ਭਲਾ! ਹੁਣ ਭਲੇ ਦਾ ਜਮਾਨਾ ਨਹੀਂ ਰਿਹਾ?

ਜਿਨ੍ਹਾਂ ਘਰਾਂ ਵਿਚ ਮਾਂ-ਬਾਪ ਇਕ ਬੱਚੇ ਨਾਲ ਖ਼ੁਸ਼ਹਾਲ ਤੇ ਖ਼ੁਸ਼ ਰਹਿਣ ਲੱਗੇ ਹਨ, ਉਨ੍ਹਾਂ ਘਰਾਂ ਵਿਚ ਕੀਮਤੀ ਪਰ ਵੱਡੀ ਗਿਣਤੀ ਵਿਚ ਆਏ ਖਿਡੌਣੇ ਜਦੋਂ ਦੋ ਕੁ ਸਾਲਾਂ ਪਿੱਛੋਂ ਬੱਚਾ ਚੁੱਪ ਹੋ ਜਾਂਦਾ ਹੈ, ਉਹ ਇਕ-ਦੂਜੇ ਦੇ ਗਲ ਲੱਗ ਕੇ ਵੱਧ ਰੋਂਦੇ ਹਨ। ਕਈ ਘਰਾਂ ਵਿਚ ਲੋਕ ਸੌਂਦੇ ਤਾਂ ਪੈਸੇ ਦਾ ਹਿਸਾਬ-ਕਿਤਾਬ ਕਰਕੇ ਹਨ ਪਰ ਜਦੋਂ ਜਾਗ ਖੁੱਲ੍ਹਦੀ ਹੈ, ਟੱਬਰ ਔਲਾਦ ਦੇ ਉਜਾੜਿਆਂ ਦਾ ਛਾਹ-ਵੇਲਾ ਕਰ ਰਿਹਾ ਹੁੰਦਾ ਹੈ। ਕਈ ਔਰਤਾਂ ਸੁਨੱਖੀਆਂ ਵੀ ਸਨ, ਖ਼ੂਬਸੂਰਤ ਵੀ ਵਾਹਵਾ ਸਨ, ਪੜ੍ਹੀਆਂ-ਲਿਖੀਆਂ ਵੀ ਸਨ ਪਰ ਵਿਸ਼ਵਾਸਯੋਗ ਨਾ ਹੋਣ ਕਰਕੇ ਹੁਸਨ ਦੀ ਹੱਟੀ ਤੇ ਇਸ਼ਕ ਦਾ ਬਾਰੂਦ ਵੇਚਦੀਆਂ ਕਤਲਾਂ ਦੇ ਇਲਜ਼ਾਮ ਲੁਆ ਬੈਠੀਆਂ। ਅਸਲ ਵਿਚ ਚਰਖਾ ਭਾਵੇਂ ਚੰਦਨ ਦਾ ਹੋਵੇ, ਟਾਹਲੀ ਦਾ ਹੋਵੇ-ਇਹ ਅਮੀਰੀ ਤੇ ਗਰੀਬੀ ਵਿਚਲਾ ਪਾੜਾ ਹੀ ਹੈ। ਉਂਜ ਚਰਖੇ ਨੇ ਪੂਣੀਆਂ ਹੀ ਕੱਤਣੀਆਂ ਹੁੰਦੀਆਂ ਹਨ। ਜਿਨ੍ਹਾਂ ਲੋਕਾਂ ਨੇ ਪ੍ਰਸੰਨਤਾ ਵੇਚ ਕੇ ਮਾਇਆ ਹੀ ‘ਕੱਠੀ ਕੀਤੀ ਹੈ, ਉਹ ਨੋਟ ਗਿਣਨ ਵੇਲੇ ਮੁਸਕਰਾਉਂਦੇ ਨਹੀਂ, ਰੋਂਦੇ ਵੇਖੇ ਹਨ। ਜਿਨ੍ਹਾਂ ਘਰਾਂ ਨੂੰ ਚਲਾਉਣ ਤੇ ਪਰਿਵਾਰ ਪਾਲਣ ਵਿਚ ਮਰਦ ਜ਼ਿੰਮੇਵਾਰ ਨਹੀਂ ਬਣ ਸਕੇ, ਉਥੇ ਪਤਨੀਆਂ ਨੇ ਇਹ ਰੋਲ ਤਾਂ ਨਿਭਾ ਲਏ ਪਰ ਇਹ ਸੰਤਾਪ ਜ਼ਰੂਰ ਭੋਗਣਾ ਪਿਆ ਕਿ ਇੱਜ਼ਤਾਂ ਪੈਸੇ ਤੋਂ ਵੱਡੀਆਂ ਨਹੀਂ ਹੁੰਦੀਆਂ। ਸਿਆਣਿਆਂ ਦੇ ਉਹ ਤੱਥ ਗਵਾਹ ਨੇ ਕਿ ਜਿਹੜੀਆਂ ਔਰਤਾਂ ਚਰਿੱਤਰ ਤੇ ਇਖਲਾਕ ਕਾਇਮ ਨਹੀਂ ਰੱਖ ਸਕਦੀਆਂ, ਉਨ੍ਹਾਂ ਦੀਆਂ ਅਗਲੀਆਂ ਤਿੰਨ ਪੀੜ੍ਹੀਆਂ ਨੂੰ ਹਰਜਾਨਾ ਵਿਆਜ ਸਣੇ ਅਦਾ ਕਰਨਾ ਪਿਆ ਹੈ। ਕਈਆਂ ਨੇ ਖ਼ੂਨਦਾਨ ਤਾਂ ਭਲੇ ਲਈ ਕੀਤਾ ਸੀ ਪਰ ਇਹ ਰੋਗੀ ਹੋਣ ਕਰਕੇ ਚੁੱਪ-ਚੁਪੀਤੇ ਬਰਬਾਦ ਕਰ ਗਿਆ। ਜਿਨ੍ਹਾਂ ਦੀ ਚਲੋ ਆਮਦਨ ਵੀ ਘੱਟ ਸੀ, ਖਰਚੇ ਵੀ ਘੱਟ ਸਨ, ਸ਼ੌਕ ਏਨੇ ਅਵੱਲੇ ਹੋਏ ਕਿ ਪਤਨੀ ਤੇ ਧੀ ਨੂੰ ਪੁੱਛਣ ਦਾ ਹੌਸਲਾ ਹੀ ਨਹੀਂ ਪਿਆ ਕਿ ਉਹ ਕੀ ‘ਕਾਰੋਬਾਰ’ ਕਰ ਰਹੀਆਂ ਹਨ। ਬਹੁਤੇ ਪੈਸੇ ਵਾਲੇ ਨੇਕ ਵੀ ਹੋਣ ਏਦਾਂ ਬਹੁਤ ਘੱਟ ਹੀ ਹੁੰਦਾ ਆਇਆ ਹੈ। ਸਿਆਣੇ ਬੰਦਿਆਂ ਨੇ ਭਾਰ ਸਿਰ ‘ਤੇ ਚੁੱਕਣ ਨਾਲੋਂ ਮੋਢੇ ‘ਤੇ ਚੁੱਕਣ ਦੀ ਇਸ ਕਰਕੇ ਕੋਸ਼ਿਸ਼ ਕੀਤੀ ਸੀ ਕਿ ਦਿਮਾਗ ‘ਤੇ ਭਾਰ ਨਾ ਪਵੇ ਪਰ ਕਈਆਂ ਨੇ ਭਾਰ ਤਾਂ ਸੇਰ੍ਹ ਨੀ ਚੁੱਕਿਆ ਬੋਝ ਏਨਾ ਢੋਇਆ ਕਿ ਸਰੀਰ ਤੇ ਦਿਮਾਗ ਦੋਵੇਂ ਹਫ਼ ਗਏ। ਹਰ ਯੁੱਗ ਵਿਚ ਭਲੇਮਾਣਸਾਂ ਨਾਲ ਕੁਪੱਤ ਵੀ ਹੋਈ ਹੈ, ਧੱਕੇਸ਼ਾਹੀਆਂ ਵੀ ਹੋਈਆਂ ਨੇ ਪਰ ਕਈ ਸੁੱਕ ਕੇ ਤਾਂ ਤਬੀਤ ਹੋ ਗਏ ਪਰ ਖ਼ੂਨਦਾਨ ਕਰਨੋਂ ਫੇਰ ਵੀ ਨਹੀਂ ਹਟੇ। ਖ਼ੈਰ! ਜਦੋਂ ਤੋਂ ਭਾਰ ਤੋਲਣ ਦਾ ਕੰਮ ਤੱਕੜੀ ਦੀ ਥਾਂ ਮਸ਼ੀਨਾਂ ਨਾਲ ਲੱਗ ਪਈਆਂ, ਘੱਟ ਤੁਲਣ ਦੀ ਸੰਭਾਵਨਾ ਤਾਂ ਨਹੀਂ। ਖਾਹ-ਮਖਾਹ ਭਲਾ ਕਰਨ ਵੇਲੇ ਸੌ ਵਾਰ ਨਹੀਂ, ਹਜ਼ਾਰ ਵਾਰ ਸੋਚ ਲਿਓ ਕਿਉਂਕਿ ਸਤਿਯੁਗ ਦੇ ਪਰਤਣ ਦੀ ਉਮੀਦ ਨਹੀਂ ਬਚੀ। ਫੇਰ ਵੀ ਭਲੇ ਲੋਕ ਸੋਚਦੇ ਨੇæææ

ਐਸ਼ ਅਸ਼ੋਕ ਭੌਰਾ
ਮਹਿੰਗੇ ਕੱਪੜੇ ਪਾ ਕੇ ਤੁਹਾਡੀ ਟੌਹਰ ਤਾਂ ਬਣ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਤੁਹਾਡਾ ਚਾਲ-ਚੱਲਣ ਵੀ ਚੰਗਾ ਹੋਵੇ। ਬਹੁਤ ਲੋਕਾਂ ਨੇ ਇਹ ਭਰਮ ਤਿਆਗ ਦਿੱਤਾ ਹੈ ਕਿ ਸੋਹਣੇ ਕੱਪੜਿਆਂ ਵਿਚ ਹੁਣ ਬੀਬੇ ਬੰਦੇ ਨਹੀਂ ਹੁੰਦੇ। ਜੇ ਹੁਣ ਬਾਂਦਰ ਮਦਾਰੀ ਦੇ ਇਸ਼ਾਰਿਆਂ ‘ਤੇ ਨੱਚਣ ਤੋਂ ਮਨ੍ਹਾਂ ਕਰ ਰਿਹਾ ਹੈ ਤਾਂ ਲਗਦਾ ਨਹੀਂ ਜੰਗਲ ‘ਚ ਵੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲੱਗਣ ਲੱਗ ਪੈਣਗੇ। ਆਪਣੇ ਮੁਲਕ ਵਿਚ ਜੇ ਕਦੀ ਕਾਨੂੰਨ ਜਾਤ-ਪਾਤ ਨੂੰ ਮੁੱਖ ਰੱਖ ਕੇ ਨਾ ਬਣਾਏ ਗਏ ਹੁੰਦੇ ਤਾਂ ਬ੍ਰਾਹਮਣ ਦੇ ਪੁੱਤ ਨੂੰ ਬ੍ਰਾਹਮਣ ਹੋਣ ‘ਤੇ ਮਾਣ ਨਹੀਂ ਹੋਣਾ ਸੀ ਤੇ ਨਾ ਹੀ ਸ਼ੂਦਰ ਦੇ ਘਰ ਜਨਮੇ ਪੁੱਤਰ ਨੂੰ ਸ਼ੂਦਰ ਹੋਣ ‘ਤੇ ਝੋਰਾ ਹੋਣਾ ਸੀ। ਜ਼ਿਮੀਂਦਾਰ ਤੇ ਕੰਮੀ ਇਸ ਗੱਲ ‘ਤੇ ਇਕਸੁਰ ਨਹੀਂ ਹੋ ਸਕੇ ਕਿ ਦੋਹਾਂ ਦਾ ਕੰਮ ਇੱਕੋ ਹੈ ਬਲਕਿ ਕਿਸਾਨ ‘ਜੱਟਪੁਣੇ’ ਦੀ ਫੋਕੀ ਹਉਮੈ ਵਿਚ ਫਾਹੇ ਲੈਣ ਵੱਲ ਤੁਰ ਪਿਆ ਹੈ। ਅਹਿਸਾਸ ਹੋਣ ਲੱਗ ਪਿਆ ਹੈ ਕਿ ਚਰਖਾ ਹੁਣ ਰੂੰ ਨਹੀਂ ਕੱਤ ਰਿਹਾ, ਗਲੋਟਿਆਂ ਨੂੰ ਉਧੇੜ ਕੇ ਰੂੰ ਬਣਾਉਣ ਲੱਗ ਪਿਆ ਹੈ। ਇਸ ਗੱਲ ਦੇ ਕੀ ਅਰਥ ਕੱਢੋਗੇ ਕਿ ਉਚੀਆਂ ਜਾਤਾਂ ‘ਚੋਂ ਹੁਣ ਜ਼ਿਮੀਂਦਾਰ ਤੇ ਜੱਟ ਨੀਵੇਂ ਬਣ ਕੇ ਰਾਖਵੇਂਕਰਨ ਲਈ ਸੰਘਰਸ਼ ਕਰਨ ਲੱਗੇ ਹਨ ਤੇ ਨੀਵੀਆਂ ਤੇ ਪਛੜੀਆਂ ਜਾਤੀਆਂ ਛੱਤੀਂ ਹੱਥ ਪਾਉਣ ਲਈ ਪਿਛਲੇ ਪੰਜ ਸੌ ਸਾਲਾਂ ਤੋਂ ਅੰਦੋਲਨ ਕਰਨ ਲੱਗੀਆਂ ਹੋਈਆਂ ਹਨ। ਚਪੜਾਸੀ ਤੇ ਅਫ਼ਸਰ ਵੀ ਇਕ ਤਰ੍ਹਾਂ ਨਾਲ ਜਾਤ-ਪਾਤ ਹੀ ਹੈ ਤੇ ਦੋਹਾਂ ‘ਚ ਰਿਸ਼ਤਾ ਸਮਾਜ ਤੇ ਮੁਲਕ ਨੂੰ ਚਲਾਉਣ ਵਾਲਾ ਹੈ ਪਰ ਜਾਤੀ ਅਭਿਮਾਨ ਨੇ ਨੁਕਸਾਨ ਬਹੁਤ ਕੀਤਾ ਹੈ ਤੇ ਜਦੋਂ ਦਾ ਜਾਤ-ਪਾਤ ਅੰਦਰ ਧਰਮ ਦਾ ਘੜਮੱਸ ਪਿਆ ਹੈ ਤੇ ਅਧਿਕਾਰਾਂ ‘ਤੇ ਵਧੇਰੇ ਕਬਜਾ ਹੋਣ ਕਾਰਨ ਬ੍ਰਾਹਮਣ ਨੇ ਵਿਦਰੋਹ ਪੈਦਾ ਹੀ ਨਹੀਂ ਹੋਣ ਦਿੱਤਾ। ਸਾਰੇ ਥਾਂਵਾਂ ‘ਤੇ ਨੱਚਣ ਦੇ ਸ਼ਗਨਾਂ ਦਾ ਅਰਥ ਵਿਆਹ ਨਹੀਂ ਹੁੰਦਾ, ਇਸ ਲਈ ਗਰੀਬ ਤੇ ਨੀਵੇਂ ਲੋਕ ਜੇ ਲੋੜ ਤੋਂ ਵੱਧ ਤੀਂਗੜ ਰਹੇ ਹਨ ਤਾਂ ਬਿਨਾਂ ਘੜਿਆਲ ਤੋਂ ਵੱਜਦੀ ਘੰਟੀ ਦਾ ਅਰਥ ਸਮਾਜ ਪ੍ਰਬੰਧ ਵਿਚ ਹਾਲੇ ਤੀਕਰ ਵੀ ਬਰਾਬਰੀ ਲੈਣ ਦਾ ਇਕ ਤਰ੍ਹਾਂ ਨਾਲ ਸ਼ਾਂਤਮਈ ਅੰਦੋਲਨ ਹੀ ਹੈ। ‘ਕਰ ਭਲਾ ਹੋ ਭਲਾ’ ਦੇ ਅਰਥ ਬਹੁਤਾ ਕਰਕੇ ਗਰੀਬ ਤੇ ਨੀਵੇਂ ਲੋਕਾਂ ਲਈ ਹੀ ਪੂਜਾ ਪਾਠ ਹੈ, ਉਚਿਆਂ ਨੇ ਤਾਂ ਇਸ ‘ਤੇ ਸਿਰਫ਼ ਮੋਹਰ ਹੀ ਲਾਉਣੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਝੁਕ ਕੇ ਸਿਰੋਪਾ ਪੁਆਉਣ ਜਾਂ ਸਨਮਾਨ ਲੈਣ ਨਾਲ ਅੰਦਰਲੀ ਨਿਮਰਤਾ ਜਾਗ ਪਈ ਹੋਵੇ। ਪਤੀ-ਪਤਨੀ ਦੇ ਇਕ ਨੰਬਰ ਦੀਆਂ ਐਨਕਾਂ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਦੋਵੇਂ ‘ਕੱਠੇ ਬੁੱਢੇ ਹੋ ਰਹੇ ਹਨ। ਸਾਰੇ ਧਰਮ ਇਹੋ ਕਹਿੰਦੇ ਹਨ ਕਿ ਪਰਉਪਕਾਰ ਜਾਂ ਭਲਾ ਕਰਨ ਦੀ ਪ੍ਰਵਿਰਤੀ ਮਨੁੱਖਤਾ ਦੀ ਉੱਤਮ ਪਰਿਭਾਸ਼ਾ ਹੈ। ਭਾਈ ਕਨਈਆਂ ਜੀ ਨੂੰ ਨਹੀਂ ਪਤਾ ਸੀ ਕਿ ਜੰਗ ‘ਚ ਜਖਮੀਆਂ ਨੂੰ ਜਲ-ਛਕਾਉਣ ਦੀ ਉਨ੍ਹਾਂ ਦੀ ਨਿਰਪੱਖ ਸੋਚ ਦੁਨੀਆਂ ਨੂੰ ‘ਰੈਡ-ਕਰਾਸ’ ਵਰਗੀ ਕਲਿਆਣਕਾਰੀ ਸੰਸਥਾ ਦੇਵੇਗੀ। ਪਰ ਜਮਾਨੇ ਤੇ ਸਮੇਂ ਦੇ ਬਦਲਣ ਨਾਲ ਤੁਹਾਨੂੰ ਵੀ ਲਗਦਾ ਨਹੀਂ ‘ਭਲੇ’ ਤੇ ‘ਭਲਾਈ’ ਦੇ ਅਰਥ ਬਦਲ ਗਏ ਹਨ। ਨਿੱਕੇ ਹੁੰਦਿਆਂ ਛੋਟੇ ਸਕੂਲਾਂ ‘ਚ ਪੜ੍ਹਦਿਆਂ ਭਲੇ ਬਾਰੇ ਬਹੁਤ ਸਿੱਖਿਆਦਾਇਕ ਕਹਾਣੀਆਂ ਪੜ੍ਹਿਆ ਕਰਦੇ ਸਾਂ ਪਰ ਇਹ ਗੱਲਾਂ ਵਿਚਾਰ ਕੇ ਵੇਖਿਓ, ਜਿਨ੍ਹਾਂ ਦਾ ਮੈਂ ਹੇਠਾਂ ਜ਼ਿਕਰ ਕਰਨ ਲੱਗਾ ਹਾਂ ਕਿ ਭਲੇਮਾਣਸ ਪੁੰਨ ਦੀ ਗਠੜੀ ਚੁੱਕ ਕੇ ਤੁਰੇ ਤਾਂ ਲਾਹੌਰ ਨੂੰ ਸਨ ਪਰ ਕੋਹਾਂ ਮੀਲ ਜਦੋਂ ਪੈਂਡਾ ਤੈਅ ਕਰਕੇ ਪੁੱਜੇ ਦਾ ਅੱਗੇ ਲਿਖਿਆ ਆ ਗਿਆ ਪਿਸ਼ੌਰ ਤੁਹਾਨੂੰ ਜੀ ਆਇਆ ਨੂੰ ਆਖਦਾ ਹੈ ਤੇ ਭਲਾਮਾਣਸ ਤੇ ਭਲਮਾਣਸੀ ਦੋਵੇਂ ਇਕ-ਦੂਜੇ ਨਾਲ ਗੁੱਤੋ-ਗੁੱਤੀ ਹੋਣ ਲੱਗ ਪਏ।
ਇਕ ਸਾਦ-ਮੁਰਾਦਾ ਮਹਾਂਪੁਰਸ਼ਾਂ ਵਰਗਾ ਇਨਸਾਨ ਇਕ ਧਾਰਮਿਕ ਅਸਥਾਨ ਤੋਂ ਰੱਬ-ਰੱਬ ਕਰਕੇ, ਲੰਗਰ ਛਕ ਕੇ ਆਪਣੀ ਹੀ ਮੌਜ-ਮਸਤੀ ਵਿਚ ਉਪਰ ਵਾਲੇ ਦੀ ਮਹਿਮਾ ਗਾਉਂਦਾ ਜਾ ਰਿਹਾ ਸੀ ਕਿ ਉਹ ਇਕਦਮ ਤ੍ਰਬਕ ਗਿਆ ਜਿਵੇਂ ਉਹਦਾ ਸਤਿਸੰਗ ਭੰਗ ਹੋ ਗਿਆ ਹੋਵੇ। ਇਕ ਵੱਡੇ ਸਾਰੇ ਕਾਨ੍ਹਿਆਂ ਦੇ ਬੂਝੇ ਨੂੰ ਅੱਗ ਲੱਗੀ ਹੋਈ ਸੀ, ਉਤੋਂ ਹਾੜ ਮਹੀਨੇ ਸੂਰਜ ਦੇਵਤਾ ਵੀ ਅੱਗ ਦੇ ਗੋਲੇ ਦਾਗਣ ਲੱਗਾ ਹੋਇਆ ਸੀ। ਮਹਾਂਪੁਰਸ਼ ਨੂੰ ਬੂਝੇ ਨੂੰ ਅੱਗ ਲੱਗਣ ਦਾ ਨਹੀਂ, ਇਹ ਦੁੱਖ ਝੰਜੋੜ ਗਿਆ ਕਿ ਵਿਚਾਲੇ ਇਕ ਨਾਗ ਫਸਿਆ ਹੋਇਐ ਤੇ ਅੱਗ ਤੋਂ ਬਾਹਰ ਨਿਕਲਣ ਲਈ ਵਿਲਕ ਰਿਹੈ। ਉਹਨੇ ਸੋਚਿਆ, ਰੱਬ ਦੇ ਘਰੋਂ ਢਿੱਡ ਭਰਕੇ ਨਿਕਲਿਆ ਹਾਂ ਕਿਉਂ ਨਾ ਇਸ ਨਾਗ ਦੇਵਤੇ ਨੂੰ ਬਚਾਇਆ ਜਾਵੇ। ਇਸ ਤੋਂ ਵੱਡਾ ਲੰਗਰ ਦਾ ਮੁੱਲ ਤਾਰਨਾ ਕੀ ਹੋ ਸਕਦੈ। ਜੇ ਮੈਂ ਇਹਨੂੰ ਬਚਾ ਲਿਆ ਤਾਂ ਚਾਰ ਦਿਨ ਮੰਦਰ-ਮਸਜਿਦ ਨਾ ਵੀ ਜਾਵਾਂ ਤਾਂ ਕੋਈ ਝੋਰਾ ਨਹੀਂ ਹੋਵੇਗਾ। ਮਹਾਂਪੁਰਸ਼ ਏਧਰ-ਉਧਰ ਭੱਜਿਆ ਤੇ ਉਹ ਤੂਤ ਤੋਂ ਇਕ ਲੰਮੀ ਸਾਰੀ ਛਿਟੀ ਤੋੜ ਲਿਆਇਆ। ਸਪਰਿੰਗ ਵਾਂਗ ਲੂਹ ਹੋਣ ਤੋਂ ਡਰਦੇ ਨਾਗ ਨੂੰ ਜਦੋਂ ਉਹਨੇ ਉਸ ਛਿਟੀ ਨਾਲ ਛਾਲ ਲੁਆਈ ਤਾਂ ਨਾਗ ਦੇਵਤਾ ਜੀ ਅਤਿ ਪ੍ਰਸੰਨ ਹੋ ਕੇ ਉਹਦੇ ਹੀ ਗਲੇ ‘ਚ ਆਣ ਲਟਕੇ। ਸ਼ਰੀਫ਼ ਦੀਆਂ ਦਹਿਲ ਨਾਲ ਲੱਤਾਂ ਕੰਬਣ ਲੱਗ ਪਈਆਂ। ਉਹ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, “ਨਾਗ ਦੇਵਤਾ ਜੀ ਮੈਂ ਤੁਹਾਡੀ ਜਾਨ ਬਚਾ ਦਿੱਤੀ ਹੈ, ਤੁਸੀਂ ਹੁਣ ਜਾਓ ਤੇ ਛਪਨ ਹੋ ਜਾਓ। ਮੇਰੇ ਮਨ ਨੂੰ ਸਕੂਨ ਹੈ ਕਿ ਮੈਂ ਅੱਜ ਬਹੁਤ ਭਲੇ ਦਾ ਕੰਮ ਕੀਤਾ ਹੈ।”
ਮਹਾਂਪੁਰਸ਼ ਦੇ ਗਲੇ ਵਿਚ ਨਾਗਵਲ ਪਾ ਕੇ ਰਾਣੀਹਾਰ ਵਾਂਗ ਸਜਿਆ ਨਾਗ ਦੇਵਤਾ ਫਨ ਫੈਲਾ ਕੇ ਹੱਸਦਿਆਂ ਬੋਲਿਆ, “ਕਿਹੜੇ ਭਲੇ ਦੀ ਗੱਲ ਕਰਦੈਂ, ਸਾਰੀ ਉਮਰ ਮੇਰੇ ਪਿੱਛੇ ਡਾਂਗ ਚੁੱਕੀ ਫਿਰਦਾ ਰਿਹੈਂ, ਡੰਗ ਮਾਰ ਕੇ ਥਾਂਏਂ ਸੁਆਹ ਕਰ ਦਊਂ ਹੁਣੇ।”
ਮਾਰੇ ਵਿਚਾਰਾ ਮੱਥੇ ‘ਤੇ ਹੱਥ ਤੇ ਦੇਵੇ ਢਿੱਡ ‘ਚ ਮੁੱਕੀਆਂ, ਪਈ ਚੰਗਾ ਭਲਾ ਤੁਰਿਆ ਜਾਂਦਾ ਸੀ, ਐਵੇਂ ਪੰਗਾ ਲੈ ਲਿਐ। ਨਾਲੇ ਇਹ ਤਾਂ ਸਿਆਣਿਆਂ ਦੇ ਕਹਿਣ ਵਾਂਗੂੰ ਮਿੱਤ ਹੀ ਨਹੀਂ ਹੁੰਦੇ ਕਿਸੇ ਦੇ। ਉਹਨੇ ਫੇਰ ਹਾੜ੍ਹਾ ਕੱਢਿਆ, “ਨਾਗ ਦੇਵਤਾ ਜੀ ਕੱਲ ਸ਼ਿਵਰਾਤਰੀ ਸੀ ਥੋੜ੍ਹਾ ਭਗਵਾਨ ਸ਼ਿਵ ਦਾ ਖੌਫ਼ ਖਾਓ। ਮੈਂ ਤੈਨੂੰ ਅੱਗ ‘ਚੋਂ ਬਾਹਰ ਕੱਢ ਕੇ ਮਾੜਾ ਕੀ ਕੀਤੈ?”
ਨਾਗ ਮਾਰੇ ਫੁੰਕਾਰੇ। ਆਂਹਦਾ, “ਸੁਣ ਉਹ ਵੱਡਿਆ ਫਕੀਰਾ, ਸ਼ਿਵਰਾਤਰੀ ਸੀ ਕੱਲ, ਅੱਜ ਨ੍ਹੀਂ। ਭਗਵਾਨ ਸ਼ਿਵ ਨੂੰ ਨ੍ਹੀਂ ਪਤਾ ਪਈ ਇਹ ਬੰਦੇ ਜਿਥੇ ਸਾਨੂੰ ਦੇਖਦੇ ਐ ਪੈਰ ਨ੍ਹੀਂ ਪੁੱਟਣ ਦਿੰਦੇ, ਥਾਂਏਂ ਮਾਰ ਦਿੰਦੇ ਆ। ਨਾਲੇ ਮੈਂ ਤੇਰੇ ਕਦੋਂ ਤਰਲੇ ਕੀਤੇ ਸੀ ਕਿ ਬਾਹਰ ਕੱਢ? ਤੈਨੂੰ ਬਚਣ ਦਾ ਇਕ ਮੌਕਾ ਦੇ ਸਕਦਾਂ।”
ਵਿਚਾਰੇ ਦੇ ਪੈ ਗਈ ਜਾਨ ‘ਚ ਜਾਨ। ਲੱਗਾ ਫਿਰ ਅਰਜੋਈ ਕਰਨ, “ਨਾਗ ਮਹਾਰਾਜ ਦੱਸੋ ਮੌਕਾ ਕਿਹੜਾ?”
“ਤੂੰ ਐਂ ਕਰ, ਹੋਰ ਦੋ ਚਾਰ ਲੋਕਾਂ ਦੀ ਸਲਾਹ ਲੈ ਲੈ। ਪਈ ਮੈਂ ਮੰਨਦਾਂ ਤੂੰ ਭਲਾ ਕੀਤੈ ਪਰ ਆਪਣੀ ਦੁਸ਼ਮਣੀ ਤਾਂ ਯੁੱਗਾਂ ਪੁਰਾਣੀ ਆ। ਤੈਨੂੰ ਡੰਗ ਮਾਰਨਾ ਚਾਹੀਦਾ ਹੈ ਜਾਂ ਨਹੀਂ?”
ਤੇ ਮੁਸੀਬਤ ‘ਚ ਘਿਰਿਆ ਮਹਾਂਪੁਰਸ਼ ਉਵੇਂ ਗਲ ‘ਚ ਨਾਗ ਲਟਕਦਾ ਲੈ ਕੇ ਤੁਰ ਪਿਆ ਸਿੱਧੇ ਰਾਹਾਂ ‘ਤੇ ਉਖੜੇ ਪੈਰਾਂ ਨਾਲ। ਚਾਰ ਕੁ ਕੋਹ ਗਏ ਹੋਣਗੇ ਕਿ ਇਕ ਬੁੱਢਾ ਬਲਦ ਤੁਰਿਆ ਆਵੇ। ਹਫ਼ਿਆ ਹੋਇਆ, ਮੂੰਹ ‘ਚੋਂ ਝੱਗ ਜਾਵੇ।
“ਨਾਗ ਦੇਵਤਾ ਬਲਦ ਨੂੰ ਪੁੱਛਾਂ?”
“ਖੋਲ੍ਹ ਲੈ ਕਹਾਣੀ। ਜੇ ਬਚਾ ਸਕਦੈ ਬਲਦ!”
ਤੇ ਮਹਾਂਪੁਰਸ਼ ਨੇ ਦੋਵੇਂ ਹੱਥ ਝੁਕ ਕੇ ਬਲਦ ਅੱਗੇ ਜੋੜ ਲਏ। ਮੌਤ ਦਾ ਡਰ ਹੰਝੂਆਂ ਦੇ ਤਰਲਿਆਂ ‘ਚ ਬਦਲ ਗਿਆ। ਆਖਣ ਲੱਗਾ, “ਬਲਦ ਜੀ ਮਹਾਰਾਜ?”
ਬਲਦ ਹੱਕਾ-ਬੱਕਾ ਰਹਿ ਗਿਆ ਕਿ ਸਾਰੀ ਉਮਰ ਮੇਰੀ ਪਿੱਠ ਸੋਟਿਆਂ ਨਾਲ ਭੰਨਣ ਵਾਲਾ ਮਨੁੱਖ, ਭੁੱਖੇ-ਤ੍ਰਿਹਾਏ ਤੋਂ ਹਲ ਵਹਾਉਣ ਵਾਲਾ ਸ਼ੈਤਾਨ ਅੱਜ ਕਿਹੜੀ ਲੰਕਾ ਤੋਂ ਡਿੱਗ ਪਿਐ? ਰੁੱਖੇਪਣ ‘ਚ ਬੋਲਿਆ, “ਹਾਂ ਦੱਸ ਅੱਜ ਅਧਰਕ ਨੂੰ ਮਿਸ਼ਰੀ ਕਿਵੇਂ ਕਹਿਣ ਲੱਗ ਪਿਐਂ?”
“ਬਲਦ ਸਾਹਿਬ, ਆਹ ਨਾਗ ਦੇਵਤਾ ਮੇਰੇ ਗਲ ‘ਚ ਦੀਹਦਾ?”
“ਹੋਰ ਮੈਂ ਅੰਨ੍ਹਾ? ਹੁਣ ਤੱਕ ਇਹ ਕਰਦਾ ਕੀ ਹੈ? ਮਾਰ ਕੇ ਡੰਗ ਕਦੋਂ ਦਾ ਢੇਰੀ ਕਰ ਦਿੰਦਾ।”
ਭਲੇਮਾਣਸ ਦਾ ਰੰਗ ਹੋਰ ਪੀਲਾ ਪੈ ਗਿਆ। ਬੋਲਿਆ, “ਮਹਾਰਾਜ ਬੂਝੇ ਨੂੰ ਅੱਗ ਲੱਗੀ ਹੋਈ ਸੀ, ਇਹਨੂੰ ਮੈਂ ਅੱਗ ‘ਚੋਂ ਨ੍ਹੀਂ ਕੱਢਿਆ, ਮੌਤ ਦੇ ਮੂੰਹ ‘ਚੋਂ ਕੱਢਿਆ। ਇਹ ਨਾਗ ਦੇਵਤਾ ਮੈਨੂੰ ਆਂਹਦਾ ਮੈਂ ਤੈਨੂੰ ਮਾਰਨੈ। ਭਲਾ ਮੇਰਾ ਕਸੂਰ ਕੀ ਐ, ਮੈਂ ਕਿੱਡਾ ਭਲੇ ਦਾ ਕੰਮ ਕੀਤਾ ਤੇ ਇਹ ਕੀ ਕਰ ਰਿਹੈ?”
ਬੁੱਢਾ ਬਲਦ ਹੱਸ ਹੱਸ ਦੂਹਰਾ ਹੋਵੇ, “ਚੱਕਿਆ ਭਲੇ ਦਾ। ਇਹ ਬੰਦੇ-ਬੁੰਦੇ ਕੋਈ ਭਲਾ ਨ੍ਹੀਂ ਕਰਦੇ। ਇਹ ਭਲੇ ਦਾ ਮਜਾਕ ਉਡਾਉਂਦੇ ਨੇ।”
ਨਾਗ ਆਂਹਦਾ, “ਸੁਣ! ਵੱਡਾ ਉਪਦੇਸ਼ ਦੇਣ ਵਾਲਾ ਮੈਥੋਂ ਮੂੰਹ ਚੋਪੜੀਆਂ ਕਰਕੇ ਬਚਣਾ ਚਾਹੁੰਦੈ।”
ਬਲਦ ਬੋਲਿਆ, “ਜ਼ਿਮੀਂਦਾਰ ਨੇ ਪਹਿਲਾਂ ਮੇਰੇ ਹੱਕਾਂ ‘ਤੇ ਡਾਕਾ ਮਾਰਿਆ। ਦੁੱਧ ਚੁੰਘਦੇ ਨੂੰ ਮਾਂ ਤੋਂ ਖੋਹ ਲਿਆ, ਜੁਆਨ ਹੋਇਆ ਤਾਂ ਮੈਨੂੰ ਨਿਪੁੰਸਕ ਬਣਾ ਕੇ ਜਵਾਨੀ ਖੋਹ ਲਈ, ਮੈਂ ਸਾਰੀ ਰਾਤ ਹਲਟ ਗੇੜਿਆ, ਦਿਨੇ ਖੇਤਾਂ ‘ਚ ਹਲ ਵਾਹੁੰਦਾ ਰਿਹਾ। ਵੀਹ ਸਾਲ ਤੋਂ ਭਲਾ ਕਰਦਾ ਰਿਹਾ ਤੇ ਇਹ ਰੱਬ ਦਾ ਬੰਦਾ ਮੇਰਾ ਦਿਨ-ਰਾਤ ਲਹੂ ਪੀਂਦਾ ਰਿਹਾ। ਹੁਣ ਬੁੱਢਾ ਹੋਇਆਂ, ਕੰਮ ਨ੍ਹੀਂ ਹੁੰਦਾ ਤਾਂ ਦੋ ਦਿਨ ਵੀ ਪੱਠੇ ਨਾ ਪਾਏ। ਵਿਹਲੇ ਨੂੰ ਡਾਂਗਾਂ ਮਾਰ ਕੇ ਘਰੋਂ ਕੱਢ’ਤਾ। ਭਲਿਆਮਾਣਸਾ ਭਲੇ ਦਾ ਨ੍ਹੀਂ ਹੁਣ ਜ਼ਮਾਨਾ, ਸ਼ੁਕਰ ਕਰ ਨਾਗ ਦੇਵਤਾ ਹਾਲੇ ਤੱਕ ਤੈਨੂੰ ਕੁਝ ਨ੍ਹੀਂ ਕਹਿ ਰਿਹਾ?”
ਤੇ ਭਲੇਮਾਣਸ ਨੂੰ ਮੁਫ਼ਤ ਦੀ ਗਲ ‘ਚ ਪਾਈ ਬਲਾ ਮੌਤ ਦੇ ਹੋਰ ਨੇੜੇ ਕਰਨ ਲੱਗੀ।
ਨਾਗ ਕਹਿੰਦਾ, “ਹੋਰ ਮੌਕਾ ਲੈਣਾ?”
ਦੋਵੇਂ ਜਣੇ ਫਿਰ ਅੱਗੇ ਤੁਰ ਪਏ। ਅੱਗੇ ਇਕ ਨਗਰੀ ਵਿਚ ਗਏ ਤਾਂ ਇਕ ਬਜ਼ੁਰਗ ਟੁੱਟੇ ਮੰਜੇ ‘ਤੇ ਦਰਖ਼ਤ ਹੇਠ ਪਿਆ ਸੀ। ਮਹਾਂਪੁਰਸ਼ ਨੇ ਸੋਚਿਆ, ਚਲੋ ਇਸ ਸਿਆਣੇ ਬੰਦੇ ਤੋਂ ਸਲਾਹ ਲੈਂਦੇ ਆਂ। ਬਜ਼ੁਰਗ ਨੂੰ ਫਤਿਹ ਬੁਲਾ ਕੇ ਪੁੱਛਣ ਲੱਗਾ, “ਭਾਈਆ ਸਿਹਤ ਰਾਜੀ-ਬਾਜੀ ਆ?”
ਬਜ਼ੁਰਗ ਨੇ ਮੂੰਹ ਚੱਕ ਕੇ ਵੇਖਿਆ ਕਿ ਨਾਗ ਜਿਹੜਾ ਗਲੇ ‘ਚ ਪਿਆ ਹੋਇਐ, ਕੋਈ ਭਾਰੀ ਮੁਸੀਬਤ ਲਗਦੀ ਐ। ਪੁੱਛਣ ਲੱਗਾ, “ਸੁੱਖ ਸਾਂਦ ਹੈ?”
“ਬਜੁਰਗੋ, ਤੁਸੀਂ ਹੀ ਮੱਤਾਂ ਦਿੰਦੇ ਹੋ, ਭਲਾ ਕਰਨਾ ਚਾਹੀਦੈ। ਆਹ ਦੇਖੋ, ਭਲਾ ਕਰਨ ਬਦਲੇ ਮੈਨੂੰ ਕੀ ਮਿਲਿਆ?”
ਬਜ਼ੁਰਗ ਵੀ ਹੱਸ ਪਿਆ, ਕਹਿਣ ਲੱਗਾ, “ਉਹ ਜਮਾਨੇ ਹੋਰ ਹੁੰਦੇ ਸੀ। ਹੁਣ ਨ੍ਹੀਂ ਭਲੇ ਦਾ ਜਮਾਨਾ। ਤੂੰ ਗੱਲ ਦੱਸ ਕੀ ਐ?”
“ਆਹ ਨਾਗ ਦੇਵਤਾ ਅੱਗ ‘ਚ ਫਸਿਆ ਹੋਇਆ ਸੀ। ਇਹਦੀ ਜ਼ਿੰਦਗੀ ਬਚਾਉਣ ਲਈ ਇਹਨੂੰ ਮੈਂ ਬਾਹਰ ਕੱਢਿਆ ਤੇ ਇਹ ਛਾਲ ਮਾਰ ਕੇ ਮੇਰੇ ਗਲ ‘ਚ ਚੌੜਾ ਹੋ ਕੇ ਫਨ ਫੈਲਾਈ ਬੈਠੈ, ਪਈ ਤੈਨੂੰ ਮਾਰਨੈਂ। ਸਾਡਾ ਕੋਈ ਇਨਸਾਫ਼ ਤਾਂ ਕਰੋ।”
ਬਜ਼ੁਰਗ ਨੇ ਮਾਰਿਆ ਮੱਥੇ ‘ਤੇ ਹੱਥ। ਇਨਸਾਫ ਲਈ ਤਾਂ ਮੈਂ ਰਾਹ ‘ਚ ਮੰਜੀ ਡਾਹ ਕੇ ਬੈਠਾਂ। ਜੁਆਨਾ ਸੁਣ, ਮੈਂ ਬਹੁਤ ਮਿਹਨਤ ਕੀਤੀ। ਚਾਰ ਮੇਰੇ ਪੁੱਤਰ ਸਨ। ਚਹੁੰਆਂ ਨੂੰ ਪੜ੍ਹਾਇਆ-ਲਿਖਾਇਆ, ਅਫ਼ਸਰ ਲੱਗ ਗਏ। ਫਿਰ ਗੱਜ-ਵੱਜ ਕੇ ਵਿਆਹੇ। ਨੂੰਹਾਂ ਨੇ, ਪੋਤੇ-ਪੋਤੀਆਂ ਨੇ, ਚੰਗੇ ਘਰ ਨੇ। ਹੁਣ ਜਦੋਂ ਬੁੱਢਾ ਹੋ ਗਿਆਂ ਤਾਂ ਆਂਹਦੇ ਆ ਘਰ ਦੀ ਟੌਹਰ ਨ੍ਹੀਂ ਰਹਿੰਦੀ, ਸਾਰਾ ਦਿਨ ‘ਖਊਂ ਖਊਂ’ ਖੰਘਦਾ ਰਹਿੰਦੈ, ਸਾਡੇ ਘਰ ਵੱਡੇ ਵੱਡੇ ਲੋਕ ਆਉਂਦੇ ਨੇ, ਇਹ ਬੁੜ੍ਹਾ ਸਾਡੀ ਬੇਇਜਤੀ ਕਰਾਉਂਦੈ। ਨਾ ਖਾਣਾ ਆਉਂਦੈ, ਨਾ ਪਹਿਨਣਾ, ਕੱਢ’ਤਾ ਘਰੋਂ ਆਹ ਟੁੱਟੇ ਮੰਜੇ ਦੀ ਦੌਣ ‘ਚ ਲੱਤਾਂ ਫਸਾਈ ਝੂਰਦਾਂ, ਕਰ ਹੋਰ ਭਲਾ?”
” æææਤੇ ਹੁਣ ਮੇਰਾ ਕੀ ਬਣੂੰ?” ਭਲਾਮਾਣਸ ਵਿਚੋਂ ਬੋਲਿਆ।
“ਜੁਆਨਾ, ਜਮਾਨਾ ਭਲੇ ਦਾ ਨ੍ਹੀਂ? ਗੁੱਸਾ ਨਾ ਕਰ, ਨਿਰਾਸ਼ ਨਾ ਹੋ। ਜੇ ਨਾਗ ਤੇਰੇ ਡੰਗ ਮਾਰਦੈ ਤਾਂ ਕੋਈ ਗੱਲ ਨ੍ਹੀਂ, ਅੱਜ ਕੱਲ ਏਦਾਂ ਹੀ ਹੁੰਦੈ।”
ਨਾਗ ਫਿਰ ਹਿੜ ਹਿੜ ਕਰਕੇ ਹੱਸ ਪਿਆ, “ਦੇਖ ਲਾ, ਤੈਂ ਮੇਰੀ ਗੱਲ ਦਾ ਅਸਰ ਨ੍ਹੀਂ ਕੀਤਾ। ਮਾਰਾਂ ਡੰਗ, ਕਰ ਦਿਆਂ ਬਿਸਤਰਾ ਗੋਲ ਕਿ ਹਾਲੇ ਕਿਸੇ ਹੋਰ ਦੀ ਸਲਾਹ ਲੈਣੀ ਆ?”
“ਬੱਸ ਜਨਾਬ! ਇਕ ਆਖ਼ਰੀ ਮੌਕਾ ਹੋਰ।” ਮਹਾਂਪੁਰਸ਼ ਜਿਵੇਂ ਜੰਗ ਦੇ ਮੈਦਾਨ ‘ਚ ਬਿਨਾਂ ਹਥਿਆਰ ਤੋਂ ਲੜ ਰਿਹਾ ਹੋਵੇ।
ਦੋਵੇਂ ਫਿਰ ਅਗਾਂਹ ਤੁਰ ਪਏ। ਬੜਾ ਲੰਬਾ ਸਫ਼ਰ ਤੈਅ ਕੀਤਾ ਦੋਹਾਂ ਨੇ। ਗਰਮੀ ‘ਚ ਨਿਕਲੇ ਦੋਹਾਂ ਦਾ ਸਾਹ। ਮਹਾਂਪੁਰਸ਼ ਨੇ ਮਨ ਬਣਾ ਲਿਆ ਕਿ ਨਾਗ ਨੂੰ ਆਖਾਂ ਮਰ ਮਰ ਕੇ ਜਿਉਣ ਨਾਲੋਂ ਕਰ ਦੇ ਕੰਮ। ਅੱਗੇ ਬਾਂਦਰ ਆਉਂਦਾ ਦਿਸ ਪਿਆ। ਕਹਿਣ ਲੱਗਾ, “ਰੱਬ ਦਿਆ ਬੰਦਿਆ ਨਾ ਪਾਣੀ ‘ਚ ਲੱਸੀ ਪਾ। ਮੰਨ ਲੈ ਮੇਰਾ ਕਹਿਣਾ।”
“ਬੱਸ ਇਹ ਆਖਰੀ ਕੋਸ਼ਿਸ਼ ਐ। ਬਾਂਦਰ ਦੀ ਰਾਏ ਲੈ ਲੈਂਦੇ ਆਂ।”
ਨਾਗ ਹੱਸ ਪਿਆ, “ਬਾਂਦਰ ਨੂੰ ਤਾਂ ਸਾਲੇ ਨੂੰ ਊਂ ਈ ਅਕਲ ਨ੍ਹੀਂ ਹੁੰਦੀ। ਇਹ ਤਾਂ ਲਾਲਚੀ ਜਾਨਵਰ ਆਪ ਐ। ਇਹ ਫੜ੍ਹਿਆ ਤਾਂ ਜਾਂਦੈ ਪਰ ਗਿਰੀਆਂ ਆਲੇ ਤੰਗ ਭਾਂਡੇ ‘ਚੋਂ ਮੁੱਠ ਨ੍ਹੀਂ ਕੱਢਦਾ। ਮਾਰ ਟਰਾਈæææ।”
ਤਾਂ ਮਹਾਂਪੁਰਸ਼ ਦੀ ਅਰਜੋਈ ਅਰਦਾਸ ਵਾਂਗ ਲੰਮੀ ਪੈ ਗਈ। ਹਾੜ੍ਹੇ ਦੀ ਸਿਖਰ ਦੇਖੋ, “ਚਾਚਾ ਕੀ ਹਾਲ ਐ?”
ਬਾਂਦਰ ਹੋਰ ਖਿਲਰ ਗਿਆ ਕਿ ਬੰਦਾ ਈ ਮੈਨੂੰ ਚਾਚਾ ਕਹਿਣ ਲੱਗ ਪਿਆ, ਜਮਾ ਪੰਜੇ ਘਿਓ ‘ਚ ਆ।
“ਸੁਣਿਆ ਅੱਜ ਕੱਲ ਲੰਬੜਦਾਰੀ ਵੀ ਕਰਦੈਂ?”
ਫੋਕੀ ਵਡਿਆਈ ਸੁਣ ਕੇ ਬਾਂਦਰ, ਬਾਂਦਰ ਈ ਸੀ, ਪਾਟ ਗਿਆ ਸਾਰਾ। ਗਲ ‘ਚ ਨਾਗ ਲਟਕਦਾ ਦੇਖ ਕੇ ਪੁੱਛਣ ਲੱਗਾ, “ਭਤੀਜ ਕਿਸੇ ਮੁਸੀਬਤ ‘ਚ ਲਗਦੈਂ?”
“ਦੁੱਖ ਥੋੜਾ ਹੋਵੇ ਤਾਂ ਦੱਸਾਂ?”
“ਚਾਚੇ ਨੂੰ ਲੰਬੜਦਾਰੀ ਦਿੱਤੀ ਐ। ਖੋਲ੍ਹ ਕੇ ਤੇ ਖੁੱਲ੍ਹ ਕੇ ਦੱਸ ਰੋਗ ਤੇ ਮਰਜ ਕੀ ਐ?”
“ਚਾਚਾ ਕਾਨ੍ਹਿਆਂ ਦੇ ਬੂਝੇ ਨੂੰ ਅੱਗ ਲੱਗੀ ਹੋਈ ਸੀ, ਵਿਚ ਆਹ ਜਿਹੜਾ ਮੇਰੇ ਗਲੇ ‘ਚ ਆ, ਨਾਗ ਫਸਿਆ ਹੋਇਆ ਸੀ, ਮੈਨੂੰ ਇਹਦੇ ‘ਤੇ  ਤਰਸ ਆ ਗਿਆ। ਮੈਂ ਇਹ ਬਚਾ ਲਿਆ, ਬਾਹਰ ਕੱਢਿਆ ਤਾਂ ਛਾਲ ਮਾਰ ਕੇ ਮੇਰੇ ਈ ਗਲੇ ‘ਚ ਆਕੜਿਆ ਬੈਠਾ ਹੈ, ਆਂਹਦਾ ਤੇਰੇ ਡੰਗ ਮਾਰਨਾ। ਮੈਂ ਫੁੱਲ ਮਾਰਿਆ, ਇਹ ਪੱਥਰ ਚੱਕੀ ਫਿਰਦੈ। ਚਾਚਾ ਇਨਸਾਫ਼ ਕਰ ਦੇ। ਭਲਾ ਕਰਨ ਦੀ ਆਹ ਸਜ਼ਾ?”
ਬਾਂਦਰ ਆ ਗਿਆ ਜੱਜ ਆਲੇ ਰੂਪ ‘ਚ, “ਬੱਸ ਐਸੇ ਗੱਲ ਤੋਂ ਘਾਬਰਿਆ ਪਿਐਂ। ਊਂ ਇਹ ਸਾਲੇ ਸੱਪਾਂ ਦੇ ਪੁੱਤ ਮਿੱਤ ਨ੍ਹੀਂ ਹੁੰਦੇ। ਖ਼ੈਰ! ਇਨਸਾਫ਼ ਤੇਰਾ ਮੈਂ ਕਰ ਦੂੰ ਪਰ ਮੌਕਾ ਏ ਵਾਰਦਾਤ ਦਿਖਾਓ ਪਹਿਲਾਂ।”
ਨਾਗ ਵੀ ਹੋ ਗਿਆ ਰਜਾਮੰਦ। ਬਾਂਦਰ ਵੀ ਪੂਰੀ ਆਕੜ ਨਾਲ ਤੁਰਿਆ ਆਵੇ ਨਾਲ ਨਾਲ।
ਪਹੁੰਚ ਗਏ ਘਟਨਾ ਵਾਲੀ ਥਾਂ ‘ਤੇ।
“ਚਾਚਾ ਬੂਝਾ ਤਾਂ ਜਲ ਗਿਆ ਸਾਰਾ। ਅੱਗ ਵੀ ਬੁਝ ਗਈ। ਮਾੜੀ ਮੋਟੀ ਸੁਲਘਦੀ ਐ।”
“ਆਹ ਨਾਲ ਦੇ ਬੂਝੇ ‘ਚ ਬਿਠਾ ਸੱਪ ਨੂੰ।”
ਨਾਗ ਵੀ ਬਹਿ ਗਿਆ ਆਸਣ ਲਾ ਕੇ।
ਬਾਂਦਰ ਗੁੱਸੇ ‘ਚ ਬੋਲਿਆ, “ਝੁੱਡੂਆ ਲਾ ਦੇ ਹੁਣ ਅੱਗ ਦੇਖਦਾ ਕੀ ਐਂ।”
ਤੇ ਜਦੋਂ ਪਿਆ ਸਾਲੇ ਦੇ ਸੇਕ ਪੈ ਗਈ ਪੁੱਠੀ।
ਨਾਗ ਵੀ ਕਹਿਣ ਲੱਗ ਪਿਆ ਬਾਂਦਰ ਨੂੰ, “ਚਾਚਾ ਕਢਾ ਦੇ ਹੁਣ ਬਾਹਰ। ਜਲ ਚੱਲਿਆਂ।”
ਬਾਂਦਰ ਨੇ ਵੀ ਖ਼ੁਸ਼ੀ ‘ਚ ਮਾਰਿਆ ਮਹਾਂਪੁਰਸ਼ ਦੇ ਹੱਥ ‘ਤੇ ਹੱਥ, “ਆ ਚਲੀਏ ਮਰਨ ਦੇ ਸਾਲੇ ਨੂੰ ਵਿਚੇ। ਹੁਣ ਭਲਾ ਦਾ ਕੋਈ ਜਮਾਨੈ।”
ਤੇ ਕਈ ਲੋਕਾਂ ਨੇ ਕਾਰ ਤਾਂ ਮਹਿੰਗੀ ਖਰੀਦੀ ਲਈ ਹੁੰਦੀ ਐ ਪਰ ਘਰ ਤੰਗ ਹੋਣ ਕਰਕੇ ਖੜ੍ਹੀ ਗਲੀ ‘ਚ ਹੀ ਕਰਨੀ ਪੈਂਦੀ ਐ। ਨਾਲ ਸਾਰੇ ਬਾਂਦਰ, ਬਾਂਦਰ ਵੀ ਨਹੀਂ ਹੁੰਦੇ।

 

Be the first to comment

Leave a Reply

Your email address will not be published.