ਸੋਹਣੀ-ਮਹੀਂਵਾਲ ਇੱਕ ਨਾਵਲ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਵਿਚ ਪਿਆਰ ਕਹਾਣੀਆਂ ਦੇ ਕਿੱਸੇ ਲਿਖਣ ਵਾਲਿਆਂ ਨੇ ਸਾਹਿਤਕ ਬੁਲੰਦੀਆਂ ਛੂਹੀਆਂ ਹਨ। ਇਥੋਂ ਤੱਕ ਕਿ ਲਿਖਣ ਵਾਲਿਆਂ ਦੇ ਨਾਂ ਕਥਾਵਾਂ ਦੇ ਨਾਇਕ ਤੇ ਨਾਇਕਾਵਾਂ ਨਾਲੋਂ ਵੱਧ ਮਸ਼ਹੂਰ ਹੋਏ। ਜਿਵੇਂ ਵਾਰਿਸ ਦੀ ਹੀਰ, ਹਾਸ਼ਮ ਦੀ ਸੱਸੀ, ਪੀਲੂ ਦਾ ਮਿਰਜ਼ਾ, ਫਜ਼ਲ ਸ਼ਾਹ ਦੀ ਸੋਹਣੀ ਆਦਿ। ਇਨ੍ਹਾਂ ਨਾਇਕਾਂ ਤੇ ਨਾਇਕਾਵਾਂ ਨੂੰ ਨਾਵਲੀ ਰੂਪ ਦੇਣ ਬਾਰੇ ਕਿਸੇ ਨੇ ਨਹੀਂ ਸੋਚਿਆ। ਇਨ੍ਹਾਂ ਵਿਚਲੇ ਤੱਤ ਤੇ ਟੋਟਕੇ ਗਾਉਣ ਵਾਲਿਆਂ ਦਾ ਹੀ ਸ਼ਮਲਾ ਉਚਾ ਨਹੀਂ ਕਰਦੇ, ਲੇਖਕਾਂ ਨੂੰ ਵੀ ਆਕਾਸ਼ ਹੁਲਾਰਾ ਦਿੰਦੇ ਹਨ।

ਸੋਹਣੀ-ਮਹੀਂਵਾਲ ਦਾ ਕਿੱਸਾ ਲਿਖਣ ਵਾਲਿਆਂ ਨੇ ਫਜ਼ਲ ਸ਼ਾਹ ਤੋਂ ਲੈ ਕੇ ਬਠਿੰਡਾ ਵਾਲੇ ਕਰਮ ਸਿੰਘ ਤੱਕ ਉਤਮ ਤੱਤਾਂ ਦੇ ਮੋਤੀ ਪਰੋ ਕੇ ਸੋਹਣੀ ਦੇ ਕਿੱਸੇ ਲਿਖੇ ਹਨ। ਨਾਵਲੀ ਰੂਪ ਵਿਚ ਪੇਸ਼ ਕਰਨ ਬਾਰੇ ਕਿਸੇ ਨਹੀਂ ਸੋਚਿਆ। ਲੰਗੇਰੀ (ਹੁਸ਼ਿਆਰਪੁਰ) ਦੀ ਜੰਮਪਲ ਮਾਸ਼ਾ ਕੌਰ ਨੇ ਇਸ ਨੂੰ ਨਾਵਲੀ ਰੂਪ ਦੇਣ ਦੀ ਪਹਿਲ ਕੀਤੀ ਹੈ। ਮੈਂ ਉਸ ਦੇ ਪਿਤਾ ਅਜੀਤ ਲੰਗੇਰੀ ਨੂੰ ਚਾਰ ਦਹਾਕਿਆ ਤੋਂ ਜਾਣਦਾ ਹਾਂ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹਾਂ। 1980 ਦੀ ਬਰਤਾਨੀਆ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਉਸ ਨੇ ਸੁਰਜੀਤ ਪਾਤਰ ਦਾ ਹੇਠ ਲਿਖਿਆ ਸ਼ਿਅਰ ਗਾ ਕੇ ਪੇਸ਼ ਕੀਤਾ, ਤਾਂ ਮੈਂ ਉਹਦੇ ਉਪਰ ਪੌਂਡਾਂ ਦੀ ਵਰਖਾ ਹੁੰਦੀ ਵੇਖੀ ਸੀ:
ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ।
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁਖ ਹੇਠ ਜਾ ਬਹਿਣਗੇ।
ਮਾਸ਼ਾ ਨੇ ਸੋਹਣੀ ਨੂੰ ਨਾਵਲੀ ਰੂਪ ਦੇਣ ਤੋਂ ਪਹਿਲਾਂ ਕੁਝ ਪੰਨੇ ਮੈਨੂੰ ਵਿਖਾਏ ਸਨ ਤਾਂ ਉਸ ਦੀ ਵਾਰਤਕ ਸ਼ੈਲੀ ਨੇ ਮੇਰੇ ਉਤੇ ਉਸੇ ਤਰ੍ਹਾਂ ਦਾ ਪ੍ਰਭਾਵ ਪਾਇਆ ਸੀ, ਜਿਸ ਤਰ੍ਹਾਂ ਦਾ 1980 ਵਿਚ ਅਜੀਤ ਲੰਗੇਰੀ ਦੀ ਆਵਾਜ਼ ਨੇ। ਪੇਸ਼ ਹੈ, ਪਹਿਲਾ ਪੈਰਾ ਜਿਸ ਨੂੰ ਪੜ੍ਹ ਕੇ ਮੈਂ ਉਸ ਦੀ ਚਾਹਨਾ ਨੂੰ ਹਰੀ ਝੰਡੀ ਵਿਖਾ ਦਿੱਤੀ ਸੀ:
“ਸ਼ਾਮ ਪੈਣ ਵਾਲੀ ਸੀ। ਝਨਾਂ ਦੇ ਕੰਢੇ ਇੱਕ ਨਿੱਕੀ ਜਿਹੀ ਕੁੜੀ ਅੱਡੀਆਂ ਚੁੱਕੀ ਖੜ੍ਹੀ ਸੀ। ਪੱਬਾਂ ਭਾਰ ਖਲੋਤੀ ਉਹ ਵਗਦੇ ਪਾਣੀ ਵੱਲ ਵੇਖਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦਰਿਆ ਦੇ ਕੰਢੇ ਉਤੇ ਉਗੇ ਨੜੇ ਬਹੁਤ ਹੀ ਸੰਘਣੇ ਸਨ; ਉਤੋਂ ਵਗਦੀ ਹਵਾ ਉਨ੍ਹਾਂ ਨੂੰ ਇੱਕ ਤਾਂ ਖੜੋਣ ਨਹੀਂ ਸੀ ਦਿੰਦੀ। ਨੜੇ ਕਦੇ ਇੱਧਰ ਝੂਲਦੇ ਤੇ ਕਦੇ ਓਧਰ, ਜਿਵੇਂ ਹਵਾ ਦੇ ਨਾਲ ਇੱਕ ਜੁੱਟ ਹੋ ਕੇ ਖੁਸ਼ੀ ਦੇ ਮਾਰੇ ਨੱਚ ਰਹੇ ਹੋਣ। ਦਰਿਆ ਵਗਦਾ ਜਾ ਰਿਹਾ ਸੀ, ਸ਼ਾਂਤੀ ਨਾਲ। ਕੰਢੇ ‘ਤੇ ਪਏ ਪੱਥਰਾਂ ਉਤੋਂ ਲੰਘਦੇ ਪਾਣੀ ਦੀ ਆਵਾਜ਼ ਉਸ ਕੁੜੀ ਦੇ ਕੰਨਾਂ ਵਿਚ ਪੈ ਰਹੀ ਸੀ। ਉਹ ਪਾਣੀ ਨੂੰ ਸੁਣ ਤਾਂ ਸਕਦੀ ਸੀ, ਪਰ ਵੇਖ ਨਹੀਂ ਸੀ ਪਾ ਰਹੀ। ਉਸ ਨੇ ਇੱਕ ਵੱਡੇ ਸਾਰੇ ਪੱਥਰ ਉਤੇ ਖੜ੍ਹ ਕੇ ਪਾਣੀ ਵੱਲ ਦੇਖਣ ਦੀ ਕੋਸ਼ਿਸ਼ ਕੀਤੀ। ਕਦੇ ਅੱਡੀਆਂ ਚੁੱਕ-ਚੁੱਕ ਵੇਖਦੀ, ਤੇ ਕਦੇ ਉਚੀ ਛਲਾਂਗ ਮਾਰਨ ਦੀ ਕੋਸ਼ਿਸ਼ ਕਰਦੀ, ਪਰ ਪਾਣੀ ਨਜ਼ਰ ਨਹੀਂ ਸੀ ਆ ਰਿਹਾ। ਨੜੇ ਝੂਲਦੇ ਜਾ ਰਹੇ ਸਨ-ਹਵਾ ਵਿਚ, ਪਾਣੀ ਦੇ ਅੰਦਰ ਪੈਂਦੀ ਪਰਛਾਈਂ ਵਿਚ, ਅਤੇ ਸੋਹਣੀ ਦੀਆਂ ਕਾਲੀਆਂ ਤੇ ਗਹਿਰੀਆਂ ਅੱਖਾਂ ਦੀਆਂ ਝੀਲਾਂ ਵਿਚ…।”
ਹੁਣ ਜਦੋਂ ਉਸ ਦੀ ਸਵੈ-ਪ੍ਰਕਾਸ਼ਿਤ ਸੋਹਣੀ-ਮਹੀਂਵਾਲ ਪ੍ਰਕਾਸ਼ਿਤ ਹੋਈ ਵੇਖੀ ਤਾਂ ਹੈਰਾਨ ਰਹਿ ਗਿਆ ਕਿ ਇਸ ਨੂੰ ਅੰਗਰੇਜ਼ੀ ਵਿਚ ਉਲਥਾ ਕੇ ਅੰਗਰੇਜ਼ੀ ਵਾਲਾ ਅਨੁਵਾਦ ਵੀ ਖੁਦ ਹੀ ਪ੍ਰਕਾਸ਼ਿਤ ਕੀਤਾ ਹੈ। ਕੇਵਲ ਛਪਾਈ ਤੇ ਜਿਲਦਸਾਜ਼ੀ ਥਾਂਪਸਨ ਪ੍ਰੈਸ ਇੰਡੀਆ ਤੋਂ ਕਰਵਾਈ ਹੈ-ਦੋਹਾਂ ਜਿਲਦਾਂ ਦੀ।
ਉਸ ਨੇ ਮੂਲ ਕਹਾਣੀ ਨੂੰ ਰੋਚਕ ਬਣਾਉਣ ਲਈ ਸੋਹਣੀ ਦੀ ਸਹੇਲੀ ਨੂਰਾਂ, ਮਹੀਂਵਾਲ ਦਾ ਹਾਣੀ ਅਲਤਾਫ, ਮੱਝ ਵਾਲੇ ਫਾਰਮ ਹਾਊਸ ਦਾ ਮਾਲਕ ਨੱਥਾ ਆਦਿ ਅੱਧੀ ਦਰਜਨ ਅਜਿਹੇ ਪਾਤਰ ਰਚੇ ਹਨ, ਜੋ ਨਾਵਲ ਨੂੰ ਮੌਲਿਕ ਬਣਾ ਦਿੰਦੇ ਹਨ। ਪੁਸਤਕ ਵਿਚ ਅਜਿਹੇ ਨਾਟਕੀ ਦ੍ਰਿਸ਼ਾਂ ਦਾ ਵੀ ਘਾਟਾ ਨਹੀਂ, ਜਦੋਂ ਸੋਹਣੀ-ਮਹੀਂਵਾਲ ਇੱਕ ਦੂਜੇ ਨੂੰ ਮਿਲਦੇ ਮਿਲਦੇ ਅਚਾਨਕ ਹੀ ਰਾਹ ਬਦਲ ਲੈਂਦੇ ਹਨ।
ਉਹ ਮਹੀਂਵਾਲ ਨੂੰ ਬੁਖਾਰਾ ਤੋਂ ਗੁਜਰਾਤ ਦੇ ਪਹਾੜੀ ਇਲਾਕਿਆਂ ਵਿਚ ਇਕੱਲਿਆਂ ਤੋਰਦੀ ਹੈ। ਇਸਤੰਬੋਲ ਦੀ ਇਮਾਰਤਸਾਜ਼ੀ ਦੇ ਸੁੰਦਰ ਦ੍ਰਿਸ਼ ਪੇਸ਼ ਕਰਦੀ ਹੈ। ਮਹੀਂਵਾਲ ਤੋਂ ਝਨਾਂ ਨੂੰ ਤੈਰ ਕੇ ਲੰਘਦਾ ਦਿਖਾਉਂਦੀ ਹੈ। ਝਨਾਂ ਪਾਰ ਕਰਕੇ ਭੁੱਖੇ ਭਾਣੇ ਨੂੰ ਇੱਕ ਸਾਧੂ ਮੰਡਲੀ ਦਾ ਮੈਂਬਰ ਬਣਾਉਂਦੀ ਹੈ ਪਰ ਮਹੀਂਵਾਲ ਅਜਿਹੀ ਰੋਟੀ ਉਤੇ ਗੁਜ਼ਾਰਾ ਨਹੀਂ ਕਰਨਾ ਚਾਹੁੰਦਾ, ਜੋ ਉਸ ਨੇ ਨਾ ਹੀ ਕਮਾਈ ਹੈ ਤੇ ਨਾ ਉਸ ਦੇ ਪੈਸੇ ਤਾਰੇ ਹਨ।
ਸਾਧੂ ਮੰਡਲੀ ਨੂੰ ਤਿਆਗ ਕੇ ਜਦੋਂ ਉਸ ਨੂੰ ਹੋਰ ਕੋਈ ਟਿਕਾਣਾ ਨਹੀਂ ਲਭਦਾ ਤਾਂ ਨੱਥਾ ਦੀਆਂ ਮੱਝਾਂ ਦਾ ਵਾੜਾ ਮਿਲ ਜਾਂਦਾ ਹੈ ਤੇ ਉਹ ਉਸ ਦੀਆਂ ਮੱਝਾਂ ਚਾਰਨ ਦਾ ਕੰਮ ਲੈਂਦਾ ਹੈ। ਮਹੀਂਵਾਲ ਦੀ ਜੂਨੇ ਪੈਣ ਤੋਂ ਪਹਿਲਾਂ ਇੱਜਤ ਬੇਗ ਝਨਾਂ ਦੇ ਕੰਢੇ ਕਿਵੇਂ ਬੈਠਾ ਸੀ ਤੇ ਉਸ ਤੋਂ ਪਿੱਛੋਂ ਉਸ ਨੇ ਝਨਾਂ ਕਿਵੇਂ ਪਾਰ ਕੀਤੀ? ਮਾਸ਼ਾ ਦੇ ਸਉਣ ਵਿਚ:
“ਇੱਜਤ ਬੇਗ ਨੇ ਆਪਣਾ ਆਪ ਦਰਿਆ ਨੂੰ ਸਮਰਪਿਤ ਕਰ ਦਿੱਤਾ। ਉਸ ਨੇ ਆਪਣੇ ਪੈਰ ਦਰਿਆ ਦੇ ਤਲ ਤੋਂ ਚੁੱਕ ਲਏ ਅਤੇ ਸਿਰ ਪਿਛਾਂਹ ਨੂੰ ਸੁੱਟ ਦਿੱਤਾ। ਇੱਕੋ ਪਲ ਵਿਚ ਉਸ ਦਾ ਸਾਰਾ ਸਰੀਰ ਪਾਣੀ ਦੇ ਥੱਲੇ ਚਲਾ ਗਿਆ। ਪਾਣੀ ਹੇਠ ਜਾਂਦਿਆਂ ਹੀ ਇੱਜਤ ਨੂੰ ਤੜਫਣ ਦੀ ਥਾਂ ਸ਼ਾਂਤੀ ਮਹਿਸੂਸ ਹੋਣ ਲੱਗੀ। ਉਸ ਨੇ ਆਪਣੇ ਸ਼ਰੀਰ ਨੂੰ ਬਿਲਕੁਲ ਹੀ ਢਿੱਲਾ ਛੱਡ ਦਿੱਤਾ। ਪਲਾਂ ਵਿਚ ਹੀ ਉਸ ਦਾ ਸਰੀਰ ਉਠ ਕੇ ਪਾਣੀ ਦੀ ਸਤ੍ਹਾ ‘ਤੇ ਆ ਤਰਿਆ। ਇੱਜਤ ਨੇ ਹੌਲੀ-ਹੌਲੀ ਡੂੰਘੇ ਸਾਹ ਭਰਨੇ ਸ਼ੁਰੂ ਕਰ ਦਿੱਤੇ। ਪਾਣੀ ਦੀ ਚਾਦਰ ਉਤੇ ਉਹ ਇੱਕ ਪੱਤੇ ਵਾਂਗ ਵਹਿਣ ਲੱਗਾ। ਉਸ ਦੇ ਮਨ ਦੀ ਹਾਲਤ ਵਿਚ ਅਚਨਚੇਤ ਇੱਕ ਬਦਲਾਅ ਆਇਆ। ਉਸ ਨੇ ਡੁੱਬਣ ਬਾਰੇ ਸੋਚਣਾ ਬੰਦ ਕਰ ਦਿੱਤਾ ਅਤੇ ਪਾਣੀ ਨਾਲ ਇੱਕ ਹੋ ਕੇ ਤਰਨ ਲੱਗਾ। ਝਨਾਂ ਦੀ ਗੋਦ ਵਿਚ ਉਸ ਨੂੰ ਇੰਜ ਮਹਿਸੂਸ ਹੋਣ ਲੱਗਾ ਜਿਵੇਂ ਕਿਧਰੇ ਉਸ ਦੀ ਮਾਂ ਉਸ ਨੂੰ ਆਪਣੀ ਬੁੱਕਲ ਵਿਚ ਲੁਕੋ ਕੇ ਕਿਤੇ ਚੁੱਕੀ ਲਈ ਜਾਂਦੀ ਹੋਵੇ। ਉਸ ਨੂੰ ਇੱਕ ਰੂਹਾਨੀ ਸ਼ਾਂਤੀ ਮਹਿਸੂਸ ਹੋ ਰਹੀ ਸੀ। ਕੁਝ ਸਮੇਂ ਲਈ ਉਹ ਸੋਹਣੀ ਨੂੰ ਵੀ ਭੁੱਲ ਗਿਆ। ਝਨਾਂ ਆਪਣੇ ਵਹਾ ਨਾਲ ਇੱਜਤ ਨੂੰ ਗੁਜਰਾਤ ਤੋਂ ਅਤੇ ਉਸ ਦੇ ਅਤੀਤ ਤੋਂ ਦੂਰ ਲੈ ਜਾ ਰਿਹਾ ਸੀ।”
ਸੋਹਣੀ ਅਤੇ ਮਹੀਂਵਾਲ ਕਿਸੇ ਨਾ ਕਿਸੇ ਤਰ੍ਹਾਂ ਝਨਾ ਪਾਰ ਕਰਕੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਹਨ, ਸਿਵਾਏ ਉਸ ਦਿਨ ਦੇ ਜਦੋਂ ਮਹੀਂਵਾਲ ਮੱਝਾਂ ਚਾਰਦੇ ਸਮੇਂ ਜਖਮੀ ਹੋਣ ਕਾਰਨ ਲੇਟ ਹੋ ਜਾਂਦਾ ਹੈ ਤੇ ਮਾਸ਼ਾ ਅੰਤਾਂ ਦੇ ਝਪਕ ਦੀ ਪਰਵਾਹ ਕੀਤੇ ਬਿਨਾ ਝਨਾਂ ਵਿਚ ਠਿੱਲ੍ਹ ਪੈਂਦੀ ਹੈ। ਮਾਸ਼ਾ ਦੀ ਕਹਾਣੀ ਵਿਚ ਸੋਹਣੀ ਦਾ ਪਤੀ ਵੀ ਕਿਸੇ ਹੋਰ ਨੂੰ ਪਿਆਰ ਕਰਦਾ ਹੈ ਤੇ ਸੋਹਣੀ ਨਾਲ ਹਮਬਿਸਤਰ ਨਹੀਂ ਹੁੰਦਾ ਤੇ ਘਰ ਛੱਡ ਕੇ ਕਿਧਰੇ ਚਲਾ ਜਾਂਦਾ ਹੈ। ਸੋਹਣੀ ਦਾ ਸਹੁਰਾ ਪਿੰਡ ਵੀ ਝਨਾਂ ਦੇ ਕੰਢੇ ਹੈ ਤੇ ਉਨ੍ਹਾਂ ਦੀਆਂ ਮੱਝਾਂ ਦਾ ਵਾੜਾ ਵੀ। ਜੇ ਫਰਕ ਹੈ ਤਾਂ ਇਹ ਕਿ ਸਦਕਾ ਪਿੰਡ ਝਨਾਂ ਦੇ ਇੱਕ ਪਾਸੇ ਹੈ ਤੇ ਵਾਲਾ ਦੂਜੇ ਪਾਸੇ।
“ਬੇਬੱਸ, ਆਵਾਜ਼ਾਰ ਤੇ ਟੁੱਟਦੇ-ਤਿੜਕਦੇ ਸੋਹਣੀ ਤੇ ਮਹੀਂਵਾਲ ਹਿੰਮਤ ਨਹੀਂ ਸਨ ਛੱਡ ਰਹੇ। ਦਰਿਆ ਉਨ੍ਹਾਂ ਤੋਂ ਉਨ੍ਹਾਂ ਦੀ ਜਾਨ ਖੋਹਣ ਨੂੰ ਪੈਂਦਾ ਸੀ, ਤੇ ਉਹ ਆਪਣੀ ਟਿੱਲ ਲਾ ਕੇ ਪਾਣੀ ਵਿਚ ਸੰਘਰਸ਼ ਜਾਰੀ ਰੱਖ ਰਹੇ ਸਨ। ਇੱਕ-ਇੱਕ ਸਾਹ ਲੜ ਕੇ ਵਕਤ ਤੋਂ ਖੋਹ ਰਹੇ ਸਨ। ਇੱਕ ਦੂਜੇ ਨੂੰ ਵੇਖਣ ਦੀ, ਇੱਕ ਦੂਜੇ ਤੱਕ ਪਹੁੰਚਣ ਦੀ ਪਾਗਲਪਨ ਦੇ ਦਰਜੇ ਤੱਕ ਪਹੁੰਚੀ ਇੱਛਾ ਢਹਿੰਦੇ ਜਾਂਦੇ ਸਰੀਰਾਂ ਵਿਚ ਜ਼ੋਰ ਪਾਈ ਜਾਂਦੀ ਸੀ। ਇੱਕ ਦੂਸਰੇ ਨਾਲ ਮੇਲ ਹੋਣ ਦੀ ਉਮੀਦ ਨਹੀਂ ਸਨ ਛੱਡ ਰਹੇ। ਦੋਹਾਂ ਦਾ ਅੰਤ ਆਖਰ ਅਰਥਹੀਣ ਨਹੀਂ ਸਾਬਤ ਹੋਇਆ। ਜਿਹੜੇ ਲਿਖੀਆਂ ਕਬੂਲ ਕਰਨ ਨੂੰ ਤਿਆਰ ਨਹੀਂ ਸਨ, ਉਨ੍ਹਾਂ ਲਈ ਲਿਖੀਆਂ ਵੀ ਆਖਰ ਥੋੜ੍ਹੇ ਪਲਾਂ ਲਈ ਮਿਟ ਗਈਆਂ। ਝਨਾਂ ਦੀ ਇੱਕ ਛੱਲ ਨੇ ਸੋਹਣੀ ਨੂੰ ਮਹੀਂਵਾਲ ਦੀਆਂ ਬਾਹਾਂ ਵਿਚ ਲਿਜਾ ਸੁੱਟਿਆ।
‘ਸੋਹਣੀ!’ ਮਹੀਂਵਾਲ ਦੇ ਮੂੰਹੋਂ ਆਖਰੀ ਆਵਾਜ਼ ਨਿਕਲੀ।
‘ਮਹੀਂਵਾਲ!’ ਸੋਹਣੀ ਨੇ ਔਖਾ ਸਾਹ ਭਰ ਕੇ ਕਿਹਾ। ਤਕਦੀਰ ਦਾ ਇਹ ਨਿਰਦਈ ਖੇਡ ਵਾਪਰਦਿਆਂ ਵੇਖ ਝਨਾਂ ਕੰਢੇ ਉਗੇ ਹਵਾ ਵਿਚ ਝੂਲਦੇ ਦਰਖਤ ਦੁੱਖ ਵਿਚ ਵੈਣ ਪਾਉਣ ਲੱਗੇ…ਬਾਕੀ ਸਾਰੀ ਕਾਇਨਾਤ ਸਹਿਮ ਕੇ ਖਾਮੋਸ਼ ਹੋ ਗਈ। ਬੱਦਲਾਂ ਦਾ ਰੋਹ ਠੰਢਾ ਹੋ ਗਿਆ, ਉਹ ਵਰ੍ਹਨੋਂ ਹਟ ਗਏ। ਚੰਦ ਨੇ ਆਪਣੀਆਂ ਅੱਖਾਂ ਮੀਟ ਲਈਆਂ। ਰਾਤ ਦੇ ਕਾਲੇ ਸਾਲੂ ਵਿਚੋਂ ਤਾਰੇ ਝਾਕ-ਝਾਕ ਵੇਖਣ ਲੱਗੇ-ਝਨਾਂ ਤਕਦੀਰ ਦੇ ਮਾਰੇ ਦੋ ਬੱਚਿਆਂ ਨੂੰ ਆਪਣੇ ਨਾਲ ਦੂਰ ਕਿਤੇ ਲਈ ਜਾ ਰਿਹਾ ਸੀ। ਪਲਾਂ ਵਿਚ ਦੋਹਾਂ ਪ੍ਰੇਮੀਆਂ ਦੇ ਸਰੀਰ ਜਵਾਬ ਦੇ ਗਏ, ਸਾਹ ਰੁਕ ਗਏ। ਬੱਸ ਬਚੀਆਂ ਦੋ ਬੇਜਾਨ ਦੇਹਾਂ।”
ਦੋਹਾਂ ਦੇ ਮਾਪਿਆਂ ਨੂੰ ਖਬਰ ਹੁੰਦੀ ਹੈ। ਸੋਹਣੀ ਦੇ ਮਾਪੇ ਪਿੰਡ ਸੋਹਣੀ ਦੀ ਸਹੇਲੀ ਨੂਰਾਂ ਵਿਆਹੀ ਜਾ ਚੁਕੀ ਹੈ ਤੇ ਉਹ ਜਣੇਪਾ ਕੱਟਣ ਆਪਣੀ ਮਾਂ ਕੋਲ ਆਈ ਹੋਈ ਹੈ। ਮਾਸ਼ਾ ਨੂਰਾਂ ਦੀ ਮਾਂ ਨੂੰ ਨੂਰਾਂ ਦੇ ਸਿਰਹਾਣੇ ਨੂਰਾਂ ਦਾ ਨਵਜੰਮਿਆ ਬੱਚਾ ਫੜ੍ਹ ਕੇ ਖਲੋਤੀ ਵਿਖਾਉਂਦੀ ਹੈ। ਜਦੋਂ ਨੂਰਾਂ ਦੀ ਮਾਂ ਆਪਣੀ ਧੀ ਨੂੰ ਇਹ ਕਹਿੰਦੀ ਹੈ ਕਿ ਨੂਰਾਂ ਦੀ ਸੱਦ ਨੇ ਗਿਲਾ ਕਰਨੈਂ ਕਿ ਨੂਰਾਂ ਨੇ ਧੀ ਜੰਮੀ ਹੈ ਤਾਂ ਨੂਰਾਂ ਆਪਣੀ ਧੀ ਨੂੰ ਮਾਂ ਕੋਲੋਂ ਹਿੰਮਤ ਕਰ ਕੇ ਫੜ੍ਹ ਲੈਂਦੀ ਹੈ ਤੇ ਉਸ ਦੀਆਂ ਅੱਧ ਖੁਲ੍ਹੀਆਂ ਅੱਖਾਂ ਉਤੇ ਉਂਗਲੀ ਰੱਖ ਕਹਿੰਦੀ ਹੈ, “ਮਾਂ! ਮੈਂ ਇਹਦਾ ਨਾਂ ਸੋਹਣੀ ਰੱਖਾਂਗੀ।”
ਮਾਸ਼ਾ ਕੌਰ ਨੇ ਆਪਣੀ ਇਹ ਰਚਨਾ ‘ਕੁਸ਼ਚਿਤ ਲਈ’ ਅਰਪਣ ਕੀਤੀ ਹੈ। ਕੁਸ਼ਚਿਤ ਉਸ ਦਾ ਪਤੀ ਹੈ। ਦੋਵੇਂ ਆਰਕੀਟੈਕਟ ਹਨ ਪਰ ਦੋਹਾਂ ਦੀ ਜਾਉ ਗੋਤ ਇੱਕ ਨਹੀਂ।
ਅੰਤਿਕਾ: ਫੈਜ਼ ਅਹਿਮਦ ਫੈਜ਼
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ
ਵੁਹ ਸ਼ਾਨ ਸਲਾਮਤ ਰਹਿਤੀ ਹੈ।
ਯਹ ਜਾਨ ਤੋਂ ਆਨੀ ਜਾਨੀ ਹੈ
ਇਸ ਜਾਂ ਕੀ ਤੋ ਕੋਈ ਬਾਤ ਨਹੀਂ।