ਸਰਦਾਰ ਸੋਹੀ ਦੀ ਅਦਾਕਾਰੀ

ਪਿੰਡ ਟਿੱਬੇ (ਨੇੜੇ ਸ਼ੇਰਪੁਰ) ਦੀਆਂ ਗਲੀਆਂ ‘ਚ ਖੇਡ ਕੇ ਜਵਾਨ ਹੋਏ ਪਰਮਜੀਤ ਬਾਰੇ ਕੋਈ ਨਹੀਂ ਸੀ ਜਾਣਦਾ ਕਿ ਇਹ ਚੁੱਪ ਕੀਤਾ ਜਿਹਾ ਮੁੰਡਾ ਇੱਕ ਦਿਨ ਫਿਲਮੀ ਪਰਦੇ ‘ਤੇ ਸਰਦਾਰ ਸੋਹੀ ਬਣ ਕੇ ਸਰਦਾਰੀ ਕਾਇਮ ਕਰੇਗਾ। ਪਰਮਜੀਤ ਤੋਂ ਸਰਦਾਰ ਸੋਹੀ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸੋਹੀ, ਹਰਪਾਲ ਟਿਵਾਣਾ ਦਾ ਚੰਡਿਆ ਚੇਲਾ ਹੈ। ਉਸ ਨੇ ਹਰਪਾਲ ਟਿਵਾਣਾ ਦੀ ਨਾਟਸ਼ਾਲਾ ਵਿਚ 12 ਸਾਲ ਸ਼ਾਗਿਰਦੀ ਕੀਤੀ ਤਾਂ ਕਿਤੇ ਜਾ ਕੇ ਹਰਪਾਲ ਟਿਵਾਣਾ ਨੇ ਉਸ ਨੂੰ ਸਰਦਾਰ ਸੋਹੀ ਦਾ ਨਾਂ ਦਿੱਤਾ।

ਅੱਜ ਸਰਦਾਰ ਸੋਹੀ ਇੱਕ ਸਫਲ ਚਰਿੱਤਰ ਅਭਿਨੇਤਾ ਹੈ। ਕਈ ਦ੍ਰਿਸ਼ਾਂ ਵਿਚ ਉਹ ਆਪ ਨਹੀਂ ਬੋਲਦਾ, ਉਸ ਦੀ ਅਦਾਕਾਰੀ ਬੋਲਦੀ ਹੈ। ਰੋਹਬਦਾਰ ਕਿਰਦਾਰਾਂ ਨਾਲ ਖੇਡਣਾ ਉਸ ਨੂੰ ਚੰਗਾ ਲੱਗਦਾ ਹੈ। ਚਾਹੇ ਪੁਲਿਸ ਅਫਸਰ ਹੋਵੇ ਜਾਂ ਵੈਲੀਪੁਣੇ ਵਾਲਾ, ਹਰ ਕਿਰਦਾਰ ਵਿਚ ਜਾਨ ਪਾਉਣਾ ਉਸ ਦੀ ਕਲਾਕਾਰੀ ਦਾ ਰੰਗ ਹੈ। ਦਰਜਨਾਂ ਫਿਲਮਾਂ ਵਿਚ ਅਦਾਕਾਰੀ ਕਰਨ ਦੇ ਨਾਲ ਨਾਲ ਸਰਦਾਰ ਸੋਹੀ ਨੇ ਅਨੇਕਾਂ ਫਿਲਮਾਂ ਦੀਆਂ ਕਹਾਣੀਆਂ ਤੇ ਡਾਇਲਾਗ ਵੀ ਲਿਖੇ।
ਸਰਦਾਰ ਸੋਹੀ ਨੇ ਦੱਸਿਆ ਕਿ ਕਲਾ ਰੂਪੀ ਜਾਗ ਉਸ ਨੂੰ ਨਿਆਣੀ ਉਮਰੇ ਹੀ ਲੱਗਿਆ। ਉਸ ਦਾ ਪਿੰਡ ਟਿੱਬਾ (ਨਾਨਕਾ ਪਿੰਡ) ਕਾਮਰੇਡਾਂ ਦਾ ਪਿੰਡ ਰਿਹਾ ਹੈ। ਲੋਕ ਲਹਿਰ ਦੇ ਸਿਰਕੱਢ ਬੁਲਾਰਿਆਂ ਤੇ ਸੰਗੀਤਕ ਕਾਮਰੇਡੀ ਡਰਾਮੇ ਕਰਨ ਵਾਲਿਆਂ ਦਾ ਇੱਥੇ ਬਹੁਤ ਆਉਣਾ-ਜਾਣਾ ਸੀ। ਉਸ ਦੱਸਿਆ, ਜਲਾਲਦੀਵਾਲ ਵਾਲਾ ਦਲੀਪ ਸਿੰਘ ਮਸਤ ਕਹਿੰਦਾ-ਕਹਾਉਂਦਾ ਕਾਮਰੇਡ ਬੁਲਾਰਾ ਸੀ, ਜੋ ਅਕਸਰ ਮੇਰੇ ਨਾਨਾ ਜੀ ਕੋਲ ਆਉਂਦਾ। ‘ਬਾਹਰਲੇ ਘਰ’ ਵੱਜਦੇ ਤੂੰਬੀ-ਢੋਲਕੀ ਵਾਲੇ ਮਾਹੌਲ ਨੇ ਮੈਨੂੰ ਵੀ ਪ੍ਰਭਾਵਿਤ ਕੀਤਾ। ਇਸੇ ਸਦਕਾ ਮੈਂ ਸਕੂਲ ਵਿਚ ਗਾਉਣ ਲੱਗਾ। ਸਨਿਚਰਵਾਰ ਦੀ ਸਭਾ ਵਿਚ ਮੈਂ ‘ਚਾਹ ਦੇ ਨਸ਼ੇ’ ਬਾਰੇ ਗੀਤ ਗਾਉਂਦਾ, ਜੋ ਬਹੁਤ ਸਲਾਹਿਆ ਜਾਂਦਾ। ਉਦੋਂ ਆਮ ਚਰਚਾ ਸੀ ਕਿ ਅੰਗਰੇਜ਼ ਜਾਣ ਲੱਗੇ ਦੁੱਧ-ਲੱਸੀਆਂ ਪੀਣ ਵਾਲੇ ਪੰਜਾਬੀਆਂ ਨੂੰ ਚਾਹ ਦੇ ਅਮਲ ‘ਤੇ ਲਾ ਗਏ।
ਸਕੂਲ-ਕਾਲਜ ਵਿਚ ਪੜ੍ਹਦਿਆਂ ਸੋਹੀ ਨੂੰ ਫਿਲਮਾਂ ਵੇਖਣ ਦਾ ਸ਼ੌਕ ਪੈ ਗਿਆ ਜਿਸ ਨਾਲ ਉਸ ਅੰਦਰਲਾ ਕਲਾਕਾਰ ਅੰਗੜਾਈਆਂ ਲੈਣ ਲੱਗਾ ਤੇ ਇਹੀ ਉਸ ਨੂੰ ਮੁੰਬਈ ਲੈ ਗਿਆ ਪਰ ਉਸ ਅੰਦਰਲਾ ਕਲਾਕਾਰ ਅਜੇ ਕੱਚਾ ਸੀ। ਉਸਤਾਦ ਗੁਰੂ ਦਾ ਜਾਗ ਨਹੀਂ ਸੀ ਲੱਗਾ, ਇਸ ਕਰਕੇ ਉਹ ਕੁਝ ਮਹੀਨੇ ਖੱਜਲ-ਖੁਆਰ ਹੋ ਕੇ ਪਿੰਡ ਮੁੜ ਆਇਆ ਤੇ ਹਲ ਦਾ ਮੁੰਨਾ ਫੜ੍ਹ ਬਾਪੂ ਨਾਲ ਖੇਤ ਦੀਆਂ ਵੱਟਾਂ ਮਿੱਧਣ ਲੱਗਾ। ਬਾਪੂ ਨੇ ਉਸ ਦਾ ਉਦਾਸ ਚਿਹਰਾ ਪੜ੍ਹ ਕੇ ਕਿਹਾ, “ਜੇ ਤੇਰਾ ਮਨ ਐਕਟਰ ਬਣਨ ਦਾ ਹੀ ਹੈ ਤਾਂ ਜਾਹ, ਆਪਣੀ ਮੰਜ਼ਿਲ ਲੱਭ ਲੈ, ਪਰ ਕੁਝ ਬਣ ਕੇ ਮੁੜੀਂ।”
ਸਰਦਾਰ ਸੋਹੀ ਦਾ ਬਾਪੂ ਇੱਕ ਸੁਲਝਿਆ ਬੰਦਾ ਸੀ। ਅੰਗਰੇਜ਼ਾਂ ਦੇ ਵੇਲੇ ਉਹ ਫੌਜ ਵਿਚ ਵੈਦਗਿਰੀ ਦੀ ਨੌਕਰੀ ਕਰਦਾ ਸੀ ਜਿਸ ਕਰਕੇ ਉਸ ਨੂੰ ਉਰਦੂ, ਫਾਰਸੀ ਤੇ ਪੰਜਾਬੀ ਸਮੇਤ ਕਈ ਜ਼ੁਬਾਨਾਂ ਦਾ ਗਿਆਨ ਸੀ। ਉਸ ਨੇ ਆਪਣੇ ਪੁੱਤਰ ਦੀਆਂ ਭਾਵਨਾਵਾਂ ਨੂੰ ਪੜ੍ਹਿਆ ਤੇ ਉਸ ਨੂੰ ਕਲਾ ਦੇ ਅਸਮਾਨ ‘ਚ ਉਡਾਰੀ ਮਾਰਨ ਦੀ ਖੁੱਲ੍ਹ ਦੇ ਦਿੱਤੀ।
ਆਪਣੀ ਮੰਜ਼ਿਲ ਦੀ ਤਲਾਸ਼ ਵਿਚ ਤੁਰਦੇ-ਫਿਰਦੇ ਸੋਹੀ ਨੂੰ ਉਸ ਦੇ ਇੱਕ ਖਾਸ ਮਿੱਤਰ ਨੇ ਹਰਪਾਲ ਟਿਵਾਣਾ ਦੇ ਦਰ ਦਾ ਕੁੰਡਾ ਖੜਕਾਉਣ ਦੀ ਸਲਾਹ ਦਿੱਤੀ। ਕਰੜੇ ਇਮਤਿਹਾਨਾਂ ਵਿਚੋਂ ਲੰਘਦਿਆਂ, ਜੀ ਹਜ਼ੂਰੀ ਕਰਦਿਆਂ ਸੋਹੀ ਆਪਣੀ ਮੰਜ਼ਿਲ ਵੱਲ ਵਧਣ ਲੱਗਾ। ਉਸ ਨੇ ਹਿੰਦ ਦੀ ਚਾਦਰ, ਚਮਕੌਰ ਦੀ ਗੜ੍ਹੀ, ਰਮਾਇਣ, ਦੀਵਾ ਬਲੇ ਸਾਰੀ ਰਾਤ, ਲੌਂਗ ਦਾ ਲਿਸ਼ਕਾਰਾ, ਮੇਲਾ ਮੁੰਡੇ ਕੁੜੀਆਂ ਦਾ, ਮੱਸਿਆ ਦੀ ਰਾਤ, ਚੰਡੀਗੜ੍ਹ ਮੁਸੀਬਤਾਂ ਦਾ ਘਰ, ਲੋਹਾ ਕੁੱਟ ਆਦਿ ਨਾਟਕਾਂ ਵਿਚ ਵੱਖ ਵੱਖ ਕਿਰਦਾਰ ਖੇਡੇ।
ਸਰਦਾਰ ਸੋਹੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਵੀ ਹਰਪਾਲ ਟਿਵਾਣਾ ਦੀ ਫਿਲਮ ‘ਲੌਂਗ ਦਾ ਲਿਸ਼ਕਾਰਾ’ (1983) ਤੋਂ ਕੀਤੀ। ਉਸ ਦੀ ਦੂਜੀ ਫਿਲਮ ‘ਦੀਵਾ ਬਲੇ ਸਾਰੀ ਰਾਤ’ ਨੇ ਸਰਦਾਰ ਸੋਹੀ ਨੂੰ ਉਸੇ ਮੁੰਬਈ ਪਹੁੰਚਾ ਦਿੱਤਾ, ਜਿੱਥੋਂ ਕਦੇ ਉਹ ਨਿਰਾਸ਼ ਹੋ ਕੇ ਪਰਤਿਆ ਸੀ। ਗੁਲਜ਼ਾਰ ਦੇ ਨਾਟਕ ‘ਮਿਰਜਾ ਗਾਲਿਬ’ ਸਮੇਤ ਕਈ ਚਰਚਿਤ ਲੜੀਵਾਰਾਂ ਵਿਚ ਕੰਮ ਕਰਨ ਦੇ ਇਲਾਵਾ ਕਈ ਹਿੰਦੀ ਫਿਲਮਾਂ-ਵਾਰਿਸ, ਵਿਜੈ ਸ਼ਕਤੀ, ਐਲਾਨ, ਪਿਆਸੀ ਨਿਗਾਹੇ, ਦਿਵਿਆ ਸ਼ਕਤੀ, ਸ਼ਹੀਦ ਭਗਤ ਸਿੰਘ, ਹਵਾਏਂ ਤੇ ਕਾਫਲਾ ਕੀਤੀਆਂ। ਪੰਜਾਬੀ ਫਿਲਮਾਂ ਵਿਚ ਚੰਗਾ ਕੰਮ ਨਾ ਹੋਣ ਕਰਕੇ ਉਹ ਕਈ ਸਾਲ ਪੰਜਾਬੀ ਫਿਲਮਾਂ ਤੋਂ ਦੂਰ ਹੀ ਰਿਹਾ।
1997 ਵਿਚ ਆਈ ਪੰਜਾਬੀ ਫਿਲਮ ‘ਮੇਲਾ’ ਨਾਲ ਉਹ ਪੰਜਾਬੀ ਫਿਲਮਾਂ ਲਈ ਮੁੜ ਸਰਗਰਮ ਹੋਇਆ। ਫਿਰ ਸੁਖਮੰਦਰ ਧੰਜਲ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ ‘ਬਾਗੀ’ ਵਿਚ ਉਸ ਦੀ ਅਦਾਕਾਰੀ ਪੂਰੇ ਜਲੌਅ ‘ਤੇ ਰਹੀ। ਖੇਲ ਤਕਦੀਰਾਂ ਦੇ, ਲੱਗਦਾ ਇਸ਼ਕ ਹੋ ਗਿਆ, ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਜੇਮਸ਼ ਬਾਂਡ, ਕੈਰੀ ਆਨ ਜੱਟਾ, ਸਾਬ੍ਹ ਬਹਾਦਰ, ਦੁੱਲਾ ਭੱਟੀ, ਨਿੱਕਾ ਜੈਲਦਾਰ-2, ਸੂਬੇਦਾਰ ਜੋਗਿੰਦਰ ਸਿੰਘ, ਕੌਮ ਦੇ ਹੀਰੇ, ਮੋਟਰ ਮਿੱਤਰਾਂ ਦੀ, ਬਲੱਡ ਸਟਰੀਟ, ਸਰਦਾਰ ਮੁਹੰਮਦ ਆਦਿ ਦਰਜਨਾਂ ਚਰਚਿਤ ਪੰਜਾਬੀ ਫਿਲਮਾਂ ਵਿਚ ਯਾਦਗਰੀ ਕਿਰਦਾਰ ਨਿਭਾਏ।
ਆਪਣੀ ਜ਼ਿੰਦਗੀ ਵਿਚ ਮਸਤ ਰਹਿਣ ਵਾਲਾ ਸਰਦਾਰ ਸੋਹੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਕਲਾਕਾਰ ਹੈ। ਉਸ ਨੂੰ ਚੰਗੀ ਅਦਾਕਾਰੀ ਦੀਆਂ ਵੱਖ ਵੱਖ ਵੰਨਗੀਆਂ ਵਿਚ ਬਿਹਤਰੀਨ ਅਦਾਕਾਰੀ ਬਦਲੇ ਵਿਸ਼ੇਸ਼ ਐਵਾਰਡ ਵੀ ਮਿਲੇ। ਉਂਜ ਉਸ ਦਾ ਕਹਿਣਾ ਹੈ ਕਿ ਸਿਨੇਮਾ ਹਾਲ ਵਿਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਸ ਦੇ ਅਸਲ ਐਵਾਰਡ ਹੁੰਦੇ ਹਨ।
ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਆਟੇ ਦੀ ਚਿੜੀ’ ਵਿਚ ਸਰਦਾਰ ਸੋਹੀ ਨੇ ਕੇਂਦਰੀ ਭੂਮਿਕਾ ਨਿਭਾਈ ਹੈ। ਇਸ ਫਿਲਮ ਵਿਚ ਉਸ ਨੇ ਦਲੀਪ ਸਿੰਘ ਨਾਂ ਦੇ ਬਜੁਰਗ ਦਾ ਕਿਰਦਾਰ ਨਿਭਾਇਆ ਹੈ, ਜੋ ਸੱਤ ਸਮੁੰਦਰੋਂ ਪਾਰ ਰਹਿੰਦਿਆਂ ਵੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਫਿਲਮ ਵਿਚ ਦਾਦੇ-ਪੋਤੇ ਦੀ ਕਹਾਣੀ ਰਾਹੀਂ ਪੀੜ੍ਹੀਆਂ ‘ਚ ਪਏ ਵਿਰਸੇ ਦੇ ਪਾੜੇ ਨੂੰ ਤੜਫਮਈ ਹਾਲਾਤ ‘ਚ ਬਿਆਨ ਕੀਤਾ ਗਿਆ ਹੈ।
-ਸੁਰਜੀਤ ਜੱਸਲ
ਫੋਨ: 91-98146-07737