ਬਰਗਾੜੀ ਦਾ ਮੋਰਚਾ

ਬਰਗਾੜੀ ਮੋਰਚੇ ਬਾਰੇ ਪ੍ਰਭਸ਼ਰਨਦੀਪ ਸਿੰਘ ਦਾ ਪੂਰਨ ਸੰਤੁਲਿਤ ਅਤੇ ਖਰਾ ਵਿਸ਼ਲੇਸ਼ਣ ਪੜ੍ਹ ਕੇ ਮਨ ਪ੍ਰਸੰਨ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜ੍ਹ ਕੇ ਸਜ਼ਾਵਾਂ ਦੇਣਾ ਦਰਕਿਨਾਰ, ਅਦਬ ਦੀ ਮੰਗ ਕਰਨ ਵਾਲਿਆਂ ‘ਤੇ ਪੁਲਿਸ ਨੇ ਗੋਲੀਆਂ ਦਾਗੀਆਂ। ਪਹਿਲਾਂ ਅਕਾਲੀ ਸਰਕਾਰ, ਹੁਣ ਕਾਂਗਰਸ ਸਰਕਾਰ-ਦੋਹਾਂ ਦਾ ਹੀਜ ਪਿਆਜ ਨੰਗਾ ਹੋ ਗਿਆ। ਗੁਟਕਾ ਹੱਥ ਵਿਚ ਲੈ ਕੇ ਸਹੁੰ ਖਾਣ ਵਾਲਾ ਮੁੱਖ ਮੰਤਰੀ ਜਿੱਤਣ ਉਪਰੰਤ ਗੁਟਕੇ ਦੀ ਬੇਅਦਬੀ ਕਰਨ/ਕਰਾਉਣ ਵਾਲਿਆਂ ਨੂੰ ਸਜ਼ਾਵਾਂ ਦੇਣ ਤੋਂ ਮੁੱਕਰ ਗਿਆ। ਬਰਗਾੜੀ ਮੋਰਚੇ ਉਪਰ ਹਾਜ਼ਰ ਹੋਣ ਵਾਲਿਆਂ ਨੂੰ ਬਾਦਲ ਕੇ, ਦੇਸ਼ ਦੇ ਗੱਦਾਰ ਆਖ ਰਹੇ ਹਨ।

ਹੁਣ ਤੱਕ ਅਜਮੇਰ ਸਿੰਘ ਦੀਆਂ ਲਿਖਤਾਂ ਦਾ ਕਿਸੇ ਨੇ ਇਸ ਤਰੀਕੇ ਨੋਟਿਸ ਨਹੀਂ ਲਿਆ ਸੀ। ਸਿੱਖ, ਜਜ਼ਬਾਤ ਤੋਂ ਬਾਹਰ ਨਹੀਂ ਨਿਕਲਦੇ, ਆਦਰ ਕਰਦੇ ਕਰਦੇ ਬੁੱਤ ਪੂਜਕ ਹੋ ਜਾਂਦੇ ਹਨ। ਮੇਰੇ ਕੋਲ ਅਜਿਹੇ ਫੋਨ ਅਕਸਰ ਆਉਂਦੇ ਹਨ, “ਜੀ ਸਾਨੂੰ ਤੁਹਾਡੀਆਂ ਅਤੇ ਇੰਦਰ ਸਿੰਘ ਘੱਗਾ-ਦੋਹਾਂ ਦੀਆਂ ਲਿਖਤਾਂ ਚੰਗੀਆਂ ਲਗਦੀਆਂ ਹਨ।” ਮੈਂ ਸਿਰ ਫੜ੍ਹ ਕੇ ਬੈਠ ਜਾਂਦਾ ਹਾਂ। ਜਿਸ ਨੂੰ ਘੱਗਾ ਸਾਹਿਬ ਦੀ ਲਿਖਤ ਚੰਗੀ ਲਗਦੀ ਹੈ, ਉਸ ਨੂੰ ਮੈਂ ਬੁਰਾ ਲੱਗਣਾ ਚਾਹੀਦਾ ਹਾਂ ਕਿਉਂਕਿ ਸਾਡੀਆਂ ਲਿਖਤਾਂ ਦੀ ਦਿਸ਼ਾ ਇਕ ਦੂਜੇ ਤੋਂ ਉਲਟ ਹੈ।
ਦੋ ਸਾਲ ਪਹਿਲਾਂ ਅਜਮੇਰ ਸਿੰਘ ਮੇਰੇ ਵਿਭਾਗ ਵਿਚ ਲੈਕਚਰ ਦੇਣ ਆਏ, ਉਨ੍ਹਾਂ ਨੂੰ ਸੁਣ ਸਕਾਂ, ਮੈਨੂੰ ਸਦਿਆ ਨਹੀਂ ਗਿਆ। ਮੈਂ ਉਨ੍ਹਾਂ ਦੀ ਨੁਕਤਾਚੀਨੀ ਵੀ ਨਹੀਂ ਕਰਨੀ ਸੀ, ਤਾਂ ਵੀ ਨਹੀਂ। ਅਜਮੇਰ ਸਿੰਘ ਪੁੱਛਦੇ ਹਨ, ਚੱਬੇ ਦੇ ਇਕੱਠ ਵਿਚੋਂ ਕੀ ਨਿਕਲਿਆ? ਮੈਂ ਦਸਦਾ ਹਾਂ।
ਭੈਣ ਦਾ ਵਿਆਹ ਸੀ। ਮਹੀਨਾ ਪਹਿਲਾਂ ਦੋ ਬੋਰੀਆਂ ਮੈਦਾ ਅਤੇ ਦੋ ਬੋਰੀਆਂ ਵੇਸਣ-ਚਾਰ ਕੁਇੰਟਲ ਲਿਆ ਕੇ ਛਾਣ ਲਿਆ। ਵਿਆਹ ਤੋਂ ਦੋ ਦਿਨ ਪਹਿਲਾਂ ਹਲਵਾਈ ਆਇਆ, ਹੁਕਮ ਦਿੱਤਾ, “ਚਾਰੇ ਬੋਰੀਆਂ ਛਾਣੋ।” ਅਸੀਂ ਆਖਿਆ, “ਛਾਣ ਕੇ ਰੱਖੀਆਂ ਹਨ।” ਉਹ ਕਹਿੰਦਾ, “ਨਹੀਂ ਜੀ, ਫੇਰ ਛਾਣੋ, ਕੀ ਪਤਾ ਟਿੱਡੀ ਪਪਲੀਹੀ ਛਿਪਕਲੀ ਕੀੜੇ ਕੰਡੇ ਦਾ।”
ਬੁੜ ਬੁੜ ਕਰਦਿਆਂ ਫਿਰ ਛਾਣਨਾ ਪਿਆ ਪਰ ਨਿਕਲਿਆ ਕੁਝ ਨਾ। ਅਸੀਂ ਹਲਵਾਈ ਨੂੰ ਕਿਹਾ, “ਖਾਹਮਖਾਹ ਖਪਾਈ ਕਰਵਾ ਦਿੱਤੀ। ਕੁਝ ਨਿਕਲਿਆ?”
ਹਲਵਾਈ ਨੇ ਕਿਹਾ, “ਹਾਂ! ਵਹਿਮ ਨਿਕਲ ਗਿਆ।”
ਚੱਬੇ ਅਤੇ ਬਰਗਾੜੀ ਦੇ ਇਕੱਠਾਂ ਨੇ ਕਾਂਗਰਸ ਅਤੇ ਅਕਾਲੀਆਂ ਦਾ ਇਹ ਵਹਿਮ ਕੱਢ ਦਿੱਤਾ ਕਿ ਪੰਥ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨੋਂ ਹਟ ਗਿਆ ਹੈ।
ਸ਼ਾਂਤਮਈ ਜੁਆਨ, ਜੋ ਬਾਣੀ ਜਪੁ ਰਹੇ ਸਨ, ਅਕਾਲੀ ਸਰਕਾਰ ਦੀ ਪੁਲਿਸ ਨੇ ਭੁੰਨ ਦਿਤੇ, ਗੁਟਕਾ ਹੱਥ ਵਿਚ ਫੜ੍ਹ ਕੇ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਨੇ ਇਨਸਾਫ ਦੇਣ ਤੋਂ ਅੱਖਾਂ ਫੇਰ ਲਈਆਂ। ਇਹ ਦੋਵੇਂ ਧੜੇ ਗੁਰਬਾਣੀ ਦਾ ਆਦਰ ਕਰਦੇ ਹਨ, ਪੰਜਾਬੀਆਂ ਦਾ ਇਹ ਵਹਿਮ ਵੀ ਨਿਕਲ ਗਿਆ।
-ਡਾ. ਹਰਪਾਲ ਸਿੰਘ ਪੰਨੂ
ਫੋਨ: 91-94642-52454