ਸੰਨ ਆਫ ਮਨਜੀਤ ਸਿੰਘ: ਵਧੀਆ ਮਰਾਠੀ ਫਿਲਮ ਦੀ ਘਟੀਆ ਕਾਪੀ!

ਇਕਬਾਲ ਸਿੰਘ ਚਾਨਾ
‘ਸੰਨ ਆਫ ਮਨਜੀਤ ਸਿੰਘ’ ਦੇਖ ਕੇ ਘੋਰ ਨਿਰਾਸ਼ਾ ਹੋਈ। ਜਦ ਕੁਝ ਦੋਸਤਾਂ ਕੋਲ ਜ਼ਿਕਰ ਕੀਤਾ ਤਾਂ ਪਤਾ ਲੱਗਾ ਕਿ ਇਹ ਤਾਂ ਕਿਸੇ ਵੱਡੀ ਤੇ ਵਧੀਆ ਮਰਾਠੀ ਫਿਲਮ ਦੀ ਰੀਮੇਕ ਹੈ (ਨਿਰਮਾਤਾਵਾਂ ਨੇ ਪਹਿਲੇ ਟਾਈਟਲਾਂ ਵਿਚ ਫਲੈਸ਼ ਜਿਹੀ ਮਾਰ ਕੇ ਜ਼ਿਕਰ ਵੀ ਕੀਤਾ ਸੀ, ਜੋ ਮੈਂ ਪੜ੍ਹ ਨਾ ਸਕਿਆ)।

ਮਹੇਸ਼ ਮਾਂਜਰੇਕਰ ਮਰਾਠੀ ਦਾ ਬਹੁਤ ਵੱਡਾ ਰੰਗਕਰਮੀ ਹੈ। ਉਸ ਦੇ ਲਿਖੇ, ਡਾਇਰੈਕਸ਼ਨ ਤੇ ਐਕਟਿੰਗ ਵਾਲੇ ਨਾਟਕ ਦੇਖਣ ਲਈ ਦਰਸ਼ਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਐਡਵਾਂਸ ਵਿਚ ਹੀ ਸ਼ੋਅ ਫੁੱਲ ਹੋ ਜਾਂਦੇ ਹਨ। ਸਟੇਜ ਦੇ ਨਾਲ ਨਾਲ ਮਹੇਸ਼ ਮਾਂਜਰੇਕਰ ਮਰਾਠੀ ਤੇ ਹਿੰਦੀ ਫਿਲਮਾਂ ਦਾ ਬਹੁਤ ਵੱਡਾ ਡਾਇਰੈਕਟਰ, ਲੇਖਕ ਤੇ ਐਕਟਰ ਵੀ ਹੈ। ਉਸ ਨੇ ਹਿੰਦੀ ਵਿਚ ‘ਵਾਸਤਵ’, ‘ਅਸਤਿਤਵ’ ਅਤੇ ਮਰਾਠੀ ਵਿਚ ‘ਮੀ ਸ਼ਿਵਾਜੀ ਭੋਸਲੇ ਬੋਲਾਚੇ’, ‘ਨਟਸਮਰਾਟ’ ਜਿਹੀਆਂ ਵਧੀਆ ਬਲਾਕ-ਬਸਟਰ ਫਿਲਮਾਂ ਦਿੱਤੀਆਂ ਹਨ। ਮਹੇਸ਼ ਦੀ 2010 ਵਿਚ ਰਿਲੀਜ਼ ਹੋਈ ਫਿਲਮ ‘ਸ਼ਿਕਸ਼ਾਨਾਚਯਾ ਆਈਚਾ ਘੋ’ (ੰਹਕਿਸਹਨਅਸਹੇਅ Aਅਚਿਹਅ ਘਹੋ) ਕਾਮਯਾਬੀ ਦੇ ਝੰਡੇ ਗੱਡਣ ਦੇ ਨਾਲ ਨਾਲ ਚਰਚਾ ਤੇ ਵਿਵਾਦ ਦਾ ਵਿਸ਼ਾ ਵੀ ਖੂਬ ਬਣੀ।
ਮਰਾਠਾ ਮਹਾਸੰਘ ਨੇ ਵਿਰੋਧ ਕੀਤਾ ਕਿ ਇਸ ਫਿਲਮ ਦਾ ਟਾਈਟਲ ਸਿੱਖਿਆ ਸਿਸਟਮ ਨੂੰ ਇਕ ਗਾਲ੍ਹ ਹੈ ਤੇ ਇਸ ਦਾ ਬੱਚਿਆਂ ਉਤੇ ਗਲਤ ਪ੍ਰਭਾਵ ਪੈ ਸਕਦਾ ਹੈ। ਮਾਂਜਰੇਕਰ ਟਾਈਟਲ ਬਦਲਣ ਲਈ ਤਾਂ ਨਾ ਮੰਨਿਆ ਪਰ ਉਸ ਨੇ ਫਿਲਮ ਦੇ ਸ਼ੁਰੂ ਵਿਚ ਇੱਕ ਛੋਟਾ ਜਿਹਾ ਭਾਸ਼ਣ ਜ਼ਰੂਰ ਪਾ ਦਿੱਤਾ ਤਾਂ ਕਿ ਬੱਚੇ ਟਾਈਟਲ ਦਾ ਗਲਤ ਮਤਲਬ ਨਾ ਲੈਣ। ਫਿਲਮ ਦੇ ਰਾਈਟਸ ਲੈ ਕੇ ਇਸ ਨੂੰ ਤਾਮਿਲ ਤੇ ਤੈਲਗੂ ਵਿਚ ‘ਧੋਨੀ’ ਟਾਈਟਲ ਹੇਠ ਅਤੇ ਬੰਗਾਲੀ ਵਿਚ ‘ਚਲੋ ਪਾਲਤਾਈ’ ਦੇ ਨਾਂ ਹੇਠ ਬਣਾਇਆ ਗਿਆ। ਸਾਰੀਆਂ ਫਿਲਮਾਂ ਬਹੁਤ ਕਾਮਯਾਬ ਰਹੀਆਂ ਸਨ।
ਮਰਾਠੀ ਫਿਲਮ 2010, ਬੰਗਾਲੀ ਫਿਲਮ 2011 ਤੇ ਤਾਮਿਲ-ਤੈਲਗੂ 2012 ਵਿਚ ਰਿਲੀਜ਼ ਹੋਈਆਂ ਸਨ, ਤੇ ਸਾਡੇ ਪੰਜਾਬੀ ਭਰਾ ਹੁਣ ਇਸ ਨੂੰ 2018 ਵਿਚ ਲੈ ਕੇ ਆਏ ਹਨ! ਵੈਸੇ ਵੀ ਫਿਲਮ ਚਾਰ ਕੁ ਸਾਲ ਬੇਹੀ ਲਗਦੀ ਹੈ, ਕਿਉਂਕਿ ਧੋਨੀ, ਯੁਵਰਾਜ ਤੇ ਭੱਜੀ ਹੁਣ ਆਊਟ-ਡੇਟਿਡ ਹੋ ਚੁਕੇ ਹਨ; ਕੋਹਲੀ, ਧਵਨ ਤੇ ਰੋਹਿਤ ਦਾ ਜ਼ਮਾਨਾ ਆ ਚੁਕਾ ਹੈ।
ਫਿਲਮ ਵਿਚ ਗੈਸਟ ਜਿਹਾ ਰੋਲ ਕਰ ਰਹੀ ਜਪੁਜੀ ਖਹਿਰਾ ਸਲਿਮ-ਟ੍ਰਿਮ ਹੈ ਜਦ ਕਿ ਆਪਣੀ ਤਾਜ਼ਾ ਫਿਲਮ ‘ਕੁੜਮਾਈਆਂ’ ਵਿਚ ਉਹ ਪਹਿਲਾਂ ਨਾਲੋਂ ਮੋਟੀ ਹੈ। ਇਸੇ ਤਰ੍ਹਾਂ ਤਾਨੀਆ ਨੇ ਹਾਲ ਹੀ ਵਿਚ ਫਿਲਮ ‘ਕਿਸਮਤ’ ਵਿਚ ਸਹਿ-ਨਾਇਕਾ ਦਾ ਕਿਰਦਾਰ ਨਿਭਾਇਆ ਹੈ, ਜਦ ਕਿ ਇਸ ਫਿਲਮ ਵਿਚ ਉਹ ਸਕੂਲੀ ਬੱਚੀ ਹੈ।
ਫਿਲਮ ਦੀ ਕਹਾਣੀ ਬੜੀ ਭਾਵੁਕ ਹੈ (ਮਰਾਠੀ ਦੀ)! ਇਕ ਸਾਧਾਰਨ ਪਰਿਵਾਰ ਦਾ ਵਿਅਕਤੀ ਸਾਧਾਰਨ ਸਕੂਲ ਵਿਚ ਪੜ੍ਹ ਰਹੇ ਆਪਣੇ ਬੱਚੇ ਨੂੰ ਪੜ੍ਹਾਈ ਵਿਚ ਅੱਵਲ ਵੇਖਣਾ ਚਾਹੁੰਦਾ ਹੈ, ਕਿਉਂਕਿ ਚੰਗੀ ਨੌਕਰੀ ਮਿਲ ਜਾਣ ਵਿਚ ਹੀ ਉਸ ਨੂੰ ਬੱਚੇ ਦਾ ਵਧੀਆ ਭਵਿੱਖ ਨਜ਼ਰ ਆਉਂਦਾ ਹੈ। ਇਸ ਦੇ ਉਲਟ ਬੱਚਾ ਪੜ੍ਹਾਈ ਵਿਚ ਨਾਲਾਇਕ ਹੈ ਤੇ ਉਸ ਨੂੰ ਪੜ੍ਹਨ ਵਿਚ ਉਕਾ ਹੀ ਦਿਲਚਸਪੀ ਨਹੀਂ ਹੈ, ਪਰ ਕ੍ਰਿਕਟ ਖੇਡਣ ਲਈ ਕੁਦਰਤੀ ਉਸ ਅੰਦਰ ਬੜੀ ਪ੍ਰਤਿਭਾ ਹੈ। ਇਸੇ ਮੁੱਦੇ ‘ਤੇ ਪਿਓ-ਪੁੱਤ ਵਿਚ ਖਿਚਾਅ ਹੈ ਅਤੇ ਇਸੇ ਖਿਚਾਅ ਵਿਚ ਬਾਪ ਹੱਥੋਂ ਬੇਟੇ ਦੇ ਸੱਟ ਲੱਗ ਜਾਂਦੀ ਹੈ ਤੇ ਉਹ ਕੌਮਾ ‘ਚ ਚਲਾ ਜਾਂਦਾ ਹੈ। ਅੰਤ ਸੁਖਦਾਈ ਹੈ।
ਮਰਾਠੀ ਫਿਲਮ ਵਿਚ ਮਾਂਜਰੇਕਰ ਨੇ ਜਿਸ ਤਰ੍ਹਾਂ ਸਿਖਿਆ ਸਿਸਟਮ ਉਤੇ ਚੋਟ ਕੀਤੀ ਹੈ, ਪੰਜਾਬੀ ਫਿਲਮ ਉਸ ਦੇ ਨੇੜੇ-ਤੇੜੇ ਵੀ ਨਹੀਂ ਹੈ। ਇਸ ਫਿਲਮ ਦੇ ਲੇਖਕ ਆਪਣੇ ਆਪ ਨੂੰ ਪੰਜਾਬੀ ਫਿਲਮਾਂ ਦੇ ਦਿੱਗਜ ਕਹਾਉਂਦੇ ਧੀਰਜ ਰਤਨ (ਸਕ੍ਰੀਨਪਲੇ) ਅਤੇ ਸੁਰਮੀਤ ਮਾਵੀ (ਡਾਇਲਾਗ) ਦੱਸੇ ਗਏ ਹਨ, ਹਾਲਾਂਕਿ ਇਨ੍ਹਾਂ ਨੇ ਪੰਜਾਬੀ ਸਿਨਮੇ ਨੂੰ ਜ਼ਿਆਦਾਤਰ ਫਲਾਪ ਫਿਲਮਾਂ ਹੀ ਦਿੱਤੀਆਂ ਹਨ। ਇੰਜ ਲਗਦਾ ਹੈ ਕਿ ਦੋਹਾਂ ਨੇ ‘ਸੰਨ ਆਫ ਮਨਜੀਤ ਸਿੰਘ’ ਨੂੰ ਮਰਾਠੀ ਫਿਲਮ ਤੋਂ ਵੀ ਉਤੇ ਦੀ ਫਿਲਮ ਬਣਾਉਣ ਦੇ ਚੱਕਰ ਵਿਚ ਅਸਲ ਕਹਾਣੀ ਦਾ ਨਾਸ ਮਾਰ ਦਿੱਤਾ।
ਪਹਿਲੀ ਗੱਲ ਇਹ ਕਿ ਸਾਨੂੰ ਸ਼ਾਇਦ ਕਿਸੇ ਫਿਲਮ ਦੀ ਰੀਮੇਕ ਜਾਂ ਕਾਪੀ ਕਹਿਣ ਵਿਚ ਵੀ ਸ਼ਰਮ ਜਾਂ ਸੰਗ ਮਹਿਸੂਸ ਹੁੰਦੀ ਹੈ। ਇਸੇ ਮਰਾਠੀ ਫਿਲਮ ਨੂੰ ਸਾਊਥ ਦੇ ਮਸ਼ਹੂਰ ਐਕਟਰ ਪ੍ਰਕਾਸ਼ਰਾਜ ਨੇ ਤਾਮਿਲ ਤੇ ਤੈਲਗੂ ਵਿਚ ਬਣਾਇਆ ਹੈ। ਭਾਸ਼ਾ ਬਦਲਣ ਕਾਰਨ ਉਸ ਨੇ ਲੇਖਕ ਦੇ ਤੌਰ ‘ਤੇ ਆਪਣਾ ਕਰੈਡਿਟ ਤਾਂ ਦਿੱਤਾ ਪਰ ਸਿਰਫ ‘ਕੋ-ਰਾਈਟਰ’ ਦੇ ਤੌਰ ‘ਤੇ! ਇਸ ਨੂੰ ਕਹਿੰਦੇ ਹਨ, ਸਾਹਿਤ ਪ੍ਰਤੀ ਇਮਾਨਦਾਰੀ। ਪਰ ਅਸੀਂ ਚੋਰੀ ਨੂੰ ਆਪਣਾ ‘ਮਾਲ’ ਦੱਸਣ ਵਿਚ ਜ਼ਰਾ ਵੀ ਝਿਜਕ ਜਾਂ ਸ਼ਰਮ ਮਹਿਸੂਸ ਨਹੀਂ ਕਰਦੇ।
ਜਦ ‘ਕੈਰੀ ਆਨ ਜੱਟਾ’ ਬਾਰੇ ਪੰਜਾਬੀ ਸਕਰੀਨ ਮੈਗਜ਼ੀਨ ਵਿਚ ਛਪਿਆ ਕਿ ਇਹ ਅਨੂ ਕਪੂਰ ਦੀ ਇਕ ਫਿਲਮ ‘ਕੁਛ ਤੋ ਗੜਬੜ ਹੈ’ ਦੀ ਫਰੇਮ ਟੁ ਫਰੇਮ ਕਾਪੀ ਹੈ ਤੇ ਫਿਲਮ ਦੇ ਸਕ੍ਰਿਪਟ ਦੇ ਸਾਰੇ ਚੋਰੀ ਵਾਲੇ ਕਰੈਡਿਟ ਆਪਣੇ ਸਿਰਾਂ ‘ਤੇ ਸਜਾ ਲਏ ਸਨ। ਨਿਰਮਾਤਾਵਾਂ ਨੇ ਗਲਤੀ ਮੰਨਣ ਦੀ ਥਾਂ ਫਿਲਮ ਦੇ ਸੰਪਾਦਕ ਨਾਲ ਹੀ ਮੂੰਹ ਸੁਜਾ ਲਿਆ। ਇਸੇ ਤਰ੍ਹਾਂ ਜਦ ਉਸੇ ਸੰਪਾਦਕ ਦਿਲਜੀਤ ਸਿੰਘ ਅਰੋੜਾ ਨੇ ਪਰਦਾ ਫਾਸ਼ ਕੀਤਾ ਕਿ ‘ਲੌਕ’ ਫਿਲਮ ਪਾਲੀ ਭੁਪਿੰਦਰ ਨੇ ਨਹੀਂ ਲਿਖੀ ਸੀ, ਸਗੋਂ ਸਾਊਥ ਦੀ ਇਕ ਫਿਲਮ ਦੀ ਡਿੱਟੋ ਕਾਪੀ ਹੈ, ਤਾਂ ਪੰਜਾਬੀ ਫਿਲਮੀ ਲੇਖਕਾਂ ਦੀ ਇਮਾਨਦਾਰੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।
ਖੈਰ! ਮਰਾਠੀ ਫਿਲਮ ਦੀ ਇਸ ਕਾਪੀ ਦੇ ਘਟੀਆ ਹੋਣ ਪਿਛੇ ਦੂਜਾ ਵੱਡਾ ਕਾਰਨ ਇਸ ਦੀ ਸਟਾਰਕਾਸਟ ਹੈ। ਮਰਾਠੀ ਫਿਲਮ ਵਿਚ ਸਚਿਨ ਖੇਡੇਕਰ, ਭਰਤ ਜਾਧਵ ਤੇ ਖੁਦ ਮਹੇਸ਼ ਮਾਂਜਰੇਕਰ ਜਿਹੇ ਮੰਨੇ ਪ੍ਰਮੰਨੇ ਸਟੇਜ ਆਰਟਿਸਟ ਸਨ। ਤੈਲਗੂ ਤੇ ਤਾਮਿਲ ਵਰਜ਼ਨ ਸਾਊਥ ਦੇ ਪ੍ਰਸਿੱਧ ਐਕਟਰ ਪ੍ਰਕਾਸ਼ਰਾਜ ਅਤੇ ਬੰਗਾਲੀ ਵਿਚ ਇਸ ਨੂੰ ਉਥੋਂ ਦੇ ਸੁਪਰ ਸਟਾਰ ਪ੍ਰਸਨਜੀਤ ਨੇ ਬਣਾਇਆ ਸੀ; ਤੇ ਸਾਡੇ ਇੱਥੇ ਫਿਲਮ ਦਾ ਮੁੱਖ ਪਾਤਰ ਗੁਰਪ੍ਰੀਤ ਘੁੱਗੀ ਹੈ।
ਗੁਰਪ੍ਰੀਤ ਘੁੱਗੀ ਵਧੀਆ ਕਾਮੇਡੀਅਨ ਹੈ, ‘ਪੰਚਾਂ’ ਨਾਲ ਦਰਸ਼ਕਾਂ ਨੂੰ ਹਸਾ ਲੈਂਦਾ ਹੈ, ਪਰ ਮੈਂ ਇਸ ਗੱਲ ‘ਤੇ ਸਹਿਮਤ ਨਹੀਂ ਕਿ ਉਹ ਇੱਕ ਬਹੁਤ ਵੱਡਾ ਐਕਟਰ ਹੈ ਤੇ ਫਿਲਮ, ਉਹ ਵੀ ਬੜੇ ਸੰਜੀਦਾ ਵਿਸ਼ੇ ਵਾਲੀ, ਨੂੰ ਆਪਣੇ ਮੋਢਿਆਂ ‘ਤੇ ਚੁੱਕ ਕੇ ਪਾਰ ਕਰਾ ਸਕਦਾ ਹੈ। ਉਹ ਨਾਨਾ ਪਾਟੇਕਰ, ਓਮ ਪੁਰੀ, ਭਰਤ ਜਾਧਵ ਜਾਂ ਪ੍ਰਕਾਸ਼ਰਾਜ ਜਿਹਾ ਹੰਢਿਆ ਤੇ ਮੰਝਿਆ ਫਿਲਮੀ ਅਦਾਕਾਰ ਜਾਂ ਰੰਗਕਰਮੀ ਨਹੀਂ ਹੈ। ਉਂਜ ਵੀ ਉਹ ਆਪਣੇ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕਿਆ। ਹੋਟਲ ਵਿਚ ਦਾਲਾਂ-ਸਬਜ਼ੀਆਂ ਨੂੰ ਤੜਕੇ ਲਾਉਣ ਵਾਲਾ ਕੁੱਕ ਜਦ ਭਾਸ਼ਣ ਦੇਣ ਲਗਦਾ ਹੈ ਤਾਂ ਇੰਜ ਲਗਦਾ ਹੈ ਜਿਵੇਂ ਡਾ. ਰਾਧਾ ਕ੍ਰਿਸ਼ਨਨ ਤੋਂ ਵੀ ਵੱਡਾ ਫਿਲਾਸਫਰ ਹੋਵੇ। ਆਪਣੇ ਭਾਸ਼ਣਾਂ ਨਾਲ ਉਹ ਸਿਵਾਏ ਸਿਰਦਰਦ ਤੋਂ ਕੁਝ ਨਹੀਂ ਦਿੰਦਾ, ਤੇ ਇਸ ਵਿਚ ਸ਼ਾਇਦ ਮਰਾਠੀ ਤੋਂ ‘ਉਤੇ’ ਦੀ ਫਿਲਮ ਬਣਾਉਣ ਵਾਲੇ ਸਾਡੇ ਪੰਜਾਬੀ ਲੇਖਕਾਂ ਦਾ ਵੀ ਭਰਪੂਰ ਯੋਗਦਾਨ ਹੋਵੇ!
ਮਨਜੀਤ ਸਿੰਘ ਦੇ ਬੇਟੇ ਦਾ ਰੋਲ ਫਿਲਮ ਵਿਚ ਦਮਨਪ੍ਰੀਤ ਸਿੰਘ ਨੇ ਨਿਭਾਇਆ ਹੈ, ਜੋ ਇਸ ਤੋਂ ਪਹਿਲਾਂ ਟੀ. ਵੀ. ਸੀਰੀਅਲ ‘ਮਹਾਰਾਜਾ ਰਣਜੀਤ ਸਿੰਘ’ ਰਾਹੀਂ ਪ੍ਰਸਿੱਧੀ ਖੱਟ ਚੁਕਾ ਹੈ। ਪਰ ਉਹ ‘ਸ਼ਿਕਸ਼ਾਨਾਚਯਾ ਆਈਚਾ ਘੋ’ ਦੇ ਸਖਸ਼ਮ ਕੁਲਕਰਣੀ ਨਾਲੋਂ ਕਾਫੀ ਪੱਛੜ ਗਿਆ। ਇਸ ਵਿਚ ਵੀ ਲੇਖਕਾਂ ਦਾ ਹੱਥ ਲਗਦਾ ਹੈ, ਤੇ ਉਨ੍ਹਾਂ ਨੇ ਘੁੱਗੀ ਦੇ ਮੁਕਾਬਲੇ ਦਮਨ ਦੇ ਰੋਲ ਨੂੰ ਵੀ ਕ੍ਰਿਸਪੀ ਬਣਾਉਣ ਦੇ ਚੱਕਰ ਵਿਚ ਕਰੈਕਟਰ ‘ਜੈਵੀਰ’ ਨੂੰ ਮਰਾਠੀ ਫਿਲਮ ਵਾਲੇ ਅਤਿ-ਭਾਵੁਕ ਕਿਰਦਾਰ ‘ਸ਼੍ਰੀਨਿਵਾਸ ਰਾਣੇ’ ਤੋਂ ਬਹੁਤ ਦੂਰ ਧੱਕ ਦਿੱਤਾ।
ਤਾਨੀਆ ਆਪਣੇ ਭੈਣ ਵਾਲੇ ਰੋਲ ਨੂੰ ਠੀਕ ਨਿਭਾ ਗਈ। ਜਪੁਜੀ ਖਹਿਰਾ ਦੇ ਹਿੱਸੇ ਇਕ ਗਾਣੇ ਤੇ ਚਾਰ ਪੰਜ ਦ੍ਰਿਸ਼ਾਂ ਤੋਂ ਇਲਾਵਾ ਕੁਝ ਨਹੀਂ ਹੈ। ਹਾਰਬੀ ਸੰਘਾ ਤੇ ਮਲਕੀਤ ਰੌਣੀ ਬੇਕਾਰ ਹਨ। ਉਨ੍ਹਾਂ ਨੂੰ ‘3 ਈਡੀਅਟ’ ਸਟਾਈਲ ਕੁਝ ‘ਪੰਚ’ ਭਰਨ ਲਈ ਹੀ ਫਿਲਮ ਵਿਚ ਭਰਤੀ ਕਰ ਲਿਆ ਗਿਆ। ਕਰਮਜੀਤ ਅਨਮੋਲ ਨੇ ਇਸ ਫਿਲਮ ਦਾ ਰੋਲ ਕੀ ਸੋਚ ਕੇ ਕੀਤਾ, ਸਮਝ ਤੋਂ ਬਾਹਰ ਦੀ ਗੱਲ ਹੈ। ਬਾਕੀ ਦੇ ਸਾਰੇ ਕਲਾਕਾਰ ‘ਫਿੱਲਰ’ ਹਨ, ਕਰਨ ਲਈ ਕੁਝ ਵੀ ਖਾਸ ਨਹੀਂ ਹੈ।
ਕਾਸ਼! ਡਾਇਰੈਕਟਰ ਵਿਕਰਮ ਗਰੋਵਰ ਮਰਾਠੀ ਫਿਲਮ ਦੀ ਫਰੇਮ ਟੁ ਫਰੇਮ ਕਾਪੀ ਹੀ ਮਾਰ ਲੈਂਦਾ! ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ ਉਹ ਮਰਾਠੀ ਫਿਲਮ ਜ਼ਰੂਰ ਵੇਖਣ।