ਚੀਨੀ ਭਾਸ਼ਾ ‘ਚ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ

ਅੰਮ੍ਰਿਤਸਰ: ਅਮਰੀਕਾ ਵਿਚ ਸਿੱਖਾਂ ਦੀ ਸਰਗਰਮ ਜਥੇਬੰਦੀ, ‘ਸਿੱਖ ਧਰਮਾ ਇੰਟਰਨੈਸ਼ਨਲ’ ਵੱਲੋਂ ਸਿੱਖੀ ਦੇ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦੌਰਾਨ ਹੁਣ ਚੀਨ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕਰਨ ਦਾ ਕਾਰਜ ਜਾਰੀ ਹੈ, ਜਦੋਂਕਿ ਨਿਤਨੇਮ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਚੁੱਕਾ ਹੈ। ਇਹ ਖੁਲਾਸਾ ਜਥੇਬੰਦੀ ਦੇ ਮੁਖੀ ਭਾਈ ਕੁਲਬੀਰ ਸਿੰਘ ਖਾਲਸਾ ਨੇ ਕੀਤਾ ਹੈ। ਉਹ ਜਥੇਬੰਦੀ ਦੇ ਸੰਸਥਾਪਕ ਸਵਰਗੀ ਹਰਭਜਨ ਸਿੰਘ ਖਾਲਸਾ ਯੋਗੀ ਦੇ ਸਪੁੱਤਰ ਹਨ।

ਅਮਰੀਕੀ ਸਿੱਖਾਂ ਦਾ ਇਕ ਵੱਡਾ ਵਫਦ ਇਥੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੁੱਜਾ ਹੈ। ਕੁਲਬੀਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਆਨ ਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਉਪਰਾਲੇ ਤਹਿਤ ਵਿਸ਼ਵ ਪੱਧਰ ‘ਤੇ 20 ਦੇਸ਼ਾਂ ਦੇ ਲਗਭਗ ਤਿੰਨ ਹਜ਼ਾਰ ਤੋਂ ਵੱਧ ਵਿਅਕਤੀ ਉਨ੍ਹਾਂ ਨਾਲ ਜੁੜੇ ਹਨ, ਜਿਨ੍ਹਾਂ ਵੱਲੋਂ ਪਹਿਲਾ ਕੋਰਸ ਕੀਤਾ ਗਿਆ ਹੈ। ਇਸ ਸਬੰਧੀ ਸਿੱਖ ਨੈੱਟ ਲਰਨਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ, ਜਿਸ ਰਾਹੀਂ ਇਹ ਕੋਰਸ ਸ਼ੁਰੂ ਕੀਤਾ ਗਿਆ ਸੀ। ਹੁਣ ਦੋ ਹਫਤਿਆਂ ਦਾ ਦੂਜਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਤਣਾਅ ਖਤਮ ਕਰਨਾ ਅਤੇ ਪਰਮਾਤਮਾ ਨਾਲ ਜੁੜਨਾ ਹੈ। ਇਸ ਤੋਂ ਪਹਿਲਾਂ ਕਰਵਾਇਆ ਗਿਆ ਕੋਰਸ ‘ਗੁਰੂ ਨਾਲ ਤੁਹਾਡਾ ਨਿੱਜੀ ਰਿਸ਼ਤਾ’ ਸਿਰਲੇਖ ਹੇਠ ਮੁਕੰਮਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਚੀਨ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ। ਉਥੇ ਵੀ ਲੋਕ ਸਿੱਖ ਧਰਮ ਵਿਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਚੁੱਕਾ ਹੈ। ਉਥੋਂ ਦੇ ਲੋਕਾਂ ਨੂੰ ਸਥਾਨਕ ਭਾਸ਼ਾ ਵਿਚ ਹੀ ਸਿੱਖ ਧਰਮ ਅਤੇ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਫਲਸਫਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿਸ਼ਵ ਦੇ ਹੋਰ ਵੀ ਕਈ ਮੁਲਕਾਂ ਵਿਚ ਉਥੋਂ ਦੀ ਸਥਾਨਕ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਹੋ ਰਿਹਾ ਹੈ। ਇਸ ਸਬੰਧੀ ਉਨ੍ਹਾਂ ਰਸ਼ੀਅਨ ਭਾਸ਼ਾ ਵਿਚ ਹੋ ਰਹੇ ਅਨੁਵਾਦ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਨੈੱਟ ਲਰਨਿੰਗ ਸੈਂਟਰ ਰਾਹੀਂ ਵੱਖ-ਵੱਖ ਮੁਲਕਾਂ ਦੇ ਲੋਕ ਸਿੱਖੀ ਨਾਲ ਜੁੜ ਰਹੇ ਹਨ। ਹੁਣ ਤੱਕ ਉਹ ਦਸ ਹਜ਼ਾਰ ਤੋਂ ਵੱਧ ਅਜਿਹੇ ਅਧਿਆਪਕ ਤਿਆਰ ਕਰ ਚੁੱਕੇ ਹਨ, ਜੋ ਵੱਖ-ਵੱਖ ਮੁਲਕਾਂ ਦੇ ਸ਼ਹਿਰਾਂ ਵਿਚ ਸਿੱਖੀ ਬਾਰੇ ਗਿਆਨ ਦੇ ਰਹੇ ਹਨ। ਸਿੱਖ ਧਰਮਾ ਇੰਟਰਨੈਸ਼ਨਲ ਵੱਲੋਂ ਯੋਗਾ ਅਤੇ ਸਿੱਖੀ ਨੂੰ ਇਕ ਦੂਜੇ ਨਾਲ ਜੋੜਿਆ ਗਿਆ ਹੈ, ਜਿਸ ਰਾਹੀਂ ਲੋਕ ਪਰਮਾਤਮਾ ਦੀ ਪ੍ਰਾਪਤੀ ਜਾਂ ਪਰਮਾਤਮਾ ਦੇ ਨੇੜੇ ਹੋ ਰਹੇ ਹਨ। ਡਾ. ਹਰਜੋਤ ਕੌਰ ਨੇ ਦੱਸਿਆ ਕਿ ਹੁਣ ਜਥੇਬੰਦੀ ਵੱਲੋਂ ਡਿਜੀਟਲ ਸੰਗਤ ਜੋੜੀ ਜਾ ਰਹੀ ਹੈ। ਡਿਜੀਟਲ ਦੀ ਦੁਨੀਆਂ ਰਾਹੀਂ ਦੂਰ ਦੂਰ ਕੋਨੇ ਵਿਚ ਬੈਠੇ ਲੋਕਾਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਪ੍ਰਚਾਰ ਸੁਖਾਲੇ ਢੰਗ ਨਾਲ ਕੀਤਾ ਜਾ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਚ ਔਰਤਾਂ ਨੂੰ ਵੀ ਕੀਰਤਨ ਦੀ ਬਰਾਬਰ ਸੇਵਾ ਦੇਣ ਦੇ ਮੁੱਦੇ ਬਾਰੇ ਗੱਲ ਕਰਦਿਆਂ ਆਖਿਆ ਕਿ ਸਿੱਖੀ ਵਿਚ ਲਿੰਗ ਭੇਦ ਭਾਵ ਨੂੰ ਖਤਮ ਕੀਤਾ ਗਿਆ ਹੈ ਅਤੇ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਹਾਸਲ ਹੈ, ਇਸ ਲਈ ਸ੍ਰੀ ਹਰਿਮੰਦਰ ਸਾਹਿਬ ਵਿਚ ਮਰਦਾਂ ਵਾਂਗ ਔਰਤਾਂ ਨੂੰ ਵੀ ਕੀਰਤਨ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਚ ਮੀਰੀ ਪੀਰੀ ਅਕੈਡਮੀ ਸਥਾਪਤ ਕੀਤੀ ਗਈ ਹੈ, ਜਿਥੇ ਦੇਸ਼ ਵਿਦੇਸ਼ ਤੋਂ ਸਿੱਖ ਬੱਚੇ ਪੜ੍ਹਨ ਲਈ ਆ ਰਹੇ ਹਨ। ਇਥੇ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਸਿੱਖੀ ਵਿਚ ਵੀ ਪ੍ਰਪੱਕ ਕੀਤਾ ਜਾਂਦਾ ਹੈ।