ਹਿੱਸਾ

ਮਨਿੰਦਰ ਸਿੰਘ ਕਾਂਗ
ਰਾਤ ਕੋਈ ਇੱਕ ਕੁ ਵਜੇ ਦਾ ਵੇਲਾ ਹੋਵੇਗਾ, ਜਦੋਂ ਮੈਂ ਅੱਧ ਨੀਂਦਰੇ ਉਠ ਕੇ ਪਾਣੀ ਪੀਤਾ। ਗੋਲੀਆਂ ਅਜੇ ਵੀ ਉਸੇ ਰਫ਼ਤਾਰ ਨਾਲ ਚੱਲ ਰਹੀਆਂ ਸਨ। ਵਿਚ ਵਿਚ ਕਿਤੇ ਐਲ਼ਐਮæਜੀæ ਦਾ ਫਾਇਰ ਰੁਕ ਜਾਂਦਾ ਸੀ ਪਰ ਦੂਜੇ ਪਲ ਹੀ…। ਮੈਨੂੰ ਤਾਂ ਐਲ਼ਐਮæਜੀæ ਦੀ ਫਾਇਰਿੰਗ ਦੀ ਏਨੀ ਪਛਾਣ ਹੋ ਗਈ ਸੀ ਕਿ ਮੈਂ ਸੁੱਤਾ ਵੀ ਜਿਵੇਂ ਇਹੀ ਆਵਾਜ਼ ਸੁਣਦਾ ਰਹਿੰਦਾ ਸਾਂ, ਭਾਵੇਂ ਫਾਇਰਿੰਗ ਚੱਲ ਰਹੀ ਹੋਵੇ, ਭਾਵੇਂ ਨਾ, ਪਰ ਅੱਜ ਤਾਂ ਫਾਇਰਿੰਗ ਵਾਲੀ ਹੱਦ ਹੋਈ ਪਈ ਸੀ। ਰਾਤ 11 ਵਜੇ ਦੀ ਲੱਗੀ ਹੋਈ ਸੀ ਤੇ ਹੁਣ ਇੱਕ ਵੱਜ ਰਿਹਾ ਸੀ। ਵਿਚੋਂ ਤੇ ਫਾਇਰਿੰਗ ਬੰਦ ਹੋਣੀ ਚਾਹੀਦੀ ਸੀ।
“ਕੀ ਗੱਲ?” ਮੇਰੀ ਵਹੁਟੀ ਜਾਗ ਪਈ ਸੀ।
“ਅੱਜ ਤਾਂ ਫਾਇਰਿੰਗ ਆਲੀ ਹੱਦ ਮੁੱਕੀ ਪਈ ਆ।” ਮੈਂ ਜਿਵੇਂ ਅੱਧਾ ਆਪਣੇ ਆਪ ਤੇ ਅੱਧਾ ਕੁ ਵਹੁਟੀ ਨੂੰ ਮੁਖ਼ਾਤਬ ਹੋਇਆ। ਫਿਰ ਆਪੇ ਹੀ ਮੇਰਾ ਹੱਥ ਬਲਬ ਔਨ ਕਰਨ ਲਈ ਸਵਿਚ ਵੱਲ ਹੋ ਗਿਆ।
“ਆਹ…ਹਾਅ…ਹਾਅ… ਫਾਇਰਿੰਗ ਅੱਜ ਆਪਣੇ ਨੇੜਿਓਂ ਨਹੀਂ ਹੋ ਰਹੀ।” ਘਰ ਦੀ ਨੇ ਚਿਹਰੇ ‘ਤੇ ਚਿੰਤਾ ਜਿਹੀ ਲਿਆਉਂਦਿਆਂ ਕਿਹਾ।
“ਨਹੀਂ! ਜਾਪਦਾ ਤਾਂ ਨਹੀਂ…। ਫਾਇਰਿੰਗ ਤਾਂ ਮੰਦਰ ਆਲੇ ਪਾਸਿਓਂ ਹੋ ਰਹੀ ਹੈ। ਨਾਲੇ ਉਧਰਲੇ ਪਾਸਿਓਂ ਹੀ ਰੋਜ਼ ਹੁੰਦੀ ਆ।” ਮੈਂ ਥੋੜ੍ਹਾ ਘਾਬਰੇ ਜਿਹੇ ਨੇ ਕਿਹਾ।
ਅਸੀਂ ਪਿੰਡ ਦੇ ਬਾਹਰ ਰਹਿੰਦੇ ਹਾਂ। ਪਿੰਡ ਨਹਿਰ ਤੋਂ ਪਾਰ ਹੈ ਤੇ ਨਹਿਰ ਟੱਪ ਕੇ ਅਸੀਂ ਆਪੋ-ਆਪਣੇ ਡੇਰਿਆਂ ਵਿਚ ਆ ਵਸੇ ਹਾਂ। ਮੇਰੇ ਨਾਲ ਵਾਲੀ ਜ਼ਮੀਨ ਵਾਲੇ ਵੀ ਆਪਣੀ ਬਹਿਕ ‘ਤੇ ਆਣ ਬੈਠੇ ਨੇ। ਕੁੱਲ ਸੱਤ ਬਹਿਕਾਂ ਮੇਰੇ ਆਲੇ ਡੇਰੇ ਤੋਂ ਇਲਾਵਾ ਹਨ। ਪਿੰਡੋਂ ਸਾਨੂੰ ਸਿਰਫ਼ ਨਹਿਰ ਹੀ ਅੱਡ ਕਰਦੀ ਹੈ। ਉਂਜ ਸਾਰਾ ਪਿੰਡ ਦੋ ਪੱਤੀਆਂ ਵਿਚ ਵੰਡਿਆ ਹੋਇਆ ਹੈ। ਸਾਡੀ ਪੱਤੀ ‘ਬਲੌਰ ਕੀ’ ਹੈ, ਇਸ ਲਈ ਅਸੀਂ ਦੋ ਘਰ ‘ਬਲੌਰ ਕੇ’ ਵੱਜਦੇ ਹਾਂ। ਬਾਕੀ ਪੰਜ ਘਰ ‘ਸੰਧੂ ਪੱਤੀ’ ਦੇ ਹਨ। ਉਨ੍ਹਾਂ ਨੂੰ ‘ਸੰਧੂਆਂ ਕੇ’ ਕਹਿਨੇ ਆਂ। ਥੋੜ੍ਹਾ ਪਰ੍ਹਾਂ ਨਹਿਰ ਦੇ ਕੋਲ ਕਰ ਕੇ ਮਜ਼੍ਹਬੀਆਂ ਦਾ ਵਿਹੜਾ ਹੈ। ਉਥੇ ਤਕਰੀਬਨ ਦਸ ਟੱਬਰ ਰਹਿੰਦੇ ਹਨ। ਮਜ਼੍ਹਬੀਆਂ ਦੀ ਇੱਕ ਹੋਰ ਠੱਠੀ ਪਿੰਡ ਦੇ ਦੂਜੇ ਸਿਰੇ ‘ਤੇ ਹੈ। ਉਹ ਇਧਰ ਆਉਣਾ ਨਹੀਂ ਮੰਨਦੇ। ਪੰਚਾਇਤ ਇਨ੍ਹਾਂ ਮਾੜੇ ਦਿਨਾਂ ਵਿਚ ਕਈ ਵਾਰ ਉਨ੍ਹਾਂ ਨੂੰ ਇਧਰ ਰੌਣਕ ਵਿਚ ਆਉਣ ਨੂੰ ਕਹਿ ਚੁੱਕੀ ਐ ਪਰ ਉਨ੍ਹਾਂ ਨੂੰ ਵੱਡੀ ਸੜਕ ਉਧਰੋਂ ਲਾਗੇ ਪੈਂਦੀ ਐ। ਸਾਨੂੰ ਸ਼ਹਿਰ ਆਲੀ ਸੜਕ ਇਧਰੋਂ ਨੇੜੇ ਪੈਂਦੀ ਹੈ। ਉਂਜ ਵੀ ਸਾਡੇ ਲਾਣੇ ਦੇ ਦੋ ਘਰਾਂ ਵਿਚ ਅੱਗੋਂ ਛੇ ਘਰ ਹੋਰ ਨਿਕਲ ਆਏ ਹਨ ਤੇ ਸੰਧੂਆਂ ਆਲੇ ਲਾਣੇ ਵਿਚੋਂ ਅੱਠ-ਦਸ ਘਰ ਹੋਰ ਬਣ ਗਏ ਹਨ। ਕੁਝ ਖੂਹ ਅਜੇ ਸਾਂਝੇ ਹਨ। ਜਿਵੇਂ ਇੱਕ ਪਿੰਡ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ।
ਸਾਡੇ ਵਾਲੀ ਸੜਕ ‘ਤੇ ਪਿੰਡ ਤੋਂ ਅੱਧਾ ਕੁ ਕਿਲੋਮੀਟਰ ਦੂਰ ਸ਼ਹਿਰ ਆਲੇ ਰਾਹ ਦੇ ਐਨ ਵਿਚਕਾਰ ਸ਼ਿਵ ਮੰਦਰ ਪੈਂਦਾ ਹੈ। ਸੀæਆਰæਪੀæ ਦੇ ਤਕਰੀਬਨ 50 ਜਵਾਨਾਂ ਦੀ ਟੁਕੜੀ ਪੱਕੇ ਤੌਰ ‘ਤੇ ਮੰਦਰ ਵਿਚ ਰਹਿ ਰਹੀ ਹੈ। ਸ਼ਾਮ 7 ਵਜੇ ਤੋਂ ਮਗਰੋਂ ਇਹੀ ਜਵਾਨ ਆਸ-ਪਾਸ ਦੇ 8-8 ਪਿੰਡਾਂ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਸਵੇਰ ਦੇ 5 ਵਜੇ ਤਕ ਗਸ਼ਤ ਕਰਦੇ ਹਨ।
ਮੰਦਰ ਬੜੀ ਉਜਾੜ ਜਿਹੀ ਵਿਚ ਹੈ। ਕਿਤੇ-ਕਿਤੇ ਪਿੰਡ ਨੂੰ ਆਉਂਦਾ ਕੋਈ ਟਾਂਗਾ ਜਾਂ ਟਾਵਾਂ-ਟੱਲਾ ਟੈਂਪੂ ਰੁਕ ਕੇ ਭਾਵੇਂ ਪਾਣੀ ਪੀ ਲਵੇ, ਨਹੀਂ ਤਾਂ ਪੰਡਤ ਵੀ ਸਵੇਰੇ ਹੀ ਭੋਗ ਲਵਾ ਕੇ ਕਿਵਾੜ ਬੰਦ ਕਰ ਦਿੰਦੈ ਤੇ ਸ਼ਾਮ ਨੂੰ 5 ਵਜੇ ਤਕ ਆਰਤੀ ਕਰ ਕੇ ਸ਼ਹਿਰ ਪਰਤ ਜਾਂਦੈ। ਉਹਨੇ ਤਕਰੀਬਨ 6-7 ਸਾਲ ਤੋਂ ਰਿਹਾਇਸ਼ ਮੰਦਰ ਵਿਚੋਂ ਚੁੱਕ ਲਈ ਹੈ ਤੇ ਸ਼ਹਿਰ ਟੁਰ ਗਿਐ। ਸ਼ਾਮ ਛੇ ਵਜੇ ਤੋਂ ਮਗਰੋਂ ਸੜਕ ਬਿਲਕੁਲ ਉਜਾੜ ਹੋ ਜਾਂਦੀ ਹੈ। ਸੜਕ ‘ਤੇ ਜਾਂ ਤਾਂ ਪੁਲਿਸ ਫੋਰਸ ਤੇ ਜਾਂ ਫਿਰ ਖਾੜਕੂਆਂ ਦਾ ਰਾਜ ਹੋ ਜਾਂਦੈ।
ਇਧਰ ਅਸੀਂ ਪਿੰਡ ਆਲੇ ਭਾਵੇਂ ਰਾਤ-ਬਰਾਤੇ, ਲੇਟ-ਫੇਟ ਹੋਏ ਪੈਦਲ ਜਾਂ ਸਾਈਕਲ ‘ਤੇ ਪਿੰਡ ਟੁਰ ਪਈਏ ਪਰ ਸਾਡੇ ਪਿੰਡ ਦੇ ਕੋਲ ਹੀ ਜਿਹੜੀਆਂ ਨਵੀਆਂ ਆਬਾਦੀਆਂ ਪ੍ਰਾਪਰਟੀ ਡੀਲਰਾਂ ਨੇ ਕੱਟੀਆਂ ਨੇ ਉਥੇ ਵੱਸਦੇ ਸ਼ਹਿਰੀ ਤਾਂ ਸ਼ਾਮ ਛੇ ਵਜੇ ਮਗਰੋਂ ਘਰਾਂ ਦੇ ਅੰਦਰੋਂ ਜਿੰਦਰੇ ਮਾਰ ਲੈਂਦੇ ਨੇ, ਰਾਤ 8 ਵਜੇ ਤੋਂ ਮਗਰੋਂ ਭਾਵੇਂ ਸਕਾ ਪਿਉ ਆ ਕੇ ਬੂਹਾ ਪਿਆ ਖੜਕਾਵੇ, ਨਹੀਂ ਖੋਲ੍ਹਦੇ। ਦੁਕਾਨਾਂ, ਮਕਾਨ ਸਭ ਸ਼ਾਮ ਪੈਂਦਿਆਂ ਹੀ ਜਿਵੇਂ ਥੇਹ ਵਿਚ ਬਦਲ ਜਾਂਦੇ ਹਨ।
ਮੇਰੀ ਘਰ ਦੀ ਉਠ ਕੇ ਬੈਠ ਗਈ ਹੈ। ਭਾਵੇਂ ਉਹ ਹਰ ਰੋਜ਼ ਦੀ ਫਾਇਰਿੰਗ ਦੀ ਅਭਿਆਸੀ ਹੈ ਪਰ ਇੱਕ ਬੇਮਲੂਮੀ ਜਿਹੀ ਚਿੰਤਾ ਦੀ ਲਕੀਰ ਜਿਵੇਂ ਰੋਜ਼ ਰਾਤ ਨੂੰ ਉਸ ਦੇ ਚਿਹਰੇ ਉਪਰ ਪਸਰ ਜਾਂਦੀ ਹੈ। ਅੱਜ ਵੀ ਮੈਂ ਨੋਟ ਕਰ ਰਿਹਾ ਹਾਂ ਕਿ ਸੁੱਤ-ਉਨੀਂਦੀ ਜਿਹੀ ਹੋਣ ਦੇ ਬਾਵਜੂਦ ਚਿੰਤਾ ਦੀ ਬੇਮਲੂਮੀ ਜਿਹੀ ਲਕੀਰ ਜਿਵੇਂ ਉਸ ਦੇ ਚਿਹਰੇ ਉਪਰ ਫੈਲ ਗਈ ਹੈ। ਮੈਂ ਇਹ ਸਭ ਮਹਿਸੂਸ ਕਰਦਾ ਰਹਿਨਾਂ ਪਰ ਕਹਿੰਦਾ ਕੁਛ ਨਹੀਂ। ਫਾਇਰਿੰਗ ਦੀ ਆਵਾਜ਼ ਸੱਚੀਉਂ ਸਾਡੇ ਲਾਗਿਓਂ ਆ ਰਹੀ ਜਾਪਦੀ ਹੈ। ਮੈਂ ਪ੍ਰੇਸ਼ਾਨ ਜਿਹਾ ਹੋ ਜਾਨਾਂ ਤੇ ਬਾਹਰਲਾ ਬੂਹਾ ਖੋਲ੍ਹ ਦੇਨਾਂ। ਕੀ ਗੱਲ? ਬਾਹਰ ਨਾ ਜਾਇਉ…ਵਿਹੜੇ ‘ਚ ਹੀ ਰਹਿਉ।”
ਮੇਰੀ ਪਤਨੀ ਅੱਧਲੇਟੀ ਜਿਹੀ ਆਖਦੀ ਹੈ ਤੇ ਫਿਰ ਮੇਰੇ ਮਗਰ ਹੀ ਵਿਹੜੇ ਵਿਚ ਆ ਜਾਂਦੀ ਹੈ।
ਫਾਇਰਿੰਗ ਜਿਵੇਂ ਸਾਡੇ ਨਜ਼ਦੀਕ ਹੀ ਆਈ ਜਾ ਰਹੀ ਹੈ। ਮੈਂ ਤੇ ਮੇਰੀ ਪਤਨੀ ਜਿਵੇਂ ਅਵਾਕ ਬੁੱਤ ਬਣੇ ਖੜ੍ਹੇ ਹਾਂ। ਥੋੜ੍ਹੀ ਦੇਰ ਬਾਅਦ ਹੀ ਬਾਹਰਲੀ ਬੈਠਕ ਦਾ ਬੂਹਾ ਖੁੱਲ੍ਹਦਾ ਹੈ ਤੇ ਬਾਪੂ ਹੁਰੀਂ ਐਨਕ ਸੂਤ ਕਰਦੇ ਬਾਹਰ ਆ ਜਾਂਦੇ ਹਨ। ਮਗਰੇ ਮੇਰੀ ਬੀਬੀ ਹੈ। ਬਾਪੂ ਹੁਰੀਂ ਗਰਮੀ-ਸਰਦੀ ਬੈਠਕ ਵਿਚ ਹੀ ਪੈਂਦੇ ਹਨ ਜਦੋਂਕਿ ਬੀਬੀ ਬਰਾਂਡੇ ਵਿਚ ਛੋਟੇ ਭਰਾ ਪ੍ਰੀਤਮ ਕੋਲ ਸੌਂਦੀ ਹੈ।
“ਵਾਗਰੂ…।” ਮੇਰੇ ਬਾਪੂ ਜੀ ਦਾਹੜੀ ‘ਤੇ ਹੱਥ ਫੇਰਦੇ ਹਨ। ਉਨ੍ਹਾਂ ਦੀ ਨੀਂਦ ਉਡ ਗਈ ਹੈ।
“ਜਾਗ ਪਿਆ ਪੁੱਤਰ।” ਮੇਰੀ ਬੇਬੇ ਸਾਂਝਾ ਸੰਬੋਧਨ ਕਰਦੀ ਆਖਦੀ ਹੈ।
“ਜਾਹ ਜਾ ਕੇ ਪ੍ਰੀਤਮ ਨੂੰ ਵੀ ਜਗਾ ਦੇਹ। ਪਤਾ ਨਹੀਂ ਵਾਗਰੂ ਨੇ ਅੱਜ ਕਿਹੋ ਜਿਹੀ ਰਾਤ ਲੰਘਾਣੀ ਆਂ?” ਬਾਪੂ ਹੁਰੀਂ ਆਖਦੇ ਹਨ। ਉਹ ਬੜੀ ਛੇਤੀ ਕਾਹਲੇ ਪੈ ਜਾਣ ਵਾਲਿਆਂ ਵਿਚੋਂ ਹਨ।
“ਕਾਕਾ ਤੇ ਨਹੀਂ ਨਾ ਜਾਗਿਆ?” ਮੇਰੇ ਬਾਪੂ ਜੀ ਮੇਰੇ ਸਾਲ ਕੁ ਦੇ ਮੁੰਡੇ ਬਾਰੇ ਪੁੱਛਦੇ ਹਨ। ਉਨ੍ਹਾਂ ਦਾ ਪੋਤਰੇ ਨਾਲ ਬੜਾ ਤਿਹੁ ਹੈ।
“ਜੀ ਨਹੀਂ। ਉਹ ਤੇ ਘੂਕ ਸੁੱਤਾ ਪਿਐ।” ਮੇਰੀ ਘਰ ਦੀ ਸਿਰ ‘ਤੇ ਪੱਲਾ ਸੂਤ ਕਰਦੀ ਆਖਦੀ ਹੈ।
ਕੁਛ ਦੇਰ ਸਾਰੇ ਚੁੱਪਚਾਪ ਵਿਹੜੇ ਵਿਚ ਖੜ੍ਹੇ ਰਹਿੰਦੇ ਹਨ ਜਿਵੇਂ ਰੁੱਖ ਹੋਣ। ਫਿਰ ਬਾਪੂ ਜੀ ਚਾਚੇ ਦੇ ਘਰ ਨੂੰ ਅੱਡ ਕਰਦੀ ਕੰਧ ਕੋਲ ਖੜ੍ਹੋ ਕੇ ਆਵਾਜ਼ ਮਾਰਦੇ ਹਨ, “ਸੰਤ! ਓ ਸੰਤ!…ਸੰਤ ਸਿਹਾਂ!”
ਆਵਾਜ਼ ਪੈਂਦਿਆਂ ਹੀ ਘਰਾਂ ਨੂੰ ਅੱਡ ਕਰਦੀ ਕੰਧ ਵਿਚ ਰੱਖਿਆ ਬੂਹਾ ਫਟੱਕ ਦੇਣੀ ਖੁੱਲ੍ਹ ਜਾਂਦਾ ਹੈ, ਜਿਵੇਂ ਆਵਾਜ਼ ਦੀ ਹੀ ਉਡੀਕ ਕਰ ਰਿਹਾ ਹੋਵੇ। ਬੂਹੇ ਵਿਚੋਂ ਨੀਵਾਂ ਹੋ ਕੇ ਲੰਘਦਾ ਮੇਰਾ ਲੰਮਾ-ਲੰਝਾ ਚਾਚਾ ਸੰਤ ਸਿੰਘ ਨਜ਼ਰੀਂ ਪੈਂਦਾ ਹੈ। ਇੱਕ ਹੱਥ ਨਾਲ ਉਹ ਸਿਰ ‘ਤੇ ਬੰਨ੍ਹਿਆ ਪਟਕਾ ਠੀਕ ਕਰ ਰਿਹਾ ਹੈ। ਮਗਰੇ ਹੀ ਮੇਰਾ ਚਚੇਰਾ ਭਰਾ ਕੁਲਬੀਰ ਆ ਗਿਆ ਹੈ।
“ਮੈਂ ਤਾਂ ਭਾਅ ਜੀ ਵਿਹੜੇ ਵਿਚ ਹੀ ਖੜੋਤਾ ਸਾਂ। ਧਾਡੀ ਆਵਾਜ਼ ਡੀਕਦਾ ਸਾਂ। ਮੈਂ ਕਿਹਾ, ਖਬਰੇ ਭਰਾ ਹੁਰੀਂ ਕਿਉਂ ਨਹੀਂ ਉਠੇ।” ਮੇਰਾ ਚਾਚਾ ਬਾਪੂ ਹੁਰਾਂ ਨੂੰ ਸੰਬੋਧਤ ਹੋ ਕੇ ਕਹਿਣ ਲੱਗਾ।
“ਸੰਤ! ਏਨੀ ਫਾਇਰਿੰਗ ਤਾਂ ਰਾਤਾਂ ਨੂੰ ਉਦੋਂ ਸੁਣਦੇ ਸਾਂ ਜਦੋਂ ਅਪਰੇਸ਼ਨ ਬਲੂ ਸਟਾਰ ਹੋਇਆ ਸੀ। ਅੱਜ ਕੀ ਗੱਲ ਹੋਗੀ?” ਬਾਪੂ ਜੀ ਕਹਿਣ ਲੱਗੇ।
“ਕੱਲ੍ਹ ਵੀ ਤੇ ਪਰਸੋਂ ਵੀ ਹਰਜਿੰਦਰ ਫੌਜੀ ਤੇ ਰੇਲੂ ਫਿਰਦੇ ਸੀ ਦਿਨੇ। ਕੱਲ੍ਹ ਤੇ ਪੱਪੂ ਸੰਧੂਆਂ ਦਾ ਵੀ ਆਪਣੇ ਸਾਥੀਆਂ ਨਾਲ ਸ਼ਾਮ ਨੂੰ ਫਿਰਦਾ ਰਿਹੈ  ਅਸਾਲਟਾਂ ਪਾ ਕੇ। ਝੋਲੀਆਂ ਵੀ ਪਾਈਆਂ ਸਨ। ਮਗਰੇ ਉਹਦੀ ਜੀਪ ਵੀ ਸੀ। ਉਧਰ ਐਲ਼ਐਮæਜੀæ ਬੀੜੀ ਫਿਰਦੇ ਸੀ ਖਾੜਕੂ। ਕਿਧਰੇ ਉਨ੍ਹਾਂ ਅੰਦਰ ਆਲੀ ਚੌਕੀ ‘ਤੇ ਹਮਲਾ ਤਾਂ ਨਹੀਂ ਕਰ ਦਿੱਤਾ?” ਕੁਲਬੀਰ ਨੇ ਸ਼ੰਕਾ ਜ਼ਾਹਿਰ ਕੀਤਾ।
“ਵੇ ਤੂੰ ਚੁੱਪ ਕਰ…। ਐਵੇਂ ਨਾ ਬੋਲੀ ਜਾਹ! ਵੱਡੇ ਆਪੇ…।” ਮੇਰੀ ਚਾਚੀ ਬੂਹੇ ਪਿੱਛੋਂ ਬੋਲੀ। ਜੇਠ ਦੇ ਸਾਹਮਣੇ ਭਾਵ ਮੇਰੇ ਬਾਪੂ ਅੱਗੇ ਉਹ ਛੇਤੀ ਕੀਤਿਆਂ ਨਹੀਂ ਸੀ ਹੁੰਦੀ ਕਿਉਂਕਿ ਵਿਚਕਾਰਾਂ ਦੀ ਹੋਣ ਕਰਕੇ ਉਹਨੂੰ ਘੁੰਡ ਕੱਢਣਾ ਪੈਂਦਾ ਸੀ।
“ਹਰਜਿੰਦਰ ਤਾਂ ਵੱਡਿਆਂ ਜੋੜਾਂ ਦਾ ਬੰਦੈ। ਉਹਦਾ ਇਨਾਮ ਵੀ 20 ਲੱਖ ਐ। ਪੱਪੂ ਵੀ ਛੇਤੀ ਕੀਤਿਆਂ ਪਿੰਡ ਨੂੰ ਮੂੰਹ ਨਹੀਂ ਕਰਦਾ। ਰੇਲੂ ਉਦਾਂ ਸਾਡੇ ਪਿੰਡ ਦਾ ਨਹੀਂ…। ਨਹੀਂ, ਨਹੀਂ! ਇਹ ਤਾਂ ਕੋਈ ਹੋਰ ਹੀ ਗੱਲ ਐ।” ਬਾਪੂ ਜੀ ਨੇ ਕਿਹਾ। ਉਨ੍ਹਾਂ ਨੂੰ ਪੂਰੇ ਪਿੰਡ ਦੇ ਲੋਕਾਂ ਦੀ ਖ਼ਬਰ ਰਹਿੰਦੀ ਸੀ। ਭਗੌੜੇ ਮੁੰਡਿਆਂ ਦੇ ਪਿੰਡ, ਨਾਂ, ਪਤੇ, ਮਾਂ-ਪਿਉ ਤੇ ਸ਼ਹੀਦ ਹੋਏ ਮੁੰਡਿਆਂ ਦੇ ਵੇਰਵੇ ਬਾਪੂ ਹੁਰਾਂ ਦੀਆਂ ਉਂਗਲਾਂ ‘ਤੇ ਗਿਣੇ ਹੋਏ ਸਨ। ਕਿਸੇ ਵੇਲੇ ਚਾਚਾ ਜੀ ਦਾ ਛੋਟਾ ਮੁੰਡਾ ਯਾਨੀ ਕੁਲਬੀਰ ਤੋਂ ਛੋਟਾ ਹਰਪਾਲ ਤੇ ਮੈਥੋਂ ਛੋਟਾ ਪ੍ਰੀਤਮ ਖਾੜਕੂਆਂ ਵਿਚ ਹੁੰਦੇ ਹਨ। ਚਾਚਾ ਜੀ ਦਾ ਹਰਪਾਲ ਤਾਂ ਦਰਬਾਰ ਸਾਹਿਬ ਵਿਚ ਮਾਰਿਆ ਗਿਆ ਸੀ। ਮਗਰੋਂ ਮੈਥੋਂ ਛੋਟਾ ਪ੍ਰੀਤਮ ਫੜਿਆ ਗਿਆ ਸੀ ਤੇ ਉਹਨੂੰ ਬਾਅਦ ਵਿਚ ਬੈਂਸ ਕਮੇਟੀ ਨੇ ਬਰਨਾਲਾ ਰਾਜ ਵੇਲੇ ਬਰੀ ਕੀਤਾ ਸੀ। ਉਦੋਂ ਤੋਂ ਹੀ ਆਸ-ਪਾਸ ਦੇ ਪਿੰਡ ਸਾਡੇ ਟੱਬਰ ਨੂੰ ‘ਸ਼ਹੀਦ ਪਰਿਵਾਰਾਂ’ ਵਿਚ ਸ਼ਾਮਲ ਕਰਦੇ ਨੇ। ਹੁਣ ਭਾਵੇਂ ਪ੍ਰੀਤਮ ਕੰਮਕਾਰ ਲੱਗ ਗਿਐ ਤੇ ਕਿਧਰੇ ਵੀ ਉਹਦਾ ਝੁਕਾਅ ਨਹੀਂ ਪਰ ਪੁਰਾਣੀ ਭੱਲ ਬਣੀ ਹੋਈ ਹੈ। ਕਿਤੇ-ਕਿਤੇ ਖਾੜਕੂ ਕਦੀ ਰਾਤ-ਬਰਾਤੇ ਤੋਰੀ-ਫੁਲਕਾ ਵੀ ਛਕ ਜਾਂਦੇ ਨੇ ਤੇ ਪ੍ਰੀਤਮ ਦੇ ਗੋਡੀਂ ਹੱਥ ਲਾ ਜਾਂਦੇ ਨੇ। ਬਾਪੂ ਹੁਰੀਂ ਤੇ ਚਾਚਾ ਜੀ ਆਪਣੀ ਜਥੇਦਾਰੀ ਤੇ ਜਬ੍ਹੇ ਵਾਲੇ ਸੁਭਾਅ ਕਾਰਨ ਆਸ-ਪਾਸ ਮਸ਼ਹੂਰ ਨੇ। ਇੱਕ-ਦੋ ਵਾਰੀ ਗੁਰਪੁਰਬਾਂ ‘ਤੇ ਬਾਪੂ ਹੁਰੀਂ ਖਾਲਿਸਤਾਨ ਦੇ ਹੱਕ ਵਿਚ ਨਾਅਰੇ ਮਾਰਨ ਕਾਰਨ ਡੀæਐਸ਼ਪੀæ ਸੀਤਾ ਰਾਮ ਕੋਲੋਂ ਅੰਤਾਂ ਦੀ ਕੁੱਟ ਖਾ ਚੁੱਕੇ ਨੇ। ਚਾਚੇ ਹੁਰੀਂ ਤਾਂ ਦੋ ਹਫ਼ਤੇ ‘ਮਾਲ ਮੰਡੀ ਹਵਾਲਾਤ’ ‘ਚ ਵੀ ਕੱਟ ਆਏ ਹੋਏ ਨੇ।
ਪਰ ਅੱਜ ਰਾਤ ਦੀ ਫਾਇਰਿੰਗ…।
ਬਾਪੂ ਹੁਰੀਂ ਵੀ ਪ੍ਰੇਸ਼ਾਨ ਨੇ ਤੇ ਚਾਚਾ ਵੀ ਜਿਵੇਂ ਘਾਬਰਿਆ ਬੈਠੈ। ਕੁਲਬੀਰ ਅੱਡ ਕਿਆਸੇ ਲਾ ਰਿਹੈ। ਨਹੀਂ ਪ੍ਰੇਸ਼ਾਨ ਤਾਂ ਸਿਰਫ਼… ਪ੍ਰੀਤਮ। ਅਸਲ ‘ਚ ਕਦੀ ਉਹ ਆਪ ਵੀ ਇਨ੍ਹਾਂ ਸਭਨਾਂ ਚੱਕਰਾਂ ਵਿਚੋਂ ਲੰਘ ਚੁੱਕੈ। ਮੋਢੇ ‘ਤੇ ਆਪ ਅਸਾਲਟ ਪਾਈ ਫਿਰਦਾ ਰਿਹੈ, ਜਿਸ ਕਰਕੇ ਉਹਨੂੰ ਹੁਣ ਵੀ ਕੁਛ ਵੀ ਨਹੀਂ ਪੋਂਹਦਾ।
ਇਧਰ ਮੇਰੀ ਪ੍ਰੇਸ਼ਾਨੀ ਅੱਡ ਹੈ। ਮਾਸਟਰ ਹੋਣ ਕਾਰਨ ਸਰਕਾਰੀ ਨੌਕਰੀ ਦਾ ਭੈਅ ਹੈ; ਨਾਲ ਟੱਬਰਦਾਰੀ ਦਾ ਵੀ। ਉਧਰ ਬਲੂ ਸਟਾਰ ਤੋਂ ਪਹਿਲਾਂ ਤੇ ਬਾਅਦ ਦੇ ਤਿੰਨ ਸਾਲ ਜਿਹੜੇ ਥਾਣਿਆਂ ਅਤੇ ਹਵਾਲਾਤਾਂ ਵਿਚ ਮੈਂ ਪ੍ਰੀਤਮ ਕਰਕੇ ਚੱਕਰ ਕੱਟੇ ਨੇ, ਉਨ੍ਹਾਂ ਨੂੰ ਯਾਦ ਕਰ-ਕਰ ਕੰਬ ਜਾਂਦਾ ਹਾਂ। ਹਫ਼ਤਾ-ਹਫ਼ਤਾ ਨਹਾਉਣਾ ਨਾ ਮਿਲਣਾ, ਤੀਜੇ ਦਿਨ ਰੋਟੀ ਤੇ ਹਵਾਲਾਤੀਆਂ ਨੂੰ ਕੁੱਟਣਾ, ਤਾਂ ਜੋ ਉਨ੍ਹਾਂ ਦੀਆਂ ਚੀਕਾਂ ਤੋਂ ਖ਼ੌਫ਼ਜ਼ਦਾ ਹੋ ਅਸੀਂ ਪ੍ਰੀਤਮ ਤੇ ਉਸ ਦੇ ਸਾਥੀਆਂ ਦਾ ਪਤਾ ਦੱਸ ਦਈਏ।
ਹੁਣ ਵੀ ਮੇਰਾ ਮਨ ਕਿਸੇ ਖ਼ੌਫ਼ ਨਾਲ ਦੋ-ਚਾਰ ਹੋ ਰਿਹਾ ਹੈ।
ਲਗਪਗ ਇੱਕ ਘੰਟਾ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਕੱਟ ਦੇਨੇ ਹਾਂ। ਪ੍ਰੀਤਮ ਤੇ ਕੁਲਬੀਰ ਨੇ ਬਾਹਰ ਮੰਜੀਆਂ ਡਾਹ ਦਿੱਤੀਆਂ ਹਨ। ਇਹੀ ਸੋਚ ਲਿਆ ਹੈ ਕਿ ਰਾਤ ਇੱਥੇ ਬਾਹਰ ਵਿਹੜੇ ਵਿਚ ਕੱਟਾਂਗੇ ਤੇ ਫੇਰ ਚੰਗੇ ਦਿਨ ਚੜ੍ਹੇ ਬਾਹਰ ਨਿਕਲਾਂਗੇ। ਹੁਣ ਤੇ ਬਾਪੂ ਹੁਰੀਂ ਜਾਂ ਚਾਚੇ ਹੁਰੀਂ ਹਨੇਰੇ ਬਾਹਰ ਨੂੰ ਵੀ ਨਹੀਂ ਜਾਂਦੇ। ਘਰ ਦੇ ਪਿੱਛੇ ਕਰਕੇ ਹੀ ਗਰਕੀਆਂ ਬਣਾ ਲਈਆਂ ਨੇ। ਛੇੜੂ ਵੀ ਮੱਝੀਆਂ ਲੈਣ ਚੰਗੇ ਦਿਨ ਚੜ੍ਹੇ ਹੀ ਆਉਂਦਾ ਏ।
“ਬਾਹਰਲੇ ਘਰ ਵੱਲ ਵੀ ਵੇਖੋ ਖਾਂ ਜ਼ਰਾ। ਬੂਹਾ ਨਾ ਖੋਲ੍ਹਿਉ ਪਰ ‘ਵਾਜ਼ ਮਾਰ ਲਓ ਮੋਤੀ ਨੂੰ।” ਮੇਰੀ ਚਿੰਤਤ ਬੀਬੀ ਨੂੰ ਮੋਤੀ ਤੇ ਉਹਦੇ ਟੱਬਰ ਦਾ ਵੀ ਫ਼ਿਕਰ ਖਾ ਰਿਹੈ।
“ਉਹਨੂੰ ਕੀ ਹੋਣੈਂ? ਚਿੰਤਾ ਨਾ ਕਰ।” ਏਨੀ ਆਖਦੇ ਬਾਪੂ ਹੁਰੀਂ ਬੂਹੇ ਦੇ ਕੋਲ ਜਾ ਕੇ ਅਰਲਾਂ ਕੋਲ ਬਣੀ ਵਿੱਥ ਵਿਚੋਂ ਬਾਹਰ ਗਲੀ ਵਿਚ ਝਾਤੀ ਮਾਰਦੇ ਹਨ। ਸਾਰੀ ਗਲੀ ਵਿਚ ਸਿਰਫ਼ ਦੋ ਘਰ ਹਨ ਤੇ ਦੋਵਾਂ ਦੇ ਹੀ ਬਾਹਰਲੇ ਘਰ ਆਹਮੋ-ਸਾਹਮਣੇ ਹਨ। ਚਾਚੇ ਦਾ ਤੇ ਸਾਡਾ।
“ਮੋਤੀ! ਓ ਮੋਤੀ!” ਬਾਪੂ ਜੀ ਹਲਕਾ ਜਿਹਾ ਖੰਘ ਕੇ ਆਵਾਜ਼ ਮਾਰਦੇ ਹਨ।
“ਮੈਂ ਖੜ੍ਹੋਤਾਂ ਬੂਹੇ ਕੋਲ! ਦੱਸੋ?” ਮੋਤੀ ਦੂਸਰੇ ਪਾਸਿਓਂ ਆਵਾਜ਼ ਮਾਰਦਾ ਹੈ।
“ਕੁਛ ਨਹੀਂ। ਬਸ ਉਂਜ ਹੀ ਚਿੰਤਾ ਸੀ ਤੇਰੀ! ਤੂੰ ਠੀਕ ਐਂ ਨਾ ਇਧਰ?” ਬਾਪੂ ਜੀ ਕਹਿਣ ਲੱਗੇ।
“ਮੈਂ ਠੀਕ ਆਂ। ਉਦਾਂ ਉਠ ਬੈਠੇ ਆਂ। ਅੱਜ ਤੇ ਗੋਲੀ ਚੱਲਣ ਦੀ ਹੱਦ ਹੋ ਗਈ। ਡੇਢ ਘੰਟਾ ਹੋਣ ਡਿਹੈ ਲਗਾਤਾਰ ਗੋਲੀ ਚਲਦਿਆਂ।” ਮੋਤੀ ਨੇ ਇੰਜ ਜਵਾਬ ਦਿੱਤਾ, ਜਿਵੇਂ ਉਹ ਬਾਪੂ ਹੁਰਾਂ ਨੂੰ ਹੀ ਉਡੀਕ ਰਿਹਾ ਸੀ।
“ਇਧਰ ਈ ਆ ਜਾ।” ਬਾਪੂ ਜੀ ਨੇ ਮੁੜ ਕਿਹਾ।
“ਦੇਖਦਾਂ। ਉਦਾਂ ਠੀਕ ਹੀ ਹਾਂ।” ਮੋਤੀ ਨੇ ਕਿਹਾ।
ਬਾਪੂ ਹੁਰੀਂ ਮੁੜ ਆਏ।
ਅੱਧਾ ਕੁ ਘੰਟਾ ਹੋਰ ਲੱਗ ਗਿਆ ਇਧਰ-ਉਧਰ ਦੀਆਂ ਕਰਦਿਆਂ, ਏਨੇ ਨੂੰ ਮੋਤੀ ਨੇ ਬੂਹਾ ਖੜਕਾ ਦਿੱਤਾ।
“ਮੂੰਹ ਝਾਖਰ ਹੋ ਗਿਐ। ਮਖਿਆ। ਖੋਲ੍ਹ ਦਿਓ ਬੂਹੇ ਹੁਣ।” ਮੋਤੀ ਨੇ ਆਵਾਜ਼ ਮਾਰੀ।
ਸਾਰੇ ਇਧਰ-ਉਧਰ ਟੇਢੇ ਹੋਏ ਪਏ ਸਨ। ਚਾਚੀ ਤੇ ਕੁਲਬੀਰ ਉਧਰ ਟੁਰ ਗਏ ਸਨ। ਬਾਪੂ ਜੀ ਤੇ ਚਾਚਾ ਜੀ ਪਰ੍ਹਾਂ ਸਨ। ਮੈਂ ਪ੍ਰੀਤਮ ਵੱਲ ਤੱਕਿਆ। ਉਹ ਵੀ ਸੁੱਤਾ ਪਿਆ ਸੀ ਟੇਢਾ ਹੋ ਕੇ, ਜਦ ਮੈਂ ਅਵੇਰ ਹੁੰਦੀ ਜਾਣ ਮੋਤੀ ਨੂੰ ਬੂਹਾ ਖੋਲ੍ਹ ਕੇ ਅੰਦਰ ਕਰ ਲਿਆ। ਨਾਲ ਹੀ ਉਹਦੀ ਵਹੁਟੀ ਕਸ਼ਮੀਰਨ ਰਾਣੀ ਆਪਣੇ ਤਿੰਨ ਸਾਲ ਦੇ ਬਾਲ ਨੂੰ ਉਂਗਲ ਲਾਈ ਲੰਘ ਗਈ।
ਗੋਲੀਆਂ ਦੀ ਆਵਾਜ਼ ਬੰਦ ਹੋ ਚੁੱਕੀ ਸੀ। ਬਸ ਚੁੱਪ-ਚਾਂ ਸੀ ਜਾਂ ਫਿਰ ਕਿਤੇ ਕਿਸੇ ਕੁੱਤੇ ਦੇ ਟੌਂਕਰਨ ਦੀ ਆਵਾਜ਼ ਆ ਰਹੀ ਸੀ। ਮੋਤੀ ਉਹਦੀ ਪਹਾੜਨ ਵਹੁਟੀ ਤੇ ਮੁੰਡਾ ਮੈਨੂੰ ਜਿਵੇਂ ਪਲਾਤੇ-ਪਲਾਤੇ ਹਨੇਰੇ ਵਿਚ ਕਿਸੇ ਦੇਵ-ਲੋਕ ਵਾਸੀ ਲੱਗੇ। ਉਨ੍ਹਾਂ ਦੇ ਚਿੱਟੇ ਚਿਹਰੇ ਬੜੇ ਗੰਭੀਰ ਸਨ। ਬੈਠੇ ਵੀ ਉਹ ਤਖ਼ਤਪੋਸ਼ ‘ਤੇ ਇੰਜ ਆ ਕੇ ਜਿਵੇਂ ਕੋਈ ਰਹੱਸਮਈ ਚੀਜ਼ ਹੋਣ। ਮੈਂ ਹੀ ਚੁੱਪ ਤੋੜੀ, “ਫਿਰ ਮੋਤੀ?”
“ਮਖਿਆ। ਤੜਕਾ ਤਾਂ ਹੋ ਗਿਐ। ਜਾਈਏ ਜਾ ਕੇ ਸਰਦਾਰ ਹੁਰਾਂ ਨੂੰ ਵੇਖੀਏ। ਅਸੀਂ ਤਾਂ ਸਾਰੀ ਰਾਤ ਨਹੀਂ ਸੁੱਤੇ।” ਮੋਤੀ ਕਹਿਣ ਲੱਗਾ।
“ਅਸੀਂ ਤਾਂ ਰਾਤ ਅੱਖਾਂ ‘ਚ ਹੀ ਕੱਟੀ।” ਮੋਤੀ ਦੀ ਵਹੁਟੀ ਨੇ ਵੀ ਹੁੰਗਾਰਾ ਭਰਿਆ।
ਬਾਕੀ ਦੇ ਲੋਕ ਵੀ ਜਾਗ ਪਏ। ਮੋਤੀ ਨੂੰ ਆਇਆ ਵੇਖ ਚਾਚੀ ਤੇ ਕੁਲਬੀਰ ਵੀ ਆ ਗਏ। ਥੋੜ੍ਹੀ ਦੇਰ ਮਗਰੋਂ ਲੋਅ ਪਾਟ ਗਈ ਤੇ ਪਿੰਡ ਵੱਲੋਂ ਰੇਡੀਓ ਤੋਂ ਭਾਈ ਜੀ ਦੀ ਆਵਾਜ਼ ਆ ਗਈ। ਰੇਡੀਓ ਨਿਸ਼ਾਨੀ ਸੀ ਜੀਵਨ ਟੁਰ ਪੈਣ ਦੀ।
ਚਾਚਾ ਤੇ ਬਾਪੂ ਚਾਦਰਾਂ ਦੀਆਂ ਬੁੱਕਲਾਂ ਮਾਰੀ ਪਿੰਡ ਨੂੰ ਟੁਰ ਗਏ। ਸਾਨੂੰ ਘਰ ਬੈਠਣ ਦੀ ਹਦਾਇਤ ਦੇ ਗਏ।
ਪਿੰਡ ਵਾਲੇ ਪਾਸਿਓਂ ਨਾ ਕੋਈ ਦੋਧੀ ਲੰਘਿਆ ਸੀ ਤੇ ਨਾ ਹੀ ਸਵੇਰ ਸਾਰ ਜੋਤਰਾ ਲਾਉਣ ਵਾਲੇ। ਟਰੈਕਟਰਾਂ ਦੀ ਘੂਕਰ ਜਿਵੇਂ ਸੌਂ ਗਈ ਸੀ। ਸਾਰਾ ਪਿੰਡ ਜਿਵੇਂ ਸਵੇਰ ਹੋਣ ‘ਤੇ ਵੀ ਜਾਣ ਕੇ ਸੁੱਤਾ ਪਿਆ ਸੀ।
“ਭਾਊ ਜੀ, ਆ ਜਾਉ ਇਧਰ। ਅਹੀਂ ਜਾਣੈਂ ਉਧਰ ਵਿਹੜੇ ਵੱਲ।” ਸੰਧੂਆਂ ਦਾ ਵੱਡਾ ਮੁੰਡਾ ‘ਹਰਜੀਤ’ ਮੈਨੂੰ ‘ਵਾਜ਼ ਮਾਰ ਰਿਹਾ ਸੀ।
“ਕਿਉਂ ਕੀ ਗੱਲ?” ਮੈਂ ਬਾਹਰ ਨਿਕਲ ਕੇ ਕਿਹਾ। ਉਂਜ ਮੈਨੂੰ ਸ਼ੰਕਾ ਹੋ ਗਈ ਸੀ ਕਿ ਭਾਣਾ ਉਧਰ ਹੀ ਵਰਤਿਆ ਹੈ।
“ਵਿਹੜੇ ਵਾਲੇ ਨੰਝੇ ਦਾ ਸਾਰਾ ਟੱਬਰ ਮਾਰ ਗਏ ਆ ਰਾਤ ਨੂੰ ਖਾੜਕੂ। ਉਧਰ ਪਈਐਂ ਲੋਥਾਂ ਘਰ ‘ਚ ਈ। ਤੁਹਾਡਾ ਬਾਪੂ ਤੇ ਚਾਚਾ ਗਏ ਆ ਉਥੇ। ਉਹਨੀਂ ਕਿਹਾ, ਪਈ ਮਾਸਟਰ ਨੂੰ ਭੇਜ ਦਿਉ।”
ਹਰਜੀਤ ਕਹੀ ਗਿਆ।
ਮੈਂ ਅੰਦਰ ਟੁਰ ਗਿਆ। ਹਰਜੀਤ ਪਰ੍ਹਾਂ ਗਲੀ ਦੇ ਸਿਰੇ ‘ਤੇ ਹੋ ਗਿਆ। ਪ੍ਰੀਤਮ ਨੇ ਬੈਠਕ ਵਿਚੋਂ ਮੇਰੀ ਤੇ ਹਰਜੀਤ ਦੀ ਗੱਲ ਸੁਣ ਲਈ ਸੀ।
“ਬੀਬੀ! ਮੈਂ ਚੱਲਿਆਂ ਨੰਝੇ ਹੁਰਾਂ ਵੱਲ। ਭਾਣਾ ਵਰਤ ਗਿਐ ਉਧਰ।” ਮੈਂ ਮਾਂ ਨੂੰ ਦੱਸਿਆ।
“ਮੈਂ ਵੀ ਚਲਦਾਂ ਨਾਲ।” ਪ੍ਰੀਤਮ ਕਹਿਣ ਲੱਗਾ।
“ਵੇਖ ਲੈ! ਐਸ਼ਪੀæ ਜੀਤ ਸੁੰਹ ਕਹਿੰਦੇ ਇੱਥੇ ਈ ਐ। ਤੇਰਾ ਜਾਣਾ ਠੀਕ ਨਹੀਂ।” ਮਾਂ ਪੁਲਿਸ ਦੇ ਛਾਪਿਆਂ ਤੇ ਐਸ਼ਪੀæ ਦੀ ਸਖ਼ਤੀ ਤੋਂ ਸਾਲਾਂਬੱਧੀ ਵਾਕਫ਼ ਰਹੀ ਸੀ, ਉਸ ਨੇ ਪ੍ਰੀਤਮ ਨੂੰ ਰੋਕਿਆ। “ਚਲ ਆਣ ਦੇਹ।” ਮੈਂ ਕਹਿ ਦਿੱਤਾ। ਪ੍ਰੀਤਮ ਮੇਰੇ ਨਾਲ ਹੀ ਚਾਦਰ ਦਾ ਝੁੰਗਲਮਾਟਾ ਮਾਰ ਕੇ ਟੁਰ ਪਿਆ।
ਵਿਹੜੇ ਆਲਾ ‘ਲੀਲੂ’ ਪੰਜਾਬ ਪੁਲਿਸ ‘ਚ ਐਸ਼ਪੀæਓæ ਸੀ। ਉਹਨੂੰ ਚਾਟੀਵਿੰਡ ਵੱਲ ਕਿਸੇ ਇੱਟਾਂ ਦੇ ਭੱਠੇ ਦੀ ਡਿਊਟੀ ਮਿਲੀ ਹੋਈ ਸੀ। ਕਈ ਵਾਰ ਦੁਪਹਿਰੀਂ ਪਿੰਡ ਆਉਂਦਾ ਤੇ ਘੜੀ ਪਲ ਮੇਰੇ ਕੋਲ ਬਹਿ ਕੇ ਜਾਂਦਾ ਸੀ। 25 ਸਾਲਾ ਦਾ ਬੜਾ ਦਰਸ਼ਨੀ ਜਵਾਨ ਸੀ। ਵਿਹੜੇ ‘ਚੋਂ ਸਿਰਫ਼ ਉਹੀ 10ਵੀਂ ਪਾਸ ਸੀ। ਪਹਿਲਾਂ ਕਈ ਵਾਰ ਸੀਜ਼ਨ ਵਿਚ ਮੰਡੀਆਂ ‘ਚ ਪਾਣੀ ਪਿਆਉਣ ਦੀ 90 ਦਿਨਾਂ ਵਾਲੀ ਨੌਕਰੀ ਕਰ ਲੈਂਦਾ ਸੀ। ਗੰਦਾ ਕੰਮ ਉਸ ਨਾ ਕਰਨ ਦੀ ਸਹੁੰ ਪਾਈ ਹੋਈ ਸੀ। ਬਾਪੂ ਆਪਣੇ ਨੂੰ ਵੀ ਰੋਕਦਾ ਸੀ ਪਰ ਘਰ ਦਾ ਖਰਚ ਚਲਾਉਣ ਦਾ ਮਾਰਾ ਬਾਪੂ ਕੰਮ ਤੋਰੀ ਜਾ ਰਿਹਾ ਸੀ। ਫਿਰ ਜਦੋਂ ਪੰਜਾਬ ਪੁਲਿਸ ‘ਤੇ ਬਹੁਤਾ ਬੋਝ ਪੈਣ ਲੱਗਾ ਤਾਂ ਹੋਮਗਾਰਡ ਤੇ ਐਸ਼ਪੀæਓæ ਭਰਤੀ ਸ਼ੁਰੂ ਹੋਈ। ਮੇਰੇ ਤੇ ਬਾਪੂ ਜੀ ਦੇ ਰੋਕਣ ਦੇ ਬਾਵਜੂਦ ਉਹ ਐਸ਼ਪੀæਓæ ਭਰਤੀ ਹੋ ਗਿਆ। ਇਲਾਕੇ ‘ਚ ਹੀ ਰਹਿਣ ਦੇ ਲਾਲਚ ਨੂੰ ਉਹਨੇ ਭੱਠਿਆਂ ‘ਤੇ ਡਿਊਟੀ ਕਰਨੀ ਮੰਨ ਲਈ। ਇਨ੍ਹੀਂ ਦਿਨੀਂ ਭੱਠੇ ਵੀ ਮੁੰਡਿਆਂ ਦੀ ਠਾਹਰ ਰਹੇ ਸਨ। ਥੋੜ੍ਹੀ ਦੇਰ ਮਗਰੋਂ ਕਮਾਂਡੋ ਫੋਰਸ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਨੇ ‘ਕੋਡ ਆਫ ਕੰਡਕਟ’ ਲਾਗੂ ਕਰ ਕੇ ਸਾਰੇ ਸਿੱਖ ਮੁਲਾਜ਼ਮਾਂ ਨੂੰ ਪੁਲਿਸ ਦੀ ਨੌਕਰੀ ਛੱਡਣ ਦੇ ਅਖੌਤੀ ਹੁਕਮ ਚਾੜ੍ਹ ਦਿੱਤੇ ਸਨ। ਉਦੋਂ ਵੀ ਮੈਂ ਤੇ ਚਾਚੇ ਹੁਰਾਂ ਸਮਝਾਇਆ ਸੀ ਪਰ ਲੀਲੂ ਨੌਕਰੀ ਛੱਡਣਾ ਨਹੀਂ ਸੀ ਮੰਨਿਆ। ਨੰਝਾ ਉਹਦਾ ਬਾਪ ਸੀ।
ਇੱਕ ਵਾਰ ‘ਪੰਜਵੜ ਗਰੁੱਪ’ ਨੇ ਉਹਦਾ ਖਾਤਮਾ ਕਰਨ ਦਾ ਯਤਨ ਕੀਤਾ ਸੀ ਪਰ ਸਮੇਂ ਸਿਰ ਪਤਾ ਲੱਗ ਜਾਣ ‘ਤੇ ਉਹ ਬਚ ਗਿਆ ਤੇ ਸਿੱਧਾ ਸਾਡੇ ਬਾਪੂ ਜੀ ਕੋਲ ਆ ਗਿਆ ਸੀ। ਬਾਪੂ ਜੀ ਤੇ ਪ੍ਰੀਤਮ ਦੇ ਸੁਨੇਹਾ ਭੇਜਣ ‘ਤੇ ਮੁੰਡਿਆਂ ‘ਲਿਸਟ’ ਵਿਚੋਂ ਉਹਦਾ ਨਾਂ ਕੱਟ ਦਿੱਤਾ ਸੀ।
ਪਰ ਇਹ ਅੱਜ ਕੀ ਹੋਇਆ? ਨੰਝੇ ਸਣੇ ਸਾਰਾ ਟੱਬਰ ਖਾੜਕੂ ਮਾਰ ਗਏ ਸਨ। ਸੱਤ ਲੋਥਾਂ ਬਾਹਰ ਵਿਹੜੇ ਵਿਚ ਸਨ। ਤਿੰਨ ਔਰਤਾਂ ਦੀਆਂ ਲੋਥਾਂ ਚੁੱਲ੍ਹੇ ਆਲੀ ਕੰਧ ਕੋਲ ਸਨ। ਦੋ ਬੱਚੇ ਮੰਜਿਆਂ ‘ਤੇ ਲੇਟੇ-ਲੇਟੇ ਮਾਰੇ ਗਏ ਸਨ ਤੇ 8 ਮਹੀਨਿਆਂ ਦੀ ਇੱਕ ਬਾਲੜੀ ਦੀ ਲੋਥ ਖਾਲੀ ਖੁਰਲੀ ਕੋਲ ਪਈ ਸੀ। ਲੱਗਦਾ ਸੀ ਜਿਵੇਂ ਪੈਰਾਂ ਨਾਲ ਰੋੜ੍ਹ ਕੇ ਪਰ੍ਹਾਂ ਕਰ ਦਿੱਤੀ ਹੋਵੇ। ਡੰਗਰਾਂ ਦੇ ਰੱਸੇ ਛੱਡੇ ਹੋਏ ਸਨ। ਖਾੜਕੂ ਜਾਂਦੇ-ਜਾਂਦੇ ਘਰਾਂ ਵਿਚ ਜਿਵੇਂ ਭੂਤਨਾ ਫਿਰਵਾ ਗਏ ਸਨ। ਇੱਕ 6 ਮਹੀਨੇ ਦੀ ਬੱਚੀ ਉਹਦੀ ਮਾਂ ਨੇ ਸ਼ਾਇਦ ਮਰਨ ਤੋਂ ਪਹਿਲਾਂ ਰਜਾਈਆਂ ਵਾਲੀ ਪੇਟੀ ਮਗਰ ਸੁੱਟ ਦਿੱਤੀ ਸੀ। ਉਹ ਬਚ ਗਈ ਸੀ। ਦੂਜਾ ਸੌ ਸਾਲਾ ਅੰਨ੍ਹਾ ਬਜ਼ੁਰਗ ਸੀ, ‘ਮਲ੍ਹਾਗਰ’ ਜਿਹੜਾ ਡੰਗਰਾਂ ਕੋਲ ਪਿਆ ਸੀ। ਉਹਨੂੰ ਪਿਛਲੇ 25-30 ਵਰ੍ਹਿਆਂ ਤੋਂ ਦਿੱਸਣੋਂ ਹਟਿਆ ਹੋਇਆ ਸੀ। ਬਾਪੂ ਹੁਰੀਂ ਦੱਸਿਆ ਕਰਦੇ ਸਨ ਕਿ ਉਹ ਆਪ ਜਦੋਂ ਬੱਚੇ ਸਨ, ਇਹ ਮਲ੍ਹਾਗਰ ਉਦੋਂ ਵੀ ਅੱਧ ਚਿੱਟੀ ਕਰੜ-ਬਰੜ ਦਾਹੜੀ ਵਾਲਾ ਬੰਦਾ ਸੀ। ਉਨ੍ਹਾਂ ਲਈ ਖਿੱਦੋ ਬਣਾਇਆ ਕਰਦਾ ਸੀ। ਡੰਗਰ-ਪਸ਼ੂਆਂ ਲਈ ਇਹੀ ਮਲ੍ਹਾਗਰ ਪਹੁੰਚਿਆ ਕਰਦਾ ਸੀ ਕਿਸੇ ਨੌਜਵਾਨ ਨੂੰ ਨਾਲ ਲੈ ਕੇ। ਹੁਣ ਫ਼ਰਕ ਸਿਰਫ਼ ਏਨਾ ਸੀ ਕਿ ਸਰੀਰ ਝੁਕ ਕੇ ਕਮਾਨ ਹੋ ਗਿਆ ਸੀ ਤੇ ਦਾਹੜੀ ਦੁੱਧ ਚਿੱਟੀ, ਬਾਕੀ ਸਭ ਅੰਗ ਚਲਦੇ ਸਨ। ਪਿਛਲੇ 20-25 ਵਰ੍ਹਿਆਂ ਤੋਂ ਪੂਰਾ ਨਬੀਨਾ ਹੋ ਗਿਆ ਸੀ ਤੇ ਘਰਦਿਆਂ ਪੱਕੀ ਮੰਜੀ ਡੰਗਰਾਂ ਕੋਲ ਕਰ ਰੱਖੀ ਸੀ। ਅੱਧਿਓਂ ਬਹੁਤੇ ਵਿਹੜੇ ਦਾ ਦਾਦਾ, ਤਾਇਆ, ਚਾਚਾ ਤੇ ਬਾਬਾ ਸੀ। ਰੇਲੂ ਹੁਰੀਂ ਉਹਨੂੰ ਛੱਡ ਗਏ ਸਨ। ਸ਼ਾਇਦ ਉਨ੍ਹਾਂ ਸੋਚਿਆ ਕਿ ਕੀ ਮਾਰਨੈ ਇਹਨੂੰ ਤੇ ਕਾਹਨੂੰ ਗੋਲੀ ਖਰਾਬ ਕਰਨੀ ਐ?”
ਉਹਨੂੰ ਹੁਣ ਵੀ ਪਤਾ ਨਹੀਂ ਸੀ ਲੱਗਾ ਕਿ ਕੀ ਭਾਣਾ ਵਰਤ ਗਿਐ?” ਸ਼ਾਇਦ ਮਾੜਾ ਮੋਟਾ ਆਭਾਸ ਹੋ ਗਿਐ ਤਾਂ ਹੀ ਪੋਪਲੇ ਮੂੰਹ ਵਿਚੋਂ ਕਿਤੇ-ਕਿਤੇ ‘ਆਹ’ ਦੀ ਆਵਾਜ਼ ਕੱਢਦੈ ਤੇ ਬੇਨੂਰ ਅੱਖਾਂ ‘ਚੋਂ ਇੱਕ-ਅੱਧ ਹੰਝੂ ਕੇਰਦੈ ਨਾਲ ਮੂੰਹ ਵਿਚ ਕੁਛ ਮਾੜਾ-ਮੋਟਾ ਬੋਲਦੈ ਪਰ ਕੋਈ ਸੁਣ ਨਹੀਂ ਰਿਹਾ।
ਲੀਲੂ ਪਰ੍ਹਾਂ ਗੋਡਿਆਂ ‘ਚ ਸਿਰ ਦੇਈ ਜ਼ਮੀਨ ‘ਤੇ ਬੈਠਾ, ਬੇਆਵਾਜ਼ ਰੋ ਰਿਹਾ ਹੈ। ਹੁਣੇ ਹੀ ਥਾਣਿਓਂ ਪਿੰਡ ਅੱਪੜਿਆ ਹੈ।
ਸਿਪਾਹੀ ਚਾਰੇ ਬੰਨੇ ਫੈਲੇ ਹੋਏ ਸਨ। ਘਰ ਦੇ ਅੰਦਰ-ਬਾਹਰ ਕਿਸੇ ਨੂੰ ਫਟਕਣ ਨਹੀਂ ਦੇ ਰਹੇ। ਸਿਵਾਏ ਸਾਡੇ ਟੱਬਰ ਦੇ ਚਾਰ ਜੀਆਂ ਦੇ ਕੋਈ ਹੋਰ ਅੰਦਰ ਨਾ ਆ ਰਿਹਾ ਹੈ, ਨਾ ਜਾ ਰਿਹਾ ਹੈ। ਪਿੰਡ ਉਦਾਂ ਵੀ ਡਰਦਾ ਇਧਰ ਨਹੀਂ ਆ ਰਿਹਾ। ਉਂਜ ਮੈਨੂੰ ਪਤਾ ਹੈ ਕਿ ਢਾਣੀਆਂ ਨਹਿਰ ਤੋਂ ਪਰ੍ਹਾਂ ਖੜ੍ਹੀਆਂ ਹੋਣਗੀਆਂ।
ਥੋੜ੍ਹੀ ਦੇਰ ਮਗਰੋਂ ਸਰਪੰਚ, ਚੌਕੀ ਦੇ ਇੰਚਾਰਜ ਤੇ ਡੀæਐਸ਼ਪੀæ ਮੱਖਣ ਸੁੰਹ ਆ ਜਾਂਦੇ ਹਨ।
“ਹਾਂ ਜੀ, ਸਰਦਾਰ ਕਿਰਪਾਲ ਸਿੰਘ ਜੀ।” ਡੀæਐਸ਼ਪੀæ ਸਾਡੇ ਬਾਪੂ ਨਾਲ ਹੱਥ ਮਿਲਾਉਂਦਾ ਹੈ। ਪਿਛਲੇ ਦਸ ਵਰ੍ਹਿਆਂ ਤੋਂ ਸਾਡਾ ਟੱਬਰ ਜਿਵੇਂ ਥਾਣੇ, ਕਚਹਿਰੀ, ਹਸਪਤਾਲੀਂ ਰੁਲਿਆ ਹੈ। ਲਗਪਗ ਸਭ ਨਾਲ ਵਾਕਫ਼ੀ ਹੋ ਗਈ ਹੈ।
“ਰੇਲੂ ਦਾ ਕੰਮ ਐ ਜੀ।” ਸਰਪੰਚ ਆਖਦਾ ਹੈ।
“ਆਹੋ! ਨੋਟ ਲਿਖ ਕੇ ਛੱਡ ਗਏ ਸਨ। ਅਸੀਂ ਲੈ ਲਿਆ ਕਬਜ਼ੇ ਵਿਚ।” ਮੱਖਣ ਸੁੰਹ ਆਖਦਾ ਹੈ।
“ਰੇਲੂ ਹੁਰਾਂ ਨੂੰ ਸ਼ੱਕ ਹੈ ਕਿ ਹਰਜਿੰਦਰ ਸਿੰਘ ਫੌਜੀ, ਏਸੇ ਲੀਲੂ ਦੀ ਮੁਖਬਰੀ ਨਾਲ ਮਰਿਐ। ਤਾਂ ਹੀ ਉਹ ਇਹ ਕਾਰਾ ਕਰ ਗਏ ਆ।” ਬਾਪੂ ਹੁਰੀਂ ਹਵਾ ਵਿਚ ਤੱਕਦੇ ਮੈਨੂੰ ਸੁਣਾ ਕੇ ਆਖਦੇ ਹਨ। ਉਂਜ ਪਤਾ ਨਹੀਂ ਉਹ ਕੀ ਸੋਚ ਰਹੇ ਹਨ?
“ਓ ਮੈਨੂੰ ਬਾਬੇ ਸ਼ਹੀਦਾਂ ਦੀ ਸਹੁੰ ਜੇ, ਉਏ ਮੈਂ ਫੌਜੀ ਦੀ ਮੁਖਬਰੀ ਨਹੀਂ ਕੀਤੀ।” ਲੀਲੂ ਰੋਂਦਾ ਹੈ।
“ਤੂੰ ਪੁੱਤ ਮੁਖਬਰੀ ਨ੍ਹੀਂ ਕਰ ਸਕਦਾ।” ਚਾਚਾ ਜੀ ਉਹਨੂੰ ਹੌਂਸਲਾ ਦਿੰਦੇ ਹਨ।
“ਰੋ ਨਾ ਲੀਲੂ! ਮੈਂ ਬੈਠਾਂ ਅਜੇ।” ਬਾਪੂ ਹੁਰੀਂ ਆਖਦੇ ਹਨ।
“ਹਾਏ ਓ ਰੱਬਾ!” ਲੀਲੂ ਜਿਵੇਂ ਫਿੱਸ ਕੇ ਹੋਰ ਲੇਰ ਜਿਹੀ ਮਾਰਦਾ ਹੈ।
“ਹੁਣ ਕੀ ਐ?” ਚਾਚਾ ਜੀ ਆਖਦੇ ਹਨ।
“ਐਸ਼ਐਸ਼ਪੀæ ਆ ਜਏ! ਨਾਲੇ ਐਸ਼ਡੀæਐਮæ! ਫਿਰ ਹੀ ਪੋਸਟਮਾਰਟਮ ਹੋਊ?” ਸਰਪੰਚ ਬਾਪੂ ਜੀ ਤੇ ਚਾਚਾ ਜੀ ਦੀਆਂ ਅੱਖਾਂ ‘ਚ ਸਵਾਲ ਤੈਰਦਾ ਵੇਖ ਆਖਦਾ ਹੈ। ਅਸੀਂ ਥੋੜ੍ਹਾ ਪਰ੍ਹਾਂ ਹੋ ਕੇ ਖੜ੍ਹੋ ਜਾਂਦੇ ਹਾਂ। ਇੱਕੋ ਘਰ ਵਿਚ, ਇੱਕੋ ਦਿਨ ਤੇਰਾਂ ਮੌਤਾਂ…।
ਮੇਰਾ ਮਨ ਹਰਾਸਿਆ ਪਿਆ ਹੈ। ਬਾਪੂ ਜੀ ਤੇ ਚਾਚਾ ਜੀ ਦੇ ਚਿਹਰੇ ਉਪਰ ਚਿੰਤਾ ਹੈ।
ਮੈਂ ਜਾਣਦਾ ਹਾਂ ਕਿ ਦੋਵੇਂ ਐਸ਼ਐਸ਼ਪੀæ ਦਾ ਆਉਣਾ ਸੁਣ ਕੇ ਪ੍ਰੇਸ਼ਾਨ ਹਨ। ਐਸ਼ਐਸ਼ਪੀæ ਜੀਤ ਬਿੱਲੇ ਨਾਲ ਇਨ੍ਹਾਂ ਦੋਵਾਂ ਦੀ ਪਹਿਲਾਂ ਵੀ ਝੜਪ ਹੋ ਚੁੱਕੀ ਹੈ। ਕਈ ਵਾਰ ਇੱਕ ਦੂਜੇ ਨਾਲ ਸਾਹਮਣੇ ਹੋਏ ਹਨ। ਚਾਚਾ ਜੀ ਦੇ ਪੁੱਤਰ ਹਰਪਾਲ ਨੂੰ ਏਸੇ ਜੀਤ ਬਿੱਲੇ ਨੇ ਮਾਰਿਆ ਸੀ। ਉਦੋਂ ਇਹ ਡੀæਐਸ਼ਪੀæ ਹੁੰਦਾ ਸੀ। ਉਦੋਂ ਸਾਹਮਣੇ ਹੋਣ ‘ਤੇ ਇਹਨੂੰ ਚਾਚਾ ਜੀ ਨੇ ਗਾਲ੍ਹਾਂ ਦਿੱਤੀਆਂ ਸਨ ਤੇ ਬਾਪੂ ਜੀ ਨੇ ਇਹਦੀ ਦਾਹੜੀ ਖਿੱਚ ਲਈ ਸੀ। ਬਦਲੇ ਵਿਚ ਦੋਵੇਂ ਗੁੱਟ ਡਾਂਗਾਂ ਖਾ-ਖਾ ਕੇ ਸੁਜਾ ਲਏ ਸਨ।…ਹੁਣ ਵੀ ਉਹੀ ਆ ਰਿਹੈ।
ਮੱਖੀਆਂ ਲੋਥਾਂ ਉਪਰ ਬੈਠਣ ਲੱਗ ਪਈਆਂ ਹਨ। ਮਾੜੀ-ਮਾੜੀ ਧੁੱਪ ਲੱਗ ਪਈ ਹੈ।
ਕੁਝ ਦੇਰ ਬਾਅਦ ਹੂਟਰ ਵੱਜਣ ਲੱਗ ਪੈਂਦੇ ਹਨ। ਅਸੀਂ ਸਾਰੇ ਸੁਚੇਤ ਹੋ ਜਾਂਦੇ ਹਾਂ। ਸਿਪਾਹੀ ਐਨ ਤੈਨਾਤ ਹੋ ਜਾਂਦੇ ਹਨ ਤੇ ਡੀæਐਸ਼ਪੀæ ਮੱਖਣ ਤੇ ਸਰਪੰਚ ਬੂਹੇ ਵਿਚ ਆ ਖੜੋਂਦੇ ਹਨ।
“ਕਿਸਕਾ ਕਾਮ ਹੈ ਯੇ?” ਸ਼ਰਮਾ ਐਸ਼ਡੀæਐਮæ, ਐਸ਼ਐਸ਼ਪੀæ ਨਾਲ ਤੁਰਦਾ ਪੁੱਛ ਰਿਹਾ ਹੈ।
“ਦੇਖਦੇ ਆਂ।” ਜੀਤ ਬਿੱਲਾ ਆਖਦਾ ਹੈ। ਨਾਲ ਹੀ ਚੋਰ ਅੱਖੀਂ ਉਹ ਸਾਨੂੰ ਚਾਰਾਂ ਨੂੰ ਵੀ ਵੇਖ ਲੈਂਦਾ ਹੈ।
“ਡੀæਸੀæ ਸਾਹਬ ਭੀ ਆਨਾ ਚਾਹਤੇ ਥੇ ਪਰ ਸੁਬ੍ਹਾ ਹੀ ਉਨਹੇਂ ਸਰਕਟ ਹਾਊਸ ਜਾਨਾ ਥਾ, ਔਰ ਵਹਾਂ ਸੇ ਚੰਡੀਗੜ੍ਹ ਕੀ ਓਰ। ਮੈਨੇ ਕਹਾ ਸਰ ਆਪ ਜਾਈਏ, ਮੈਂ ਨਿਬਟ ਲੂੰਗਾ।” ਐਸ਼ਡੀæਐਮæ ਬੋਲਦਾ ਹੈ।
“ਸਰ! ਰੇਲੂ ਦਾ ਕੰਮ ਐ! ਨੋਟ ਹੱਥ ਦਾ ਲਿਖਿਆ ਐ। ਅਸਾਂ ਸਾਂਭ ਲਿਐ। ਕੁੱਲ 13 ਜੀਅ ਮਰੇ ਹਨ। ਇੱਕ ਬੁੜਾ ਤੇ ਇੱਕ ਛੇ ਮਹੀਨਿਆਂ ਦੀ ਬਾਲੜੀ ਬਚੇ ਹਨ।” ਡੀæਐਸ਼ਪੀæ ਮੱਖਣ ਨਿੱਕੀ-ਨਿੱਕੀ ਤਫ਼ਸੀਲ ਦੇ ਰਿਹਾ ਹੈ।
“ਇਹ ਮੁੰਡਾ ਆਪਣਾ ਹੀ ਹੈ ਨਾ? ਤੁਸੀਂ ਮੈਨੂੰ ਫੋਨ ‘ਤੇ ਦੱਸਿਆ ਸੀ।” ਐਸ਼ਐਸ਼ਪੀæ ਕਹਿੰਦਾ ਹੈ।
“ਹਾਂ ਜੀ ਸਰ! ਇਹ ਲੀਲੂ ਸਿੰਘ ਐ! ਆਪਣਾ ਈ ਐਸ਼ਪੀæਓæ ਜਵਾਨ ਹੈ। ਅੱਜ-ਕੱਲ੍ਹ ਸ਼ਹਿਰੋਂ ਬਾਹਰ ਵਾਲੀ ਗਿੱਲਾਂ ਦੀ ਚੌਕੀ ‘ਚ ਹੈ ਜੀ। ਜਨਾਬ ਬੜਾ ਮਾੜਾ ਹੋਇਆ ਐ ਜੀ! ਏਦਾਂ ਤੇ ਸਾਡੇ ਜਵਾਨਾਂ ਦੇ ਹੌਂਸਲੇ…।” ਡੀæਐਸ਼ਪੀæ ਚਿੜੀ ਵਾਂਗ ਇਧਰ-ਉਧਰ ਫੁਦਕ ਰਿਹਾ ਹੈ। ਅਸੀਂ ਚਾਰੇ ਜੜ੍ਹ ਖੜ੍ਹੇ ਹਾਂ।
“ਹਾਂ! ਇਸ ਜਵਾਨ ਨੂੰ ਅੱਜ ਤੋਂ ਹੀ ਨੰਬਰ ਦੇ ਕੇ ਕਾਂਸਟੇਬਲ ਬਣਾ ਲਉ। ਬਾਕੀ ਮਹਿਕਮੇ ਤੋਂ ਬਣਦੀ ਮਦਦ ਤੇ ਹੋਰ ਸਭ…।” ਐਸ਼ਐਸ਼ਪੀæ ਬੋਲੀ ਜਾ ਰਿਹਾ ਹੈ।
“ਪ੍ਰਸ਼ਾਸਨ ਕੀ ਤਰਫ਼ ਸੇ ਡੀæਸੀæ ਸਾਹਬ ਕੀ ਔਰ ਸੇ ਮੈਂ…।” ਐਸ਼ਡੀæਐਮæ ਬੋਲ ਰਿਹਾ ਹੈ।
ਸਭ ਵਾਪਸ ਮੁੜ ਰਹੇ ਹਨ। ਇਕਦਮ  ਐਸ਼ਐਸ਼ਪੀæ ਮਾੜਾ ਜਿਹਾ ਟੇਢਾ ਹੁੰਦਾ ਹੈ।
“ਹਰਾਮੀਓ! ਬਾਜ ਆ ਜਾਓ ਹੁਣ ਤੇ ਆਪਣੇ ਕਾਰਿਆਂ ਤੋਂ।” ਐਸ਼ਐਸ਼ਪੀæ ਬਾਪੂ ਤੇ ਚਾਚੇ ਵੱਲ ਹੱਥ ਕਰਕੇ ਜ਼ਹਿਰ ਉਗਲਦਾ ਹੈ। ਅਸੀਂ ਇਸ ਲਈ ਤਿਆਰ ਖੜ੍ਹੇ ਸਾਂ, ਸੋ ਅਸੀਂ ਚਾਰੇ ਤ੍ਰਭਕਦੇ ਨਹੀਂ ਹਾਂ।
“ਇਹ ਤੇਰੇ ਭਣੋਈਏ ਰੇਲੂ ਦਾ ਕੰਮ ਐ। ਸਾਡੀ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਕੰਮ ਨਹੀਂ ਇਹ।”
ਬਾਪੂ ਜੀ ਗੜ੍ਹਕੇ ਨਾਲ ਬੋਲਦੇ ਹਨ।
“ਸੁੱਟੋ ਇਨ੍ਹਾਂ ਨੂੰ ਟਰੱਕ ‘ਚ। ਪਿਛਲੀ ਭੁੱਲ ਗਏ ਜਾਪਦੇ ਓ!” ਐਸ਼ਐਸ਼ਪੀæ ਅੱਗੇ ਵਧਦਾ ਹੈ। ਐਸ਼ਡੀæਐਮæ ਤ੍ਰਭਕ ਗਿਆ ਹੈ। ਸ਼ਾਇਦ ਉਹਨੇ ਪਹਿਲੀ ਵਾਰ ਪੁਲਿਸ ਅਫ਼ਸਰ ਨੂੰ ਗਾਲ੍ਹ ਕੱਢੀਂਦੀ ਸੁਣੀ ਹੈ।
“ਆ ਉਰ੍ਹੇ…।” ਪ੍ਰੀਤਮ ਤਣ ਗਿਆ।
“ਨਹੀਂ ਸਰ!” ਫਰਕਦੀਆਂ ਚੂਹੀ ਮੁੱਛਾਂ ਨਾਲ ਘਾਬਰਿਆ ਡੀæਐਸ਼ਪੀæ ਸਾਡੇ ਵਿਚ ਆ ਗਿਆ ਹੈ। ਇਕਦਮ ਚਾਲ੍ਹੀ-ਪੰਜਾਹ ਕਾਂਸਟੇਬਲ, ਹੌਲਦਾਰ, ਏæਐਸ਼ਆਈæ ਸਭ ਸਾਡੇ ਵਿਚ ਆ ਖੜੋਤੇ ਹਨ।
ਐਸ਼ਐਸ਼ਪੀæ ਨਾਸਾਂ ਫੁਰਕਾਉਂਦਾ ਕਾਰ ਵਿਚ ਬੈਠ ਜਾਂਦਾ ਹੈ। ਦੂਜੀ ‘ਚ ਸ਼ਰਮਾ ਬੈਠਦਾ ਹੈ ਤੇ ਉਡ ਜਾਂਦੇ ਹਨ। ਸਾਡੇ ਇਲਾਕੇ ਵਿਚ ਨਿੱਕੇ ਤੋਂ ਨਿੱਕੇ ਬੱਚੇ ਤਕ ਇੱਥੋਂ ਤਕ ਕਿ ਛੋਟੇ ਤੋਂ ਛੋਟੇ ਕਾਂਸਟੇਬਲ ਨੂੰ ਵੀ ਪਤਾ ਹੈ ਕਿ ਉਹ ਸਾਡਾ, ਯਾਨੀ ਬਾਪੂ ਕਿਰਪਾਲ ਦੇ ਟੱਬਰ ਦਾ ਇਨ੍ਹੀਂ ਦਿਨੀਂ ਕੁਝ ਨਹੀਂ ਵਿਗਾੜ ਸਕਦੇ। ਇਹੀ ਗੁਪਤ ਦਾਬਾ ਹੈ।
“ਸਭ ਠੀਕ ਹੈ। ਟਰੱਕ ‘ਚ ਲੱਦੋ ਬਈ ਲੋਥਾਂ ਜੁਆਨੋ।” ਡੀæਐਸ਼ਪੀæ ਮੱਖਣ ਸਿੰਘ ਸਾਡੇ ਵੱਲ ਆਉਂਦਾ ਹੈ। ਵਾਪਰੀ ਘਟਨਾ ਬਾਰੇ ਉਹ ਇੱਕ ਅੱਖਰ ਨਹੀਂ ਆਖਦਾ। ਉਹ ਬੇਅੰਤ ਸਿਆਣਾ ਅਫ਼ਸਰ ਹੈ ਜਾਂ ਕਹਿ ਲਈਏ ਕਿ ਇਨ੍ਹਾਂ ਦਿਨਾਂ ਨੇ ਕਰ ਦਿੱਤਾ ਹੈ।
“ਤੁਸੀਂ ਚਲੋਗੇ ਹਸਪਤਾਲ?” ਡੀæਐਸ਼ਪੀæ ਸਾਨੂੰ ਪੁੱਛਦਾ ਹੈ।
“ਜੇ ਕੋਈ ਨਾ ਚੱਲੂ ਤਾਂ ਅਸੀਂ ਚੱਲਾਂਗੇ।” ਬਾਪੂ ਹੁਰੀਂ ਆਖਦੇ ਹਨ।
“ਮੈਂ ਨਾਲ ਦੇ ਨਿੱਕਾ ਸਿੰਘ ਨੂੰ ਬੁਲਾ ਲੈਨਾਂ। ਤੁਸੀਂ ਕਾਹਨੂੰ?” ਸਰਪੰਚ ਰੋਕਦਾ ਹੈ।
ਥੋੜ੍ਹੀ ਦੇਰ ਮਗਰੋਂ ਸਾਰੇ ਗੁਆਂਢੀ ਘਰਾਂ ਵਿਚੋਂ ਨਿਕਲ ਆਉਂਦੇ ਹਨ। ਘਰ ਪੁਲਿਸ ਨੇ ਸੀਲ ਕੀਤੇ ਹੋਏ ਹਨ। ਹੁਣ ਵੀ ਸਿਰਫ਼ ਨਿੱਕਾ ਸਿੰਘ ਤੇ ਚੂਹੜ ਸਿੰਘ ਨੂੰ ਬੁਲਾਇਆ ਹੈ। ਬਾਕੀ ਸਾਰੇ ਬਾਰਾਂ-ਚੌਦਾਂ ਘਰ ਸੀਲ ਹਨ। ਕੋਈ ਜੀਅ ਨਾ ਬਾਹਰ ਆ ਰਿਹਾ ਹੈ, ਨਾ ਅੰਦਰ ਜਾ ਰਿਹਾ ਹੈ।
ਅਸੀਂ ਸਾਰੇ ਲੋਥਾਂ ਨੂੰ ਟਰੱਕ ‘ਚ ਲੱਦਣ ਵਿਚ ਮਦਦ ਕਰਦੇ ਹਾਂ। ਨਿੱਕਾ ਸਿੰਘ ਤੇ ਚੂਹੜ ਮਗਰੋਂ ਜੀਪ ਵਿਚ ਬਹਿ ਜਾਂਦੇ ਹਨ ਤੇ ਟਰੱਕ ਤੇ ਜੀਪਾਂ ਸਿਵਲ ਹਸਪਤਾਲ ਨੂੰ ਟੁਰ ਜਾਂਦੀਆਂ ਹਨ।…ਵਾਪਸੀ ‘ਤੇ ਸਾਡੇ ਚਾਰਾਂ ਵਿਚੋਂ ਕੋਈ ਨਹੀਂ ਬੋਲ ਰਿਹਾ। ਅਸੀਂ ਚਾਰੇ ਘਰ ਮੁੜ ਰਹੇ ਹਾਂ। ਸਿਰਫ਼ ਘਰ ਦੇ ਕੋਲ ਆ ਕੇ ਚਾਚੇ ਹੁਰੀਂ ਬੋਲ ਪੈਂਦੇ ਹਨ, “ਰੇਲੂ ਨੇ ਠੀਕ ਨਹੀਂ ਕੀਤਾ।”
***
ਸ਼ਾਮ ਨੂੰ ਲੀਲੂ ਰੋਂਦਾ ਹੋਇਆ, ਬਾਲੜੀ ਨੂੰ ਮੋਢੇ ਲਾਈ ਘਰ ਆਉਂਦਾ ਹੈ। ਉਹਦੇ ਨੇੜਲੇ ਰਿਸ਼ਤੇਦਾਰ ਪੁੱਜ ਗਏ ਹਨ। ਸ਼ਾਇਦ ਉਨ੍ਹਾਂ ਵਿਚੋਂ ਕੋਈ ਇੱਕ ਬੰਦਾ ਵੀ ਨਾਲ ਹੈ।
“ਕੀ ਗੱਲ? ਐਂਜ ਰੋਂਦੈ?” ਮੈਂ ਪੁੱਛਦਾ ਹਾਂ।
“ਭਾਊ ਜੀ। ਬੁੜ੍ਹਾ ਵੀ ਮਰ ਗਿਐ। ਦੁਪਹਿਰੇ ਜਿਹੇ ਉਹਨੂੰ ਸਾਰੇ ਭਾਣੇ ਦਾ ਪਤਾ ਲੱਗ ਗਿਆ। ਅੱਧਾ-ਪਚੱਧਾ ਪਤਾ ਰਹਿੰਦਾ ਤਾਂ ਸ਼ਾਇਦ…। ਬੱਸ ਪਤਾ ਲੱਗਣ ਤੋਂ ਬਾਅਦ ਘੰਟਾ ਵੀ ਨਹੀਂ ਕੱਢਿਆ।” ਲੀਲੂ ਦੇ ਨਾਲ ਦਾ ਆਖਦਾ ਹੈ।
“ਚੱਲ ਕੋਈ ਨਾ ਮੇਰਾ ਵੀਰ! ਸਵੇਰ ਇਕੱਠੇ ਦਾਹੀ ਦਿਆਂਗੇ। ਜੋ ਕੁਦਰਤ ਨੂੰ ਮਨਜ਼ੂਰ!”
ਮੈਨੂੰ ਸ਼ਬਦ ਨਹੀਂ ਸੁੱਝ ਰਹੇ ਸਨ। ਬਾਪੂ ਜੀ ਹੁੰਦੇ ਤਾਂ ਦਿਲਾਸਾ ਦੇਣਾ ਸੌਖਾ ਹੁੰਦਾ। ਉਹ ਦੁਪਹਿਰੋਂ ਬਾਅਦ ਦੇ ਹੀ ਚਾਚੇ ਨੂੰ ਲੈ ਕੇ ਹਸਪਤਾਲ ਟੁਰ ਗਏ ਸਨ।
“ਬਾਲੜੀ ਨੂੰ ਸਾਂਭਣ ਵਾਲੀ ਕੋਈ ਬੈਠੀ ਐ ਘਰੇ?” ਮੈਂ ਆਈਆਂ ਬੁੱਢੀਆਂ ਬਾਰੇ ਲੀਲੂ ਕੋਲੋਂ ਪੁੱਛਦਾ ਹਾਂ।
“ਹਾਂ ਇੱਕ-ਅੱਧ ਦਿਨ ਤੇ ਭਾਊ ਜੀ, ਸਾਂਭ ਲੈਣਗੀਆਂ, ਬਾਅਦ ‘ਚ ਪਤਾ ਨਹੀਂ।” ਲੀਲੂ ਕਹਿਣ ਲੱਗਾ।
“ਤੇਰੀ ਸੱਸ ਆਈ ਐ?” ਮੈਂ ਲੀਲੂ ਨੂੰ ਪੁੱਛਿਆ। ਉਦਾਂ ਮੈਨੂੰ ਪਤੈ ਕਿ ਲੀਲੂ ਦਾ ਸਹੁਰਾ ਹੈ ਨਹੀਂ। ਬੱਸ ਤਿੰਨ ਭੈਣਾਂ ਤੇ ਮਾਂ ਸਨ। ਇੱਕ ਮਕਬੂਲ ਪਿੰਡ ਵਿਆਹੀ ਹੈ ਤੇ ਦੂਜੀ ਲੀਲੂ ਕੋਲ ਸੀ। ਤੀਜੀ ਮਰ ਗਈ ਸੀ। ਬੁੜ੍ਹੀ ਹੁਣ ਬਿਆਸ ਡੇਰੇ ਰਹਿੰਦੀ ਪਈ ਸੀ।
“ਹਾਂ, ਆਈ ਐ ਪਰ ਉਹਦਾ ਕੀ ਭਰੋਸੈ? ਸਰੀਰ ਤਾਂ ਉਹਦਾ ਉਕਾ ਹੀ ਜਵਾਬ ਦਈ ਜਾਂਦੈ। ਨਾਲੇ ਉਹ ਡੇਰੇ ਹੀ ਰਹੂ ਹੁਣ।” ਲੀਲੂ ਆਖਦਾ ਹੈ। ਮੈਨੂੰ ਸੁੱਝ ਨਹੀਂ ਰਿਹਾ ਕਿ ਹੁਣ ਲੀਲੂ ਨੂੰ ਹੋਰ ਕੀ ਕਹਾਂ। ਹਾਰ ਕੇ ਮੈਂ ਨਿੱਕਾ ਸਿੰਘ ਦੀ ਦਿੱਤੀ ਸੂਚਨਾ ਲੀਲੂ ਕੋਲ ਦੁਹਰਾ ਦੇਂਦਾ ਹਾਂ, “ਨਿੱਕੇ ਬੱਚਿਆਂ ਦੀਆਂ ਲੋਥਾਂ ਦਾ ਪੋਸਟਮਾਰਟਮ ਨਹੀਂ ਹੋਇਆ। ਡਾਕਟਰਾਂ ਉਦਾਂ ਹੀ ਰਿਪੋਰਟ ਦੇ ਦਿੱਤੀ ਹੈ।”
“ਚੰਗਾ ਭਾਜੀ!” ਨਾਲ ਦਾ ਆਖਦਾ ਹੈ।
“ਚੱਲੋ, ਮੈਂ ਚੱਲਦਾ ਤੁਹਾਡੇ ਨਾਲ।” ਮੈਂ ਉਨ੍ਹਾਂ ਨਾਲ ਹੀ ਉਠ ਪੈਂਦਾ ਹਾਂ। ਮੈਨੂੰ ਉਡੀਕ ਹੈ ਕਿ ਨਿੱਕਾ ਤੇ ਚੂਹੜ ਦੁਬਾਰਾ ਗਏ ਨੇ ਸਰਪੰਚ ਤੇ ਬਾਪੂ ਹੁਰਾਂ ਨਾਲ, ਸ਼ਾਇਦ ਜਲਦੀ ਲੋਥਾਂ ਲੈ ਆਣ।
***
ਲੀਲੂ ਦੀ ਸੱਸ ਤੀਜੇ ਦਿਨ ਟੁਰ ਗਈ। ਲੋਥਾਂ ਦਾ ਸਸਕਾਰ ਅਗਲੇ ਦਿਨ ਹੋਇਆ ਸੀ। ਮਲ੍ਹਾਗਰ ਬੁੱਢਾ ਵੀ ਟੱਬਰ ਨਾਲ ਦਾਗਿਆ ਗਿਆ। ਲੀਲੂ ਦੀ ਸੱਸ ਨੇ ਇੱਕ ਦਿਨ ਹੋਰ ਕੱਢਿਆ। ਲੀਲੂ ਤੋਂ ਵੱਡੇ ਭਰਾ ਘੁੱਕ ਦਾ ਸਾਰਾ ਟੱਬਰ ਮਾਰਿਆ ਗਿਆ ਸੀ। ਅਣਵਿਆਹਿਆ ਪੀਤੂ ਤੇ ਲੀਲੂ ਹੁਰਾਂ ਦੀ ਭੂਆ ਦਾ ਮੁੰਡਾ, ਜਿਹੜਾ ਪ੍ਰਾਹੁਣਾ ਆਇਆ ਸੀ, ਸਣੇ ਤੀਵੀਂ-ਮਾਲਕ ਮਾਰੇ ਗਏ ਸਨ। ਬਚੀ ਹੋਈ ਨਿੱਕੀ ਕੁੜੀ, ਜਿਹੜੀ ਘੁੱਕ ਦੀ ਸੀ, ਅਜੇ ਛੇ ਮਹੀਨਿਆਂ ਦੀ ਬਾਲੜੀ ਸੀ, ਉਹ ਚੂਹੜ ਹੁਰਾਂ ਸਾਂਭੀ ਹੋਈ ਸੀ। ਪਰ ਉਹ ਵੀ ਵਿਚੋਂ ਡਰੇ ਹੋਏ ਸਨ ਕਿਉਂਕਿ ਰੇਲੂ ਹੁਰਾਂ ਦੇ ਬੰਦੇ ਅਖ਼ਬਾਰ ਵਿਚ ਬਿਆਨ ਲੁਆ ਚੁੱਕੇ ਸਨ ਕਿ ਜਿਹੜਾ ਇਸ ਟੱਬਰ ਦੀ ਮਦਦ ਕਰੂ ਅਸੀਂ ਉਸ ਨਾਲ ਵੀ ਨਜਿੱਠਾਂਗੇ।
ਪਰ ਕੁਝ ਸਾਡੇ ਟੱਬਰ ਦਾ ਦਾਬਾ ਸੀ ਕਿ ਸਿੱਧਾ ਕਦੀ ਕੋਈ ਅਜੇ ਤਕ ਦੁਬਾਰਾ ਇਸ ਪਿੰਡ ਨਹੀਂ ਸੀ ਵੜਿਆ।
ਭੋਗ ਆਲੇ ਦਿਨ ਲੀਲੂ ਬਾਪੂ ਜੀ, ਚਾਚਾ ਜੀ ਤੇ ਮੈਨੂੰ ਆ ਕੇ ਬੇਨਤੀ ਕਰ ਗਿਆ ਸੀ ਕਿ ਭੋਗ ਤੋਂ ਮਗਰੋਂ ਠਹਿਰੀਏ। ਪਿੰਡ ਦੇ ਇੱਕ-ਦੋ ਹੋਰ ਮੋਹਤਬਰ ਵੀ ਉਸ ਰੋਕਣੇ ਸਨ। ਘੁੱਕ ਦੀ ਵਹੁਟੀ ਦਾ ਪੇਕਾ, ਬੱਚੀ ਨੂੰ ਲੈਣੋਂ ਨਾਬਰ ਸੀ। ਲੀਲੂ ਕੋਲੋਂ ਸਦਾ ਲਈ ਬੱਚੀ ਦੀ ਪਾਲਣਾ ਮੁਸ਼ਕਲ ਸੀ। ਉਧਰ ਚੂਹੜ ਹੁਰੀਂ ਬੱਚੀ ਨੂੰ ਦੇਣ ਦੀ ਗੱਲ ਕਰ ਰਹੇ ਸਨ।
ਭੋਗ ਵਾਲੇ ਦਿਨ ਅਸੀਂ ਗਏ ਸਾਂ। ਲੀਲੂ ਦੀ ਪੈਰਵਾਈ ਜ਼ਰੂਰੀ ਸੀ। ਚੂਹੜ ਸਿੰਘ ਹੁਰੀਂ ਬੱਚੀ ਵੀ ਲਿਆਏ ਸਨ। ਲੀਲੂ ਦੇ ਵਿਰੋਧ ਵਿਚ ਵੀ ਇੱਕ-ਦੋ ਜੀਅ ਆਏ ਹੋਣਗੇ, ਸੋ ਉਹ ਇਸ ਗੱਲੋਂ ਚਿੰਤਤ ਸੀ। ਅਸੀਂ ਮੈਂ, ਬਾਪੂ ਜੀ, ਚਾਚਾ ਜੀ ਤੇ ਪ੍ਰੀਤਮ ਗਏ ਸਾਂ। ਚਾਚਾ ਜੀ ਦਾ ਵਿਚਾਰ ਸੀ ਕਿ ਭੋਗ ਤੋਂ ਇਕਦਮ ਮਗਰੋਂ ਛੋਟੀ ਜਿਹੀ ਮੀਟਿੰਗ ਕਰਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ।
ਬੰਦੇ, ਜ਼ਨਾਨੀਆਂ ਸਾਰੇ ਲਾ-ਪਾ ਕੇ ਮਸਾਂ ਪੰਜਾਹ-ਸੱਠ ਸਨ। ਭਲੇ ਵੇਲੇ ਕਿਤੇ ਮਕਾਣਾਂ ਆਉਂਦੀਆਂ ਤਾਂ ਸ਼ਾਇਦ  ‘ਕੱਠ ਕਿਤੇ ਚਾਰ-ਪੰਜ ਸੌ ਤੋਂ ਉਪਰ ਹੋ ਜਾਣਾ ਸੀ। ਹੁਣ ਤੇ ਹਰ ਘਰ ‘ਚੋਂ ਮਸਾਂ ਇੱਕ-ਦੋ ਜੀਅ ਆਏ ਸਨ, ਬਹੁਤੀਆਂ ਜ਼ਨਾਨੀਆਂ ਸਨ ਤੇ ਕਿਤੇ ਟਾਂਵਾਂ-ਟੱਲਾ ਬੰਦਾ ਸੀ।
ਸਿਵਾਏ ਅਫ਼ਸੋਸੇ ਬੈਠੇ ਲੀਲੂ ਦੇ, ਮੈਨੂੰ ਤੇ ਕੋਈ ਚੱਜ ਦਾ ਬੰਦਾ ਨਹੀਂ ਸੀ ਦਿੱਸ ਰਿਹਾ।
“ਬਾਪੂ ਜੀ, ਕੀ ਗੱਲ ਇਨ੍ਹਾਂ ਦਾ ਵੀ ਤਾਣ ਮੁੱਕ ਗਿਆ ਜਾਪਦੈ?” ਮੈਂ ਚੁੱਪ ਕੀਤੇ ਬਾਪੂ ਹੁਰਾਂ ਦੇ ਕੰਨ ਵਿਚ ਕਿਹਾ।
“ਗੱਲ ਏਦਾਂ ਨਹੀਂ ਪੁੱਤਰ। ਸਮਾਂ ਤੇ ਵੇਖ। ਨਾਲੇ ਕਤਲਾਂ ਦੀ ਜ਼ੁੰਮੇਵਾਰੀ ਵੀ ‘ਬਾਬੇ ਮਾਨੋਚਾਹਲ’ ਦੇ ਬੰਦਿਆਂ ਲਈ ਏ। ਇਹ ਵਿਚਾਰੇ ਵੀ ਕੀ ਕਰਨ? ਉਹ ਤੇ ‘ਭਾਊਆਂ’ ਦੇ ਨਾਂ ਤੋਂ ਵੀ ਤ੍ਰਹਿੰਦੇ ਨੇ।” ਬਾਪੂ ਹੁਰਾਂ ਧੀਮੀ ਆਵਾਜ਼ ‘ਚ ਕਿਹਾ।
ਮੈਂ ਸਭ ਦੇ ਚਿਹਰਿਆਂ ਦਾ ਜਾਇਜ਼ਾ ਲਿਆ। ਬਹੁਤਿਆਂ ਦੇ ਚਿੱਟੇ ਲੀੜੇ ਪਾਏ ਹੋਏ ਸਨ ਪਰ ਮੈਲਖੋਰੇ ਜਿਹੇ, ਪੂਰਾ ਚਿੱਟਾ ਕਿਸੇ ਦਾ ਹੀ ਦਿੱਸਦਾ ਸੀ। ਜ਼ਨਾਨੀਆਂ ਦੇ ਸਿਰਾਂ ‘ਤੇ ਵੀ ਚਿੱਟੇ ਭੋਛਣ ਹਨ। ਕਾਲੇ-ਕਾਲੇ ਚਿਹਰਿਆਂ ਨਾਲ ਉਹ ਸਭੇ ਪੰਜਾਹ-ਸੱਠ ਜਣੇ ਬੜੇ ਰਹੱਸਮਈ ਜਿਹੇ ਜਾਪਦੇ ਸਨ। ਉਦਾਂ ਮੇਰੀ ਉਮਰ ਉਨ੍ਹਾਂ ਵਰਗਿਆਂ ਵਿਚ ਹੀ ਕੱਟੀ ਸੀ ਪਰ ਅੱਜ ਸਭਨਾਂ ਨੂੰ ਏਦਾਂ ਅਫ਼ਸੋਸਿਆ ਬੈਠਾ ਵੇਖ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ। ਉਹ ਪਿੰਡ ਵਾਲਿਆਂ ਨਾਲ ਕਿਵੇਂ ਵੀ ਰਲਦੇ ਨਹੀਂ ਸਨ। “ਕੀ ਵਾਹਯਾਤ ਸੋਚੀ ਜਾ ਰਿਹੈਂ?” ਮਨ ਨੇ ਜਿਵੇਂ ਆਪੇ ਨੂੰ ਲਾਹਣਤ ਪਾਈ ਤੇ ਫਜ਼ੂਲ ਵਿਚਾਰਾਂ ਨੂੰ ਛੱਡ ਸਿੱਧਾ ਹੋ ਕੇ ਬੈਠ ਗਿਆ।
“ਹਾਂ। ਇਹ ਜੋ ਹੋਇਆ, ਬੜਾ ਮਾੜਾ ਹੋਇਐ। ਪਰ ਕੀ ਕਰੀਏ, ਰੱਬ ਦਾ ਭਾਣਾ ਮੰਨਣਾ ਪੈਣੈ,” ਬਾਪੂ ਜੀ ਨੇ ਗੱਲਬਾਤ ਸ਼ੁਰੂ ਕਰਦਿਆਂ ਕਿਹਾ।
“ਹਾਂ ਜੀ, ਸਰਦਾਰੋ, ਮਾੜਾ ਤੇ ਬੜਾ ਹੀ ਹੋਇਐ। ਕੀ ਕਹੀਏ, ਕੀ ਨਾ ਕਹੀਏ। ਓੜਕ ਭਾਊਆਂ ਕੀਤਾ ਤੇ ਮਾੜਾ ਈ ਏ।” ਇੱਕ ਸਿਆਣੀ ਉਮਰ ਦਾ ਬੰਦਾ ਕਹਿਣ ਲੱਗਾ।
“ਸਰਦਾਰਾ! ਤੇਰੇ ਹੁੰਦਿਆਂ ਇਹ ਕਾਰਾ! ਤੇਰੇ ਗੁਆਂਢ ਦਾ ਕੀ ਫੈਦਾ। …ਕੀ ‘ਨਸਾਫ?” ਇੱਕ ਬੁੱਢੀ ਨੇ ਸਿੱਧੀ ਮੇਰੇ ਬਾਪੂ ਹੁਰਾਂ ਵੱਲ ਹੱਥ ਕਰ ਮੂੰਹ ‘ਤੇ ਕਹਿ ਦਿੱਤੀ।
ਬਾਪੂ ਜੀ ਦਾ ਮੂੰਹ ਬੱਗਾ ਹੋ ਗਿਆ ਤੇ ਦੁੱਖ ਤੇ ਸ਼ਰਮ ਨਾਲ ਉਨ੍ਹਾਂ ਦੀ ਚਿੱਟੀ ਦਾਹੜੀ ਕੰਬਣ ਲੱਗੀ। ਸਾਰੇ ਚੁੱਪ ਵਰਤ ਗਈ ਤੇ ਸਭੋ ਇਧਰ-ਉਧਰ ਝਾਕਣ ਲੱਗੇ।
“ਬੀਬੀ! ਮੇਰੇ ਵੱਸ ਹੁੰਦਾ ਤੇ ਬਰਾਬਰ ਦੀ ਭਾਜੀ ਮੋੜਦਾ। ਇਹ ਨਵਾਂ ਛੋਕਰ-ਵਾਧਾ ਕੀ ਮੇਰੇ ਵੱਸ ਐ…।” ਬਾਪੂ ਹੁਰਾਂ ਮਸਾਂ ਪਰਤਵਾਂ ਹੁੰਗਾਰਾ ਮੋੜਿਆ।
ਪਰ ਸਭ ਪਾਸੇ ਚੁੱਪ ਛਾਈ ਰਹੀ। ਮਨਹੂਸ ਚੁੱਪ ਸਭ ਨੂੰ ਚੁਭ ਰਹੀ ਸੀ ਕਿ ਏਨੇ ਨੂੰ ਢਾਣੀ ਵਿਚੋਂ ‘ਦੌਲਾ ਚੂਹਾ’ ਬਾਪੂ ਜੀ ਦੀ ਹਮਾਇਤ ਵਿਚ ਬਹੁੜ ਪਿਆ। ਉਸ ਦੀ ਆਵਾਜ਼ ‘ਚ ਗੜ੍ਹਕ ਸੀ, “ਮਾਈ! ਇਹ ਤੇ ਬਾਪੂ ਦੀ ਕਿਰਪਾ ਕਿ ਤੇਰੇ ਲਾਣੇ ਦੀਆਂ ਦੇਹਾਂ ਸਾਂਭੀਆਂ ਗਈਆਂ। ਨਹੀਂ ਤੇ ਸਿੰਘਾਂ ਜ਼ੁੰਮੇਵਾਰੀ ਲਈ ਹੋਵੇ ਤੇ ਪਿੰਡ ਦੀ ਕੀ ਮਜਾਲ ਸੀ ਕਿ ਕੋਈ ਦੇਹਾਂ ਸੰਭਾਲ ਜਾਂਦਾ। ਸਸਕਾਰ ਖੁਣੋਂ ਪਈਆਂ ਰਹਿਣੀਆਂ ਸੀ। ਬਾਕੀ ਬਾਪੂ ਈ ਆ, ਜਿਹੜਾ ਹਿੰਮਤ ਕਰ ਗਿਆ ਗੁਰਾਂ ਦੇ ਨਾਂ ‘ਤੇ, ਨਹੀਂ ਤਾਂ…।” ਦੌਲਾ ਚੂਹਾ ਬਾਕੀ ਦੀ ਗੱਲ ਵਿਚੇ ਹੀ ਛੱਡ ਗਿਆ। ਇਸ ਗੱਲ ‘ਤੇ ਲੋਕਾਂ ਵਿਚ ਥੋੜ੍ਹੀ ਖੁਸਰ-ਮੁਸਰ ਤੇ ਹਿੱਲ-ਜੁੱਲ ਹੋਈ। ਏਨੇ ਨੂੰ ਲੀਲੂ ਰੋਣ ਲੱਗ ਪਿਆ।
“ਮੈਂ ਛੱਡੂੰਗਾ ਨਹੀਂ ਉਨ੍ਹਾਂ ਨੂੰ। ਮੈਂ ਲੀਰਾਂ ਨਾ ਲਮਕਾਈਆਂ ਤੇ…।” ਲੀਲੂ ਕੋਲੋਂ ਸ਼ਬਦ ਮੁੱਕ ਗਏ।
“ਪੁੱਤਰਾ! ਤੈਨੂੰ ਨਹੀਂ ਕੁਝ ਕਰਨ ਦੀ ਲੋੜ। ਮੈਂ ਕਿਸੇ ਨੂੰ ਕੱਖ ਨੀ ਜਾਣਦਾ। ਕਿਤੇ ਰੇਲੂ ਮੈਨੂੰ ਟੱਕਰ ਪਿਆ ਤਾਂ ਦੇਖੀਂ ਕਿਵੇਂ ਲਫੇੜੇ ਮਾਰੂੰ ਉਹਦੇ ਮੈਂ।” ਬਾਪੂ ਹੁਰੀਂ ਅੰਤ ਕ੍ਰੋਧੀ ਹੋ ਕੇ ਕਹਿਣ ਲੱਗੇ। ਪ੍ਰੀਤਮ ਅਵਾਕ ਉਨ੍ਹਾਂ ਵੱਲ ਤੱਕਣ ਲੱਗਾ।
ਗੱਲਬਾਤ ਲੀਹੋਂ ਲਹਿ ਰਹੀ ਸੀ। ਚਾਚੇ ਹੁਰਾਂ ਮੌਕਾ ਸਾਂਭਿਆ।
“ਜਿਹੜੀ ਗੱਲ ਕਰਨ ਵਾਲੀ ਆ, ਪਹਿਲਾਂ ਉਹ ਨਬੇੜ ਲਈਏ। ਬਾਕੀ ਦੇ ਟੰਟੇ ਬਾਅਦ ‘ਚ।”
“ਠੀਕ ਐ।” ਜਿਊਣਾ ਕਹਿਣ ਲੱਗਾ।
“ਏਸ ਛੀ ਮਹੀਨਿਆਂ ਦੀ ਬਾਲੜੀ ਦਾ ਕੀ ਕਰਨਾ? ਇਹ ਹੁਣ ਤੁਸੀਂ ਵੇਖ ਲਵੋ ਵਿਚਾਰ ਕਰਕੇ।” ਚਾਚੇ ਨੇ ਸਪਸ਼ਟ ਕਹਿ ਦਿੱਤਾ।
ਇਹ ਮੀਟਿੰਗ ਏਸੇ ਲਈ ਰੱਖੀ ਸੀ ਤੇ ਸਾਰੇ ਕਿੰਨੀ ਦੇਰ ਦੇ ਇਸ ਵਿਸ਼ੇ ‘ਤੇ ਗੱਲ ਕਰਨੋਂ ਜੱਕੋ-ਤੱਕੋ ਕਰ ਰਹੇ ਸਨ।
ਹੁਣ ਡੱਕੇ ਖੁਰਚਣ ਦੀ ਵਾਰੀ ਦਲਿਤਾਂ ਦੀ ਸੀ। ਮੈਂ ਸਾਰਿਆਂ ਵੱਲ ਨਜ਼ਰ ਮਾਰੀ। ਸਭ ਦੇ ਚਿਹਰੇ ਉਪਰ ਨਾਂਹ ਲਿਖੀ ਹੋਈ ਸੀ। ਬਾਪੂ ਜੀ ਤੇ ਚਾਚੇ ਹੁਰੀਂ ਵੀ ਪੱਕੀਆਂ, ਪੀਡੀਆਂ ਨਜ਼ਰਾਂ ਨਾਲ ਸਭ ਦਲਿਤਾਂ ਦਾ ਮੂੰਹ ਤਾੜ ਰਹੇ ਸਨ। ਸ਼ਾਇਦ ਉਨ੍ਹਾਂ ਦੋਵਾਂ ਨੇ ਵੀ ਨਾਂਹ ਪੜ੍ਹ ਲਈ ਸੀ ਪਰ ਬੋਲਣ ਦੀ ਪਹਿਲ ਕੋਈ ਧਿਰ ਨਹੀਂ ਸੀ ਕਰ ਰਹੀ।
“ਤੇ ਲੀਲੂ ਨੇ ਨੌਕਰੀ ਨੀ ਕਰਨੀ ਹੁਣ, ਇਹ ਪੱਕਾ ਐ?” ਬਾਹਰੋਂ ਆਇਆਂ ਵਿਚੋਂ ਇੱਕ ਸਿਆਣੀ ਉਮਰ ਦਾ ਬੁੱਢਾ ਮੌਕਾ ਬੋਚਦਾ ਬੋਲਿਆ।
“ਲੀਲੂ ਦੀ ਮਰਜ਼ੀ ਐ। ਨਾਲੇ ਹੋਮਗਾਰਡੀਆਂ ਨੂੰ ਮਿਲਦਾ ਵੀ ਕੀ ਐ? ਕਰੇ ਜਾਂ ਛੱਡੇ ਇਹ ਉਹਦਾ ਮਸਲਾ।” ਚਾਚਾ ਦੋ ਟੁੱਕ ਗੱਲਾਂ ਕਰਕੇ ਮੁਕਾਊ ਸੀ।
“ਤੇ ਜੇ ਉਸ ਨੌਕਰੀ ਨੀ ਕਰਨੀ, ਤਾਂ ਉਹੀ ਸਾਂਭੂ ਬਾਲੜੀ ਵੀ?” ਉਸੇ ਬੁੱਢੇ ਨੇ ਚੁਸਤ ਭਲਵਾਨਾਂ ਵਾਂਗ ਭਲੱਥਾ ਮਾਰਦਿਆਂ ਕਿਹਾ।
“ਉਏ…! ਨਿਆਣੀ ਕਿੱਦਾਂ ਸਾਂਭੂ ਬੰਦਾ? ਮੈਂ ਇਹੀ ਪਿੱਟਣ ਡਿਹਾਂ ਏਨੀ ਦੇਰ ਦਾ, ਬਈ ਕੋਈ ਟੱਬਰੀ ਆਲਾ, ਕਬੀਲਦਾਰ ਲੈ ਜਾਵੇ ਤੁਹਾਡੇ ਵਿਚੋਂ ਇਹਨੂੰ। ਤੇ ਤੁਸੀਂ… ਤਹਾਨੂੰ ਸ਼ਰਮ ਦਾ ਘਾਟਾ ਇਆ।” ਆਖ ਬਾਪੂ ਹੁਰਾਂ ਨੂੰ ਗੁੱਸਾ ਆ ਗਿਆ ਤੇ ਉਹ ਗਾਲ੍ਹੀਂ ਡਹਿ ਪਏ।
ਮੈਂ ਲੰਮਾ ਸਮਾਂ ਉਨ੍ਹਾਂ ਦੀ ਬਹਿਸ ਸੁਣਦਾ ਰਿਹਾ। ਦਲਿਤਾਂ ਵਿਚ ਮੁੜ ਘੁਸਰ-ਮੁਸਰ ਹੋਣ ਲੱਗ ਪਈ।
“ਜਾਂ ਫੇਰ ਲੀਲੂ ਨੂੰ ਪੁੰਨ ਦਾ ਸਾਕ ਦੇ ਦਿਉ ਹੁਣੇ ਜਾਂ ਕਿਸੇ ਘਰੋਂ ਹੀ ਦਵਾ ਦਿਉ। ਨਹੀਂ ਤਾਂ ‘ਕਲ੍ਹੇ ਲੀਲੂ ਕੋਲੋਂ ਬਾਲੜੀ ਨਹੀਂ ਸਾਂਭ ਹੋਣੀ।” ਮੈਂ ਗੱਲ ਸੰਭਾਲੀ।
“ਰਿਸ਼ਤਾ ਸਰਦਾਰ ਜੀ ਹੁਣ ਲੀਲੂ ਨੂੰ ਕਿੱਥੇ? ਇਹ ਤਾਂ ਭੁੱਲ ਹੀ ਜਾਉ। ਭਾਊਆਂ ਆ ਕੇ ਸਾਰਾ ਜੀਆ-ਜੰਤ ਮਾਰ ਦੇਣੈ, ਜਿਸ ਲੀਲੂ ਨੂੰ ਕੁੜੀ ਦਿੱਤੀ। ਕੌਣ ਹਾਂ ਕਰੂ ਬਈ… ਨਾਂਹ ਭਲੀ ਐ।” ਲੰਮੀ ਚੁੱਪ ਮਗਰੋਂ ਲੀਲੂ ਦਾ ਇੱਕ ਕਰੀਬੀ ਰਿਸ਼ਤੇਦਾਰ ਬੋਲਿਆ।
ਲੀਲੂ ਸਾਰਾ ਸਮਾਂ ਬੌਂਤਰਿਆਂ ਵਾਂਗ ਜ਼ਮੀਨ ਵੱਲ ਨਜ਼ਰਾਂ ਗੱਡ ਕੇ ਬੈਠ ਰਿਹਾ।
ਕੁਛ ਦੇਰ ਦੀ ਚੁੱਪ ਮਗਰੋਂ ਬਾਪੂ ਹੁਰੀਂ ਉਠੇ ਤੇ ਪਰਨਾ ਝਾੜਿਆ। ਮਗਰੋਂ ਚਾਚਾ ਵੀ ਉਠ ਖੜੋਤਾ ਤੇ ਬਾਕੀ ਜੱਟ ਵੀ ਉਠ ਪਏ। ਲੀਲੂ ਸੈਨਤ ਨਾਲ ਖੜ੍ਹਾ ਕਰ ਲਿਆ, “ਚੰਗਾ ਭਾਈ, ਤੁਹਾਡੀਆਂ ਤੁਸੀਂ ਨਬੇੜੋ। ਆਪਣੀਆਂ ਅਸੀਂ ਨਬੇੜਾਂਗੇ। ਬਾਲੜੀ ਜੇ ਕੋਈ ਨਾ ਲਊ ਤੇ ਅਸੀਂ ਫੇਰ ਕਿਤੇ ਬੰਨ੍ਹ-ਸੁਬ ਕਰਾਂਗੇ। ਓੜਕ ਕੰਨਿਆ ਨੂੰ ਐਵੇਂ ਨਹੀਂ…।” ਬਾਪੂ ਹੁਰਾਂ ਨਿਬੇੜਾ ਕੀਤਾ।
“ਰੁਕੋ ਸਰਦਾਰ ਜੀ! ਤਿਹਾਡੇ ਬਿਨਾਂ ਕੌਣ ਕਰੂ ਨਿਬੇੜੇ?” ਦਲਿਤ ਵਾਸਤਾ ਪਾ ਉਠੇ। ਘੁੱਕ ਦੇ ਸਹੁਰੇ ਆਏ ਹੋਏ ਸਨ ਪਰ ਚੁੱਪ ਸਨ। ਬਾਪੂ ਜੀ ਬੈਠ ਗਏ। ਮਗਰ ਅਸੀਂ ਸਾਰੇ ਵੀ।
“ਨਾ ਹੁਣ ਜਿਹੜਾ ਵੀਹ ਹਜ਼ਾਰ ਪਰ ਜੀਅ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ, ਉਹ ਵੀ ਲੱਖਾਂ ਰੁਪਏ ਲੀਲੂ ਸਾਂਭੂ। ਸਾਡੀ ਤੇ ਕੁੜੀ ਵੀ ਗਈ ਤੇ ਉਹਦੇ ਬੱਚੇ ਵੀ। ਅਸੀਂ ਹੁਣ ਕਾਹਦੇ ਲਈ ਇਨ੍ਹਾਂ ਮਗਰ ਧੱਕੇ ਖਾਈਏ। ਏਹ ਲੀਲੂ ਹੁਣੀਂ ਕੀ ਸਾਡੇ ਢੇਕੇ ਲੱਗਦੇ ਆਂ?” ਘੁੱਕ ਦੇ ਸਹੁਰਿਆਂ ‘ਚੋਂ ਇੱਕ ਦਲਿਤ ਬੋਲਿਆ।
ਨੰਗੀ ਭੁੱਖ ਸਾਹਮਣੇ ਆ ਜਾਣ ਸਦਕਾ ਸਭ ਪਾਸੇ ਬੋਝਲ ਚੁੱਪ ਜਿਹੀ ਛਾ ਗਈ। ਵਿਚਲੀ ਗੱਲ ਤਾਂ ਇਹ ਸੀ, ਜਿਹੜੀ ਢਿੱਡ ਵਿਚ ਰਿੱਝ ਰਹੀ ਸੀ।
“ਹੂੰ! ਤਾਂ ਇਹ ਗੱਲ ਐ।” ਬਾਪੂ ਹੁਰੀਂ ਲੰਮੀ ਚੁੱਪ ਮਗਰੋਂ ਬੋਲੇ।
ਸਭ ਉਨ੍ਹਾਂ ਵੱਲ ਵੇਖਣ ਲੱਗੇ। ਚਾਚੇ ਹੁਰੀਂ ਉਨ੍ਹਾਂ ਦੇ ਬੋਲ ‘ਡੀਕਦੇ ਪਏ ਸਨ।
“ਤੇ ਮੈਂ ਗੱਲਾਂ ਤਿਹਾਡੀਆਂ ਵੀ ਸੁਣੀਐਂ ਤੇ ਇਨ੍ਹਾਂ ਦੀਆਂ ਵੀ। ਪੈਸੇ ਸਾਰੇ ਲੀਲੂ ਨੂੰ ਹੀ ਮਿਲਣਗੇ। ਜਿੰਨੇ ਸਰਕਾਰ ਵੱਲੋਂ ਬਣੇ। ਭਾਵੇਂ ਲੱਖਾਂ ਬਣਨ ਤੇ ਭਾਵੇਂ ਇੱਕ ਆਨਾ ਤੇ ਮੇਰੀ ਸੁਣ ਲਓ ਗੱਲ। ਜੀਹਨੇ ਚੂੰ-ਚਾਂ ਕੀਤੀ ਤਾਂ ਕੰਘੀ ਫੇਰ ਦਊਂਗਾ ਇੱਕ ਬੰਨਿਓਂ। ਰਹੀ ਗੱਲ ਕੰਨਿਆ ਦੀ, ਲੈ ਬਈ ਲੀਲੂ ਜੇ ਕੋਈ ਲੈ ਗਿਆ ਤਾਂ ਠੀਕ। ਨਹੀਂ ਤਾਂ ਦਸਾਂ ਮਿੰਟਾਂ ਵਿਚ ਕੰਨਿਆ ਲੈ ਕੇ ਮੇਰੇ ਵੱਲ ਆ ਜਾਹ, ਅਸੀਂ ਕੰਨਿਆ ਮੋਤੀ ਦੀ ਝੋਲੀ ਪਾ ਦਿਆਂਗੇ।” ਬਾਪੂ ਹੁਰੀਂ ਕ੍ਰੋਧ ਤੇ ਫ਼ੈਸਲੇ ਦੀ ਘੜੀ ਕਾਰਨ ਤਮਤਮਾਏ ਚਿਹਰੇ ਨਾਲ ਬੋਲੇ।
“ਚਲੋ ਭਾਈ। ਚੱਲੀਏ।” ਸਭ ਪਾਸੇ ਚੁੱਪ ਛਾਈ ਵੇਖ ਬਾਪੂ ਹੁਰਾਂ ਸਾਨੂੰ ਇਸ਼ਾਰਾ ਕੀਤਾ ਤੇ ਅਸੀਂ ਘਰ ਟੁਰ ਆਏ।

ਘੰਟੇ ਕੁ ਬਾਅਦ ਲੀਲੂ ਆ ਗਿਆ। ਕੰਨਿਆ ਨੂੰ ਘੁੱਕ ਦੀ ਵੱਡੀ ਸਾਲੀ ਲੈ ਗਈ ਸੀ। ਉਹ ਤੇ ਉਹਦਾ ਘਰਵਾਲਾ ਪਹਿਲਾਂ ਹੀ ਕੁੜੀ ਲਊ ਸਨ ਪਰ ਘੁੱਕ ਦੇ ਸਹੁਰੇ ਪੈਸੇ ਦੀ ਤੱਕ ਰੱਖੀ ਬੈਠੇ ਸਨ ਕਿ ਉਨ੍ਹਾਂ ਦੀ ਕੁੜੀ ਦਾ ਵੀਹ ਹਜ਼ਾਰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।
ਖੈਰ! ਗੱਲ ਨਿਬੜ ਗਈ ਸੀ।
ਇੱਕ ਦਿਨ ਪੱਪੂ ਤੇ ਉਹਦਾ ਟੋਲਾ ਮੈਨੂੰ ਤੇ ਬਾਪੂ ਜੀ ਨੂੰ ਸੰਤ ਵੀਰੋਵਾਲ ਵਾਲਿਆਂ ਦੇ ਦੀਵਾਨ ‘ਤੇ ਮਿਲ ਪਿਆ ਸੀ। ਅਸਾਂ ਦੋਵਾਂ ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ। ਪੱਪੂ ਹੁਰੀਂ ਗੁਰੂਘਰ ਦੀ ਸਹੁੰ ਚੁੱਕ ਗਏ ਕਿ ਉਹ ਨਾਲ ਨਹੀਂ ਸਨ ਪਰ ਉਨ੍ਹਾਂ ਦੱਸਿਆ ਕਿ ਰੇਲੂ ਵੀ ਏਥੇ ਆਇਆ ਹੋਇਆ ਹੈ। ਸਾਨੂੰ ਉਹ ਉਦਾਂ ਕਿਤੇ ਟੱਕਰਿਆ ਨਹੀਂ ਸੀ। ਕਿਸੇ ਨੇ ਦੱਸ ਦਿੱਤਾ ਸੀ ਕਿ ਬਾਪੂ ਕਿਰਪਾਲ ਸਿੰਘ ਫਿਰਦੈ, ਸੋ ਉਹ ਭੱਜ ਗਿਆ ਸੀ।
ਹਫ਼ਤੇ ਕੁ ਬਾਅਦ ਪਤਾ ਲੱਗਾ ਕਿ ਰੇਲੂ ਨੂੰ ਮਾਰ ਕੇ ਤਾਰਾਂਵਾਲੀ ਨਹਿਰ ਵਿਚ ਸੁੱਟ ਦਿੱਤਾ ਗਿਆ ਹੈ। ਪ੍ਰੀਤਮ ਦੇ ਕਹਿਣ ‘ਤੇ ਬੱਬਰਾਂ ਨੇ ਰੇਲੂ ਨੂੰ ਤਾਰਾਂਵਾਲੀ ਦੀ ਇੱਕ ਬਹਿਕ ‘ਤੇ ਘੇਰ ਕੇ ਗੱਡੀ ਚਾੜ੍ਹ ਦਿੱਤਾ ਸੀ।
ਪ੍ਰੀਤਮ ਦੇ ਹੱਥ ਅਜੇ ਵੀ ਬੜੇ ਲੰਮੇ ਸਨ।
ਪੰਜੀਂ, ਸੱਤੀਂ ਦਿਨੀਂ ਲੀਲੂ ਮੇਰੇ ਕੋਲ ਆਇਆ। ਉਸ ਵਰਦੀ ਪਾਈ ਹੋਈ ਸੀ।
“ਕੀ ਗੱਲ?” ਮੈਂ ਪੁੱਛਿਆ।
“ਭਾਊ ਜੀ! ਮੈਂ ਨੌਕਰੀ ਜੁਆਇਨ ਕਰ ਲਈ ਹੈ। ਮੇਰਾ ਜੀਅ ਨਹੀਂ ਲੱਗਦਾ ਹੁਣ।” ਉਹ ਆਖਣ ਲੱਗਾ।
ਮੈਂ ਕੀ ਕਹਿਣਾ ਸੀ? ਉਂਜ ਮੈਨੂੰ ਪਤਾ ਸੀ, ਉਹ ਠੀਕ ਆਖਦਾ ਸੀ। ਖੇਤੀ ਉਸ ਕਰਨੀ ਨਹੀਂ ਸੀ। ਹੱਥੀਂ ਕੰਮ ਦਾ ਆਦੀ ਨਹੀਂ ਸੀ, ਹੋਰ ਕੀ ਕਰਦਾ?
“ਚੱਲ ਠੀਕ ਐ ਫੇਰ।” ਮੈਂ ਕਿਹਾ।
ਉਹ ਜੱਕੋ-ਤੱਕੋ ਕਰਦਾ ਖੜ੍ਹਾ ਰਿਹਾ।
“ਹੁਣ ਕੀ ਐ?” ਮੈਂ ਕਿਹਾ।
“ਭਾਜੀ! ਮਹਿਕਮੇ ਵਾਲੇ ਆਉਣਗੇ। ਮੈਂ ਪਟਵਾਰੀ ਨੂੰ ਵੀ ਕਹਿ ਦਿੱਤਾ ਸੀ।”
“ਕੀ ਗੱਲ ਐ?” ਮੈਂ ਉਤਸੁਕ ਹੋ ਕੇ ਪੁੱਛਿਆ।
“ਉਹ ਨਾ, ਟੱਬਰ ਦਾ ਜੀਅ ਪ੍ਰਤੀ ਵੀਹ ਹਜ਼ਾਰ ਮਿਲਣਾ ਸੀ ਨਾ?” ਉਹ ਆਖਣ ਲੱਗਾ।
“ਤੂੰ ਕੋਈ ਗੱਲ ਵੀ ਕਰੇਂਗਾ!” ਮੈਂ ਕਿਹਾ।
“ਉਸੇ ਸਿਲਸਿਲੇ ਵਿਚ ਆ ਰਹੇ ਨੇ। ਤੁਸਾਂ ਤੇ ਨਿੱਕਾ ਸਿੰਘ ਹੁਰਾਂ ਸਨਦ ‘ਤੇ ਦਸਤਖਤ ਕਰਨੇ ਨੇ।”
“ਬਾਪੂ ਹੁਰਾਂ ਨੂੰ ਦੱਸ ਦਿਆ ਜੇ।” ਉਹ ਝਿਜਕਦਾ ਕਹਿਣ ਲੱਗਾ।
“ਕਰ ਦਊਂ ਮੈਂ। ਇਹ ਕਿਹੜੀ ਗੱਲ ਐਂ ਵੀਰ।” ਮੈਂ ਉਹਨੂੰ ਹੌਸਲਾ ਦਿੱਤਾ।
“ਨਾਲੇ ਭਾਅ ਜੀ! ਇੱਕ ਹੋਰ ਬੇਨਤੀ ਜੇ।” ਉਹ ਥੋੜ੍ਹਾ ਝਿਜਕ ਕੇ ਕਹਿਣ ਲੱਗਾ।
“ਕਰ ਦੇ ਉਹ ਬੇਨਤੀ ਵੀ ਹੁਣ।” ਮੈਂ ਉਸ ਨੂੰ ਹਲਕੇ ਮੂਡ ਵਿਚ ਕਰਨ ਲਈ ਕਿਹਾ।
“ਭਾਜੀ, ਬੁੱਢੇ ਮਲ੍ਹਾਗਰ ਤੇ ਇਸ ਨਿੱਕੀ ਬੱਚੀ ਨੂੰ ਵੀ ਮੈਂ ਮੋਇਆਂ ਵਿਚ ਲਿਖ ਦਿੱਤਾ ਸੀ। ਮਹਿਕਮੇ ਦੇ ਅਫ਼ਸਰ ਮੰਨ ਗਏ ਜੇ। ਤੁਸੀਂ ਤੇ ਨਿੱਕਾ ਸੁੰਹ ਗਵਾਹੀ ਪਾ ਦਿਆ ਜੇ। ਮੈਨੂੰ ਚਾਲੀ ਹਜ਼ਾਰ ਹੋਰ ਮਿਲਜੂ। ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਜੋਗਾ ਹੋ ਜੂੰਗਾ।” ਲੀਲੂ ਨੀਵੀਂ ਪਾਈ ਬਹਿ ਗਿਆ।
“ਪਰ ਲੀਲੂ! ਕੰਨਿਆ ਤੇ ਜਿਉਂਦੀ ਐ ਯਾਰ।” ਮੈਂ ਅਵਾਕ ਸਾਂ ਕਿ ਅੱਜ ਦਾ ਜੀਵਨ ਕਿਧਰ ਟੁਰ ਪਿਆ ਹੈ?
“ਤਾਂ ਕੀ ਐ ਜੀ? ਮਹਿਕਮਾ ਵੀ ਰਾਜੀ ਐ, ਉਹਨੂੰ ਮਰੀ ਵਿਖਾਣ ਲਈ। ਨਿੱਕਾ ਸੁੰਹ ਤੇ ਬਾਕੀ ਵਿਹੜਾ ਵੀ ਰਾਜੀ ਐ। ਨਾਲੇ ਕਾਗਜ਼ਾਂ ਦਾ ਢਿੱਡ ਈ ਭਰਨੈਂ। ਮੈਂ ਕਿਹਾ, ਮਖਿਆ, ਉਹ ਵੀ ਜਾਂਦੀ-ਜਾਂਦੀ ਦੁਨੀਆਂਦਾਰੀ ਵਿਚ ਆਪਣਾ ਹਿੱਸਾ ਪਾ ਜਾਏ,” ਉਹ ਕਹਿਣ ਲੱਗਾ।

Be the first to comment

Leave a Reply

Your email address will not be published.