ਸੀ.ਬੀ.ਆਈ., ਸਰਕਾਰ ਅਤੇ ਅਦਾਲਤ

ਰਵੀਸ਼ ਕੁਮਾਰ
ਅਨੁਵਾਦ: ਬੂਟਾ ਸਿੰਘ
ਜਦੋਂ ਭਾਰਤ ਦੀ ਜਨਤਾ ਗਹਿਰੀ ਨੀਂਦ ਵਿਚ ਸੌਂ ਰਹੀ ਸੀ, ਉਦੋਂ ਦਿੱਲੀ ਪੁਲਿਸ ਦੇ ਜਵਾਨ ਆਪਣੇ ਬੂਟਾਂ ਦੇ ਤਸਮੇ ਕੱਸ ਰਹੇ ਸਨ। ਬੇਖ਼ਬਰ ਜਨਤਾ ਨੂੰ ਹੋਸ਼ ਹੀ ਨਹੀਂ ਸੀ ਕਿ ਸੀ.ਬੀ.ਆਈ. ਦੇ ਮੁੱਖ ਦਫ਼ਤਰ ਦੇ ਬਾਹਰ ਤਾਇਨਾਤ ਹੁੰਦੇ ਪੁਲਿਸ ਦੇ ਜਵਾਨਾਂ ਦੇ ਬੂਟ ਸ਼ੋਰ ਮਚਾ ਰਹੇ ਸਨ। ਲੋਕਤੰਤਰ ਨੂੰ ਕੁਚਲਣ ਵਿਚ ਬੂਟਾਂ ਦਾ ਬਹੁਤ ਯੋਗਦਾਨ ਹੈ। ਜਦੋਂ ਸੰਵਿਧਾਨ ਦੀਆਂ ਧੱਜੀਆਂ ਉਡਦੀਆਂ ਹਨ, ਉਦੋਂ ਰਾਤ ਨੂੰ ਬੂਟ ਕੱਸੇ ਜਾਂਦੇ ਹਨ।

ਪੁਲਿਸ ਦੇ ਜਵਾਨ ਸੀ.ਬੀ.ਆਈ. ਦਫ਼ਤਰ ਨੂੰ ਘੇਰਾ ਪਾ ਲੈਂਦੇ ਹਨ। ਰਾਤ ਦੇ ਪੌਣੇ ਇਕ ਵੱਜ ਰਹੇ ਹੁੰਦੇ ਹਨ। ਮੁਲਕ ਉਪਰ ਕਾਲੀ ਰਾਤ ਦਾ ਸਾਇਆ ਗਹਿਰਾ ਹੋ ਗਿਆ ਹੈ। ਇਸ ਵਕਤ ਇਕ ਅਫ਼ਸਰ ਜੋ ਸ਼ਾਇਦ ਜਾਗਦਾ ਸੀ, ਉਸ ਕੁਰਸੀ ਉਪਰ ਬੈਠਣ ਲਈ ਘਰੋਂ ਨਿਕਲਦਾ ਹੈ ਜਿਸ ਕੁਰਸੀ ਉਪਰ ਬੈਠੇ ਆਲੋਕ ਵਰਮਾ ਨੇ ਉਸ ਦੇ ਖ਼ਿਲਾਫ਼ ਸੀ.ਵੀ.ਸੀ. (ਕੇਂਦਰੀ ਚੌਕਸੀ ਕਮਿਸ਼ਨ) ਵੱਲੋਂ ਲਾਏ ਗੰਭੀਰ ਇਲਜ਼ਾਮਾਂ ਦੀ ਜਾਂਚ ਕਰਾਏ ਜਾਣ ਦੀ ਅਰਜ਼ੀ ਦਿੱਤੀ ਹੈ। ਸੀ.ਵੀ.ਸੀ. ਦੇ ਵੀ.ਚੌਧਰੀ, ਐਮ. ਨਾਗੇਸ਼ਵਰ ਰਾਓ ਨੂੰ ਸੀ.ਬੀ.ਆਈ. ਦਾ ਨਵਾਂ ਚੀਫ਼ ਬਣਾਉਣ ਦਾ ਰਸਤਾ ਸਾਫ਼ ਕਰ ਦਿੰਦੇ ਹਨ। ਨਾਗੇਸ਼ਵਰ ਰਾਓ ਆਪਣੇ ਨੰਬਰ ਵੰਨ ਚੀਫ਼ ਆਲੋਕ ਵਰਮਾ ਨੂੰ ਹਟਾਉਣ ਦਾ ਆਦੇਸ਼ ਦਿੰਦੇ ਹਨ ਜਿਸ ਨੂੰ ਛੁੱਟੀ ਉਪਰ ਭੇਜਣਾ ਕਹਿੰਦੇ ਹਨ। ਰਾਕੇਸ਼ ਅਸਥਾਨਾ ਜਿਸ ਦੀ ਗ੍ਰਿਫ਼ਤਾਰੀ ਦੀ ਇਜਾਜ਼ਤ ਮੰਗੀ ਗਈ ਸੀ, ਉਸ ਨੂੰ ਵੀ ਹਟਾ ਦਿੱਤਾ ਜਾਂਦਾ ਹੈ। ਕਾਲੀ ਰਾਤ ਦੇ ਬੰਦ ਕਮਰੇ ਵਿਚ ਬਾਰਾਂ ਅਫ਼ਸਰਾਂ ਨੂੰ ਮੁੱਖ ਦਫ਼ਤਰ ਤੋਂ ਬਾਹਰ ਭੇਜਣ ਦੇ ਆਦੇਸ਼ ਉਪਰ ਦਸਤਖ਼ਤ ਹੁੰਦੇ ਹੈ। ਉਧਰ ਨੀਂਦ ਵਿਚ ਸੁੱਤੀ ਜਨਤਾ ਕਰਵਟ ਬਦਲਦੀ ਹੈ। ਇਧਰ ਤਖ਼ਤਾ ਪਲਟ ਜਾਂਦਾ ਹੈ।
ਅਸੀਂ ਜਿਨ੍ਹਾਂ ਆਹਟਾਂ ਦੀ ਗੱਲ ਕਰਦੇ ਰਹੇ ਹਾਂ, ਉਹ ਸੁਣਾਈ ਦੇਣ, ਇਸ ਲਈ ਬੂਟਾਂ ਨੇ ਵਫ਼ਾਦਾਰੀ ਨਿਭਾਈ ਹੈ। ਹੁਣ ਤੁਹਾਡੇ ਉਪਰ ਹੈ ਕਿ ਤੁਸੀਂ ਉਨ੍ਹਾਂ ਬੂਟਾਂ ਦਾ ਇਸ਼ਾਰਾ ਸਮਝ ਸਕਦੇ ਹੋ ਜਾਂ ਨਹੀਂ। ਮਦਹੋਸ਼ ਜਨਤਾ ਅਤੇ ਗ਼ੁਲਾਮ ਮੀਡੀਆ ਅੱਖਾਂ ਬੰਦ ਕਰ ਲੈਂਦੇ ਹਨ। ‘ਦਿ ਵਾਇਰ’ ਵਿਚ ਪੱਤਰਕਾਰ ਸਵਾਤੀ ਚਤੁਰਵੇਦੀ ਨੇ ਲਿਖਿਆ ਹੈ ਕਿ ਸੀ.ਬੀ.ਆਈ. ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ ਕਿ ਇੰਸਪੈਕਟਰ ਜਨਰਲ (ਆਈ.ਜੀ.) ਨੂੰ ਚੀਫ਼ ਬਣਾ ਦਿੱਤਾ ਗਿਆ ਹੋਵੇ। ਵਰਮਾ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਕਰੀਬੀ, ਯਾਨੀ ਰਾਕੇਸ਼ ਅਸਥਾਨਾ ਦੀ ਗ੍ਰਿਫ਼ਤਾਰੀ ਦੀ ਇਜਾਜ਼ਤ ਮੰਗੀ ਸੀ ਅਤੇ ਉਹ ਰਾਫ਼ਾਲ ਸੌਦਾ ਮਾਮਲੇ ਵਿਚ ਜਾਂਚ ਦੀ ਤਰਫ਼ ਵਧਣ ਲੱਗੇ ਸਨ। ਵਕੀਲ ਪ੍ਰਸ਼ਾਂਤ ਭੂਸ਼ਨ, ਯਸ਼ਵੰਤ ਸਿਨਹਾ ਅਤੇ ਅਰੁਣ ਸ਼ੋਰੀ ਨਾਲ ਮਿਲਣੀ ਦੀ ਖ਼ਬਰ ਨਾਲ ਸਰਕਾਰ ਨੇ ਰਾਤਾਂ ਨੂੰ ਜਾਗਣਾ ਸ਼ੁਰੂ ਕਰ ਦਿੱਤਾ। ਦਿਨ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦਾ ਵਕਤ ਹੁੰਦਾ ਹੈ, ਇਸ ਲਈ ‘ਇਨਸਾਫ਼’ ਦਾ ਵਕਤ ਰਾਤ ਨੂੰ ਚੁਣਿਆ ਗਿਆ। ਅੱਧੀ ਰਾਤ ਤੋਂ ਬਾਅਦ ਜਦੋਂ ਜਦੋਂ ਸਰਕਾਰਾਂ ਜਾਗੀਆਂ ਹਨ, ਉਦੋਂ ਐਸਾ ਹੀ ‘ਇਨਸਾਫ਼’ ਹੋਇਆ ਹੈ।
ਜਨਵਰੀ 2017 ਵਿਚ ਆਲੋਕ ਵਰਮਾ ਨੂੰ ਦੋ ਸਾਲ ਲਈ ਸੀ.ਬੀ.ਆਈ. ਦਾ ਚੀਫ਼ ਬਣਾਇਆ ਗਿਆ। ਆਲੋਕ ਵਰਮਾ ਦਾ ਕਾਰਜਕਾਲ ਅਗਲੇ ਸਾਲ ਫਰਵਰੀ ਤਕ ਸੀ। ਇਸ ਚੋਣ ਵਾਲੇ ਕਾਲੀਜੀਅਮ ਵਿਚ ਭਾਰਤ ਦੇ ਚੀਫ਼ ਜਸਟਿਸ ਵੀ ਸਨ। ਜਦੋਂ ਉਸ ਨੂੰ ਹਟਾਇਆ ਗਿਆ, ਉਦੋਂ ਕੋਈ ਕਾਲਜੀਅਮ ਨਹੀਂ ਬਣਿਆ। ਚੀਫ਼ ਜਸਟਿਸ ਨੂੰ ਦੱਸਿਆ ਤਕ ਨਹੀਂ ਗਿਆ। ਜਦੋਂ ਆਲੋਕ ਵਰਮਾ ਨੂੰ ਹਟਾ ਕੇ ਨਾਗੇਸ਼ਵਰ ਰਾਓ ਨੂੰ ਚੀਫ਼ ਬਣਾਇਆ, ਉਦੋਂ ਕੋਈ ਕਾਲਜੀਅਮ ਨਹੀਂ ਬਣਾਇਆ ਗਿਆ। ਚੀਫ ਜਸਟਿਸ ਦੀ ਕੋਈ ਭੂਮਿਕਾ ਨਹੀਂ ਰਹੀ। ਆਲੋਕ ਵਰਮਾ ਨੇ ਪ੍ਰਧਾਨ ਮੰਤਰੀ ਦੇ ‘ਇਨਸਾਫ਼’ ਖ਼ਿਲਾਫ਼ ਸੁਪਰੀਮ ਕੋਰਟ ਵਿਚ ਇਨਸਾਫ਼ ਦੀ ਅਪੀਲ ਕੀਤੀ ਹੈ।
ਅਗਸਤ ਮਹੀਨੇ ਜਦੋਂ ਸੀ.ਬੀ.ਆਈ. ਲੰਡਨ ਦੀ ਅਦਾਲਤ ਵਿਚ ਆਪਣੇ ਦਸਤਾਵੇਜ਼ ਲੈ ਕੇ ਪਹੁੰਚੀ ਕਿ ਇਨ੍ਹਾਂ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਵਿਜੈ ਮਾਲਿਆ ਨੂੰ ਭਾਰਤ ਵਿਚ ਲਿਆਉਣਾ ਜ਼ਰੂਰੀ ਹੈ, ਉਦੋਂ ਉਨ੍ਹਾਂ ਸੱਤ ਗਵਾਹਾਂ ਦੇ ਬਿਆਨ ਉਪਰ ਦਸਤਖ਼ਤ ਹੀ ਨਹੀਂ ਸਨ। ਵਿਜੈ ਮਾਲਿਆ 36 ਸੂਟਕੇਸ ਲੈ ਕੇ ਭੱਜਿਆ ਸੀ। ਸਵਾਤੀ ਚਤੁਰਵੇਦੀ ਨੇ ‘ਦਿ ਵਾਇਰ’ ਵਿਚ ਇਸ ਨੂੰ ਰਿਪੋਰਟ ਕੀਤਾ ਸੀ।
ਰਾਹੁਲ ਗਾਂਧੀ ਨੇ ਦਸਤਾਵੇਜ਼ਾਂ ਸਹਿਤ ਇਲਜ਼ਾਮ ਲਗਾਇਆ ਕਿ ਜੇਤਲੀ ਦੀ ਧੀ-ਜਵਾਈ ਦੀ ਲਾਅ ਫਰਮ ਨੂੰ ਮੇਹੁਲ ਚੌਕਸੀ ਵੱਲੋਂ ਫ਼ੀਸ ਦਿੱਤੀ ਗਈ ਸੀ ਜੋ ਉਸ ਦੇ ਭੱਜਣ ਦੇ ਵਿਵਾਦ ਤੋਂ ਬਾਅਦ ਵਾਪਸ ਕਰ ਦਿੱਤੀ ਗਈ। ਨੈਤਿਕ ਸਵਾਲ ਉਠਾਇਆ ਗਿਆ ਪਰ ਤਮਾਮ ਅਖ਼ਬਾਰਾਂ ਨੇ ਇਸ ਨੂੰ ਜਨਤਾ ਤਕ ਪਹੁੰਚਣ ਤੋਂ ਰੋਕ ਦਿੱਤਾ। ਜਦੋਂ ਖ਼ਬਰਾਂ ਦੇ ਖੰਭ ਕੁਤਰੇ ਜਾਂਦੇ ਹਨ ਤਾਂ ਜਨਤਾ ਦੇ ਹੀ ਖੰਭ ਕੁਤਰੇ ਜਾ ਰਹੇ ਹੁੰਦੇ ਹਨ। ਪੈਰ ਪਰਿੰਦਿਆਂ ਦੇ ਕੱਟੇ ਜਾਂਦੇ ਹਨ ਅਤੇ ਲਹੂ ਜਨਤਾ ਦਾ ਵਗਦਾ ਹੈ।
ਰਾਕੇਸ਼ ਅਸਥਾਨਾ ਜੋ ਇਕ ਵੀਡੀਓ ਵਿਚ ਖ਼ੁਦ ਨੂੰ ਸਰਦਾਰ ਪਟੇਲ ਵਰਗਾ ਦੱਸ ਰਹੇ ਹਨ, 2016 ਵਿਚ ਆਰ.ਕੇ. ਦੱਤਾ ਨੂੰ ਹਟਾ ਕੇ ਸੀ.ਬੀ.ਆਈ. ਵਿਚ ਲਿਆਂਦੇ ਗਏ ਸਨ। ਉਨ੍ਹਾਂ ਬਾਰੇ ਆਲੋਕ ਵਰਮਾ ਨੇ ਸੁਪਰੀਮ ਕੋਰਟ ਨੂੰ ਆਪਣੀ ਫ਼ਰਿਆਦ ਵਿਚ ਕਿਹਾ ਹੈ ਕਿ ਇਹ ਆਦਮੀ ਅਫ਼ਸਰਾਂ ਦੇ ਬਹੁਮਤ ਦੇ ਫ਼ੈਸਲੇ ਦੇ ਖ਼ਿਲਾਫ਼ ਜਾ ਕੇ ਕੰਮ ਕਰਦਾ ਹੈ ਅਤੇ ਕੇਸ ਨੂੰ ਕਮਜ਼ੋਰ ਕਰਦਾ ਹੈ।
ਸਵਾਲ ਉਸ ਸੀ.ਵੀ.ਸੀ. ਨੂੰ ਹੈ, ਜਿਸ ਦੇ ਕੋਲ ਅਸਥਾਨਾ ਅਤੇ ਰਾਓ ਦੀਆਂ ਸ਼ਿਕਾਇਤਾਂ ਸਨ। ਧੀਮੀ ਗਤੀ ਦੀਆਂ ਖ਼ਬਰਾਂ ਵਾਂਗ ਕੰਮ ਕਰਨ ਨਾਲ ਸਵਾਲਾਂ ਤੋਂ ਬਚਣ ਦਾ ਮੌਕਾ ਮਿਲ ਜਾਂਦਾ ਹੈ। ਸੀ.ਵੀ.ਸੀ. ਆਪਣੇ ਫ਼ਰਜ਼ ਨੂੰ ਪੂਰਾ ਕਰਨ ਵਿਚ ਅਸਫ਼ਲ ਰਿਹਾ, ਇਸ ਲਈ ਸਭ ਤੋਂ ਪਹਿਲਾਂ ਕੇ.ਵੀ. ਚੌਧਰੀ ਨੂੰ ਬਰਖ਼ਾਸਤ ਕਰਨਾ ਚਾਹੀਦਾ ਸੀ ਪਰ ਚੌਧਰੀ ਨੇ ‘ਚੌਧਰੀ’ ਦੀ ਲਾਜ ਰੱਖ ਲਈ! ਜਦੋਂ ਅਸਥਾਨਾ ਮਾਮਲੇ ਦੀ ਸ਼ਿਕਾਇਤ ਪੁੱਜੀ ਤਾਂ ਸੀ.ਵੀ.ਸੀ. ਨੇ ਕੀ ਕੀਤਾ? ਜਾਂਚ ਸ਼ੁਰੂ ਕੀਤੀ?
ਇੰਡੀਅਨ ਐਕਸਪ੍ਰੈੱਸ ਦੇ ਸੁਸ਼ਾਂਤ ਕੁਮਾਰ ਦੀ ਖ਼ਬਰ ਹੈ। ਜਦੋਂ ਅਸਥਾਨਾ ਨੇ ਆਲੋਕ ਵਰਮਾ ਦੀ ਸ਼ਿਕਾਇਤ ਕੀਤੀ ਤਾਂ ਸੀ.ਬੀ.ਆਈ. ਤੋਂ ਦਸਤਾਵੇਜ਼ ਮੰਗੇ ਗਏ। ਸੀ.ਬੀ.ਆਈ. ਨੇ ਕਿਹਾ ਕਿ ਅਸਥਾਨਾ ਨੇ ਕੀ ਸ਼ਿਕਾਇਤ ਕੀਤੀ, ਉਹ ਤਾਂ ਦੱਸੇ, ਪਰ ਸੀ.ਵੀ.ਸੀ. ਨੇ ਨਹੀਂ ਦੱਸੀ। ਇਸ ਮਾਮਲੇ ਵਿਚ ਵਿਤ ਮੰਤਰੀ ਜੇਤਲੀ ਬਿਆਨ ਦੇ ਰਹੇ ਹਨ। ਦੋ ਅਫ਼ਸਰਾਂ ਨੇ ਇਕ ਦੂਸਰੇ ਉਪਰ ਇਲਜ਼ਾਮ ਲਗਾਏ ਹਨ। ਸੰਸਥਾ ਦਾ ਮਜ਼ਾਕ ਉਡਣ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਇਹ ਜ਼ਰੂਰੀ ਸੀ ਕਿ ਦੋਨਾਂ ਦੇ ਇਲਜ਼ਾਮਾਂ ਦੀ ਜਾਂਚ ਦੇ ਲਈ ਐਸ਼ਆਈ.ਟੀ. ਬਣਾਈ ਜਾਂਦੀ ਅਤੇ ਇਨ੍ਹਾਂ ਨੂੰ ਆਪਣੇ ਰਸੂਖ਼ ਤੋਂ ਦੂਰ ਰੱਖਿਆ ਜਾਵੇ।
ਅਸਥਾਨਾ ਕੋਰਟ ਵਿਚ ਹਨ। ਆਲੋਕ ਵਰਮਾ ਕੋਰਟ ਵਿਚ ਹਨ। ਇਕ ਡੀ.ਐਸ਼ਪੀ. ਜੇਲ ਵਿਚ ਹੈ, ਤੇ ਸਰਕਾਰ ਦਾ ਆਦਮੀ ਸੀ.ਬੀ.ਆਈ. ਦੇ ਅੰਦਰ ਹੈ। ਇਸ ਮਾਮਲੇ ਵਿਚ ਇਨਸਾਫ਼ ਹੋ ਚੁੱਕਾ ਹੈ। ਹੁਣ ਹੋਰ ਇਨਸਾਫ਼ ਦੀ ਉਮੀਦ ਨਾ ਕਰੋ। ਆਓ ਅਸੀਂ ਸਾਰੇ ਨਿਊਜ਼ ਚੈਨਲ ਦੇਖੀਏ। ਉਥੇ ਸਰਵੇ ਚੱਲ ਰਹੇ ਹਨ। ਭਾਜਪਾ ਦੀ ਸਨਾਤਨ ਜਿੱਤ ਦੇ ਐਲਾਨ ਹੋ ਰਹੇ ਹਨ। ਚੈਨਲਾਂ ਉਪਰ ਤੁਹਾਨੂੰ ਬੇਹੋਸ਼ੀ ਦਾ ਟੀਕਾ ਵੀ ਮੁਫ਼ਤ ਵਿਚ ਮਿਲ ਰਿਹਾ ਹੈ। ਆਓ ਅਸੀਂ ਸਾਰੇ ਸੰਵਿਧਾਨ ਦੇ ਬਣਾਏ ਹੋਏ ਮੰਦਰਾਂ ਨੂੰ ਢਹਿੰਦਾ ਛੱਡ ਕੇ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਉਪਰ ਬਹਿਸ ਕਰੀਏ। ਐ ਮੇਰੇ ਭਾਰਤ ਦੀ ਮਹਾਨ ਜਨਤਾ, ਜਦੋਂ ਸੰਵਿਧਾਨ ਦੇ ਬਣਾਏ ਮੰਦਰਾਂ ਨੂੰ ਤੋੜਨਾ ਹੀ ਸੀ ਤਾਂ ਆਜ਼ਾਦੀ ਲਈ ਡੇਢ ਸੌ ਸਾਲ ਦਾ ਸੰਘਰਸ਼ ਕਿਉਂ ਕੀਤਾ?