ਚੰਡੀਗੜ੍ਹ: ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਮੁੱਠੀ ਵਿਚ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਬਾਦਲ ਪਰਿਵਾਰ ਅਜੇ ਵੀ ਸਿੱਖ ਪੰਥ ਦੇ ਇਨ੍ਹਾਂ ਅਹਿਮ ਅਹੁਦੇਦਾਰਾਂ ਨੂੰ ‘ਆਜ਼ਾਦ’ ਕਰਨ ਦੇ ਮੂਡ ਵਿਚ ਨਹੀਂ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਉਮੀਦ ਕੀਤੀ ਜਾ ਰਹੀ ਸੀ ਕਿ ਨਵੇਂ ਜਥੇਦਾਰ ਦੀ ਨਿਯੁਕਤੀ ਸਿੱਖ ਜਥੇਬੰਦੀਆਂ ਦੀ ਰਾਇ ਮੁਤਾਬਕ ਹੀ ਕੀਤੀ ਜਾਵੇਗੀ। ਕਿਉਂਕਿ ‘ਸਰਬੱਤ ਖਾਲਸਾ’ ਵੱਲੋਂ ਥਾਪੇ ਜਥੇਦਾਰਾਂ ਕਾਰਨ ਪਿਛਲੇ ਕਾਫੀ ਸਮੇਂ ਤੋਂ ਇਹ ਅਹੁਦਾ ਸਵਾਲਾਂ ਦੇ ਘੇਰੇ ਵਿਚ ਹੈ।
ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਨਵਾਂ ਜਥੇਦਾਰ ਬਾਦਲ ਦੇ ਹੁਕਮਾਂ ਦੀ ਥਾਂ ਸਮੂਹ ਸੰਗਤ ਦੀ ਰਾਇ ਮੁਤਾਬਕ ਲਾਇਆ ਜਾਵੇ, ਪਰ ਜਿਸ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਇਸ ਅਹੁਦੇ ਉਤੇ ਨਿਯੁਕਤੀ ਨਵੇਂ ਵਿਵਾਦ ਵੱਲ ਵਧੇਗੀ। ਚਰਚਾ ਹੈ ਕਿ ਗਿਆਨੀ ਹਰਪ੍ਰੀਤ ਨੂੰ ਕਾਰਜਕਾਰੀ ਜਥੇਦਾਰ ਲਾਉਣ ਪਿੱਛੇ ਸੰਗਤ ਦੇ ਰੋਹ ਨੂੰ ਪਰਖਣਾ ਹੈ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ 13 ਨਵੰਬਰ ਨੂੰ ਇਜਲਾਸ ਸੱਦਿਆ ਜਾਣਾ ਹੈ। ਇਸ ਲਈ ਨਵੀਂ ਕਾਰਜਕਾਰਨੀ ਹੀ ਜਥੇਦਾਰ ਦੀ ਚੋਣ ਕਰ ਸਕੇਗੀ। ਇਹ ਵੀ ਚਰਚਾ ਹੈ ਕਿ ਜਥੇਦਾਰ ਦੇ ਅਸਤੀਫਾ ਦੇਣ ਤੇ ਨਵੇਂ ਜਥੇਦਾਰ ਦੀ ਚੋਣ ਵਿਚ ਇੰਨਾ ਲੰਮਾ ਫਾਸਲਾ ਇਕ ਵਿਸ਼ੇਸ਼ ਰਣਨੀਤੀ ਤਹਿਤ ਰੱਖਿਆ ਗਿਆ ਹੈ।
ਸਿੱਖ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਿੱਖ ਜਗਤ ਅੰਦਰੋਂ ਵੱਡੇ ਹਿੱਸੇ ਦੀ ਨਰਾਜ਼ਗੀ ਦਾ ਸਾਹਮਣਾ ਕਰ ਰਹੀ ਅਕਾਲੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਪੰਥ ਦਰਦੀ ਸਾਬਤ ਕਰਨ ਦਾ ਇਕ ਹੋਰ ਅਹਿਮ ਮੌਕਾ ਗੁਆ ਲਿਆ ਹੈ। ਜਥੇਦਾਰ ਦੀ ਨਿਯੁਕਤੀ ਨੂੰ ਸਰਬਪ੍ਰਵਾਨਤ ਕਰਵਾਏ ਜਾਣ ਦੇ ਕਿਸੇ ਵੀ ਯਤਨ ਬਗੈਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਪਹਿਲਾਂ ਵਾਂਗ ਹੀ ਮਤਾ ਪਾਸ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਥਾਪਣ ਨਾਲ ਪੰਥਕ ਰਾਜਸੀ ਤੇ ਧਾਰਮਿਕ ਖੇਤਰ ਵਿਚ ਹਾਲਾਤ ਲਗਭਗ 2015 ਵਾਲੀ ਥਾਂ ਉੱਪਰ ਹੀ ਜਾ ਖੜ੍ਹੇ ਹਨ। ਨਵੇਂ ਜਥੇਦਾਰ ਨੂੰ ਹਾਲੇ ਤੱਕ ਸਿਰਫ ਅਕਾਲੀ ਦਲ ਬਾਦਲ ਦੀ ਹੀ ਹਮਾਇਤ ਹਾਸਲ ਹੈ ਜਦਕਿ ਸਾਰੀ ਬਰਗਾੜੀ ਪੰਥਕ ਧਿਰ, ਸੰਤ ਸਮਾਜ ਤੇ ਵੱਡੀ ਗਿਣਤੀ ਸਿੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਾਲ ਹਾਮੀ ਨਹੀਂ ਭਰੀ।
ਵਿਦੇਸ਼ਾਂ ਵਿਚਲੀ ਸਿੱਖ ਸੰਗਤ ਤਾਂ ਦੂਰ ਤਖਤ ਸ੍ਰੀ ਪਟਨਾ ਸਾਹਿਬ ਤੇ ਨਾਂਦੇੜ ਸਾਹਿਬ ਨੇ ਹਾਲੇ ਤੱਕ ਨਵੇਂ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਦੀ ਖੁੱਲ੍ਹੇਆਮ ਤਾਇਦ ਨਹੀਂ ਕੀਤੀ। ਅਕਾਲੀ ਦਲ ਨਾਲ 10 ਸਾਲ ਤੋਂ ਗੂੜਾ ਰਿਸ਼ਤਾ ਨਿਭਾਉਂਦੀ ਆ ਰਹੀ ਦਮਦਮੀ ਟਕਸਾਲ ਨੇ ਵੀ ਹਾਲੇ ਨਵੀਂ ਨਿਯੁਕਤੀ ਦਾ ਸਵਾਗਤ ਕਰਨ ਤੋਂ ਗੁਰੇਜ਼ ਹੀ ਕੀਤਾ ਹੋਇਆ ਹੈ। ਬਰਗਾੜੀ ਮੋਰਚੇ ਵਾਲੀ ਵੱਡੀ ਧਿਰ ਤਾਂ ਪੂਰੀ ਤਰ੍ਹਾਂ ਪਹਿਲਾਂ ਹੀ ਪਾਸਾ ਵੱਟੀ ਬੈਠੀ ਹੈ। ਜ਼ਾਹਰ ਹੈ ਕਿ ਜਥੇਦਾਰ ਦੀ ਨਿਯੁਕਤੀ ਦੇ ਅਹਿਮ ਮੁੱਦੇ ਉਪਰ ਨਾ ਤਾਂ ਅਕਾਲੀ ਲੀਡਰਸ਼ਿਪ ਨੇ ਪੰਥਕ ਮੋੜਾ ਕੱਟਣ ਦਾ ਕੋਈ ਸੰਕੇਤ ਦਿੱਤਾ ਹੈ ਤੇ ਨਾ ਹੀ ਇਸ ਸਰਬਉੱਚ ਸੰਸਥਾ ਨੂੰ ਸਰਬਪ੍ਰਵਾਨਤ ਕਰਨ ਵੱਲ ਕੋਈ ਤਵੱਜੋ ਹੀ ਦਿੱਤੀ ਹੈ। ਪੰਥਕ ਹਲਕਿਆਂ ‘ਚ ਇਹੀ ਪ੍ਰਭਾਵ ਗਿਆ ਹੈ ਕਿ ਅਕਾਲੀ ਲੀਡਰਸ਼ਿਪ ਨੇ ਪਿਛਲੇ ਦੋ-ਢਾਈ ਦਹਾਕੇ ਤੋਂ ਪਾਈ ਰਵਾਇਤ ਨੂੰ ਅੱਗੇ ਤੋਰਦਿਆਂ ਮੁੜ ਆਪਣੀ ਪਸੰਦ ਦੇ ਜਥੇਦਾਰ ਦੀ ਨਿਯੁਕਤੀ ਕਰ ਲਈ ਹੈ।
ਪੰਥਕ ਵਿਦਵਾਨਾਂ ਤੇ ਰਾਜਸੀ ਹਲਕਿਆਂ ‘ਚ ਚਰਚਾ ਹੈ ਕਿ ਜਥੇਦਾਰ ਦੀ ਨਿਯੁਕਤੀ ਬਾਰੇ ਜੇਕਰ ਅਕਾਲੀ ਲੀਡਰਸ਼ਿਪ ਪੁਰਾਤਨ ਮਰਿਆਦਾ ਤੇ ਸਰਬਪ੍ਰਵਾਨਤ ਜਥੇਦਾਰ ਨਿਯੁਕਤ ਕਰਨ ਦਾ ਪੈਂਤੜਾ ਧਾਰਨ ਕਰ ਲੈਂਦੀ ਤਾਂ ਇਸ ਨਾਲ ਲੀਡਰਸ਼ਿਪ ਦੇ ਪੰਥਕ ਮੋੜਾ ਕੱਟਣ ਵੱਲ ਤੁਰ ਪੈਣ ਦਾ ਸੰਕੇਤ ਮਿਲਣਾ ਸੀ ਤੇ ਸਰਬਪ੍ਰਵਾਨਤ ਜਥੇਦਾਰ ਦੀ ਨਿਯੁਕਤੀ ਲਈ ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਤੇ ਸਨਮਾਨ ਦੀ ਬਹਾਲੀ ਵਾਲਾ ਪਾਸਾ ਵੀ ਭਾਰੂ ਹੋਣਾ ਸ਼ੁਰੂ ਹੋ ਜਾਣਾ ਸੀ।
_________________________
ਬਾਦਲਾਂ ਦੇ ਲਿਫਾਫੇ ‘ਚੋਂ ਨਿਕਲਿਆ ਜਥੇਦਾਰ ਪ੍ਰਵਾਨ ਨਹੀਂ: ਜਥੇਬੰਦੀ
ਅੰਮ੍ਰਿਤਸਰ: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਹੈ ਕਿ ਬਾਦਲਾਂ ਦੇ ਲਿਫਾਫੇ ਵਿਚੋਂ ਨਿਕਲਿਆ ਜਾਂ ਇਕ ਧਿਰ ਵੱਲੋਂ ਥਾਪਿਆ ਜਥੇਦਾਰ ਹਰਗਿਜ਼ ਪ੍ਰਵਾਨ ਨਹੀਂ ਹੋਵੇਗਾ ਅਤੇ ਸਿਰਫ ਭਾਈ ਜਗਤਾਰ ਸਿੰਘ ਹਵਾਰਾ ਹੀ ਅਕਾਲ ਤਖਤ ਦੇ ਸਰਬ ਪ੍ਰਵਾਨਿਤ ਜਥੇਦਾਰ ਹਨ। ਪੰਥਕ ਜਥੇਬੰਦੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਕੌਮ ਨੂੰ ਇਹ ਹਰਗਿਜ਼ ਪ੍ਰਵਾਨ ਨਹੀਂ ਕਿ ਜਥੇਦਾਰ ਦੀ ਪਦਵੀ ‘ਤੇ ਸੇਵਾ ਨਿਭਾਉਣ ਵਾਲਾ ਵਿਅਕਤੀ ਬਾਦਲਾਂ ਦੀ ਕਠਪੁਤਲੀ ਬਣੇ।