ਅਤੇ ਸੁੱਚੀ ਸੋਚ ਦੇ ਝਲਕਾਰੇ ਮਿਲਦੇ ਹਨ ਅਤੇ ਉਸ ਵੇਲੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਪਤਾ ਲਗਦਾ ਹੈ। -ਸੰਪਾਦਕ
(23 ਦਸੰਬਰ 1913 ਨੂੰ ਛਪਿਆ)
ਹਿੰਦੁਸਤਾਨੀ ਲੋਕ ਆਮ ਰਿਵਾਜ ਨਾਲ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ, ਪਰ ਅਫਰੀਕਾ ਵਿਚ ਹਿੰਦੁਸਤਾਨ ਦੀਆਂ ਦੇਵੀਆਂ ਜੋ ਕੰਮ ਕਰ ਰਹੀਆਂ ਹਨ, ਇਸ ਤੋਂ ਹਿੰਦੁਸਤਾਨੀਆਂ ਦੇ ਗਲਤ ਖਿਆਲ ਦਾ ਖੰਡਨ ਹੁੰਦਾ ਹੈ। ਅਫਰੀਕਾ ਦੇ ਜ਼ਾਲਮ ਕਾਨੂੰਨ ਨੂੰ ਤੋੜਨ ਦੀ ਖਾਤਿਰ ਉਥੇ ਦੀ(ਆਂ) ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਵਧ ਕੇ ਟਾਕਰਾ ਕੀਤਾ ਹੈ। ਗੰਨੇ ਦੇ ਖੇਤਾਂ ਦੇ ਜਲਾਓ ਤੇ ਹੋਰ ਕੰਮਾਂ ਵਿਚ ਮਰਦਾਂ ਵਾਂਗ ਕੰਮ ਕੀਤਾ ਹੈ। ਮਰਦਾਂ ਦੇ ਨਾਲ ਹੀ ਜੇਲ੍ਹ ਵਿਚ ਜਾਣ ਦਾ ਡਰ ਨਹੀਂ ਮੰਨਿਆ।
ਹੁਣ ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਾਇਆ ਸੀ ਅਤੇ ਇਕ ਇਕ ਸਿੰਘ ਸਵਾ ਲੱਖ ਨਾਲ ਲੜਨ ਦਾ ਦਾਵਾ ਰਖਦੇ ਹਨ, ਪਰ ਹੁਣ ਕੀ ਪੰਜਾਬ ਵਿਚ ਇਸੇ ਤਰ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ, ਪਰ ਉਹ ਪਹਿਲਾਂ ਵਰਗੀ ਕੁਵੱਤ ਤੇ ਬਹਾਦਰੀ ਸਿੰਘਾਂ ਵਿਚ ਕਿਉਂ ਨਹੀਂ ਰਹੀ। ਇਸ ਦੇ ਦੋ ਸਬੱਬ ਹਨ:
ਪਹਿਲਾ, ਉਹ ਆਦਮੀ ਜੋ ਅੰਮ੍ਰਿਤ ਬਣਾਉਂਦੇ ਹਨ, ਉਹ ਗੁਲਾਮ ਹਨ। ਗੁਰਦਵਾਰਿਆਂ ਦੇ ਗ੍ਰੰਥੀ ਅੰਗਰੇਜ਼ਾਂ ਬਾਂਦਰਾਂ ਨੂੰ ਝੁਕ ਝੁਕ ਕੇ ਸਲਾਮ ਕਰਦੇ ਦੇਖੇ ਜਾਂਦੇ ਹਨ। ਅਜਿਹੇ ਨੀਚ ਪੁਰਸ਼ ਜਿਹੜੇ ਮਜ਼੍ਹਬੀ ਲੀਡਰ ਬਣੇ ਹੋਏ ਹਨ, ਤਾਂ ਕੌਮ ਵਿਚ ਤਾਕਤ ਤੇ ਦਲੇਰੀ ਹੋ ਸਕਦੀ ਹੈ? ਜਦ ਤਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰ ਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ, ਤਦ ਤਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕਲ੍ਹ ਦੇ ਹਾਲ ‘ਤੇ ਅੱਛੀ ਤਰ੍ਹਾਂ ਸਿੰਘਾਂ ਨੂੰ ਨਿਗ੍ਹਾ ਮਾਰਨੀ ਚਾਹੀਦੀ ਹੈ ਅਤੇ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ।
ਦੂਜਾ ਸਬੱਬ ਇਹ ਹੈ ਕਿ ਗਵਰਨਮੈਂਟ ਦੇ ਹੱਦ ਤੋਂ ਵਧੇ ਹੋਏ ਮਾਮਲੇ ਦੇਣ ਮਗਰੋਂ ਸਿੰਘਾਂ ਕੋਲ ਖਾਣੇ ਜੋਗੇ ਦਾਣੇ ਭੀ ਨਹੀਂ ਬਚਦੇ। ਅੰਗਰੇਜ਼ੀ ਗਵਰਨਮੈਂਟ ਦਿਨੋ ਦਿਨ ਮਾਮਲਾ ਵਧਾਉਂਦੀ ਜਾਂਦੀ ਹੈ। ਕੋਈ ਸਿੰਘ ਭੀ ਪੁੱਛਣ ਦੀ ਹਿੰਮਤ ਨਹੀਂ ਕਰਦਾ। ਹੁਣ ਤਾਂ ਸਾਨੂੰ ਖੁਰਾਕ ਤੇ ਪਹਿਨਣ ਨੂੰ ਕੱਪੜੇ ਭੀ ਨਹੀਂ ਮਿਲਦੇ। ਦੂਜੇ ਮੁਲਕਾਂ ਵਿਚ ਧੱਕੇ ਪੈਣ ਲੱਗੇ ਪਏ। ਹੁਣ ਤਾਂ ਮਾਮਲਾ ਵਧਾਉਣ ਤੋਂ ਬੰਦ ਕਰੋ।
1908 ਵਿਚ ਅਜੀਤ ਸਿੰਘ ਦਿਨੋ ਦਿਨ ਤੇ ਲਾਜਪਤ ਰਾਏ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਸੀ। ਉਸ ਵਕਤ ਬਾਰ ਦਾ ਲਗਾਨ ਘਟਾ ਦਿੱਤਾ ਸੀ। ਲਾਜਪਤ ਰਾਏ ਨੂੰ ਸਰਕਾਰੀ ਟੱਟੂ ਬਣਨ ਤੋਂ ਮਗਰੋਂ ਅਤੇ ਅਜੀਤ ਸਿੰਘ ਨੂੰ ਦੇਸ਼ ਤੋਂ ਚਲੇ ਜਾਣ ‘ਤੇ ਇਸ ਸਾਲ 1913 ਵਿਚ ਫੇਰ ਲਗਾਨ ਵਧਾ ਦਿੱਤਾ ਹੈ, ਪਰ ਕੋਈ ਭੀ ਸਿੰਘ ਦੇਸ਼ ਤੇ ਚੱਲੇ, ਹੁਣ ਤਾਂ ਸਿੰਘਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਦ ਸੂਬੇ ਗੁਜਰਾਤ ਦੀਆਂ ਔਰਤਾਂ ਭੀ ਮੈਦਾਨ ਵਿਚ ਨਿਕਲ ਪਈਆਂ ਹਨ। ਹੁਣ ਆਪਣੇ ਨਾਂ ਤੋਂ ਜਾਂ ਤਾਂ ਸਿੰਘਾਂ ਦਾ ਪਦ ਹਟਾ ਕੇ ਗੁਜਰਾਤੀ ਔਰਤਾਂ ਨੂੰ ਦਿਉ, ਨਹੀਂ ਤਾਂ ਸ਼ੇਰ ਬਣ ਕੇ ਮੈਦਾਨ ਵਿਚ ਆ ਜਾਉ ਅਤੇ ਗੁਰੂ ਗੋਬਿੰਦ ਸਿੰਘ ਦੇ ਬਖਸ਼ੇ ਖਿਤਾਬ ਦੀ ਇੱਜਤ ਕਰੋ।
ਹਾਏ ਸਾਡੀ ਦਿਸ਼ਾ
(17 ਫਰਵਰੀ 1913 ਨੂੰ ਛਪਿਆ)
ਅਸਮਾਨ ਬਦਲਿਆ, ਧਰਤੀ ਬਦਲੀ, ਲੋਕ ਬਦਲੇ, ਪਰ ਸਾਡੀ ਹਾਲਤ ਨਾ ਬਦਲੀ। ਦੁਨੀਆਂ ਦੀਆਂ ਰੱਦੀ ਤੋਂ ਰੱਦੀ ਕੌਮਾਂ ਜਾਗ ਪਈਆਂ ਹਨ ਤੇ ਬਹੁਤ ਛੇਤੀ ਉਨਤੀ ਕਰ ਰਹੀਆਂ ਹਨ, ਪਰ ਵਾਹ ਸਾਡੀ ਨੀਂਦ! ਐਸੇ ਸੁੱਤੇ ਹਾਂ ਕਿ ਪਾਸਾ ਨਹੀਂ ਪਰਤਦੇ। ਦੁਨੀਆਂ ਸਾਡੀ ਸ਼ਕਲ ਨਹੀਂ ਦੇਖਣਾ ਚਾਹੁੰਦੀ। ਜਿਧਰ ਜਾਈਏ, ਸਾਨੂੰ ਧੱਕੇ ਹੀ ਪੈਂਦੇ ਹਨ। ਅਫਰੀਕਾ ਵਿਚ ਸਾਡੇ ਉਤੇ ਬੇਹੱਦ ਜ਼ੁਲਮ ਹੋ ਰਿਹਾ ਹੈ। ਅਮਰੀਕਾ ਵਾਲੇ ਆਪਣੇ ਦੇਸ਼ ਵਿਚ ਨਹੀਂ ਵੜਨ ਦਿੰਦੇ। ਕਹਿੰਦੇ ਹਨ, ਇਨ੍ਹਾਂ ਦੇ ਢਿੱਡ ਵਿਚ ਕੀੜੇ ਹਨ, ਪਰ ਐ ਮੁਰਦਾ ਕੌਮ, ਤੇਰੇ ਪਿੰਡੇ ਉਤੇ ਜੂੰ ਨਹੀਂ ਤੁਰਦੀ। ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਤੁਹਾਨੂੰ ਅਫਰੀਕਾ ਵਿਚ ਧੱਕੇ ਪੈਂਦੇ ਹਨ? ਕਿਉਂ ਤੁਹਾਨੂੰ ਕੈਨੇਡਾ ਵਿਚ ਦੁੱਖ ਦਿਤਾ ਜਾਂਦਾ ਹੈ? ਕਿਉਂ ਅਮਰੀਕਾ ਵਿਚੋਂ ਕੱਢਣ ਦੀਆਂ ਦਲੀਲਾਂ ਹੋ ਰਹੀਆਂ ਹਨ?
ਐ ਬੀਮਾਰ ਕੌਮ, ਤੇਰੀ ਚਾਨਣ ਜਿਹੀ ਦੇਹ ਨੂੰ ਘੁਣ ਲੱਗ ਗਿਆ ਹੈ। ਉਹ ਕਿਹੜੀ ਬੀਮਾਰੀ ਹੈ, ਜੋ ਦਿਨੋ ਦਿਨ ਤੇਰਾ ਲਹੂ ਪੀ ਰਹੀ ਹੈ? ਕਿਉਂ ਤੂੰ ਚੁੱਪ ਚਾਪ ਲੋਕਾਂ ਦੇ ਧੱਕੇ ਤੇ ਮਿਹਣੇ ਲੈ ਰਹੀ ਹੈਂ? ਉਹ ਤੇਰਾ ਜੋਸ਼, ਤੇਰੀ ਸੂਰਬੀਰਤਾ, ਤੇਰੇ ਬੜੇ ਬੜੇ ਸੂਬੇ ਜੋ ਕੌਮ ਆਨ ‘ਤੇ ਕੁਰਬਾਨ ਹੋਣਾ ਸਭ ਤੋਂ ਪਹਿਲਾ ਫਰਜ਼ ਸਮਝਦੇ ਹਨ, ਕਿਧਰ ਛੁਪ ਗਏ? ਅਜੇ ਕੱਲ੍ਹ ਦੀ ਗੱਲ ਹੈ, ਤੂੰ ਬੜੀਆਂ ਬੜੀਆਂ ਲੜਾਈਆਂ ਕੀਤੀਆਂ, ਬੜੇ ਬੜੇ ਵੈਰੀਆਂ ਦੇ ਸਿਰ ਕੱਟੇ। ਸਾਰੀ ਦੁਨੀਆਂ ਵਿਚ ਤੇਰਾ ਡੰਕਾ ਵੱਜਦਾ ਸੀ। ਮੇਰੇ ਸੂਰਮੇ ਬੀਰ ਇਕ ਮਣ ਭਾਰੀ ਤਲਵਾਰ ਹੱਥ ਵਿਚ ਫੜ੍ਹ ਕੇ ਵੈਰੀਆਂ ਦੇ ਸਿਰਾਂ ਉਤੇ ਇਸ ਤਰ੍ਹਾਂ ਜਾ ਗੱਜਦੇ ਸਨ ਕਿ ਸਿਰ ਕਦੇਂਰ ਕੇ ਹੀ ਪਤਾ ਲੱਗਦਾ ਸੀ।…
ਕੌਮ, ਤੇਰਾ ਉਹ ਦੇਸ਼ ਤੇ ਆਜ਼ਾਦੀ ਨਾਲ ਪਿਆਰ ਕਰਨਾ ਕਿਧਰ ਗਿਆ? ਇਹ ਸਭ ਤੇਰੀ ਗਫਲਤ ਤੇ ਅਵਿਦਿਆ ਕਰਦੀ ਹਨ (ਹੈ)। ਕੱਲ੍ਹ ਜੋ ਕੌਮਾਂ ਜੰਗਲ ਵਿਚ ਨੰਗੇ ਪਿੰਡੇ ਘਾਹ ਅਤੇ ਪੱਤੇ ਖਾ ਕੇ ਗੁਜ਼ਾਰਾ ਕਰਦੀਆਂ ਸਨ, ਅੱਜ ਉਹ ਵਿਦਿਆ ਦੇ ਜ਼ੋਰ ਨਾਲ ਬੜੀਆਂ ਬੜੀਆਂ ਤੋਪਾਂ ਤੇ ਹਵਾਈ ਜਹਾਜ ਬਣਾ ਕੇ ਆਪਣੇ ਦੇਸ਼ਾਂ ਵਿਚ ਅਨੰਦ ਭੋਗਦੀਆਂ ਹਨ, ਸਗੋਂ ਵਿਦਿਆ ਦੀ ਚਾਲਾਕੀ ਨਾਲ ਅੰਗਰੇਜ਼ੀ ਕੌਮ ਨੇ ਤੁਹਾਡਾ ਸੋਨੇ ਦੀ ਖਾਣ ਦੇਸ਼ ਸਾਂਭ ਲਿਆ ਅਤੇ ਵਿਦਿਆ ਦੇ ਜ਼ੋਰ ਨਾਲ ਹੀ ਨਿਤ ਦਿਨ ਤੁਹਾਡਾ ਨਾਸ਼ ਕਰ ਰਹੀ ਹੈ, ਪਰ ਐ ਮੁਰਦਾ ਕੌਮ, ਤੇਰੀਆਂ ਅੱਖਾਂ ਜ਼ਰਾ ਨਹੀਂ ਖੁੱਲ੍ਹਦੀਆਂ। ਤੁਹਾਡੇ ਬਾਪ ਦਾਦੇ ਦੀ ਕਮਾਈ ਲੁਟ ਕੇ ਹੁਣ ਤੁਹਾਡਾ ਲਹੂ ਪੀਤਾ ਜਾ ਰਿਹਾ ਹੈ। ਤੁਸੀਂ ਭੀ ਕੁਝ ਐਸੇ ਬੇਸ਼ਰਮ ਹੋ ਕਿ ਜ਼ਰਾ ਅਣਖ ਨਹੀਂ ਆਉਂਦੀ। ਸਗੋਂ ਦਿਨੋਂ ਦਿਨ ਗੁਲਾਮੀ ਵਿਚ ਫਸੇ ਜਾਂਦੇ ਹੋ। ਦੁਸ਼ਮਣ ਨਾਚ ਰੰਗ ਵਿਚ ਮਸਤ ਹੈ। ਤੇਰੇ ਬੱਚੇ ਅਵਿਦਿਆ ਕਾਰਨ ਕਾਲ ਅਤੇ ਪਲੇਗ ਨਾਲ ਮਰ ਰਹੇ ਹਨ। ਐ ਹਿੰਦੁਸਤਾਨੀ ਕੌਮ, ਛੇਤੀ ਹੋਸ਼ ਸੰਭਾਲ। ‘ਗੱਲੀਂ ਗਦਰ ਨਾ ਹੋਈ ਪਿਆਰੇ।’
ਦੇਸੀ ਅਤੇ ਵਲੈਤੀ ਜੋਕਾਂ
(3 ਮਾਰਚ 1913 ਨੂੰ ਛਪਿਆ)
ਭਾਈਓ, ਤੁਸਾਂ ਨੇ ਦੇਸੀ ਜੋਕਾਂ ਨੂੰ ਕਦੀ ਕਦੀ ਦੇਖਿਆ ਹੋਵੇਗਾ। ਇਹ ਛੋਟੇ ਕੀੜਿਆਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੀਆਂ ਹਨ। ਕਦੇ ਕਦੇ ਗਊ, ਭੈਂਸ (ਮੱਝ) ਤੇ ਹੋਰ ਪਸੂਆਂ ਦੇ ਭੀ ਲਗ ਕੇ ਉਨ੍ਹਾਂ ਦਾ ਲਹੂ ਚੂਸਣ ਦਾ ਕੰਮ ਲੱਗ ਜਾਂਦੀਆਂ ਹਨ। ਕੁਝ ਆਦਮੀ ਇਨ੍ਹਾਂ ਜੋਕਾਂ ਨੂੰ ਪਾਲ ਵੀ ਲੈਂਦੇ ਹਨ। ਜੇ ਕਿਸੇ ਆਦਮੀ ਦਾ ਲਹੂ ਖਰਾਬ ਹੋ ਜਾਵੇ ਤਾਂ ਉਸ ਦੇ ਫੋੜੇ ਫਿਨਸੀਆਂ ਉਤੇ ਲਾ ਕੇ ਉਸ ਦਾ ਗੰਦਾ ਅਤੇ ਮੈਲਾ ਲਹੂ ਚੂਸ ਲੈਂਦੀਆਂ ਹਨ। ਇਹ ਜੋਕਾਂ ਹੌਲੀ ਹੌਲੀ ਸਾਰਾ ਲਹੂ ਚੂਸ ਲੈਂਦੀਆਂ ਹਨ, ਪਰ ਕੋਈ ਦੁੱਖ ਨਹੀਂ ਹੁੰਦਾ। ਇਸ ਕੀੜੇ ਦੀ ਇਹ ਆਦਤ ਹੈ ਕਿ ਜਦ ਇਸ ਦਾ ਪੇਟ ਭਰ ਜਾਂਦਾ ਹੈ ਤਾਂ ਆਪੇ ਹੀ ਉਸ ਥਾਂ ਨੂੰ ਛੱਡ ਦਿੰਦਾ ਹੈ।
ਇਹ ਤਾਂ ਦੇਸੀ ਜੋਕਾਂ ਹਨ। ਹੁਣ ਪਰਦੇਸੀ ਜੋਕਾਂ ਦਾ ਹਾਲ ਸੁਣੋ! ਵਲੈਤੀ ਜੋਕਾਂ ਇਸ ਤੋਂ ਬਿਲਕੁਲ ਨਿਰਾਲੀਆਂ ਹਨ। ਇਹ ਛੋਟੇ ਕੱਦ ਦੇ ਕੀੜੇ ਹੁੰਦੇ ਹਨ। ਇਨ੍ਹਾਂ ਦਾ ਰੰਗ ਜੋਕਾਂ ਵਰਗਾ ਕਾਲਾ ਜਾਂ ਮਿੱਟੀ ਰੰਗ ਨਹੀਂ ਹੁੰਦਾ, ਸਗੋਂ ਭੂਰਾ ਹੁੰਦਾ ਹੈ। ਇਹ ਛੱਪੜਾਂ ਦੇ ਥਾਂ ਮਕਾਨਾਂ ਅਤੇ ਮਹਿਲਾਂ ਵਿਚ ਰਹਿੰਦੀਆਂ ਹਨ। ਇਨ੍ਹਾਂ ਦੀ ਖੁਰਾਕ ਛੋਟੇ ਛੋਟੇ ਕੀੜੇ ਨਹੀਂ, ਇਹ ਆਦਮੀਆਂ ਦਾ ਲਹੂ ਚੂਸਦੀਆਂ ਹਨ ਪਰ ਉਹ ਭੀ ਗੰਦਾ ਨਹੀਂ ਸਗੋਂ ਮਿੱਠਾ ਹੋਵੇ।
ਇਹ ਦੇਸੀ ਜੋਕਾਂ ਵਾਂਗ ਪੇਟ ਭਰ ਕੇ ਆਪਣੇ ਆਪ ਨਹੀਂ ਡਿਗਦੀਆਂ ਸਗੋਂ ਲੱਗੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਦਾ ਪੇਟ ਨਹੀਂ ਭਰਦਾ ਜਦ ਤਕ ਇਨ੍ਹਾਂ ਨੂੰ ਫੜ੍ਹ ਕੇ ਨਾ ਤੋੜਿਆ ਜਾਵੇ। ਇਨ੍ਹਾਂ ਵਲੈਤੀ ਜੋਕਾਂ ਨੂੰ ਤੁਸੀਂ ਕੀ ਸਮਝਦੇ ਹੋ? ਇਹ ਅੰਗਰੇਜ਼ੀ ਕੌਮ ਦੇ ਮਰਦ-ਨਾਰੀਆਂ ਹਨ, ਜਿਨ੍ਹਾਂ ਨੇ ਲੱਖਾਂ ਕਰੋੜਾਂ ਆਦਮੀਆਂ ਦਾ ਲਹੂ ਚੂਸ-ਚੂਸ ਕੇ ਉਨ੍ਹਾਂ ਨੂੰ ਮੁਰਦੇ ਕਰ ਦਿੱਤਾ ਹੈ। ਉਨ੍ਹਾਂ ਵਿਚੋਂ ਉਹ ਬਹੁਤ ਤਾਂ ਮਰ ਗਏ ਹਨ ਅਤੇ ਕਈ ਕਰੋੜਾਂ ਮਰਨ ਵਾਲੇ ਹਨ। ਓਏ ਹਿੰਦੁਸਤਾਨੀ ਭਰਾਵੋ, ਇਹ ਜੋਕਾਂ ਡੇਢ ਸੌ ਬਰਸ ਤੋਂ ਤੁਸਾਂ ਦੇ ਗਲ ਚੁਮੜੀਆਂ ਹੋਈਆਂ ਹਨ। ਤੁਸੀਂ ਕਮਜ਼ੋਰ ਹੋ। ਇਹ ਆਪ ਨਹੀਂ ਹਟਣਗੀਆਂ। ਇਹ ਇਨ੍ਹਾਂ ਦੀ ਆਦਤ ਦੇ ਵਿਰੁਧ ਹੈ। ਅਸੀਂ ਅਧਮੋਏ ਹੋ ਚੱਲੇ ਹਾਂ, ਪਰ ਹੁਣ ਤਕ ਕੁਝ ਹੱਥ ਪੈਰ ਨਹੀਂ ਹਿਲਾਉਂਦੇ। ਐਵੇਂ ਗੱਲਾਂ ਬਾਤਾਂ ਨਾਲ ਕੁਝ ਨਹੀਂ ਬਣੇਗਾ। ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਹੋਰ ਹੀ ਢੰਗ ਹੈ, ਇਨ੍ਹਾਂ ਨੂੰ ਝੱਟ ਹੀ ਗੱਲੋਂ ਫੜ੍ਹ ਕੇ ਦੱਬ ਦਿਉ। ਜੋ ਤੋੜ ਕੇ ਸੁੱਟ ਦਿੱਤੀਆਂ ਤਾਂ ਫੇਰ ਨਾ ਆ ਲਗਣ। ਬਸ, ਇਨ੍ਹਾਂ ਦਾ ਖਾਤਮਾ ਕਰਨਾ ਹੀ ਅੱਛਾ ਹੈ, ਨਹੀਂ ਤਾਂ ਇਹ ਛੱਡਣਾ ਨਹੀਂ ਚਾਹੁਣਗੀਆਂ। ਦੁਨੀਆਂ ਉਤੇ ਤੁਸਾਂ ਦਾ ਨਾਉ ਤਾਂਈ ਮਲੀਆਮੇਟ ਕਰ ਦੇਣ ਨੂੰ ਤਿਆਰ ਹਨ। ਜਿਤਨੀ ਛੇਤੀ ਇਨ੍ਹਾਂ ਦਾ ਨਾਸ ਕਰੋਗੇ, ਉਤਨੀ ਹੀ ਛੇਤੀ ਤੁਸਾਂ ਦਾ ਛੁਟਕਾਰਾ ਹੋਵੇਗਾ।
ਸਾਡਾ ਨਾਂ ਤੇ ਸਾਡਾ ਕੰਮ
(9 ਦਸੰਬਰ 1913 ਨੂੰ ਛਪਿਆ)
ਅੱਜ ਪਹਿਲੀ ਨਵੰਬਰ 1913 ਨੂੰ ਭਾਰਤ ਦੀ ਤਵਾਰੀਖ ਵਿਚ ਇਕ ਨਵਾਂ ਸੰਮਤ ਚਲਦਾ ਹੈ ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਿਰੁਧ ਪਰਦੇਸ ਵਿਚੋਂ ਦੇਸੀ ਜ਼ੁਬਾਨ ਵਿਚ ਜੰਗ ਛਿੜਦੀ ਹੈ। ਅੱਜ ਦਾ ਦਿਨ ਸ਼ੁਭ ਹੈ ਕਿ ਅੰਗਰੇਜ਼ੀ ਜ਼ੁਲਮ ਦੀ ਜੜ੍ਹ ਉਖਾੜਨ ਵਾਲਾ ਅੱਖਰ ਉਰਦੂ ਅਤੇ ਗੁਰਮੁਖੀ ਅਖਬਾਰ ਉਤੇ ਜਾਹਰ ਹੁੰਦਾ ਹੈ। ਘਰ ਤੋਂ ਦਸ ਹਜ਼ਾਰ ਮੀਲ ਦੂਰ ਪਰਦੇਸ ਵਿਚ ਇਸ ਅਖਬਾਰ ਦਾ ਛਪਣਾ ਇਕ ਅਜਿਹਾ ਕੰਮ ਹੈ, ਜਿਸ ‘ਤੇ ਨਿਗ੍ਹਾ ਮਾਰਨ ‘ਤੇ ਦਿਲ ਦੀ ਖੁਸ਼ੀ ਭਰੀ ਨਹੀਂ ਸਮਾਉਂਦੀ। ਅੱਜ ਭਾਰਤ ਦੀ ਕਿਸਮਤ ਹੱਸ ਰਹੀ ਹੈ। ਨਵੀਆਂ ਉਮੀਦਾਂ ਤੇ ਨਵੇਂ ਕੰਮਾਂ ਦਾ ਵੇਲਾ ਆ ਗਿਆ ਹੈ। ਅੱਜ ਚੋਬਰਾਂ ਦੇ ਕੁਮਲਾਏ ਹੋਏ ਦਿਲਾਂ ‘ਤੇ ਜੋਸ਼ ਤੇ ਹਿੰਮਤ ਦਾ ਛਿਟਾ ਦੇ ਕੇ ਉਨ੍ਹਾਂ ਵਿਚ ਨਵੀਂ ਜ਼ੁਬਾਨ ਪਾਈ ਗਈ ਹੈ।
ਅੱਜ ਕਲਮ ਦੀ ਤਾਕਤ ਦੇ ਨਾਲ ਅੰਗਰੇਜ਼ੀ ਰਾਜ ਤੇ ਤੋਪ ਬੀੜ ਦਿੱਤੀ ਹੈ, ਜਿਸ ਦਾ ਨਾਸ਼ ਕੀਤੇ ਬਿਨਾ ਬੰਦ ਨਾ ਹੋਵੇਗੀ। ਅੱਜ ਹਿੰਦੀ ਭਾਈਆਂ ਦੀ ਗੁਲਾਮੀ ਨੂੰ ਦੂਰ ਕਰਨ ਦੀ ਖਾਤਰ ਇਕ ਨਵਾਂ ਆਦਿ ਸੰਦ ਘੜਿਆ ਗਿਆ ਹੈ, ਜਿਸ ਤੋਂ ਸਾਰੀ ਸਰਕਾਰ ਦਾ ਲਹੂ ਸੁੱਕ ਗਿਆ ਹੈ। ਅੱਜ ਉਹ ਕੰਮ ਚਲਿਆ ਹੈ, ਜਿਸ ਦੀ ਮਹਿਮਾ ਸਾਰੀ ਦੁਨੀਆਂ ਵਿਚ ਸ਼ੁਰੂ ਹੋ ਜਾਵੇਗੀ, ਜਿਸ ਦੀਆਂ ਗੱਲਾਂ ਸਾਡੇ ਪੁੱਤ-ਪੋਤਰੇ ਬੜੀ ਖੁਸ਼ੀ ਨਾਲ ਕਰਨਗੇ। ਸਾਡਾ ਨਾਂ ਕੀ ਹੈ? ‘ਗਦਰ’। ਕੰਮ ਕੀ ਹੈ? ‘ਗਦਰ’ ਅਤੇ ਨਾਂ ਤੇ ਕੰਮ ਇਕੋ ਹੈ। ਗਦਰ ਦੀ ਕਿਉਂ ਲੋੜ ਹੈ? ਕਿਉਂ ਇਹ ਗਦਰ ਹੋਵੇਗਾ? ਕਦ ਹੋਵੇਗਾ? ਲਉ ਜੀ, ਸਾਰਾ ਭੇਤ ਦੱਸ ਦਿੰਦੇ ਹਾਂ। ਹਿੰਮਤ ਹੈ ਤਾਂ ਸੁਣ ਲਵੋ, ਨਹੀਂ ਤਾਂ ਘਰ ਨੂੰ ਭੱਜ ਜਾਉ। ਕਿਥੇ ਗਦਰ ਹੋਵੇਗਾ? ਭਾਰਤ ਵਿਚ। ਕਦੋਂ ਹੋਵੇਗਾ? ਥੋੜ੍ਹੇ ਬਰਸਾਂ ਤਕ। ਕਿਉਂ ਹੋਵੇਗਾ? ਕਿਉਂਕਿ ਅੰਗਰੇਜ਼ਾਂ ਦੇ ਜ਼ੁਲਮ ਤੋਂ ਖਲਕਤ ਦੁਖੀ ਹੋ ਗਈ ਹੈ ਅਤੇ ਆਜ਼ਾਦੀ ਖਾਤਿਰ ਲੜਨ ਮਰਨ ਨੂੰ ਤਿਆਰ ਹੈ। ਇਸ ਗਦਰ ਖਾਤਿਰ ਹਰ ਇਕ ਹਿੰਦੁਸਤਾਨੀ ਦਾ ਤਿਆਰ ਹੋਣਾ ਧਰਮ ਹੈ।
ਡੇਢ ਸੌ ਬਰਸ ਤੋਂ ਅੰਗਰੇਜ਼ਾਂ ਨੇ ਰਾਜ ਕਮਾਉਣਾ ਅਰੰਭਿਆ ਹੋਇਆ ਹੈ। ਹੌਲੇ ਹੌਲੇ ਸਾਰਾ ਹਿੰਦੁਸਤਾਨ ਦੱਬ ਲਿਆ ਹੈ। ਰਿਆਸਤਾਂ ਵਿਚ ਵੀ ਆਪਣਾ ਹੱਥ ਪਾਉਂਦੇ ਜਾਂਦੇ ਹਨ। ਮੁਸ਼ਕਿਲ ਨਾਲ ਨੇਪਾਲ ਤੇ ਭੂਟਾਨ ਇਨ੍ਹਾਂ ਦੇ ਦੰਦ ਤੋਂ ਬਚੇ ਹੋਏ ਹਨ। ਹੁਣ ਵੇਲਾ ਆ ਗਿਆ ਹੈ ਕਿ ਇਸ ਅੱਗ ਨੂੰ ਬੁਝਾਇਆ ਜਾਵੇ। ਇਸ ਪਲੇਗ ਦਾ ਖਾਤਮਾ ਕੀਤਾ ਜਾਵੇ। ਇਸ ਬਦਜ਼ਾਤ ਜ਼ਾਲਮ ਗਵਰਨਮੈਂਟ ਨੂੰ ਬਰਬਾਦ ਕਰਕੇ ਮੁਲਕ ਦੀ ਭਲਾਈ ਦਾ ਰਸਤਾ ਫੜ੍ਹਿਆ ਜਾਵੇ। ਅੰਗਰੇਜ਼ਾਂ ਦੇ ਰਾਜ ਨੇ ਮੁਲਕ ਦਾ ਨਾਸ ਕਰ ਦਿੱਤਾ ਹੈ। ਜਿਥੇ ਅੰਗਰੇਜ਼ਾਂ ਦੇ ਪਾਪੀ ਝੰਡੇ ਦੀ ਛਾਂ ਪੈਂਦੀ ਹੈ, ਉਥੇ ਖੁਸ਼ੀ ਤਾਂ ਪਲ ਵਿਚ ਉਡ ਜਾਂਦੀ ਹੈ। ਇਹ ਆਹਣ ਜਿਥੇ ਵੀ ਜਾਂਦੀ ਹੈ, ਇਕ ਹਰਾ ਪੱਤਾ ਨਹੀਂ ਛੱਡਦੀ। ਜਿਸ ਮੁਲਕ ਵਿਚ ਇਨ੍ਹਾਂ ਲੁਟੇਰਿਆਂ ਦੇ ਡੇਰੇ ਹਨ, ਉਥੇ ਕਾਲ, ਪਲੇਗ ਤੇ ਹੈਜ਼ਾ ਝੱਟ ਪੈਣ ਲਗ ਪਏ ਹਨ। ਜੇ ਇਸ ਘੋਲ ਵਿਚ ਜਿੱਤ ਹੋਈ ਤਾਂ ਮੁਲਕ ਦੀ ਤਰੱਕੀ ਦੇ ਝੰਡੇ ਉਠਾਏ ਜਾਣਗੇ। ਸੰਮਤ 1850 ਵਿਚ ਭਾਰਤ ਦੇ ਲੋਕਾਂ ਨੇ ਸੋਚ ਵਿਚਾਰ ਕੇ ਅੰਗਰੇਜ਼ਾਂ ਨੂੰ ਕੱਢ ਕੇ ਆਪਣਾ ਰਾਜ ਬਣਾਉਣ ਖਾਤਿਰ ਹਿੰਦੂ ਤੇ ਮੁਸਲਮਾਨ, ਰਾਜਾ-ਪਰਜਾ ਸਭ ਇਕੱਠੇ ਹੋ ਗਏ। ਮਈ ਦੇ ਮਹੀਨੇ ਗਦਰ ਅਰੰਭ ਹੋਇਆ ਜਿਸ ਦੇ ਨਾਂ ਤੋਂ ਹੁਣ ਭੀ ਅੰਗਰੇਜ਼ ਕੰਬਦੇ ਹਨ, ਪਰ ਪੂਰਾ ਇਤਫਾਕ ਨਾ ਹੋਣ ਕਰਕੇ ਉਹ ਵਾਰ ਖਾਲੀ ਗਿਆ। ਅੰਗਰੇਜ਼ ਉਸ ਵੇਲੇ ਸਾਡੇ ਲੋਕਾਂ ਨੂੰ ਈਸਾਈ ਬਣਾ ਰਹੇ ਸਨ। ਰਿਆਸਤਾਂ ਖੋਹ ਰਹੇ ਸਨ। ਜੇ ਇਹ ਲੜਾਈ ਨਾ ਹੁੰਦੀ ਤਾਂ ਸਾਰੇ ਈਸਾਈ ਬਣ ਜਾਂਦੇ।
ਪੰਦਰਾਂ ਬਰਸ ਪਿੱਛੋਂ ਗੁਰੂ ਰਾਮ ਸਿੰਘ ਨੇ ਕੂਕੇ ਤਿਆਰ ਕੀਤੇ ਕਿ ਅੰਗਰੇਜ਼ਾਂ ਦੀ ਜੜ੍ਹ ਪੁੱਟ ਸੁਟੀਏ। ਕੂਕਿਆਂ ਨੇ ਅੰਗਰੇਜ਼ ਦੀ ਨੌਕਰੀ ਨੂੰ ਪਾਪ ਕਿਹਾ ਤੇ ਗਦਰ ਦਾ ਉਪਦੇਸ਼ ਕਰਨ ਲੱਗ ਪਏ। ਸੰਮਤ 1872 ਵਿਚ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ, ਪਰ ਸੁੱਤਿਆਂ ਵਿਚੋਂ ਇਕ ਜਾਗਦਾ ਭਾਈ ਕਿਸ ਤਰ੍ਹਾਂ ਲੜ ਸਕਦਾ ਹੈ? ਸੂਰਬੀਰ ਕੂਕੇ ਆਦਮੀ ਤੇ ਬੱਚੇ ਤੋਪ ਦੇ ਨਾਲ ਉਡਾ ਦਿੱਤੇ ਗਏ ਅਤੇ ਸਾਰੇ ਦੇਖਦੇ ਰਹੇ। ਹੁਣ 1905 ਵਿਚ ਫੇਰ ਲੜਾਈ ਦਾ ਕੰਮ ਤੋਰਿਆ ਹੈ ਜਿਸ ਦੇ ਪੂਰਾ ਕਰਨ ਦੀ ਖਾਤਿਰ ਮਹਾਂਪੁਰਸ਼ਾਂ ਤੇ ਬਹਾਦਰਾਂ ਨੇ ਆਪਣੀ ਜਾਨ ਦਿੱਤੀ। ਹੁਣ ਇਹ ਬੜਾ ਦਿਲ ਦੁਗਣਾ ਤੇ ਰਾਤ ਚੌਗਣਾ ਵਧਦਾ ਜਾਂਦਾ ਹੈ। ਇਸ ਵਿਚ ਵੱਡੇ ਵੱਡੇ ਵਿਦਵਾਨ ਤੇ ਧਰਮਾਤਮਾ ਹਨ ਜਿਨ੍ਹਾਂ ਦਾ ਨਾਂ ਮੋਤੀ ਦੀ ਲੜੀ ਦੀ ਤਰ੍ਹਾਂ ਭਾਰਤ ਦੀ ਤਵਾਰੀਖ ਵਿਚ ਲਿਖੇ ਜਾਣਗੇ। ਇਸ ਧੜੇ ਦਾ ਇਹ ਪ੍ਰਣ ਹੈ ਕਿ ਹਿੰਦੁਸਤਾਨ ਵਿਚ ਗਦਰ ਕਰਕੇ ਅੰਗਰੇਜ਼ੀ ਰਾਜ ਨੂੰ ਬਰਬਾਦ ਕੀਤਾ ਜਾਵੇ ਅਤੇ ਪਰਜਾ ਆਪਣਾ ਰਾਜ ਬਣਾ ਕੇ ਸੁਲਾਹ ਨਾਲ ਰਹੇ।
ਇਹ ਗੱਲ ਤਾਂ ਠੀਕ ਹੈ, ਪਰ ਕਿਥੇ ਹਿੰਦੁਸਤਾਨ, ਕਿਥੇ ਸੈਨ ਫਰਾਂਸਿਸਕੋ। ਇਹ ਤਾਂ ਦੱਸੋ, ਏਥੇ ਕਿਉਂ ਆਏ ਅਤੇ ਅਖਬਾਰ ਲਿਖਣ ਦੀ ਕਿਵੇਂ ਸੁਝੀ? ਸੁਣੋ: ਹਿੰਦੁਸਤਾਨ ਵਿਚ 1905 ਤੋਂ ਉਹ ਬੜਾ ਭਾਰੀ ਕੰਮ ਤੁਰਿਆ, ਤਿੰਨ ਸਾਲ ਵਿਚ ਅੰਗਰੇਜ਼ ਥਰ ਥਰ ਕੰਬਣ ਲੱਗ ਪਏ।
ਫੇਰ 1907 ਤੋਂ ਉਹ ਬੜਾ ਭਾਰੀ ਕੰਮ ਤੁਰਿਆ। 1907 ਵਿਚ ਪੰਜਾਬ ਵਿਚ ਅਜੀਤ ਸਿੰਘ ਅਤੇ ਲਾਜਪਤ ਰਾਏ ਨੇ ‘ਬਾਰਾ’ ਵਿਚ ਮਾਮਲਾ ਵਧਣ ਤੋਂ ਬੜੇ ਜ਼ੋਰ ਨਾਲ ਲੈਕਚਰ ਦਿੱਤੇ। ਜ਼ਿਮੀਂਦਾਰ ਲੱਠ ਲੈ ਕੇ ਲਾਹੌਰ ਆ ਗਏ। ਫੌਜ ਵੀ ਵਿਗੜਨ ਲੱਗ ਗਈ ਤਾਂ ਸਰਕਾਰ ਨੇ ਅਜੀਤ ਸਿੰਘ ਤੇ ਲਾਜਪਤ ਰਾਏ ਨੂੰ ਫੜ੍ਹ ਕੇ ਬਰਮਾ ਭੇਜ ਦਿੱਤਾ। ਇਸ ਮਗਰੋਂ ਬੰਗਾਲ ਵਿਚ ਬੜਾ ਕੰਮ ਹੋਇਆ।
ਸਾਡਾ ਕੇਸਰੀ ਬਾਣਾ
(23 ਦਸੰਬਰ 1913 ਨੂੰ ਛਪਿਆ)
ਅੱਜ ਅਸੀਂ ਪਹਿਲੀ ਵਾਰ ਕੇਸਰੀ ਬਾਣਾ ਪਹਿਨ ਕੇ ਨਿਕਲੇ ਹਾਂ। ਹਿੰਦੁਸਤਾਨ ਦੀ ਤਵਾਰੀਖ ਵਿਚ ਇਹ ਕੇਸਰੀ ਬਾਣਾ ਸ਼ਹੀਦਾਂ ਤੇ ਸੂਰਬੀਰਾਂ ਦਾ ਜਾਮਾ ਹੈ। ਅਸੀਂ ਚੰਗੇ ਕਾਗਜ਼ ‘ਤੇ ਪੱਤਰ ਭੇਜਦੇ ਹਾਂ, ਜਿਸ ਤੋਂ ਪੂਰਾ ਪਤਾ ਲੱਗ ਜਾਵੇ। ਅੱਜ ਇਸ ਨਵੀਂ ਸਜ ਧਜ ਨਾਲ ਸੂਰਮਾ ਗਦਰ ਨਿਕਲਿਆ ਹੈ ਅਤੇ ਪੁਕਾਰਦਾ ਹੈ ਕਿ ਓ ਸੂਰਮੇ ਵੀਰੋ, ਤੁਸੀਂ ਭੀ ਕੇਸਰੀ ਜਾਮਾ ਪਹਿਨ ਲਵੋ ਅਤੇ ਸੰਸਾਰ ਦੇ ਲਾਲਚ ਨੂੰ ਛੱਡ ਅੰਗਰੇਜ਼ਾਂ ਨਾਲ ਜੰਗ ਅਰੰਭ ਦਿਉ। ਬਹਾਦਰੀ ਦੀ ਅੱਗ ਨਾਲ ਇਸ ਪਾਪੀ ਵਾਰ ਨੂੰ ਸੁਆਹ ਕਰ ਦੇਵੋ। ਪੁਰਾਣੀ ਗੁਲਾਮੀ ਦੀ ਪੁਸ਼ਾਕ ਉਤਾਰ ਦੇਵੋ। ਅੱਜ ਤੋਂ ਸੂਰਬੀਰਤਾ ਦੀ ਨਦੀ ਵਿਚ ਇਸ਼ਨਾਨ ਕਰਕੇ ਮੁੱਦਤ ਦੀ ਮੈਲ ਧੋ ਦੇਵੋ। ਫੇਰ ਰੇਸ਼ਮੀ ਕੱਪੜੇ ਪਹਿਨ ਕੇ ਆਜ਼ਾਦੀ ਦੇ ਮੰਦਿਰ ਵਿਚ ਭੇਟ ਦਿਉ। ਇਥੇ ਜਾਨ ਤੋਂ ਘੱਟ ਭੇਟ ਕਬੂਲ ਨਹੀਂ ਹੁੰਦੀ। ਜੋ ਦੇਸ਼ ਭਗਤ ਇਸ ਅਖਬਾਰ ਨੂੰ ਪੜ੍ਹਦਾ ਹੈ, ਉਸ ਦਾ ਫਰਜ਼ ਹੈ ਕਿ ਗਦਰ ਦਾ ਸਿਪਾਹੀ ਬਣ ਜਾਵੇ। ਗਦਰ ਦੀ ਰਜਮੈਂਟ ਵਿਚ ਭਰਤੀ ਹੋ ਜਾਵੇ। ਗਦਰ ਵਿਚ ਲੜਨ ਦੀ ਤਿਆਰੀ ਕਰੇ। ਗਦਰ ਦੇ ਸੁਪਨੇ ਦੇਖੇ। ਗਦਰ ਦੀ ਉਡੀਕ ਬੜੀ ਬੇਕਰਾਰੀ ਨਾਲ ਕਰੇ। ਅੱਜ ਇਸ ਕੇਸਰੀ ਬਾਣੇ ਵਿਚ ਗਦਰ ਇਹ ਉਪਦੇਸ਼ ਕਰਦਾ ਹੈ ਕਿ ਡਰ ਤੇ ਖੁਦਗਰਜ਼ੀ ਤੋਂ ਆਪਣੇ ਆਪ ਨੂੰ ਸਾਫ ਕਰ ਦਿਉ। ਆਪਣੇ ਦਿਲ ਵਿਚੋਂ ਗਲਤ ਆਪਸੀ ਝਗੜਿਆਂ ਦੇ ਕੂੜੇ ਤੋਂ ਸਾਫ ਕਰਕੇ ਆਜ਼ਾਦ ਜੀਵਨ ਦੇਸ਼ ਭਗਤਾਂ ਦੀਆਂ ਸਾਫ ਤੋਂ ਸਾਫ ਸੂਰਤਾਂ ਰਖੋ। ਜਾਨ ਕੀ ਚੀਜ਼ ਹੈ? ਕਰੋੜਾਂ ਕੀੜੇ, ਪੰਛੀ ਤੇ ਜਨੌਰ ਫਿਰਦੇ ਫਿਰਦੇ ਮਰ ਜਾਂਦੇ ਹਨ। ਲੱਖਾਂ ਆਦਮੀ ਕੁਝ ਕੀਤੇ ਬਿਨਾ ਐਵੇਂ ਹੀ ਮਰ ਜਾਂਦੇ ਹਨ। ਰੋਟੀ ਖਾਧੀ, ਕੱਪੜੇ ਪਾਏ, ਵਿਆਹ ਕੀਤਾ, ਬੱਚੇ ਹੋਏ, ਉਨ੍ਹਾਂ ਨੂੰ ਪਾਲਿਆ, ਬਸ ਚੱਲ ਦਿੱਤੇ। ਪਰ ਭਲੀ ਜ਼ਿੰਦਗੀ ਉਸ ਆਦਮੀ ਦੀ ਹੈ, ਜੋ ਚਾਰ ਦਿਹਾੜੇ ਵਿਚ ਕਈ ਕਈ ਉਪਚਾਰ ਕਰਦਾ ਹੈ। ਵਿਦਿਆ ਵਿਚ ਮਦਦ ਦੇਵੇ ਅਤੇ ਜ਼ਾਲਮਾਂ ਨਾਲ ਲੜੇ।
ਹਿੰਦੂ ਅਤੇ ਮੁਸਲਮਾਨਾਂ ਦਾ ਇਤਫਾਕ
(23 ਦਸੰਬਰ 1913 ਨੂੰ ਛਪਿਆ)
ਅੱਜ ਕੱਲ੍ਹ ਹਿੰਦੁਸਤਾਨ ਵਿਚ ਹਿੰਦੂ-ਮੁਸਲਮਾਨਾਂ ਦੇ ਇਤਫਾਕ ਖਾਤਿਰ ਵੱਡੀਆਂ ਵੱਡੀਆਂ ਜੁਗਤਾਂ ਹੋ ਰਹੀਆਂ ਹਨ। ਕੋਈ ਕੁਝ ਕਹਿੰਦਾ ਹੈ, ਕੋਈ ਕੁਝ। ਹਿੰਦੂ ਅਖਬਾਰ ਕਹਿੰਦੇ ਹਨ ਕਿ ਮੁਸਲਮਾਨ ਗਊ ਹਤਿਆ ਨਾ ਕਰਨ। ਮੁਸਲਮਾਨ ਲੀਡਰ ਇਸ ਗੱਲ ਦੀ ਮਦਦ ਕਰਦੇ ਹਨ। ਲਾਹੌਰ ਦਾ ਲੁਟੇਰਾ ਤੇ ਗੰਦਾ ਅਖਬਾਰ (ਹਿੰਦੁਸਤਾਨ) ਇਸ ਉਤੇ ਬੜਾ ਜ਼ੋਰ ਦਿੰਦਾ ਹੈ ਕਿ ਗਊ ਹਤਿਆ ਨਾ ਹੋਵੇ। ਇਸ ਵੇਲੇ ਤੁਰਕੀ ਦੀ ਲੜਾਈ ਦੀ ਵਜ੍ਹਾ ਹੋਣ ਕਰਕੇ ਮੁਸਲਮਾਨ ਵੀ ਬੜੇ ਜ਼ੋਰ ਵਿਚ ਹਨ। ਉਹ ਅੰਗਰੇਜ਼ਾਂ ਦੇ ਹਥਕੰਡਿਆਂ ਨੂੰ ਜਾਣ ਗਏ ਹਨ। ਮੁਸਲਮਾਨਾਂ ਦੇ ਡਰਾਕਲ ਤੇ ਗੁਲਾਮ ਦਿਲ ਆਗੂ ਅਮੀਰ ਅਲੀ ਅਤੇ ਆਗਾ ਖਾਨ ਮੁਸਲਿਮ ਲੀਗ (ਮੁਸਲਮਾਨਾਂ ਦੀ ਸਭਾ) ਦੀ ਕਮੇਟੀ ਤੋਂ ਜੁਦਾ ਹੋ ਗਏ ਹਨ। ਲੰਦਨ ਦਾ ਅਖਬਾਰ ‘ਟਾਈਮਜ਼’ ਜੁਆਨ ਮੁਸਲਮਾਨਾਂ ਨੂੰ ਗਿੱਦੜ ਧਮਕੀਆਂ ਦੇਣ ਦੀ ਕੋਸ਼ਿਸ਼ ਕਰਦਾ ਹੈ। ਸਾਡੀ ਰਾਏ ਵਿਚ ਹਿੰਦੂ ਮੁਸਲਮਾਨਾਂ ਦੇ ਇਤਫਾਕ ਦੀਆਂ ਸਾਰੀਆਂ ਬਾਤਾਂ ਉਮਦਾ ਤੇ ਸ਼ੁਭ ਹਨ ਅਤੇ ਇਸ ਗਦਰ 1857 ਤਵਾਰੀਖ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਗਦਰ ਵਿਚ ਹਿੰਦੂ ਮੁਸਲਮਾਨਾਂ ਨੇ ਏਕਾ ਕਰਕੇ ਅੰਗਰੇਜ਼ਾਂ ਦੇ ਰਾਜ ਨੂੰ ਹਿਲਾ ਦਿੱਤਾ ਹੈ। ਹੋਰ ਕਿਸਮ ਦਾ ਝਗੜਾ ਨਹੀਂ ਹੋਇਆ। ਉਸ ਇਤਫਾਕ ਦੀ ਯਾਦਗਾਰ ਕਾਇਮ ਰੱਖਣੀ ਚਾਹੀਦੀ ਹੈ। ਇਸੇ ਕਰਕੇ ਅਸੀਂ ਹਰ ਵਾਰ ਲੜੀ ਦਾ ਭਾਗ ਉਸ ਤਵਾਰੀਖ ਨੂੰ ਇਸ ਅਖਬਾਰ ਵਿਚ ਛਾਪਦੇ ਹਾਂ। ਇਸ ਤੋਂ ਹਿੰਦੂ ਮੁਸਲਮਾਨਾਂ ਨੂੰ ਮਾਲੀ ਖਿਆਲ ਜ਼ਿਆਦਾ ਰੱਖਣਾ ਚਾਹੀਦਾ ਹੈ ਅਤੇ ਮਜ਼੍ਹਬੀ ਸੁਆਸ ਜੁਦਾ ਰੱਖਣੇ ਚਾਹੀਦੇ ਹਨ। ਹਿੰਦੂ ਮੁਸਲਮਾਨ ਦੋਨੋਂ ਹੀ ਪਲੇਗ ਵਿਚ ਮਰਦੇ ਹਨ। ਕਾਲ ਵਿਚ ਦੋਨਾਂ ਨੂੰ ਹੀ ਰੋਟੀ ਨਹੀਂ ਮਿਲਦੀ। ਦੋਨੋਂ ਹੀ ਕੱਚੇ ਮਕਾਨਾਂ ਤੇ ਅੰਧੇਰੀ ਗਲੀਆਂ ਵਿਚ ਰਹਿੰਦੇ ਹਨ। ਦੋਹਾਂ ਦੀ ਜੇਬ ਖਾਲੀ ਹੈ। ਦੋਹਾਂ ਤੋਂ ਜ਼ਮੀਨ ਦਾ ਮਾਮਲਾ ਲਿਆ ਜਾਂਦਾ ਹੈ। ਦੋਨੋਂ ਹੀ ਵਗਾਰ ਵਿਚ ਫੜ੍ਹੇ ਜਾਂਦੇ ਹਨ। ਬਸ ਇਨ੍ਹਾਂ ਬਾਤਾਂ ਉਤੇ ਜ਼ੋਰ ਦੇਣ ਤੋਂ ਇਤਫਾਕ ਦਾ ਖਿਆਲ ਤਾਕਤ ਫੜ੍ਹੇਗਾ। ਮਜ਼੍ਹਬੀ ਬਾਤਾਂ ਦੇ ਨਾਲ ਅਸਲੀ ਮਤਲਬ ਗੁੰਮ ਹੋ ਜਾਂਦਾ ਹੈ ਅਤੇ ਇਹ ਭੀ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ ਅੰਗਰੇਜ਼ਾਂ ਦੇ ਕੱਢਣ ਦੀ ਖਾਤਿਰ ਹੀ ਹਿੰਦੂ ਮੁਸਲਮਾਨਾਂ ਦਾ ਇਤਫਾਕ ਹੋ ਸਕਦਾ ਹੈ ਕਿਉਂਕਿ ਇਤਫਾਕ ਦੀ ਖਾਤਿਰ ਇਕ ਦੁਸ਼ਮਣ ਹੋਣਾ ਜ਼ਰੂਰੀ ਹੈ ਜਿਸ ਦੇ ਬਰਖਿਲਾਫ ਇਤਫਾਕ ਕੀਤਾ ਜਾਵੇ। ਇਸ ਤਰ੍ਹਾਂ ਸਵਿਟਰਜ਼ਰਲੈਂਡ ਵਿਚ ਅਸਟਰੀਆ ਦੇ ਬਾਦਸ਼ਾਹ ਦੇ ਬਰਖਿਲਾਫ ਲੜਾਈ ਕਰਨ ਨੂੰ ਇਤਫਾਕ ਹੋ ਗਿਆ ਹੈ ਅਤੇ ਇੰਗਲਿਸ਼ਤਾਨ ਵਿਚ ਸਪੇਨ ਦੇ ਬਰਖਿਲਾਫ ਹੋਇਆ। ਇਸ ਤਰ੍ਹਾਂ ਹਿੰਦੁਸਤਾਨ ਵਿਚ ਗੋਰੀ ਚਮੜੀ ਦੇ ਮਾਸਖੋਰ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਖੇਡ ਵਿਚ ਸਾਰੀ ਕੌਮਾਂ ਦਾ ਇਤਫਾਕ ਹੋਵੇਗਾ। ਸਿਰਫ ਜ਼ੁਬਾਨੀ ਜਮ੍ਹਾਂ ਖਰਚ ਨਾਲ ਕੰਮ ਨਹੀਂ ਚਲੇਗਾ ਅਤੇ ਇਤਫਾਕ ਦੇ ਨਾਲ ਹੀ ਵੱਡੇ ਤੇ ਨੇਕ ਅਸੂਲਾਂ ਦੇ ਗਦਰ ਦੀ ਜੜ੍ਹ ਨੂੰ ਕਾਇਮ ਕਰਨਾ ਚਾਹੀਦਾ ਹੈ।
ਅਮਰੀਕਾ ਅਤੇ ਇੰਗਲਿਸ਼ਤਾਨ ਦੇ ਆਪਸੀ ਸਬੰਧ ਹਿੰਦੁਸਤਾਨ ਨੂੰ ਇਕ ਉਮੀਦ
ਅੱਜ ਕੱਲ੍ਹ ਅਮਰੀਕਾ ਤੇ ਇੰਗਲਿਸ਼ਤਾਨ ਦੇ ਕੋਈ ਵੱਡੇ ਅਤੇ ਅੱਛੇ ਸਬੰਧ ਨਹੀਂ ਹਨ ਅਤੇ ਦਿਨੋ ਦਿਨ ਵਿਗੜਦੇ ਜਾਂਦੇ ਹਨ। ਕਾਰਨ ਕਈ ਹਨ। ਅੱਜ ਕੱਲ੍ਹ ਅਮਰੀਕਨਾਂ ਵਿਚ ਡੈਮੋਕ੍ਰੇਟਿਕ ਪਾਰਟੀ ਰਾਜ ਕਰਦੀ ਹੈ। ਇਹ ਪਾਰਟੀ ਦੂਜੀਆਂ ਕੌਮਾਂ ‘ਤੇ ਰਾਜ ਕਰਨ ਵਿਰੁਧ ਹੈ। ਇੰਗਲਿਸ਼ਤਾਨ ਦੇ ਰਾਜ ਯੋਗ ਪਸੰਦ ਨਹੀਂ ਕਰਦੀ। ਇਸ ਤੋਂ ਬਿਨਾ ਨਹਿਰ ਪਨਾਮਾ ਤੇ ਖੁਲ੍ਹਣ ਤੋਂ ਇਨ੍ਹਾਂ ਦੋਹਾਂ ਕੌਮਾਂ ਵਿਚ ਗੜਬੜ ਨੇ ਇਕ ਹੋਰ ਭੂਚਾਲ ਪਾ ਦਿੱਤਾ ਹੈ। ਹੁਣ ਤੋਂ ਹੀ ਦੋਨੋਂ ਪਾਸੇ ਪੁਛਗਿਛ ਹੋ ਰਹੀ ਹੈ। ਇਸ ਨੇ ਹੁਣ ਜੁਗਤ ਕੱਢੀ ਹੈ ਕਿ ਦੋਹਾਂ ਦੇਸ਼ਾਂ ਵਿਚ ਸੌ ਸਾਲ ਤੋਂ ਕੋਈ ਲੜਾਈ ਨਹੀਂ ਹੋਈ, ਇਸ ‘ਤੇ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ। ਇਹ ਜਥਾ ਅਮਰੀਕਨ ਤੇ ਇੰਗਲੈਂਡ ਨੂੰ ਜਰਮਨੀ ਦੇ ਬਰਖਿਲਾਫ ਕਰਨਾ ਚਾਹੁੰਦਾ ਹੈ। ਕਈ ਵਾਰ ਕਹਿੰਦਾ ਹੈ ਕਿ ਇੰਗਲੈਂਡ ਤੇ ਅਮਰੀਕਨ ਇਕੋ ਲਹੂ ਹਨ। ਅਮਰੀਕਨ ਪਾਠਸ਼ਾਲਾ ਵਿਚ ਜੋ ਤਵਾਰੀਖ ਪੜ੍ਹਾਈ ਜਾਂਦੀ ਹੈ, ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਬੱਚਿਆਂ ਦੇ ਦਿਲ ਵਿਚ ਨਫਰਤ ਨਾ ਪਵੇ। ਪਰ ਇਸ ਜਥੇ ਦੀ ਕੋਈ ਨਹੀਂ ਸੁਣਦਾ। ਅਮਰੀਕਨਾਂ ਵਿਚ ਲੱਖਾਂ ਜਰਮਨ ਤੇ ਮੈਰਲੇਡਾਏ ਅੰਗਰੇਜ਼ਾਂ ਦੇ ਜਾਨੀ ਦੁਸ਼ਮਣ ਹਨ। ਹੁਣ ਸਿਰਫ ਨਹਿਰ ਪਨਾਮਾ ਦੇ ਸਬਬ ਯਾਰੀ ਤੇ ਰਾਗ ਗਾਉਂਦੇ ਹਨ। ਨਹਿਰ ਪਨਾਮਾ ਨਾਲ ਅਮਰੀਕਨਾਂ ਦੀ ਦਸ ਗੁਣੀ ਤਾਕਤ ਵਧ ਜਾਵੇਗੀ। ਅਮਰੀਕਨਾਂ ਦੇ ਪੂਰਬੀ ਘਾਟਾਂ ਤੋਂ ਜਾਪਾਨ, ਚੀਨ ਤੇ ਹਿੰਦੁਸਤਾਨ ਨੂੰ ਜਹਾਜ਼ਾਂ ਦਾ ਸਿੱਧਾ ਰਾਹ ਨਿਕਲ ਆਇਆ। ਅਮਰੀਕਨਾਂ ਦੇ ਵਪਾਰ ਨੂੰ ਬੇਹੱਦ ਤਰੱਕੀ ਹੋਵੇਗੀ। ਅੱਗੇ ਨੂੰ ਚੀਨ ਦੇ ਵਪਾਰ ਦਾ ਕਈ ਕੌਮਾਂ ਨਾਲ ਮੁਕਾਬਲਾ ਹੋਵੇਗਾ। ਅਮਰੀਕਨ ਭੀ ਇਧਰ ਹੱਥ ਪਾਵੇਗਾ। ਇਸ ਵਾਸਤੇ ਚੀਨਿਆਂ ਦੇ ਪੰਚੇਤੀ ਰਾਜ ਨੂੰ ਛੇਤੀ ਮੰਨ ਲਿਆ ਗਿਆ ਤੇ ਚੀਨੀ ਵਿਦਿਆਰਥੀਆਂ ਦੀ ਮਦਦ ਵਧਾ ਦਿੱਤੀ ਸੀ। ਚੀਨ ਤੇ ਅਮਰੀਕਾ ਦੀ ਦੋਸਤੀ ਵਧਦੀ ਦੇਖ ਕੇ ਅੰਗਰੇਜ਼ਾਂ ਦਾ ਦਿਲ ਜਲਦਾ ਹੈ ਅਤੇ ਹੁਣ ਉਹ ਵੀ ਚੀਨ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਦੇਖੋ, ਹੁਣ ਚੀਨ ਦੀ ਮਰਜ਼ੀ ‘ਤੇ ਅੰਗਰੇਜ਼ਾਂ ਨੇ ਫੀਸ ਬੰਦ ਕਰ ਦਿੱਤੀ ਹੈ। ਨਾਲੇ ਪਹਿਲਾਂ ਫੀਸ ਦੀ ਖਾਤਿਰ ਹੀ ਲੜੇ ਹਨ। ਹੋਰ ਹੁਣ ਨਹਿਰ ਪਨਾਮਾ ਦੇ ਰਾਹ ਅਮਰੀਕਾ ਤੋਂ ਦੱਖਣੀ ਅਮਰੀਕਾ ਨੂੰ ਭੀ ਸੌਖਾ ਰਾਹ ਬਣ ਗਿਆ ਹੈ। ਹੁਣ ਨਿਊ ਯਾਰਕ ਦੇ (ਲੋਕ) ਪੇਰੂ, ਚਿੱਲੀ ਤੇ ਹੋਰ ਦੇਸ਼ਾਂ ਵਿਚ ਜਾ ਸਕਦੇ ਹਨ, ਪਰ ਦੱਖਣੀ ਅਮਰੀਕਾ ਵਿਚ ਵਪਾਰ ਵਿਚ ਅੰਗਰੇਜ਼ਾਂ ਤੇ ਅਮਰੀਕਨਾਂ ਦੀ ਦੁਸ਼ਮਣੀ ਹੈ। ਅੰਗਰੇਜ਼ਾਂ ਦਾ ਬਹੁਤ ਰੁਪਿਆ ਲੱਗਿਆ ਹੋਇਆ ਹੈ। ਪਰ ਉਸ ਮੁਲਕ ਵਾਲੇ ਅਮਰੀਕਨਾਂ ਦਾ ਜ਼ੋਰ ਨਹੀਂ ਮੰਗਦੇ ਅਤੇ ਇਹ ਮੁਲਕ ਸੋਨੇ ਦੀ ਖਾਣ ਹੈ। ਜਿਹੜੇ ਆਵੇ ਦੌਲਤ ਕੱਢ ਕੇ ਲੈ ਜਾਵੇ। ਹੁਣ ਇੰਗਲੈਂਡ ਤੇ ਅਮਰੀਕਾ ਦਾ ਟਾਕਰਾ ਹੈ। ਅਮਰੀਕਨਾਂ ਦੀ ਗਵਰਨਮੈਂਟ ਚਾਹੁੰਦੀ ਹੈ ਕਿ ਅਮਰੀਕਨਾਂ ਦੇ ਜਹਾਜਾਂ ਤੋਂ ਉਹ ਮਸੂਲ ਨਾ ਲੈਣ।
ਇਸ ਜੁਗਤ ਤੋਂ ਅੰਗਰੇਜ਼ ਨੁਕਸਾਨ ਦੇਖਦੇ ਹਨ ਅਤੇ ਨਾਰਾਜ਼ ਹੁੰਦੇ ਹਨ। ਅਮਰੀਕਨ ਗਵਰਨਮੈਂਟ ਨਹਿਰ ‘ਤੇ ਆਪਣਾ ਜੰਗੀ ਕਿਲ੍ਹਾ ਬਣਾਉਣਾ ਚਾਹੁੰਦੀ ਹੈ। ਅੰਗਰੇਜ਼ ਇਸ ਤੋਂ ਹੋਰ ਸੜ੍ਹਦੇ ਹਨ ਕਿਉਂਕਿ ਇਹ ਨਹਿਰ ਉਨ੍ਹਾਂ ਦੇ ਹੱਥ ਚਲੀ ਜਾਵੇਗੀ। ਮੈਕਸੀਕੋ ਵਿਚ ਭੀ ਇਨ੍ਹਾਂ ਦੋਹਾਂ ਦੀ ਅਣਬਣ ਹੈ। ਉਥੇ ਭੀ ਤੇਲ, ਕੋਲਾ ਤੇ ਧਾਤਾਂ ਦੀ ਹੱਦ ਹੋ ਗਈ ਹੈ। ਅਮਰੀਕਨ ਆਖਦੇ ਹਨ, ਅਸੀਂ ਲੈ ਲਈਏ। ਅੰਗਰੇਜ਼ ਚਾਹੁੰਦੇ ਹਨ, ਅਸੀਂ ਨਿਗਲ ਜਾਈਏ। ਬਸ ਜੁਦਾ ਜੁਦਾ ਪਾਰਟੀਆਂ ਦੀ ਹਮਾਇਤ ਕਰਦੇ ਹਨ। ਆਪਣੇ ਆਪਣੇ ਫਾਇਦੇ ਦੀਆਂ ਜੁਗਤਾਂ ਕਰਦੇ ਹਨ। ਅਮਰੀਕਨਾਂ ਦਾ ਇਕ ਅਸੂਲ ਜਿਹੜਾ ‘ਮਨ ਲੋ ਡਾਕਟਰਨ’ ਹੈ, ਉਸ ਨੇ ਅੰਗਰੇਜ਼ਾਂ ਦਾ ਮੂੰਹ ਬੰਨ੍ਹ ਛੱਡਿਆ ਹੈ। ਅਮਰੀਕਾ ਡੌਂਡੀ ਪਿਟ ਚੁਕਾ ਹੈ ਕਿ ਯੂਰਪ ਦੀ ਕਿਸੇ ਕੌਮ ਨੂੰ ਦੱਖਣੀ ਤੇ ਉਤਰ ਅਮਰੀਕਾ ਵਿਚ ਹੱਥ ਦੇਣ ਦਾ ਅਖਤਿਆਰ ਨਹੀਂ ਹੈ। ਇਸ ਤੋਂ ਯੂਰਪ ਦੀ ਲਾਲਚੀ ਕੌਮਾਂ ਦੇ ਲੁੱਟ ਮਾਰ ਨੂੰ ਬੜਾ ਧੱਕਾ ਲੱਗਾ। ਛੇਕੜ ਅਮਰੀਕਾ ਤੇ ਇੰਗਲੈਂਡ ਦੇ ਵਿਚਾਲੇ ਝਗੜੇ ਪੈ ਗਏ ਹਨ। ਹੁਣ ਰੋਜ਼ ਤੂੰ-ਤੂੰ ਮੈਂ-ਮੈਂ ਲੱਗੀ ਰਹਿੰਦੀ ਹੈ। ਹੁਣ ਦੋਸਤੀ ਹੋਣੀ ਮੁਸ਼ਕਿਲ ਹੈ। ਅਜਿਹੇ ਹਾਲ ਤੋਂ ਸਾਨੂੰ ਫਾਇਦਾ ਹੈ। ਸਾਡੇ ਪ੍ਰਚਾਰ ਤੇ ਕੋਈ ਉਪੱਦਰ ਖੜ੍ਹਾ ਨਹੀਂ ਹੋਵੇਗਾ ਅਤੇ ਆਜ਼ਾਦੀ ਦੇ ਯੁੱਧ ਵਿਚ ਅਮਰੀਕਨ ਮਦਦ ਦੇਣਗੇ। ਹਿੰਦੁਸਤਾਨ ਨੂੰ ਤਿਆਰ ਹੋਣਾ ਚਾਹੀਦਾ ਹੈ। ਅੰਗਰੇਜ਼ਾਂ ਨੂੰ ਫਸੇ ਦੇਖ ਕੇ ਆਪਣਾ ਮਤਲਬ ਕੱਢ ਲੈਣਾ ਚਾਹੀਦਾ ਹੈ।