ਕਿਆਮਤ

ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਨੇ ਪਿਛਲੇ ਕੁਝ ਸਮੇਂ ਵਿਚ ਜੋ ਦਹਿਸ਼ਤਗਰਦੀ ਫੈਲਾਈ ਹੈ, ਉਸ ਨੂੰ ਜੱਗ ਜਹਾਨ ਜਾਣਦਾ ਹੈ। ਇਰਾਕ ਅਤੇ ਸੀਰੀਆ ਦੇ ਇੰਤਹਾਪਸੰਦ ਮੁਸਲਮਾਨਾਂ ਦੀ ਇਸ ਜਥੇਬੰਦੀ ਦੇ ਜ਼ੁਲਮਾਂ ਕਰਕੇ ਇਰਾਕ ਅਤੇ ਸੀਰੀਆ ਤੋਂ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਹੋਰਨਾਂ ਮੁਲਕਾਂ ਵਿਚ ਜਾ ਕੇ ਸ਼ਰਨ ਲੈਣੀ ਪਈ।

ਇਰਾਕ ਵਿਚ ਇਕ ਛੋਟਾ ਜਿਹਾ ਅਕੀਦਾ ਜਾਂ ਕਬੀਲਾ ਜਾਜ਼ੀਦੀ ਹੈ, ਜਿਸ ਦੇ ਪੈਰੋਕਾਰ ਆਪਣੇ ਅਕੀਦੇ ਦੇ ਬਹੁਤ ਪੱਕੇ ਹਨ। ਸਦੀਆਂ ਤੋਂ ਉਹ ਹੋਰਨਾਂ ਅਕੀਦਿਆਂ ਦੇ ਲੋਕਾਂ, ਖਾਸ ਕਰ ਸੁੰਨੀ ਮੁਸਲਮਾਨਾਂ ਦਾ ਜ਼ੁਲਮ ਸਹਿੰਦੇ ਆ ਰਹੇ ਹਨ ਕਿਉਂਕਿ ਉਹ ਆਪਣੇ ਅਕੀਦੇ ਦੇ ਬਹੁਤ ਪੱਕੇ ਹਨ ਅਤੇ ਮਜਹਬ ਬਦਲਣ ਦੀ ਥਾਂ ਮੌਤ ਕਬੂਲ ਕਰਨ ਨੂੰ ਪਹਿਲ ਦਿੰਦੇ ਹਨ। ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਉਨ੍ਹਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੀ ਹੋ ਗਈ ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ। ਇਸ ਨਾਵਲ ਦੀ ਮੁੱਖ ਪਾਤਰ ਨੇ ਆਈ. ਐਸ਼ ਆਈ. ਐਸ਼ ਦੇ ਦਹਿਸ਼ਤਗਰਦਾਂ ਦੇ ਜ਼ੁਲਮਾਂ ਦੀ ਜੋ ਗਾਥਾ ਸੁਣਾਈ ਹੈ, ਉਹ ਸੁਣ ਕੇ ਤਾਂ ਬੰਦੇ ਦੇ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਹੈ, ਇਹ ਤਾਂ ਕਿਆਮਤ ਹੈ, ਕਿਆਮਤ! ਲੇਖਕ ਹਰਮੋਹਿੰਦਰ ਚਾਹਲ ਨੇ ਜ਼ੁਲਮਾਂ ਦੀ ਇਹ ਗਾਥਾ ਮੁੱਖ ਪਾਤਰ ਆਸਮਾ ਦੇ ਜ਼ੁਬਾਨੀ ਬੜੇ ਮਾਰਮਿਕ ਢੰਗ ਨਾਲ ਬਿਆਨੀ ਹੈ। -ਸੰਪਾਦਕ

ਹਰਮੋਹਿੰਦਰ ਚਾਹਲ
ਫੋਨ: 703-362-3239

ਜਿਉਂ ਹੀ ਕਾਰ ਘਰੋਂ ਬਾਹਰ ਨਿਕਲੀ, ਮੇਰਾ ਕਾਲਜਾ ਹੇਠਾਂ ਨੂੰ ਬਹਿ ਗਿਆ। ਇਹ ਨਹੀਂ ਕਿ ਪਹਿਲਾਂ ਮੈਂ ਕੋਈ ਚੰਗੀ ਜ਼ਿੰਦਗੀ ਜਿਉਂ ਰਹੀ ਸਾਂ ਤੇ ਹੁਣ ਇਥੋਂ ਜਾਣ ਦਾ ਅਫਸੋਸ ਸੀ, ਸਗੋਂ ਇਸ ਲਈ ਕਿ ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਪਤਾ ਲੱਗਾ, ਬਈ ਮੈਨੂੰ ਸੀਰੀਆ ਭੇਜਿਆ ਜਾ ਰਿਹਾ ਹੈ। ਭਾਵੇਂ ਪਹਿਲਾਂ ਹੀ ਬੜਾ ਨਰਕ ਭੋਗ ਰਹੀ ਸਾਂ ਪਰ ਇਕ ਉਮੀਦ ਸੀ ਕਿ ਸ਼ਾਇਦ ਮੈਂ ਇਨ੍ਹਾਂ ਲੋਕਾਂ ਦੇ ਚੁੰਗਲ ‘ਚੋਂ ਬਚ ਕੇ ਨਿਕਲਣ ਵਿਚ ਸਫਲ ਹੋ ਜਾਵਾਂ। ਮੈਂ ਪਹਿਲਾਂ ਕੋਸ਼ਿਸ਼ਾਂ ਕਰ ਚੁਕੀ ਸਾਂ ਪਰ ਕਾਮਯਾਬ ਨਾ ਹੋਈ। ਉਂਜ ਭੱਜਣ ਦੀ ਕੋਸ਼ਿਸ਼ ਕਰਕੇ ਜੋ ਸਜ਼ਾ ਮੈਨੂੰ ਮਿਲੀ, ਉਸ ਨੂੰ ਯਾਦ ਕਰਕੇ ਹੀ ਕੰਬਣੀ ਛਿੜਦੀ ਹੈ। ਹੋਰ ਕੋਈ ਰਾਹ ਵੀ ਤਾਂ ਨਹੀਂ ਸੀ ਦਿੱਸਦਾ, ਇਸ ਨਰਕ ‘ਚੋਂ ਬਚਣ ਦਾ। ਬਸ ਇਹੋ ਇਕ ਰਾਹ ਸੀ।
ਵੈਸੇ ਅਜੇ ਤਾਂ ਇਹ ਵੀ ਨਹੀਂ ਸੀ ਪਤਾ ਕਿ ਭੱਜ ਕੇ ਜਾਵਾਂਗੀ ਕਿੱਥੇ? ਇੰਨੇ ਵੱਡੇ ਸ਼ਹਿਰ ਮੋਸਲ ਵਿਚ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨਹੀਂ ਸਾਂ। ਨਾ ਹੀ ਇਹ ਪਤਾ ਸੀ ਕਿ ਇੱਥੋਂ ਮੇਰਾ ਘਰ ਕਿੰਨੀ ਦੂਰ ਹੈ? ਘਰ..?
ਘਰ ਤਾਂ ਬਹੁਤ ਦੂਰ ਰਹਿ ਗਿਆ ਸੀ। ਮੇਰਾ ਘਰ, ਮੇਰਾ ਪਿੰਡ ‘ਲਗਾਸ਼’। ਇਰਾਕ ਦੇ ਧੁਰ ਉਤਰ ਵਿਚ ਪੈਂਦਾ ਲਗਾਸ਼, ਜਿੱਥੇ ਮੈਂ ਜੰਮੀ ਪਲੀ, ਜਵਾਨ ਹੋਈ, ਜਿੱਥੋਂ ਦੀ ਮਿੱਟੀ ਦੀ ਖੁਸ਼ਬੂ ਮੇਰੇ ਹਰ ਸਾਹ ਵਿਚ ਵਸੀ ਹੋਈ ਹੈ। ਅਸੀਂ ਤੇ ਸਾਰਾ ਪਿੰਡ ਮੌਜਾਂ ਮਾਣਦੇ ਸੀ, ਪਰ ਜਿਉਂ ਹੀ ਆਈ. ਐਸ਼ ਆਈ. ਐਸ਼ ਨੇ ਪਿੰਡ ‘ਤੇ ਕਬਜ਼ਾ ਕੀਤਾ, ਅਸੀਂ ਸਾਰਾ ਪਿੰਡ ਉਨ੍ਹਾਂ ਨੂੰ ਦੁਸ਼ਮਣ ਲੱਗਣ ਲੱਗੇ। ਆਈ. ਐਸ਼ ਆਈ. ਐਸ਼ ਯਾਨਿ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ। ਇਸ ਨੂੰ ਪੇਂਡੂ ਲੋਕ ਸਿਰਫ ਇਸਲਾਮਕ ਸਟੇਟ ਵਾਲੇ ਹੀ ਕਹਿੰਦੇ ਸਨ।
ਸਾਡਾ ਸਾਰਾ ਪਿੰਡ ਜਾਜ਼ੀਦੀ ਧਰਮ ਨਾਲ ਸਬੰਧਤ ਸੀ ਤੇ ਇਸਲਾਮਕ ਸਟੇਟ ਵਾਲੇ ਜਾਜ਼ੀਦੀ ਲੋਕਾਂ ਨੂੰ ਕਾਫਰ ਕਹਿੰਦੇ ਸਨ। ਸਾਨੂੰ ਤਾਂ ਪਹਿਲਾਂ ਇਸਲਾਮਕ ਸਟੇਟ ਵਾਲਿਆਂ ਬਾਰੇ ਵੀ ਬਹੁਤਾ ਪਤਾ ਨਹੀਂ ਸੀ। ਦੂਰ ਦੁਰਾਡੇ ਦੇ ਪਿੰਡਾਂ ਵਿਚ ਵਸਦੇ ਲੋਕਾਂ ਨੂੰ ਕੀ ਪਤਾ ਸੀ ਕਿ ਰਾਜਨੀਤੀ ਵਿਚ ਕੀ ਹੋ ਰਿਹਾ ਹੈ? ਅਸੀਂ ਤਾਂ ਖੇਤੀਬਾੜੀ ਕਰਦੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਭੋਲੇ-ਭਾਲੇ ਪੇਂਡੂ ਲੋਕ ਸਾਂ। ਪਰ ਜਦੋਂ ਨਿੱਤ ਦਿਨ ਇਸਲਾਮਕ ਸਟੇਟ ਮਜ਼ਬੂਤ ਹੁੰਦੀ ਗਈ ਤਾਂ ਲਗਾਸ਼ ਵਰਗੇ ਦੂਰ ਦੁਰਾਡੇ ਦੇ ਪਿੰਡਾਂ ਵਿਚ ਵੀ ਭੈਅ ਫੈਲ ਗਿਆ। ਜਦੋਂ ਇਸਲਾਮਕ ਸਟੇਟ ਵਾਲੇ ਸਾਡੇ ਨੇੜਲੇ ਸ਼ਹਿਰ ਸਿੰਜਾਰ ਆ ਪਹੁੰਚੇ ਅਤੇ ਉਥੇ ਉਨ੍ਹਾਂ ਜਾਜ਼ੀਦੀ ਲੋਕਾਂ ਦਾ ਵੱਡੇ ਪੱਧਰ ‘ਤੇ ਕਤਲੇਆਮ ਕੀਤਾ ਤਾਂ ਸਾਡਾ ਪਿੰਡ ਆਪਣੀ ਹੋਣੀ ਚਿਤਵਦਾ ਭੈਅ ਦੇ ਸਾਏ ਹੇਠ ਰਹਿਣ ਲੱਗਾ।
ਫਿਰ ਇਕ ਦਿਨ ਉਹ ਸਾਡੇ ਤੱਕ ਵੀ ਪਹੁੰਚ ਗਏ। ਉਹ ਦਿਨ ਕਦੇ ਨਹੀਂ ਭੁੱਲਦਾ ਜਦੋਂ ਉਨ੍ਹਾਂ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆਂਦਾ। ਸਕੂਲ ਵਿਚ ਲਿਜਾ ਕੇ ਔਰਤਾਂ ਨੂੰ ਬੰਦਿਆਂ ਤੋਂ ਵੱਖ ਕਰ ਲਿਆ। ਥੋੜ੍ਹੀ ਦੇਰ ਪਿੱਛੋਂ ਹੀ ਬੰਦਿਆਂ ਨੂੰ ਟਰੱਕਾਂ ਵਿਚ ਚੜ੍ਹਾ ਕੇ ਪਿੰਡੋਂ ਚੜ੍ਹਦੇ ਵਲ ਲੈ ਗਏ। ਪਿੱਛੋਂ ਔਰਤਾਂ ਨੂੰ ਵੀ ਟਰੱਕਾਂ ‘ਚ ਲੱਦ ਕੇ ਲੈ ਤੁਰੇ। ਸਾਡਾ ਸਾਰਾ ਪਰਿਵਾਰ ਖਿੱਲਰ ਗਿਆ। ਖਬਰੇ ਕੌਣ ਉਨ੍ਹਾਂ ਦੇ ਜ਼ੁਲਮ ਦੀ ਭੇਟ ਚੜ੍ਹ ਗਿਆ ਤੇ ਕੌਣ ਬਚਿਆ? ਪਹਿਲਾਂ ਅਸੀਂ ਤਿੰਨ ਭੈਣਾਂ ਇਕੱਠੀਆਂ ਸੀ ਤੇ ਫਿਰ ਸਾਨੂੰ ਵੀ ਨਿਖੇੜ ਦਿੱਤਾ ਗਿਆ। ਪਤਾ ਨਹੀਂ ਦੂਜੀਆਂ ਦਾ ਕੀ ਬਣਿਆਂ? ਇੱਧਰ ਮੈਂ ਇਕੱਲੀ ਉਸ ਦਿਨ ਦੀ ਨਰਕ ਭੋਗਦੀ ਫਿਰਦੀ ਹਾਂ। ਇਕ ਥਾਂ ਤੋਂ ਦੂਜੀ ਤੇ ਦੂਜੀ ਤੋਂ ਤੀਜੀ, ਹੁਣ ਤਾਂ ਇਹ ਵੀ ਯਾਦ ਨਹੀਂ ਕਿ ਕਿੰਨਾ ਚਿਰ ਹੋ ਗਿਆ, ਇਹ ਨਰਕ ਭਰੀ ਜ਼ਿੰਦਗੀ ਜਿਉਂਦਿਆਂ। ਬਸ ਇਕੋ ਉਮੀਦ ਸੀ ਕਿ ਸ਼ਾਇਦ ਕਦੇ ਇਨ੍ਹਾਂ ਦੇ ਚੁੰਗਲ ‘ਚੋਂ ਬਚ ਨਿਕਲਣ ਦਾ ਮੌਕਾ ਮਿਲ ਜਾਵੇ। ਪਰ ਹੁਣ ਇਹ ਉਮੀਦ ਵੀ ਖਤਮ ਹੁੰਦੀ ਦਿਸਦੀ ਸੀ, ਕਿਉਂਕਿ ਇਨ੍ਹਾਂ ਦੇ ਇਰਾਦਿਆਂ ਦਾ ਪਤਾ ਲੱਗ ਗਿਆ ਸੀ। ਇਹ ਤਾਂ ਫਿਰ ਵੀ ਆਪਣਾ ਮੁਲਕ ਹੈ, ਜਿੱਥੋਂ ਕੋਈ ਉਮੀਦ ਹੋ ਸਕਦੀ ਹੈ ਪਰ ਸੀਰੀਆ ਤੋਂ ਬਚ ਕੇ ਆਉਣਾ ਤਾਂ ਸੋਚਿਆ ਹੀ ਨਹੀਂ ਜਾ ਸਕਦਾ ਸੀ।
ਕਾਰ ਘਰੋਂ ਨਿਕਲ ਕੇ ਨੇੜਲੀ ਸੜਕ ਚੜ੍ਹ ਗਈ। ਮੈਥੋਂ ਬਿਨਾ ਕਾਰ ਵਿਚ ਹਾਜੀ ਅਮਰ ਸੀ। ਇਹ ਮੇਰਾ ਨਵਾਂ ਮਾਲਕ ਸੀ। ਇਸ ਤੋਂ ਪਹਿਲਾਂ ਮੈਨੂੰ ਡਾਕਟਰ ਇਕਬਾਲ ਨੇ ਖਰੀਦਿਆ ਸੀ। ਉਸ ਤੋਂ ਪਹਿਲਾਂ ਮੇਰਾ ਮਾਲਕ ਅਬੂ ਜਮਾਇਆ ਸੀ। ਅਬੂ ਜਮਾਇਆ ਤੋਂ ਪਹਿਲਾਂ ਕੋਈ ਹੋਰ। ਇਹ ਸੂਚੀ ਲੰਬੀ ਹੈ। ਇਹ ਹੁਣ ਵਾਲਾ ਮਾਲਕ ਮੇਰੇ ਵਰਗੀਆਂ ਗੁਲਾਮ ਕੁੜੀਆਂ ਨੂੰ ਅੱਗੇ ਸੀਰੀਆ ਨੂੰ ਭੇਜਣ ਵਾਲੇ ਗਰੁੱਪ ਦਾ ਮੁਖੀ ਸੀ। ਕਾਰ ਭੱਜੀ ਜਾ ਰਹੀ ਸੀ। ਮੈਂ ਤਾਕੀਆਂ ‘ਚੋਂ ਬਾਹਰ ਵੇਖਿਆ। ਹਰ ਪਾਸੇ ਲੜਾਈ ਦੀ ਬਰਬਾਦੀ ਦਿੱਸ ਰਹੀ ਸੀ। ਸੜਕ ਕਿਨਾਰੇ ਸੜੇ ਹੋਏ ਵਾਹਨ ਥਾਂ ਥਾਂ ਖਿੱਲਰੇ ਪਏ ਸਨ। ਕਈ ਥਾਂਈਂ ਸਾਫ ਦਿੱਸਦਾ ਸੀ ਕਿ ਇਹ ਬਰਬਾਦੀ ਅਮਰੀਕਨ ਬੰਬਾਰ ਜਹਾਜਾਂ ਨੇ ਕੀਤੀ ਹੈ।
ਅਜੇ ਕੁਝ ਹੀ ਦੇਰ ਪਹਿਲਾਂ ਮੋਸਲ ਸ਼ਹਿਰ ਉਪਰ ਇਰਾਕੀ ਸਰਕਾਰ ਦਾ ਪੂਰਨ ਕਬਜ਼ਾ ਸੀ। 2014 ਤੱਕ ਇਸਲਾਮਕ ਸਟੇਟ ਵਾਲੇ ਅਜੇ ਅੰਦਰੇ ਅੰਦਰ ਤਿਆਰ ਹੋ ਰਹੇ ਸਨ। ਫਿਰ ਉਹ ਇਕਦਮ ‘ਅਲੀ ਅਲੀ’ ਕਰਕੇ ਪੈ ਗਏ। ਇਰਾਕੀ ਫੌਜ ਇਕ ਇਕ ਕਰਕੇ ਵੱਡੇ ਇਲਾਕੇ ਹਾਰਦੀ ਗਈ। ਮੋਸਲ ਸ਼ਹਿਰ ਦੇ ਕਬਜ਼ੇ ਲਈ ਬੜੀ ਗਹਿਗੱਚ ਲੜਾਈ ਹੋਈ। ਆਖਰ ਇਸਲਾਮਕ ਸਟੇਟ ਵਾਲਿਆਂ ਨੇ ਇੱਥੇ ਕਬਜਾ ਕਰ ਲਿਆ। ਜਿਉਂ ਹੀ ਸ਼ਹਿਰ ਉਨ੍ਹਾਂ ਦੇ ਕਬਜ਼ੇ ਹੇਠ ਆਇਆ, ਲੋਕਾਂ ਨੇ ਭਾਰੀ ਬਰਬਾਦੀ ਵੇਖੀ। ਜੇ ਕੋਈ ਬਚਿਆ ਤਾਂ ਉਹ ਸੁੰਨੀ ਮੁਸਲਮਾਨ ਸਨ। ਨਹੀਂ ਤਾਂ ਕੀ ਕ੍ਰਿਸ਼ਚੀਅਨ, ਕੀ ਸ਼ੀਆ ਮੁਸਲਮਾਨ ਤੇ ਕੀ ਜਾਜ਼ੀਦੀ। ਇਨ੍ਹਾਂ ‘ਚੋਂ ਸ਼ਹਿਰ ਵਿਚ ਕੋਈ ਵੀ ਨਾ ਬਚਿਆ। ਜਿਹੜੇ ਪਹਿਲੀਆਂ ਵਿਚ ਭੱਜ ਗਏ, ਉਹ ਜਾਨਾਂ ਬਚਾ ਗਏ ਪਰ ਪਿੱਛੋਂ ਸਭ ਨੂੰ ਇਸਲਾਮਕ ਸਟੇਟ ਵਾਲਿਆਂ ਨੇ ਮਾਰ ਮੁਕਾਇਆ। ਮਾਰਿਆ ਵੀ ਬੜੇ ਭੈੜੇ ਤਰੀਕੇ ਨਾਲ ਜਾਂਦਾ ਸੀ। ਲੋਕਾਂ ਨੂੰ ਵੱਡੇ ਵੱਡੇ ਟੋਇਆਂ ‘ਚ ਇਕੱਠੇ ਕਰਕੇ ਉਪਰੋਂ ਗੋਲੀਆਂ ਨਾਲ ਭੁੰਨ ਕੇ ਟੋਏ ਬੰਦ ਕਰ ਦਿੱਤੇ ਜਾਂਦੇ ਸਨ। ਜਾਂ ਘਰਾਂ ‘ਚ ਹੀ ਲੋਕਾਂ ਨੂੰ ਬੰਦ ਕਰਕੇ ਉਪਰੋਂ ਤੇਲ ਛਿੜਕ ਕੇ ਅੱਗ ਨਾਲ ਸਾੜ ਦਿੱਤਾ ਜਾਂਦਾ। ਕੀ ਕੀ ਜ਼ੁਲਮ ਨਹੀਂ ਹੋਏ…।
ਇੰਨੇ ਨੂੰ ਕਾਰ ਕਿਸੇ ਚੈਕ ਪੁਆਇੰਟ ‘ਤੇ ਪਹੁੰਚ ਗਈ। ਆਲੇ ਦੁਆਲੇ ਦਰਜਨਾਂ ਇਸਲਾਮਕ ਸਟੇਟ ਵਾਲੇ ਕਾਲੀਆਂ ਵਰਦੀਆਂ ਪਹਿਨੀ, ਨੱਕ ਤੱਕ ਮੂੰਹ ਢਕੀ ਤੇ ਹੱਥਾਂ ‘ਚ ਕੈਲਾਸ਼ਨਿਕੋਵ ਰਾਈਫਲਾਂ ਫੜ੍ਹੀ ਆਲੇ ਦੁਆਲੇ ਘੁੰਮ ਰਹੇ ਸਨ। ਚੈਕ ਪੁਆਇੰਟ ਦੀ ਇਮਾਰਤ ਉਪਰ ਇਸਲਾਮਕ ਸਟੇਟ ਵਾਲਿਆਂ ਦੇ ਝੰਡੇ ਝੂਲ ਰਹੇ ਸਨ, ਜੋ ਅੱਧੇ ਕਾਲੇ ਅਤੇ ਅੱਧੇ ਚਿੱਟੇ ਰੰਗ ਦੇ ਸਨ। ਹਾਜੀ ਅਮਰ ਨੇ ਇਕ ਕਤਾਰ ‘ਚ ਜਾਂਦਿਆਂ ਕਾਰ ਬੂਥ ਦੇ ਕੋਲ ਲਾ ਲਈ। ਇੰਨੇ ਨੂੰ ਕੋਈ ਅੰਦਰੋਂ ਆਇਆ ਤੇ ਉਸ ਨੇ ਹਾਜੀ ਅਮਰ ਨਾਲ ਗੱਲ ਕੀਤੀ। ਉਹ ਹਾਜੀ ਅਮਰ ਨੂੰ ਜਾਣਦਾ ਸੀ। ਕਾਰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਅਗਾਂਹ ਸੜਕ ਪੈਂਦਿਆਂ ਕਾਰ ਫਿਰ ਤੇਜ਼ ਹੋ ਗਈ। ਆਲੇ ਦੁਆਲੇ ਸੁੰਨਸਾਨ ਸੀ।
ਜਿੱਥੋਂ ਚੱਲ ਕੇ ਆਏ ਸੀ, ਉਥੇ ਸੰਘਣੀ ਆਬਾਦੀ ਸੀ। ਉਸ ਦੇ ਕੁਝ ਦੇਰ ਪਿੱਛੋਂ ਆਬਾਦੀ ਘਟ ਗਈ ਅਤੇ ਖੁੱਲ੍ਹਾ ਇਲਾਕਾ ਆ ਗਿਆ। ਵਾਹਵਾ ਦੇਰ ਬਾਅਦ ਆਲੇ ਦੁਆਲੇ ਕਿਧਰੇ ਕਿਧਰੇ ਕੋਈ ਮਕਾਨ ਨਜ਼ਰੀ ਪੈਂਦਾ। ਇੰਨੇ ਨੂੰ ਮੇਰਾ ਚਿੱਤ ਖਰਾਬ ਹੋਣ ਲੱਗ ਪਿਆ। ਸਵੇਰ ਦਾ ਖਾਧਾ ਵੀ ਕੁਝ ਨਹੀਂ ਸੀ ਤੇ ਉਂਜ ਵੀ ਸਫਰ ਵੇਲੇ ਮੈਨੂੰ ਤੇਲ ਚੜ੍ਹਦਾ ਸੀ। ਘੁਮੇਰ ਜਿਹੀ ਪੈਂਦੀ ਤੇ ਫਿਰ ਇਕਦਮ ਉਲਟੀ ਆ ਜਾਂਦੀ। ਹੁਣ ਵੀ ਮੈਨੂੰ ਉਵੇਂ ਹੀ ਹੋ ਰਿਹਾ ਸੀ। ਮੈਂ ਉਸ ਨੂੰ ਕਾਰ ਰੋਕਣ ਦੀ ਬੇਨਤੀ ਕੀਤੀ। ਉਸ ਨੇ ਕਾਰ ਇਕ ਪਾਸੇ ਰੋਕ ਦਿੱਤੀ ਤੇ ਮੈਂ ਭੱਜ ਕੇ ਉਤਰਦਿਆਂ ਸੜਕ ਦੇ ਕਿਨਾਰੇ ਜਾ ਬੈਠੀ। ਜ਼ੋਰ ਦੀ ਉਲਟੀ ਆਈ। ਕੁਝ ਦੇਰ ਪਿੱਛੋਂ ਜ਼ਰਾ ਸਾਵਾਂ ਹੁੰਦਿਆਂ ਮੈਂ ਵਾਪਸ ਕਾਰ ‘ਚ ਆ ਬੈਠੀ। ਦਸ ਪੰਦਰਾਂ ਮਿੰਟ ਹੀ ਗੁਜ਼ਰੇ ਸਨ ਕਿ ਉਲਟੀ ਦੀ ਹਾਜਤ ਫਿਰ ਹੋਈ। ਮੈਂ ਹਾਜੀ ਅਮਰ ਨੂੰ ਕਾਰ ਰੋਕਣ ਨੂੰ ਕਿਹਾ ਤਾਂ ਉਸ ਨੇ ਗਾਲ੍ਹ ਕੱਢਦਿਆਂ ਕਾਰ ਰੋਕ ਦਿੱਤੀ। ਮੈਂ ਸੜਕ ਕਿਨਾਰੇ ਉਲਟੀ ਕਰਕੇ ਡਿਗਦੀ ਢਹਿੰਦੀ ਕਾਰ ਵਿਚ ਆ ਬੈਠੀ। ਹਾਜੀ ਅਮਰ ਨੇ ਘੂਰ ਕੇ ਮੇਰੇ ਵਲ ਵੇਖਿਆ ਅਤੇ ਨਾਲ ਹੀ ਤਾੜਨਾ ਕੀਤੀ, “ਜੇ ਹੁਣ ਰੋਕਣ ਨੂੰ ਕਿਹਾ ਤਾਂ ਮੈਂ ਕਾਰ ਨ੍ਹੀਂ ਰੋਕਣੀ।”
“ਮੇਰਾ ਕੀ ਕਸੂਰ ਐ, ਜਦੋਂ ਉਲਟੀ ਆਉਂਦੀ ਐ ਤਾਂ ਮੈਂ ਕੀ ਕਰਾਂ?” ਮੈਂ ਮਜਬੂਰੀ ਦੱਸੀ।
“ਬਹੁਤੀ ਬਕ ਬਕ ਨਾ ਕਰ। ਮਾਰ ਮਾਰ ਬੂਥਾ ਭੰਨ ਦੂੰ।” ਇੰਨਾ ਕਹਿ ਉਹ ਅੱਖਾਂ ਕੱਢਦਾ ਕਾਰ ਚਲਾਉਂਦਾ ਰਿਹਾ। ਘੰਟਾ ਭਰ ਪਿੱਛੋਂ ਫਿਰ ਤੋਂ ਆਬਾਦੀ ਸ਼ੁਰੂ ਹੋ ਗਈ। ਪਰ ਇਹ ਬਹੁਤੀ ਸੰਘਣੀ ਨਹੀਂ ਸੀ। ਲੱਗਦਾ ਸੀ ਕਿ ਇਹ ਮੋਸਲ ਸ਼ਹਿਰ ਦਾ ਪੱਛਮ ਵਾਲਾ ਪਾਸਾ ਸੀ। ਵਿਚ ਵਿਚਾਲੇ ਸੜੇ ਹੋਏ ਮਕਾਨ ਦਿੱਸ ਰਹੇ ਸਨ। ਅੱਗੇ ਜਾ ਕੇ ਸੜਕ ਦੇ ਦੋਹੀਂ ਪਾਸੀਂ ਜ਼ਿਆਦਾ ਘਰ ਦਿੱਸਣ ਲੱਗੇ। ਇੰਨੇ ਨੂੰ ਹਾਜੀ ਅਮਰ ਨੇ ਕਾਰ ਮੁੱਖ ਸੜਕ ਤੋਂ ਉਤਾਰ ਕੇ ਅੱਗੇ ਛੋਟੀ ਸੜਕ ਵਲ ਮੋੜ ਲਈ। ਫਿਰ ਗਲੀਆਂ ਸ਼ੁਰੂ ਹੋ ਗਈਆਂ। ਕਈ ਗਲੀਆਂ ਦੇ ਮੋੜ ਕੱਟਣ ਪਿੱਛੋਂ ਕਾਰ ਇਕ ਘਰ ਅੱਗੇ ਜਾ ਰੁਕੀ। ਹਾਜੀ ਅਮਰ ਆਪ ਉਤਰ ਕੇ ਗਿਆ ਤੇ ਜਾ ਕੇ ਅੰਦਰੋਂ ਦਰਵਾਜਾ ਖੋਲ੍ਹਿਆ। ਫਿਰ ਉਸ ਨੇ ਕਾਰ ਗੈਰਾਜ ਵਿਚ ਲਾਉਂਦਿਆਂ ਮੈਨੂੰ ਬਾਹੋਂ ਫੜ੍ਹ ਖਿੱਚਿਆ ਤੇ ਉਪਰ ਵਲ ਨੂੰ ਲੈ ਤੁਰਿਆ। ਦੂਸਰੀ ਮੰਜ਼ਲ ‘ਤੇ ਲਿਜਾ ਕੇ ਉਸ ਨੇ ਇਕ ਕਮਰੇ ਦਾ ਬੂਹਾ ਖੋਲ੍ਹ ਕੇ ਮੈਨੂੰ ਅੰਦਰ ਧੱਕ ਦਿੱਤਾ। ਮੈਂ ਬੈਡ ‘ਤੇ ਜਾ ਡਿੱਗੀ। ਫਿਰ ਬਾਹਰੋਂ ਦਰਵਾਜਾ ਬੰਦ ਹੋਣ ਦੀ ਆਵਾਜ਼ ਆਈ ਤਾਂ ਮੈਂ ਭੱਜ ਕੇ ਨੇੜੇ ਹੁੰਦਿਆਂ ਬੰਦ ਦਰਵਾਜਾ ਅੰਦਰੋਂ ਖੜਕਾਉਣ ਲੱਗੀ। ਨਾਲ ਹੀ ਮਿੰਨਤਾਂ ਕਰ ਰਹੀ ਸਾਂ, “ਹਾਜੀ, ਹਾੜੇ ਮੈਨੂੰ ਬਾਹਰ ਕੱਢ। ਮੈਂ ਬਾਥਰੂਮ ਜਾਣਾ ਐਂ।”
ਮੈਂ ਆਪਣਾ ਮੂੰਹ ਧੋਣਾ ਚਾਹੁੰਦੀ ਸਾਂ। ਨਾਲੇ ਇੰਨੀ ਦੇਰ ਹੋ ਗਈ ਸੀ ਤੁਰਿਆਂ ਨੂੰ ਤੇ ਮੈਨੂੰ ਬਾਥਰੂਮ ਜਾਣ ਦੀ ਹਾਜਤ ਹੋ ਰਹੀ ਸੀ। ਪਰ ਬਾਹਰੋਂ ਕੋਈ ਜੁਆਬ ਨਾ ਆਇਆ। ਸ਼ਾਇਦ ਹਾਜੀ ਅਮਰ ਜਾ ਚੁਕਾ ਸੀ। ਮੈਂ ਹਉਕਾ ਭਰਦਿਆਂ ਚੁੱਪ ਹੋ ਗਈ ਤੇ ਪਿਛਾਂਹ ਰੱਦੀ ਜਿਹੇ ਬੈਡ ‘ਤੇ ਬੈਠ ਗਈ। ਪੈਰਾਂ ਭਾਰ ਬੈਠੀ ਨੇ ਮੈਂ ਦੋਹਾਂ ਹੱਥਾਂ ਨਾਲ ਗੋਡਿਆਂ ਦੁਆਲੇ ਬਾਹਾਂ ਦੀ ਕਰਿੰਗੜੀ ਪਾ ਲਈ। ਇਹ ਕੋਈ ਨਵੀਂ ਗੱਲ ਤਾਂ ਨਹੀਂ ਸੀ। ਹਰ ਰੋਜ਼ ਇਸ ਤਰ੍ਹਾਂ ਦੇ ਜ਼ਾਲਮ ਵਰਤਾਰਿਆਂ ਨਾਲ ਹੀ ਵਾਹ ਪੈਂਦਾ ਸੀ।
ਫਿਰ ਮੈਂ ਬੈਠੀ ਨੇ ਆਲੇ ਦੁਆਲੇ ਨਜ਼ਰ ਮਾਰੀ। ਇਕ ਪਾਸੇ ਟੀ. ਵੀ. ਪਿਆ ਸੀ। ਇਕ ਸੋਫਾ ਅਤੇ ਕੁਰਸੀ ਪਏ ਸਨ। ਖੂੰਜੇ ਵਿਚ ਸ਼ੀਸ਼ਾ ਲਟਕ ਰਿਹਾ ਸੀ। ਸ਼ੀਸ਼ੇ ਵਲ ਵੇਖਦਿਆਂ ਮੈਂ ਨਜ਼ਰ ਫੇਰ ਲਈ। ਜਿਉਂ ਪਿੰਡ ਛੁੱਟਿਆ ਸੀ ਕਦੇ ਸ਼ੀਸ਼ਾ ਵੇਖਣ ਦਾ ਹੌਸਲਾ ਹੀ ਨਹੀਂ ਪਿਆ ਸੀ। ਭੁੱਖੀ ਤਿਹਾਈ ਰਹਿੰਦੀ ਅਤੇ ਜ਼ੁਲਮ ਸਹਿੰਦੀ ਦਾ ਸਰੀਰ ਸੁੱਕ ਕੇ ਡੱਕੇ ਵਰਗਾ ਹੋਇਆ ਪਿਆ ਸੀ। ਕਦੇ ਹੀਆ ਹੀ ਨਾ ਪਿਆ ਕਿ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੇਖ ਸਕਾਂ। ਆਲੇ ਦੁਆਲੇ ਝਾਕ ਹੀ ਰਹੀ ਸਾਂ ਕਿ ਦਰਵਾਜਾ ਖੁੱਲ੍ਹਣ ਦੀ ਆਵਾਜ਼ ਆਈ। ਮੇਰਾ ਧਿਆਨ ਉਧਰ ਚਲਾ ਗਿਆ। ਇਕ ਪੰਝੀ ਕੁ ਸਾਲ ਦੀ ਕੁੜੀ ਪਲੇਟ ਚੁੱਕੀ ਅੰਦਰ ਆਈ। ਦੋ ਤਿੰਨ ਉਬਲੇ ਆਂਡੇ ਅਤੇ ਗਲਾਸ ਵਿਚ ਜੂਸ ਸੀ। ਮੈਂ ਉਸ ਵਲ ਗਹੁ ਨਾਲ ਝਾਕੀ ਪਰ ਉਸ ਨੇ ਬਿਨਾ ਵੇਖਿਆ ਸਾਰਾ ਕੁਝ ਇਕ ਪਾਸੇ ਰੱਖ ਦਿੱਤਾ।
ਉਹ ਮੁੜਨ ਲੱਗੀ ਤਾਂ ਮੈਂ ਬਾਥਰੂਮ ਜਾਣ ਲਈ ਬੇਨਤੀ ਕੀਤੀ। ਉਸ ਨੇ ਮੈਨੂੰ ਜਾਣ ਦਿੱਤਾ। ਇਕ ਪਾਸੇ ਬਾਥਰੂਮ ਸੀ। ਪੰਜ-ਸੱਤ ਮਿੰਟਾਂ ਬਾਅਦ ਮੈਂ ਮੁੜੀ ਤਾਂ ਉਹ ਉਥੇ ਹੀ ਖੜ੍ਹੀ ਸੀ। ਸ਼ਾਇਦ ਮੇਰੀ ਪਹਿਰੇਦਾਰੀ ਕਰ ਰਹੀ ਸੀ। ਮੈਂ ਵਾਪਸ ਆਈ ਤਾਂ ਮੈਨੂੰ ਨਾਲ ਦੇ ਕਮਰੇ ਵਿਚੋਂ ਕਿਸੇ ਔਰਤ ਦੇ ਰੋਣ ਦੀ ਆਵਾਜ਼ ਸੁਣੀ। ਫਿਰ ਕੁਝ ਹੋਰ ਆਵਾਜ਼ਾਂ ਵੀ ਨਾਲ ਰਲ ਗਈਆਂ। ਜਾਪਿਆ ਜਿਵੇਂ ਦੋ ਤਿੰਨ ਜਣੀਆਂ ਰੋ ਰਹੀਆਂ ਸਨ। ਮੈਂ ਹੌਸਲਾ ਜਿਹਾ ਕਰਕੇ ਸਾਹਮਣੇ ਖੜ੍ਹੀ ਕੁੜੀ ਨੂੰ ਅਰਬੀ ‘ਚ ਪੁੱਛਿਆ, “ਇਹ ਕੌਣ ਨੇ ਜੋ ਰੋ ਰਹੀਆਂ ਨੇ?”
“ਉਹ ਵੀ ਤੇਰੇ ਵਰਗੀਆਂ ਈ ਨੇ।”
ਉਸ ਦਾ ਜੁਆਬ ਸੁਣ ਕੇ ਮੈਂ ਹੈਰਾਨੀ ਨਾਲ ਉਸ ਵਲ ਝਾਕੀ ਤੇ ਉਸ ਨੂੰ ਪੁੱਛਿਆ, “ਤੂੰ ਕੌਣ ਐਂ?”
“ਮੈਂ ਰਸ਼ੀਦਾ, ਹਾਜੀ ਅਮਰ ਦੀ ਘਰ ਵਾਲੀ।”
ਉਸ ਦੀ ਗੱਲ ਸੁਣ ਕੇ ਮੈਂ ਕੁਝ ਪਲ ਸੋਚਦਿਆਂ ਕਿਹਾ, “ਰਸ਼ੀਦਾ ਹਾੜੇ ਮੇਰੀ ਮੱਦਦ ਕਰ, ਮੈਂ…।”
ਉਸ ਨੇ ਮੇਰੀ ਗੱਲ ਵਿਚੋਂ ਹੀ ਕੱਟਦਿਆਂ ਕਿਹਾ, “ਹਾਜੀ ਅਮਰ ਮੇਰੀ ਜਾਨ ਕੱਢ ਦੇਵੇਗਾ। ਹੁਣ ਤੂੰ ਆਪਣੇ ਕਮਰੇ ਵਿਚ ਜਾਹ। ਕੁਝ ਖਾ ਪੀ ਲੈ ਤੇ ਇੰਨੇ ਨੂੰ ਹਾਜੀ ਅਮਰ ਆ ਜਾਵੇਗਾ।”
“ਕਿੱਥੇ ਗਿਆ ਐ ਉਹ?”
“ਬਾਜ਼ਾਰ ਗਿਆ ਐ।”
“ਇਹ ਕਹਿ ਰਹੇ ਨੇ ਸਾਨੂੰ ਸੀਰੀਆ ਭੇਜਿਆ ਜਾ ਰਿਹਾ ਐ। ਤੈਨੂੰ ਇਸ ਬਾਰੇ ਕੁਛ ਪਤਾ ਐ?”
“ਮੈਂ ਕੁਛ ਨ੍ਹੀਂ ਕਹਿ ਸਕਦੀ। ਤੂੰ ਅੰਦਰ ਜਾਹ।” ਉਸ ਦੇ ਇੰਨਾ ਕਹਿੰਦਿਆਂ ਮੈਂ ਅੰਦਰ ਲੰਘ ਗਈ ਤਾਂ ਉਸ ਨੇ ਦਰਵਾਜਾ ਬੰਦ ਕਰ ਦਿੱਤਾ।
ਮੈਂ ਸਾਹਮਣੇ ਪਏ ਆਂਡਿਆਂ ਅਤੇ ਜੂਸ ਵਲ ਵੇਖਿਆ। ਕੁਝ ਵੀ ਖਾਣ ਪੀਣ ਨੂੰ ਦਿਲ ਨਹੀਂ ਸੀ ਮੰਨਦਾ। ਜਦੋਂ ਦਾ ਸੀਰੀਆ ਜਾਣ ਬਾਰੇ ਸੁਣਿਆਂ ਸੀ, ਕਾਲਜੇ ‘ਚ ਹੌਲ ਪੈ ਰਹੇ ਸਨ। ਲੱਗਦਾ ਜਿਵੇਂ ਬਹੁਤ ਵੱਡਾ ਤੂਫਾਨ ਆ ਰਿਹਾ ਹੋਵੇ। ਮੈਂ ਇਕ ਦੋ ਬੁਰਕੀਆਂ ਖਾ ਕੇ ਦੋ ਘੁੱਟ ਜੂਸ ਪੀਤਾ ਤੇ ਟੇਢੀ ਹੋ ਕੇ ਬੈਡ ‘ਤੇ ਪੈ ਗਈ। ਵੀਹ ਪੰਝੀ ਮਿੰਟਾਂ ਪਿਛੋਂ ਦਰਵਾਜਾ ਖੁੱਲ੍ਹਿਆ। ਸਾਹਮਣੇ ਹਾਜੀ ਅਮਰ ਖੜ੍ਹਾ ਸੀ। ਕਾਗਜ਼ ਦੀ ਪੁੜੀ ਮੇਰੇ ਵਲ ਸੁੱਟਦਾ ਬੋਲਿਆ, “ਆਹ ਲੈ ਕੁਝ ਗੋਲੀਆਂ ਖਾ ਲੈ। ਜਿੰਨੇ ਦਿਨ ਤੂੰ ਸੀਰੀਆ ਨ੍ਹੀਂ ਲੰਘ ਜਾਂਦੀ ਤੂੰ ਮੇਰੀ ਗੁਲਾਮ ਐਂ। ਮੈਂ ਨ੍ਹੀਂ ਚਾਹੁੰਦਾ ਕਿ ਤੂੰ ਇਵੇਂ ਬੀਮਾਰ ਰਹੇਂ। ਮੈਂ ਅੱਧੇ ਘੰਟੇ ਤੱਕ ਆਵਾਂਗਾ। ਉਦੋਂ ਨੂੰ ਨਹਾ ਧੋ ਕੇ ਤਿਆਰ ਰਹੀਂ। ਮੈਂ ਰਸ਼ੀਦਾ ਨੂੰ ਕਹਿ ਦਿੰਨਾਂ, ਤੈਨੂੰ ਬਾਥਰੂਮ ਜਾਣ ਦੇਵੇਗੀ।”
ਇੰਨਾ ਆਖ ਉਹ ਦਰਵਾਜਾ ਬੰਦ ਕਰ ਤੁਰ ਗਿਆ। ਮੈਂ ਦਵਾਈ ਪਾਸੇ ਸੁੱਟ ਦਿੱਤੀ। ਮੈਂ ਚਾਹੁੰਦੀ ਹੀ ਨਹੀਂ ਸੀ ਕਿ ਠੀਕ ਹੋਵਾਂ। ਥੋੜ੍ਹੀ ਦੇਰ ਬਾਅਦ ਰਸ਼ੀਦਾ ਆਈ ਤਾਂ ਮੈਂ ਬਾਥਰੂਮ ਜਾਣ ਤੋਂ ਨਾਂਹ ਕਰ ਦਿੱਤੀ, ਤੇ ਲੇਟ ਗਈ। ਕੋਈ ਘੰਟੇ ਭਰ ਪਿੱਛੋਂ ਹਾਜੀ ਅਮਰ ਮੁੜਿਆ। ਅੰਦਰ ਆ ਮੇਰੇ ਕੋਲ ਬੈਠ ਉਸ ਮੈਨੂੰ ਆਪਣੇ ਵਲ ਖਿੱਚਿਆ। ਮੇਰੇ ‘ਚੋਂ ਆਉਂਦੀ ਹਵਾੜ ਮਹਿਸੂਸ ਕਰਦਿਆਂ ਉਹ ਗੁੱਸੇ ‘ਚ ਬੋਲਿਆ, “ਉਹ ਸੜੀ ਹੋਈ ਜਾਜ਼ੀਦੀ ਲੜਕੀ। ਤੈਨੂੰ ਕਿਹਾ ਸੀ ਕਿ ਤਿਆਰ ਰਹੀਂ।” ਇੰਨਾ ਕਹਿੰਦਿਆਂ ਉਸ ਨੇ ਵੱਟ ਕੇ ਮੇਰੇ ਚਪੇੜ ਮਾਰੀ ਤੇ ਬਾਂਹੋਂ ਫੜ੍ਹਦਾ ਬਾਥਰੂਮ ਵਲ ਲੈ ਤੁਰਿਆ। ਮੈਨੂੰ ਚਪੇੜ ਦੀ ਸੱਟ ਮਹਿਸੂਸ ਹੀ ਨਾ ਹੋਈ, ਕਿਉਂਕਿ ਇਹ ਤਾਂ ਨਿੱਤ ਦਾ ਵਰਤਾਰਾ ਸੀ। ਜਿਉਂ ਹੀ ਦੂਸਰੇ ਬੰਦ ਪਏ ਕਮਰੇ ਮੂਹਰੋਂ ਦੀ ਲੰਘਣ ਲੱਗੇ ਤਾਂ ਰੋਣ ਦੀਆਂ ਆਵਾਜ਼ਾਂ ਫਿਰ ਸੁਣੀਆਂ। ਸਭ ਕੁਝ ਭੁੱਲ ਕੇ ਮੈਂ ਉਸ ਨੂੰ ਪੁੱਛਿਆ, “ਹਾਜੀ, ਇਸ ਕਮਰੇ ਵਿਚ ਕੌਣ ਨੇ ਤੇ ਰੋ ਕਿਉਂ ਰਹੀਆਂ ਨੇ?”
ਉਸ ਨੇ ਮੇਰੀ ਬਾਂਹ ਢਿੱਲੀ ਛੱਡ ਦਿੱਤੀ। ਕੁਝ ਦੇਰ ਮੇਰੇ ਚਿਹਰੇ ਵਲ ਘੂਰਦਿਆਂ ਉਹ ਬੋਲਿਆ, “ਜੇ ਤੂੰ ਨਹਾ ਧੋ ਕੇ ਚੰਗੇ ਢੰਗ ਨਾਲ ਪੇਸ਼ ਆਵੇਂ ਤਾਂ ਤੈਨੂੰ ਦੱਸ ਦਊਂ ਕਿ ਇਥੇ ਕੌਣ ਐ।”
ਉਸ ਨੇ ਬਾਂਹ ਛੱਡ ਦਿੱਤੀ। ਮੈਂ ਆਪਣੇ ਲਾਲਚ ਵੱਸ ਮੂੰਹ ਹੱਥ ਧੋਣ ਲੱਗੀ। ਪੂਰੀ ਕੋਸ਼ਿਸ਼ ਕੀਤੀ ਕਿ ਜਿੰਨਾ ਹੋ ਸਕਦਾ ਹੈ, ਉਤਨੀ ਸਾਫ ਲੱਗਾਂ। ਮੈਂ ਕਮਰੇ ਵਿਚ ਮੁੜ ਕੇ ਆਈ ਤਾਂ ਹਾਜੀ ਅਮਰ ਬੈਡ ‘ਤੇ ਬੈਠਾ ਸੀ। ਮੇਰੇ ਬਹਿੰਦਿਆਂ ਹੀ ਉਸ ਨੇ ਮੈਨੂੰ ਆਪਣੇ ਵਲ ਖਿੱਚ ਲਿਆ। ਮੈਂ ਬਹੁਤਾ ਵਿਰੋਧ ਨਾ ਕੀਤਾ। ਸੋਚਿਆ, ਜੋ ਕੁਝ ਇਸ ਨੇ ਕਰਨਾ ਹੈ, ਉਹ ਤਾਂ ਕਰਕੇ ਹੀ ਰਹੇਗਾ। ਪਰ ਸ਼ਾਇਦ ਕੁਝ ਖੁਸ਼ ਹੋ ਜਾਵੇ ਤੇ ਮੈਨੂੰ ਦੂਸਰੇ ਕਮਰੇ ‘ਚੋਂ ਰੋਣ ਵਾਲੀਆਂ ਬਾਰੇ ਕੁਝ ਪਤਾ ਲੱਗ ਜਾਵੇ। ਉਹ ਅੱਧਾ ਘੰਟਾ ਮੈਨੂੰ ਨੋਚਦਾ ਰਿਹਾ। ਜਦੋਂ ਉਹ ਜਾਣ ਲੱਗਿਆ ਤਾਂ ਮੈਂ ਕਿਹਾ, “ਹਾਜੀ, ਹੁਣ ਤਾਂ ਦੱਸ ਦੇਹ, ਉਸ ਕਮਰੇ ਵਿਚ ਕੌਣ ਐਂ?”
“ਉਹ ਤੇਰੇ ਵਰਗੀਆਂ ਈ ਸੜੀਆਂ ਹੋਈਆਂ ਬਦਬੂ ਮਾਰਦੀਆਂ ਜਾਜ਼ੀਦੀ ਕੁੜੀਆਂ ਨੇ। ਦੱਸ ਹੋਰ ਕੀ ਪੁੱਛਣੈਂ?”
“ਹਾੜੇ ਹਾੜੇ ਮੈਂ ਉਨ੍ਹਾਂ ਨੂੰ ਮਿਲ ਲਵਾਂ? ਸ਼ਾਇਦ ਉਨ੍ਹਾਂ ਵਿਚ ਮੇਰੀ ਭੈਣ ਜ਼ਾਹਰਾ ਜਾਂ ਜੀਨਤ ਈ ਹੋਵੇ?”
“ਮੈਨੂੰ ਪਤਾ ਐ ਉਨ੍ਹਾਂ ਵਿਚ ਤੇਰੀ ਕੋਈ ਭੈਣ ਨ੍ਹੀਂ। ਫਿਰ ਵੀ ਆ ਤੈਨੂੰ ਮਿਲਾ ਦੇਵਾਂ। ਪਰ ਸਿਰਫ ਇਕ ਵਾਰ ਵੇਖ ਸਕਦੀ ਐਂ। ਗੱਲ ਕੋਈ ਨ੍ਹੀਂ ਕਰਨੀ। ਨਹੀਂ ਤਾਂ ਵੇਖ ਲੈ ਫਿਰ ਕੀ ਬਣੂੰਗੀ।”
“ਨਹੀਂ ਕਰਦੀ ਕੋਈ ਗੱਲ। ਬਸ ਵਿਖਾ ਈ ਦੇਹ।”
ਉਹ ਮੇਰੀ ਬਾਂਹ ਫੜ੍ਹੀ ਉਸ ਕਮਰੇ ਵਲ ਲੈ ਗਿਆ। ਫਿਰ ਉਸ ਨੇ ਦਰਵਾਜਾ ਖੋਲ੍ਹਿਆ। ਅੰਦਰ ਘਸਮੈਲੇ ਜਿਹੇ ਬੈਡ ‘ਤੇ ਦੋ ਜਣੀਆਂ ਸੁੰਗੜ ਕੇ ਇਕ ਦੂਜੀ ਦੇ ਨਾਲ ਲੱਗੀਆਂ ਬੈਠੀਆਂ ਰੋ ਰਹੀਆਂ ਸਨ। ਦਰਵਾਜਾ ਖੁੱਲ੍ਹਾ ਵੇਖ ਕੇ ਉਹ ਰੋਣੋ ਜ਼ਰਾ ਕੁ ਚੁੱਪ ਹੋਈਆਂ ਤੇ ਮੇਰੇ ਵਲ ਵੇਖਿਆ। ਮੈਂ ਵੀ ਧਿਆਨ ਨਾਲ ਉਧਰ ਨਜ਼ਰ ਮਾਰੀ। ਉਨ੍ਹਾਂ ਦੇ ਸੋਹਣੇ ਮੁੱਖੜੇ ਇਸ ਵੇਲੇ ਅੰਤਾਂ ਦੇ ਵੈਰਾਨ ਸਨ। ਉਂਜ ਵੀ ਮੇਰੀ ਤਰ੍ਹਾਂ ਸੁੱਕ ਕੇ ਤੀਲਾ ਬਣੀਆਂ ਹੋਈਆਂ ਸਨ। ਮੈਂ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਨਹੀਂ ਸਾਂ ਜਾਣਦੀ। ਇੰਨੇ ਨੂੰ ਹਾਜੀ ਅਮਰ ਨੇ ਮੇਰੀ ਬਾਂਹ ਮਰੋੜਦਿਆਂ ਕਿਹਾ, “ਤੈਨੂੰ ਕਿਹਾ ਸੀ ਕਿ ਇਨ੍ਹਾਂ ਵਿਚ ਤੇਰਾ ਕੋਈ ਨ੍ਹੀਂ। ਆ ਹੁਣ ਵਾਪਸ ਆਪਣੇ ਕਮਰੇ ‘ਚ ਚੱਲ।”
ਮੈਂ ਮਗਰ ਹੋ ਤੁਰੀ ਤੇ ਉਸ ਨੇ ਲਿਜਾ ਕੇ ਮੈਨੂੰ ਪਹਿਲਾਂ ਦੀ ਤਰ੍ਹਾਂ ਹੀ ਕਮਰੇ ਵਿਚ ਛੱਡ ਦਿੱਤਾ। ਮੁੜਨ ਤੋਂ ਪਹਿਲਾਂ ਬੋਲਿਆ, “ਤੁਸੀਂ ਸਭ ਇਕ ਦੋ ਦਿਨ ਈ ਇੱਥੋ ਹੋ। ਮੈਂ ਛੇਤੀ ਈ ਤੁਹਾਨੂੰ ਸੀਰੀਆ ਵਲ ਲੈ ਕੇ ਤੁਰ ਜਾਵਾਂਗਾ।”
ਮੈਂ ਰਤਾ ਕੁ ਉਸ ਵਲ ਵੇਖਿਆ ਤੇ ਫਿਰ ਅਣਭੋਲਤਾ ਵਿਖਾਉਂਦਿਆਂ ਪੁੱਛਿਆ, “ਪਰ ਤੁਸੀਂ ਸਾਨੂੰ ਸੀਰੀਆ ਕਿਉਂ ਭੇਜ ਰਹੇ ਓਂ?”
“ਕਿਉਂਕਿ ਸਾਡੇ ਉਥੇ ਦੇ ਲੜਾਕੇ ਭਰਾਵਾਂ ਨੂੰ ਕਾਮ ਪੂਰਤੀ ਵਾਸਤੇ ਗੁਲਾਮ ਕੁੜੀਆਂ ਦੀ ਲੋੜ ਐ। ਅਸੀਂ ਜਿਵੇਂ ਹੀ ਪ੍ਰਬੰਧ ਹੋਵੇ, ਉਥੇ ਕੁੜੀਆਂ ਭੇਜਦੇ ਰਹਿੰਨੇ ਆਂ। ਪਰ ਕਦੇ ਵੀ ਲੋੜ ਪੂਰੀ ਨ੍ਹੀਂ ਹੁੰਦੀ।”
“ਹਾਜੀ, ਮੈਂ ਸੀਰੀਆ ਨ੍ਹੀਂ ਜਾਣਾ ਚਾਹੁੰਦੀ। ਤੂੰ ਜੋ ਚਾਹੇ ਮਰਜ਼ੀ ਕਰ ਲੈ ਪਰ ਮੈਨੂੰ ਸੀਰੀਆ ਨਾ ਭੇਜ।”
ਮੇਰੀ ਗੱਲ ‘ਤੇ ਉਹ ਖੁੱਲ੍ਹ ਕੇ ਹੱਸਿਆ ਅਤੇ ਵਿਅੰਗ ਨਾਲ ਬੋਲਿਆ, “ਮੈਂ ਜੋ ਕਰਨਾ ਐ ਉਸ ਵਾਸਤੇ ਤੇਰੀ ਮਨਜ਼ੂਰੀ ਦੀ ਲੋੜ ਨ੍ਹੀਂ। ਨਾਲੇ ਇਹ ਨਾ ਭੁੱਲ ਕੇ ਤੂੰ ਗੁਲਾਮ ਸਾਬੀਆ ਐਂ। ਗੁਲਾਮਾਂ ਦੀ ਮਰਜ਼ੀ ਨ੍ਹੀਂ ਪੁੱਗਦੀ ਹੁੰਦੀ। ਥੋੜ੍ਹਾ ਆਰਾਮ ਕਰ ਲੈ, ਮੈਂ ਕੁਝ ਦੇਰ ਪਿਛੋਂ ਆਵਾਂਗਾ।”
ਇੰਨਾ ਕਹਿ ਉਹ ਬਾਹਰੋਂ ਦਰਵਾਜਾ ਬੰਦ ਕਰ ਤੁਰ ਗਿਆ। ਫਿਰ ਉਸ ਦੀ ਕਾਰ ਸਟਾਰਟ ਹੋਣ ਦੀ ਆਵਾਜ਼ ਆਈ। ਕਾਰ ਦੇ ਤੁਰਨ ਦਾ ਖੜਕਾ ਸੁਣਿਆਂ। ਫਿਰ ਕਾਰ ਦਾ ਖੜਾਕ ਦੂਰ ਹੁੰਦਾ ਗਿਆ। ਆਖਰ ਖੜਾਕ ਸੁਣਨੋ ਹਟ ਗਿਆ। ਪਿੱਛੇ ਚੁੱਪ ਜਿਹੀ ਪਸਰ ਗਈ। ਇੰਨੇ ਨੂੰ ਦਰਵਾਜਾ ਖੁੱਲ੍ਹਿਆ। ਰਸ਼ੀਦਾ ਸਾਹਮਣੇ ਖੜ੍ਹੀ ਸੀ। ਉਹ ਚੁੱਪ ਚਾਪ ਮੇਰੇ ਵਲ ਵੇਖਦੀ ਰਹੀ ਤੇ ਬੋਲੀ, “ਉਹ ਚਲਾ ਗਿਐ। ਆ ਤੈਨੂੰ ਹੋਰ ਜਾਜ਼ੀਦੀ ਕੁੜੀਆਂ ਨਾਲ ਮਿਲਾ ਦਿਆਂ।”
ਮੈਨੂੰ ਉਸ ਦੇ ਇਸ ਹਮਦਰਦੀ ਭਰੇ ਵਤੀਰੇ ‘ਤੇ ਹੈਰਾਨੀ ਹੋਈ। ਮੈਂ ਉਠ ਕੇ ਉਸ ਦੇ ਮਗਰ ਤੁਰ ਪਈ। ਉਸ ਨੇ ਦੂਸਰੇ ਕਮਰੇ ਦਾ ਦਰਵਾਜਾ ਖੋਲ੍ਹ ਦਿੱਤਾ। ਮੈਂ ਅੰਦਰ ਗਈ ਤਾਂ ਅੰਦਰਲੀਆਂ ਦੋਨੋਂ ਕੁੜੀਆਂ ਮੈਨੂੰ ਚੰਬੜ ਗਈਆਂ। ਮੈਂ ਵੀ ਉਨ੍ਹਾਂ ਨਾਲ ਲਿਪਟ ਗਈ। ਸਾਰੀਆਂ ਆਪਣੀ ਹੋਣੀ ‘ਤੇ ਰੋਣ ਲੱਗੀਆਂ। ਰੋਣਾ ਥੰਮਿਆ ਤਾਂ ਅਸੀਂ ਗੱਲਾਂ ਕਰਨ ਲੱਗੀਆਂ। ਮੈਂ ਅਰਬੀ ਭਾਸ਼ਾ ‘ਚ ਕੁਝ ਕਿਹਾ ਪਰ ਉਨ੍ਹਾਂ ਨੂੰ ਸਮਝ ਨਾ ਆਇਆ। ਫਿਰ ਮੈਂ ਕੁਰਦਸ਼ ਭਾਸ਼ਾ ਬੋਲੀ ਤਾਂ ਉਹ ਤੁਰੰਤ ਸਮਝ ਗਈਆਂ। ਉਨ੍ਹਾਂ ਵਿਚ ਇਕ ਕਿਸੇ ਪਿੰਡ ਤੋਂ ਸੀ ਤੇ ਦੂਸਰੀ ਜਿੰਦੀਆ, ਮੇਰੇ ਗੁਆਂਢ ਦੇ ਕਸਬੇ ਸਿੰਜਾਰ ਤੋਂ ਸੀ। ਕੁਝ ਦੇਰ ਅਸੀਂ ਆਪਣੇ ਦੁੱਖਾਂ ਦੀਆਂ ਗੱਲਾਂ ਕਰਦੀਆਂ ਰਹੀਆਂ। ਪਰ ਛੇਤੀ ਹੀ ਅਸੀਂ ਇਹ ਵਿਸ਼ਾ ਬੰਦ ਕਰ ਦਿੱਤਾ। ਮੈਂ ਹੌਲੀ ਦੇਣੇ ਜਿੰਦੀਆ ਨੂੰ ਪੁੱਛਿਆ, “ਤੂੰ ਕਦੇ ਇਨ੍ਹਾਂ ਦੇ ਚੁੰਗਲ ‘ਚੋਂ ਭੱਜਣ ਦੀ ਕੋਸ਼ਿਸ਼ ਨ੍ਹੀਂ ਕੀਤੀ?”
“ਹਾਂ ਕੀਤੀ ਸੀ। ਉਹ ਵੀ ਇੱਥੋਂ ਨ੍ਹੀਂ। ਪਹਿਲਾਂ ਮੈਂ ਮੋਸਲ ਸ਼ਹਿਰ ‘ਚ ਈ ਕਿਸੇ ਹੋਰ ਪਾਸੇ ਸੀ। ਉਥੋਂ ਕੋਸ਼ਿਸ਼ ਕੀਤੀ। ਮੈਂ ਘਰੋਂ ਬਾਹਰ ਨਿਕਲ ਪਈ ਸੀ। ਜਿਸ ਥਾਂ ‘ਤੇ ਮੈਨੂੰ ਕੈਦ ਰੱਖਿਆ ਹੋਇਆ ਸੀ, ਉਥੋਂ ਕਾਫੀ ਦੂਰ ਚਲੀ ਵੀ ਗਈ। ਫਿਰ ਮੈਂ ਮੱਦਦ ਲਈ ਕਿਸੇ ਦੇ ਘਰ ਗਈ। ਉਨ੍ਹਾਂ ਬੜੀ ਹਮਦਰਦੀ ਵਿਖਾਈ, ਪਰ ਸ਼ਾਇਦ ਉਹ ਕੋਈ ਇਸਲਾਮਕ ਸਟੇਟ ਵਾਲਿਆਂ ਦੇ ਨੇੜਲੇ ਸਨ। ਪਤਾ ਉਦੋਂ ਹੀ ਲੱਗਾ, ਜਦੋਂ ਉਹ ਮੈਨੂੰ ਵਾਪਸ ਇਸਲਾਮਕ ਸਟੇਟ ਵਾਲਿਆਂ ਦੇ ਹਵਾਲੇ ਕਰ ਆਏ।
ਇਸਲਾਮਕ ਸਟੇਟ ਵਾਲਿਆਂ ਨੇ ਮੇਰੀਆਂ ਛਾਤੀਆਂ ‘ਤੇ ਤੱਤੀਆਂ ਲੋਹੇ ਦੀਆਂ ਸੀਖਾਂ ਲਾ ਲਾ ਕੇ ਮੈਨੂੰ ਸਜ਼ਾ ਦਿੱਤੀ। ਨਾਲ ਈ ਵੱਖੀ ‘ਤੇ ਦਾਗ ਪਾ ਦਿੱਤਾ ਤਾਂ ਕਿ ਭਵਿੱਖ ਵਿਚ ਮੇਰੀ ਪਛਾਣ ਰਹਿ ਸਕੇ ਕਿ ਮੈਂ ਗੁਲਾਮ ਸਾਬੀਆ ਆਂ।” ਇੰਨਾ ਕਹਿ ਕੇ ਉਸ ਨੇ ਵੱਖੀ ਤੋਂ ਕੁੜਤੀ ਚੁੱਕ ਕੇ ਮੈਨੂੰ ਦਾਗ ਵਿਖਾਇਆ ਤਾਂ ਮੈਂ ਕਿਹਾ, “ਇਹ ਕੁਛ ਤਾਂ ਸਭ ਨਾਲ ਵਾਪਰ ਰਿਹਾ ਐ। ਪਰ ਰੋਣਾ ਧੋਣਾ ਛੱਡੋ ਤੇ ਇਹ ਸੋਚੋ ਕਿ ਆਪਾਂ ਇੱਥੋਂ ਭੱਜ ਸਕਦੀਆਂ ਆਂ ਕਿ ਨਹੀਂ?”
“ਉਂਜ ਤਾਂ ਨ੍ਹੀਂ ਭੱਜ ਸਕਦੀਆਂ। ਪਰ ਇੱਥੇ ਇਕ ਗੱਲ ਐ ਕਿ ਰਸ਼ੀਦਾ ਆਪਣੀ ਮੱਦਦ ਕਰਨ ਨੂੰ ਤਿਆਰ ਐ?”
“ਹੈਂ ਰਸ਼ੀਦਾ? ਉਹ ਕਿਵੇਂ?” ਮੈਨੂੰ ਹੈਰਾਨੀ ਹੋਈ ਕਿ ਰਸ਼ੀਦਾ ਯਾਨਿ ਹਾਜੀ ਅਮਰ ਦੀ ਘਰ ਵਾਲੀ ਸਾਨੂੰ ਭਜਾਉਣ ਵਿਚ ਕਿਉਂ ਮੱਦਦ ਕਰੂਗੀ? ਹੁਣ ਤੱਕ ਦਾ ਮੇਰਾ ਤਜਰਬਾ ਸੀ ਕਿ ਕਦੇ ਕਿਸੇ ਨੇ ਮੱਦਦ ਨਹੀਂ ਕੀਤੀ ਸੀ। ਇਸ ‘ਤੇ ਜਿੰਦੀਆ ਨੇ ਕਿਹਾ, “ਉਂਜ ਤਾਂ ਰਸ਼ੀਦਾ ਸੁੰਨੀ ਐਂ ਪਰ ਇਹ ਆਪ ਹਾਜੀ ਅਮਰ ਤੋਂ ਬਹੁਤ ਤੰਗ ਐ। ਕਈ ਸਾਲ ਵਿਆਹਿਆਂ ਨੂੰ ਹੋ ਗਏ ਪਰ ਹੁਣ ਤੱਕ ਕੋਈ ਔਲਾਦ ਨਹੀਂ। ਉਹ ਕਹਿੰਦੀ ਐ ਕਿ ਹਾਜੀ ਅਮਰ ਜਲਦੀ ਹੀ ਉਸ ਨੂੰ ਤਲਾਕ ਦੇਣ ਵਾਲਾ ਐ, ਰੋਜ਼ ਕੁੱਟਦਾ ਮਾਰਦੈ। ਉਸ ਦੇ ਸਾਹਮਣੇ ਈ ਇਸੇ ਘਰ ‘ਚ ਆਪਣੇ ਵਰਗੀਆਂ ਗੁਲਾਮ ਕੁੜੀਆਂ ਰੱਖਦੈ। ਇਸ ਤੋਂ ਬਿਨਾ ਇਸਲਾਮਕ ਸਟੇਟ ਵਾਲਿਆਂ ਨੇ ਇਸ ਦਾ ਭਰਾ ਮਾਰ ਮੁਕਾਇਆ ਐ। ਇਸ ਕਰਕੇ ਇਹ ਇਨ੍ਹਾਂ ਨੂੰ ਨਫਰਤ ਕਰਦੀ ਐ। ਇਕ ਗੱਲ ਹੋਰ ਵੀ ਐ…।”
“ਉਹ ਕੀ?”
“ਰਸ਼ੀਦਾ ਸਿੰਜਾਰ ਦੀ ਐ। ਇਸ ਦੇ ਬਾਪ ਦੀ ਸ਼ਹਿਰ ‘ਚ ਦੁਕਾਨ ਐ। ਇਹ ਕਹਿੰਦੀ ਐ ਕਿ ਬਹੁਤ ਸਾਰੇ ਜਾਜ਼ੀਦੀ ਪਰਿਵਾਰ ਇਨ੍ਹਾਂ ਦੇ ਗਾਹਕ ਸਨ। ਕਈਆਂ ਦੇ ਇਨ੍ਹਾਂ ਦੇ ਪਰਿਵਾਰ ਨਾਲ ਨੇੜਲੇ ਸਬੰਧ ਸਨ। ਇਸ ਕਰਕੇ ਇਸ ਨੂੰ ਆਪਣੇ ਨਾਲ ਹਮਦਰਦੀ ਐ।”
“ਪਰ ਭੱਜ ਕੇ ਜਾਵਾਂਗੀਆਂ ਕਿੱਥੇ? ਇੱਥੇ ਹਰ ਪਾਸੇ ਇਸਲਾਮਕ ਸਟੇਟ ਵਾਲੇ ਹਰਲ ਹਰਲ ਕਰਦੇ ਫਿਰਦੇ ਨੇ।” ਮੈਂ ਫਿਕਰ ਜਾਹਰ ਕੀਤਾ ਤਾਂ ਜਿੰਦੀਆ ਬੋਲੀ, “ਮੈਨੂੰ ਮੇਰੇ ਭਰਾ ਤੋਂ ਕੁਛ ਪਤਾ ਲੱਗਾ ਐ।”
“ਭਰਾ ਤੋਂ? ਭਰਾ ਨਾਲ ਤੇਰੀ ਗੱਲ ਕਦੋਂ ਹੋ ਗਈ? ਕਿੱਥੇ ਐ ਉਹ?” ਮੇਰੀਆਂ ਹੈਰਾਨੀ ਵਿਚ ਅੱਖਾਂ ਟੱਡੀਆਂ ਗਈਆਂ। ਜਿੰਦੀਆ ਨੇ ਪਹਿਲਾਂ ਮੇਰੇ ਵਲ ਵੇਖਿਆ ਤੇ ਫਿਰ ਉਹ ਪਰ੍ਹੇ ਖੜ੍ਹੀ ਰਸ਼ੀਦਾ ਵਲ ਝਾਕਦਿਆਂ ਬੋਲੀ, “ਰਸ਼ੀਦਾ ਨੇ ਇਸ ਦੇ ਫੋਨ ਤੋਂ ਮੇਰੀ, ਮੇਰੇ ਭਰਾ ਨਾਲ ਗੱਲ ਕਰਵਾਈ ਸੀ।” ਗੱਲ ਸੁਣ ਕੇ ਮੈਂ ਵੀ ਰਸ਼ੀਦਾ ਵਲ ਨੀਝ ਲਾ ਕੇ ਝਾਕੀ। ਲੱਗਾ, ਮਨੁੱਖਤਾ ਅਜੇ ਮਰੀ ਨਹੀਂ। ਫਿਰ ਮੈਂ ਜਿੰਦੀਆ ਤੋਂ ਪੁੱਛਿਆ, “ਤੂੰ ਕੀ ਕਹਿ ਰਹੀ ਸੀ? ਤੇਰੇ ਭਰਾ ਨੇ ਕੀ ਦੱਸਿਐ?”
“ਉਸ ਦੱਸਿਆ, ਹੁਣ ਕਈ ਸਮਾਜ-ਸੇਵੀ ਸੰਸਥਾਵਾਂ ਸਾਨੂੰ ਲੱਭਣ ਲਈ ਸਰਗਰਮ ਨੇ। ਕਈ ਕੁੜੀਆਂ ਜੋ ਇਸਲਾਮਕ ਸਟੇਟ ਵਾਲਿਆਂ ਦੇ ਚੁੰਗਲ ‘ਚੋਂ ਭੱਜ ਨਿਕਲੀਆਂ ਸਨ, ਉਹ ਇਨ੍ਹਾਂ ਸੰਸਥਾਵਾਂ ਦੀ ਮੱਦਦ ਨਾਲ ਵਾਪਸ ਘਰੀਂ ਜਾ ਪਹੁੰਚੀਆਂ ਨੇ।”
ਉਸ ਦੀ ਗੱਲ ਨੇ ਮੈਨੂੰ ਉਤਸ਼ਾਹ ਨਾਲ ਭਰ ਦਿੱਤਾ। ਲੱਗਾ, ਅਸੀਂ ਇਨ੍ਹਾਂ ਦੇ ਚੁੰਗਲ ‘ਚੋਂ ਜ਼ਰੂਰ ਨਿਕਲ ਸਕਦੀਆਂ ਆਂ। ਮੈਂ ਮੋਹ ਨਾਲ ਪਾਸੇ ਖੜ੍ਹੀ ਰਸ਼ੀਦਾ ਵਲ ਵੇਖਿਆ। ਮੇਰਾ ਭਾਵ ਸਮਝਦਿਆਂ ਉਹ ਬੋਲੀ, “ਤੂੰ ਕਿਧਰੇ ਫੋਨ ਕਰਨਾ ਐਂ ਤਾਂ ਮੈਂ ਕਰਵਾ ਦਿੰਦੀ ਆਂ।”
ਮੈਂ ਉਠ ਕੇ ਉਸ ਨੂੰ ਜੱਫੀ ਪਾ ਲਈ ਤੇ ਮੇਰੀ ਭੁੱਬ ਨਿਕਲ ਗਈ। ਉਸ ਨੇ ਮੇਰਾ ਮੋਢਾ ਪਲੋਸ ਕੇ ਮੈਨੂੰ ਪਾਸੇ ਕੀਤਾ ਤੇ ਫਿਰ ਅੰਦਰੋਂ ਫੋਨ ਲੈ ਆਈ। ਮੈਂ ਫੋਨ ਹੱਥ ‘ਚ ਫੜ੍ਹ ਕੇ ਬੜੀ ਨੀਝ ਨਾਲ ਵੇਖਿਆ। ਮੈਨੂੰ ਜਾਪਿਆ ਜਿਵੇਂ ਕਾਰੂੰ ਦਾ ਖਜਾਨਾ ਮਿਲ ਗਿਆ ਹੋਵੇ। ਫਿਰ ਮੈਂ ਮਨ ਹੀ ਮਨ ਆਪਣੇ ਭਰਾ ਜਿੰਜ਼ਾਲ ਦਾ ਫੋਨ ਨੰਬਰ ਯਾਦ ਕੀਤਾ। ਇਹ ਫੋਨ ਤਾਂ ਮੈਨੂੰ ਭੁੱਲ ਹੀ ਨਹੀਂ ਸੀ ਸਕਦਾ, ਕਿਉਂਕਿ ਜਦੋਂ ਸਾਡੇ ਪਿੰਡ ਨੂੰ ਘੇਰਾ ਪਿਆ ਤਾਂ ਮੇਰੀ ਮਾਂ ਨੇ ਸਾਨੂੰ ਸਾਰੇ ਜੀਆਂ ਨੂੰ ਇਹ ਨੰਬਰ ਜ਼ੁਬਾਨੀ ਯਾਦ ਕਰਵਾ ਦਿੱਤਾ ਸੀ। ਪਰਿਵਾਰ ‘ਚੋਂ ਇਕੱਲਾ ਜਿੰਜ਼ਾਲ ਹੀ ਸੀ ਜੋ ਉਸ ਵੇਲੇ ਸੁਰੱਖਿਅਤ ਥਾਂ ਯਾਨਿ ਕੁਰਦਸਤਾਨ ਵਿਚ ਸੀ, ਅਤੇ ਮੁਸੀਬਤ ਵਿਚ ਬਾਹਰੋਂ ਕੋਈ ਵੀ ਕਿਧਰੋਂ ਵੀ ਉਸ ਨੂੰ ਫੋਨ ਕਰ ਸਕਦਾ ਸੀ। ਮੈਂ ਬਹੁਤ ਵਾਰੀ ਸੋਚਿਆ, ਉਸ ਨਾਲ ਗੱਲ ਹੋ ਜਾਵੇ, ਪਰ ਕਦੇ ਵੀ ਸਬੱਬ ਨਾ ਬਣਿਆ। ਅੱਜ ਮੇਰੇ ਦਿਲ ਦੀ ਖਾਹਿਸ਼ ਪੂਰੀ ਹੋ ਗਈ।
ਇੰਨੇ ਨੂੰ ਰਸ਼ੀਦਾ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਕਮਰੇ ਵਿਚ ਜਾ ਕੇ ਇਕੱਲੀ ਫੋਨ ਕਰ ਲਵਾਂ। ਮੈਂ ਆਪਣੇ ਕਮਰੇ ਵਿਚ ਆ ਗਈ। ਫਿਰ ਮੈਂ ਜਿੰਜ਼ਾਲ ਨੂੰ ਫੋਨ ਮਿਲਾਇਆ। ਉਧਰ ਘੰਟੀ ਵੱਜਣ ਲੱਗੀ ਤਾਂ ਮੇਰੇ ਸਰੀਰ ਦਾ ਰੋਮ ਰੋਮ ਕੰਬਣ ਲੱਗਾ। ਦਿਲ ਧੜਕ ਧੜਕ ਕਰੇ। ਇੰਨੇ ਨੂੰ ਅੱਗੋਂ ਜਿੰਜ਼ਾਲ ਨੇ ਫੋਨ ਚੁੱਕਦਿਆਂ ਹੈਲੋ ਕਹੀ। ਮੇਰਾ ਮਨ ਭਰ ਆਇਆ ਤੇ ਮੈਥੋਂ ਬੋਲ ਹੀ ਨਾ ਹੋਇਆ। ਉਸ ਨੇ ਦੋ ਤਿੰਨ ਵਾਰੀ ਹੈਲੋ ਹੈਲੋ ਕਹੀ ਪਰ ਮੈਂ ਤਾਂ ਜਾਣੋਂ ਪੱਥਰ ਹੀ ਹੋ ਗਈ। ਉਧਰੋਂ ਉਹ ਥੋੜ੍ਹਾ ਗੁੱਸੇ ‘ਚ ਆ ਕੇ ਬੋਲਿਆ, “ਜੇ ਬੋਲਣਾ ਈ ਨ੍ਹੀਂ ਤਾਂ ਫੋਨ ਕਿਉਂ ਕੀਤਾ? ਕੌਣ ਐਂ ਤੂੰ?”
ਮੈਨੂੰ ਇਕਦਮ ਅਹਿਸਾਸ ਹੋਇਆ ਕਿ ਕਿਧਰੇ ਉਹ ਫੋਨ ਕੱਟ ਹੀ ਨਾ ਦੇਵੇ ਤੇ ਮੈਂ ਛੇਤੀ ਦੇਣੇ ਬੋਲੀ, “ਜਿੰਜ਼ਾਲ ਭਾਈ ਜਾਨ ਮੈਂ…ਮੈਂ ਆਸਮਾ।”
“ਹੈਂ! ਕੀ ਕਿਹਾ? ਆਸਮਾ?”
“ਹਾਂ ਭਾਈ ਜਾਨ ਮੈਂ ਆਸਮਾ।” ਇੰਨਾ ਆਖ ਮੈਂ ਡੁਸਕਣ ਲੱਗੀ। ਉਧਰੋਂ ਉਸ ਦੀ ਆਵਾਜ਼ ਨਾ ਆਈ। ਉਹ ਵੀ ਰੋਣ ਲੱਗਾ। ਫਿਰ ਛੇਤੀ ਹੀ ਅਸੀਂ ਸੰਭਲੇ। ਜਿੰਜ਼ਾਲ ਨੇ ਪੁੱਛਿਆ, “ਆਸਮਾ, ਇਸ ਵੇਲੇ ਤੂੰ ਕਿੱਥੇ ਐਂ?”
“ਭਾਈ ਜਾਨ ਮੈਂ ਮੋਸਲ ਸ਼ਹਿਰ ‘ਚ ਆਂ। ਸਾਨੂੰ ਸਾਰੀਆਂ ਕੁੜੀਆਂ ਨੂੰ ਇਸਲਾਮਕ ਸਟੇਟ ਵਾਲੇ ਬੱਸਾਂ ‘ਚ ਭਰ ਕੇ ਲੈ ਗਏ ਸਨ।”
“ਹਾਂ ਉਹ ਤਾਂ ਮੈਨੂੰ ਪਤਾ ਐ।”
“ਭਾਈ ਜਾਨ, ਆਪਣੇ ਪਰਿਵਾਰ ਦਾ ਕੀ ਬਣਿਆ? ਸਭ ਠੀਕ ਨੇ…?”
“ਆਸਮਾ, ਆਪਾਂ ਹੋਰਨਾਂ ਵਰਗੇ ਈ ਆਂ। ਦਾਊਦ ਦੀ ਹਾਲਤ ਸੁਧਰ ਗਈ ਐ ਪਰ ਖੈਰੀ ਦਾ ਅਜੇ ਇਕ ਹੋਰ ਅਪਰੇਸ਼ਨ ਹੋਵੇਗਾ। ਉਸ ਦੇ ਕਈ ਗੋਲੀਆਂ ਲੱਗੀਆਂ ਸਨ। ਉਂਜ ਦੋਨੋਂ ਅਜੇ ਹਸਪਤਾਲ ‘ਚ ਈ ਨੇ ਪਰ ਹੁਣ ਖਤਰੇ ਵਾਲੀ ਕੋਈ ਗੱਲ ਨ੍ਹੀਂ।”
“ਅੰਮੀ ਤੇ ਆਪਣੇ ਬਾਕੀ ਭੈਣ ਭਰਾ…?”
ਜਿੰਜ਼ਾਲ ਨੇ ਮੇਰੀ ਗੱਲ ਵਿਚਕਾਰੋਂ ਹੀ ਕੱਟ ਦਿੱਤੀ ਤੇ ਕਿਹਾ, “ਆਸਮਾ, ਇਹ ਗੱਲਾਂ ਛੱਡ। ਤੂੰ ਮੈਨੂੰ ਦੱਸ ਕਿ ਮੈਂ ਕੁਛ ਹੋਰ ਗੱਲ ਕਰ ਸਕਦਾਂ? ਮੇਰਾ ਮਤਲਬ ਤੇਰੇ ਕੋਲ ਕੋਈ ਹੈ ਜਾਂ ‘ਕੱਲੀ ਐਂ?”
“ਭਾਈ ਜਾਨ ਤੁਸੀਂ ਜੋ ਵੀ ਗੱਲ ਕਰਨੀ ਐਂ ਕਰ ਸਕਦੇ ਓਂ।”
“ਅੱਛਾ ਦੱਸ ਕਿ ਜ਼ਾਹਰਾ ਤੇ ਜ਼ੀਨਤ ਵੀ ਤੇਰੇ ਨਾਲ ਈ ਨੇ?”
“ਨਹੀਂ ਭਾਈ ਜਾਨ। ਸ਼ੁਰੂ ‘ਚ ਅਸੀਂ ਇਕੱਠੀਆਂ ਸਾਂ, ਪਰ ਪਿੱਛੋਂ ਸਾਨੂੰ ਵੱਖਰੇ ਕਰ ਦਿੱਤਾ ਗਿਆ। ਉਸ ਪਿੱਛੋਂ ਮੈਂ ਸਿਰਫ ਇਕ ਵਾਰ ਉਨ੍ਹਾਂ ਨੂੰ ਮਿਲੀ। ਹੁਣ ਮੈਨੂੰ ਨ੍ਹੀਂ ਪਤਾ ਉਹ ਦੋਵੇਂ ਕਿੱਥੇ ਨੇ।”
“ਅੱਛਾ ਠੀਕ ਐ। ਚੰਗਾ ਦੱਸ ਕਿ ਤੂੰ ਇਥੋਂ ਭੱਜ ਕੇ ਨਿਕਲ ਸਕਦੀ ਐਂ?”
“ਭਾਈ ਜਾਨ ਮੈਂ ਨਿਕਲ ਸਕਦੀ ਆਂ, ਕਿਉਂਕਿ ਸਾਨੂੰ ਮੱਦਦ ਮਿਲਣ ਦੀ ਉਮੀਦ ਐ।” ਅੱਗੇ ਮੈਂ ਰਸ਼ੀਦਾ ਵਾਲੀ ਸਾਰੀ ਗੱਲ ਬਿਆਨ ਕਰ ਦਿੱਤੀ ਕਿ ਉਹ ਕਿਵੇਂ ਤੇ ਕਿਉਂ ਸਾਡੀ ਮੱਦਦ ਕਰ ਸਕਦੀ ਹੈ। ਫਿਰ ਮੈਂ ਪੁੱਛਿਆ, “ਭਾਈ ਜਾਨ ਮੈਨੂੰ ਪਤਾ ਲੱਗੈ ਕਿ ਕੁਛ ਸਮਾਜ-ਸੇਵੀ ਸੰਸਥਾਵਾਂ ਸਾਡੇ ਵਰਗੀਆਂ ਕੁੜੀਆਂ ਦੀ ਮੱਦਦ ਕਰ ਰਹੀਆਂ ਨੇ?”
“ਤੂੰ ਸਹੀ ਸੁਣਿਆ। ਬਲਕਿ ਇਸ ਕੰਮ ‘ਚ ਤਾਂ ਇਸ ਵੇਲੇ ਅਮਰੀਕਾ ਵੀ ਮਦਦ ਕਰ ਰਿਹਾ ਐ। ਹੋਰ ਮੁਲਕ ਵੀ ਸਾਡੇ ਵਲ ਨੇ। ਮੈਂ ਖੁਦ ਅਜਿਹੀ ਹੀ ਇਕ ਕੁਰਦਸ਼ ਸੰਸਥਾ ਨਾਲ ਜੁੜਿਆ ਹੋਇਆਂ, ਜੋ ਇਸ ਕੰਮ ‘ਚ ਪੂਰੀ ਸਰਗਰਮ ਹੈ। ਅਸੀਂ ਕਿੰਨੀਆਂ ਈ ਜਾਜ਼ੀਦੀ ਕੁੜੀਆਂ ਨੂੰ ਬਚਾ ਕੇ ਇੱਧਰ ਲਿਆ ਚੁਕੇ ਆਂ।”
ਜਿੰਜ਼ਾਲ ਦੀ ਗੱਲ ਸੁਣ ਕੇ ਮੈਨੂੰ ਅੰਤਾਂ ਦਾ ਹੌਸਲਾ ਹੋ ਗਿਆ। ਕੁਝ ਹੋਰ ਗੱਲਾਂ ਕਰਨ ਪਿਛੋਂ ਉਹ ਬੋਲਿਆ, “ਤੁਹਾਡੇ ਹੱਕ ਵਿਚ ਇਹ ਗੱਲ ਜਾਂਦੀ ਐ ਕਿ ਰਸ਼ੀਦਾ ਤੁਹਾਡੀ ਮੱਦਦ ਕਰੇਗੀ। ਤੇਰੀ ਦਿੱਤੀ ਸਾਰੀ ਜਾਣਕਾਰੀ ਆਪਣੀ ਸੰਸਥਾ ਨਾਲ ਸਾਂਝੀ ਕਰੂੰਗਾ। ਹੁਣ ਫੋਨ ਕੱਟ ਦੇਹ ਤੇ ਕੱਲ੍ਹ ਨੂੰ ਇਸੇ ਵੇਲੇ ਮੈਨੂੰ ਫੋਨ ਕਰੀਂ।”
ਮੈਂ ਸਹਿਮਤ ਹੁੰਦਿਆਂ ਫੋਨ ਕੱਟ ਦਿੱਤਾ ਤੇ ਵਾਪਸ ਜਾ ਕੇ ਫਿਰ ਰਸ਼ੀਦਾ ਨੂੰ ਜੱਫੀ ਪਾ ਲਈ। ਉਸ ਨੇ ਵੀ ਮੈਨੂੰ ਆਪਣੇ ਨਾਲ ਘੁੱਟ ਲਿਆ। ਇੰਨੇ ਨੂੰ ਕਿਸੇ ਨੇੜਲੀ ਮਸੀਤ ਤੋਂ ਸਪੀਕਰ ਬੋਲਣ ਲੱਗਾ। ਅਜ਼ਰ ਦੀ ਨਵਾਜ਼ ਸ਼ੁਰੂ ਹੋਣ ਲੱਗੀ ਸੀ। ਉਦੋਂ ਹੀ ਰਸ਼ੀਦਾ ਨੇ ਛੇਤੀ ਦੇਣੇ ਸਾਨੂੰ ਆਪਣੇ ਕਮਰਿਆਂ ‘ਚ ਭੇਜ ਕੇ ਬਾਹਰੋਂ ਦਰਵਾਜੇ ਬੰਦ ਕਰ ਦਿੱਤੇ। ਕੁਝ ਦੇਰ ਬਾਅਦ ਹਾਜੀ ਅਮਰ ਘਰ ਆ ਗਿਆ। ਉਹ ਪਹਿਲਾਂ ਰਸੋਈ ਵਲ ਗਿਆ। ਫਿਰ ਉਧਰੋਂ ਰਸ਼ੀਦਾ ਦਾ ਰੋਣਾ ਕੁਲਾਉਣਾ ਸੁਣਦਾ ਰਿਹਾ। ਉਹ ਸ਼ਾਇਦ ਉਸ ਨੂੰ ਕੁੱਟ ਮਾਰ ਰਿਹਾ ਸੀ। ਕਿੰਨੀ ਹੀ ਦੇਰ ਉਧਰੋਂ ਲੜਨ ਝਗੜਨ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਉਧਰੋਂ ਉਹ ਸਿੱਧਾ ਮੇਰੇ ਕਮਰੇ ਵਲ ਆਇਆ। ਦਰਵਾਜਾ ਖੋਲ੍ਹਦਿਆਂ ਉਸ ਨੇ ਮੈਨੂੰ ਕੱਪੜੇ ਉਤਾਰਨ ਦਾ ਹੁਕਮ ਸੁਣਾਇਆ। ਉਂਜ ਮੈਂ ਬਹੁਤ ਥੱਕੀ ਹੋਈ ਸਾਂ। ਮੈਨੂੰ ਥੋੜ੍ਹਾ ਬੁਖਾਰ ਵੀ ਸੀ। ਪਰ ਮੈਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਚੁੱਪ-ਚਾਪ ਉਸ ਦਾ ਹੁਕਮ ਮੰਨਦੀ ਰਹੀ। ਅੱਧੀ ਰਾਤ ਤੱਕ ਉਹ ਮੈਨੂੰ ਨੋਚਦਾ ਰਿਹਾ। ਜਾਣ ਲੱਗੇ ਨੇ ਪਤਾ ਨਹੀਂ ਕਿਸ ਗੱਲੋਂ ਮੇਰੀ ਕੁੱਟਮਾਰ ਕੀਤੀ। ਪਰ ਮੈਂ ਜੀਭ ਦੰਦਾਂ ਹੇਠ ਲੈ ਕੇ ਸਭ ਸਹਿੰਦੀ ਗਈ। ਆਖਰ ਉਹ ਦਰਵਾਜਾ ਬੰਦ ਕਰਕੇ ਬਾਹਰ ਨਿਕਲ ਗਿਆ।
ਰਾਤ ਭਰ ਮੈਨੂੰ ਨੀਂਦ ਨਾ ਆਈ। ਮੈਨੂੰ ਜਿੰਜ਼ਾਲ ਦੀਆਂ ਗੱਲਾਂ ਨੇ ਹੌਸਲੇ ਵਿਚ ਕਰ ਦਿੱਤਾ ਸੀ। ਮੈਂ ਅੰਦਾਜ਼ੇ ਲਾਉਂਦੀ ਰਹੀ ਕਿ ਉਹ ਇਸ ਕਾਰਵਾਈ ਨੂੰ ਕਿਵੇਂ ਸਿਰੇ ਚੜ੍ਹਾਏਗਾ? ਪਰ ਮੈਨੂੰ ਕੁਝ ਸਮਝ ਨਾ ਆਇਆ। ਸਵੇਰ ਵੇਲੇ ਜ਼ਰਾ ਕੁ ਨੀਂਦ ਆਈ, ਉਦੋਂ ਨੂੰ ਸਦੇਹਾਂ ਹੀ ਹਾਜੀ ਅਮਰ ਨੇ ਆ ਦਰਵਾਜਾ ਖੋਲ੍ਹਿਆ। ਉਹ ਬੜਾ ਉਖੜਿਆ ਹੋਇਆ ਸੀ। ਜਾਣ ਲੱਗੇ ਨੇ ਕੁਰੱਖਤ ਆਵਾਜ਼ ਵਿਚ ਇੰਨਾ ਕਿਹਾ, “ਕਿਸੇ ਨੇ ਕੋਈ ਗੜਬੜ ਨ੍ਹੀਂ ਕਰਨੀ। ਜੇ ਕੋਈ ਅਜਿਹਾ ਕਰੂ ਤਾਂ ਮੈਂ ਅਜਿਹੀ ਸਜ਼ਾ ਦੇਊਂ ਕਿ ਸਦਾ ਯਾਦ ਰਹੂ।”
ਮੈਂ ਬੋਲੀ ਕੁਝ ਨਾ, ਬਸ ਸਿਰ ਝੁਕਾ ਕੇ ‘ਹਾਂ’ ਕਹੀ। ਉਸ ਦੇ ਜਾਣ ਦੀ ਦੇਰ ਸੀ ਕਿ ਰਸ਼ੀਦਾ ਆ ਗਈ। ਉਸ ਨੇ ਸਾਨੂੰ ਸਾਰੀਆਂ ਨੂੰ ਇਕ ਕਮਰੇ ਵਿਚ ਇਕੱਠੀਆਂ ਬਿਠਾ ਕੇ ਪਹਿਲਾਂ ਨਾਸ਼ਤਾ ਕਰਵਾਇਆ ਤੇ ਫਿਰ ਬੋਲੀ, “ਤੁਸੀਂ ਅੱਜ ਦੀ ਰਾਤ ਈ ਇੱਥੇ ਓਂ। ਕੱਲ੍ਹ ਨੂੰ ਤੁਹਾਨੂੰ ਸੀਰੀਆ ਨੂੰ ਤੋਰ ਦਿੱਤਾ ਜਾਵੇਗਾ। ਸੋ ਜੇ ਕੁਛ ਕਰ ਸਕਦੀਆਂ ਹੋ ਤਾਂ ਅੱਜ ਕਰ ਲਵੋ।”
ਸਾਡੇ ਵਿਚ ਚੁੱਪ ਵਰਤ ਗਈ। ਕੋਈ ਪਤਾ ਨਹੀਂ ਸੀ ਕਿ ਅਸੀਂ ਕੀ ਕਰੀਏ। ਫਿਰ ਮੈਂ ਰਸ਼ੀਦਾ ਵਲ ਵੇਖਦਿਆਂ ਪੁੱਛਿਆ, “ਰਸ਼ੀਦਾ, ਤੂੰ ਸਾਡੇ ਲਈ ਕੀ ਕਰ ਸਕਦੀ ਐਂ?”
“ਤੁਸੀਂ ਜੋ ਵੀ ਕਹੋਗੀਆਂ, ਮੈਂ ਕਰੂੰਗੀ। ਹੁਣ ਮੇਰਾ ਵੀ ਇੱਥੇ ਰਹਿਣਾ ਠੀਕ ਨ੍ਹੀਂ। ਹੋ ਸਕਦੈ, ਉਹ ਮੈਨੂੰ ਵੀ ਕੋਈ ਨੁਕਸਾਨ ਪਹੁੰਚਾ ਦੇਵੇ ਜਾਂ ਸ਼ਾਇਦ ਤੁਹਾਡੇ ਨਾਲ ਈ ਸੀਰੀਆ ਨੂੰ ਲੈ ਤੁਰੇ।”
“ਮੈਂ ਆਪਣੇ ਭਰਾ ਨੂੰ ਫੋਨ ਕਰ ਸਕਦੀ ਆਂ?” ਮੈਂ ਪੁੱਛਿਆ।
“ਹਾਂ, ਆਹ ਲੈ ਫੋਨ ਤੇ ਆਪਣੇ ਕਮਰੇ ‘ਚ ਜਾਹ।” ਉਸ ਨੇ ਫੋਨ ਮੈਨੂੰ ਫੜ੍ਹਾ ਦਿੱਤਾ। ਮੈਂ ਕਮਰੇ ‘ਚ ਜਾ ਕੇ ਜਿੰਜ਼ਾਲ ਨੂੰ ਫੋਨ ਮਿਲਾਇਆ। ਉਸ ਨੇ ਤੁਰੰਤ ਫੋਨ ਚੁੱਕ ਲਿਆ। ਸਰਸਰੀ ਹਾਲ-ਚਾਲ ਪੁੱਛਣ ਪਿਛੋਂ ਉਹ ਬੋਲਿਆ, “ਹਾਂ ਆਸਮਾ, ਪਹਿਲਾਂ ਤੂੰ ਆਪਣੇ ਬਾਰੇ ਦੱਸ?”
“ਭਾਈ ਜਾਨ ਸਾਨੂੰ ਰਸ਼ੀਦਾ ਨੇ ਦੱਸਿਆ ਐ ਕਿ ਕੱਲ੍ਹ ਨੂੰ ਸਾਨੂੰ ਸੀਰੀਆ ਵਲ ਤੋਰ ਦਿੱਤਾ ਜਾਵੇਗਾ।”
“ਅੱਛਾ…।” ਉਸ ਦੀ ਆਵਾਜ਼ ਦੱਸ ਰਹੀ ਸੀ ਜਿਵੇਂ ਉਹ ਵਿਚਲਤ ਹੋਵੇ। ਕੁਝ ਦੇਰ ਚੁੱਪ ਰਿਹਾ ਤੇ ਬੋਲਿਆ, “ਚੰਗਾ ਇਉਂ ਕਰ, ਤੂੰ ਹੁਣ ਫੋਨ ਕੱਟ ਦੇਹ। ਮੈਂ ਤੈਨੂੰ ਦਸ ਪੰਦਰਾਂ ਮਿੰਟ ‘ਚ ਫੋਨ ਕਰਦਾਂ।”
ਮੈਂ ਫੋਨ ਕਟ ਬੈਡ ‘ਤੇ ਬਹਿ ਗਈ। ਮਨ ਬਹੁਤ ਉਚਾਟ ਸੀ। ਕੁਝ ਵੀ ਨਹੀਂ ਸੀ ਸੁਝਦਾ। ਪਤਾ ਨਾ ਲੱਗਾ, ਕਦੋਂ ਪੰਦਰਾਂ ਮਿੰਟ ਬੀਤ ਗਏ ਤੇ ਜਿੰਜ਼ਾਲ ਦਾ ਫੋਨ ਆ ਗਿਆ। ਬੋਲਿਆ, “ਠੀਕ ਐ, ਸਭ ਤਿਆਰੀ ਹੋ ਗਈ ਐ। ਇਸ ਤੋਂ ਪਹਿਲਾਂ ਕਿ ਹਾਜੀ ਅਮਰ ਤੁਹਾਨੂੰ ਇਥੋਂ ਲੈ ਕੇ ਤੁਰੇ, ਤੂੰ ਹੀ ਕੁਛ ਕਰਨੈਂ।”
“ਦੱਸੋ ਭਾਈ ਜਾਨ…।”
“ਇਉਂ ਕਰਿਉ…।” ਅੱਗੇ ਉਹ ਮੈਨੂੰ ਸਮਝਾਉਣ ਲੱਗਾ। ਕੁਝ ਮਿੰਟ ਵਿਚ ਹੀ ਉਸ ਨੇ ਮੈਨੂੰ ਸਾਰੀ ਸਕੀਮ ਦੱਸ ਦਿੱਤੀ। ਨਾਲ ਹੀ ਉਸ ਤਾਕੀਦ ਕੀਤੀ ਕਿ ਕਿਧਰੇ ਵੀ ਗਲਤੀ ਨਹੀਂ ਕਰਨੀ। ਜਿਵੇਂ ਉਸ ਨੇ ਦੱਸਿਆ ਹੈ, ਉਵੇਂ ਹੀ ਕਰਨਾ ਹੈ। ਫਿਰ ਫੋਨ ਕੱਟਿਆ ਗਿਆ।
ਸਾਰਾ ਦਿਨ ਬਹੁਤ ਔਖਾ ਲੰਘਿਆ। ਦਿਨ ਵੇਲੇ ਮੈਂ ਰਸ਼ੀਦਾ ਨੂੰ ਵੀ ਸਮਝਾ ਦਿੱਤਾ ਕਿ ਉਸ ਨੇ ਕੀ ਕਰਨਾ ਹੈ। ਸ਼ਾਮ ਵੇਲੇ ਹਾਜੀ ਅਮਰ ਆ ਗਿਆ। ਰਾਤ ਉਵੇਂ ਹੀ ਲੰਘੀ ਜਿਵੇਂ ਪਹਿਲੀ ਰਾਤ ਲੰਘੀ ਸੀ। ਸਵੇਰ ਵੇਲੇ ਹਾਜੀ ਅਮਰ ਮੇਰੇ ਕਮਰੇ ਵਿਚ ਆਇਆ ਤੇ ਹੁਕਮੀਏ ਲਹਿਜੇ ‘ਚ ਬੋਲਿਆ, “ਹੁਣ ਮੈਂ ਜਾ ਰਿਹਾਂ, ਦੁਪਹਿਰ ਤੱਕ ਮੁੜ ਆਊਂ। ਉਸ ਪਿੱਛੋਂ ਆਪਾਂ ਸੀਰੀਆ ਨੂੰ ਤੁਰ ਪੈਣਾ। ਤਿਆਰ ਰਿਹੋ।”
“ਹਾਜੀ, ਮੈਨੂੰ ਸੀਰੀਆ ਨਾ ਭੇਜ, ਮੈਂ ਤੇਰੀਆਂ ਮਿੰਨਤਾਂ ਕਰਦੀ ਆਂ।” ਮੈਂ ਥੋੜ੍ਹਾ ਨਾਟਕ ਕੀਤਾ। ਉਂਜ ਮੈਂ ਜਾਣਦੀ ਸੀ ਕਿ ਉਸ ਤੋਂ ਪਹਿਲਾਂ ਹੀ ਬਹੁਤ ਕੁਝ ਹੋ ਜਾਣਾ ਹੈ। ਮੇਰੀ ਗੱਲ ਦੇ ਜੁਆਬ ਵਿਚ ਉਸ ਨੇ ਕੁਝ ਨਾ ਕਿਹਾ। ਅੱਖਾਂ ਵਿਖਾਉਂਦਾ ਬਾਹਰ ਨਿਕਲ ਗਿਆ। ਉਸ ਦੇ ਜਾਂਦਿਆਂ ਹੀ ਰਸ਼ੀਦਾ ਆ ਗਈ। ਮੈਂ ਛੇਤੀ ਦੇਣੇ ਪੁੱਛਿਆ, ਕੰਮ ਹੋ ਗਿਐ? ਰਸ਼ੀਦਾ ਨੇ ਦੱਸਿਆ ਕਿ ਉਸ ਨੇ ਉਵੇਂ ਹੀ ਕਰ ਦਿੱਤਾ ਹੈ ਜਿਵੇਂ ਮੈਂ ਉਸ ਨੂੰ ਕਰਨ ਨੂੰ ਕਿਹਾ ਸੀ।
ਅਸਲ ਵਿਚ ਕੱਲ੍ਹ ਮੈਨੂੰ ਜਦੋਂ ਜਿੰਜ਼ਾਲ ਨੇ ਦੁਬਾਰਾ ਫੋਨ ਕੀਤਾ ਤਾਂ ਮੈਨੂੰ ਦੱਸਿਆ ਸੀ ਕਿ ਹਾਜੀ ਅਮਰ ਬਹੁਤ ਵੱਡਾ ਅਤਿਵਾਦੀ ਹੈ। ਉਹ ਅਮਰੀਕਨ ਇੰਟੈਲੀਜੈਂਸੀ ਦੀ ਲਿਸਟ ‘ਤੇ ਹੈ। ਇਸੇ ਕਰਕੇ ਜਿੰਜ਼ਾਲ ਦੀ ਕੁਰਦਸ਼ ਸੰਸਥਾ ਵਾਲਿਆਂ ਨੇ ਅਮਰੀਕਨਾਂ ਨਾਲ ਗੱਲ ਕੀਤੀ। ਅੱਗੋਂ ਅਮਰੀਕਨ ਜਨਰਲ ਨੇ ਹਾਜੀ ਅਮਰ ਦਾ ਪ੍ਰਬੰਧ ਕਰਨ ਲਈ ਸਾਰੀ ਸਕੀਮ ਉਲੀਕ ਦਿੱਤੀ ਸੀ। ਮੈਨੂੰ ਸਿਰਫ ਇੰਨਾ ਹੀ ਕਿਹਾ ਸੀ ਕਿ ਜਿਸ ਵੇਲੇ ਹਾਜੀ ਅਮਰ ਘਰੋਂ ਤੁਰੇ ਤਾਂ ਉਸ ਤੋਂ ਪਹਿਲਾਂ ਉਸ ਦੀ ਕਾਰ ਵਿਚ ਮੈਂ ਉਹ ਫੋਨ ਰੱਖ ਦੇਵਾਂ, ਜਿਸ ਤੋਂ ਮੈਂ ਜਿੰਜ਼ਾਲ ਨੂੰ ਫੋਨ ਕੀਤਾ ਸੀ। ਮੈਂ ਅਗਾਂਹ ਇਹ ਕੰਮ ਰਸ਼ੀਦਾ ਨੂੰ ਸੌਂਪ ਦਿੱਤਾ। ਅੱਜ ਜਦੋਂ ਸਵੇਰੇ ਹਾਜੀ ਅਮਰ ਮੇਰੇ ਕਮਰੇ ਵਿਚ ਆਇਆ ਤਾਂ ਉਦੋਂ ਰਸ਼ੀਦਾ ਨੇ ਉਸ ਦੀ ਕਾਰ ਦੀ ਡਿੱਗੀ ਵਿਚ ਉਹ ਫੋਨ ਰੱਖ ਦਿੱਤਾ। ਜਦੋਂ ਘਰੋਂ ਉਸ ਦੀ ਕਾਰ ਤੁਰੀ, ਅਮਰੀਕਨ ਅਥਾਰਟੀ ਨੇ ਉਸੇ ਵੇਲੇ ਉਸ ਨੂੰ ਮਾਨੀਟਰ ਕਰਨਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਬਾਅਦ ਜਦੋਂ ਕਾਰ ਸ਼ਹਿਰੋਂ ਨਿਕਲ ਵੱਡੀ ਸੜਕ ਉਤੇ ਜਾ ਰਹੀ ਸੀ ਤਾਂ ਅਚਾਨਕ ਅਸਮਾਨ ਵਿਚ ਅਮਰਕੀਨ ਜਹਾਜ ਦਿੱਸਿਆ। ਜਹਾਜ ਨੇ ਫੋਨ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਇਲ ਛੱਡੀ। ਮਿਜ਼ਾਇਲ ਨੇ ਅੱਖ ਦੇ ਫੋਰ ਵਿਚ ਹੀ ਹਾਜੀ ਅਮਰ ਦੀ ਕਾਰ ਦੇ ਪਰਖਚੇ ਉਡਾ ਦਿੱਤੇ।
ਜਿੰਜ਼ਾਲ ਦੇ ਦੱਸੇ ਅਨੁਸਾਰ, ਜਿਉਂ ਹੀ ਹਾਜੀ ਅਮਰ ਘਰੋਂ ਨਿਕਲਿਆ ਤਾਂ ਉਸ ਦੇ ਅੱਧੇ ਘੰਟੇ ਪਿੱਛੋਂ, ਅਸੀਂ ਘਰੋਂ ਤੁਰਨ ਲਈ ਤਿਆਰ ਹੋ ਗਈਆਂ। ਰਸ਼ੀਦਾ ਨੇ ਕਿਹਾ ਸੀ ਕਿ ਅਸੀਂ ਉਸ ਦਾ ਕੋਈ ਫਿਕਰ ਨਾ ਕਰੀਏ ਕਿਉਂਕਿ ਉਸ ਨੂੰ, ਉਸ ਦਾ ਕੋਈ ਰਿਸ਼ਤੇਦਾਰ ਇਥੋਂ ਕੱਢ ਕੇ ਲੈ ਜਾਵੇਗਾ। ਅਸੀਂ ਤਿੰਨਾਂ ਨੇ ਉਸ ਨੂੰ ਜੱਫੀ ਪਾਉਂਦਿਆਂ ਉਸ ਦਾ ਧੰਨਵਾਦ ਕੀਤਾ। ਫਿਰ ਆਪੋ ਆਪਣੇ ਢੰਗ ਨਾਲ ਬਾਹਰ ਨਿਕਲਣ ਲੱਗੀਆਂ। ਮੈਂ ਆਪਣਾ ਬੈਗ ਖੋਲ੍ਹਿਆ। ਬੁਰਕਾ ਕੱਢ ਕੇ ਪਹਿਨ ਲਿਆ। ਦਰਵਾਜੇ ‘ਚ ਆ ਕੇ ਬਾਹਰ ਨਜ਼ਰ ਮਾਰੀ। ਫਿਰ ਰੱਬ ਨੂੰ ਯਾਦ ਕਰਦਿਆਂ ਗਲੀ ‘ਚ ਪੈਰ ਰੱਖਿਆ। ਪਹਿਲਾਂ ਮੇਰੇ ਕਦਮ ਕੰਬ ਰਹੇ ਸਨ, ਪਰ ਛੇਤੀ ਹੀ ਮੈਂ ਇਉਂ ਤੁਰਨ ਲੱਗੀ ਜਿਵੇਂ ਇਥੇ ਦੀ ਹੀ ਰਹਿਣ ਵਾਲੀ ਹੋਵਾਂ ਤੇ ਆਪਣੇ ਘਰ ਨੂੰ ਜਾ ਰਹੀ ਹੋਵਾਂ। ਦੁਪਹਿਰ ਵੇਲਾ ਸੀ। ਗਲੀ ਵਿਚ ਕੋਈ ਖਾਸ ਹਿੱਲ-ਜੁੱਲ ਨਹੀਂ ਸੀ।
ਥੋੜ੍ਹੀ ਦੇਰ ਬਾਅਦ ਸਾਹਮਣਿਓਂ ਦੋ ਜਣੇ ਆਉਂਦੇ ਦਿੱਸੇ। ਮੇਰਾ ਸਾਰਾ ਸਰੀਰ ਬੁਰਕੇ ਵਿਚ ਢਕਿਆ ਹੋਇਆ ਸੀ। ਸਿਰਫ ਅੱਖਾਂ ਨੰਗੀਆਂ ਸਨ। ਉਹ ਵੀ ਮੇਰੀ ਨੀਵੀਂ ਪਾਈ ਹੋਣ ਕਾਰਨ ਕਿਸੇ ਨੂੰ ਦਿੱਸ ਨਹੀਂ ਸਨ ਰਹੀਆਂ। ਸਾਹਮਣਿਓਂ ਆਉਣ ਵਾਲੇ ਜਦੋਂ ਬਰਾਬਰ ਆ ਗਏ ਤਾਂ ਮੈਂ ਅੱਖਾਂ ਦੇ ਕੋਇਆਂ ‘ਚੋਂ ਉਧਰ ਨਜ਼ਰ ਮਾਰੀ। ਪਰ ਉਹ ਆਪਣੀਆਂ ਗੱਲਾਂ ਵਿਚ ਮਗਨ, ਮੇਰੇ ਵਲੋਂ ਬੇਧਿਆਨੇ ਅੱਗੇ ਲੰਘ ਗਏ। ਮੇਰਾ ਉਤਸ਼ਾਹ ਵਧ ਗਿਆ। ਮੈਨੂੰ ਜਾਪਿਆ ਕਿ ਕਿਸੇ ਦੇ ਵੀ ਇਹ ਗੱਲ ਖਿਆਲ ਵਿਚ ਨਹੀਂ ਆਵੇਗੀ ਕਿ ਮੈਂ ਕੋਈ ਬਾਹਰਲੀ ਹਾਂ। ਮੈਂ ਹੋਰ ਹੌਸਲੇ ‘ਚ ਤੁਰਨ ਲੱਗੀ। ਇੰਨੇ ਨੂੰ ਸਾਹਮਣਿਓਂ ਵੱਡਾ ਪਿਕਅੱਪ ਟਰੱਕ ਆਉਂਦਾ ਦਿੱਸਿਆ। ਉਸ ਦੇ ਦੋਹੀਂ ਪਾਸੀਂ ਚਿੱਟੇ ਅਤੇ ਕਾਲੇ ਰੰਗ ਦੇ ਝੰਡੇ ਲਹਿਰਾ ਰਹੇ ਸਨ। ਉਧਰ ਵੇਖਦਿਆਂ ਹੀ ਮੈਂ ਪ੍ਰੇਸ਼ਾਨ ਹੋ ਗਈ, ਕਿਉਂਕਿ ਇਹ ਇਸਲਾਮਕ ਸਟੇਟ ਵਾਲਿਆਂ ਦਾ ਟਰੱਕ ਸੀ। ਮਿਲੀਟੈਂਟ ਰਾਈਫਲਾਂ ਲਈ ਪਿੱਛੇ ਖੜ੍ਹੇ ਸਨ। ਮੇਰਾ ਸਾਰਾ ਸਰੀਰ ਕੰਬ ਗਿਆ। ਜਾਪਿਆ, ਬਸ ਇੰਨਾ ਕੁ ਹੀ ਆਉਣਾ ਸੀ। ਫਿਰ ਮੈਨੂੰ ਅਚਾਨਕ ਸੋਚ ਫੁਰੀ। ਟਰੱਕ ਨੇੜੇ ਆਉਣ ਤੋਂ ਪਹਿਲਾਂ ਹੀ ਮੈਂ ਸੱਜੇ ਹੱਥ ਦੀ ਗਲੀ ਮੁੜ ਗਈ। ਬਿਨਾ ਮੇਰੇ ਵਲ ਧਿਆਨ ਦਿੱਤਿਆਂ, ਟਰੱਕ ਵਾਲੇ ਕੋਲ ਦੀ ਲੰਘ ਗਏ। ਅੱਗੋਂ ਮੈਂ ਇਹੀ ਤਰੀਕਾ ਅਪਨਾ ਲਿਆ। ਜਦੋਂ ਹੀ ਕੋਈ ਸਾਹਮਣਿਉਂ ਆਉਂਦਾ ਦਿੱਸਦਾ ਤਾਂ ਇੱਧਰ ਉਧਰ ਦੀ ਗਲੀ ਮੁੜ ਜਾਂਦੀ। ਇਸ ਤਰ੍ਹਾਂ ਕਿਸੇ ਦਾ ਮੇਰੇ ਵਲ ਧਿਆਨ ਹੀ ਨਾ ਜਾਂਦਾ। ਇੰਨੇ ਨੂੰ ਮੈਨੂੰ ਥਕੇਵਾਂ ਮਹਿਸੂਸ ਹੋਇਆ ਤਾਂ ਖਿਆਲ ਆਇਆ ਕਿ ਮੈਨੂੰ ਤੁਰੀ ਨੂੰ ਘੰਟਾ ਕੁ ਹੋ ਗਿਆ ਸੀ। ਮੇਰਾ ਕੋਈ ਮਿੱਥਿਆ ਮੁਕਾਮ ਤਾਂ ਹੈ ਨਹੀਂ ਸੀ ਬਸ ਇਵੇਂ ਇੱਧਰ ਉਧਰ ਤੁਰੀ ਜਾ ਰਹੀ ਸਾਂ। ਉਂਜ ਮੈਂ ਵੇਖ ਲਿਆ ਸੀ ਕਿ ਜਿੱਧਰ ਮੈਂ ਜਾ ਰਹੀ ਹਾਂ, ਇੱਧਰ ਗਰੀਬ ਇਲਾਕਾ ਹੈ। ਖਿਆਲ ਆਇਆ, ਇਹ ਚੰਗਾ ਹੈ ਕਿਉਂਕਿ ਗਰੀਬਾਂ ਵਲ ਕੌਣ ਆਉਂਦਾ ਹੈ? ਪਰ ਹੁਣ ਤੱਕ ਥਕੇਵੇਂ ਦੇ ਨਾਲ ਨਾਲ ਜਾਪਿਆ ਜਿਵੇਂ ਮੈਨੂੰ ਬੁਖਾਰ ਹੋਵੇ। ਪਿਆਸ ਵੀ ਚਮਕਣ ਲੱਗੀ। ਉਤੋਂ ਅਗਸਤ ਮਹੀਨੇ ਦੀ ਗਰਮੀ ਵੀ ਜਾਨ ਕੱਢੀ ਜਾ ਰਹੀ ਸੀ। ਜੀਅ ਕਰਦਾ ਸੀ ਕਿ ਥਾਂਏਂ ਬਹਿ ਜਾਵਾਂ। ਪਰ ਮੈਂ ਕੋਈ ਖਤਰਾ ਨਹੀਂ ਲੈ ਸਕਦੀ ਸੀ। ਮੇਰਾ ਨਿਸ਼ਾਨਾ ਸੀ ਕਿ ਸ਼ਾਮ ਤੱਕ ਇਵੇਂ ਹੀ ਘੁੰਮਦੇ ਰਹਿਣਾ ਹੈ। ਉਂਜ ਪਲੋ ਪਲ ਤੁਰਨਾ ਮੁਸ਼ਕਿਲ ਹੋ ਰਿਹਾ ਸੀ, ਪਰ ਮੈਂ ਤੁਰੀ ਜਾ ਰਹੀ ਸਾਂ।
ਇਸ ਤਰ੍ਹਾਂ ਇੱਧਰ ਉਧਰ ਤੁਰੇ ਫਿਰਦਿਆਂ ਸ਼ਾਮ ਹੋਣ ਲੱਗੀ। ਹੁਣ ਮੈਂ ਬਿਲਕੁਲ ਗਰੀਬ ਜਿਹੀ ਬਸਤੀ ਵਿਚ ਆ ਗਈ। ਹਨੇਰਾ ਛਾਉਣ ਲੱਗਾ। ਮੈਥੋਂ ਇਕ ਕਦਮ ਵੀ ਨਹੀਂ ਚੁੱਕਿਆ ਜਾ ਰਿਹਾ ਸੀ। ਇੱਥੇ ਆ ਕੇ ਮੈਂ ਸੋਚਿਆ ਕਿ ਹੁਣ ਮੈਨੂੰ ਖਤਰਾ ਮੁੱਲ ਲੈਣਾ ਹੀ ਪਵੇਗਾ। ਮੈਨੂੰ ਕਿਸੇ ਦੇ ਘਰ ਦਾ ਦਰਵਾਜਾ ਖੜਕਾਉਣਾ ਹੀ ਪਵੇਗਾ। ਬਸ ਰੱਬ ਉਤੇ ਡੋਰੀ ਸੀ ਕਿ ਕਿਸੇ ਰਸ਼ੀਦਾ ਵਰਗੇ ਰਹਿਮ ਦਿਲ ਇਨਸਾਨ ਦਾ ਦਰਵਾਜਾ ਖੜਕਾਵਾਂ, ਨਾ ਕਿ ਕਿਸੇ ਅਜਿਹੇ ਦਾ ਜੋ ਮੈਨੂੰ ਵਾਪਸ ਇਸਲਾਮਕ ਸਟੇਟ ਵਾਲਿਆਂ ਦੇ ਹੀ ਹਵਾਲੇ ਕਰ ਆਵੇ। ਮੈਂ ਦੋ ਤਿੰਨ ਘਰਾਂ ਅੱਗੇ ਹੌਲੀ ਹੋਈ ਪਰ ਮੇਰੇ ਦਿਲ ਨੇ ਹੁੰਗਾਰਾ ਨਾ ਭਰਿਆ। ਮੈਂ ਹੋਰ ਅੱਗੇ ਵਧ ਗਈ। ਅਚਾਨਕ ਇਕ ਘਰ ਦੇ ਬੂਹੇ ਮੂਹਰੇ ਮੈਂ ਬਜੁਰਗ ਔਰਤ ਨੂੰ ਬੈਠਿਆਂ ਵੇਖਿਆ। ਮੈਂ ਉਸ ਦੇ ਨੇੜ ਦੀ ਲੰਘਣ ਲੱਗੀ ਨੇ ਅੱਖਾਂ ਦੇ ਕੋਇਆਂ ‘ਚੋਂ ਉਸ ਨੂੰ ਨਿਰਖਿਆ ਪਰਖਿਆ। ਉਹ ਮੈਨੂੰ ਮੇਰੀ ਮਾਂ ਵਰਗੀ ਲੱਗੀ। ਸ਼ਾਮ ਦੇ ਹੁੰਮਸ ਜਿਹੇ ‘ਚ ਉਹ ਸ਼ਾਇਦ ਹਵਾ ਹਾਰੇ ਬੈਠੀ ਸੀ। ਮੈਂ ਘਰ ਦਾ ਜਾਇਜ਼ਾ ਵੀ ਲਿਆ। ਮੈਨੂੰ ਲੱਗਾ, ਸ਼ਾਇਦ ਇਹੀ ਘਰ ਮੇਰੇ ਲਈ ਠੀਕ ਹੈ। ਫਿਰ ਮੈਂ ਅਗਲੀ ਗਲੀ ਮੁੜ ਗਈ। ਉਪਰ ਦੀ ਘੁੰਮ ਕੇ ਜਦੋਂ ਮੁੜ ਉਧਰ ਆਈ ਤਾਂ ਉਹ ਔਰਤ ਅੰਦਰ ਜਾ ਚੁਕੀ ਸੀ। ਗਲੀ ਵਿਚ ਇਸ ਵੇਲੇ ਹਨੇਰਾ ਸੀ। ਮੈਂ ਇੱਧਰ ਉਧਰ ਵੇਖਦਿਆਂ ਪੈਰ ਚੁੱਕ ਕੇ ਥੜ੍ਹੇ ਉਪਰ ਧਰਿਆ। ਥੋੜ੍ਹਾ ਅਗਾਂਹ ਹੁੰਦਿਆਂ ਮੈਂ ਦਰਵਾਜੇ ‘ਤੇ ਹੱਥ ਰੱਖ ਦਿੱਤਾ। ਮੇਰਾ ਹੱਥ ਕੰਬ ਰਿਹਾ ਸੀ। ਦਿਲ ਫੈਸਲਾ ਨਹੀਂ ਕਰ ਰਿਹਾ ਸੀ, ਦਰਵਾਜਾ ਖੜਕਾਵਾਂ ਜਾਂ ਨਾ। ਇੰਨੇ ਨੂੰ ਅੰਦਰੋਂ ਕਿਸੇ ਦੀ ਆਵਾਜ਼ ਸੁਣੀ ਤਾਂ ਮੇਰੇ ਹੱਥ ਨੇ ਤੁਰੰਤ ਦਰਵਾਜਾ ਖੜਕਾਇਆ। ਅੰਦਰੋਂ ਆਵਾਜ਼ ਬੰਦ ਹੋ ਗਈ ਪਰ ਕੋਈ ਜੁਆਬ ਨਾ ਆਇਆ। ਮੈਂ ਫਿਰ ਦਰਵਾਜਾ ਖੜਕਾਇਆ। ਦਰਵਾਜਾ ਖੁੱਲ੍ਹਿਆ। ਸਾਹਮਣੇ ਵਡੇਰੀ ਉਮਰ ਦਾ ਬਜੁਰਗ ਖੜ੍ਹਾ ਸੀ। ਉਸ ਨੇ ਹੈਰਾਨੀ ‘ਚ ਪੁੱਛਿਆ, “ਕੌਣ ਐਂ ਤੂੰ? ਕੀ ਚਾਹੀਦਾ ਐ?”
ਮੈਥੋਂ ਬੋਲ ਨਾ ਹੋਇਆ। ਜੀਭ ਤਾਲੂਏ ਨਾਲ ਲੱਗ ਗਈ। ਇੰਨੇ ਨੂੰ ਉਹੀ ਔਰਤ, ਜੋ ਪਹਿਲਾਂ ਮੈਂ ਬੂਹੇ ਵਿਚ ਬੈਠੀ ਵੇਖੀ ਸੀ, ਉਸ ਬਜੁਰਗ ਕੋਲ ਆ ਖੜ੍ਹੀ ਹੋਈ। ਬਜੁਰਗ ਨੇ ਦੁਬਾਰਾ ਪੁੱਛਿਆ, “ਦੱਸ ਬੀਬੀ ਕੌਣ ਐਂ ਤੂੰ, ਕੁਛ ਬੋਲ ਵੀ?”
“ਮੈਂ…ਮੈਂ ਆਸਮਾ ਆਂ।” ਕੰਬਦੀ ਆਵਾਜ਼ ਵਿਚ ਇੰਨਾ ਕੁ ਕਿਹਾ। ਮੇਰਾ ਮੂੰਹ ਬਹੁਤ ਹੀ ਗਰੀਬੜਾ ਜਿਹਾ ਬਣ ਗਿਆ ਸੀ। ਸ਼ਾਇਦ ਇਸੇ ਲਈ ਔਰਤ ਅਗਾਂਹ ਹੋਈ ਤੇ ਪੁੱਛਿਆ, “ਪੁੱਤਰੀ ਤੈਨੂੰ ਕੋਈ ਤਕਲੀਫ ਐ? ਅਸੀਂ ਤੇਰੀ ਕੀ ਮੱਦਦ ਕਰ ਸਕਦੇ ਆਂ?”
“ਮੈਂ ਮੁਸੀਬਤ ‘ਚ ਆਂ। ਮੇਰੀ ਜਾਨ ਨੂੰ ਖਤਰਾ ਐ।” ਇੰਨਾ ਕਹਿੰਦਿਆਂ ਮੈਂ ਆਲੇ ਦੁਆਲੇ ਨਜ਼ਰ ਮਾਰੀ। ਬਜੁਰਗ ਔਰਤ ਨੇ ਅਗਾਂਹ ਹੁੰਦਿਆਂ ਮੇਰੀ ਬਾਂਹ ਫੜ੍ਹ ਲਈ ਤੇ ਅੰਦਰ ਨੂੰ ਤੋਰਦਿਆਂ ਬੋਲੀ, “ਤੂੰ ਅੰਦਰ ਆ ਜਾਹ। ਬਾਕੀ ਗੱਲ ਫਿਰ ਕਰਾਂਗੇ।” ਉਹ ਮੈਨੂੰ ਅੰਦਰ ਲੈ ਗਈ। ਬੈਠਕ ਵਿਚ ਇਕ ਕੁਰਸੀ ‘ਤੇ ਬਿਠਾਉਂਦਿਆਂ ਮੇਰਾ ਹੱਥ ਫੜ੍ਹ ਪੁੱਛਿਆ, “ਕਿਸ ਤੋਂ ਖਤਰਾ ਐ ਤੈਨੂੰ? ਹੁਣ ਖੁੱਲ੍ਹ ਕੇ ਦੱਸ।”
“ਮੈਂ ਕਿਸੇ ਦੇ ਚੁੰਗਲ ‘ਚੋਂ ਭੱਜ ਕੇ ਆਈ ਆਂ। ਮੈਨੂੰ ਇਸਲਾਮਕ ਸਟੇਟ ਵਾਲਿਆਂ ਨੇ ਬੰਦੀ ਬਣਾ ਰੱਖਿਆ ਸੀ। ਮੇਰਾ ਸਾਰਾ ਪਰਿਵਾਰ…।” ਅਗਾਂਹ ਮੈਂ ਮੇਰੇ ਨਾਲ ਅਤੇ ਪਰਿਵਾਰ ਨਾਲ ਹੋਈ-ਬੀਤੀ ਮੋਟੇ ਤੌਰ ‘ਤੇ ਸੁਣਾ ਦਿੱਤੀ। ਮੈਂ ਚਾਹੁੰਦੀ ਸੀ ਕਿ ਉਹ ਸਮਝ ਜਾਣ ਕਿ ਮੈਂ ਬਿਲਕੁਲ ਲਾਵਾਰਸ ਤੇ ਲਾਚਾਰ ਹਾਂ। ਉਨ੍ਹਾਂ ਨੂੰ ਮੇਰੇ ਉਪਰ ਤਰਸ ਆਵੇ।
ਪਰ ਇਸਲਾਮਕ ਸਟੇਟ ਵਾਲਿਆਂ ਦਾ ਨਾਂ ਸੁਣਦਿਆਂ ਹੀ ਉਨ੍ਹਾਂ ਦੇ ਚਿਹਰੇ ਉਤਰ ਗਏ। ਲੱਗਿਆ ਜਿਵੇਂ ਉਨ੍ਹਾਂ ਦਾ ਤਪਦੀ ਤਵੀ ਨੂੰ ਹੱਥ ਲੱਗ ਗਿਆ ਹੋਵੇ। ਔਰਤ ਨੇ ਆਪਣੇ ਹੱਥਾਂ ‘ਚੋਂ ਮੇਰਾ ਹੱਥ ਛੱਡ ਦਿੱਤਾ। ਉਹ ਉਠ ਕੇ ਖੜ੍ਹੀ ਹੋ ਗਈ। ਉਸ ਨੇ ਇਕ ਵਾਰ ਦਰਵਾਜੇ ਵਲ ਵੇਖਿਆ ਕਿ ਉਹ ਚੰਗੀ ਤਰ੍ਹਾਂ ਬੰਦ ਹੈ। ਫਿਰ ਉਹ ਮੋਰੀ ਵਿਚੋਂ ਬਾਹਰ ਝਾਕੀ। ਸ਼ਾਇਦ ਇਹ ਵੇਖਣ ਲਈ ਕਿ ਕੋਈ ਮੇਰੇ ਪਿੱਛੇ ਤਾਂ ਨਹੀਂ ਲੱਗਾ ਹੋਇਆ। ਕੁਝ ਦੇਰ ਚੁੱਪ ਪਸਰੀ ਰਹੀ। ਫਿਰ ਬਜੁਰਗ ਉਸ ਨੂੰ ਬੋਲਿਆ, “ਹੁਣ ਕੀ ਕਰੀਏ?”
ਉਸ ਦੀ ਗੱਲ ਸੁਣ ਕੇ ਔਰਤ ਕੁਝ ਪਲ ਮੇਰੇ ਉਦਾਸ ਚਿਹਰੇ ਵਲ ਵੇਖਦੀ ਰਹੀ। ਫਿਰ ਹੌਲੀ ਜਿਹੇ ਬੋਲੀ, “ਹੈ ਤਾਂ ਬੜਾ ਮੁਸ਼ਕਿਲ, ਪਰ ਇਹ ਸਾਡੇ ਦਰ ‘ਤੇ ਸਵਾਲੀ ਬਣ ਕੇ ਆਈ ਐ। ਮਜ਼ਲੂਮ ਐਂ। ਇਸ ਨੂੰ ਬਾਹਰ ਵੀ ਨਹੀਂ ਧੱਕ ਸਕਦੇ।”
“ਪਰ ਜੇ ਇਸਲਾਮਕ ਸਟੇਟ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਅੱਗ ਲਾ ਕੇ ਫੂਕ ਦੇਣਗੇ।” ਬੰਦੇ ਨੇ ਫਿਕਰ ਜਾਹਰ ਕੀਤਾ। ਸੁਣ ਕੇ ਔਰਤ ਕੁਝ ਦੇਰ ਨੀਵੀਂ ਪਾਈ ਸੋਚਦੀ ਰਹੀ। ਫਿਰ ਮੇਰੇ ਮੋਢੇ ‘ਤੇ ਹੱਥ ਧਰਦਿਆਂ ਬੋਲੀ, “ਕੁਝ ਵੀ ਹੋਵੇ ਅਸੀਂ ਇਸ ਨਿਆਸਰੀ ਕੁੜੀ ਨੂੰ ਮੁੜ ਕੇ ਉਨ੍ਹਾਂ ਭੇੜੀਆਂ ਵਲ ਨ੍ਹੀਂ ਸੁੱਟ ਸਕਦੇ।” ਫਿਰ ਉਸ ਨੇ ਬਜੁਰਗ ਵਲ ਵੇਖਿਆ। ਉਹ ਵੀ ਸ਼ਾਇਦ ਉਸ ਨਾਲ ਸਹਿਮਤ ਸੀ। ਉਨ੍ਹਾਂ ਦੀਆਂ ਹੌਸਲੇ ਵਾਲੀਆਂ ਗੱਲਾਂ ਸੁਣ ਕੇ ਮੇਰਾ ਮਨ ਥਾਂ ਸਿਰ ਆ ਗਿਆ। ਮੈਨੂੰ ਉਥੇ ਹੀ ਛੱਡ ਕੇ ਉਹ ਘਰ ਦੇ ਅੰਦਰ ਚਲੇ ਗਏ। ਸ਼ਾਇਦ ਮੇਰੇ ਤੋਂ ਪਾਸੇ ਹੋ ਕੇ ਕੋਈ ਆਪਸੀ ਵਿਚਾਰ ਕਰਨਾ ਚਾਹੁੰਦੇ ਸਨ। ਪੰਜ ਸੱਤ ਮਿੰਟਾਂ ਪਿੱਛੋਂ ਉਹ ਵਾਪਸ ਆਏ ਤੇ ਬਜੁਰਗ ਮੇਰੇ ਨੇੜੇ ਹੁੰਦਾ ਬੋਲਿਆ, “ਪੁੱਤਰੀ, ਉਂਜ ਤਾਂ ਅਸੀਂ ਵੀ ਸੁੰਨੀ ਮੁਸਲਮਾਨ ਆਂ। ਪਰ ਅਸੀਂ ਇਨ੍ਹਾਂ ਇਸਲਾਮਕ ਸਟੇਟ ਵਾਲਿਆਂ ਨੂੰ ਨਫਰਤ ਕਰਦੇ ਆਂ। ਇਨ੍ਹਾਂ ਨੇ ਸਾਰਾ ਸਮਾਜ ਤਬਾਹ ਕਰਕੇ ਰੱਖ ਦਿੱਤਾ। ਸਾਡੇ ਕਈ ਰਿਸ਼ਤੇਦਾਰ ਮਾਰੇ ਗਏ। ਪਰ ਮਜਬੂਰ ਆਂ। ਕੁਛ ਬੋਲ ਨ੍ਹੀਂ ਸਕਦੇ। ਸਮੁੰਦਰ ‘ਚ ਰਹਿੰਦਿਆਂ ਮਗਰਮੱਛ ਨਾਲ ਵੈਰ ਤਾਂ ਨ੍ਹੀਂ ਪਾ ਸਕਦੇ। ਤੂੰ ਫਿਕਰ ਨਾ ਕਰ, ਅਸੀਂ ਵਿਤ ਮੁਤਾਬਕ ਤੇਰੀ ਮੱਦਦ ਕਰਾਂਗੇ।”
ਉਹ ਚੁੱਪ ਹੋਇਆ ਤਾਂ ਔਰਤ ਬੋਲਣ ਲੱਗੀ, “ਬੱਚੀਏ, ਮੇਰਾ ਨਾਂ ਹਾਮਾ ਐਂ। ਇਹ ਰਸੂਲ ਐ, ਮੇਰਾ ਖਾਵੰਦ। ਇਸ ਘਰ ‘ਚ ਸਾਡੇ ਨਾਲ ਸਾਡਾ ਪੁੱਤਰ ਨਾਸਿਰ ਤੇ ਉਸ ਦੀ ਵਹੁਟੀ ਨਸੀਰਾਂ ਰਹਿੰਦੇ ਨੇ। ਉਹ ਪਿੱਛੇ ਵਿਹੜੇ ਵਿਚ ਨੇ। ਮੈਂ ਤੈਨੂੰ ਮਿਲਾਉਨੀ ਆਂ।”
ਥੋੜ੍ਹੀ ਦੇਰ ਪਿੱਛੋਂ ਹੀ ਉਹ ਨਾਸਿਰ ਅਤੇ ਨਸੀਰਾਂ ਨੂੰ ਲੈ ਆਈ। ਉਹ ਮੇਰੇ ਵਲ ਡਡਵੈਰਿਆਂ ਵਾਂਗੂੰ ਝਾਕ ਰਹੇ ਸਨ, ਪਰ ਬੋਲੇ ਕੁਝ ਨਾ। ਨਸੀਰਾਂ ਗੋਦੀ ਚੁੱਕੇ ਜੁਆਕ ਨੂੰ ਲੈ ਕੇ ਵਾਪਸ ਮੁੜ ਗਈ। ਦੋਹਾਂ ਬਜੁਰਗਾਂ ਨੇ ਨਾਸਿਰ ਨੂੰ ਕਿਹਾ ਕਿ ਹੁਣ ਇਹ ਸਾਡੀ ਮਹਿਮਾਨ ਹੈ ਤੇ ਇਸ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਨਾਸਿਰ ਸਹਿਮਤੀ ‘ਚ ਸਿਰ ਹਿਲਾਉਂਦਾ ਵਾਪਸ ਅੰਦਰ ਚਲਾ ਗਿਆ। ਰਸੂਲ ਵੀ ਉਸ ਦੇ ਮਗਰੇ ਤੁਰ ਪਿਆ। ਪਿੱਛੋਂ ਹਾਮਾ ਮੇਰੇ ਸਾਹਮਣੇ ਬਹਿੰਦਿਆਂ ਕਹਿਣ ਲੱਗੀ, “ਪੁੱਤਰੀ, ਅਸੀਂ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਲੋਕ ਆਂ। ਪਰ ਸਾਡਾ ਫਰਜ਼ ਕਹਿੰਦਾ ਐ ਕਿ ਅਸੀਂ ਤੇਰੀ ਮਦਦ ਕਰੀਏ। ਨਾਲੇ ਮੈਂ ਇਕ ਮਾਂ ਵੀ ਆਂ।”
ਉਸ ਦੀ ਗੱਲ ਸੁਣ ਕੇ ਲੱਗਾ ਜਿਵੇਂ ਮੇਰੇ ਸਾਹਮਣੇ ਮੇਰੀ ਆਪਣੀ ਹੀ ਮਾਂ ਬੈਠੀ ਹੋਵੇ। ਮੈਂ ਹਾਮਾ ਦਾ ਹੱਥ ਫੜ੍ਹ ਕੇ ਰੋਣ ਲੱਗੀ। ਉਸ ਨੂੰ ਸ਼ਾਇਦ ਮੇਰੇ ਉਤੇ ਹੋਰ ਤਰਸ ਆਇਆ। ਉਸ ਨੇ ਮੇਰਾ ਹੱਥ ਥਾਪੜਦਿਆਂ ਕਿਹਾ, “ਆਸਮਾ, ਹੁਣ ਤੂੰ ਰੋ ਨਾ ਤੇ ਨਾ ਹੀ ਫਿਕਰ ਕਰ। ਸਾਡਾ ਇਹ ਛੋਟਾ ਜਿਹਾ ਘਰ ਐ। ਜੋ ਵੀ ਰੁੱਖਾ ਸੁੱਖਾ ਐ, ਕਬੂਲ ਕਰੀਂ। ਆ ਤੈਨੂੰ ਦੂਸਰੇ ਕਮਰੇ ਵਿਚ ਬਿਠਾ ਦਿਆਂ।”
ਇੰਨਾ ਕਹਿੰਦਿਆਂ ਉਸ ਮੈਨੂੰ ਉਠਾਇਆ ਤੇ ਨਾਲ ਲੱਗਦੇ ਕਮਰੇ ‘ਚ ਲੈ ਗਈ। ਮੈਂ ਵੇਖਿਆ, ਪਿੱਛੇ ਛੋਟਾ ਜਿਹਾ ਵਿਹੜਾ ਸੀ ਤੇ ਬਸ ਇਹ ਦੋ ਹੀ ਕਮਰੇ ਸਨ। ਇਕ ਪਾਸੇ ਨਿੱਕੀ ਜਿਹੀ ਰਸੋਈ ਤੇ ਖੂੰਜੇ ‘ਚ ਕੱਚੀ ਕੰਧ ਵਗਲ ਕੇ ਬਣਾਇਆ ਗੁਸਲਖਾਨਾ ਸੀ। ਮੈਨੂੰ ਕਮਰੇ ‘ਚ ਬਿਠਾਉਂਦਿਆਂ ਹਾਮਾ ਨੇ ਕਿਹਾ, “ਹੁਣ ਤੂੰ ਸੰਭਲ ਕੇ ਰਹੀਂ। ਇਸ ਕਮਰੇ ‘ਚੋਂ ਬਾਹਰ ਨਾ ਆਈਂ। ਨਾ ਈ ਪਿੱਛੇ ਵਿਹੜੇ ਵਿਚ ਜਾਈਂ। ਤੇਰਾ ਛੁਪ ਕੇ ਰਹਿਣਾ ਜ਼ਰੂਰੀ ਐ। ਅੱਛਾ ਮੈਂ ਨਸੀਰਾਂ ਹੱਥ ਖਾਣਾ ਭੇਜਦੀ ਆਂ। ਉਸ ਪਿੱਛੋਂ ਆਰਾਮ ਕਰੀਂ। ਬਾਕੀ ਗੱਲਾਂ ਸਵੇਰੇ ਕਰਾਂਗੇ।”
ਨਸੀਰਾਂ ਮੈਨੂੰ ਖਾਣਾ ਦੇ ਗਈ। ਮੈਂ ਲੋੜ ਜੋਗਾ ਖਾਧਾ ਪੀਤਾ ਤੇ ਆਰਾਮ ਕਰਨ ਲਈ ਮੰਜੇ ‘ਤੇ ਲੇਟ ਗਈ। ਕੁਝ ਦੇਰ ਪਿਛੋਂ ਸ਼ਾਇਦ ਹਾਮਾ ਦਾ ਪਰਿਵਾਰ ਵੀ ਪੈ ਗਿਆ। ਆਲੇ ਦੁਆਲੇ ਪੈਂਦਾ ਰੌਲਾ ਬੰਦ ਹੋ ਗਿਆ। ਗਹਿਰੀ ਰਾਤ ਉਤਰ ਆਈ ਸੀ। ਕਿੰਨੇ ਹੀ ਚਿਰ ਪਿੱਛੋਂ ਮੈਂ ਜ਼ਰਾ ਚੈਨ ਨਾਲ ਪਈ ਸੀ। ਮੈਂ ਸੌਣ ਦੀ ਕੋਸ਼ਿਸ਼ ਕੀਤੀ, ਪਰ ਨੀਂਦ ਮੇਰੀਆਂ ਅੱਖਾਂ ਤੋਂ ਕੋਹਾਂ ਦੂਰ ਸੀ। ਹੁਣ ਸਰੀਰਕ ਆਰਾਮ ਮਿਲਿਆ ਸੀ ਤਾਂ ਮਨ ਉਚਾਟ ਹੋਣ ਲੱਗਾ। ਪਤਾ ਹੀ ਨਾ ਲੱਗਾ ਕਦੋਂ ਮਨ ਆਪਣੇ ਘਰ ਪਹੁੰਚ ਗਿਆ। ਮੇਰਾ ਮਨ, ਸਾਡੇ ਘਰ ਦੇ ਵਿਹੜੇ ਵਿਚ ਤੁਰੇ ਫਿਰਦੇ ਟੱਬਰ ਦੇ ਜੀਆਂ ਨੂੰ ਵੇਖ ਰਿਹਾ ਸੀ। ਕਦੇ ਕੋਈ ਝਾਕੀ ਸਾਹਮਣੇ ਆਉਂਦੀ ਤੇ ਕਦੇ ਕੋਈ। ਫਿਰ ਮੇਰੇ ਮਨ ਦੀਆਂ ਨਜ਼ਰਾਂ ਮੂਹਰੇ ਆਪਣੇ ਘਰ ਦੇ ਵਿਹੜੇ ਵਿਚ ਫਿਰਦੀ ਛੋਟੀ ਜਿਹੀ ਆਸਮਾ ਘੁੰਮਣ ਲੱਗੀ। ਮੈਂ ਪੂਰੇ ਤੌਰ ‘ਤੇ ਅਤੀਤ ਵਿਚ ਗੁਆਚ ਗਈ…।
(ਚਲਦਾ)