ਮਾਸਟਰ ਪ੍ਰੋਫੈਸਰ ਅਧਿਆਪਕ

ਅਵਤਾਰ ਸਿੰਘ
ਫੋਨ: 91-94175-18384
ਸਾਡੇ ਇੱਥੇ ਵਿੱਦਿਆ ਪ੍ਰਦਾਤੇ ਅਰਥਾਤ ਪੜ੍ਹਾਉਣ ਵਾਲੇ ਦੋ ਤਰ੍ਹਾਂ ਦੇ ਹਨ-ਮਾਸਟਰ ਤੇ ਪ੍ਰੋਫੈਸਰ। ਸਕੂਲ ਵਾਲਿਆਂ ਨੂੰ ਅਸੀਂ ਮਾਸਟਰ ਤੇ ਕਾਲਜ ਵਾਲਿਆਂ ਨੂੰ ਪ੍ਰੋਫੈਸਰ ਕਹਿੰਦੇ ਹਾਂ।

ਪੰਜਾਬ ਵਿਚ ਉਚ ਵਿੱਦਿਅਕ ਅਦਾਰਾ ਕਾਲਜ ਨੂੰ ਹੀ ਸਮਝਿਆ ਜਾਂਦਾ ਹੈ; ਯੂਨੀਵਰਸਿਟੀਆਂ ਤਾਂ ਕੱਲ੍ਹ ਦੀਆਂ ਬੱਚੀਆਂ ਹਨ; ਇਨ੍ਹਾਂ ਨੂੰ ਕੌਣ ਜਾਣਦਾ ਸੀ! ਇਹ ਤਾਂ ਐਵੇਂ ਧੱਕੇ ਨਾਲ ਹੀ ਸਰਕਾਰਾਂ ਨੇ ਕਾਲਜਾਂ ਦੇ ਸਿਰ ‘ਤੇ ਬਹਾ ਦਿੱਤੀਆਂ; ਇਹ ਤਾਂ ਕਾਲਜਾਂ ਲਈ ਪੈਰਾਸਾਈਟ ਹਨ।
ਮਾਸਟਰ ਤੇ ਪ੍ਰੋਫੈਸਰ ਦਾ ਭੇਦ ਬੜਾ ਦਿਲਚਸਪ ਹੈ। ਨਿਰੁਕਤ ਅਨੁਸਾਰ ਮਾਸਟਰ ਦਾ ਅਰਥ ਮੈਜਿਸਟਰੇਟ ਹੈ, ਜਿਸ ਦਾ ਫਰਜ ਕੰਟਰੋਲ ਕਰਨਾ ਹੈ। ਲਾਡ ਪਿਆਰ ਵਿਚ ਪਲੇ ਬੱਚਿਆਂ ਨੂੰ ਕਾਬੂ ਕਰਨਾ ਹੀ ਮਾਸਟਰਾਂ ਦਾ ਕੰਮ ਹੈ। ਇਸੇ ਲਈ ਮਾਸਟਰ ਡੰਡਾ ਪਰੇਡ ਲਈ ਜਾਣੇ ਜਾਂਦੇ ਹਨ। ਇਸ ਦੇ ਉਲਟ ਨਿਰੁਕਤ ਮੁਤਾਬਕ ਪ੍ਰਫੈਸਰ ਸ਼ਬਦ ਦਾ ਅਰਥ ਹੈ, ਕਹਿਣਾ।
ਮਾਸਟਰ ਤੇ ਪ੍ਰੋਫੈਸਰ ਵਿਚ ਕਾਬੂ ਕਰਨ ਤੇ ਕਹਿਣ ਜਿੰਨਾ ਫਰਕ ਹੈ। ਮਾਸਟਰ ਬੱਚਿਆਂ ਨੂੰ ਬਹਿਣ-ਉਠਣ ਸਿਖਾ ਕੇ ਅਨੁਸ਼ਾਸਤ ਕਰਦਾ ਹੈ। ਮੈਜਿਸਟਰੇਟ ਵੀ ਪ੍ਰਸ਼ਾਸਨ ਕਰਦਾ ਹੈ।
ਕੱਬੇ ਸੁਭਾਅ ਕਾਰਨ ਮੇਰੇ ਇਕ ਮਾਸਟਰ ਦੋਸਤ ਦੀ ਅੱਲ ਐਸ਼ ਐਚ. ਓ. ਪਈ ਹੋਈ ਹੈ; ਜਿਸ ‘ਤੇ ਉਹ ਇਤਰਾਜ਼ ਵੀ ਨਹੀਂ ਕਰਦਾ ਸਗੋਂ ਖੁਸ਼ ਹੁੰਦਾ ਹੈ। ਉਸ ਨੂੰ ਇਹ ਨਹੀਂ ਪਤਾ ਕਿ ਐਸ਼ ਐਚ. ਓ. ਤਾਂ ਉਸ ਨੂੰ ਉਸ ਦੇ ਸਾਹਮਣੇ ਕਹਿੰਦੇ ਹਨ; ਪਿੱਠ ਪਿੱਛੇ ਸਾਰੇ ਬੁੱਚੜ ਕਹਿੰਦੇ ਹਨ।
ਮਾਸਟਰ ਤੇ ਮੈਜਿਸਟਰੇਟ ਦਾ ਨਿਰੁਕਤ ਇੱਕੋ ਹੈ।
ਪ੍ਰੋਫੈਸਰ ਕੁਝ ਆਖਦਾ ਹੈ, ਕੁਝ ਦੱਸਦਾ ਹੈ, ਦਾਅਵਾ ਕਰਦਾ ਹੈ, ਪ੍ਰੋਫੈਸ ਕਰਦਾ ਹੈ। ਇਹ ਕੰਮ ਕਾਲਜਾਂ ਵਿਚ ਹੀ ਹੁੰਦਾ ਹੈ। ਯੂਨੀਵਰਸਿਟੀ ਵਾਲੇ ਤਾਂ ਕੋਈ ਦਾਵਾ ਹੀ ਨਹੀਂ ਕਰਦੇ; ਉਹ ਨਿਰਦਾਅਵੇ ਹੀ ਰਹਿੰਦੇ ਹਨ; ਉਨ੍ਹਾਂ ਦੇ ਦਾਅਵੇ ਇਸ ਤਰ੍ਹਾਂ ਦੇ ਹੁੰਦੇ ਹਨ: ‘ਕਿਹਾ ਜਾ ਸਕਦਾ ਹੈ’, ‘ਪ੍ਰਤੀਤ ਹੁੰਦਾ ਹੈ’, ‘ਹੋ ਸਕਦਾ ਹੈ’, ‘ਮੈਨੂੰ ਲੱਗਦਾ ਹੈ’, ‘ਮੈਂ ਸਮਝਦਾ ਹਾਂ’, ਅਮਕਾ ਢਿਮਕਾ।
ਯੂਨੀਵਰਸਿਟੀ ਦੇ ਬਹੁਤੇ ਅਧਿਆਪਕਾਂ ਦਾ ਕੰਮ ਤਾਂ ਰਾਜੀਵ ਗਾਂਧੀ ਜਿਹਾ ਹੁੰਦਾ ਹੈ: ਹਮਨੇ ਦੇਖਾ ਹੈ, ਹਮਨੇ ਦੇਖਨਾ ਹੈ, ਹਮ ਦੇਖੇਂਗੇ ਆਦਿ। ਯੂਨੀਵਰਸਿਟੀਆਂ ਵਿਚ ਕਿਤੇ ਕਿਤੇ ਕੋਈ ਟਾਵਾਂ ਟਾਵਾਂ ਪ੍ਰੋਫੈਸਰ ਹੀ ਮਸਾਂ ਲੱਭਦਾ ਹੈ, ਜਿਸ ਨੂੰ ਕੁਝ ਪਤਾ ਹੁੰਦਾ ਹੈ, ਜੋ ਕੁਝ ਕਹਿੰਦਾ ਅਤੇ ਦੱਸਦਾ ਹੈ; ਨਹੀਂ ਤਾਂ ਬਹੁਤੇ ਨਕਲ ਜੋਗੀ ਅਕਲ ਨਾਲ ਹੀ ਕੰਮ ਚਲਾਈ ਜਾਂਦੇ ਹਨ ਤੇ ਗੱਡੀ ਰੇੜ੍ਹੀ ਜਾਂਦੇ ਹਨ।
ਕੋਈ ਕਹਿ ਸਕਦਾ ਹੈ ਕਿ ਕਾਲਜਾਂ ਦੇ ਪ੍ਰੋਫੈਸਰ ਖੋਜ ਨਹੀਂ ਕਰਦੇ, ਪਰਚੇ ਨਹੀਂ ਲਿਖਦੇ ਜਾਂ ਕਿਤਾਬਾਂ ਨਹੀਂ ਛਾਪਦੇ। ਯੂਨੀਵਰਸਿਟੀ ਵਾਲੇ ਵੀ ਖੋਜ ਨਹੀਂ ਕਰਦੇ, ਬਲਕਿ ਖੋਜ ਦੇ ਨਾਂ ‘ਤੇ ‘ਚੋਜ’ ਕਰਦੇ ਹਨ, ਪਰਚਿਆਂ ਦੀ ਭਾਜੀ ਪਾਉਂਦੇ ਅਤੇ ਮੋੜਦੇ ਹਨ। ਇਨ੍ਹਾਂ ਦੀਆਂ ਕਿਤਾਬਾਂ ਹੋਰਨਾਂ ਦੀਆਂ ਕਿਤਾਬਾਂ ‘ਚੋਂ ਸੂੰਦੀਆਂ ਹਨ।
ਸਾਡੇ ਇੱਥੇ ਸਕੂਲ ਅਤੇ ਯੂਨੀਵਰਸਿਟੀ ‘ਚ ਪੜ੍ਹਦੇ ਵਿਦਿਆਰਥੀ ਲਈ ਕੋਈ ਲਫਜ਼ ਨਹੀਂ ਹੈ; ਸਿਰਫ ਕਾਲਜ ‘ਚ ਪੜ੍ਹਦੇ ਵਿਦਿਆਰਥੀ ਨੂੰ ਹੀ ਕਾਲਜੀਏਟ ਕਿਹਾ ਜਾਂਦਾ ਹੈ। ਸਾਡੀਆਂ ਵਿਦਿਆਰਥੀ ਲਹਿਰਾਂ ਵੀ ਕਾਲਜਾਂ ਵਿਚ ਹੀ ਉਦੈ ਹੋਈਆਂ ਤੇ ਯੂਨੀਵਰਸਿਟੀ ‘ਚ ਜਾ ਕੇ ਤਾਂ ਅਸਤ ਹੋ ਗਈਆਂ।
ਮੇਰਾ ਸਹਿਕਰਮੀਆਂ ਯੂਨੀਵਰਸਿਟੀ ਪੀਐਚ. ਡੀ ਕਰਨ ਗਿਆ ਤਾਂ ਉਸ ਦੀ ਆਪਣੀ ਗਾਈਡ ਨਾਲ ਲੰਬੀ ਚੌੜੀ ਗੱਲ-ਬਾਤ ਹੋਈ। ਉਸ ਨੇ ਮੇਰਾ ਸੁਝਾਇਆ ਕੋਈ ਨੁਕਤਾ ਉਸ ਨਾਲ ਸਾਂਝਾ ਕੀਤਾ ਤਾਂ ਉਹ ਹੈਰਾਨੀ ‘ਚ ਕਹਿਣ ਲੱਗੀ: ਕਾਲਜਾਂ ਵਿਚ ਵੀ ਸਿਆਣੇ ਪ੍ਰੋਫੈਸਰ ਹੁੰਦੇ ਹਨ!
ਉਸ ਨੇ ਕੋਲ ਬੈਠੇ ਦੀ ਵੀ ਇੱਜਤ ਦਾ ਖਿਆਲ ਰੱਖਿਆ। ਮੇਰੇ ਸਹਿਕਰਮੀ ਨੇ ਆ ਕੇ ਮੈਨੂੰ ਦੱਸਿਆ ਤਾਂ ਮੈਂ ਕਿਹਾ ਕਿ ਉਸ ਨੂੰ ਕਹਿਣਾ ਸੀ ਕਿ ਅਸੀਂ ਯੂਨੀਵਰਸਿਟੀਆਂ ਬਾਬਤ ਇਸ ਤਰ੍ਹਾਂ ਸੋਚਦੇ ਹਾਂ।
ਨਾਲ ਦੇ ਕਾਲਜ ਹੋ ਰਹੇ ਸੈਮੀਨਾਰ ‘ਚ ਮੈਂ ਕਿਤੇ ਚਲਿਆ ਗਿਆ, ਜਿੱਥੇ ਯੂਨੀਵਰਸਿਟੀ ਦੇ ਮਹਾਂਰਥੀ ਆਏ ਹੋਏ ਸਨ। ਮੈਂ ਕਿਸੇ ਗੱਲ ਬਾਬਤ ਆਪਣਾ ਪੱਖ ਰੱਖਿਆ ਤਾਂ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਨੇ ਆਪਣੀ ਗੱਲ ਹੀ ਵਾਪਸ ਲੈ ਲਈ। ਬਾਹਰ ਆ ਕੇ ਉਹ ਮੈਨੂੰ ਸਭ ਦੇ ਸਾਹਮਣੇ ਕਹਿਣ ਲੱਗਾ, “ਕਾਕਾ, ਤੈਨੂੰ ਯੂਨੀਵਰਸਿਟੀ ‘ਚ ਹੋਣਾ ਚਾਹੀਦਾ ਸੀ।” ਮੈਨੂੰ ਉਸ ਦੀ ਸਿਫਤ ਵਿਚ ਵੀ ਆਪਣੀ ਹੱਤਕ ਨਜ਼ਰ ਆਈ ਤੇ ਮੈਂ ਉਤਰ ਦਿੱਤਾ, “ਜੀ ਕਾਲਜਾਂ ‘ਚ ਨਾਲਾਇਕ ਹੀ ਰਹਿਣੇ ਚਾਹੀਦੇ ਹਨ।”
ਬੰਗੇ ਕਾਲਜ ਪੜ੍ਹਾਉਣ ਦਾ ਮੇਰਾ ਸੁਪਨਾ ਸੀ, ਜੋ ਪੂਰਾ ਨਾ ਹੋਇਆ। ਫਿਰ ਫਗਵਾੜੇ ਆ ਲੱਗਿਆ। ਇੱਥੋਂ ਕਿਤੇ ਹੋਰ ਜਾਣ ਦਾ ਖਿਆਲ ਤੱਕ ਕਦੀ ਦਿਲ ਵਿਚ ਨਹੀਂ ਆਇਆ। ਮੇਰੇ ਨਜ਼ਰ ਵਿਚ ਕਾਲਜ ਵਿੱਦਿਆ ਦਾ ਖੁਸ਼ਗਵਾਰ ਅਦਾਰਾ ਹੈ।
ਗੱਲ ਉਥੇ ਲੈ ਚੱਲੀਏ; ਮਾਸਟਰ ਤੇ ਪ੍ਰੋਫੈਸਰ ਵਿਚ ਨਿਰੁਕਤ ਮੁਤਾਬਕ ਡੰਡੇ ਅਤੇ ਦਿਮਾਗ ਜਿੰਨਾ ਹੀ ਫਰਕ ਹੈ; ਮਾਸਟਰ ਡੰਡੇ ਤੋਂ ਕੰਮ ਲੈਂਦੇ ਹਨ, ਪ੍ਰੋਫੈਸਰ ਦਿਮਾਗ ਤੋਂ। ਸਾਡੀ ਪਰੰਪਰਾ ਵਿਚ ਇਨ੍ਹਾਂ ਦੋਹਾਂ ਲਈ ਇੱਕੋ ਸ਼ਬਦ ਹੈ-ਅਧਿਆਪਕ, ਜਿਸ ਦਾ ਫਰਜ਼ ਹੈ ਅਧਿਆਪਨ। ਨਿਰੁਕਤ ਅਨੁਸਾਰ ਅਧਿਆਪਨ ਦੋ ਸ਼ਬਦਾਂ ਅਧੀ ਅਤੇ ਪਨ ਦਾ ਸੁਮੇਲ ਹੈ।
ਸੰਸਕ੍ਰਿਤ ਦੇ ਸ਼ਬਦ ‘ਅਧੀਯ’ ਦਾ ਅਰਥ ਹੈ, ਧਿਆਨ ਦੁਆਉਣਾ। ਸਰ ਮੋਨੀਅਰ ਵਿਲੀਅਮਜ਼ ਨੇ ਆਪਣੇ ਸੰਸਕ੍ਰਿਤ ਕੋਸ਼ ਵਿਚ ‘ਅਧੀਯ’ ਦਾ ਅਰਥ ‘ਟੂ ਟਰਨ ਦਾ ਮਾਈਂਡ ਟੁਵਰਡਜ਼’ ਦੱਸਿਆ ਹੈ।
ਸੰਸਕ੍ਰਿਤ ਦੇ ਪਿਛੇਤਰ ‘ਪਨ’ ਦੀ ਵਰਤੋਂ ਭਾਵ-ਵਾਚਕ ਨਾਂਵ ਬਣਾਉਣ ਲਈ ਹੁੰਦੀ ਹੈ, ਜਿਸ ਅਨੁਸਾਰ ਅਧਿਆਪਨ ਦੇ ਅਰਥ ਕਿਸੇ ਵਿਸ਼ੇਸ਼ ਵਿਸ਼ੇ ਵੱਲ ਧਿਆਨ ਦੁਆਉਣਾ ਬਣ ਜਾਂਦੇ ਹਨ। ਭਾਰਤੀ ਲੋਕਾਂ ਦੀ ਬੋਲਚਾਲ ਵਿਚ ਅਕਸਰ ਬੋਲੇ ਜਾਂਦੇ ‘ਧਿਆਨ ਰੱਖੀਂ’ ਦਾ ਵਿਸ਼ੇਸ਼ ਮਹੱਤਵ ਹੈ; ਸਾਨੂੰ ਹਰ ਕੰਮ ਹੀ ‘ਧਿਆਨ ਨਾਲ’ ਕਰਨ ਦੀ ਹਦਾਇਤ ਮਿਲਦੀ ਹੈ। ‘ਧਿਆਨ’ ਭਾਰਤੀ ਸੱਭਿਅਤਾ ਦੀ ਚੂਲ ਹੈ। ਧਿਆਨ ਦੁਆਉਣ ਵਾਲਾ ਅਧਿਆਪਕ ਹੈ।
ਪਿਛਲੇ ਦਿਨੀਂ ਚੋਣ ਡਿਊਟੀ ਸਮੇਂ ਕਿਸੇ ਅਫਸਰ ਨੇ ਅਧਿਆਪਕ ਲਈ ਮੁਲਾਜ਼ਮ ਲਫਜ਼ ਵਰਤ ਲਿਆ; ਮੈਂ ਉਥੇ ਹੀ ਉਸ ਦੀ ਭਰਮ ਨਵਿਰਤੀ ਕਰਨੀ ਚਾਹੀ; ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੱਭਿਅਤਾ ਦਾ ਸਾਰਾ ਦਾਰੋ-ਮਦਾਰ ਅਧਿਆਪਕ ‘ਤੇ ਨਿਰਭਰ ਹੈ ਅਤੇ ਭਾਰਤੀ ਸਾਹਿਤ ਵਿਚ ਅਧਿਆਪਕ ਨੂੰ ਗੁਰੂ ਵੀ ਆਖਿਆ ਗਿਆ ਹੈ; ਉਹ, ਜੋ ਹਨੇਰੇ ‘ਚ ਲੋਅ ਕਰਦਾ ਹੈ।
ਅਧਿਆਪਕ ਹਨੇਰਿਆਂ ‘ਚ ਚਮਕਦਾ ਜੁਗਨੂੰ ਹੈ; ਘਰਾਂ ‘ਚ ਜਗਦਾ ਚਿਰਾਗ ਹੈ; ਬਨੇਰਿਆਂ ‘ਤੇ ਬਲਦੀ ਬੱਤੀ ਹੈ; ਅਕਾਸ਼ ਵਿਚ ਚਮਕਦਾ ਚੰਦਰਮਾ ਹੈ; ਬ੍ਰਹਿਮੰਡ ‘ਚ ਬਲਦਾ ਸੂਰਜ ਹੈ; ਅਧਿਆਪਕ ਗੁਰੂ ਹੈ; ਅਧਿਆਪਕ ਪਾਰਬ੍ਰਹਮ ਪਰਮੇਸ਼ਵਰ ਹੈ। ਉਹ ਮੇਰੇ ਵਿਚਾਰ ‘ਤੇ ਕਾਇਲ ਹੋ ਗਿਆ ਤੇ ਕਹਿਣ ਲੱਗਾ, “ਕੋਈ ਸੇਵਾ ਦੱਸੋ।” ਮੈਂ ਕਿਹਾ, ਅਧਿਆਪਕ ਨੂੰ ਕਿਸੇ ‘ਸੇਵਾ’ ਦੀ ਲੋੜ ਨਹੀਂ ਹੁੰਦੀ, ਉਸ ਦੀ ਇੱਜਤ ਕਰਨੀ ਸਿੱਖੋ।
ਅੱਜ ਜਦੋਂ ਮੈਂ ਦੇਖਦਾ ਹਾਂ ਕਿ ਅਧਿਆਪਕਾਂ ਨੂੰ ਰੋਜ ਰੋਜ ਹੜਤਾਲਾਂ ਕਰਨੀਆਂ ਪੈ ਰਹੀਆਂ ਹਨ ਅਤੇ ਥਾਂ ਥਾਂ ਧਰਨਿਆਂ ‘ਚ ਖੱਜਲ ਖੁਆਰ ਹੋਣਾ ਪੈਂਦਾ ਹੈ ਤਾਂ ਮਨ ਵਿਚ ਤਰਸ ਪੈਦਾ ਹੁੰਦਾ ਹੈ; ਅਧਿਆਪਕ ‘ਤੇ ਨਹੀਂ; ਭਾਰਤੀ ਸੱਭਿਅਤਾ ‘ਤੇ ਤਰਸ ਆਉਂਦਾ ਹੈ, ਜਿੱਥੇ ਅਧਿਆਪਕ ਦੀ ਇੱਜਤ ਨਹੀਂ, ਜਿੱਥੇ ਅਧਿਆਪਕ ਰੁਲਦੇ ਹਨ, ਉਹ ਸੱਭਿਅਤਾ ਆਪਣੀ ਜੜ੍ਹ ਆਪ ਪੁੱਟ ਰਹੀ ਹੈ।
ਜਦ ਅਸੀਂ ਸੱਭਿਅਤਾ ਜਾਂ ਤਹਿਜੀਬ ਦੀ ਗਿਰਾਵਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਰਕਾਰੀ/ਗੈਰ-ਸਰਕਾਰੀ ਸੰਸਥਾਵਾਂ ਬਾਬਤ ਸੋਚਣ ਲੱਗ ਪੈਂਦੇ ਹਾਂ; ਉਦੋਂ ਅਸੀਂ ਬਿਲਕੁਲ ਗਲਤ ਹੁੰਦੇ ਹਾਂ। ਸੱਭਿਅਤਾ ਦਾ ਨਿਰਮਾਣ ਘਰ ‘ਚ ਹੁੰਦਾ ਹੈ। ਸੰਸਥਾਵਾਂ ਦਾ ਸ਼ਿਲਾਅਧਾਰ ਘਰ ਹੈ। ਇੱਥੇ ਹੀ ਤਹਿਜੀਬ ਦਾ ਜਨਮ ਹੁੰਦਾ ਹੈ। ਇਸੇ ਲਈ ਗੁਰੂ ਨਾਨਕ ਨੇ ‘ਘਰਿ ਘਰਿ ਅੰਦਰਿ ਧਰਮਸਾਲ’ ਦਾ ਸੁਪਨਾ ਲਿਆ ਸੀ; ਧਰਮਸਾਲ, ਸਕੂਲ, ਕਾਲਜ ਜਾਂ ਯੂਨੀਵਰਸਿਟੀ ਇੱਕੋ ਗੱਲ ਹੈ।
ਘਰ ਘਰ ਅੰਦਰ ਅਧਿਆਪਨ ਦਾ ਸਤਿਕਾਰ ਹੋਵੇਗਾ; ਫਿਰ ਅਧਿਆਪਕ ਦੀ ਇੱਜਤ ਹੋਵੇਗੀ; ਤਾਂ ਹੀ ਸਰਕਾਰ ਅਧਿਆਪਕ ਦੀ ਸਾਰ ਲਵੇਗੀ। ਸੁਤੰਤਰ ਸੋਚ ਅਧਿਆਪਕ ਦਾ ਹੱਕ ਹੈ। ਅੰਗਰੇਜ਼ੀ ਦਾ ਅਖਾਣ ਹੈ, “ਟੂ ਥਿੰਕ ਫਰੀਅਲੀ ਵੰਨ ਮਸਟ ਬੀ ਫਰੀ ਫਰੌਮ ਡੌਮੈਸਟਿਕ ਵੱਰੀਜ਼।” ਜੇ ਅਧਿਆਪਕ ਨੇ ਆਪਣੇ ਇਸ ਹੱਕ ਦੀ ਵਰਤੋਂ ਕਰਨੀ ਹੈ ਜਾਂ ਜੇ ਅਸੀਂ ਚਾਹੁੰਦੇ ਹਾਂ ਕਿ ਅਧਿਆਪਕ ਦੀ ਸੋਚ ਸੁਤੰਤਰ ਹੋਵੇ ਅਤੇ ਰਹੇ ਤਾਂ ਫਿਰ ਅਧਿਆਪਕ ਨੂੰ ਘਰੇਲੂ ਫਿਕਰਾਂ ਤੋਂ ਮੁਕਤ ਰੱਖਣਾ ਸਾਡਾ ਸਭ ਦਾ ਸਾਂਝਾ ਫਰਜ ਹੈ। ਜੇ ਅਸੀਂ ਆਪਣਾ ਇਹ ਫਰਜ਼ ਅਦਾ ਨਹੀਂ ਕਰਾਂਗੇ ਤਾਂ ਅਧਿਆਪਕ ਦੀ ਚਿੰਤਾਗ੍ਰਸਤ ਸੋਚ ਸਾਡੇ ਹੀ ਬੱਚਿਆਂ ਦੇ ਭਵਿੱਖ ਦਾ ਖਿਲਵਾੜ ਕਰੇਗੀ।
ਆਪਣੇ ਬੱਚਿਆਂ ਖਾਤਰ ਹੀ ਜੇ ਅਸੀਂ ਅਧਿਆਪਕ ਦਾ ਸਤਿਕਾਰ ਕਰਨਾ ਅਰੰਭ ਦੇਈਏ ਅਤੇ ਉਸ ਦੇ ਫਿਕਰਾਂ ਦਾ ਭਾਰ ਆਪਣੇ ਸਿਰ ਲੈ ਲਈਏ ਤਾਂ ਅਸੀਂ ਸਰਬ ਸਾਂਝੇ ਚੰਗੇ ਭਵਿੱਖ ਦੀ ਉਮੀਦ ਕਰ ਸਕਦੇ ਹਾਂ। ਜਿਸ ਘਰ ਵਿਚ ਵਿੱਦਿਆ, ਵਿਦਿਆਰਥੀ ਤੇ ਅਧਿਆਪਕ ਦੀ ਇੱਜਤ ਨਹੀਂ ਹੁੰਦੀ, ਉਹ ਘਰ ਨਹੀਂ, ਭੂਤਵਾੜਾ ਹੁੰਦਾ ਹੈ।
ਅੱਛੇ ਅਧਿਆਪਕ ਬਿਨਾ ਕਦੀ ਕਿਸੇ ਸਮਾਜ ਨੇ ਤਰੱਕੀ ਨਹੀਂ ਕੀਤੀ, ਅੱਛਾਈ ਹਮੇਸ਼ਾ ਇੱਜਤ ਦੀ ਇੱਛਾ ਰੱਖਦੀ ਹੈ ਤੇ ਅੱਛਾਈ ਦੀ ਇੱਜਤ ਦਾ ਪਹਿਲਾ ਸਬਕ ਘਰ ‘ਚ ਮਿਲਣਾ ਜਰੂਰੀ ਹੈ।
‘ਘਰਿ ਘਰਿ ਅੰਦਰਿ ਧਰਮ ਸਾਲ’ ਦਾ ਇਹੀ ਮਹੱਤਵ ਅਤੇ ਮਨੋਰਥ ਹੈ।