ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿਛੋਂ ਸਿੱਖਾਂ ਵਿਚ ਪੈਦਾ ਹੋਏ ਰੋਸ ਕਰਕੇ ਪਿੰਡ ਚੱਬੇ ਵਿਚ ਹੋਏ ਸਰਬੱਤ ਖਾਲਸਾ ਅਤੇ ਉਸ ਬਾਅਦ ਲੱਗੇ ਬਰਗਾੜੀ ਮੋਰਚੇ ਦੇ ਹਵਾਲੇ ਨਾਲ ਸਿੱਖ ਬੁੱਧੀਜੀਵੀ ਪ੍ਰਭਸ਼ਰਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਵੱਖ ਵੱਖ ਰੰਗਾਂ ਦੀ ਪੜਚੋਲ ਕੀਤੀ ਹੈ। ਇਸ ਤਰ੍ਹਾਂ ਕਰਦਿਆਂ ਉਨ੍ਹਾਂ ਕੁਝ ਬੁੱਧੀਜੀਵੀਆਂ ‘ਤੇ ਤਿੱਖੀਆਂ ਚੋਟਾਂ ਵੀ ਕੀਤੀਆਂ ਹਨ। ਲੇਖਕ ਦੇ ਵਿਚਾਰਾਂ ਨਾਲ ਪੰਜਾਬ ਟਾਈਮਜ਼ ਦਾ ਸਹਿਮਤ ਹੋਣਾ ਜਰੂਰੀ ਨਹੀਂ।
ਅਸੀਂ ਇਹ ਲੇਖ ਵਿਚਾਰ-ਚਰਚਾ ਦੇ ਮਨੋਰਥ ਨਾਲ ਛਾਪ ਰਹੇ ਹਾਂ। ਇਸ ਦੇ ਪ੍ਰਤੀਕਰਮ ਵਿਚ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਪ੍ਰਭਸ਼ਰਨਦੀਪ ਸਿੰਘ
ਖੋਜਾਰਥੀ, ਆਕਸਫੋਰਡ ਯੂਨੀਵਰਸਿਟੀ
ਬਰਗਾੜੀ ਮੋਰਚਾ ਵੱਡੀ ਪੰਥਕ ਜਾਗ੍ਰਿਤੀ ਦਾ ਨੁਮਾਇੰਦਾ ਹੋ ਨਿੱਬੜਿਆ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਸਿੱਖ ਕਈ ਕਿਸਮ ਦੀ ਉਥਲ-ਪੁਥਲ ਵਿਚੋਂ ਲੰਘੇ ਹਨ। ਇਹ ਉਤਰਾਅ-ਚੜ੍ਹਾਅ ਨਿਰੇ ਸਿਆਸੀ ਨਹੀਂ ਸਨ ਸਗੋਂ ਸਿੱਖਾਂ ਦੇ ਮਾਨਸਿਕ ਧਰਾਤਲ ‘ਤੇ ਵਾਪਰੀਆਂ ਵੱਡੀਆਂ ਤਬਦੀਲੀਆਂ ਦੇ ਲਖਾਇਕ ਸਨ। ਇਨ੍ਹਾਂ ਦੀ ਜੜ੍ਹ ਭਾਰਤੀ ਰਾਸ਼ਟਰਵਾਦ, ਮਾਰਕਸਵਾਦ, ਸੈਕੂਲਰਵਾਦ, ਤੇ ਸੰਸਾਰੀਕਰਨ ਵਰਗੇ ਵੱਡੇ ਵਰਤਾਰਿਆਂ ਦੀ ਹਿੰਸਾ ਵਿਚ ਪਈ ਸੀ। ਅਜਿਹੀ ਹਿੰਸਾ ਨਾਲ ਨਜਿੱਠਣ ਲਈ ਲੋੜੀਂਦੀ ਬੌਧਿਕ ਤਿਆਰੀ ਨਾ ਹੋਣ ਕਾਰਨ ਸਿੱਖ ਇਸ ਕਾਲ-ਚੱਕਰ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸਨ। ਇਸ ਦੇ ਬਾਵਜੂਦ ਸਿੱਖ ਮੁਹਾਵਰੇ ਦੀ ਪੁਨਰ-ਸੁਰਜੀਤੀ ਸਿਆਸੀ ਦਰਸ਼ਕਾਂ ਲਈ ਅਣਕਿਆਸਿਆ ਵਰਤਾਰਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਨਵਾਂ ਵਰਤਾਰਾ ਨਹੀਂ। ਅਜਿਹੇ ਵਿਰੋਧ ਦਾ ਸੱਭਿਆਚਾਰ ਕਾਫੀ ਪੁਰਾਣਾ ਹੈ। ਅਫਸੋਸਨਾਕ ਅਸਲੀਅਤ ਇਹ ਹੈ ਕਿ ਅਜਿਹੇ ਸੱਭਿਆਚਾਰ ਦੇ ਧਾਰਨੀ ਅੱਜ ਦੇ ਬਸਤੀਵਾਦੀ ਹਾਕਮ ਹਨ, ਜਿਨ੍ਹਾਂ ਦਾ ਸਾਡੀ ਧਰਤੀ ‘ਤੇ ਕਬਜ਼ਾ ਹੈ। ਵਿਰੋਧ ਦੇ ਇਸ ਬ੍ਰਾਹਮਣਵਾਦੀ ਪੱਧਰ ਨੂੰ ਆਧੁਨਿਕਤਾਵਾਦੀ ਮੁਹਾਵਰੇ ਆਸਰੇ ਨਵਾਂ ਤਰਕ ਹਾਸਲ ਹੋਇਆ। ਹਿੰਦੁਸਤਾਨ ਦੀ ਭਟਕਣਗ੍ਰੱਸੀ ਮਾਨਸਿਕਤਾ ਨਵੀਂ ਤਾਕਤ ਨਾਲ ਦਨਦਨਾਉਣ ਲੱਗੀ। ਮਨੁੱਖੀ ਮਨ ਦੀ ਪਾਵਨਤਾ ਪ੍ਰਤੀ ਕਠੋਰ ਅੰਨਾਪਣ ਪਾਲ ਕੇ ਬਿਨਾ ਵਿਰੋਧ ਜਤਾਉਣਾ ਇਸ ਮਾਨਸਿਕ ਧਰਾਤਲ ਅਤੇ ਇਸ ਦੇ ਪਿੱਛੇ ਗਤੀਸ਼ੀਲ ਸੱਭਿਆਚਾਰਕ ਪਰੰਪਰਾ ਨਾਲ ਇਕਸੁਰਤਾ ਨਹੀਂ ਰੱਖਦਾ। ਇਸ ਮਾਨਸਿਕਤਾ ਨੂੰ ਕੋਝੇ ਤੋਂ ਕੋਝੇ ਵਾਰ ਨਾਲ ਇੱਕ ਤਸੱਲੀ ਮਿਲਦੀ ਹੈ, ਜੋ ਸਵੈਮਾਣ ਤੋਂ ਕੋਰੀ ਮਨੁੱਖੀ ਚੇਤਨਾ ਦੀ ਹੋਣੀ ਹੈ। ਇਸ ਵਰਗ ਲਈ ਜਿੱਤ ਦਾ ਅਰਥ ਦੂਜੇ ਨੂੰ ਮੁੜ-ਮੁੜ ਭੈੜੇ ਤੋਂ ਭੈੜੇ ਅਪਮਾਨ ਦਾ ਸ਼ਿਕਾਰ ਬਣਾਉਣਾ ਹੀ ਹੈ ਤਾਂ ਕਿ ਅੰਤ ਨੂੰ ਉਹ ਜ਼ਲਾਲਤ ਸਹਿਣ ਦਾ ਆਦੀ ਹੋ ਇਨ੍ਹਾਂ ਦਾ ਘਸਿਆਰਾ ਬਣ ਕੇ ਰਹਿ ਜਾਵੇ।
ਅਜਿਹੀ ਜਿੱਤ ‘ਤੇ ਮਾਣ ਕਰਨ ਵਾਲੀ ਮਾਨਸਿਕਤਾ ਦੀ ਹੋਂਦ ਮਨੁੱਖ ਜਾਤੀ ਨੂੰ ਦਰਪੇਸ਼ ਇਕ ਗੰਭੀਰ ਚੁਣੌਤੀ ਹੈ। ਅਜਿਹਾ ਵਰਤਾਰਾ ਸਾਮਰਾਜੀ ਕਬਜ਼ੇ ਦੀ ਕਾਮਯਾਬੀ ਖਾਤਰ ਹੋਰ ਸਭ ਕੁਝ ਉਜਾੜ ਧਰਦਾ ਹੈ। ਸਾਹਿਤ ਤੇ ਸੱਭਿਆਚਾਰ ਰਾਹੀਂ ਪਸਾਰ ਹਾਸਲ ਕਰਦੀਆਂ ਮਨੁੱਖੀ ਹਸਤੀ ਦੀਆਂ ਕੋਮਲ ਅਤੇ ਸੁਹਿਰਦ ਰਮਜ਼ਾਂ ਤਪਦੇ ਥਲਾਂ ਵਿਚ ਦਮ ਤੋੜਨ ਲੱਗਦੀਆਂ ਹਨ। ਇਨ੍ਹਾਂ ਰਮਜ਼ਾਂ ਦਾ ਮਨੁੱਖ ਅੰਦਰਲੀ ਰੂਹਾਨੀ ਤਾਂਘ ਨਾਲ ਸਿੱਧਾ ਨਾਤਾ ਹੈ। ਭਾਵੇਂ ਸਾਹਿਤਕ ਰਮਜ਼ਾਂ ਰੂਹਾਨੀ ਤਾਂਘ ‘ਚੋਂ ਉਗਮਦੀਆਂ ਹਨ, ਪਰ ਫਿਰ ਵੀ ਇਹ ਉਸ ਤਾਂਘ ਦੀ ਸ਼ਿੱਦਤ ਵਿਚਲੀ ਨਿਰੰਤਰਤਾ ਲਈ ਸਹਾਇਕ ਵੀ ਹੁੰਦੀਆਂ ਹਨ। ਬੇਅਦਬੀ ਦੀਆਂ ਘਟਨਾਵਾਂ ‘ਚੋਂ ਸਾਹਮਣੇ ਆਈ ਕੋਝੀ ਹਿੰਸਾ ਸਾਹਮਣੇ ਅਜਿਹੇ ਅਹਿਸਾਸਾਂ ਅਤੇ ਉਨ੍ਹਾਂ ਨਾਲ ਜੁੜੇ ਸਰੋਕਾਰਾਂ ਦੀ ਕੋਈ ਅਹਿਮੀਅਤ ਨਹੀਂ। ਉਨ੍ਹਾਂ ਲਈ ਸਿਰਫ ਗਲਬਾ ਅਹਿਮੀਅਤ ਰੱਖਦਾ ਹੈ, ਭਾਵੇਂ ਉਹ ਕਿੰਨੀ ਵੀ ਸ਼ਰਮਨਾਕ ਜਿੱਤ ਨਾਲ ਹਾਸਲ ਹੋਇਆ ਹੋਵੇ।
ਬੇਅਦਬੀ ਦੀਆਂ ਮੌਜੂਦਾ ਘਟਨਾਵਾਂ ਲਈ ਸਿਰਸੇ ਵਾਲਾ ਡੇਰਾ ਜ਼ਿੰਮੇਵਾਰ ਹੈ। ਜੱਗ ਜਾਹਰ ਹੈ ਕਿ ਇਹ ਡੇਰਾ ਹੋਰ ਵੀ ਬਹੁਤ ਕਿਸਮ ਦੇ ਘਿਨਾਉਣੇ ਕੁਕਰਮਾਂ ਦਾ ਅੱਡਾ ਰਿਹਾ ਹੈ। ਅਜਿਹੇ ਡੇਰਿਆਂ ਦਾ ਉਭਾਰ ਕੋਈ ਆਪ-ਮੁਹਾਰਾ ਵਰਤਾਰਾ ਨਹੀਂ, ਇਹ ਡੇਰੇ ਵੱਡੀ ਸਰਕਾਰੀ ਪੁਸ਼ਤ-ਪਨਾਹੀ ਸਦਕਾ ਹੀ ਉਭਰਦੇ ਹਨ ਤੇ ਹਿੰਦੂ ਸਥਾਪਤੀ ਵੱਲੋਂ ਆਪਣੇ ਕੋਝੇ ਵਾਰ ਲੁਕਵੇਂ ਤਰੀਕੇ ਨਾਲ ਕਰਨ ਦੇ ਸਾਧਨ ਹਨ। ਅਣਮਨੁੱਖੀ ਖੁਫੀਆ ਤੰਤਰ ਇਨ੍ਹਾਂ ਡੇਰਿਆਂ ਰਾਹੀਂ ਉਭਾਰੇ ਅਸਲੋਂ ਨਿਕੰਮੇ ਬੰਦਿਆਂ ਨੂੰ ਧਾਰਮਕ ਰਹਿਬਰ ਬਣਾ ਧਰਦਾ ਹੈ। ਅਜਿਹੇ ਮਜ਼ਾਕ ਸਥਾਪਤੀ ਦੇ ਸ਼ੁਗਲ ਹਨ, ਜਿਨ੍ਹਾਂ ਰਾਹੀਂ ਉਹ ਆਪਣੀ ਤਾਕਤ ਦੇ ਹੋਣ ਦਾ ਅਹਿਸਾਸ ਕਰਦੇ ਹਨ। ਸੱਤਾ ਦਾ ਇਹ ਜਸ਼ਨ ਬੇਮੁਹਾਰੇ ਦੈਂਤਾਂ ਦਾ ਖਰੂਦੀ ਹਾਸਾ ਹੈ।
ਭਾਵੇਂ ਉਕਤ ਡੇਰੇ ਦੀ ਅਸਲੀਅਤ ਕਦੇ ਵੀ ਗੁੱਝੀ ਨਹੀਂ ਸੀ, ਫਿਰ ਵੀ ਸਿੱਖਾਂ ਨਾਲ ਡੇਰੇ ਦਾ ਟਕਰਾਅ ਪੈਦਾ ਹੋਣ ਪਿਛੋਂ ਇਸ ਨੂੰ ਕਈ ਕਿਸਮ ਦੀ ਹਮਾਇਤ ਹਾਸਲ ਹੋਈ। ਧਰਮ ਦੇ ਖਿਆਲ ਨੂੰ ਹੀ ਮਾਨਤਾ ਦੇਣ ਤੋਂ ਇਨਕਾਰੀ ਧਿਰਾਂ ਇਸ ਡੇਰੇ ਦੀਆਂ ਹਫਤਾਵਾਰੀ ਮੀਟਿੰਗਾਂ ਨੂੰ ਗਰੀਬ ਕਿਰਤੀਆਂ ਦੀ ਧਾਰਮਕ ਆਜ਼ਾਦੀ ਦੇ ਨਾਂ ‘ਤੇ ਸਹੀ ਠਹਿਰਾਉਣ ਲੱਗੀਆਂ। ਡੇਰੇ ਵਿਚ ਧਰਮ-ਕਰਮ ਵਾਲੀ ਕੋਈ ਗੱਲ ਨਹੀਂ ਸੀ ਤੇ ਇਹ ਗਰੀਬ ਬੰਦੇ ਦੀਆਂ ਧਾਰਮਕ ਭਾਵਨਾਵਾਂ ਨਾਲ ਹੋਇਆ ਖਿਲਵਾੜ ਸੀ। ਅਜੀਬ ਵਰਤਾਰਾ ਹੈ ਕਿ ਪੰਜਾਬ ਦੇ ਖੱਬੇਪੱਖੀਆਂ ਲਈ ਧਰਮ ਬੇਮਾਅਨਾ ਹੈ ਤੇ ਡੇਰਾ ਸਿਰਸਾ ਦੇ ਮੁਖੀ ਦਾ ਮੁਜ਼ਰਮਾਨਾ ਗੰਵਾਰਪੁਣਾ ਧਰਮ ਹੈ।
ਬੇਅਦਬੀਆਂ ਤੋਂ ਪਹਿਲਾਂ ਸਿੱਖ ਉਭਾਰ ਗੁਰਮੀਤ ਰਾਮ ਰਹੀਮ ਦੀ ਫਿਲਮ ਦੇ ਵਿਰੋਧ ਵਿਚ ਸਾਹਮਣੇ ਆਇਆ। ਡੇਰਾ ਸਿਰਸਾ ਦੀਆਂ ਵੋਟਾਂ ‘ਤੇ ਟੇਕ ਲਾਈ ਬੈਠੇ ਅਕਾਲੀ ਆਗੂ ਇਸ ਫਿਲਮ ਲਈ ਪ੍ਰਵਾਨਗੀ ਚਾਹੁੰਦੇ ਸਨ। ਇਨ੍ਹਾਂ ‘ਜ਼ਹੀਨ-ਤਰੀਨ’ ਸਿਆਸਤਦਾਨਾਂ ਨੇ ਸੋਚਿਆ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀਨਾਮਾ ਦੇ ਦੇਣ ਤਾਂ ਸਿੱਖ ਵਿਰੋਧ ਹਲਕਾ ਪੈ ਜਾਵੇਗਾ। ਸਿੱਖ ਮਾਨਸਿਕਤਾ ਪ੍ਰਤੀ ਅਜਿਹੀ ਖਾਮਖਿਆਲੀ ਅਕਾਲੀ ਆਗੂਆਂ ਦੇ ਬੌਧਿਕ ਪੱਧਰ ਦਾ ਖੁਲਾਸਾ ਕਰਦੀ ਹੈ। ਇਸ ਤੋਂ ਅਕਾਲੀ ਦਲ ਦੀ ਕੋਰ ਕਮੇਟੀ ਦੀਆਂ ਮੀਟਿੰਗਾਂ ਵਿਚ ਹੁੰਦੇ ‘ਚਿੰਤਨ-ਮੰਥਨ’ ਦੀ ਤਬੀਅਤ ਦੀ ਥਹੁ ਪੈਂਦੀ ਹੈ, ਜੋ ਸ਼ਾਇਦ ਗੰਵਾਰ ਹਾਸੜ ਵਿਚ ਗੁਆਚਿਆ ਹੁੰਦਾ ਹੈ। ਸਿੱਖਾਂ ਨੂੰ ਰੋਸਾ ਸੀ ਕਿ ਮੌਜੂਦਾ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਖਤਮ ਕਰ ਦਿੱਤੀ ਹੈ ਤੇ ਜਥੇਦਾਰਾਂ ਤੋਂ ਸਮੁੱਚੀ ਕੌਮ ਨੂੰ ਸ਼ਰਮਸਾਰ ਕਰਨ ਵਾਲੇ ਫੈਸਲੇ ਕਰਵਾਏ ਹਨ। ਇਸ ਅਹਿਸਾਸ ਦਾ ਤਰਕਸੰਗਤ ਸਿੱਟਾ ਸੀ ਕਿ ਸਰਬੱਤ ਖਾਲਸਾ ਪੁਨਰ-ਸੁਰਜੀਤ ਕੀਤੇ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਮੌਕਾਪ੍ਰਸਤ ਸਿਆਸਤਦਾਨਾਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਕਮੇਟੀ ਤੋਂ ਆਜ਼ਾਦ ਨਹੀਂ ਕਰਵਾਇਆ ਜਾ ਸਕਦਾ।
ਬਸਤੀਵਾਦੀ ਹਾਕਮਾਂ ਦੇ ਘੜੇ ਗੁਰਦੁਆਰਾ ਐਕਟ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕੋਲ ਆ ਗਿਆ। ਸ਼੍ਰੋਮਣੀ ਕਮੇਟੀ ਚੁਣੇ ਹੋਏ ਸਿੱਖ ਨੁਮਾਇੰਦਿਆਂ ਦੀ ਸੰਸਥਾ ਹੈ, ਜੋ ਲਗਭਗ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੁੰਦੇ ਹਨ। ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਪੇਸ਼ੇਵਰ ਸਿਆਸਤਦਾਨ ਹਨ, ਜਿਨ੍ਹਾਂ ਦਾ ਸਿਆਸੀ ਜੀਵਨ ਅਕਾਲੀ ਦਲ ‘ਤੇ ਕਾਬਜ਼ ਬਾਦਲ ਪਰਿਵਾਰ ਦੇ ਰਹਿਮ ਦਾ ਮੁਥਾਜ ਹੈ। ਸ਼੍ਰੋਮਣੀ ਕਮੇਟੀ ਮੈਂਬਰ ਅਕਸਰ ਉਹੀ ਬਣਦੇ ਹਨ, ਜਿਨ੍ਹਾਂ ਨੂੰ ਬਾਦਲ ਪਰਿਵਾਰ ਚੋਣ ਲੜਨ ਲਈ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਦਾ ਹੈ। ਇਸ ਲਈ ਪੰਥ ਦੇ ਚੁਣੇ ਹੋਏ ਨੁਮਾਇੰਦੇ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਸਲ ਵਿਚ ਬਾਦਲਾਂ ਦੇ ਨਾਮਜ਼ਦ ਕੀਤੇ ਬੰਦੇ ਹਨ। ਚੁਣੇ ਜਾਣ ਪਿਛੋਂ ਇਹ ਮੈਂਬਰ ਆਪਣੇ ਵਿਧਾਨਕ ਹੱਕਾਂ ਦੀ ਵਰਤੋਂ ਕਰਕੇ ਆਪਣੇ ਵਿਚੋਂ ਕਾਰਜਕਾਰਨੀ ਦੀ ਚੋਣ ਨਹੀਂ ਕਰਦੇ ਸਗੋਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੀ ਬਾਦਲਾਂ ਵੱਲੋਂ ਨਾਮਜ਼ਦ ਕੀਤੀ ਜਾਂਦੀ ਹੈ।
ਬਾਦਲਾਂ ਨੂੰ ਚੁਣੇ ਹੋਏ ਕਮੇਟੀ ਮੈਂਬਰਾਂ ਦੇ ਵਿਰੋਧ ਦਾ ਕਦੇ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਇਨ੍ਹਾਂ ਮੈਂਬਰਾਂ ਨੇ ਵਿਧਾਨ ਸਭਾ ਅਤੇ ਪਾਰਲੀਮੈਂਟ ਆਦਿ ਚੋਣਾਂ ਲਈ ਪਾਰਟੀ ਦੀ ਨਾਮਜ਼ਦਗੀ ਵੀ ਬਾਦਲਾਂ ਤੋਂ ਹੀ ਹਾਸਲ ਕਰਨੀ ਹੁੰਦੀ ਹੈ। ਇਹ ਸਾਰੀ ਦੀ ਸਾਰੀ ਪ੍ਰਕ੍ਰਿਆ ਭਾਰਤੀ ਜਮਹੂਰੀਅਤ ਦੇ ਗੈਰ-ਜਮਹੂਰੀ ਸੱਭਿਆਚਾਰ ਦੀ ਲਖਾਇਕ ਹੈ। ਅਜਿਹੇ ਅਮਲ ਰਾਹੀਂ ਹੋਂਦ ਵਿਚ ਆਈ ਕਾਰਜਕਾਰਨੀ ਬਾਦਲਾਂ ਵੱਲੋਂ ਸੁਝਾਏ ਬੰਦਿਆਂ ਨੂੰ ਤਖਤਾਂ ਦੇ ਜਥੇਦਾਰ ਨਿਯੁਕਤ ਕਰ ਦਿੰਦੀ ਹੈ। ਅਜਿਹੇ ਜਥੇਦਾਰਾਂ ਦੇ ਨਮੋਸ਼ੀ ਭਰੇ ਕਦਮਾਂ ਨੇ ਸਿੱਖਾਂ ਨੂੰ ਵੱਡਾ ਝੰਜੋੜਾ ਦਿੱਤਾ ਅਤੇ ਸਿੱਖਾਂ ਨੇ ਸਮੂਹਿਕ ਤੌਰ ‘ਤੇ ਮਹਿਸੂਸ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੌਜੂਦਾ ਅਕਾਲੀ ਆਗੂਆਂ ਤੋਂ ਆਜ਼ਾਦ ਕਰਵਾਉਣਾ ਨਿਹਾਇਤ ਜ਼ਰੂਰੀ ਹੈ।
ਦਹਾਕਿਆਂ ਤੋਂ ਸਿੱਖਾਂ ਅੰਦਰ ਇਹ ਭਾਵਨਾ ਤੇ ਵਿਚਾਰ ਚੱਲ ਰਹੇ ਸਨ ਕਿ ਸਰਬੱਤ ਖਾਲਸਾ ਦੀ ਪਰੰਪਰਾ ਨੂੰ ਸੁਰਜੀਤ ਕਰਨਾ ਪੰਥ ਦੀ ਅਣਸਰਦੀ ਲੋੜ ਹੈ। ਅਨੇਕ ਵਾਰ ਸ਼੍ਰੋਮਣੀ ਕਮੇਟੀ ਦੇ ਥਾਪੇ ਜਥੇਦਾਰਾਂ ਨੇ ਸਿੱਖਾਂ ਨੂੰ ਨਿਰਾਸ਼ ਕੀਤਾ। ਹਰ ਅਜਿਹੀ ਘਟਨਾ ਤੋਂ ਬਾਅਦ ਸਰਬੱਤ ਖਾਲਸਾ ਦੀ ਅਹਿਮੀਅਤ ਅਤੇ ਪੁਨਰ-ਸੁਰਜੀਤੀ ਦੀ ਲੋੜ ਦਾ ਮੁੱਦਾ ਉਭਰਿਆ, ਪਰ ਇੱਕ ਅਰਸੇ ਤੱਕ ਸਰਬੱਤ ਖਾਲਸਾ ਨਾ ਹੋ ਸਕਿਆ ਕਿਉਂਕਿ ਇਸ ਦੀ ਕਾਮਯਾਬੀ ਲਈ ਲੋੜੀਂਦੀ ਜਨਤਕ ਲਹਿਰ ਮੌਜੂਦ ਨਹੀਂ ਸੀ। ਵੱਡੀ ਜਨਤਕ ਹਮਾਇਤ ਬਿਨਾ ਸਰਬੱਤ ਖਾਲਸਾ ਕਿਵੇਂ ਹੋਣਾ ਸੀ, ਜਦੋਂ ਨੁਮਾਇੰਦਾ ਸਿੱਖ ਸੰਸਥਾਵਾਂ ‘ਤੇ ਹਿੰਦੂਤਵੀ ਤਾਕਤਾਂ ਦਾ ਭਾਈਵਾਲ ਅਕਾਲੀ ਦਲ ਬਾਦਲ ਕਾਬਜ਼ ਸੀ? ਸਰਬੱਤ ਖਾਲਸਾ ਸੱਦਣ ਲਈ ਕਿਸੇ ਇਤਿਹਾਸਕ ਮੌਕੇ ਦੀ ਉਡੀਕ ਕਰਨੀ ਹੀ ਪੈਣੀ ਸੀ।
ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ ਬਾਦਲ, ਜਾਂ ਕਹਿ ਲਓ ਮੌਕਾਪ੍ਰਸਤ ਸਿਆਸਤਦਾਨਾਂ ਤੋਂ ਆਜ਼ਾਦ ਕਰਵਾਉਣ ਦੀ ਭਾਵਨਾ ਇੱਕ ਵੱਡੇ ਜਨਤਕ ਮੁਹਾਜ ਦਾ ਰੂਪ ਧਾਰ ਗਈ। ਕੁਝ ਪੰਥਕ ਆਗੂਆਂ ਨੇ ਇਸ ਸ਼ਿੱਦਤ ਨੂੰ ਮਹਿਸੂਸ ਕੀਤਾ ਅਤੇ ਇਸ ਨੂੰ ਇੱਕ ਮੁਨਾਸਬ ਮੌਕਾ ਤਸਲੀਮ ਕਰਦਿਆਂ ਸਰਬੱਤ ਖਾਲਸਾ ਦਾ ਸੱਦਾ ਦੇ ਦਿੱਤਾ। ਸਰਬੱਤ ਖਾਲਸਾ ਨੂੰ ਮਿਲੇ ਬੇਮਿਸਾਲ ਹੁੰਗਾਰੇ ਨੇ ਇਸ ਗੱਲ ‘ਤੇ ਸਹੀ ਪਾਈ ਕਿ ਇਨ੍ਹਾਂ ਪੰਥਕ ਆਗੂਆਂ ਨੇ ਸਹੀ ਸਮੇਂ, ਸਹੀ ਫੈਸਲਾ ਲਿਆ।
ਕੁਝ ਲੋਕਾਂ ਨੇ ਉਸ ਮੌਕੇ ਸਰਬੱਤ ਖਾਲਸਾ ਦਾ ਡੱਟ ਕੇ ਵਿਰੋਧ ਕੀਤਾ। ਨਕਸਲੀ ਪਿਛੋਕੜ ਵਾਲਾ ਲੇਖਕ ਅਜਮੇਰ ਸਿੰਘ ਇਸ ਧਿਰ ਦੀ ਅਗਵਾਈ ਕਰ ਰਿਹਾ ਸੀ। ਕਈ ਧੜੇ ਅਜਮੇਰ ਸਿੰਘ ਨੂੰ ਸਾਬਕਾ ਨਕਸਲੀ ਕਹੇ ਜਾਣ ‘ਤੇ ਇਤਰਾਜ਼ ਕਰਦੇ ਹਨ। ਉਨ੍ਹਾਂ ਮੁਤਾਬਕ ਅਜਮੇਰ ਸਿੰਘ ਖੰਡੇ ਦੀ ਪਾਹੁਲ ਲੈ ਕੇ ਅੰਮ੍ਰਿਤਧਾਰੀ ਹੋ ਗਿਆ ਹੈ ਤੇ ਅੰਮ੍ਰਿਤਪਾਨ ਤੋਂ ਬਾਅਦ ਬੰਦੇ ਨੂੰ ਉਸ ਦੀ ਪਹਿਲੀ ਜ਼ਾਤ ਜਾਂ ਕੁਲ ਆਦਿ ਨਾਲ ਜੋੜਨਾ ਜਾਇਜ਼ ਨਹੀਂ। ਮੇਰੀ ਬੇਨਤੀ ਹੈ ਕਿ ਨਕਸਲੀ ਹੋਣਾ ਅਜਮੇਰ ਸਿੰਘ ਦੀ ਜ਼ਾਤ ਜਾਂ ਕੁਲ ਨਹੀਂ ਸੀ, ਉਸ ਦੀ ਸਿਆਸੀ ਵਿਚਾਰਧਾਰਾ ਸੀ। ਅਜਮੇਰ ਸਿੰਘ ਨੇ ਆਪਣੇ ਸਿੱਖ ਪਾਠਕਾਂ (ਲਗਭਗ ਸਮੂਹ ਪਾਠਕਾਂ) ਨੂੰ ਪ੍ਰਭਾਵ ਦਿੱਤਾ ਹੈ ਕਿ ਉਹ ਪੰਥਕ ਪ੍ਰਭੂਸੱਤਾ ਦੀ ਪੁਨਰ-ਸੁਰਜੀਤੀ ਦੇ ਅਕੀਦੇ ਨੂੰ ਅਗਾਂਹ ਤੋਰ ਰਿਹਾ ਹੈ। ਇਹ ਬਿਲਕੁਲ ਗਲਤ ਪ੍ਰਭਾਵ ਸੀ, ਜੋ ਅਜਮੇਰ ਸਿੰਘ ਨੇ ਜਾਣ-ਬੁੱਝ ਕੇ ਪਰ ਬਿਨਾ ਕੁਝ ਕਹੇ ਕਾਇਮ ਕੀਤਾ।
ਆਪਣੀਆਂ ਲਿਖਤਾਂ, ਭਾਸ਼ਣਾਂ, ਅਤੇ ਮੁਲਾਕਾਤਾਂ ਰਾਹੀਂ ਅਜਮੇਰ ਸਿੰਘ ਨੇ ਅਨੇਕ ਗਵਾਹੀਆਂ ਪੇਸ਼ ਕੀਤੀਆਂ ਹਨ ਕਿ ਉਹ ਪੁਰਾਣੇ ਮਾਰਕਸੀ ਏਜੰਡੇ ਦੇ ਇੱਕ ਬਦਲਵੇਂ ਰੂਪ ਨੂੰ ਲਿਬਰਲ ਮੁਹਾਂਦਰੇ ਵਾਲੀ ਸਿਆਸਤ ਰਾਹੀਂ ਅਗਾਂਹ ਤੋਰਨਾ ਚਾਹੁੰਦਾ ਹੈ। ਅਜਮੇਰ ਸਿੰਘ ਦੀ ਅਜਿਹੀ ਪਹੁੰਚ ਦੀ ਸੰਤੁਲਿਤ ਸਮਝ ਬਣਾਉਣ ਲਈ ਉਸ ਦੇ ਮਾਰਕਸੀ ਪਿਛੋਕੜ ਦੇ ਹਵਾਲੇ ਨਾਲ ਗੱਲ ਕਰਨੀ ਜ਼ਰੂਰੀ ਹੈ।
ਅਜਮੇਰ ਸਿੰਘ ਤੇ ਉਸ ਦੇ ਸਾਥੀਆਂ ਦੀ ਦਲੀਲ ਸੀ ਕਿ ਸਰਬੱਤ ਖਾਲਸਾ ਸੱਦਣ ਤੋਂ ਪਹਿਲਾਂ ਇਸ ਦਾ ਵਿਧੀ-ਵਿਧਾਨ ਨਿਸ਼ਚਿਤ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੇ ਵਿਧੀ-ਵਿਧਾਨ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ। ਇਨ੍ਹਾਂ ਦਾਨਿਸ਼ਵਰਾਂ ਨੂੰ ਪਤਾ ਨਹੀਂ ਸੀ ਕਿ ਭਾਰਤੀ ਸਥਾਪਤੀ ਦੇ ਹੱਥਠੋਕੇ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਦਾ ਮਖੌਲ ਬਣਾ ਰਹੇ ਸਨ? ਪੰਥਕ ਧਿਰਾਂ ਨੇ ਅਨੇਕ ਵਾਰ ਸ਼੍ਰੋਮਣੀ ਕਮੇਟੀ ਦੇ ਥਾਪੇ ਜਥੇਦਾਰਾਂ ਦਾ ਵਿਰੋਧ ਕੀਤਾ ਸੀ ਤੇ ਹਰ ਅਜਿਹੀ ਘਟਨਾ ਤੋਂ ਬਾਅਦ ਸਰਬੱਤ ਖਾਲਸਾ ਦਾ ਮੁੱਦਾ ਵਿਚਾਰ ਦਾ ਕੇਂਦਰ ਬਣਦਾ ਸੀ। ਵਿਧੀ-ਵਿਧਾਨ ਨਾਲ ਐਨੇ ਗੰਭੀਰ ਸਰੋਕਾਰ ਰੱਖਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕਦੇ ਨਾ ਕਦੇ ਸਰਬੱਤ ਖਾਲਸਾ ਦਾ ਸਬੱਬ ਬਣਨਾ ਹੈ, ਇਸ ਲਈ ਵਿਧੀ-ਵਿਧਾਨ ਦਾ ਚੌਖਟਾ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਜਾਵੇ। ਪਰ ਇਨ੍ਹਾਂ ਨੂੰ ਇਹ ਗੱਲ ਕਦੇ ਨਾ ਅਹੁੜੀ।
ਜਦੋਂ ਸਰਬੱਤ ਖਾਲਸਾ ਲਈ ਲੋੜੀਂਦਾ ਜਨਤਕ ਉਭਾਰ ਪੈਦਾ ਹੋਇਆ ਤਾਂ ਇਹ ਵਿਧੀ-ਵਿਧਾਨ ਦੇ ਮੁੱਦੇ ‘ਤੇ ਅੜ ਗਏ। ਅਖੇ ਬਿਨਾ ਵਿਧੀ-ਵਿਧਾਨ ਤੋਂ ਸਰਬੱਤ ਖਾਲਸਾ ਦਾ ਅਰਥ ਹੀ ਕੋਈ ਨਹੀਂ ਰਹਿ ਜਾਂਦਾ। ਇਨ੍ਹਾਂ ਲੋਕਾਂ ਨੇ ਇੱਕ ਵਾਰੀ ਵੀ ਇਹ ਅਹਿਸਾਸ ਨਹੀਂ ਕੀਤਾ ਕਿ ਅਜਿਹੇ ਇਤਿਹਾਸਕ ਮੌਕੇ ਨਾ ਤਾਂ ਨਿੱਤ-ਦਿਹਾੜੀ ਬਣਦੇ ਹਨ ਤੇ ਨਾ ਹੀ ਆਪਣੀ ਮਰਜ਼ੀ ਨਾਲ ਬਣਾਏ ਜਾ ਸਕਦੇ ਹਨ। ਅਜਿਹਾ ਜਨਤਕ ਉਭਾਰ ਹੀ ਇਤਿਹਾਸਕ ਫੈਸਲੇ ਲੈਣ ਦਾ ਮੌਕਾ ਹੁੰਦਾ ਹੈ, ਪਰ ਅਜਮੇਰ ਸਿੰਘ ਬਜ਼ਿੱਦ ਸੀ ਕਿ ਵਿਧੀ-ਵਿਧਾਨ ਦਾ ਵਾਵੇਲਾ ਖੜ੍ਹਾ ਕਰਕੇ ਇਹ ਮੌਕਾ ਹੱਥੋਂ ਲੰਘਾ ਕੇ ਹੀ ਹਟਣਾ ਹੈ। ਅਸੀਂ ਉਦੋਂ ਵੀ ਇਨ੍ਹਾਂ ਨੂੰ ਕਿਹਾ ਸੀ ਕਿ ਸਿੱਖ ਇਤਿਹਾਸ ਵਿਚ ਅੱਜ ਤੱਕ ਕਈ ਵਾਰ ਸਰਬੱਤ ਖਾਲਸਾ ਹੋਇਆ ਹੈ, ਜਿਸ ਨੇ ਔਖੇ ਵੇਲੇ ਪੰਥ ਨੂੰ ਮੁੜ ਤੋਂ ਲਾਮਬੰਦ ਹੋਣ ਵਿਚ ਮੱਦਦ ਕੀਤੀ ਹੈ, ਪਰ ਪੂਰੇ ਸਿੱਖ ਇਤਿਹਾਸ ਵਿਚ ਇੱਕ ਵੀ ਵਿਧੀ-ਵਿਧਾਨ ਦਾ ਦਸਤਾਵੇਜ਼ ਨਹੀਂ ਮਿਲਦਾ।
ਅਜਮੇਰ ਸਿੰਘ ਕਦੇ ਵੀ ਸਿੱਧਾ ਤੇ ਸਪੱਸ਼ਟ ਹੋ ਕੇ ਕਿਸੇ ਦਲੀਲ ਦਾ ਜੁਆਬ ਨਹੀਂ ਦਿੰਦਾ ਸਗੋਂ ਹਮੇਸ਼ਾ ਆਪਣੀ ਪ੍ਰਚਾਰ ਮੁਹਿੰਮ ਇੱਕਪਾਸੜ ਰੱਖਦਾ ਹੈ। ਉਹ ਕਦੇ ਸਿੱਧੇ ਵਾਰਤਾਲਾਪ ‘ਚ ਨਹੀਂ ਪੈਂਦਾ, ਸਗੋਂ ਇਸ ਦੀ ਆਲੋਚਨਾ ਕਰਨ ਵਾਲਿਆਂ ਨੂੰ ਹੋਰ ਬੰਦਿਆਂ ਦੇ ਖੁੰਢੇ ਹਥਿਆਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹੱਥਕੰਡਿਆਂ ਰਾਹੀਂ ਅਜਮੇਰ ਸਿੰਘ ਨੇ ਸਰਬੱਤ ਖਾਲਸਾ ਨੂੰ ਨਕਾਰਨ ਦੀ ਮੁਹਿੰਮ ਸਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਬੱਤ ਖਾਲਸਾ ਹੋਣ ਪਿਛੋਂ ਅਜਮੇਰ ਸਿੰਘ ਦੇ ਵਿਧੀ-ਵਿਧਾਨ ਬਾਰੇ ਸਰੋਕਾਰ ਖਤਮ ਹੋ ਗਏ ਤੇ ਉਸ ਨੇ ਇਸ ਮੁੱਦੇ ਨੂੰ ਠੰਡੇ ਬਸਤੇ ਦੇ ਹਵਾਲੇ ਕਰ ਦਿੱਤਾ।
ਅਜਮੇਰ ਸਿੰਘ ਨੂੰ ਅਜਿਹੀ ਤਾਕਤ ਉਸ ਦੀਆਂ ਕਿਤਾਬਾਂ ਦੀ ਕਾਮਯਾਬੀ ਸਦਕਾ ਮਿਲੀ ਹੈ, ਜਿਨ੍ਹਾਂ ਦਾ ਪੰਥ ਵਿਚ ਕਾਫੀ ਸੁਆਗਤ ਹੋਇਆ ਹੈ। ਇਸ ਦੀ ਮੁੱਖ ਵਜ੍ਹਾ ਹੈ ਕਿ ਪੰਜਾਬ ਵਿਚ ਸਿੱਖਾਂ ਪ੍ਰਤੀ ਵੈਰ-ਭਾਵ ਤੋਂ ਰਹਿਤ ਸਿਆਸੀ ਵਿਸ਼ਲੇਸ਼ਣ ਦੀ ਲਗਭਗ ਅਣਹੋਂਦ ਸੀ। ਅਜਮੇਰ ਸਿੰਘ ਦੇ ਬਹੁਤੇ ਪਾਠਕ ਸਿੱਖੀ ਅਤੇ ਪੰਥ ਨਾਲ ਨਿੱਜੀ ਸਾਂਝ ਰੱਖਣ ਵਾਲੇ ਲੋਕ ਹਨ। ਅਜਮੇਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨਾ ਕੋਈ ਮਾੜੀ ਗੱਲ ਨਹੀਂ, ਪਰ ਚੰਗਾ ਹੋਵੇ, ਉਸ ਦੇ ਪਾਠਕ ਆਪਣੇ ਬੌਧਿਕ ਸਫਰ ਨੂੰ ਅਜਮੇਰ ਸਿੰਘ ਤੱਕ ਹੀ ਸੀਮਤ ਨਾ ਕਰਨ, ਅਜਮੇਰ ਸਿੰਘ ਦਾ ਬੁੱਤ ਬਣਾ ਕੇ ਉਸ ‘ਤੇ ਸ਼ਰਧਾ ਦੇ ਫੁੱਲ ਹੀ ਨਾ ਚੜ੍ਹਾਈ ਜਾਣ। ਕਿਸੇ ਵੀ ਲਿਖਤ ਪ੍ਰਤੀ ਆਲੋਚਨਾਤਮਕ ਨਜ਼ਰੀਆ ਅਪਨਾਉਣਾ ਜ਼ਰੂਰੀ ਹੁੰਦਾ ਹੈ।
ਅਜਮੇਰ ਸਿੰਘ ਦੇ ਸਮਰਥਕਾਂ ਦਾ ਵਿਚਾਰ ਹੈ ਕਿ ਉਸ ਨੇ ਔਖੇ ਵੇਲੇ ਪੰਥ ਦੀ ਬਾਂਹ ਫੜ੍ਹੀ। ਸਾਡੀ ਸਮਝ ਹੈ ਕਿ ਅਜਮੇਰ ਸਿੰਘ ਨੇ ਸਿੱਖਾਂ ਉਤੇ ਕੋਝੇ ਅਤੇ ਸਿੱਧੇ ਹਮਲਿਆਂ ਤੋਂ ਆਪਣਾ ਸਫਰ ਸ਼ੁਰੂ ਨਹੀਂ ਕੀਤਾ। ਉਹ ਸਿੱਖ ਪੱਖੀ ਸੁਰ ਰੱਖ ਕੇ ਸਿੱਖਾਂ ਦੇ ਵਿਰੋਧ ਵਿਚ ਸਿਧਾਂਤਕ ਆਧਾਰ ਕਾਇਮ ਕਰਨ ਲੱਗਾ ਹੋਇਆ ਸੀ, ਪਰ ਸਥਾਪਤ ਹੋ ਜਾਣ ਪਿਛੋਂ ਉਸ ਨੇ ਸਿੱਖਾਂ ‘ਤੇ ਕੋਝੇ ਅਤੇ ਸਿੱਧੇ ਹਮਲੇ ਵੀ ਕੀਤੇ। ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਡੇਰੇ ਪਾਠਕ ਵਰਗ ਦਾ ਬੌਧਿਕ ਪੱਧਰ ਐਨਾ ਉਚਾ ਨਹੀਂ ਕਿ ਉਹ ਅਜਮੇਰ ਸਿੰਘ ਦੀਆਂ ਲਿਖਤਾਂ ਅੰਦਰਲੇ ਮਹੀਨ ਹਮਲਿਆਂ ਜਾਂ ਸਿਧਾਂਤਕ ਕੱਚੇਪਣ ਨੂੰ ਸਮਝ ਸਕਦੇ। ਇਸ ਨਜ਼ਰੀਏ ਦੀ ਮੁਨਾਸਬ ਵਿਆਖਿਆ ਕਰਨ ਲਈ ਅਜਮੇਰ ਸਿੰਘ ਬਾਰੇ ਇੱਕ ਵੱਖਰੇ ਲੇਖ ਦੀ ਲੋੜ ਹੈ, ਜੋ ਛੇਤੀ ਹੀ ਪਾਠਕਾਂ ਨਾਲ ਸਾਂਝਾ ਕਰਾਂਗੇ।
ਸੁਹਿਰਦ ਪਾਠਕਾਂ ਤੋਂ ਬਿਨਾ ਅਜਮੇਰ ਸਿੰਘ ਨੇ ਆਪਣੇ ਨਾਲ ਸਮਾਜ ਦਾ ਇੱਕ ਹੋਰ ਵਰਗ ਵੀ ਜੋੜਿਆ ਹੈ। ਹਰ ਸਮਾਜ ਵਿਚ ਹਮੇਸ਼ਾ ਅਜਿਹੇ ਤੱਤ ਹੁੰਦੇ ਹਨ ਜੋ ਕਿਸੇ ਅਹਿਮ ਬੰਦੇ ਦੀ ਖੁਸ਼ਨੂਦੀ ਹਾਸਲ ਕਰਨ ਲਈ ਉਸ ਨੂੰ ਵਾਜਬ ਸੁਆਲ ਕਰਨ ਵਾਲਿਆਂ ‘ਤੇ ਨੀਵੇਂ ਪੱਧਰ ਦੇ ਮਾਨਸਿਕ ਜਾਂ ਜਿਸਮਾਨੀ ਹਮਲੇ ਕਰਦੇ ਹਨ। ਅਜਮੇਰ ਸਿੰਘ ਨੇ ਅਜਿਹੇ ਬੰਦਿਆਂ ਦਾ ਇੱਕ ਵਰਗ ਤਿਆਰ ਕੀਤਾ ਹੈ, ਜਿਸ ਦੀ ਹਰ ਗੱਲ ਕਿਰਦਾਰਕੁਸ਼ੀ ਤੋਂ ਸ਼ੁਰੂ ਹੁੰਦੀ ਹੈ ਤੇ ਗਾਲ੍ਹੀ-ਗਲੋਚ ‘ਤੇ ਖਤਮ। ਅਜਮੇਰ ਸਿੰਘ ਅਜਿਹੇ ਅਨਸਰਾਂ ਨੂੰ ਆਪਣੀ ਕਾਰੀਗਰੀ ਨਾਲ ਜਚਾ ਦਿੰਦਾ ਹੈ ਕਿ ਤੁਸੀਂ ਬੜੀਆਂ ਨਾਯਾਬ ਹਸਤੀਆਂ ਹੋ। ਮਾਰਕਸੀ ਹਲਕਿਆਂ ਵਿਚ ਇਹ ਬੰਦੇ ‘ਲੁੰਪਨ’ ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਹ ਵਰਗ ਲੋਕਾਂ ਦਾ ਮਾਨਸਿਕ ਚੈਨ ਭੰਗ ਕਰਨ ਵਿਚ ਚੰਗਾ ਨਿਪੁੰਨ ਹੈ। ਇਸ ਲਈ ਛੇਤੀ ਕੀਤੇ ਕੋਈ ਬੰਦਾ ਅਜਮੇਰ ਸਿੰਘ ਨੂੰ ਸੁਆਲ ਕਰਨ ਦੀ ਜੁਰਅੱਤ ਨਹੀਂ ਕਰਦਾ। ਅਜਮੇਰ ਸਿੰਘ ਚੁੱਪ-ਚਾਪ ਪਾਸੇ ਬਹਿ ਕੇ ਪਹਿਲਾਂ ਆਪਣੇ ਵਿਰੋਧੀਆਂ ਦਾ ਚਰਿੱਤਰਘਾਤ ਹੋਣ ਦਿੰਦਾ ਹੈ ਤੇ ਬਾਅਦ ਵਿਚ ਮੰਚ ‘ਤੇ ਚੜ੍ਹ ਕੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਨੈਤਿਕਤਾ ਅਤੇ ਰੂਹਾਨੀਅਤ ਦੇ ਸਬਕ ਪੜ੍ਹਾਉਂਦਾ ਹੈ। ਅਜਮੇਰ ਸਿੰਘ ਦੇ ਸਮਰਥਕ, ਚੰਗੇ ਤੇ ਮਾੜੇ-ਦੋਵੇਂ, ਉਸ ਦੇ ਅਜਿਹੇ ਪੈਂਤੜਿਆਂ ਨੂੰ ਸਮਝਣ ਤੋਂ ਇਨਕਾਰੀ ਹਨ। ਪਾਠਕ ਦਿਮਾਗ ‘ਤੇ ਬੋਝ ਪਾਉਣ ਦੀ ਲੋੜ ਨਹੀਂ ਸਮਝਦੇ ਅਤੇ ਲੁੰਪਨ ਮਚਲੇ ਹੋ ਜਾਂਦੇ ਹਨ।
ਸਰਬੱਤ ਖਾਲਸਾ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਬੈਠਕ ਨੂੰ ਕਿਹਾ ਜਾਂਦਾ ਹੈ। ਅਜਿਹੀ ਬੈਠਕ ਕਦੋਂ ਵੀ ਸੱਦੀ ਜਾ ਸਕਦੀ ਹੈ ਪਰ ਵੱਡੇ ਜਨਤਕ ਮੁਹਾਜ ਬਿਨਾ ਉਸ ਦੀ ਵਾਜਬੀਅਤ ਸਥਾਪਤ ਨਹੀਂ ਹੁੰਦੀ। ਪਿੰਡ ਚੱਬੇ ਵਿਚ ਹੋਏ ਸਰਬੱਤ ਖਾਲਸਾ ਸਮਾਗਮ ਤੋਂ ਪਹਿਲਾਂ ਵੀ ਕਈ ਦਿਨ ਲਗਾਤਾਰ ਪੰਥਕ ਆਗੂਆਂ ਨੇ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰੇ ਪਿਛੋਂ ਲਏ ਗਏ ਫੈਸਲੇ ਸਰਬੱਤ ਖਾਲਸਾ ਦੇ ਮੰਚ ਤੋਂ ਖਾਲਸਾ ਪੰਥ ਨਾਲ ਸਾਂਝੇ ਕੀਤੇ ਗਏ। ਇਸ ਲਈ ਉਹ ਫੈਸਲੇ ਪੰਥਕ ਨੁਮਾਇੰਦਿਆਂ ਦੇ ਵਿਚਾਰ-ਵਟਾਂਦਰੇ ਦਾ ਸਿੱਟਾ ਸਨ, ਇੱਕ ਵੱਡੇ ਇਕੱਠ ਸਾਹਮਣੇ ਅਚਾਨਕ ਸੁਣਾਏ ਗਏ ਫੈਸਲੇ ਨਹੀਂ ਸਨ। ਕੁਝ ਪੰਥਕ ਧਿਰਾਂ ਮੁਤਾਬਕ ਇਹ ਫੈਸਲੇ ਸਮੁੱਚੇ ਪੰਥ ਦੇ ਨਹੀਂ ਸਗੋਂ ਪੰਥ ਦੇ ਇੱਕ ਵਰਗ ਦੇ ਫੈਸਲੇ ਸਨ। ਉਪਰੋਕਤ ਧਿਰਾਂ ਨੂੰ ਸਰਬੱਤ ਖਾਲਸਾ ਤੋਂ ਪਹਿਲਾਂ ਹੋਏ ਵਿਚਾਰ-ਵਟਾਂਦਰਿਆਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਨ੍ਹਾਂ ਧਿਰਾਂ ਨੇ ਉਹ ਸੱਦਾ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਸਾਰੇ ਅਮਲ ਤੋਂ ਬਾਹਰ ਰਹੇ। ਹੁਣ ਇਹ ਲੋਕ ਸਰਬੱਤ ਖਾਲਸਾ ਨੂੰ ਮਾਨਤਾ ਦੇਣ ਤੋਂ ਹੀ ਇਨਕਾਰੀ ਹਨ ਤੇ ਇਸ ਦਾ ਜ਼ਿਕਰ ਚੱਬੇ ਵਾਲੇ ਇਕੱਠ ਵਜੋਂ ਹੀ ਕਰਦੇ ਹਨ।
ਚਾਹੀਦਾ ਇਹ ਸੀ ਕਿ ਇਹ ਸੱਜਣ ਸਰਬੱਤ ਖਾਲਸਾ ਵਾਲੀਆਂ ਵਿਚਾਰਾਂ ਵਿਚ ਸ਼ਾਮਲ ਹੁੰਦੇ ਅਤੇ ਉਥੇ ਹੋਏ ਫੈਸਲਿਆਂ ਨੂੰ ਦਿਸ਼ਾ ਦੇਣ ਵਿਚ ਆਪਣੀ ਭੂਮਿਕਾ ਨਿਭਾਉਂਦੇ। ਸਰਬੱਤ ਖਾਲਸਾ ਦਾ ਵਿਰੋਧ ਕਰਨ ਵਾਲੇ ਇਹ ਸੱਜਣ ਨਾ ਤਾਂ ਆਪਣਾ ਕੋਈ ਜਨਤਕ ਆਧਾਰ ਬਣਾ ਸਕੇ ਤੇ ਨਾ ਹੀ ਕੋਈ ਸੰਜੀਦਾ ਬੌਧਿਕ ਵਰਗ ਪੈਦਾ ਕਰ ਸਕੇ; ਬੌਧਿਕ ਕੰਮ ਲਈ ਇਹ ਸਾਬਕਾ ਨਕਸਲੀਆਂ ਦੇ ਮੁਥਾਜ ਬਣ ਬੈਠੇ। ਬੌਧਿਕ ਪੱਖੋਂ ਊਣੇ ਇਨ੍ਹਾਂ ਸੱਜਣਾਂ ਦੀ ਮੰਗ ਹੈ ਕਿ ਹਰ ਪੰਥਕ ਸਰਗਰਮੀ ਇਨ੍ਹਾਂ ਦੀ ਇੱਛਾ ਅਨੁਸਾਰ ਅਤੇ ਇਨ੍ਹਾਂ ਦੀ ਅਗਵਾਈ ਹੇਠ ਚੱਲੇ। ਕਿਸੇ ਵੇਲੇ ਇਨ੍ਹਾਂ ਆਗੂਆਂ ਨੂੰ ਅਗਵਾਈ ਦੇ ਮੌਕੇ ਮਿਲੇ ਵੀ ਸਨ ਪਰ ਉਦੋਂ ਇਹ ਪੰਥ ਨੂੰ ਲੋੜੀਂਦੀ ਸੇਧ ਦੇਣ ਦੀ ਕਾਬਲੀਅਤ ਨਾ ਵਿਖਾ ਸਕੇ।
ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਹੋਈ ਪੰਥਕ ਅਸੈਂਬਲੀ ਵਿਚ ਅਜਮੇਰ ਸਿੰਘ ਨੇ ਕਿਹਾ ਕਿ ਚੱਬੇ ਵਾਲੇ ਇਕੱਠ ਵਿਚੋਂ ਕੀ ਨਿਕਲਿਆ ਹੈ? ਸਰਬੱਤ ਖਾਲਸਾ ਵਿਚੋਂ ਸਿੱਖ ਸੰਸਥਾਵਾਂ ‘ਤੇ ਅਕਾਲੀ ਦਲ ਬਾਦਲ ਦੇ ਕਬਜ਼ੇ ਨੂੰ ਬਹੁਤ ਪ੍ਰਭਾਵਕਾਰੀ ਚੁਣੌਤੀ ਮਿਲੀ। ਸਰਬੱਤ ਖਾਲਸਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਅਤੇ ਬਾਕੀ ਸਿੰਘ ਸਾਹਿਬਾਨ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਿੱਖ ਸੰਗਤਾਂ ਨਾਲ ਤਾਲਮੇਲ ਕੀਤਾ। ਇੱਕ ਲੰਮੀ ਤਾਲਮੇਲ ਮੁਹਿੰਮ ਤੋਂ ਬਾਅਦ ਉਨ੍ਹਾਂ ਬਰਗਾੜੀ ਵਿਚ ਮੋਰਚਾ ਲਾ ਦਿੱਤਾ। ਬਰਗਾੜੀ ਮੋਰਚੇ ਨੇ ਪੰਥਕ ਭਾਵਨਾਵਾਂ ਨੂੰ ਟੁੰਬਿਆ ਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠਾਂ ਨੇ ਹਿੰਦੂਤਵੀ ਮਨਸੂਬਿਆਂ ਨੂੰ ਉਨ੍ਹਾਂ ਦੀ ਅਸਲ ਔਕਾਤ ਵਿਖਾ ਦਿੱਤੀ। ਅੱਜ ਬਰਗਾੜੀ ਨੂੰ ਜਾਂਦੇ ਕਾਫਲੇ ਬੇਅਦਬੀਆਂ ਖਿਲਾਫ ਪੈਦਾ ਹੋਏ ਰੋਹ ਤੋਂ ਬਾਅਦ ਹੀ ਘਰਾਂ ਤੋਂ ਨਿੱਕਲੇ ਸਨ।
ਸਰਬੱਤ ਖਾਲਸਾ ਇਸ ਪੰਥਕ ਉਭਾਰ ਦੀ ਪਹਿਲੀ ਸਿਖਰ ਸੀ। ਸਰਬੱਤ ਖਾਲਸਾ ਰਾਹੀਂ ਚੁਣੇ ਜਥੇਦਾਰਾਂ ਸਦਕਾ ਹੀ ਬਰਗਾੜੀ ਮੋਰਚਾ ਸਾਕਾਰ ਹੋਇਆ ਹੈ। ਇਨ੍ਹਾਂ ਜਥੇਦਾਰਾਂ, ਖਾਸ ਤੌਰ ‘ਤੇ ਭਾਈ ਧਿਆਨ ਸਿੰਘ ਮੰਡ ਵਿਚ ਬੱਝੇ ਪੰਥ ਦੇ ਭਰੋਸੇ ਕਰਕੇ ਹੀ ਬਰਗਾੜੀ ਮੋਰਚਾ ਨਿਰੰਤਰ ਜਾਰੀ ਰਿਹਾ ਹੈ। ਬਰਗਾੜੀ ਮੋਰਚੇ ਦੀ ਨਿਰੰਤਰਤਾ ਕਰਕੇ ਹੀ ਲੱਖਾਂ ਦੇ ਇਕੱਠ ਸੰਭਵ ਹੋ ਸਕੇ ਹਨ। ਅਜਿਹੀ ਪ੍ਰੇਰਨਾ ਸਦਕਾ ਹੀ ਅੰਨ੍ਹੇ ਪੈਸੇ ਦੇ ਜ਼ੋਰ ਨਾਲ ਇਕੱਠ ਕਰਨ ਵਾਲੇ ਬਾਦਲਾਂ ਅਤੇ ਸਰਕਾਰੀ ਵਸੀਲਿਆਂ ਦੀ ਹੈਂਕੜ ਵਿਚ ਵਿਚਰਦੀ ਕਾਂਗਰਸ ਸਰਕਾਰ ਦੇ ਮਨਸੂਬੇ ਫੇਲ੍ਹ ਹੋਏ ਹਨ; ਲੋਕਾਂ ਦੇ ਆਪ-ਮੁਹਾਰੇ ਵੇਗ ਸਾਹਮਣੇ ਉਨ੍ਹਾਂ ਦੇ ਸਭ ਸਰੋਤ ਕੱਖੋਂ ਹੌਲੇ ਹੋ ਕੇ ਰਹਿ ਗਏ। ਇਹ ਸਭ ਕੁਝ ਨਿਕਲਿਆ ਚੱਬੇ ਵਾਲੇ ਸਰਬੱਤ ਖਾਲਸੇ ‘ਚੋਂ।
ਅਜਮੇਰ ਸਿੰਘ ਦੱਸ ਦੇਵੇ ਕਿ ਉਹ ਹੋਰ ਕੀ ਕੱਢਣਾ ਚਾਹੁੰਦਾ ਸੀ? ਸਿੱਖ ਸਿਆਸੀ ਕਾਰਕੁਨ ਰਸਮੀ ਮੁਜਾਹਰੇ ਕਰਨ ਵਿਚ ਹੀ ਲੱਗੇ ਰਹਿੰਦੇ? ਬੱਸ ਅਜ਼ਲ ਤੱਕ ਇਹੋ ਸਬ ਕੁਝ ਨਿਰਵਿਘਨ ਚਲਦਾ ਰਹਿੰਦਾ? ਇਸ ਜਮੂਦ ਨੂੰ ਤੋੜਨ ਦੀ ਲੋੜ ਨਹੀਂ ਸੀ? ਸਰਬੱਤ ਖਾਲਸਾ ਤੇ ਬਰਗਾੜੀ ਮੋਰਚੇ ਦੇ ਵਿਰੋਧੀਆਂ ਨੇ ਐਨੇ ਵਰ੍ਹਿਆਂ ‘ਚ ਇਸ ਖੜੋਤ ‘ਚੋਂ ਬਾਹਰ ਨਿੱਕਲਣ ਲਈ ਕਿਹੜਾ ਰਾਹ ਕੱਢਿਆ? ਜਾਂ ਇਨ੍ਹਾਂ ਦੇ ਮਹਾਨ ਦਾਨਿਸ਼ਵਰ ਅਜਮੇਰ ਸਿੰਘ ਨੇ ਪੰਥ ਨੂੰ ਕਿਹੜੀ ਸਾਰਥਕ ਨੀਤੀ ਸੁਝਾਈ?
ਅਜਿਹੇ ਮੌਕੇ ਲੋੜ ਸੀ ਕਿ ਪੰਥਕ ਸਰੋਕਾਰ ਰੱਖਣ ਵਾਲੇ ਸਮੂਹ ਵਿਦਵਾਨ ਅਤੇ ਸਿਆਸੀ ਕਾਰਕੁਨ ਬਰਗਾੜੀ ਮੋਰਚੇ ਦੇ ਨਾਲ ਹੋ ਕੇ ਖੜ੍ਹੇ ਰਹਿੰਦੇ। ਇਹ ਵਿਚਾਰਾਂ ਸ਼ੂਰੂ ਕੀਤੀਆਂ ਜਾਂਦੀਆਂ ਕਿ ਇਸ ਲਾਮਿਸਾਲ ਜਨਤਕ ਉਭਾਰ ਨੂੰ ਇੱਕ ਸੰਗਠਿਤ ਲਹਿਰ ਦਾ ਰੂਪ ਕਿਵੇਂ ਦੇਣਾ ਹੈ? ਇਹ ਸੋਚਣ ਦੀ ਲੋੜ ਸੀ ਕਿ ਸਰਕਾਰੀ ਤੰਤਰ ਇਸ ਲਹਿਰ ਨੂੰ ਸਾਬੋਤਾਜ ਕਰਨ ਲਈ ਕਿਸ ਕਿਸਮ ਦੇ ਕੂਟਨੀਤਕ ਅਤੇ ਜਾਬਰਾਨਾ ਹੱਥਕੰਡੇ ਅਪਨਾਏਗਾ? ਲਹਿਰ ਦੇ ਸੰਚਾਲਕਾਂ ਨਾਲ ਸਰਕਾਰ ਕੀ ਕਰੇਗੀ ਅਤੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਲਈ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾਣਗੀਆਂ? ਇਸ ਸਬੰਧ ਵਿਚ ਹਿੰਦੁਸਤਾਨ ਦਾ ਮੀਡੀਆ ਕੀ ਭੂਮਿਕਾ ਨਿਭਾਏਗਾ ਤੇ ਉਸ ਦਾ ਮੁਕਾਬਲਾ ਕਿਵੇਂ ਕਰਨਾ ਹੈ? ਇਨ੍ਹਾਂ ਸਾਰੇ ਕੰਮਾਂ ਲਈ ਵੱਖ-ਵੱਖ ਕਿਸਮ ਦੀ ਸਮਰੱਥਾ ਅਤੇ ਹੁਨਰ ਰੱਖਣ ਵਾਲੇ ਮਨੁੱਖੀ ਸਰੋਤਾਂ ਦੀ ਲੋੜ ਸੀ। ਅਜਿਹੇ ਕਾਬਲ ਕਾਰਕੁਨ, ਜੋ ਭਰੋਸੇਮੰਦ ਵੀ ਹੋਣ, ਪੰਜਾਬ ਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਿਚੋਂ ਲੱਭਣ ਦੀ ਲੋੜ ਸੀ। ਇਸ ਤੋਂ ਬਾਅਦ ਅੱਡ-ਅੱਡ ਖੇਤਰਾਂ ਵਿਚ ਕੰਮ ਕਰਨ ਵਾਲੇ ਬੰਦਿਆਂ ਦੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਸਨ ਤੇ ਫਿਰ ਨਿੱਠ ਕੇ ਲੋਕ-ਰਾਏ ਨੂੰ ਨਿਰੰਤਰ ਬਰਕਰਾਰ ਰੱਖਣ ਲਈ ਕੰਮ ਕਰਨਾ ਚਾਹੀਦਾ ਸੀ। ਯਾਦ ਰਹੇ, ਅੱਜ ਦੇ ਜੁਗ ਵਿਚ ਲੜਾਈ ਹੈ ਹੀ ਲੋਕ-ਰਾਏ ਦੀ। ਸਰਕਾਰੀ ਵਸੀਲੇ ਬੇਪਨਾਹ ਹਨ। ਮੁੱਖ-ਧਾਰਾਈ ਹਿੰਦੂ ਮੀਡੀਆ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਹਰ ਵਾਰ ਭਾਰਤੀ ਹਕੂਮਤ ਅੰਨ੍ਹੇ ਪ੍ਰਚਾਰ, ਜਬਰ ਤੇ ਅਨੇਕ ਹੋਰ ਹੱਥਕੰਡੇ ਅਪਨਾ ਕੇ ਲੋਕ-ਰਾਏ ਨੂੰ ਭੰਬਲਭੂਸੇ ਦਾ ਸ਼ਿਕਾਰ ਬਣਾਉਣ ਵਿਚ ਸਫਲ ਹੋ ਜਾਂਦੀ ਹੈ।
ਪਰ ਉਪਰੋਕਤ ਜਥੇਬੰਦਕ ਕਦਮ ਹੁਣ ਵੀ ਚੁੱਕੇ ਜਾ ਸਕਦੇ ਹਨ। ਪਿਛਲੀਆਂ ਸਭ ਭੁੱਲ-ਭੁਲਾ ਕੇ ਸਮੂਹ ਪੰਥ-ਦਰਦੀਆਂ ਨੂੰ ਬਰਗਾੜੀ ਮੋਰਚੇ ‘ਤੇ ਇਕੱਠੇ ਹੋਣਾ ਚਾਹੀਦਾ ਹੈ, ਅੱਡ ਹੋ ਕੇ ਨਵੇਂ ਝੰਡੇ ਨਹੀਂ ਗੱਡਣੇ ਚਾਹੀਦੇ। ਕੌਮ ਨੂੰ ਇੱਕ-ਜੁੱਟ ਕਰਕੇ ਆਜ਼ਾਦੀ ਦੀ ਲੜਾਈ ਦੇ ਰਾਹ ਤੋਰਨਾ ਚਾਹੀਦਾ ਹੈ। ਇਹ ਲੜਾਈ ਕਿਹੜੇ ਮੁੱਦਿਆਂ ਨੂੰ ਲੈ ਕੇ ਕਿਵੇਂ ਅਗਾਂਹ ਤੋਰਨੀ ਹੈ, ਇਸ ਦਾ ਫੈਸਲਾ ਪੰਜਾਬ ਦੀ ਧਰਤੀ ਉਤੇ ਮੈਦਾਨ ਵਿਚ ਜੂਝ ਰਹੇ ਖਾਲਸੇ ਨੇ ਕਰਨਾ ਹੈ। ਅਸੀਂ ਤਾਂ ਸਿਰਫ ਇਹੀ ਸਲਾਹ ਦੇ ਸਕਦੇ ਹਾਂ ਕਿ ਇਹ ਮੌਕਾ ਨਵੀਆਂ ਲੀਹਾਂ ਤੋਰ ਕੇ ਕਲੇਸ਼ ਖੜ੍ਹੇ ਕਰਨ ਦਾ ਨਹੀਂ, ਸਿਰ ਜੋੜ ਕੇ ਸਾਂਝੇ ਫੈਸਲੇ ਲੈਣ ਦਾ ਹੈ।
ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸਾਡੇ ਕੋਲ ਵਸੀਲਿਆਂ ਦੀ ਘਾਟ ਨਹੀਂ। ਦੁਨੀਆਂ ਭਰ ਵਿਚ ਫੈਲੇ ਸਿੱਖਾਂ ਕੋਲ ਹੋਰ ਸਰੋਤਾਂ ਦੇ ਨਾਲ ਪੜ੍ਹੇ-ਲਿਖੇ ਨੌਜਵਾਨਾਂ ਦੀ ਵੀ ਕੋਈ ਕਮੀ ਨਹੀਂ। ਸਾਡੀ ਘਾਟ ਸਿਰਫ ਇਹੀ ਹੈ ਕਿ ਅਸੀਂ ਆਪਣੀ ਤਾਕਤ ਨੂੰ ਸੰਗਠਿਤ ਨਹੀਂ ਕਰ ਸਕੇ। ਅੱਜ ਸਾਨੂੰ ਸੰਗਠਿਤ ਹੋ ਕੇ ਤੁਰਨ ਦੀ ਲੋੜ ਹੈ ਤੇ ਅਜਮੇਰ ਸਿੰਘ ਵਰਗੇ ਲੇਖਕਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਪੜ੍ਹਨ ਦੀ ਲੋੜ ਹੈ। ਜੇ ਸਾਡੇ ਵਿਚ ਅਜਿਹੀ ਸਮਰੱਥਾ ਨਹੀਂ ਤਾਂ ਇਸ ਨੂੰ ਵਿਕਸਿਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਯਾਦ ਰਹੇ, ਬੌਧਿਕ ਕੰਮ ਕਿਸੇ ਹੋਰ ਤੋਂ ਭਾੜੇ ‘ਤੇ ਨਹੀਂ ਕਰਵਾਇਆ ਜਾ ਸਕਦਾ, ਇਸ ਬੇੜੀ ਦੇ ਮਲਾਹ ਹਮੇਸ਼ਾ ਖੁਦ ਹੀ ਬਣਨਾ ਚਾਹੀਦਾ ਹੈ।