ਜਬਰ ਜਨਾਹ ਅਤੇ ਸੱਤਾ ਦੀ ਤਾਕਤ

ਉਘਾ ਟਿੱਪਣੀਕਾਰ ਪੀਟਰ ਫਰੈਡਰਿਕ ਦੱਖਣੀ ਏਸ਼ੀਆ ਦੇ ਮਾਮਲਿਆਂ ਬਾਰੇ ਲਗਾਤਾਰ ਲਿਖ ਰਿਹਾ ਹੈ। ਉਸ ਦੇ 46 ਸਫਿਆਂ ਦੇ ਪੈਂਫਲਿਟ ‘ਗਾਂਧੀ: ਨਸਲਪ੍ਰਸਤ ਜਾਂ ਇਨਕਲਾਬੀ’ ਨੇ ਸਭ ਦਾ ਧਿਆਨ ਖਿਚਿਆ ਸੀ। ‘ਜਬਰ ਜਨਾਹ ਅਤੇ ਸੱਤਾ’ ਨਾਂ ਦੇ ਇਸ ਲੇਖ ਵਿਚ ਉਸ ਨੇ ਜਿਨਸੀ ਸ਼ੋਸ਼ਣ ਬਾਰੇ ਚਰਚਾ ਕੀਤੀ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਜਿਨਸੀ ਸ਼ੋਸ਼ਣ ਕਰਨ ਵਾਲੇ ਕਿਸ ਤਰ੍ਹਾਂ ਆਪਣੀ ਤਾਕਤ ਦੀ ਦੁਰਵਰਤੋਂ ਆਪਣੇ ਖਿਲਾਫ ਉਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਲਈ ਕਰਦੇ ਹਨ ਅਤੇ ਬਹੁਤੀ ਵਾਰ ਆਪਣੇ ਇਨ੍ਹਾਂ ਮਨਸੂਬਿਆਂ ਵਿਚ ਕਾਮਯਾਬ ਵੀ ਰਹਿੰਦੇ ਹਨ।

ਇਸ ਅਹਿਮ ਅਤੇ ਲੰਮੇ ਲੇਖ ਦਾ ਅਨੁਵਾਦ ਸਾਡੀ ਕਾਲਮਨਵੀਸ ਡਾ. ਗੁਰਨਾਮ ਕੌਰ ਨੇ ਕੀਤਾ ਹੈ। ਇਸ ਵਾਰ ਲੇਖ ਦੀ ਪਹਿਲੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਪੀਟਰ ਫਰੈਡਰਿਕ
ਅਨੁਵਾਦ: ਡਾ. ਗੁਰਨਾਮ ਕੌਰ, ਕੈਨੇਡਾ

ਸੰਸਾਰ ਪੱਧਰੀ ‘ਮੀ ਟੂ’ ਲਹਿਰ ਜੋ ਪਿਛਲੇ ਸਾਲ ਫੈਲਣੀ ਸ਼ੁਰੂ ਹੋਈ ਸੀ, ਭਾਰਤ ਦੇ ਦੱਖਣ-ਪੱਛਮੀ ਤੱਟ ‘ਤੇ ਵਸੇ ਸੂਬੇ ਕੇਰਲਾ ਵਿਚ 44 ਸਾਲਾ ਸਾਧਵੀ ਦੀ ਦੁਖਦਾਈ ਕਥਾ ਦੇ ਖੁਲਾਸੇ ਨਾਲ ਨਵੀਆਂ ਦਿਸ਼ਾਵਾਂ ਲੈ ਰਹੀ ਹੈ। ਇਹ ਸਾਧਵੀ ਕੈਥੋਲਿਕ ਬਿਸ਼ਪ ਫਰਾਂਕੋ ਮੁਲੱਕਲ ‘ਤੇ ਦੋ ਸਾਲ ਤੱਕ ਵਾਰ ਵਾਰ ਜਬਰ ਜਨਾਹ ਕਰਨ ਦੇ ਦੋਸ਼ ਲਾਉਣ ਪਿਛੋਂ ਇਨਸਾਫ ਲੈਣ ਲਈ ਜੂਝ ਰਹੀ ਹੈ|
ਗੁੰਮਨਾਮ ਸਾਧਵੀ ਦੇ ਕੇਸ ਵਿਚਲੀ ਕਥਾ ਉਨ੍ਹਾਂ ਹੋਰ ਬਹੁਤ ਸਾਰੀਆਂ ਔਰਤਾਂ ਦੀਆਂ ਦਰਦ ਕਥਾਵਾਂ ਬਿਆਨ ਕਰਦੀ ਹੈ ਜੋ ‘ਮੀ ਟੂ’ ਕਹਿਣ ਲਈ ਅੱਗੇ ਆਈਆਂ ਹਨ| ਇਕ ਨਿਤਾਣੀ ਪੀੜਤ ਔਰਤ ਇਕ ਅਮੀਰ, ਤਾਕਤਵਰ ਅਤੇ ਬਾਰਸੂਖ ਦਰਿੰਦੇ ਵਲੋਂ ਸ਼ੋਸ਼ਿਤ ਕੀਤੀ ਜਾਂਦੀ ਹੈ, ਜਿਹੜਾ ਉਸ ਖਿਲਾਫ ਲਾਏ ਗੁਨਾਹ ਦੇ ਇਲਜ਼ਾਮ ਨੂੰ ਆਧਾਰਹੀਣ ਤੇ ਝੂਠ ਕਹਿ ਕੇ ਨਕਾਰ ਦਿੰਦਾ ਹੈ ਅਤੇ ਨਾਲ ਹੀ ਫਰਿਆਦੀ ਨੂੰ ਦੋਸ਼ ਦੇਣ ਤੇ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ| ਇਸ ਦੌਰਾਨ ਜੋ ਰਸੂਖ ਵਾਲੇ ਰੁਤਬਿਆਂ ‘ਤੇ ਹੁੰਦੇ ਹਨ, ਅਕਸਰ ਮੁਜ਼ਰਿਮ ਦੀ ਰੱਖਿਆ ਲਈ ਕੁੱਦ ਪੈਂਦੇ ਹਨ। ਕੁਝ ਕੇਸਾਂ ਵਿਚ ਤਾਂ ਮੁਜ਼ਰਿਮ ਦਰਿੰਦੇ ਹੀ ਮੁਜ਼ਰਿਮ ਦਰਿੰਦਿਆਂ ਨੂੰ ਬਚਾਉਂਦੇ ਹਨ|
ਅਮਰੀਕਾ, ਜਿਥੇ ਪਹਿਲਾਂ ਪਹਿਲ ਇਹ ਲਹਿਰ ਸ਼ੁਰੂ ਹੋਈ, ਵਿਚ ਪੀੜਤਾਂ ਨੇ ਦੋਸ਼ੀਆਂ ਦੀ ਪਛਾਣ ਹਰ ਖੇਤਰ ਵਿਚ ਕੀਤੀ ਹੈ-ਮਨੋਰੰਜਨ ਤੋਂ ਲੈ ਕੇ ਮੀਡੀਆ ਤੱਕ, ਖੇਡਾਂ ਤੋਂ ਫੌਜ ਤੱਕ ਅਤੇ ਸਿਆਸਤ ਤੋਂ ਧਰਮ ਦੇ ਖੇਤਰ ਤੱਕ| ਕੁਝ ਮਸ਼ਹੂਰ ਨਾਂਵਾਂ ਵਿਚ ਸ਼ਾਮਲ ਹਨ-ਹਾਰਵੀ ਵਾਈਸਟੀਨ, ਟੀ. ਵੀ. ਪੇਸ਼ਕਾਰ ਬਿਲ ਓ’ਰਾਇਲੀ ਅਤੇ ਹਾਸ-ਰਸ ਅਭਿਨੇਤਾ ਬਿਲ ਕਾਜ਼ਬੀ| ਸਿਆਸਤ ਵਿਚ ਅਜਿਹੇ ਦੋਸ਼ੀ ਹਰ ਰੰਗ ਦੀ ਪਾਰਟੀ ਅੰਦਰ ਮਿਲ ਜਾਂਦੇ ਹਨ| ਰਿਪਬਲਿਕਨ ਪਾਰਟੀ ਵਿਚੋਂ ਸੈਨੇਟ ਦਾ ਅਸਫਲ ਉਮੀਦਵਾਰ ਰਾਏ ਮੂਰ ਅਤੇ ਕਾਂਗਰਸਮੈਨ ਪੈਟ ਮੀਹਨ ਹਨ| ਡੈਮੋਕਰੈਟਾਂ ਵਿਚ ਸੈਨੇਟਰ ਅਲ ਫਰਾਂਕਨ ਅਤੇ ਕਾਂਗਰਸਮੈਨ ਜੌਹਨ ਕੌਨੀਅਰਜ਼ ਦੇ ਨਾਂ ਸਾਹਮਣੇ ਆਏ| ਸਾਲ 2017 ਤੋਂ ਅਮਰੀਕਨ ਕਾਂਗਰਸ ਦੇ ਘੱਟੋ-ਘੱਟ ਅੱਧੀ ਦਰਜਨ ਮੈਂਬਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਅਸਤੀਫਾ ਦੇ ਚੁੱਕੇ ਹਨ ਜਾਂ ਸੇਵਾ-ਮੁਕਤ ਹੋ ਗਏ ਹਨ|
ਫਿਰ ਵੀ ਮੁਜ਼ਰਿਮ ਹਮੇਸ਼ਾ ਗੁੰਮਨਾਮੀ ਵਿਚ ਗੁੰਮ ਨਹੀਂ ਹੋ ਜਾਂਦੇ| ਜਿੰਨੇ ਵੱਧ ਉਹ ਤਾਕਤਵਰ ਹੁੰਦੇ ਹਨ, ਓਨੇ ਹੀ ਵੱਧ ਉਹ ਦ੍ਰਿੜ ਹੋ ਜਾਂਦੇ ਹਨ ਅਤੇ ਆਪਣੇ ਉਤੇ ਦੋਸ਼ਾਂ ਖਿਲਾਫ ਲੜਦੇ ਹਨ| ਅਮਰੀਕਾ ਵਿਚ ਜਿਸ ਢੀਠਤਾਈ ਨਾਲ ਇਹ ਕਾਰਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰ ਦਿਖਾਇਆ ਹੈ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ।
2017 ਵਿਚ ਤਿੰਨ ਔਰਤਾਂ ਨੇ ਰਾਏ ਮੂਰ ‘ਤੇ ਜਿਨਸੀ ਛੇੜਛਾੜ ਦਾ ਦੋਸ਼ ਲਾਇਆ (ਸਮੇਤ ਦੋ ਉਨ੍ਹਾਂ ਦੇ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਇਹ ਅੱਲੜ ਉਮਰ ਵਿਚ ਵਾਪਰਿਆ)| ਟਰੰਪ ਨੇ ਇਸ ਤੋਂ ਸਾਫ ਇਨਕਾਰ ਕੀਤਾ ਅਤੇ ਮੂਰ ਦੀ ਸੈਨੇਟ ਚੋਣ ਦੇ ਸਮਰਥਨ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕਰ ਦਿੱਤੀ| ਮੂਰ ਹਾਰ ਗਿਆ| ਉਸੇ ਸਾਲ ਦੇ ਸ਼ੁਰੂ ਵਿਚ ਬਿਲ ਓ’ਰਾਇਲੀ ਉਤੇ ਛੇ ਵੱਖ-ਵੱਖ ਔਰਤਾਂ ਨੇ ਜਿਨਸੀ ਛੇੜ-ਛਾੜ ਦੇ ਦੋਸ਼ ਲਾਏ| ਓ’ਰਾਇਲੀ ਨੂੰ ਫੌਕਸ ਨਿਊਜ਼ ਵਿਚੋਂ 21 ਸਾਲ ਦੇ ਕੈਰੀਅਰ ਬਾਅਦ ਕੱਢੇ ਜਾਣ ਤੋਂ ਕੁਝ ਦਿਨ ਪਹਿਲਾਂ ਟਰੰਪ ਨੇ ਟਿੱਪਣੀ ਕੀਤੀ, “ਮੈਂ ਨਹੀਂ ਸਮਝਦਾ ਕਿ ਬਿਲ ਨੇ ਕੁਝ ਗਲਤ ਕੀਤਾ ਸੀ|”
ਪੀੜਤਾਂ ਵੱਲੋਂ ਲਾਏ ਦੋਸ਼ਾਂ ਨੂੰ ਦਰਕਿਨਾਰ ਕਰਨ ਵਿਚ ਟਰੰਪ ਦੀ ਤੀਬਰਤਾ ਨੂੰ ਸ਼ਾਇਦ ਉਨ੍ਹਾਂ ਦੋਸ਼ਾਂ ਦੀ ਲੰਮੀ ਲੜੀ ਨਾਲ ਜੋੜ ਕੇ ਦੇਖਿਆ ਗਿਆ, ਜਿਨ੍ਹਾਂ ਦਾ ਉਹ ਖੁਦ ਸਾਹਮਣਾ ਕਰਦਾ ਹੈ| ਅਕਤੂਬਰ 2016 ਵਿਚ ਜਦੋਂ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਿਹਾ ਸੀ, ਇਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਜਿਸ ਵਿਚ ਉਹ ਫੜ੍ਹਾਂ ਮਾਰ ਰਿਹਾ ਸੀ ਕਿ ਮਸ਼ਹੂਰ ਹਸਤੀ ਹੋਣ ਦੇ ਨਾਤੇ ਔਰਤਾਂ ਨਾਲ ‘ਤੁਸੀਂ ਕੁਝ ਵੀ ਕਰ ਸਕਦੇ ਹੋ’ ਅਤੇ ਇਸ ਤੋਂ ਬਚ ਕੇ ਨਿਕਲ ਸਕਦੇ ਹੋ| ਬਾਅਦ ਵਿਚ ਇਕ ਦਰਜਨ ਤੋਂ ਵੱਧ ਔਰਤਾਂ ਅੱਗੇ ਆਈਆਂ ਜਿਨ੍ਹਾਂ ਨੇ ਟਰੰਪ ਉਤੇ ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ| ਉਸ ਵਕਤ ਟਰੰਪ ਨੇ ਆਪਣੇ ਆਪ ਨੂੰ ਸਿਆਸੀ ਪੀੜਿਤ ਗਰਦਾਨਿਆ ਸੀ|
ਉਸ ਨੇ ਕਿਹਾ ਸੀ, “ਮੈਂ ਆਪਣੇ ਦੇਸ਼ ਦੇ ਇਤਿਹਾਸ ਵਿਚ ਬਹੁਤ ਜ਼ਿਆਦਾ ਬਦਨਾਮ ਰਾਜਨੀਤਕ ਮੁਹਿੰਮਾਂ ਵਿਚੋਂ ਇਕ ਦਾ ਸ਼ਿਕਾਰ ਰਿਹਾ ਹਾਂ। ਮੇਰੇ ‘ਤੇ ਝੂਠਾਂ ਦੇ ਸਹਾਰੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਗਈ|” ਆਪਣੇ ਖਿਲਾਫ ਉਠ ਖੜ੍ਹੀਆਂ ਹੋਈਆਂ ਪੀੜਤਾਂ ‘ਤੇ ਹਮਲਾ ਕਰਦਿਆਂ ਉਸ ਨੇ ਸਗੋਂ ਇਹ ਕਿਹਾ ਕਿ ਇਹ ਲੋਕ ਇਸ ਲਈ ਦੂਸ਼ਣ ਲਾ ਰਹੇ ਹਨ ਕਿਉਂਕਿ “ਉਨ੍ਹਾਂ ਨੂੰ ਮੁਫਤ ਦੀ ਕੁਝ ਮਸ਼ਹੂਰੀ ਮਿਲ ਜਾਂਦੀ ਹੈ|” ਉਨ੍ਹਾਂ ਨੂੰ ‘ਝੂਠੇ ਦੋਸ਼ ਲਾਉਣ ਵਾਲੀਆਂ’ ਆਖਦਿਆਂ ਉਸ ਨੇ ਇਕ ਖਾਸ ਸ਼ਿਕਾਇਤ-ਕਰਤਾ ਨੂੰ ਬਾਕੀਆਂ ਨਾਲੋਂ ਨਿਖੇੜਦਿਆਂ ਉਸ ਨੂੰ ‘ਬਦਸੂਰਤ ਔਰਤ’ ਗਰਦਾਨਿਆ| ਉਸ ਮੁਤਾਬਿਕ, ਉਹ ਉਸ ਲਈ ਕੋਈ ਐਡੀ ਆਕਰਸ਼ਕ ਵੀ ਨਹੀਂ ਸੀ। ਅਖੇ, “ਉਹ ਮੇਰੀ ਪਹਿਲੀ ਪਸੰਦ ਨਹੀਂ ਹੋਵੇਗੀ।” ਫਿਰ ਉਸ ਨੇ ਇਹ ਕਹਿ ਕੇ ਗੱਲ ਮੁਕਾ ਛੱਡੀ ਕਿ ਉਸ ਉਤੇ ਜਿਨਸੀ ਛੇੜ-ਛਾੜ ਦਾ ਦੋਸ਼ ਲਾਉਣਾ ਰਾਸ਼ਟਰ-ਵਿਰੋਧੀ ਕਾਰਵਾਈ ਦੇ ਬਰਾਬਰ ਹੈ। ਉਸ ਦੀ ਟਿੱਪਣੀ ਸੀ, “ਉਹ ਮੇਰੇ ਪਿੱਛੇ ਪਏ ਹੋਏ ਹਨ ਤਾਂ ਕਿ ਉਸ ਲਹਿਰ ਨੂੰ ਬਰਬਾਦ ਕਰ ਸਕਣ ਜੋ ਦੇਸ਼ ਦੇ ਇਤਿਹਾਸ ਵਿਚ ਮਹਾਨ ਮੰਨੀ ਗਈ ਹੈ|”
ਇਹ ਨਮੋਸ਼ੀ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ (ਜੋ ਹੁਣ ਰਾਸ਼ਟਰਪਤੀ ਹੈ) ਉਤੇ ਜਿਨਸੀ ਸ਼ਿਕਾਰੀ ਹੋਣ ਦਾ ਦੋਸ਼ ਲੱਗਾ। ਉਂਜ, ਇਸ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ, ਜਦੋਂ ਅਧਿਆਤਮਕ ਨੇਤਾਵਾਂ ਉਤੇ ਅਜਿਹੇ ਦੋਸ਼ ਲਗਦੇ ਹਨ| ਧਰਮ ਦੇ ਖੇਤਰ ਅੰਦਰ ਸਰਗਰਮ ਸਮੂਹਾਂ ਵਿਚੋਂ ਇਕ, ਕੈਥੋਲਿਕ ਪਾਦਰੀ ਵਰਗ ਉਤੇ ਦੁਰਵਿਹਾਰ ਕਰਨ ਦਾ ਦੋਸ਼ ਬਹੁਤ ਵਾਰ ਲੱਗਦਾ ਰਿਹਾ ਹੈ| ਜਿਨ੍ਹਾਂ ਬਦਨਾਮੀਆਂ ਨੇ ਚਰਚ ਦਾ ਦਹਾਕਿਆਂ ਤੱਕ ਪਿੱਛਾ ਕੀਤਾ, ਲੰਘੇ ਸਾਲ ਦੌਰਾਨ ਇਹ ਕੇਸ ਸਭ ਤੋਂ ਵੱਧ ਸਨ|
1990 ਸ਼ੁਰੂ ਹੁੰਦਿਆਂ ਹੀ ਪੀੜਤਾਂ ਨੇ ਇਹ ਦੱਸਣ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨਾਲ ਕਿਸ ਤਰ੍ਹਾਂ ਦੁਰਵਿਹਾਰ ਕੀਤਾ ਗਿਆ। ਇਹ ਕਾਰਾ ਪਾਦਰੀਆਂ ਨੇ ਉਸ ਵਕਤ ਕੀਤਾ ਜਦੋਂ ਇਹ ਪੀੜਤ ਅਜੇ ਬਚਪਨ ਵਿਚ ਸਨ| ਸਾਰੇ ਮਹਾਂਦੀਪਾਂ ਵਿਚੋਂ ਹਜ਼ਾਰਾਂ ਪੀੜਤਾਂ ਨੇ ਖੁਲਾਸਾ ਕੀਤਾ ਹੈ, ਬਹੁਤੀਆਂ ਨੇ ਇਹ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਗਿਆ| ਪਿਛਲੇ ਸਾਲ ਪੋਪ ਫਰਾਂਸਿਸ ਨੇ ਮੰਨਿਆ ਕਿ ਚਰਚ ਕੋਲ ਅਜਿਹੇ 2000 ਕੇਸ ਬਕਾਇਆ ਪਏ ਹਨ|
ਹੁਣੇ ਜਿਹੇ ਪੈਨਸਿਲਵੇਨੀਆ ਵਿਚ 300 ਤੋਂ ਵੱਧ ਪਾਦਰੀਆਂ ਨੂੰ ਤਕਰੀਬਨ 1000 ਬੱਚਿਆਂ ਨਾਲ ਛੇੜਖਾਨੀ ਕਰਨ ਦੇ ਦੋਸ਼ੀ ਠਹਿਰਾਇਆ ਗਿਆ ਹੈ| ਇਸ ਕੇਸ ਨੇ ਅਮਰੀਕਾ ਦੇ ਘੱਟੋ-ਘੱਟ ਅੱਠ ਹੋਰ ਸੂਬਿਆਂ ਵਿਚ ਜਾਂਚ-ਪੜਤਾਲ ਕਰਨ ਲਈ ਰਾਹ ਖੋਲ੍ਹਿਆ| ਇਨ੍ਹਾਂ ਨੇ ਪੈਨਸਿਲਵੇਨੀਆ ਦੇ ਅਟਾਰਨੀ ਜਨਰਲ ਜੋਸ਼ ਸ਼ਾਪੀਰੋ ਨੂੰ ਇਹ ਦੱਸਣ ਲਈ ਮਜਬੂਰ ਕੀਤਾ, “ਸਾਡੇ ਕੋਲ ਸਬੂਤ ਹੈ ਕਿ ਵੈਟੀਕਨ ਨੂੰ ਇਨ੍ਹਾਂ ਮਾਮਲਿਆਂ ਉਤੇ ਪੋਚਾ ਪਾਏ ਜਾਣ ਦੀ ਜਾਣਕਾਰੀ ਸੀ|”
ਇਹ ਜ਼ਖਮਾਂ ‘ਤੇ ਲੂਣ ਛਿੜਕਣ ਵਾਲੀ ਗੱਲ ਹੈ| ਇਹ ਦੋਸ਼ੀ, ਚੜ੍ਹਦੀ ਉਮਰ ਦੀ ਮਾਸੂਮੀਅਤ ਨੂੰ ਦਾਗਦਾਰ ਕਰਨ ਦੇ ਗੁਨਾਹਗਾਰ ਹਨ। ਇਹ ਲੋਕ ਬਹੁਤ ਪਾਕ ਭਰੋਸੇ ਨੂੰ ਤੋੜਦਿਆਂ, ਜਨਤਕ ਤੌਰ ‘ਤੇ ਤਾਂ ਰੋਮਨ ਕੈਥੋਲਿਕ ਈਸਾਈ ਹੋਣ ਦਾ ਪ੍ਰਚਾਰ ਕਰਦੇ ਹਨ ਜਦਕਿ ਗੁਪਤ ਤੌਰ ‘ਤੇ ਆਪਣੀਆਂ ਬ੍ਰਹਮਚਾਰੀ ਹੋਣ ਦੀਆਂ ਕਸਮਾਂ ਤੋੜਦੇ ਹਨ| ਫਿਰ ਵੀ ਚਰਚ ਦੇ ਸਰਵਉਚ ਅਧਿਕਾਰੀ ਪੀੜਤਾਂ ਦੀ ਥਾਂ ਮੁਜ਼ਰਿਮਾਂ ਦਾ ਬਚਾਅ ਕਰ ਰਹੇ ਹਨ|
ਪੋਪ ਨੇ ਅਗਸਤ 2018 ਵਿਚ ਜਿਨਸੀ ਸ਼ੋਸ਼ਣ ਦੇ ਖਿਲਾਫ ਬਿਆਨ ਦਿੱਤਾ ਹੈ| ਇਕ ਖੁੱਲ੍ਹੇ ਖਤ ਵਿਚ ਉਸ ਨੇ ਕਿਹਾ ਹੈ, “ਇਨ੍ਹਾਂ ਪੀੜਤਾਂ ਦੇ ਦਿਲ ਨੂੰ ਵਿੰਨ੍ਹਣ ਵਾਲੇ ਦੁੱਖ ਦੀਆਂ ਚੀਕਾਂ ਜੋ ਸਵਰਗ ਤੱਕ ਪਹੁੰਚਦੀਆਂ ਹਨ, ਲੰਮੇ ਸਮੇਂ ਤੱਕ ਨਜ਼ਰਅੰਦਾਜ਼ ਕੀਤੀਆਂ ਗਈਆਂ, ਇਸ ਬਾਰੇ ਖਾਮੋਸ਼ੀ ਧਾਰੀ ਗਈ ਜਾਂ ਇਨ੍ਹਾਂ ਨੂੰ ਚੁੱਪ ਕਰਾ ਦਿੱਤਾ ਗਿਆ|” ‘ਸ਼ਰਮ ਅਤੇ ਪਸ਼ਚਾਤਾਪ’ ਬਾਰੇ ਉਸ ਨੇ ਮੰਨਿਆ ਕਿ ਬਹੁਤ ਸਾਰੀਆਂ ਜਿੰਦੜੀਆਂ ਦੀ ਕੀਤੀ ਗਈ ਤਬਾਹੀ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰਦਿਆਂ ਅਸੀਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ| ਅਸੀਂ ਨੰਨ੍ਹੀਆਂ ਜਿੰਦੜੀਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ, ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ‘ਤੇ ਇਕੱਲਿਆਂ ਛੱਡ ਦਿੱਤਾ| ਪੋਪ ਨੇ ਇਸ ਨੂੰ ‘ਤਾਕਤ ਦੀ ਦੁਰਵਰਤੋਂ’ ਕਿਹਾ|
ਉਂਜ, ਸਤੰਬਰ 2018 ਵਿਚ ਪੋਪ ਨੇ ਉਪਦੇਸ਼ ਦਿੱਤਾ, ਜਿਸ ਦਾ ਸੁਨੇਹਾ ਇਹ ਸੀ ਕਿ ਜਿਹੜੇ ਪੀੜਤ ਦੋਸ਼ ਲਾਉਂਦੇ ਹਨ, ਉਹ ਸ਼ੈਤਾਨ ਦਾ ਪੱਖ ਪੂਰ ਰਹੇ ਹਨ: “ਇਨ੍ਹਾਂ ਸਮਿਆਂ ਵਿਚ, ਇਸ ਤਰ੍ਹਾਂ ਜਾਪਦਾ ਹੈ ਕਿ ਵੱਡੇ ਮੁਜ਼ਰਿਮ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਹੈ ਅਤੇ ਉਹ ਪਾਦਰੀਆਂ ‘ਤੇ ਹਮਲਾ ਕਰ ਰਿਹਾ ਹੈ।” ਉਸ ਦੇ ਕਹਿਣ ਦਾ ਭਾਵ ਜਾਪਦਾ ਸੀ ਕਿ ਦੁਰਵਿਹਾਰ ਨੂੰ ਬੇਨਕਾਬ ਕਰਨਾ ਸ਼ੈਤਾਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ “ਵੱਡਾ ਮੁਜ਼ਰਿਮ ਪਾਪਾਂ ਨੂੰ ਨੰਗੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਉਂ ਉਹ ਲੋਕਾਂ ਨੂੰ ਬਦਨਾਮ ਕਰਨ ਲਈ ਦਿਖਾਈ ਦੇ ਰਹੇ ਹਨ|”
ਪੋਪ ਨੇ ਪਾਦਰੀਆਂ ਵਿਚੋਂ ਜਿਸ ਬਿਸ਼ਪ ਵੱਲ ਇਸ਼ਾਰਾ ਕੀਤਾ, ਕੀ ਉਹ ਬਿਸ਼ਪ ਫਰਾਂਕੋ ਮੁਲੱਕਲ ਸੀ? ਕੈਥੋਲਿਕ ਗਿਰਜੇ ਦਾ ਜਿਨਸੀ ਸ਼ੋਸ਼ਣ ਦਾ ਨਾਟਕ ਅਮਰੀਕਾ ਵਿਚ ਸਾਹਮਣੇ ਆਇਆ ਅਤੇ ਹੁਣ ਮੁਲੱਕਲ ਵਾਲਾ ਕਾਂਡ ਸੰਸਾਰ ਦੇ ਕਿਸੇ ਹੋਰ ਹਿੱਸੇ ਵਿਚ ਉਧੜ ਰਿਹਾ ਹੈ| ਇਹ ਮਸਲਾ ਹੁਣ ਪੂਰੇ ਭਾਰਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੈ; ਭਾਰਤ ਦੇ ਧੁਰ ਦੱਖਣ, ਕੇਰਲਾ ਤੋਂ ਲੈ ਕੇ ਧੁਰ ਉਤਰ ਵਿਚ ਪੰਜਾਬ ਤੱਕ ਅਤੇ ਤਾਕਤ ਦੀ ਦੁਰਵਰਤੋਂ ਦੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਇਸ ਵਿਚ ਸ਼ਾਮਲ ਹਨ|
ਮੁਲੱਕਲ, ਜੋ ਪੰਜਾਬ ਵਿਚ ਜਲੰਧਰ ਡਾਇਸਸ (ਬਿਸ਼ਪ ਦੇ ਅਧੀਨ ਖੇਤਰ) ਦੀ ਦੇਖ ਰੇਖ ਕਰਦਾ ਹੈ, ਉਤੇ ਜੂਨ ਵਿਚ ਕੇਰਲਾ ਵਿਚ ਇਕ ਸਾਧਵੀ ਨਾਲ 2014 ਤੋਂ 2016 ਵਿਚਕਾਰ 13 ਵਾਰ ਜਬਰ ਜਨਾਹ ਕਰਨ ਦਾ ਦੋਸ਼ ਲੱਗਾ ਹੈ| ਪਾਦਰੀ ਦੀ ਪ੍ਰਤੀਕਿਰਿਆ ਟਰੰਪ ਦੀ ਰਣਨੀਤੀ ਦਾ ਹੀ ਪੰਨਾ ਜਾਪਦੀ ਹੈ| ਉਹ ਖੁਦ ਨੂੰ ਪੀੜਤ ਆਖਦਾ ਹੈ ਅਤੇ ਐਲਾਨ ਕਰਦਾ ਹੈ, “ਮੇਰੇ ਖਿਲਾਫ ਅਪਮਾਨਜਨਕ ਬਿਆਨ ਦਿੱਤੇ ਜਾ ਰਹੇ ਹਨ… ਬੇਸ਼ੱਕ ਮੇਰੇ ‘ਤੇ ਦੋਸ਼ ਲੱਗਾ ਹੈ, ਪ੍ਰੰਤੂ ਇਸ ਨਾਲ ਕਿਸੇ ਨੂੰ ਵੀ ਮੇਰੇ ਚਰਿਤਰ ‘ਤੇ ਚਿੱਕੜ ਸੁੱਟਣ ਦਾ ਲਈਸੈਂਸ ਨਹੀਂ ਮਿਲ ਜਾਂਦਾ|” ਉਸ ਨੇ ਆਪਣੇ ਡੂੰਘੇ ਦਰਦ ਦੀ ਗੱਲ ਕਰਦਿਆਂ ਕਿਹਾ, “ਮੈਂ ਚੁੱਪਚਾਪ ਦਰਦ ਜਰਿਆ ਹੈ| ਇਹ ਸੰਕਟ ਦਾ ਸਮਾਂ ਹੈ… ਮੈਂ ਦਰਦਨਾਕ ਵੇਦਨਾ ਵਿਚੋਂ ਗੁਜ਼ਰ ਰਿਹਾ ਹਾਂ|”
ਦੋਸ਼ਾਂ ਤੋਂ ਸਾਫ ਇਨਕਾਰ ਕਰਦਿਆਂ ਮੁਲੱਕਲ ਨੇ ਉਨ੍ਹਾਂ ਨੂੰ ‘ਆਧਾਰਹੀਣ ਤੇ ਮਨਘੜਤ’ ਕਿਹਾ ਅਤੇ ਸਾਧਵੀ ਉਤੇ ਆਪਣੇ ਨਿੱਜੀ ਲਾਭਾਂ ਲਈ ਉਸ ਨੂੰ ਬਲੈਕਮੇਲ ਕਰਨ ਦਾ ਦੋਸ਼ ਲਾਇਆ| ਸਾਧਵੀ ਵੱਲੋਂ ਉਸ ‘ਤੇ ਦੋਸ਼ ਲਾਉਣ ਤੋਂ ਕਈ ਦਿਨ ਪਹਿਲਾਂ ਹੀ ਉਸ ਨੇ ਪੁਲਿਸ ਕੋਲ ਕੇਸ ਦਰਜ ਕਰਾਉਂਦਿਆਂ, ਉਸ (ਸਾਧਵੀ) ਦੇ ਰਿਸ਼ਤੇਦਾਰਾਂ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭੇਜਣ ਦੇ ਦੋਸ਼ ਲਾਏ| ਇਸ ਬਾਰੇ ਜਿਨ੍ਹਾਂ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ, ਉਨ੍ਹਾਂ ਵਿਚੋਂ ਇਕ ਨੇ ਪੁਲਿਸ ਨੂੰ ਦੱਸਿਆ ਕਿ ਬਿਸ਼ਪ ਨੇ ਹੀ ਉਸ ਨੂੰ ਧਮਕੀਆਂ ਭੇਜਣ ਲਈ ਉਕਸਾਇਆ ਸੀ|
ਚਰਚ ਬਿਸ਼ਪ ਦੇ ਬਚਾਉ ਲਈ ਇਕਜੁਟ ਹੋ ਗਿਆ| ਜੁਲਾਈ ਵਿਚ ਜਲੰਧਰ ਦੇ ਵਿਕਰ-ਜਨਰਲ (ਬਿਸ਼ਪ ਦਾ ਡਿਪਟੀ) ਨੇ ਬਿਆਨ ਦਿੱਤਾ, “ਇਹ ਸਭ ਮਨਸੂਬਾ ਘੜਿਆ ਗਿਆ ਹੈ ਤਾਂ ਕਿ ਬਿਸ਼ਪ ਨੂੰ ਉਸ (ਸਾਧਵੀ) ਦੇ ਖਿਲਾਫ ਸਜ਼ਾ ਦੇਣ ਦੀ ਕਾਰਵਾਈ ਕਰਨ ਤੋਂ ਰੋਕਣ ਲਈ ਬਲੈਕਮੇਲ ਕੀਤਾ ਜਾ ਸਕੇ|” ਸਤੰਬਰ ਵਿਚ ਕੁਝ ਸਾਧਵੀਆਂ ਉਸ (ਸਾਧਵੀ) ਦੇ ਖਿਲਾਫ ਅੱਗੇ ਆਈਆਂ ਅਤੇ ਇਹ ਦਲੀਲ ਦਿੱਤੀ ਕਿ, “ਪੀੜਤ ਨੂੰ ਬਿਸ਼ਪ ਨਾਲ ਉਸ ਤੋਂ ਇੱਕ ਦਿਨ ਬਾਅਦ ਹੱਸਦੀ ਦੇਖਿਆ ਗਿਆ, ਜਿਸ ਦਿਨ ਉਸ ਨਾਲ ਜਬਰ ਜਨਾਹ ਹੋਣ ਦੀ ਗੱਲ ਕਹੀ ਜਾ ਰਹੀ ਹੈ|”
ਉਂਜ, ਐਨ ਅਡੋਲ ਰਹਿੰਦਿਆਂ ਪੀੜਤਾ ਨੇ ਆਪਣਾ ਸੰਘਰਸ਼ ਜਾਰੀ ਰੱਖਿਆ| 8 ਸਤੰਬਰ ਨੂੰ ਵੈਟੀਕਨ ਨੂੰ ਲਿਖੀ ਖੁੱਲ੍ਹੀ ਚਿੱਠੀ ਵਿਚ ਉਸ ਨੇ ਚਿਤਾਵਨੀ ਦਿੱਤੀ, “ਉਹ ਸਾਡੇ ‘ਤੇ ਹਮਲਾ ਕਰਨ ਲਈ ਲੋਕਾਂ ਦਾ ਪ੍ਰਬੰਧ ਕਰ ਰਹੇ ਹਨ ਅਤੇ ਬਿਸ਼ਪ ਫਰਾਂਕੋ ਆਪਣੀ ਸਿਆਸੀ ਤਾਕਤ ਤੇ ਪੈਸਾ ਵਰਤ ਰਿਹਾ ਹੈ ਤਾਂ ਕਿ ਪੜਤਾਲੀਆ ਉਚ ਅਧਿਕਾਰੀ ਅਤੇ ਸਰਕਾਰ ਉਸ ਕਾਨੂੰਨੀ ਕਾਰਵਾਈ ਨੂੰ ਦਬਾ ਦੇਣ, ਜੋ ਮੈਂ ਉਸ ਦੇ ਖਿਲਾਫ ਦਾਇਰ ਕੀਤੀ ਹੈ|” ਉਸੇ ਦਿਨ, ਪੰਜ ਸਾਧਵੀਆਂ ਨੇ ਮੁਲੱਕਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੋਚੀ (ਕੇਰਲਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਮਹਾਂ ਨਗਰ) ਵਿਚ ਅੰਦੋਲਨ ਸ਼ੁਰੂ ਕਰ ਦਿੱਤਾ| ਉਦੋਂ ਤੋਂ ਹਰ ਰੋਜ਼, ਉਹ ਕੋਚੀ ਦੇ ਵਾਂਚੀ ਚੌਕ ਵਿਚ ਮੂਕ ਵਿਰੋਧ ਕਰਨ ਲਈ ਆਉਂਦੀਆਂ ਹਨ|
ਵਿਰੋਧ ਕਰ ਰਹੀਆਂ ਸਾਧਵੀਆਂ ਵਿਚੋਂ ਇਕ, ਸਿਸਟਰ ਅੰਕਿਤਾ ਉਸ ਘਰ ਵਿਚ, ਜਿੱਥੇ ਉਹ ਪੀੜਿਤਾ ਨਾਲ ਰਹਿ ਰਹੀ ਹੈ, ਖੁੱਲ੍ਹ ਕੇ ਬੋਲੀ, “ਸਾਡੀ ਸਿਸਟਰ, ਅਸੀਂ ਉਸ ਨੂੰ ਅੰਮਾ (ਮਾਂ) ਕਹਿੰਦੀਆਂ ਹਾਂ, ਇੱਥੇ ਸੁਰੱਖਿਅਤ ਨਹੀਂ ਹੈ।” ਉਸ ਨੇ ਕਿਹਾ, “ਉਹ ਕੁਝ ਵੀ ਕਰ ਸਕਦੇ ਹਨ| ਸਾਡੀ ਅੰਮਾ ਨੇ ਗਿਰਜੇ ਦੇ ਬਹੁਤ ਤਾਕਤਵਰ ਲੋਕਾਂ ਵਿਚੋਂ ਇਕ ਨੂੰ ਵੰਗਾਰਿਆ ਹੈ|”
ਮੁਲੱਕਲ ਦੀ ਤਾਕਤ ਦਾ ਜਲਵਾ ਤਾਂ ਉਦੋਂ ਹੀ ਸਪਸ਼ਟ ਹੋ ਗਿਆ ਸੀ, ਜਦੋਂ ਕੇਰਲਾ ਦੇ ਇਕ ਵਿਧਾਇਕ ਨੇ ਉਸ (ਮੁਲੱਕਲ) ਦੇ ਬਚਾਉ ਲਈ ਪੀੜਤਾ ‘ਤੇ ਨੀਚ ਕਿਸਮ ਦਾ ਹਮਲਾ ਕੀਤਾ| ਵਿਧਾਇਕ (ਐਮ.ਐਲ਼ਏ.) ਪੀ.ਸੀ. ਜਾਰਜ ਨੇ 9 ਸਤੰਬਰ ਨੂੰ ਕਿਹਾ, “ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਸਾਧਵੀ ਵੇਸਵਾ ਹੈ| ਬਾਰਾਂ ਵਾਰ ਉਸ ਨੇ ਇਸ ਦਾ ਅਨੰਦ ਮਾਣਿਆ ਅਤੇ ਤੇਰਵ੍ਹੀਂ ਵਾਰ ਉਹ ਕਹਿੰਦੀ ਹੈ ਕਿ ਇਹ ਜਬਰ ਜਨਾਹ ਹੈ। ਉਸ ਨੇ ਉਸ ਵਕਤ ਸ਼ਿਕਾਇਤ ਕਿਉਂ ਨਾ ਕੀਤੀ, ਜਦੋਂ ਅਜਿਹਾ ਪਹਿਲੀ ਵਾਰ ਹੋਇਆ ਸੀ?”
ਜਦੋਂ ਵਿਧਾਇਕ ਦੀਆਂ ਇਨ੍ਹਾਂ ਟਿੱਪਣੀਆਂ ਖਿਲਾਫ ਰੋਸ ਭੜਕ ਉਠਿਆ ਤਾਂ ਉਹ ‘ਵੇਸਵਾ’ ਵਾਲੇ ਦੂਸ਼ਣ ਤੋਂ ਮੁੱਕਰ ਗਿਆ, ਉਂਜ ਉਸ ਨੇ ਆਪਣੇ ਹਮਲੇ ਜਾਰੀ ਰੱਖੇ, “ਮੇਰੇ ਮੁਤਾਬਿਕ ਉਹ ਸਾਧਵੀ ਨਹੀਂ ਹੈ।” ਉਸ ਕਿਹਾ, “ਕਿਸੇ ਔਰਤ ਦਾ ‘ਵੇਸਵਾ’ ਦੇ ਤੌਰ ‘ਤੇ ਹਵਾਲਾ ਦੇਣਾ ਗਲਤ ਹੈ, ਮੈਨੂੰ ਉਹ ਸ਼ਬਦ ਨਹੀਂ ਸੀ ਵਰਤਣਾ ਚਾਹੀਦਾ ਪਰ ਮੈਂ ਉਨ੍ਹਾਂ ਸਾਰੀਆਂ ਹੋਰ ਟਿੱਪਣੀਆਂ ‘ਤੇ ਦ੍ਰਿੜਤਾ ਨਾਲ ਕਾਇਮ ਹਾਂ, ਜੋ ਮੈਂ ਉਸ ਔਰਤ ਬਾਰੇ ਕੀਤੀਆਂ ਹਨ|”
ਜਾਰਜ ਪਹਿਲਾਂ ਵੀ ਜਿਨਸੀ ਸ਼ੋਸ਼ਣ ਦੇ ਪੀੜਤਾਂ ‘ਤੇ ਧਾਵਾ ਬੋਲਦਾ ਅਤੇ ਦੋਸ਼ੀਆਂ ਦਾ ਪੱਖ ਪੂਰਦਾ ਰਿਹਾ ਹੈ| 2017 ਵਿਚ ਇਕ ਸਥਾਨਕ ਅਭਿਨੇਤਰੀ ਨੂੰ ਕਿਸੇ ਗੈਂਗ ਨੇ ਅਗਵਾ ਕਰ ਲਿਆ, ਕਾਰ ਵਿਚ ਸੁੱਟਿਆ ਤੇ ਜਿਨਸੀ ਸ਼ੋਸ਼ਣ ਕੀਤਾ ਅਤੇ ਧਾੜਵੀਆਂ ਨੇ ਉਸ ਨਾਲ ਦੁਰਵਿਹਾਰ ਦੀ ਫਿਲਮ ਵੀ ਬਣਾਈ| ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਇਸ ਸਿੱਟੇ ‘ਤੇ ਪੁੱਜੀ ਕਿ ਇਹ ਹਮਲਾ ਮੰਨੇ-ਪ੍ਰਮੰਨੇ ਅਭਿਨੇਤਾ ਦਿਲੀਪ ਨੇ ਕਰਵਾਇਆ ਹੋ ਸਕਦਾ ਹੈ|
ਐਮ.ਐਲ਼ਏ. ਨੇ ਪਹਿਲਾਂ ਪੀੜਿਤਾ ਦੇ ਦਾਅਵਿਆਂ ਤੋਂ ਇਹ ਪੁਛਦਿਆਂ ਇਨਕਾਰ ਕੀਤਾ ਕਿ “ਇਸ ਦਾ ਸਬੂਤ ਕਿੱਥੇ ਹੈ ਕਿ ਉਸ ‘ਤੇ ਹਮਲਾ ਹੋਇਆ ਸੀ?” ਫਿਰ ਮੁਲਜ਼ਿਮ ਦੇ ਬਚਾਉ ਲਈ ਕੁੱਦਦਿਆਂ ਉਸ ਨੇ ਐਲਾਨ ਕੀਤਾ, “ਮੰਨੇ-ਪ੍ਰਮੰਨੇ ਅਭਿਨੇਤਾ ਦਿਲੀਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਸ ਦੇ ਖਿਲਾਫ ਕੇਸ ਘੜਿਆ ਗਿਆ ਹੈ|” ਉਸ ਨੇ ਅਭਿਨੇਤਾ ਨੂੰ ਪੀੜਤ ਦੱਸਿਆ| ਇਹ ਦਲੀਲ ਦਿੰਦਿਆਂ ਕਿ ਅਸਲੀ ਸ਼ਿਕਾਰ ਤਾਂ ‘ਆਦਮੀ’ ਸਨ, ਉਸ ਨੇ ਕਿਹਾ, “ਇਹ ਕਿਸੇ ਔਰਤ ਨੂੰ ਨਹੀਂ, ਸਗੋਂ ਆਦਮੀ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ ਹੈ|” ਕੇਰਲਾ ਵੂਮੈਨ ਕਮੇਟੀ ਵੱਲੋਂ ਜਦੋਂ ਉਸ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਨੇ ਜੁਆਬ ਵਿਚ ਉਨ੍ਹਾਂ ਨੂੰ ਵੀ ਧਮਕੀ ਭਰੀਆਂ ਚਿੱਠੀਆਂ ਦੇ ਨਾਲ ਗੰਦ (ਮੈਲੇ) ਦੇ ਪੈਕਟ ਭੇਜੇ|
ਸਤਾਈ ਹੋਈ ਅਭਿਨੇਤਰੀ ਚੁੱਪ ਕਰਕੇ ਨਹੀਂ ਬੈਠੀ ਰਹੀ| ਉਸ ਨੇ ਐਮ.ਐਲ਼ਏ. ਖਿਲਾਫ ਮੋਰਚਾ ਖੋਲ੍ਹਿਆ, “ਪੀ.ਸੀ. ਜਾਰਜ ਵਰਗੇ ਲੋਕ ਖੁਦ ਨੂੰ ਸਮਝਦੇ ਕੀ ਹਨ?… ਉਹਦੇ ਹਿਸਾਬ ਨਾਲ ਕੀ ਮੈਨੂੰ ਆਤਮ-ਹੱਤਿਆ ਕਰ ਲੈਣੀ ਚਾਹੀਦੀ ਸੀ? ਜਾਂ ਕੀ ਮੈਨੂੰ ਪਾਗਲਾਂ ਦੇ ਕਿਸੇ ਹਸਪਤਾਲ ਵਿਚ ਸੁੱਟ ਦਿੱਤਾ ਜਾਣਾ ਚਾਹੀਦਾ ਸੀ? ਜਾਂ ਫਿਰ ਕੀ ਮੈਨੂੰ ਆਪਣੇ ਆਪ ਨੂੰ ਕਿਧਰੇ ਛੁਪਾ ਲੈਣਾ ਚਾਹੀਦਾ ਸੀ, ਲੋਕਾਂ ਦੇ ਸਾਹਮਣੇ ਨਹੀਂ ਸੀ ਆਉਣਾ ਚਾਹੀਦਾ? ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਮੇਰਾ ਕਸੂਰ ਕੀ ਸੀ?”
ਕੇਰਲਾ ਦੀ ਸਾਧਵੀ ਦਾ ਦਰਦ ਅਤੇ ਧਾਰਮਿਕ ਤੇ ਰਾਜਨੀਤਕ ਹਸਤੀਆਂ ਦੀ ਪ੍ਰਤੀਕਿਰਿਆ 21ਵੀਂ ਸਦੀ ਵਿਚ ਭਾਰਤੀ ਔਰਤ ਦੀ ਹਾਲਤ ਦੀ ਮਿਸਾਲ ਹੈ| ਪੱਛਮੀ ਯੂਰਪ ਅਤੇ ਅਮਰੀਕਾ ਔਰਤਾਂ ਨਾਲ ਦੁਰਵਿਹਾਰ ਦੇ ਅਜਿਹੇ ਮੁੱਦਿਆਂ ਤੋਂ ਕਾਫੀ ਜਾਣੂ ਹੋ ਚੁੱਕਾ ਹੈ, ਪਰ ਪੂਰਬ ਵੱਲ ਇਸ ਪਾਸੇ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ; ਖਾਸ ਕਰਕੇ ਭਾਰਤ ਅਜਿਹਾ ਮੁਲਕ ਹੈ ਜਿੱਥੇ ਨਾ ਕੇਵਲ ਔਰਤਾਂ ਨਾਲ ਦੁਰਵਿਹਾਰ ਦੀਆਂ ਬਹੁਤ ਘਿਨਾਉਣੀਆਂ ਵਾਰਦਾਤਾਂ ਹੁੰਦੀਆਂ ਹਨ, ਉਥੇ ਤਾਂ ਦੁਰਵਿਹਾਰ ਕਰਨ ਵਾਲਿਆਂ ਵਿਚੋਂ ਬਹੁਤੇ ਸਜ਼ਾ ਤੋਂ ਵੀ ਸਾਫ ਬਚ ਨਿਕਲਦੇ ਹਨ|
(ਚਲਦਾ)