‘ਆਪ’ ਵਿਚ ਏਕੇ ਲਈ ‘ਦਿੱਲੀ ਅਜੇ ਦੂਰ’

ਚੰਡੀਗੜ੍ਹ: ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਬਾਗੀ ਆਗੂਆਂ ਨੂੰ ਮਨਾਉਣ ਅਤੇ ਪਾਰਟੀ ਦੇ ਏਕੇ ਬਾਰੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਪਿਛਲੇ ਤਕਰੀਬਨ ਇਕ ਮਹੀਨੇ ਤੋਂ ਰੌਲਾ ਪਾਇਆ ਜਾ ਰਿਹਾ ਸੀ ਕਿ ਦਿੱਲੀ ਹਾਈ ਕਮਾਨ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹੈ। ਇਸ ਸਬੰਧੀ ਦਿੱਲੀ ਵਿਚ ਪੰਜਾਬ ਦੇ ਆਗੂਆਂ ਨਾਲ ਧੜਾਧੜਾ ਮੀਟਿੰਗਾਂ ਵੀ ਕੀਤੀਆਂ। ਇਥੋਂ ਤੱਕ ਕਿ ਕਮੇਟੀ ਬਣਾ ਕੇ ਕੁਝ ਆਗੂਆਂ ਦੀ ਉਚੇਚੀ ਡਿਊਟੀ ਲਗਾਈ ਗਈ ਕਿ ਨਾਰਾਜ਼ ਆਗੂਆਂ ਤੱਕ ਪਹੁੰਚ ਕੀਤੀ ਜਾਵੇ ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰਿਆਂ ਦੇ ਰੋਸੇ ਦੂਰ ਕਰ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।

ਇਸ ਲਈ ਕੋਸ਼ਿਸ਼ਾਂ ਵੀ ਹੋਈਆਂ। ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਸਮੇਤ ਹੋਰ ਆਗੂਆਂ ਨਾਲ ਮੀਟਿੰਗਾਂ ਵੀ ਤੈਅ ਹੋਈਆਂ ਤੇ ਇਸ ਦੇ ਚੰਗੇ ਸਿੱਟੇ ਵੀ ਨਿਕਲਦੇ ਦਿਸ ਰਹੇ ਸਨ ਪਰ ਦਿੱਲੀ ਵਾਲੀ ਧਿਰ ਵੱਲੋਂ ਕੀਤੇ ਇਕ ਹੋਰ ਆਪਹੁਦਰੇ ਫੈਸਲੇ ਨੇ ਅਚਾਨਕ ਸਭ ਸੁਆਹ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।
ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਮਗਰੋਂ ਸਪਸ਼ਟ ਹੋ ਗਿਆ ਹੈ ਕਿ ਖਹਿਰਾ ਧੜੇ ਨਾਲ ਸੁਲ੍ਹਾ ਨਹੀਂ ਹੋਏਗੀ। ਵਿਧਾਇਕ ਸੁਖਪਾਲ ਖਹਿਰਾ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀ ਕਰਾਰ ਦੇ ਦਿੱਤਾ ਅਤੇ ਆਖ ਦਿੱਤਾ ਕਿ ਇਕ ਪਾਸੇ ਗੱਲਬਾਤ ਦਾ ਪਾਖੰਡ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਮੀਦਵਾਰ ਤੇ ਅਹੁਦੇਦਾਰ ਐਲਾਨੇ ਜਾ ਰਹੇ ਹਨ। ਦਰਅਸਲ, ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਜਾਏਗਾ। ਇਸ ਮਗਰੋਂ ਹੀ ਨਵੇਂ ਅਹੁਦੇਦਾਰ ਐਲਾਨ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਸੀ ਪਰ ਭਗਵੰਤ ਮਾਨ ਧੜੇ ਦੇ ਲੀਡਰ ਇਸ ਨਾਲ ਸਹਿਮਤ ਨਹੀਂ ਸਨ। ਇਹੋ ਕਾਰਨ ਹੈ ਕਿ ਮੀਟਿੰਗ ਤੋਂ ਬਾਅਦ ਵੀ ਅਹੁਦੇਦਾਰਾਂ ਦੀ ਨਿਯੁਕਤੀ ਹੋਈ ਅਤੇ ਹੁਣ ਉਮੀਦਵਾਰ ਐਲਾਨ ਦਿੱਤਾ ਗਏ। ਇਸ ਤੋਂ ਸਪਸ਼ਟ ਹੈ ਕਿ ਭਗਵੰਤ ਮਾਨ ਧੜਾ ਖਹਿਰਾ ਦੀਆਂ ਸ਼ਰਤਾਂ ‘ਤੇ ਸਮਝੌਤਾ ਕਰਨ ਲਈ ਤਿਆਰ ਨਹੀਂ।
ਦੂਜੇ ਪਾਸੇ ਸੁਖਪਾਲ ਖਹਿਰਾ ਨੇ ਵੀ ਨਵਾਂ ਸਿਆਸੀ ਫਰੰਟ ਬਣਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਸੱਤ ਨਵੰਬਰ ਤੱਕ ਉਡੀਕ ਕਰਨਗੇ। ਜੇਕਰ ਆਮ ਆਦਮੀ ਪਾਰਟੀ ਮੌਜੂਦਾ ਢਾਂਚੇ ਨੂੰ ਭੰਗ ਨਹੀਂ ਕਰਦੀ ਤਾਂ ਉਹ ਪੰਜਾਬ ਵਿਚ ਨਵਾਂ ਫਰੰਟ ਕਾਇਮ ਕਰਨ ਵੱਲ ਵਧਣਗੇ। ਖਹਿਰਾ ਨੇ ਮੰਨਿਆ ਕਿ ਅਕਾਲੀ ਦਲ ਤੋਂ ਨਾਰਾਜ਼ ਟਕਸਾਲੀ ਆਗੂਆਂ ਨਾਲ ਟੈਲੀਫ਼ੋਨ ਉਤੇ ਗੱਲਬਾਤ ਹੋ ਰਹੀ ਹੈ। ਬੈਂਸ ਭਰਾ ਵੀ ਖਹਿਰਾ ਨਾਲ ਚੱਲ ਰਹੇ ਹਨ। ਇਹ ਵੀ ਚਰਚਾ ਹੈ ਕਿ ਬਰਗਾੜੀ ਮੋਰਚੇ ਦੇ ਕੁਝ ਲੀਡਰ ਖਹਿਰਾ ਨਾਲ ਆ ਸਕਦੇ ਹਨ। ਖਹਿਰਾ ਧੜਾ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨਾਲ ਵੀ ਗੱਲਬਾਤ ਕਰ ਰਿਹਾ ਹੈ। ਅਜਿਹੇ ਵਿਚ ਨਵੇਂ ਸਿਆਸੀ ਫਰੰਟ ਦਾ ਖਾਕਾ ਸਾਹਮਣੇ ਆ ਰਿਹਾ ਹੈ।
ਉਧਰ, ਆਮ ਆਦਮੀ ਪਾਰਟੀ ਵਲੋਂ ਚੁੱਪ-ਚੁਪੀਤੇ ਐਲਾਨੇ ਗਏ ਉਮੀਦਵਾਰਾਂ ਤੋਂ ਸਪਸ਼ਟ ਹੈ ਕਿ ਪਾਰਟੀ ਖਹਿਰਾ ਧੜੇ ਨੂੰ ਆਪਣੀਆਂ ਸ਼ਰਤਾਂ ਤਹਿਤ ਹੀ ਨਾਲ ਲਿਆਉਣਾ ਚਾਹੁੰਦੀ ਹੈ। ਦੂਜੇ ਪਾਸੇ ਖਹਿਰਾ ਧੜਾ ਸਪਸ਼ਟ ਕਰ ਚੁੱਕਾ ਹੈ ਕਿ ਬਠਿੰਡਾ ਕਨਵੈਨਸ਼ਨ ਦੇ ਛੇ ਮਤਿਆਂ ਨੂੰ ਮੰਨਣ ਮਗਰੋਂ ਹੀ ਉਹ ਪਾਰਟੀ ਨਾਲ ਆਉਣ ਦਾ ਫੈਸਲਾ ਲੈਣਗੇ। ਬਾਗੀ ਧੜੇ ਦੀ ਵੱਡੀ ਮੰਗ ਪਾਰਟੀ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਦੀ ਨਵੇਂ ਸਿਰਿਉਂ ਚੋਣ ਹੈ। ਇਸ ਤੋਂ ਇਲਾਵਾ ਮੌਜੂਦਾ ਢਾਂਚਾ ਭੰਗ ਕਰਕੇ ਨਵੇਂ ਸਿਰਿਉਂ ਅਹੁਦੇਦਾਰਾਂ ਦਾ ਐਲਾਨ ਵੀ ਮੁੱਖ ਸ਼ਰਤਾਂ ਹੈ। ਪਾਰਟੀ ਨੇ ਜ਼ਿਆਦਾਤਰ ਅਹੁਦੇਦਾਰ ਖਹਿਰਾ ਧੜੇ ਦੇ ਬਾਗੀ ਹੋਣ ਮਗਰੋਂ ਐਲਾਨ ਸੀ। ਇਸ ਲਈ ਢਾਂਚਾ ਭੰਗ ਕਰਨ ਨਾਲ ਭਗਵੰਤ ਮਾਨ ਧੜੇ ਨੂੰ ਹੀ ਨੁਕਸਾਨ ਪੁੱਜੇਗਾ। ਭਗਵੰਤ ਮਾਨ ਧੜਾ ਅਜਿਹਾ ਰਿਸਕ ਲੈਣ ਤੋਂ ਡਰ ਰਿਹਾ ਹੈ।