ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੀ ਸਰਬਉਚ ਸੰਸਥਾ ਦਾ ਅਹੁਦਾ ਉਸ ਵੇਲੇ ਸੰਭਾਲਿਆ ਹੈ ਜਦੋਂ ਪੰਥ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ ਤੇ ਧਾਰਮਿਕ ਮਾਮਲਿਆਂ ‘ਤੇ ਸਿਆਸਤ ਦਾ ਬੋਲਬਾਲਾ ਹੈ। ਗਿਆਨੀ ਹਰਪ੍ਰੀਤ ਸਿੰਘ ਲਈ ਸਭ ਤੋਂ ਵੱਡੀ ਵੰਗਾਰ ਸਿਆਸੀ ਦਬਾਅ ਤੋਂ ਉੱਪਰ ਉਠ ਕੇ ਸਰਬ ਪ੍ਰਵਾਨਿਤ ਫੈਸਲੇ ਲੈਣਾ ਹੈ। ਉਂਜ ਮੰਨਿਆ ਜਾ ਰਿਹਾ ਹੈ ਕਿ ਇਹ ਸੰਭਵ ਨਹੀਂ ਕਿਉਂਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਹੇਠ ਹੈ ਤੇ ਸ਼੍ਰੋਮਣੀ ਕਮੇਟੀ ਕੋਲ ਹੀ ਜਥੇਦਾਰ ਨੂੰ ਲਾਉਣ ਤੇ ਹਟਾਉਣ ਦੇ ਅਧਿਕਾਰ ਹਨ।
ਇਸ ਵੇਲੇ ਬਾਦਲ ਪਰਿਵਾਰ ਹੀ ਬੇਅਦਬੀ ਕਾਂਡ ਸਣੇ ਹੋਰ ਸਿਆਸੀ ਤੇ ਪੰਥਕ ਮੁੱਦਿਆਂ ‘ਤੇ ਘਿਰਿਆ ਹੋਇਆ ਹੈ। ਅਜਿਹੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰਪੱਖ ਫੈਸਲੇ ਲੈਣਾ ਸੌਖਾ ਕਾਰਜ ਨਹੀਂ ਕਿਉਂਕਿ ਬਹੁਤੇ ਮੁੱਦੇ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਨਾਲ ਹੀ ਸਬੰਧਤ ਹੋਣਗੇ। ਦੂਜੀ ਚੁਣੌਤੀ ਇਹ ਹੈ ਕਿ ਸਿੱਖ ਪੰਥ ਦਾ ਇੱਕ ਵੱਡਾ ਵਰਗ ਉਨ੍ਹਾਂ ਨੂੰ ਜਥੇਦਾਰ ਵਜੋਂ ਸਵੀਕਾਰ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਜੇਲ੍ਹ ਵਿਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਹੋਇਆ ਹੈ। ਇਹ ਤੈਅ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਅਹੁਦਾ ਬਾਦਲ ਪਰਿਵਾਰ ਦੀ ਹਮਾਇਤ ਨਾਲ ਹੀ ਮਿਲਿਆ ਹੈ। ਇਸ ਲਈ ਸਿੱਖਾਂ ਦੇ ਇਹ ਧੜੇ ਉਨ੍ਹਾਂ ਦੇ ਫੈਸਲਿਆਂ ਨੂੰ ਮਾਨਤਾ ਨਹੀਂ ਦੇਣਗੇ।
ਸਿੱਖ ਮਾਹਿਰਾਂ ਮੁਤਾਬਕ ਜਥੇਦਾਰ ਦੇ ਅਹੁਦੇ ਦੀ ਡਿੱਗੀ ਸ਼ਾਖ਼ ਨੂੰ ਮੁੜ ਸੁਰਜੀਤ ਕਰਨਾ ਉਨ੍ਹਾਂ ਲਈ ਮੁੱਖ ਚੁਣੌਤੀ ਸਾਬਤ ਹੋਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਵਜੋਂ ਅਸਤੀਫਾ ਦੇ ਗਏ ਗਿਆਨੀ ਗੁਰਬਚਨ ਸਿੰਘ ਦੀ ਥਾਂ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਉਹ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਨ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਨ੍ਹਾਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਹਾਕੇ ਦੌਰਾਨ ਅਕਾਲ ਤਖ਼ਤ ਤੋਂ ਕੁਝ ਮੁੱਦਿਆਂ ਬਾਰੇ ਆਏ ਫੈਸਲੇ ਸਰਵ ਪ੍ਰਵਾਨਿਤ ਸਾਬਤ ਨਹੀਂ ਹੋਏ। ਇਨ੍ਹਾਂ ਫੈਸਲਿਆਂ ‘ਤੇ ਕਿੰਤੂ ਹੋਣਾ ਵੀ ਜਥੇਦਾਰ ਦੇ ਅਹੁਦੇ ਦੀ ਸ਼ਾਖ਼ ਨੂੰ ਕਾਫੀ ਢਾਹ ਲਾ ਗਿਆ ਹੈ। ਅਜਿਹੇ ਫੈਸਲਿਆਂ ਵਿਚ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਕੇ ਮੁੜ ਬਿਕਰਮੀ ਕੈਲੰਡਰ ਬਣਾਉਣ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣਾ ਜ਼ਿਕਰਯੋਗ ਹਨ। ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਇਕਸਾਰ ਲਾਗੂ ਕਰਨਾ, ਸਰਵ ਪ੍ਰਵਾਨਿਤ ਫੈਸਲੇ ਲੈਣਾ ਤੇ ਮੁਤਵਾਜ਼ੀ ਜਥੇਦਾਰਾਂ ਦੇ ਹੁੰਦਿਆਂ ਮੁੜ ਅਕਾਲ ਤਖਤ ਨੂੰ ਪਹਿਲਾਂ ਵਾਲੀ ਥਾਂ ਕਾਇਮ ਕਰਨਾ ਕਾਰਜਕਾਰੀ ਜਥੇਦਾਰ ਲਈ ਵੱਡੀਆਂ ਚੁਣੌਤੀਆਂ ਹੋਣਗੀਆਂ।
ਸਿੱਖ ਸੰਗਤ ਤੇ ਜਥੇਬੰਦੀਆਂ ਵੀ ਨਵੇਂ ਜਥੇਦਾਰ ਵਿਚ ਇਕ ‘ਨਾਇਕ’ ਤਲਾਸ਼ ਰਹੀਆਂ ਹਨ। ਅਕਾਲ ਤਖ਼ਤ ਸਾਹਿਬ ਦੇ ਲੰਮਾ ਸਮਾਂ ਹੈੱਡ ਗ੍ਰੰਥੀ ਰਹੇ ਅਤੇ ਕਈ ਜਥੇਦਾਰਾਂ ਨਾਲ ਸੇਵਾ ਨਿਭਾਅ ਚੁੱਕੇ ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ 1984 ਤੋਂ ਬਾਅਦ ਖ਼ਾਸ ਕਰਕੇ ਅਕਾਲ ਤਖ਼ਤ ਦੇ ਸਿਧਾਂਤਾਂ ਅਤੇ ਰਵਾਇਤਾਂ ਨੂੰ ਢਾਹ ਲੱਗੀ ਹੈ। ਉਨ੍ਹਾਂ ਗਿਆਨੀ ਸਾਧੂ ਸਿੰਘ ਭੋਰਾ ਅਤੇ ਗੁਰਦਿਆਲ ਸਿੰਘ ਅਜਨੋਹਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ ਹੁਣ ਡਿੱਗੀ ਸ਼ਾਖ਼ ਬਹਾਲ ਕਰਨ ਵਿਚ ਸਮਾਂ ਲੱਗੇਗਾ। ਉੁਨ੍ਹਾਂ ਉਮੀਦ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਉੱਚ ਸਿੱਖਿਆ ਪ੍ਰਾਪਤ ਵਿਦਵਾਨ ਹਨ ਤੇ ਉਹ ਇਸ ਚੁਣੌਤੀ ਨੂੰ ਸਫ਼ਲਤਾ ਨਾਲ ਸਰ ਕਰਨਗੇ।