ਕੁਰਸੀ ਬਚਾਉਣ ਲਈ ਬਾਦਲਾਂ ਨੇ ਮੋਰਚੇ ਸੰਭਾਲੇ

ਬਾਗੀਆਂ ਦਾ ਰੁਖ ਵੀ ਰੰਗ ਦਿਖਾਉਣ ਲੱਗਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਉਤੇ ਬਾਦਲ ਪਰਿਵਾਰ ਦੇ ਦਬਦਬੇ ਖਿਲਾਫ ਉਠਿਆ ਰੋਹ ਸਿਖਰਾਂ ਉਤੇ ਹੈ। ਇਸ ਰੋਹ ਨੂੰ ਹੁਣ ਬਾਦਲ ਵੀ ਚੰਗੀ ਤਰ੍ਹਾਂ ਤਾੜ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਟਕੀ ਢੰਗ ਨਾਲ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕੀਤੀ ਅਤੇ ਅਗਲੇ ਦਿਨ ਹੀ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਟਕਸਾਲੀ ਲੀਡਰਸ਼ਿਪ ਉਨ੍ਹਾਂ ਦੀ ਕੁਰਸੀ ਖਿੱਚਣ ਦੇ ਹੱਕ ਵਿਚ ਨਹੀਂ।

ਇਸ ਤੋਂ ਇਹੀ ਸੰਕੇਤ ਮਿਲ ਰਿਹਾ ਹੈ ਕਿ ਪੰਥਕ ਧਿਰ ਵਿਚ ਸਰਦਾਰੀ ਕਾਇਮ ਰੱਖਣ ਲਈ ਬਾਦਲ ਪਰਿਵਾਰ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ; ਹਾਲਾਂਕਿ ਸੁਖਬੀਰ ਦਾ ਇਹ ਪੈਂਤੜਾ ਇਸ ਪੱਖੋਂ ਪੁੱਠਾ ਪੈ ਗਿਆ ਕਿ ਜਿਹੜੇ ਟਕਸਾਲੀ ਆਗੂ ਸਿਹਤ ਦਾ ਹਵਾਲਾ ਦੇ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ, ਉਹ ਹੁਣ ਤਕੜੇ ਹੋ ਕੇ ਬਾਦਲਾਂ ਖਿਲਾਫ ਬੋਲਣ ਲੱਗੇ ਹਨ।
ਸੀਨੀਆਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਮਾਝੇ ਦੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਤੇ ਖੁੱਲ੍ਹੇਆਮ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਬ੍ਰਹਮਪੁਰਾ ਨੇ ਤਾਂ ਸੁਖਬੀਰ ਦੀ ਅਸਤੀਫੇ ਦੀ ਪੇਸ਼ਕਸ਼ ਤੋਂ ਤੁਰੰਤ ਬਾਅਦ ਮੋਰਚਾ ਸੰਭਾਲ ਲਿਆ ਅਤੇ ਇਥੋਂ ਤੱਕ ਆਖ ਦਿੱਤਾ ਕਿ ਇਹ ਸਭ ਨਾਟਕ ਹੈ। ਜੇ ਅਸਤੀਫਾ ਦੇਣਾ ਹੁੰਦਾ ਤਾਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਨਮੋਸ਼ੀ ਵਾਲੀ ਹਾਰ ਸਮੇਂ ਹੀ ਦੇ ਦਿੱਤਾ ਹੁੰਦਾ। ਹੁਣ ਤੱਕ ਢਿੱਲੀ ਸਿਹਤ ਦਾ ਹਵਾਲਾ ਦਿੰਦੇ ਇਸ ਆਗੂ ਨੇ ਗੱਲ ਸਿਰੇ ਲਾਉਂਦਿਆਂ ਇਹ ਵੀ ਆਖ ਦਿੱਤਾ ਕਿ ਜੇ ਅੱਜ ਵੀ ਸੁਖਬੀਰ ਅਸਤੀਫਾ ਦਿੰਦਾ ਹੈ ਤਾਂ ਉਹ ਵਾਪਸੀ ਬਾਰੇ ਸੋਚ ਸਕਦੇ ਹਨ।
ਦੱਸ ਦਈਏ ਕਿ ਸੁਖਬੀਰ ਨੇ ਪਾਰਟੀ ਅੰਦਰ ਉਠੀਆਂ ਬਾਗੀ ਸੁਰਾਂ ਨੂੰ ਵੇਖਦੇ ਹੋਏ ਅੰਮ੍ਰਿਤਸਰ ਵਿਚ ਬਿਆਨ ਦੇ ਦਿੱਤਾ ਕਿ ਜੇ ਪਾਰਟੀ ਕਹੇਗੀ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ, ਪਰ ਅਗਲੇ ਹੀ ਦਿਨ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਆਪਣੇ ਹੱਕ ਵਿਚ ਨਾਅਰੇ ਮਰਵਾ ਲਏ। ਸੁਖਬੀਰ ਨੂੰ ਉਮੀਦ ਸੀ ਕਿ ਅਸਤੀਫੇ ਦੀ ਪੇਸ਼ਕਸ਼ ਪਿੱਛੋਂ ਉਹ ਬਾਗੀ ਸੁਰਾਂ ਮੱਠੀਆਂ ਕਰਨ ਤੇ ਹਮਦਰਦੀ ਲੈਣ ਵਿਚ ਸਫਲ ਹੋਣਗੇ, ਪਰ ਹੋਇਆ ਇਸ ਦੇ ਉਲਟ। ਵੱਡੀ ਗਿਣਤੀ ਆਗੂਆਂ ਨੇ ਸੁਖਬੀਰ ਦੀ ਪੇਸ਼ਕਸ਼ ਦਾ ਸਵਾਗਤ ਕਰ ਦਿੱਤਾ ਤੇ ਸਲਾਹ ਦੇ ਦਿੱਤੀ ਕਿ ਹੁਣ ਪ੍ਰਧਾਨਗੀ ਤੋਂ ਲਾਂਭੇ ਹੋਣ ਵਿਚ ਹੀ ਭਲਾਈ ਹੈ। ਮੌਕਾ ਹੱਥੋਂ ਨਿਕਲਦਾ ਵੇਖ ਸੁਖਬੀਰ ਨੇ ਇਸ ਪੇਸ਼ਕਸ਼ ਤੋਂ ਭੱਜਣ ਵਿਚ ਹੀ ਭਲਾਈ ਸਮਝੀ। ਅਜਿਹੀ ਰਣਨੀਤੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਕਈ ਵਾਰ ਅਪਣਾ ਚੁੱਕੇ ਹਨ। ਉਸ ਵਕਤ ਮੌਜੂਦਾ ਬਗਾਵਤੀ ਸੁਰ ਵਾਲੇ ਆਗੂ ਹੀ ਬਾਦਲ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਸਹਾਇਕ ਬਣਦੇ ਰਹੇ ਹਨ।
ਅਕਾਲੀ ਦਲ ਵਿਚ ਜੋ ਕੁਝ ਹੋ ਰਿਹਾ ਹੈ, ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਰਟੀ ਦੀ ਅੰਦਰੂਨੀ ਲੜਾਈ ਸਪਸ਼ਟ ਅਤੇ ਫੈਸਲਾਕੁਨ ਦੌਰ ਵਿਚ ਪਹੁੰਚ ਚੁੱਕੀ ਹੈ। ਹੁਣ ਤੱਕ ਅਸਤੀਫਾ ਦੇਣ ਅਤੇ ਬਾਗੀ ਸੁਰਾਂ ਵਾਲੇ ਆਗੂ ਇਹ ਖੁੱਲ੍ਹ ਕੇ ਆਖ ਰਹੇ ਹਨ ਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ ਤੇ ਪਾਰਟੀ ਲਈ ਡਟੇ ਰਹਿਣਗੇ; ਪਰ ਬਾਦਲਾਂ, ਖਾਸਕਰ ਸੁਖਬੀਰ ਖਿਲਾਫ ਉਨ੍ਹਾਂ ਦੇ ਸੁਰ ਕਾਫੀ ਸਖਤ ਹਨ। ਦੱਸ ਦਈਏ ਕਿ ਟਕਸਾਲੀ ਆਗੂ ਉਸ ਸਮੇਂ ਬਾਦਲ ਪਰਿਵਾਰ ਖਿਲਾਫ ਮੈਦਾਨ ਵਿਚ ਨਿੱਤਰੇ ਹਨ ਜਦੋਂ ਅਕਾਲੀ ਦਲ ਸਿਆਸੀ ਪੱਖੋਂ ਢਹਿੰਦੀਆਂ ਕਲਾਂ ਵੱਲ ਜਾ ਰਿਹਾ ਹੈ। ਵੱਡੀ ਗਿਣਤੀ ਲੀਡਰਸ਼ਿਪ ਇਸ ਲਈ ਸੁਖਬੀਰ ਬਾਦਲ ਦੀਆਂ ਮਾੜੀਆਂ ਨੀਤੀਆਂ ਨੂੰ ਜ਼ਿੰਮੇਵਾਰ ਮੰਨਦੀ ਹੈ। ਬਾਦਲ ਪਰਿਵਾਰ ਨੂੰ ਪਾਰਟੀ ਵਿਚ ਅੰਦਰੂਨੀ ਨਹੀਂ, ਬਾਹਰੀ ਘੇਰਾ ਵੀ ਪਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬਰਗਾੜੀ ਮੋਰਚਾ ਲਾਈ ਬੈਠੀਆਂ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਬਾਦਲ ਪਰਿਵਾਰ ਦੇ ਬਾਈਕਾਟ ਦੇ ਸੱਦਾ ਦੇ ਚੁੱਕੀਆਂ ਹਨ। ਜਨਤਕ ਸਮਾਗਮ ਵਿਚ ਬਾਦਲਾਂ ਦਾ ਖੁੱਲ੍ਹ ਕੇ ਵਿਰੋਧ ਹੋ ਰਿਹਾ ਹੈ। ਹੁਣ ਅਕਾਲ ਤਖਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਵੀ ਬਾਦਲਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਭਾਵੇਂ ਪ੍ਰਭਾਵ ਇਹੀ ਹੈ ਕਿ ਨਵਾਂ ਜਥੇਦਾਰ ਬਾਦਲਾਂ ਦੇ ਲਿਫਾਫੇ ਵਿਚੋਂ ਹੀ ਨਿਕਲੇਗਾ ਪਰ ਜਿਸ ਢੰਗ ਨਾਲ ਬਾਦਲ ਪਰਿਵਾਰ ਖਿਲਾਫ ਕਾਰਵਾਈ ਲਈ ਅਕਾਲ ਤਖਤ ਦੇ ਜਥੇਦਾਰ ਉਤੇ ਦਬਾਅ ਬਣਾਇਆ ਜਾ ਰਿਹਾ ਹੈ, ਇਹ ਸੰਕੇਤ ਦੇ ਰਿਹਾ ਹੈ ਕਿ ਆਉਂਦੇ ਸਮੇਂ ਵਿਚ ਹੋਈ ਸਖਤ ਫੈਸਲਾ ਕੀਤਾ ਜਾ ਸਕਦਾ ਹੈ।
—————————–
ਪਾਰਟੀ ਦੀ ਥਾਂ ਬਾਦਲਾਂ ਨੂੰ ਬਚਾਉਣ ‘ਤੇ ਜ਼ੋਰ
ਪੰਜਾਬ ਦੀ ਸਿਆਸਤ ‘ਤੇ ਪੈਦਾ ਹੋਏ ਤਾਜ਼ਾ ਹਾਲਾਤ ਨਾਲ ਸਿੱਝਣ ਲਈ ਅਕਾਲੀਆਂ ਦੀ ਕੋਈ ਠੋਸ ਰਣਨੀਤੀ ਨਜ਼ਰ ਨਹੀਂ ਆਉਂਦੀ ਅਤੇ ਸਾਰਾ ਜ਼ੋਰ ਬਾਦਲ ਪਰਿਵਾਰ ਦੇ ਬਚਾਅ ਲਈ ਲੱਗਿਆ ਹੋਇਆ ਹੈ। ਅਕਾਲੀ ਦਲ ਦੇ ਆਗੂਆਂ ਦਾ ਹੀ ਦਬਵੀਂ ਸੁਰ ਵਿਚ ਕਹਿਣਾ ਹੈ ਕਿ ਪਾਰਟੀ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਕਰ ਕੇ ਕਾਂਗਰਸ ਨੂੰ ਭੰਡਣ ‘ਤੇ ਜ਼ੋਰ ਤਾਂ ਲਾਇਆ ਜਾ ਰਿਹਾ ਹੈ ਪਰ ਪਿਛਲੀਆਂ ਗਲਤੀਆਂ ਨੂੰ ਸੁਧਾਰਨ ‘ਤੇ ਤਵੱਕੋ ਨਹੀਂ ਦਿੱਤੀ ਜਾ ਰਹੀ। ਬਾਦਲ ਪਰਿਵਾਰਾਂ ਦੇ ਵਫਾਦਾਰਾਂ ਵੱਲੋਂ ਬਾਗੀ ਆਗੂਆਂ ਨੂੰ ਘੇਰਨ ਵੱਲ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਖਾਸ ਕਰ ਕੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੂੰ ਇਨ੍ਹਾਂ ਦੇ ਹਲਕਿਆਂ ਵਿਚ ਹੀ ਘੇਰਨ ਦੀ ਡਿਊਟੀ ਲਾਈ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਭਾਵੇਂ ਆਪਣੀ ਕੁਰਸੀ ਕਾਇਮ ਰੱਖਣ ਲਈ ਕੋਰ ਕਮੇਟੀ ਤੋਂ ਮੋਹਰ ਲਗਵਾ ਲਈ ਹੈ ਪਰ ਅਕਾਲੀ ਦਲ ਅੰਦਰ ਲੱਗੀ ਬਗਾਵਤ ਦੀ ਅੱਗ ਦੇ ਲਗਾਤਾਰ ਧੁਖਦੀ ਰਹਿਣ ਕਾਰਨ ਪ੍ਰਧਾਨ ਮੂਹਰੇ ਚੁਣੌਤੀਆਂ ਬਰਕਰਾਰ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਰਗਾੜੀ ਮੋਰਚਾ ਅਕਾਲੀਆਂ ਦੀ ਸਿਆਸਤ ‘ਤੇ ਭਾਰੂ ਪੈ ਰਿਹਾ ਹੈ। ਸਾਲ 2019 ਵਿਚ ਸੱਤਾਂ ਕੁ ਮਹੀਨਿਆਂ ਤੱਕ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਇਸ ਦਾ ਸਪੱਸ਼ਟ ਅਸਰ ਪੈਂਦਾ ਦਿਖਾਈ ਦਿੰਦਾ ਹੈ।