ਬਠਿੰਡਾ: ਆਰਥਿਕ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਆਪਣੀ ਡੁੱਬੀ ਵਸੂਲੀ ਲਈ ਹੁਣ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਪਹਿਲਾ ਨੰਬਰ ਸ਼ਰਾਬ ਦੇ ਠੇਕੇਦਾਰਾਂ ਦਾ ਹੈ। ਪੰਜਾਬ ਸਰਕਾਰ ਤਕਰੀਬਨ ਡੇਢ ਵਰ੍ਹੇ ਤੋਂ ਇਨ੍ਹਾਂ ਡਿਫਾਲਟਰ ਠੇਕੇਦਾਰਾਂ ਨਾਲ ਨਰਮੀ ਵਰਤ ਰਹੀ ਸੀ, ਜਿਨ੍ਹਾਂ ਨੇ ਕਰੀਬ 200 ਕਰੋੜ ਦੱਬੇ ਹੋਏ ਹਨ।
ਆਬਕਾਰੀ ਮਹਿਕਮੇ ਨੇ ਡਿਫਾਲਟਰ ਠੇਕੇਦਾਰਾਂ ਦੀਆਂ ਜ਼ਮੀਨ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਤਹਿਤ ਜ਼ਮੀਨ ਨਿਲਾਮੀ ਲਈ ਤਰੀਕਾਂ ਵੀ ਤੈਅ ਕਰ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਆਬਕਾਰੀ ਮਹਿਕਮੇ ਨੇ ਮਾਲ ਮਹਿਕਮੇ ਦੇ ਰਿਕਾਰਡ ਵਿਚ ਸਿਰਫ ਰੈੱਡ ਇੰਟਰੀ ਪਾ ਕੇ ਖਾਨਾ ਪੂਰਤੀ ਕੀਤੀ ਸੀ। ਆਬਕਾਰੀ ਮਹਿਕਮੇ ਨੇ ਉਚ ਪੱਧਰੀ ਮੀਟਿੰਗ ਕੀਤੀ ਹੈ, ਜਿਸ ਵਿਚ ਡਿਫਾਲਟਰ ਠੇਕੇਦਾਰਾਂ ਨੂੰ ਤਕੜੇ ਹੱਥੀਂ ਲੈਣ ਦਾ ਫੈਸਲਾ ਹੋਇਆ ਹੈ। ਬਠਿੰਡਾ ਜ਼ਿਲ੍ਹਾ ਪੰਜਾਬ ਭਰ ਵਿਚੋਂ ਇਸ ਮਾਮਲੇ ‘ਚ ਨੰਬਰ ਵਨ ਹੈ, ਜਿਥੋਂ ਦੀਆਂ ਤਿੰਨ ਸ਼ਰਾਬ ਕੰਪਨੀਆਂ ਵੱਲ ਮਹਿਕਮੇ ਦੀ ਕਰੀਬ 68 ਕਰੋੜ ਰੁਪਏ ਦੀ ਰਾਸ਼ੀ ਫਸੀ ਹੋਈ ਹੈ। ਸਾਲ 2016-17 ਦੇ ਡਿਫਾਲਟਰ ਠੇਕੇਦਾਰਾਂ ਨੇ ਹੁਣ ਤੱਕ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੱਤਾ ਸੀ। ਪੰਜਾਬ ਭਰ ਦੀ ਸਾਲ 2016-17 ਦੀ ਇਹ ਡਿਫਾਲਟਰ ਰਾਸ਼ੀ ਕਰੀਬ 200 ਕਰੋੜ ਬਣਦੀ ਹੈ। ਹੁਣ ਉਪ ਕਰ ਅਤੇ ਆਬਕਾਰੀ ਅਫਸਰਾਂ ਤਰਫੋਂ ਬਤੌਰ ਕਲੈਕਟਰ ਪੰਜਾਬ ਲੈਂਡ ਰੈਵੇਨਿਊ ਐਕਟ 1887 ਤਹਿਤ ਸੰਪਤੀ ਨਿਲਾਮੀ ਲਈ ਪ੍ਰਕਿਰਿਆ ਵਿੱਢੀ ਗਈ ਹੈ, ਜਿਸ ਦੇ ਤਹਿਤ ਪਹਿਲਾਂ ਜਨਤਕ ਤੌਰ ‘ਤੇ ਮੁਨਿਆਦੀ ਦੇ ਢੋਲ ਵਜਾਏ ਜਾਣਗੇ। ਇਵੇਂ ਉਸ ਮਗਰੋਂ ਡਿਫਾਲਟਰ ਠੇਕੇਦਾਰਾਂ ਦੇ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਜਾਣਗੇ।
ਬਠਿੰਡਾ ਵਿਚ ਸ਼ਿਵ ਲਾਲ ਡੋਡਾ ਦੇ ਪਰਿਵਾਰ ਦੀ ਮੈਸਰਜ਼ ਗਗਨ ਵਾਈਨ ਵੱਲ ਕਰੀਬ 23.83 ਕਰੋੜ ਦੇ ਬਕਾਏ ਖੜ੍ਹੇ ਹਨ, ਜਿਸ ਦੀ ਪਹਿਲਾਂ ਹੀ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਜਾ ਚੁੱਕੀ ਹੈ। ਏਕਮ ਵਾਈਨ ਵੱਲ 24.33 ਕਰੋੜ ਅਤੇ ਐਡਵਾਂਸ ਵਾਈਨ ਵੱਲ 20.38 ਕਰੋੜ ਦੀ ਰਾਸ਼ੀ ਫਸੀ ਹੋਈ ਹੈ। ਆਬਕਾਰੀ ਤੇ ਕਰ ਅਫਸਰ ਕੁਲਵਿੰਦਰ ਵਰਮਾ ਨੇ ਦੱਸਿਆ ਕਿ ਡਿਫਾਲਟਰ ਠੇਕੇਦਾਰਾਂ ਦੀ ਜ਼ਮੀਨ ਨਿਲਾਮੀ 28 ਨਵੰਬਰ ਨੂੰ ਹੋਵੇਗੀ ਅਤੇ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ। ਉਸ ਤੋਂ ਪਹਿਲਾਂ ਮੁਨਿਆਦੀ ਵੀ ਕਰਾਈ ਜਾਵੇਗੀ। ਮਾਨਸਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇਦਾਰਾਂ ਵੱਲ 2016-17 ਦੇ ਕਰੀਬ 15 ਕਰੋੜ ਦੇ ਬਕਾਏ ਫਸੇ ਹੋਏ ਹਨ ਅਤੇ ਪਿਛਲੇ ਸਮੇਂ ਦੌਰਾਨ ਕਰੀਬ 60 ਲੱਖ ਰੁਪਏ ਦੀ ਵਸੂਲੀ ਆਈ ਵੀ ਹੈ।
ਏ.ਈ.ਟੀ.ਸੀ. ਮਾਨਸਾ ਮਨਿੰਦਰ ਸਿੰਘ ਨੇ ਦੱਸਿਆ ਕਿ ਡਿਫਾਲਟਰ ਠੇਕੇਦਾਰਾਂ ਦੀ ਜ਼ਮੀਨ ਨਿਲਾਮੀ ਲਈ 26 ਨਵੰਬਰ ਅਤੇ 29 ਨਵੰਬਰ ਤਰੀਕ ਤੈਅ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਵਿਚ ਵੀ ਆਬਕਾਰੀ ਮਹਿਕਮੇ ਦੇ ਠੇਕੇਦਾਰਾਂ ਵੱਲ 21.25 ਕਰੋੜ ਰੁਪਏ ਫਸੇ ਹੋਏ ਹਨ। ਏ.ਈ.ਟੀ.ਸੀ ਫਰੀਦਕੋਟ ਜੋਗਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਕਿ ਡਿਫਾਲਟਰਾਂ ਖਿਲਾਫ਼ ਐਕਸ਼ਨ ਕੀਤਾ ਜਾ ਰਿਹਾ ਹੈ, ਜਿਸ ਤਹਿਤ 26 ਨਵੰਬਰ ਅਤੇ 4 ਦਸੰਬਰ ਨੂੰ ਕੁਝ ਠੇਕੇਦਾਰਾਂ ਦੀ ਜ਼ਮੀਨ ਨਿਲਾਮੀ ਹੋਵੇਗੀ। ਹਾਲੇ ਚਾਰ ਕਰੋੜ ਦੀ ਵਸੂਲੀ ਲਈ ਤਰੀਕਾਂ ਨਿਸ਼ਚਿਤ ਕੀਤੀਆਂ ਹਨ। ਮੋਗਾ ਜ਼ਿਲ੍ਹੇ ਵਿਚ ਵੀ ਠੇਕੇਦਾਰਾਂ ਵੱਲ ਕਰੀਬ 24 ਕਰੋੜ ਫਸੇ ਹੋਏ ਹਨ। ਬਦਨਾਮੀ ਦੇ ਡਰੋਂ ਪਹਿਲਾਂ ਹੀ ਠੇਕੇਦਾਰ ਪੋਲੇ ਪੈਣੇ ਸ਼ੁਰੂ ਹੋਏ ਹਨ। ਏ.ਈ.ਟੀ.ਸੀ ਮੋਗਾ ਜਗਤਾਰ ਸਿੰਘ ਨੇ ਦੱਸਿਆ ਕਿ ਚਾਰੋਂ ਠੇਕੇਦਾਰ ਹਿੱਸੇਦਾਰ ਹੀ ਸਨ, ਜਿਨ੍ਹਾਂ ਨੇ ਵਸੂਲੀ ਮੋੜਨ ਲਈ ਆਪਸੀ ਐਗਰੀਮੈਂਟ ਕਰ ਲਿਆ ਹੈ ਅਤੇ ਮਹਿਕਮੇ ਨੂੰ ਜਲਦ ਵਸੂਲੀ ਮਿਲ ਜਾਣੀ ਹੈ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਵਿਚ ਵੀ ਠੇਕੇਦਾਰ ਕਰੀਬ 30 ਕਰੋੜ ਰੁਪਏ ਦੇ ਡਿਫਾਲਟਰ ਹਨ।