ਸਬੰਧ ਅਤੇ ਸੰਪਰਕ ਵਿਚਲੀ ਸੂਖਮਤਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਸਾਨੂੰ ਚੇਤੇ ਕਰਵਾਇਆ ਸੀ, ਜੋ ਸਿੱਖ ਭੁੱਲਦੇ ਜਾ ਰਹੇ ਹਨ। ਉਨ੍ਹਾਂ ਦਾ ਸਵਾਲ ਸੀ, “ਕੀ ਅਸੀਂ ਸਿੱਖ-ਸੋਚ ਅਤੇ ਬਾਣੀ ਵਿਚਲੀ ਸੇਧ ਅਨੁਸਾਰ ਆਪਣਾ ਨਿੱਤਾਪ੍ਰਤੀ ਦਾ ਜੀਵਨ ਜਿਉਂਦੇ ਹਾਂ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ?”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਹੈ ਕਿ ਇਹ ਰਿਸ਼ਤੇ ਦੋ ਤਰ੍ਹਾਂ ਦੇ ਹਨ, ਇਕ ਨਿਰੀ ਜਾਣ-ਪਛਾਣ ਜਾਂ ਸੰਪਰਕ ਅਤੇ ਦੂਜੇ ਸਬੰਧਾਂ ਦੇ। ਉਹ ਕਹਿੰਦੇ ਹਨ, “ਸਬੰਧ ਹੋਣ ਤਾਂ ਗਲਵੱਕੜੀ ‘ਚੋਂ ਵਿਸਮਾਦ ਪੈਦਾ ਹੁੰਦਾ ਅਤੇ ਸਕੂਨ ਤੇ ਅਪਣੱਤ ਦੀ ਮਹਿਕ ਫੈਲਦੀ। ਸੰਪਰਕ ਵਾਲਿਆਂ ਨੂੰ ਤਾਂ ਗਲੇ ਲਾਉਣ ਬਾਰੇ ਸੋਚਣਾ ਹੀ ਫਜੂਲ ਹੁੰਦਾ।…ਸਬੰਧਾਂ ਦੀ ਗਿਣਤੀ ਨੂੰ ਉਂਗਲਾਂ ‘ਤੇ ਗਿਣਿਆ ਜਾ ਸਕਦਾ ਹੈ, ਜਦ ਕਿ ਸੰਪਰਕ ਵਾਲੇ ਲੋਕ ਹਜ਼ਾਰਾਂ ਅਤੇ ਲੱਖਾਂ ਵਿਚ ਵੀ ਹੋ ਸਕਦੇ।” ਉਨ੍ਹਾਂ ਦੀ ਨਸੀਹਤ ਹੈ, “ਸੰਪਰਕ ਨਾ ਬਣਾਓ ਸਗੋਂ ਸਬੰਧ ਉਗਾਓ। ਸਬੰਧ ਨਾਲ ਰਿਸ਼ਤਾ ਧੁਰ-ਕਦੀਮ ਦਾ ਹੋਵੇਗਾ, ਪਰ ਸੰਪਰਕ ਤਾਂ ਸੰਪਰਕ ਤੀਕ ਹੀ ਸੀਮਤ।…ਸਬੰਧ ਘੱਟ ਹੋਣ ਪਰ ਹੋਣ ਮਜ਼ਬੂਤ ਅਤੇ ਚਿਰ ਸਦੀਵੀ, ਜਿਨ੍ਹਾਂ ਦੀ ਮਿੱਤਰ-ਤਾਈ ਤੁਹਾਡੇ ਲਈ ਮਾਣਮੱਤਾ ਅਹਿਸਾਸ ਹੋਵੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸਬੰਧ, ਨਿੱਜੀ ਨੇੜਤਾ, ਨਿੱਤ ਦਾ ਮੇਲ-ਮਿਲਾਪ ਅਤੇ ਹਰ ਮੋੜ ‘ਤੇ ਇਕ ਦੂਜੇ ਨਾਲ ਦੁਆ-ਸਲਾਮ। ਸੰਪਰਕ, ਦੂਰ ਦੀ ਜਾਣ-ਪਛਾਣ, ਕਦੇ ਕਦਾਈਂ ਕਿਸੇ ਨੂੰ ਮਿਲਣਾ ਅਤੇ ਜ਼ਿੰਦਗੀ ਵਿਚ ‘ਕੇਰਾਂ ਕਿਸੇ ਮੋੜ ‘ਤੇ ਮਿਲ ਪੈਣਾ।
ਸਬੰਧ, ਰੂਹ-ਰਾਬਤਾ, ਅੰਤਰੀਵੀ-ਸਾਂਝ, ਦਿਲ ਤੋਂ ਦਿਲ ਤੀਕ ਦਾ ਸਫਰ ਅਤੇ ਇਕ ਦੂਜੇ ਦੇ ਮਨ ਦੀ ਅੰਤਰ-ਯਾਮਤਾ। ਸੰਪਰਕ ਨੂੰ ਰਾਬਤਾ ਨਹੀਂ ਕਿਹਾ ਜਾ ਸਕਦਾ। ਕਦੇ ਨਹੀਂ ਸਾਂਝੀਆਂ ਹੁੰਦੀਆਂ ਦਿਲ ਦੀਆਂ ਗੱਲਾਂ, ਭੇਤ ਦੱਸਣ ਦੀ ਨਹੀਂ ਹੁੰਦੀ ਕਾਹਲ ਅਤੇ ਨਾ ਹੀ ਸੰਪਰਕ ਵਾਲੇ ਨਾਲ ਅੰਤਰ-ਸੋਝੀ ਸਾਂਝੀ ਕੀਤੀ ਜਾ ਸਕਦੀ।
ਸਬੰਧ ਹੋਣ ਤਾਂ ਗਲਵੱਕੜੀ ‘ਚੋਂ ਵਿਸਮਾਦ ਪੈਦਾ ਹੁੰਦਾ ਅਤੇ ਸਕੂਨ ਤੇ ਅਪਣੱਤ ਦੀ ਮਹਿਕ ਫੈਲਦੀ। ਸੰਪਰਕ ਵਾਲਿਆਂ ਨੂੰ ਤਾਂ ਗਲੇ ਲਾਉਣ ਬਾਰੇ ਸੋਚਣਾ ਹੀ ਫਜੂਲ ਹੁੰਦਾ। ਕੋਈ ਆਸ ਰੱਖਣੀ ਹੀ ਕੁਥਾਂ ਹੁੰਦੀ।
ਸਬੰਧਾਂ ਵਿਚਲੀ ਪਾਕੀਜ਼ਗੀ, ਆਪਣਾਪਨ ਅਤੇ ਮੋਹ-ਭਿੱਜਤਾ ਨੂੰ ਸੰਪਰਕ ਵਿਚੋਂ ਕਿਆਸਣਾ ਮਨੁੱਖ ਦੀ ਸਭ ਤੋਂ ਵੱਡੀ ਭੁੱਲ। ਅਜੋਕੇ ਮਨੁੱਖ ਦੀ ਸੰਪਰਕਾਂ ਵਿਚੋਂ ਹੀ ਸਬੰਧਾਂ ਦੀ ਤਲਾਸ਼, ਸਿਰਫ ਇਕ ਮ੍ਰਿਗ-ਤ੍ਰਿਸ਼ਨਾ।
ਸਬੰਧ ਬਹੁਤ ਹੀ ਵਿਰਲਿਆਂ ਅਤੇ ਗਿਣੇ ਚੁਣੇ ਲੋਕਾਂ ਨਾਲ ਸਥਾਪਤ ਹੁੰਦੇ, ਉਹ ਲੋਕ ਜੋ ਤੁਹਾਡੇ ਸਭ ਤੋਂ ਵੱਧ ਕਰੀਬੀ, ਜਿਨ੍ਹਾਂ ਨਾਲ ਸੁਪਨਿਆਂ ਦੀ ਸਾਂਝ ਅਤੇ ਖਿਆਲਾਂ ਦੀ ਭਾਈਵਾਲੀ। ਉਨ੍ਹਾਂ ਸੰਗ ਗੁਫਤਗੂ ਅਮੁੱਕ ਹੁੰਦੀ। ਨਿੱਕੀਆਂ ਨਿੱਕੀਆਂ ਬਾਤਾਂ ਦੀ ਲੰਮੇਰੀ ਲੜੀ ਅਤੇ ਇਨ੍ਹਾਂ ‘ਚੋਂ ਹਾਸਿਆਂ ਦੇ ਸ਼ਗੂਫੇ ਫੁੱਟਦੇ। ਪਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਨਹੀਂ ਹੁੰਦਾ ਅਜਿਹਾ। ਸਿਰਫ ਰਸਮੀ ਗੱਲਬਾਤ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਏ ਬਾਤ-ਚੀਤ ਅਤੇ ਬੜੀ ਜਲਦੀ ਮੁੱਕ ਜਾਂਦੀਆਂ ਨੇ ਗੱਲਾਂ।
ਸਬੰਧ ਬਣਾਉਣ ਵਾਲਿਆਂ ਨਾਲ ਕਰੀਦੇ ਨੇ ਭੇਤ ਸਾਂਝੇ, ਰੂਹ ਦੀਆਂ ਬਾਤਾਂ ਦੀ ਲਾਮਡੋਰੀ, ਬੀਤੇ ਹੋਏ ਪਲਾਂ ਨੂੰ ਮਾਣਦੇ ਅਤੇ ਆਉਣ ਵਾਲੇ ਸਮੇਂ ਦੇ ਮੁੱਖ ‘ਤੇ ਸਤਰੰਗੀ ਦੀ ਕਲਾ-ਨਿਕਾਸ਼ੀ ਕਰਨ ਲਈ ਵਿਉਂਤਾਂ ਘੜਦੇ। ਸੰਪਰਕ ਵਾਲੇ ਵਿਅਕਤੀ ਨਾਲ ਅਜਿਹਾ ਕੁਝ ਵੀ ਨਹੀਂ ਹੁੰਦਾ।
ਸਬੰਧਾਂ ਵਾਲੇ ਸਾਥੀਆਂ ਦੇ ਨਾਮ ਦਿਲ ਦੇ ਵਰਕੇ ‘ਤੇ ਉਕਰੇ ਹੁੰਦੇ ਅਤੇ ਉਨ੍ਹਾਂ ਨੂੰ ਸੁਪਨੇ ਵਿਚ ਮਾਰੀ ਹਾਕ ਵੀ ਸੁਣਾਈ ਦਿੰਦੀ। ਉਹ ਤੁਹਾਡੀ ਮੂਕ ਆਸ ਲਈ ਵੀ ਵਿਸ਼ਵਾਸ ਦੀ ਕੜੀ ਬਣਦੇ। ਪਰ ਸੰਪਰਕਾਂ ਨਾਲ ਭਰਿਆ ਹੁੰਦਾ ਏ ਤੁਹਾਡਾ ਟੈਲੀਫੋਨ। ਸ਼ੋਸ਼ਲ ਮੀਡੀਆ ‘ਤੇ ਜੁੜਨ ਵਾਲੇ ਲੋਕ ਸਿਰਫ ਸੰਪਰਕ ਹੁੰਦੇ। ਕੁਝ ਤਾਂ ਟਾਈਮ ਪਾਸ ਕਰਦੇ ਅਤੇ ਕੁਝ ਕੁ ਤੁਹਾਡੇ ਸੁਹਜ ਤੇ ਕੋਮਲਤਾ ਨੂੰ ਆਪਣੇ ਹਿੱਤਾਂ ਲਈ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਸਬੰਧਾਂ ਦੀ ਗਿਣਤੀ ਨੂੰ ਉਂਗਲਾਂ ‘ਤੇ ਗਿਣਿਆ ਜਾ ਸਕਦਾ ਹੈ, ਜਦ ਕਿ ਸੰਪਰਕ ਵਾਲੇ ਲੋਕ ਹਜ਼ਾਰਾਂ ਅਤੇ ਲੱਖਾਂ ਵਿਚ ਵੀ ਹੋ ਸਕਦੇ। ਬਿਪਤਾ ਪੈਣ ‘ਤੇ ਸੰਪਰਕ ਤਾਂ ਪਿੱਠ ਦਿਖਾਉਣ ਲੱਗੇ ਪਲ ਨਹੀਂ ਲਾਉਂਦੇ। ਸਬੰਧ ਹੀ ਹੁੰਦੇ, ਜੋ ਤੁਹਾਡੇ ਲਈ ਚੱਟਾਨ ਬਣਦੇ। ਦਰਸਅਲ ਉਹ ਸਬੰਧਾਂ ਦਾ ਸੁੱਚਮ ਹੁੰਦੇ। ਭੀੜ ਪੈਣ ‘ਤੇ ਤਾਂ ਕਈ ਵਾਰ ਸਬੰਧ ਵੀ ਸੰਪਰਕ ਬਣ ਕੇ ਰਹਿ ਜਾਂਦੇ। ਫਿਰ ਸੰਪਰਕਾਂ ਤੋਂ ਕੀ ਆਸ ਰੱਖੋਗੇ ਕਿ ਉਹ ਸਬੰਧ ਬਣ ਜਾਣ ਅਤੇ ਤੁਹਾਡੇ ਲਈ ਜਾਨ ਵਾਰਨ!
ਸਬੰਧ ਹੀ ਕਈ ਵਾਰ ਸਾਂਝਾਂ ਅਤੇ ਰਿਸ਼ਤੇਦਾਰੀਆਂ ਵਿਚ ਤਬਦੀਲ ਹੋ ਕੇ ਸਮਾਜਕ ਕੜੀ ਲਈ ਮਜ਼ਬੂਤੀ ਦਾ ਆਧਾਰ ਹੁੰਦੇ। ਬਹੁਤ ਘੱਟ ਸੰਪਰਕ ਹੁੰਦੇ, ਜਿਨ੍ਹਾਂ ਨੇ ਕਦੇ ਸਾਂਝ ਜਾਂ ਰਿਸ਼ਤੇਦਾਰੀ ਵੰਨੀਂ ਹੱਥ ਵਧਾਇਆ ਹੋਵੇ।
ਸਬੰਧ, ਮੁਫਾਦ ਅਤੇ ਲੋਭ ਤੋਂ ਉਪਰ ਅਤੇ ਸਬੰਧਾਂ ਦੀ ਸਦੀਵਤਾ ਲਈ ਸਭ ਕੁਝ ਨਿਛਾਵਰ ਕਰਨ ਨੂੰ ਤਿਆਰ। ਸੰਪਰਕ ਸਿਰਫ ਲੋੜ ‘ਤੇ ਆਧਾਰਤ ਅਤੇ ਨਿੱਜ-ਪੂਰਤੀ ਦਾ ਨਾਮ।
ਸਬੰਧਾਂ ਵਾਲੇ ਲੋਕਾਂ ਸੰਗ ਹੱਸਣਾ, ਬੋਲਣਾ, ਝਗੜਨਾ, ਖਾਣਾ, ਖੇਡਣਾ, ਰੋਣਾ, ਰੁਆਣਾ ਅਤੇ ਠੱਠਾ-ਮਖੌਲ ਕਰਨਾ, ਜੀਵਨ-ਨਾਦ। ਕੋਈ ਨਹੀਂ ਕਰਦਾ ਇਕ ਦੂਸਰੇ ਦਾ ਗੁੱਸਾ। ਉਨ੍ਹਾਂ ਵਿਚ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਉਣ ਦਾ ਜਜ਼ਬਾ। ਜਦ ਕਿ ਸੰਪਰਕ ਰੱਖਣ ਵਾਲਿਆਂ ਨਾਲ ਚਾਹ ਦਾ ਕੱਪ ਵੀ ਸਾਂਝਾ ਕਰਨ ਲੱਗਿਆਂ ਸੀਮਤ ਵਲਗਣਾਂ ਵਿਚ ਖੁਦ ਨੂੰ ਸੰਗੋੜਨਾ ਪੈਂਦਾ। ਇਕ ਉਚੇਚ, ਪ੍ਰਾਹੁਣਾਚਾਰੀ ਅਤੇ ਦੂਰੀ ਦੀ ਦੀਵਾਰ ਹਮੇਸ਼ਾ ਕਾਇਮ ਰਹਿੰਦੀ, ਜਿਸ ਨੂੰ ਤੁਸੀਂ ਚਾਹ ਕੇ ਨਹੀਂ ਤੋੜ ਸਕਦੇ। ਸਬੰਧਾਂ ਵਿਚ ਨਹੀਂ ਹੁੰਦੀ ਕੋਈ ਤ੍ਰੇੜ, ਦੀਵਾਰ ਜਾਂ ਓਹਲਾ। ਤੁਸੀਂ ਅੰਦਰੋਂ ਤੇ ਬਾਹਰੋਂ ਇਕ ਸੁਰ, ਖੁਦ ਨੂੰ ਫਰੋਲਦੇ ਅਤੇ ਇਸ ‘ਚੋਂ ਹੀ ਆਪ ਨੂੰ ਵਿਸ਼ਾਲਦੇ ਹੋ। ਸੰਪਰਕ ਵਿਚ ਤਾਂ ਓਹਲੇ ਹੀ ਓਹਲੇ। ਪਰਤ ਦਰ ਪਰਤ ਜਿਉਂਦੇ ਨੇ ਸੰਪਰਕ ਵਿਚ ਰਹਿਣ ਵਾਲੇ ਲੋਕ।
ਸੰਪਰਕ ਨਾ ਬਣਾਓ ਸਗੋਂ ਸਬੰਧ ਉਗਾਓ। ਸਬੰਧ ਨਾਲ ਰਿਸ਼ਤਾ ਧੁਰ-ਕਦੀਮ ਦਾ ਹੋਵੇਗਾ, ਪਰ ਸੰਪਰਕ ਤਾਂ ਸੰਪਰਕ ਤੀਕ ਹੀ ਸੀਮਤ।
ਸਬੰਧਾਂ ਵਿਚ ਸਾਡੀ ਗੂੜ੍ਹ ਮਿੱਤਰ-ਮੰਡਲੀ ਅਤੇ ਪਰਿਵਾਰ ਸ਼ਾਮਲ ਹੁੰਦਾ, ਜੋ ਸਾਡੇ ਨਿੱਜ ਦਾ ਇਕ ਹਿੱਸਾ ਹੁੰਦਾ ਅਤੇ ਇਨ੍ਹਾਂ ਦੀ ਸੰਗਤ ਵਿਚੋਂ ਨਵੀਂ ਦੁਨੀਆਂ ਦਾ ਆਗਾਜ਼ ਹੁੰਦਾ, ਜੋ ਸਿਰਫ ਸਾਡੇ ਲਈ ਹੀ ਸਿਰਜੀ ਹੁੰਦੀ। ਸੰਪਰਕ ਵਿਚ ਹਰ ਵਿਅਕਤੀ ਹੀ ਸ਼ਾਮਲ ਹੁੰਦਾ, ਜੋ ਸਦਾ ਪਰਾਇਆ ਹੀ ਰਹਿੰਦਾ।
ਸਬੰਧ ਤੁਹਾਡੇ ਮਨ, ਖਿਆਲ, ਸੁਪਨੇ, ਕਰਮ-ਜਾਚਨਾ ਅਤੇ ਸੋਚ-ਸਮਰੱਥਾ ਨੂੰ ਨਵੇਂ ਦਿਸਹੱਦੇ ਪ੍ਰਦਾਨ ਕਰਦੇ। ਜਦ ਕਿ ਦਿਸ਼ਾਹੀਣ ਸੰਪਰਕਾਂ ਤੋਂ ਕਿਹੜੀ ਸੇਧ ਦੀ ਆਸ ਰੱਖ ਸਕਦੇ ਹੋ?
ਸਬੰਧਾਂ ਅਤੇ ਸਕੀਰੀਆਂ ਦੇ ਸਾਥ ਵਿਚ ਅੱਥਰੂ ਵਹਾਉਣ ‘ਤੇ ਮਨ ਹਲਕਾ ਹੋ ਜਾਂਦਾ ਪਰ ਸੰਪਰਕ ਵਾਲੇ ਲੋਕਾਂ ਸਾਹਵੇਂ ਤੁਹਾਡੇ ਹੰਝੂ ਹੀ ਤੁਹਾਡਾ ਮਜ਼ਾਕ ਬਣ ਜਾਂਦੇ।
ਸਬੰਧ ਤੁਹਾਡੀ ਕਮਜ਼ੋਰੀ ਨੂੰ ਮਜ਼ਬੂਤੀ, ਦਿਲਗੀਰੀ ਨੂੰ ਹੌਂਸਲਾ ਅਤੇ ਥਿੜਕਦੇ ਕਦਮਾਂ ਨੂੰ ਸਥਿਰਤਾ ਦਿੰਦੇ ਜਦ ਕਿ ਸੰਪਰਕ ਤੁਹਾਡੀ ਕਮਜ਼ੋਰੀ, ਖੁਨਾਮੀ ਜਾਂ ਕੋਤਾਹੀ ਵਿਚੋਂ ਵੀ ਸਵੈ-ਸੁਆਰਥ ਦੀ ਝਾਕ ਰੱਖਦੇ।
ਸਬੰਧ ਬਣਾਉਣੇ ਬਹੁਤ ਔਖੇ। ਬਣਦੇ ਨੇ ਬਹੁਤ ਹੌਲੀ-ਹੌਲੀ। ਕਈ ਵਾਰ ਤਾਂ ਲੱਗ ਜਾਂਦੀ ਏ ਸਾਰੀ ਉਮਰ। ਪਰ ਇਨ੍ਹਾਂ ਦੀ ਪਕਿਆਈ ਤੇ ਸਦੀਵਤਾ ‘ਤੇ ਰਹਿੰਦਾ ਏ ਹਮੇਸ਼ਾ ਨਾਜ਼ ਕਿਉਂਕਿ ਇਨ੍ਹਾਂ ਰਾਹੀਂ ਹੀ ਜੀਵਨ ਵਿਚ ਪਨਪਦਾ ਏ ਜਿਉਣ-ਅੰਦਾਜ਼। ਪਰ ਸੰਪਰਕ ਬਣਾਉਣ ਲਈ ਅਸੀਂ ਮਿੱਤਰ-ਬੇਨਤੀ ਭੇਜਦੇ। ਫਿਰ ਹਜ਼ਾਰਾਂ ਦੀ ਗਿਣਤੀ ਵਿਚ ਫੇਸਬੁੱਕੀ ਮਿੱਤਰਾਂ ‘ਤੇ ਮਾਣ ਕਰ ਬੈਠਦੇ, ਜੋ ਸਿਰਫ ਰੇਤ ਦੀ ਦੀਵਾਰ ਹੀ ਹੁੰਦੇ। ਬੜੀ ਜਲਦੀ ਹੀ ਇਨ੍ਹਾਂ ਦੀ ਕਮੀਨਗੀ ਤੇ ਕਾਲਖੀ ਸੋਚ ਤੁਹਾਡੇ ਸਿਰਜੇ ਭਰਮ-ਭਾਅ ਨੂੰ ਪਲੀਤ ਕਰ ਦਿੰਦੀ।
ਸਬੰਧ ਸਕੂਨ, ਸਹਿਜ ਤੇ ਸੰਤੁਸ਼ਟੀ ਦਾ ਸੁੱਚਾ ਦਰਪਣ, ਜਿਸ ਵਿਚੋਂ ਤੁਸੀਂ ਖੁਦ ਨੂੰ ਨਿਹਾਰਦੇ ਅਤੇ ਪਿਆਰਦੇ। ਸੰਪਰਕ ਇਕ ਤਿੜਕਿਆ ਸ਼ੀਸ਼ਾ ਜਿਸ ਰਾਹੀਂ ਤਿੜਕਿਆ ਬਿੰਬ ਬਹੁਤ ਕੁਝ ਤੁਹਾਡੀ ਸੋਚ ਦੇ ਨਾਮ ਕਰਦਾ, ਜਦ ਇਨ੍ਹਾਂ ਵਿਚਲਾ ਕੋਹਝ ਨਜ਼ਰ ਆਉਂਦਾ।
ਸਬੰਧਾਂ ‘ਚ ਰਹਿ ਕੇ ਤੁਸੀਂ ਸੁਪਨਸ਼ੀਲ ਹੁੰਦੇ, ਤੁਹਾਡੀ ਬੰਦਿਆਈ ਤੇ ਚੰਗਿਆਈ ਪ੍ਰਤੱਖ ਰੂਪ ਵਿਚ ਪ੍ਰਗਟ ਹੁੰਦੀ ਅਤੇ ਤੁਹਾਡੇ ਮਨ ਵਿਚਲਾ ਸ਼ੁਭ-ਕਰਮਨ ਜਿਉਣ ਨੂੰ ਨਵੇਂ ਅਰਥ ਦਿੰਦਾ। ਜਦ ਕਿ ਸੰਪਰਕ ਤੁਹਾਡੇ ਸੁਪਨਿਆਂ ਨੂੰ ਖੁਦ ਆਪਣੇ ਦੀਦਿਆਂ ਵਿਚ ਸਜਾਉਣ ਦੀ ਹੋੜ ਵਿਚ ਤੁਹਾਨੂੰ ਜਖਮ ਦੇ ਜਾਂਦਾ, ਜਿਹੜੇ ਤਾਉਮਰ ਤੁਹਾਡੇ ਸਾਹਾਂ ਵਿਚ ਸਿਸਕਦੇ ਰਹਿੰਦੇ।
ਸਬੰਧਾਂ ਦੀ ਪਕਿਆਈ ਵਿਚ ਧਰਮਾਤਮਾ ਦੇ ਦੀਦਾਰੇ, ਖੁਦ ਵਿਚਲੀ ਮਿੱਟ ਰਹੀ ਖੁਦਾਈ ਅਤੇ ਬੁਰਾਈ ਦੀ ਮਿੱਟ ਰਹੀ ਹਸਤੀ ਨੂੰ ਮਿਲ ਜਾਂਦੀ ਚੰਗਿਆਈ।
ਕਈ ਵਾਰ ਅਸੀਂ ਸੰਪਰਕਾਂ ਨੂੰ ਸਬੰਧ ਸਮਝ ਬੈਠਦੇ ਅਤੇ ਆਪਣੇ ਜੀਵਨ-ਰਾਜ ਸਾਂਝੇ ਕਰਨ ਦੀ ਗਲਤੀ ਕਰ ਬੈਠਦੇ। ਇਹ ਕਈ ਵਾਰ ਦੂਰ-ਰਸੀ ਤ੍ਰਾਸਦੀ ਬਣ ਜਾਂਦੀ, ਜਿਸ ਦੀ ਵੇਦਨਾ ਸਾਰੀ ਉਮਰ ਹੰਢਾਉਣੀ ਪੈਂਦੀ। ਸਬੰਧਾਂ ਨੂੰ ਸੰਪਰਕ ਵੀ ਸਮਝ ਲਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਬੰਧਾਂ ਵਿਚਲੀ ਅਪਣੱਤ ਅਤੇ ਆਪਸੀ ਸੂਝ-ਬੂਝ ਹੀ ਇੰਨੀ ਹੁੰਦੀ ਕਿ ਉਹ ਸਬੰਧਾਂ ਲਈ ਕਚਿਆਈ ਨਹੀਂ ਸਗੋਂ ਤੰਦਰੁਸਤੀ ਦਾ ਆਲਮ ਸਿਰਜ ਜਾਂਦੀ।
ਸਬੰਧਾਂ ਵਿਚ ਮਾਂ-ਬਾਪ, ਭੈਣ-ਭਰਾ, ਬੱਚੇ, ਪਤੀ-ਪਤਨੀ ਅਤੇ ਕੁਝ ਕੁ ਹੀ ਲੰਗੋਟੀ ਦੇ ਯਾਰ ਹੁੰਦੇ, ਜੋ ਸਾਡੀ ਧੜਕਣ ਸੁਣਦੇ, ਸਾਡੀ ਮਾਨਸਿਕਤਾ ਪੜ੍ਹਦੇ ਅਤੇ ਸਾਨੂੰ ਸਮਝਣ ਤੇ ਸਮਝਾਉਣ ਦਾ ਹਰ ਹੱਕ ਰੱਖਦੇ। ਸੰਪਰਕਾਂ ਵਿਚ ਸ਼ਾਮਲ ਨੇ ਤੁਹਾਡੇ ਜਮਾਤੀ, ਹਮ-ਉਮਰ, ਸਹਿ-ਕਰਮੀ ਜਾਂ ਫੇਸਬੁੱਕੀਏ ਦੋਸਤ। ਇਨ੍ਹਾਂ ਨਾਲ ਨਹੀਂ ਹੁੰਦੀ ਮਿਲਣ ਦੀ ਤੜਫ ਜਾਂ ਤਮੰਨਾ। ਇਹ ਤਾਂ ਸਿਰਫ ਰਾਹਗੀਰ ਹੁੰਦੇ, ਜੋ ਜ਼ਿੰਦਗੀ ਦੇ ਇਕ ਮੋੜ ‘ਤੇ ਕੁਝ ਪਲਾਂ ਲਈ ਮਿਲਦੇ ਅਤੇ ਫਿਰ ਸਭ ਕੁਝ ਭੁੱਲ-ਭੁਲਾ ਜਾਂਦੇ।
ਅੱਜ ਕੱਲ ਹਰੇਕ ਵਿਅਕਤੀ ਦਾ ਫੋਨ, ਫੇਸਬੁੱਕ, ਟਵਿੱਟਰ ਜਾਂ ਡਾਇਰੀ ਸੰਪਰਕਾਂ ਨਾਲ ਭਰੇ ਪਏ ਹਨ। ਕਿਸੇ ਨੂੰ ਫੋਨ ਕਰਨਾ ਹੋਵੇ ਤਾਂ ਨੰਬਰ ਤਲਾਸ਼ਣਾ ਪੈਂਦਾ, ਪਰ ਸਬੰਧ ਕੁਝ ਕੁ ਹੀ ਹੁੰਦੇ ਜਿਨ੍ਹਾਂ ਦਾ ਨੰਬਰ, ਫੋਨ, ਫੇਸਬੁੱਕ ਜਾਂ ਡਾਇਰੀ ‘ਚੋਂ ਲੱਭਣ ਦੀ ਲੋੜ ਨਹੀਂ ਪੈਂਦੀ। ਅਜਿਹੇ ਨਾਂ ਤਾਂ ਸਦਾ ਚੇਤਿਆਂ ‘ਚ ਰਹਿੰਦੇ।
ਸਬੰਧ ਸਿਰਫ ਸਿਆਣੇ, ਸਾਦਾ, ਸਾਫ ਗੋ ਅਤੇ ਸਮ-ਦ੍ਰਿਸ਼ਟੀ ਵਾਲਿਆਂ ਨਾਲ ਹੀ ਬਣਾਏ ਜਾ ਸਕਦੇ, ਜਿਨ੍ਹਾਂ ਨਾਲ ਸੋਚ-ਸੁਹਜ ਅਤੇ ਕਰਮ-ਯੋਗਤਾ ਦੀ ਭਿਆਲੀ ਹੁੰਦੀ ਜਦ ਕਿ ਸੰਪਰਕ ਤਾਂ ਸਿਰਫ ਮਜਬੂਰੀ, ਲੋੜ, ਸਮੇਂ, ਸਥਿਤੀ ਜਾਂ ਸਥਾਨ ਦੀ ਜ਼ਰੂਰਤ ਹੁੰਦੇ। ਇਨ੍ਹਾਂ ਦੇ ਬਦਲਣ ‘ਤੇ ਸਭ ਬਦਲ ਜਾਂਦੇ।
ਸਬੰਧ ਕਦੇ ਵੀ ਉਮਰ, ਰੁਤਬੇ ਅਤੇ ਆਰਥਕ ਹਾਲਾਤ ‘ਤੇ ਨਿਰਭਰ ਨਹੀਂ ਕਰਦੇ। ਇਹ ਚਿਰ ਸਦੀਵੀ ਹੁੰਦੇ ਅਤੇ ਇਨ੍ਹਾਂ ਵਿਚੋਂ ਹੀ ਅਸੀਂ ਸੁਖਨ ਦੀ ਅਰਦਾਸ ਸੁਣਦੇ। ਸੰਪਰਕ ਤਾਂ ਹੁੰਦੇ ਹੀ ਰੁਤਬੇ, ਅਮੀਰੀ ਜਾਂ ਸੁੰਦਰਤਾ ‘ਤੇ ਆਧਾਰਤ ਅਤੇ ਇਨ੍ਹਾਂ ਦੇ ਖੁਸਣ ਨਾਲ ਹੀ ਰੁੱਸ ਜਾਂਦੇ ਨੇ ਅਜਿਹੇ ਸੰਪਰਕ। ਫਿਰ ਤਾਂ ਉਹ ਸੰਪਰਕ ਹੋਣੋਂ ਵੀ ਮੁਨਕਰ ਹੋ ਜਾਂਦੇ।
ਮੇਰਾ ਦੋਸਤ ਹੈ। ਬੜੇ ਉਚੇ ਰੁਤਬੇ ਤੋਂ ਰਿਟਾਇਰ ਹੋ ਕੇ ਜੀਵਨ ਦੇ ਆਖਰੀ ਪੜਾਅ ਨੂੰ ਮਾਣ ਰਿਹਾ ਏ। ਕਦੇ ਕਦਾਈਂ ਫੋਨ ਕਰਾਂ ਤਾਂ ਉਸ ਦਾ ਉਲਾਹਮਾ ਹੁੰਦਾ ਕਿ ਜਦ ਮੈਂ ‘ਕੁਝ’ ਸੀ ਤਾਂ ਹਰੇਕ ਹੀ ਮੇਰੇ ਸੰਪਰਕ ਵਿਚ ਰਹਿਣਾ ਪਸੰਦ ਕਰਦਾ ਸੀ ਅਤੇ ਨਿੱਜੀ ਮੁਫਾਦ ਲਈ ਮੈਨੂੰ ਵਰਤ ਲੈਂਦਾ ਸੀ। ਅੱਜ ਜਦ ਮੈਂ ਰਿਟਾਇਰ ਹੋ ਗਿਆ ਹਾਂ ਤਾਂ ਤੇਰੇ ਵਰਗੇ ਦੋ ਚਾਰ ਹੀ ਹਨ, ਜੋ ਫੋਨ ਕਰਦੇ ਨੇ। ਮੇਰੇ ਆਲੇ-ਦੁਆਲੇ ਜੁੜੇ ਹੋਏ ਉਹ ਲੋਕ ਪਤਾ ਨਹੀਂ ਕਿਧਰ ਚਲੇ ਗਏ?
ਸੁਘੜ, ਸਿਆਣੇ ਅਤੇ ਬਹੁਤ ਹੀ ਸੰਵੇਦਨਸ਼ੀਲ ਮਿੱਤਰ ਨੂੰ ਕਿਵੇਂ ਸਮਝਾਵਾਂ ਕਿ ਇਹ ਦੁਨੀਆਂ ਏ! ਇਹ ਸੰਪਰਕ ਬਣਾ ਕੇ ਬੰਦੇ ਨੂੰ ਵਰਤਦੀ ਏ। ਸਿਰਫ ਕੁਝ ਕੁ ਸਬੰਧ ਹੀ ਹੁੰਦੇ ਜੋ ਵਰਤਣ ਦੀ ਥਾਂ ਵਰਤੇ ਜਾਣ ਲਈ ਉਤਾਵਲੇ ਹੁੰਦੇ। ਉਨ੍ਹਾਂ ਲਈ ਨਿਰ-ਸੁਆਰਥ, ਨਿਰ-ਸੰਕੋਚ ਅਤੇ ਨਿਰ-ਈਰਖਾ ਵਾਲੇ ਸਬੰਧ ਹੀ ਸਭ ਕੁਝ ਹੁੰਦੇ, ਜਿਨ੍ਹਾਂ ਨੂੰ ਸੁਰਖ ਅੱਖਰਾਂ ਵਿਚ ਲਿਖਣ ਲੱਗਿਆਂ ਮਾਣ ਮਹਿਸੂਸ ਹੁੰਦਾ।
ਸਬੰਧ ਬਣਾਏ ਨਹੀਂ ਜਾਂਦੇ ਸਗੋਂ ਰੱਬ-ਸਬੱਬੀਂ ਬਿਨਾ ਉਚੇਚ ਤੋਂ ਬਣ ਜਾਂਦੇ। ਇਨ੍ਹਾਂ ਨੂੰ ਨਿਭਾਉਣ ਲਈ ਵੀ ਕੋਈ ਤਰੱਦਦ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਇਨ੍ਹਾਂ ਲਈ ਖਾਸ ਉਚੇਚ ਦੀ ਲੋੜ ਹੁੰਦੀ। ਜਦ ਕਿ ਸੰਪਰਕ ਤਾਂ ਲੋਕ ਉਚੇਚ ਨਾਲ ਹੀ ਬਣਾਉਂਦੇ। ਉਹ ਭਾਵੇਂ ਕੋਈ ਰਾਜਨੀਤਕ, ਧਾਰਮਕ, ਕਲਾਕਾਰ ਜਾਂ ਉਚ ਸਮਾਜਕ ਦਿੱਖ ਵਾਲਾ ਵਿਅਕਤੀ ਹੋਵੇ। ਸੰਪਰਕ ਵਾਲਿਆਂ ਲਈ ਤਾਂ ਵੱਡੇ ਅਡੰਬਰੀ ਨਾਲ ਖਿਚਵਾਈ ਫੋਟੋ ਹੀ ਘਰ ਦੇ ਡਰਾਇੰਗ ਰੂਮ ਦੀ ਸ਼ੋਭਾ ਹੁੰਦੀ। ਉਹ ਆਪਣੇ ਸੰਪਰਕਾਂ ‘ਤੇ ਹੰਕਾਰ ਕਰਦੇ ਜਦ ਕਿ ਸਬੰਧਾਂ ਨੂੰ ਲੁਕੋ ਕੇ ਰੱਖਣ ਅਤੇ ਇਸ ਦੀ ਰੂਹਾਨੀਅਤ ਨੂੰ ਮਾਣਨਾ ਹੀ ਸਕੂਨ ਤੇ ਸੰਪੂਰਨਤਾ ਦੀ ਸਰਘੀ ਹੁੰਦਾ।
ਸਬੰਧ ਰੂਹ-ਰਾਗਣੀ, ਸੰਗੀਤ-ਸੁਹਜ ਅਤੇ ਰੁਮਕਦੀ ਪੌਣ ਵਿਚਲੀ ਤਰਲਤਾ ਹੁੰਦੇ, ਜੋ ਸਾਹ-ਪੱਤਿਆਂ ਨੂੰ ਸਹਿਲਾਉਂਦੇ, ਉਨ੍ਹਾਂ ਲਈ ਧੜਕਣ ਬਣਦੇ। ਸੰਪਰਕ ਤਾਂ ਖਾਲੀਪਣ ਦਾ ਅਹਿਸਾਸ, ਜੋ ਖੁਦ ‘ਚੋਂ ਖੁਦਦਾਰੀ ਦੀ ਆਵਾਜ਼ ਦਿੰਦਾ ਅਤੇ ਸੁਣਦਾ ਹੈ, ਖੁਦ ਦੀ ਗੁੰਮਸ਼ੁਦਗੀ ਦਾ ਹੋਕਾ।
ਸਬੰਧ ਬਣਾਉਣੇ ਤੇ ਨਿਭਾਉਣੇ ਸਿਰੜੀ, ਸੰਜੀਦਾ ਅਤੇ ਸਮਰਪਿਤ ਵਿਅਕਤੀਆਂ ਦਾ ਕਰਮ। ਉਨ੍ਹਾਂ ਲਈ ਕੁਝ ਕੁ ਸਬੰਧ ਹੀ ਸਾਰੀ ਉਮਰ ਦੀ ਕਮਾਈ ਹੁੰਦੀ ਕਿਉਂਕਿ ਉਹ ਜਾਣਦੇ ਨੇ ਕਿ ਆਖਰੀ ਸਫਰ ‘ਤੇ ਜਾਣ ਵੇਲੇ ਤਾਂ ਸਿਰਫ ਚਾਰ ਮੋਢਿਆਂ ਦੀ ਹੀ ਲੋੜ ਹੁੰਦੀ। ਸੰਪਰਕ ਤਾਂ ਜੁੜਨ ਅਤੇ ਟੁੱਟਣ ਦੀ ਪ੍ਰੀਕ੍ਰਿਆ ਦੇ ਆਦੀ। ਪਲ ਭਰ ਵਿਚ ਤਿੜਕਣਾ ਅਤੇ ਰਾਹਾਂ ਵਿਚ ਵਖਰੇਵਾਂ ਸਿਰਜ ਲੈਣਾ, ਉਨ੍ਹਾਂ ਦਾ ਨਿੱਤਾ-ਪ੍ਰਤੀ ਦਾ ਕਰਮ। ਉਹ ਇਸ ਤਰ੍ਹਾਂ ਹੀ ਆਪਣਾ ਜੀਵਨ ਪੈਂਡਾ ਖੋਟਾ ਕਰ ਜਾਂਦੇ। ਕਈ ਵਾਰ ਅਜਿਹੇ ਵਿਅਕਤੀਆਂ ਨੂੰ ਚਾਰ ਮੋਢੇ ਵੀ ਨਾ ਮਿਲਦੇ।
ਸਬੰਧ ਘੱਟ ਹੋਣ ਪਰ ਹੋਣ ਮਜ਼ਬੂਤ ਅਤੇ ਚਿਰ ਸਦੀਵੀ, ਜਿਨ੍ਹਾਂ ਦੀ ਮਿੱਤਰ-ਤਾਈ ਤੁਹਾਡੇ ਲਈ ਮਾਣਮੱਤਾ ਅਹਿਸਾਸ ਹੋਵੇ। ਸੰਪਰਕਾਂ ਦੀ ਬਹੁਲਤਾ ਦੇ ਕੋਈ ਅਰਥ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦੀ ਤੰਗਦਿਲੀ ਵਾਲੀ ਅਉਧ ਹੀ ਜੀਵਨੀ-ਕਰੂਪਤਾ ਦਾ ਅਹਿਸਾਸ ਕਰਵਾ ਜਾਂਦੀ।
ਲੋੜ ਹੈ, ਅਸੀਂ ਜੀਵਨ ਵਿਚ ਵੱਧ ਤੋਂ ਵੱਧ ਸਬੰਧ ਬਣਾਈਏ। ਅਜਿਹੇ ਸਬੰਧ, ਜੋ ਰੋਣ ਵੇਲੇ ਮਿੱਤਰ-ਮੋਢਾ ਹੋਣ, ਮੌਕਾ ਆਉਣ ‘ਤੇ ਤੂਤ ਦਾ ਮੋਛਾ ਬਣ ਜਾਣ, ਸੰਕਟਮਈ ਪਲਾਂ ਵਿਚ ਚੱਪੂ ਬਣ ਕੇ ਜੀਵਨ ਨੂੰ ਮੰਝਧਾਰ ਵਿਚੋਂ ਬਾਹਰ ਕੱਢਣ ਅਤੇ ਸਾਡੇ ਮਰਨ ਤੋਂ ਬਾਅਦ ਵੀ ਸਾਨੂੰ ਆਪਣੇ ਚੇਤਿਆਂ ਵਿਚ ਚਿਰੰਜੀਵ ਰੱਖ, ਬੀਤੀਆਂ ਯਾਦਾਂ ਦੁਹਰਾਉਂਦੇ ਤੇ ਪਿਆਰ ਜਿਤਾਉਂਦੇ ਹਿੱਕ ਨਾਲ ਲਾਈ ਰੱਖਣ। ਸੰਪਰਕ ਤਾਂ ਤੁਹਾਡੀ ਅਰਥੀ ਨਾਲ ਵੀ ਜਾਣ ਲਈ ਤਿਆਰ ਨਹੀਂ ਹੁੰਦੇ। ਉਹ ਤਾਂ ਜਿਉਂਦੇ-ਜੀਅ ਹੀ ਤੁਹਾਨੂੰ ਮਨੋਂ ਦੁਰਕਾਰੀ ਤੇ ਤ੍ਰਿਸਕਾਰੀ ਰੱਖਦੇ।
ਸਬੰਧ ਨੇ ਤਾਂ ਸੰਸਾਰ ਏ, ਸਮਾਜ ਏ, ਸਮਾਜ ਵਿਚਲਾ ਸੰਤੁਲਨ ਏ, ਸੁਹਜਮਈ ਵਰਤਾਰਾ ਏ। ਇਸ ਵਰਤਾਰੇ ਵਿਚੋਂ ਹੀ ਕੁਝ ਅਜਿਹੇ ਮਨੁੱਖ ਜਨਮ ਲੈਂਦੇ ਨੇ, ਜਿਨ੍ਹਾਂ ਦੀ ਮਾਨਵਵਾਦੀ ਸੋਚ ਤਵਾਰੀਖ ਦੀ ਸੁੱਚੀ ਇਬਾਰਤ ਏ। ਸੰਪਰਕਾਂ ਨੂੰ ਸਬੰਧਾਂ, ਸਾਂਝਾਂ, ਰਿਸ਼ਤਿਆਂ ਅਤੇ ਰੂਹ-ਰੰਗਤਾ ਵਿਚ ਤਬਦੀਲ ਕਰਨਾ ਹੀ ਸਭ ਤੋਂ ਉਚਾ ਤੇ ਸੁੱਚਾ ਕਾਰਜ। ਇਸ ਵੰਨੀਂ ਪਹਿਲ ਕਰਨ ਲਈ ਕਲਮ ਤੁਹਾਡਾ ਤਰਲਾ ਕਰਦੀ ਆ। ਮੰਨਣਾ ਜਾਂ ਨਾ-ਮੰਨਣਾ ਤੁਹਾਡੀ ਮਰਜ਼ੀ!