ਚੰਡੀਗੜ੍ਹ: ਪੰਜਾਬ ਦੇ ਇਕ ਮੰਤਰੀ ਵੱਲੋਂ ਅੱਧੀ ਰਾਤ ਸਮੇਂ ਮਹਿਲਾ ਆਈ.ਏ.ਐਸ਼ ਅਫਸਰ ਨੂੰ ਵਟਸਐਪ ਰਾਹੀਂ ਭੇਜੇ ਸ਼ੇਅਰ ਮਹਿੰਗੇ ਪੈਣ ਲੱਗੇ ਹਨ। ਇਹ ਘਟਨਾ ਵਾਪਰੇ ਨੂੰ ਭਾਵੇਂ ਕਾਫੀ ਸਮਾਂ ਹੋ ਗਿਆ ਹੈ, ਪਰ ਕੌਮੀ ਪੱਧਰ ਉਤੇ ‘ਮੀ ਟੂ’ ਮੁਹਿੰਮ ਤਹਿਤ ਔਰਤਾਂ ਵੱਲੋਂ ਆਪਣੇ ਨਾਲ ਵਾਪਰੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਪਰਦਾ ਚੁੱਕੇ ਜਾਣ ਨਾਲ ਮੰਤਰੀ ਦੀ ਕੁਰਸੀ ਖਤਰੇ ਵਿਚ ਜਾਪਦੀ ਹੈ। ਇਸ ਘਟਨਾ ਨਾਲ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵੀ ਸਾਹਮਣੇ ਆ ਗਈ ਹੈ।
ਮੰਤਰੀ ਵੱਲੋਂ ਮਹਿਲਾ ਅਧਿਕਾਰੀ ਨੂੰ ਅੱਧੀ ਰਾਤ ਸਮੇਂ ਸ਼ੇਅਰ ਭੇਜੇ ਗਏ ਤੇ ਮਹਿਲਾ ਨੇ ਤੁਰਤ ਮੋੜਵਾਂ ਜਵਾਬ ਦਿੰਦਿਆਂ ਕਿਹਾ, ”ਮੈਨੂੰ ਇਸ ਤਰ੍ਹਾਂ ਦੇ ਸੰਦੇਸ਼ ਨਾ ਭੇਜੇ ਜਾਣ ਕਿਉਂਕਿ ਮੈਂ ਅਸਹਿਜ ਮਹਿਸੂਸ ਕਰਦੀ ਹਾਂ।” ਇਸ ਤੋਂ ਬਾਅਦ ਮੰਤਰੀ ਚੁੱਪ ਹੋ ਗਿਆ ਤੇ ਅੱਗੋਂ ਕੋਈ ਹੋਰ ਸੰਦੇਸ਼ ਨਹੀਂ ਭੇਜਿਆ। ਇਸ ਮਹਿਲਾ ਅਧਿਕਾਰੀ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਘਟਨਾ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਕੋਈ ਵਿਅਕਤੀ ਜਿਸ ਨੂੰ ਤੁਸੀਂ ਜਾਣਦੇ ਨਹੀਂ ਤੇ ਨਾ ਹੀ ਕੋਈ ਦੋਸਤੀ ਤੇ ਰਿਸ਼ਤਾ ਹੈ, ਇਸ ਤਰ੍ਹਾਂ ਦਾ ਸੰਦੇਸ਼ ਕਿਸੇ ਔਰਤ ਨੂੰ ਭੇਜੇਗਾ ਤਾਂ ਸੁਭਾਵਿਕ ਤੌਰ ‘ਤੇ ਬੁਰਾ ਲੱਗਦਾ ਹੈ, ਜੋ ਮੈਨੂੰ ਵੀ ਲੱਗਿਆ। ਮਗਰੋਂ ਇਸ ਮਹਿਲਾ ਅਧਿਕਾਰੀ ਨੇ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ। ਇਥੇ ਅਹਿਮ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਵੀ ਕੁਝ ਨਹੀਂ ਕੀਤਾ। ਸੀਨੀਅਰ ਅਧਿਕਾਰੀਆਂ ਨੇ ਇੰਨਾ ਜ਼ਰੂਰ ਕਿਹਾ ਕਿ ਕਿਸੇ ਮਹਿਲਾ ਨੂੰ ਅੱਧੀ ਰਾਤ ਸਮੇਂ ਸੰਦੇਸ਼ ਭੇਜਣਾ ਜਾਂ ਫੋਨ ਕਰਨਾ ਚੰਗੀ ਗੱਲ ਨਹੀਂ।
ਪ੍ਰਸ਼ਾਸਕੀ ਹਲਕਿਆਂ ਵਿਚ ਮੰਤਰੀ ਬਨਾਮ ਆਈ.ਏ.ਐਸ਼ ਅਫਸਰ ਦਾ ਇਹ ਮਾਮਲਾ ਚਰਚਾ ਦਾ ਵਿਸ਼ਾ ਹੈ। ਇਕ ਸੀਨੀਅਰ ਆਈ.ਏ.ਐਸ਼ ਅਧਿਕਾਰੀ ਨੇ ਦੱਸਿਆ ਕਿ ਇਸ ਮੰਤਰੀ ਦੇ ਵਿਧਾਨ ਸਭਾ ਹਲਕੇ ਨਾਲ ਹੀ ਸਬੰਧਤ ਮਹਿਲਾ ਮੁਲਾਜ਼ਮ ਨੇ ਕੁਝ ਸਾਲ ਪਹਿਲਾਂ ਮੰਤਰੀ ਨੂੰ ਹਲਕੇ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ। ਕਿਉਂਕਿ ਉਸ ਮਹਿਲਾ ਮੁਲਾਜ਼ਮ ਅਨੁਸਾਰ ਉਹ ਮੰਤਰੀ ਦੀਆਂ ਕੁਝ ਹਰਕਤਾਂ ਤੋਂ ਪਰੇਸ਼ਾਨ ਸੀ। ਇਨ੍ਹਾਂ ਘਟਨਾਵਾਂ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਇਹ ਮੰਤਰੀ ਰੰਗੀਨ ਮਿਜ਼ਾਜ ਹੈ। ਹਾਕਮ ਪਾਰਟੀ ਦੇ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਦੇ ਇਕ ਧੜੇ ਵੱਲੋਂ ਇਸ ਮਾਮਲੇ ‘ਤੇ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵਿਚ ਇਹ ਮੰਨਿਆ ਜਾਂਦਾ ਹੈ ਕਿ ਵਿਵਾਦਾਂ ਵਿਚ ਘਿਰਿਆ ਮੰਤਰੀ ਅਕਸਰ ਮੁੱਖ ਮੰਤਰੀ ਦੀਆਂ ਅੱਖਾਂ ਵਿਚ ਰੜਕਦਾ ਹੈ ਤੇ ਇਕ ਵਾਰੀ ਤਾਂ ਬਹੁਗਿਣਤੀ ਮੰਤਰੀਆਂ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵੀ ਇਸ ਮੰਤਰੀ ਦੇ ਵਿਹਾਰ ਦੀ ਆਲੋਚਨਾ ਕੀਤੀ ਸੀ।
ਉਂਜ ਇਹ ਮੰਤਰੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਸ੍ਰੀ ਗਾਂਧੀ ਨੇ ਜ਼ੋਰ ਦੇ ਕੇ ਮੰਤਰੀ ਨੂੰ ਕੁਰਸੀ ਦਿਵਾਈ ਸੀ। ਸੂਤਰਾਂ ਦਾ ਦੱਸਣਾ ਹੈ ਕਿ ਇਹ ਮਹਿਲਾ ਅਧਿਕਾਰੀ ਜਦੋਂ ਮੰਤਰੀ ਦੇ ਇਲਾਕੇ ਵਿਚ ਤਾਇਨਾਤ ਸੀ ਤਾਂ ਉਦੋਂ ਵੀ ਇਸ ਮੰਤਰੀ (ਉਦੋਂ ਵਿਧਾਇਕ ਸੀ) ਦੀਆਂ ਹਰਕਤਾਂ ਇਸ ਮਹਿਲਾ ਲਈ ਬਰਦਾਸ਼ਤ ਤੋਂ ਬਾਹਰ ਸਨ। ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਮਹਿਲਾ ਅਧਿਕਾਰੀ ਨਾਲ ਇਹ ਹਰਕਤ ਮੰਤਰੀ ਦੀ ਕੁਰਸੀ ਲਈ ਖਤਰਾ ਬਣ ਗਈ ਹੈ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੰਤਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
_______________________
ਖਹਿਰਾ ਨੇ ਮਹਿਲਾਵਾਂ ਦੀ ਸੁਰੱਖਿਆ ‘ਤੇ ਚੁੱਕੇ ਸਵਾਲ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਜੇ ਪੰਜਾਬ ਵਿਚ ਆਈ.ਏ.ਐਸ਼ ਅਧਿਕਾਰੀ ਮਹਿਫ਼ੂਜ਼ ਨਹੀਂ ਹੈ ਤਾਂ ਆਮ ਔਰਤਾਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੁੰਦਾ ਹੈ ਨਾ ਕਿ ਸਮਝੌਤਾ ਕਰਵਾ ਕੇ ਮਾਮਲਾ ਠੰਢੇ ਬਸਤੇ ਪਾਉਣਾ। ਮੁੱਖ ਮੰਤਰੀ ਨੂੰ ਆਪਣੇ ਮੰਤਰੀ ਨੂੰ ਬਚਾਉਣਾ ਨਹੀਂ, ਬਲਕਿ ਉਨ੍ਹਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।
____________________________
ਫੋਨ ਮੈਸੇਜ ਜਿਨਸੀ ਸ਼ੋਸ਼ਣ ਨਹੀਂ: ਆਸ਼ਾ ਕੁਮਾਰੀ
ਚੰਡੀਗੜ੍ਹ: ਕਾਂਗਰਸ ਦੀ ਸੀਨੀਅਰ ਆਗੂ ਆਸ਼ਾ ਕੁਮਾਰੀ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲਾ ਆਈ.ਏ.ਐਸ਼ ਅਧਿਕਾਰੀ ਨੂੰ ‘ਵਟਸ ਐਪ’ ਰਾਹੀਂ ਭੇਜੇ ਮੈਸੇਜ ਨੂੰ ਮਾਮੂਲੀ ਮਾਮਲਾ ਕਰਾਰ ਦਿੰਦਿਆਂ ਟਾਲਣ ਦਾ ਯਤਨ ਕੀਤਾ ਹੈ। ਕਾਂਗਰਸ ਵੱਲੋਂ ਸੀ.ਬੀ.ਆਈ. ਦਫਤਰ ਮੂਹਰੇ ਦਿੱਤੇ ਧਰਨੇ ਦੌਰਾਨ ਸ੍ਰੀਮਤੀ ਆਸ਼ਾ ਕੁਮਾਰੀ ਨੂੰ ਜਦੋਂ ਮੰਤਰੀ ਦੇ ਵਿਵਹਾਰ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਰਾਹੀਂ ਭੇਜੇ ਸੰਦੇਸ਼ ਨੂੰ ‘ਜਿਨਸੀ ਸ਼ੋਸ਼ਣ’ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਦੇਸ਼ ਭੇਜਣਾ ਕਿਸੇ ਨੂੰ ਬੁਰਾ ਲੱਗ ਸਕਦਾ ਹੈ ਤੇ ਕਿਸੇ ਨੂੰ ਨਹੀਂ ਵੀ।