ਗਾਂਧੀ ਪੂਜਾ ਦੀ ਹੱਦ ਟੁੱਟ ਗਈ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ,

ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਐਤਕੀਂ ਅਸੀਂ ਤੇਜਾ ਸਿੰਘ ਸੁਤੰਤਰ ਅਤੇ ਭਾਈ ਸੂਰਤ ਸਿੰਘ ਦੇ ਦੋ-ਦੋ ਲੇਖ ਛਾਪ ਰਹੇ ਹਾਂ। ਤੇਜਾ ਸਿੰਘ ਸੁਤੰਤਰ ਦੇ ਲੇਖ ਅਪਰੈਲ 1930 ਅਤੇ ਭਾਈ ਸੂਰਤ ਸਿੰਘ ਦੇ ਲੇਖ ਨਵੰਬਰ 1929 ਦੇ ਲਿਖੇ ਹੋਏ ਹਨ। ਇਨ੍ਹਾਂ ਲੇਖਾਂ ਵਿਚੋਂ ਉਸ ਵੇਲੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਜ਼ਿਕਰ ਹੈ। -ਸੰਪਾਦਕ

ਤੇਜਾ ਸਿੰਘ ਸੁਤੰਤਰ (ਆਜ਼ਾਦ)
ਇਸ ਉਲਟੀ, ਕੱਚੀ ਤੇ ਗੰਦੀ ਪੈਸੀਮਿਸਟ ਫਿਲਾਸਫੀ ਨੇ ਹਿੰਦੁਸਤਾਨ ਦੀਆਂ ਜੜ੍ਹਾਂ ਵਿਚ ਅਜਿਹਾ ਪਾਣੀ ਫੇਰਿਆ, ਜੋ ਅਸੀਂ ਜਿਉਂਦੇ ਜੀ ਆਪਣਾ ਆਪ ਹੀ ਘਾਤ ਕਰੀ ਬੈਠੇ ਹਾਂ। ਆਤਮਿਕ ਬਲ ਤਾਂ ਸਾਨੂੰ ਕੀ ਲੱਭਣਾ ਸੀ ਸਗੋਂ ਸਰੀਰਕ ਬਲ ਰੋਟੀ, ਕਪੜਾ ਤੇ ਕੁੱਲੀ ਵੀ ਗੁਆ ਬੈਠੇ। ਇਸ ਫਿਲਾਸਫੀ ਦਾ ਅਵਤਾਰ ਮਹਾਤਮਾ ਗਾਂਧੀ ਹੈ। ਕਿਆ ਹੀ ਚੰਗਾ ਹੁੰਦਾ ਹੈ, ਜੋ ਮਹਾਤਮਾ ਗਾਂਧੀ ਇੰਗਲੈਂਡ ਵਿਚ ਅਵਤਾਰ ਧਾਰਦੇ। ਕਰੋੜਾਂ ਜਾਨਾਂ ਦਾ ਲਹੂ ਪੀਣ ਵਾਲੀ ਇਸ ਕਸਾਈ ਟੋਲੀ (ਅੰਗਰੇਜ਼ਾਂ) ਨੂੰ ਅਹਿੰਸਾ ਦਾ ਸਬਕ ਦਿੰਦੇ, ਪਰ ਮਹਾਤਮਾ ਜੀ ਉਨ੍ਹਾਂ ਬਦਕਿਸਮਤ ਭੇਡਾਂ ਵਿਚ ਆ ਪ੍ਰਗਟ ਹੋਏ, ਜੋ ਅੱਗੇ ਹੀ ਮੀਆਂ ਕੇ ਬਗੈਰ ਛੁਰੀ, ਹੇਠਾਂ ਧੌਣ ਦੇਈ ਬੈਠੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਭੇਡਾਂ ਨੂੰ ਭਲਾ ਸ਼ਾਂਤਮਈ ਦਾ ਸਬਕ ਕੀ ਆਉਂਦਾ ਹੈ! ਹਨੇਰ ਦੀ ਗੱਲ ਤਾਂ ਇਹ ਹੈ ਕਿ ਜੇ ਹਿੰਦੁਸਤਾਨ ਦੇ ਨੌਜਵਾਨ ਗਾਂਧੀ ਦੀ ਸਿੱਖਿਆ ਨੂੰ ਅਮਲ ਵਿਚ ਲਿਆਉਣ ਲਈ ਉਠਣ ਤਾਂ ਵੀ ਮਹਾਤਮਾ ਦਾ ਕਲੇਜਾ ਧੜਕਨ ਲੱਗ ਪੈਂਦਾ ਹੈ। ਬਾਦਲੀ ਵਿਚ ਇਹ ਕਹਿ ਕੇ ਕਿ ਹਿੰਦੁਸਤਾਨ ਸਿਵਲ ਨਾ-ਫਰਮਾਨੀ ਲਈ ਤਿਆਰ ਨਹੀਂ, ਗੁਰਮਤਾ ਵਾਪਸ ਲੈ ਲਿਆ ਤੇ ਇਸ ਤਰ੍ਹਾਂ ਚਲ ਰਹੀ ਲਹਿਰ ਦਾ ਲੱਕ ਤੋੜ ਕੇ ਨਾਸ਼ ਕਰ ਦਿੱਤਾ। ਕੀ ਮਹਾਤਮਾ ਗਾਂਧੀ ਦਾ ਨਜੂਮ ਸਿੱਖਾਂ ਨੇ ਗਲਤ ਨਹੀਂ ਕਰ ਵਿਖਾਇਆ। ਨਾਲੇ ਉਨ੍ਹਾਂ ਸਿੱਖਾਂ ਨੇ, ਜਿਨ੍ਹਾਂ ਸਿੱਖਾਂ ਤੋਂ ਗਾਂਧੀ ਨੂੰ ਸ਼ਾਂਤੀਮਈ ਸੁਪਨੇ ਵਿਚ ਵੀ ਆਸ ਨਹੀਂ।
ਕੌਮੀ ਲਹਿਰ ਵਿਚ ਹੁਣ ਫਿਰ ਜ਼ਰਾ ਜਾਨ ਪੈਣ ਲੱਗੀ ਸੀ, ਪਰ ਮਹਾਤਮਾ ਜੀ ਆਪਣੇ ਕੰਮ ਵਿਚ ਅਜਿਹੇ ਚਾਲਾਕ ਸਨ ਕਿ ਉਚਾਈ ਤੋਂ ਆਏ ਪੱਥਰ ਦੇ ਬਚਾਉਣ ਵਾਂਗ ਆਪ ਵੀ ਝਟ ਪੂਰਨ ਆਜ਼ਾਦੀ ਦੇ ਗੁਰਮਤੇ ਵਿਚ ਸਹਿਮਤ ਹੋ ਗਏ ਤੇ ਅੱਠ ਦਿਨ ਨਾ ਸੀ ਗੁਜ਼ਰੇ, ਝੱਟ ਗੋਲ ਮੇਜ਼ ਕਾਨਫਰੰਸ ਤੇ ਰਜ਼ਾਮੰਦੀ ਜਾਹਰ ਕਰਨ ਲੱਗ ਪਏ। ਸਾਨੂੰ ਪਤਾ ਨਹੀਂ ਲੱਗਦਾ ਕਿ ਹਿੰਦੁਸਤਾਨੀ ਨੌਜਵਾਨ ਅਜੇ ਕਦੋਂ ਤੱਕ ਇਨ੍ਹਾਂ ਪਾਖੰਡੀ ਦੇਵਤਿਆਂ ਦੇ ਛੁਰੇ ਹੇਠ ਰਹਿਣਗੇ। ਹਾਣੀਓਂ, ਕੀ ਤੁਹਾਡੀਆਂ ਅੱਖਾਂ, ਕਾਂਗਰਸ ਵਿਚ ਗਾਂਧੀ ਹੀ ਵੱਲੋਂ ਵਾਇਸਰਾਏ ਦੀ ਗੱਡੀ ਉਡਾਉਣ ਵਾਲਿਆਂ ਉਤੇ ਇਤਨਾ ਘ੍ਰਿਣਾ ਦਾ ਮਤਾ ਪਾਸ ਕਰਵਾਉਣ ‘ਤੇ ਨਹੀਂ ਉਘੜੀਆਂ? ਅੱਜ ਉਸ ਵਾਇਸਰਾਏ ਨੂੰ ਵਧਾਈ ਦਿੱਤੀ ਜਾਂਦੀ ਹੈ ਤੇ (ਜੋ) ਕਰੋੜਾਂ ਗਰੀਬਾਂ ਦੇ ਲਹੂ ਨਾਲ ਹੱਥ ਰੰਗਦਾ ਹੈ ਤੇ ਇਸ ਜ਼ਾਲਮ ਫਰਮਾਨ ਦੇ ਸੂਬੇਦਾਰ ਨੂੰ ਮਾਰਨਾ ਚਾਹੁਣ ਵਾਲੇ ਦੇਸ਼ ਭਗਤਾਂ ‘ਤੇ ਘ੍ਰਿਣਾ ਪ੍ਰਗਟ ਕੀਤੀ ਜਾਂਦੀ ਹੈ।
ਆਹ ਹੈ ਤੁਹਾਡੀ ਅਣਖ ਤੇ ਖੁਦਦਾਰੀ? ਕੀ ਤੁਸੀਂ ਵਿਥਿਆ ਹੀ ਜ਼ਿੰਦਾ ਹੋ? ਕੀ ਤੁਹਾਡੀ ਕੋਈ ਆਵਾਜ਼ ਹੀ ਨਹੀਂ? ਕੀ ਅਜੇ ਇਹ ਬੁੱਢੇ ਨੂੰ ਆਪਣੇ ਦਾਅ ਖੇਡੀ ਹੀ ਜਾਣ ਦਿਉਗੇ? ਅਸੀਂ ਇਹ ਖੁੱਲ੍ਹ ਕੇ ਕਹਾਂਗੇ ਕਿ ਜੇ ਕੋਈ ਅੰਗਰੇਜ਼ੀ ਰਾਜ ਨੂੰ ਹਿੰਦ ਵਿਚ ਬਚਾ ਰਿਹਾ ਹੈ ਤਾਂ ਇਹ ਗਾਂਧੀ ਹੈ। ਸਾਡੇ ਵਿਚ ਪੈਦਾ ਹੋਈ ਦੇਸ਼ ਭਗਤੀ ਦੇ ਅੰਗੂਰ ਨੂੰ ਤੋੜ ਕੇ ਸਾਡੀ ਆਤਮਾ ਦਾ ਨਾਸ਼ ਕਰ ਰਿਹਾ ਹੈ, ਸਾਡੀ ਜਵਾਨੀ ਨੂੰ ਉਹ ਦਬ ਕੇ ਕੁਚਲ ਰਿਹਾ ਹੈ। 1915 ਵਿਚ ਵੀ ਸਾਡੇ ਦੇਸ਼ ਭਗਤਾਂ ਨਾਲ ਇਸੇ ਤਰ੍ਹਾਂ ਕੀਤਾ ਸੀ। ਇਕ ਪਾਸੇ ਉਹ ਦੇਸ਼ ਭਗਤ ਫਾਂਸੀ ‘ਤੇ ਲਟਕ ਰਹੇ ਸਨ, ਦੂਜੇ ਪਾਸੇ ਬੁਜ਼ਦਿਲ ਉਨ੍ਹਾਂ ਨੂੰ ਬੇਦਿਲ ਕਹਿ ਕਹਿ ਕੇ ਘ੍ਰਿਣਾ ਪ੍ਰਗਟ ਕਰਦੇ ਸਨ। ਮੈਂ ਪੁਛਦਾ ਹਾਂ ਕਿ ਘ੍ਰਿਣਾ ਜ਼ਾਲਮ ‘ਤੇ ਪ੍ਰਗਟ ਕਰਨੀ ਚਾਹੀਦੀ ਹੈ ਜਾਂ ਆਜ਼ਾਦੀ ਲਈ ਸੱਰੇ-ਮੈਦਾਨ ਸ਼ਹੀਦ ਹੋਣ ਵਾਲੇ ਉਤੇ?
ਅੱਜ ਇਸ ਤਰ੍ਹਾਂ ਹੀ ਉਨ੍ਹਾਂ ਸੂਰਬੀਰਾਂ ‘ਤੇ ਘ੍ਰਿਣਾ ਪ੍ਰਗਟ ਕੀਤੀ ਜਾ ਰਹੀ ਹੈ, ਜੋ ਕੌਮ ਤੇ ਦੇਸ਼ ਖਾਤਰ ਜਾਨ ਤਲੀ ‘ਤੇ ਰੱਖੀ ਫਿਰਦੇ ਹਨ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਲਈ ਤੁਲੇ ਬੈਠੇ ਹਨ। ਇਕ ਹਿੰਦੁਸਤਾਨ ਹੀ ਅਜਿਹਾ ਗਿਰਿਆ ਹੋਇਆ ਮੁਲਕ ਹੈ, ਜਿਥੇ ਮਹਾਤਮਾ ਵਰਗੇ ਅਜਿਹੇ ਮਤੇ ਪਾਸ ਕਰਵਾ ਸਕਦੇ ਹਨ। ਜੇ ਅੱਜ ਕੋਈ ਹੋਰ ਦੇਸ਼ ਹੁੰਦਾ ਤੇ ਮਹਾਤਮਾ ਉਠ ਕੇ ਅਜਿਹੇ ਦੇਸ਼ ਭਗਤਾਂ ਦੇ ਖਿਲਾਫ ਬੋਲਦੇ ਤੇ ਵੇਖਦੇ ਜੇ ਅਜਿਹੇ ਮਹਾਤਮਾ ਦਾ ਵਜੂਦ ਕਿਤੇ ਨਜ਼ਰ ਆ ਜਾਂਦਾ ਹੈ। ਆਓ, ਨੌਜਵਾਨੋ! ਉਠੋ ਇਸ ਗਫਲਤ ਦੇ ਪਰਦੇ ਨੂੰ ਆਪਣੀਆਂ ਅੱਖਾਂ ਅੱਗੋਂ ਦੂਰ ਕਰੋ ਅਤੇ ਆਪਣੇ ਲੀਡਰ ਆਪ ਬਣੋ। ਇਨ੍ਹਾਂ ਕੱਚੇ ਟੋਟਕਿਆਂ ਪਿਛੇ ਚਲ ਕੇ ਰਸਾਇਣ ਨਹੀਂ ਲੱਭਣੀ। ਉਹ ਕੇਵਲ ਕੁਰਬਾਨੀ ਦੀ ਹੀ ਧੁਨੀ ‘ਤੇ ਇਕ ਖੂਨ ਹੀ ਅਜਿਹਾ ਰਸ ਹੈ, ਜੋ ਆਜ਼ਾਦੀ ਜਿਹੀ ਕੀਮਤੀ ਚੀਜ਼ ਨੂੰ ਪੈਦਾ ਕਰ ਸਕਦਾ ਹੈ।
ਸ਼ਾਂਤਮਈ ਕਿ ਗਦਰ
ਹਿੰਦੁਸਤਾਨ ਦੇ ਨੌਜਵਾਨਾਂ ਨੂੰ ਇਹ ਪਤਾ ਲੱਗ ਚੁਕਾ ਹੈ ਕਿ ਗਦਰ ਤੋਂ ਬਗੈਰ ਕਦੇ ਵੀ ਆਜ਼ਾਦੀ ਨਹੀਂ ਮਿਲਣੀ। ਕਬੂਤਰ ਵਾਂਗ ਅੱਖਾਂ ਮੀਟ ਕੇ ਬਿੱਲੀ ਤੋਂ ਬਚਣ ਦੇ ਤਰੀਕੇ ਅਤੇ ਆਪਣੇ ਆਪ ਨੂੰ ਮੁਰਦਾ ਦੱਸ ਕੇ ਸ਼ੇਰ ਤੋਂ ਬਚਣ ਵਾਲੀ ਫਿਲਾਸਫੀ ਦਾ ਦਿਵਾਲਾ ਨਿਕਲ ਚੁਕਾ ਹੈ। ਹਿੰਦੁਸਤਾਨ ਦੇ ਨੌਜਵਾਨਾਂ ਨੂੰ ਠੀਕ ਤੇ ਪੱਕਾ ਰਾਹ ਦਿਸ ਪਿਆ ਹੈ। ਉਹ ਹੁਣ ਪੈਸੀਮਿਸਟ ਤੇ ਪਿੱਛਾ ਖਿਚੂ ਥਿਊਰੀਆਂ ਉਤੇ ਵਿਸ਼ਵਾਸ ਨਹੀਂ ਰੱਖਦੇ। ਪਿਆਰੇ ਦੇਸ਼ ਦੀ ਅਸਲ ਬੀਮਾਰੀ ਤੇ ਇਸ ਬੀਮਾਰੀ ਦਾ ਇਕੋ ਇਕ ਠੀਕ ਇਲਾਜ ਵੀ ਉਨ੍ਹਾਂ ਦੀ ਸਮਝ ਵਿਚ ਆ ਗਿਆ ਹੈ। ਅੱਜ ਉਹ ਤਵਾਰੀਖ ਦੇ ਦੱਸੇ ਉਸ ਰਾਹ ਉਤੇ ਪਹੁੰਚ ਗਏ ਹਨ, ਜੋ ਸਿੱਧਾ ਕਾਮਯਾਬੀ ਵੱਲ ਲੈ ਜਾਣ ਵਾਲਾ ਹੈ।
ਹਿੰਦੁਸਤਾਨ ਨੂੰ ਅੰਗਰੇਜ਼ੀ ਹਕੂਮਤ ਦਾ ਜਿੰਦਾ। ਮਹਾਤਮਾ ਜੀ ਇਸ ਨੂੰ ਕਈ ਸਾਲਾਂ ਤੋਂ ਚਾਬੀ ਲਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਕੁੰਜੀ ਨਾਲ ਖੁੱਲ੍ਹਣ ਵਾਲਾ ਜਿੰਦਰਾ ਨਹੀਂ ਹੈ, ਇਸ ਦਾ ਕੇਵਲ ਇਕ ਇਲਾਜ ਹਥੋੜਾ ਹੀ ਹੈ, ਭਾਵ ਗਦਰ ਕਰਕੇ ਇਸ ਹਕੂਮਤ ਨੂੰ ਚਕਨਾਚੂਰ ਕਰ ਦਿੱਤਾ ਜਾਵੇ। ਕਿਉਂਕਿ ਇਹ ਹੱਥਾਂ ਨਾਲ ਖੁੱਲ੍ਹਣ ਵਾਲੀ ਗੰਢ ਨਹੀਂ ਹੈ, ਪਰ ਐਨ ਵਿਚ ਵੱਜਾ ਇਕ ਟਕ, ਇਸ ਨੂੰ ਖੇਰੂੰ ਖੇਰੂੰ ਕਰ ਸਕਦਾ ਹੈ।
ਚੁਲੀ ਮਾਰ ਕੇ ਸ਼ਹਿਰ ਢਾਹੁਣ ਵਾਲੇ ਯੋਗ ਬਲ ਦੇ ਮਸਤਾਨੇ ਕੁਝ ਹਿੰਦੀ ਨੌਜਵਾਨ ਅਤੇ ਮਹਾਤਮਾ ਜੀ ਹਨ। ਮਹਾਤਮਾ ਖੁਦ ਵੀ ਗਦਰੀਆਂ ਤੋਂ ਤੋਬਾ ਮੰਨ ਚੁਕੇ ਹਨ ਤੇ ਕਹਿ ਉਠੇ ਹਨ ਕਿ ਮੈਨੂੰ ਇਕ ਵਾਰੀ ਦੇਵੋ, ਜੇ ਮੈਂ ਸ਼ਾਂਤਮਈ ਫਿਰ ਅਜ਼ਮਾ ਲਵਾਂ। ਸੋ ਸ਼ਾਂਤਮਈ ਦੀ ਇਹ ਅਖੀਰੀ ਮੁਹਿੰਮ ਹੈ, ਜਿਸ ਦਾ ਨਤੀਜਾ ਥੋੜ੍ਹੇ ਦਿਨਾਂ ਵਿਚ ਹੀ ਆਪ ਦੀਆਂ ਅੱਖਾਂ ਸਾਹਮਣੇ ਪਹਿਲੇ ਕਈ ਨਤੀਜਿਆਂ ਵਾਂਗ ਹੀ ਨਾ-ਕਾਮਯਾਬੀ ਦੀ ਸ਼ਕਲ ਵਿਚ ਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਐਨ ਬਣਾ ਕੇ ਆਪਣਾ ਗੁਫਰ ਰੱਖ ਲਵੋ ਅਤੇ ਕਿਸੇ ਦੇ ਦਿਲ ਵਿਚ ਕੋਈ ਅਰਮਾਨ ਬਾਕੀ ਨਾ ਰਹਿ ਜਾਵੇ।
ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਮਾਨ ਕੀਤਾ ਪਰ ਪੁਰਾਣਾ ਨਿਸ਼ਚਾ ਸਿੱਖਾਂ ਵਿਚੋਂ ਨਾ ਨਿਕਲਦਾ ਸੀ, ਸਿੱਖ ਤੇ ਇਹੀ ਕਹਿੰਦੇ ਹਨ ਕਿ ਦੇਵੀ ਸਿੱਧ ਕਰਨੀ ਜ਼ਰੂਰੀ ਹੈ, ਗੋਬਿੰਦ ਸਿੰਘ ਜੀ ਨੇ ਕਿਸੇ ਤਰ੍ਹਾਂ ਵੀ ਇਹ ਭਰਮ ਨਾ ਨਿਕਲਦਾ ਦੇਖ ਕੇ ਸਿੱਧੀ ਦਾ ਯੋਗ ਅਰੰਭ ਕੀਤਾ, ਚਾਲੀ ਦਿਨ ਲੱਗੇ ਰਹੇ। ਸਿੱਧ ਕੀ ਹੋਣਾ ਸੀ, ਕੁਝ ਹੁੰਦਾ ਤਾਂ ਹੋ ਜਾਂਦਾ। ਸੋ ਅਖਰੀਲੇ ਦਿਨ ਆਪ ਨੇ ਤਲਵਾਰ ਕੱਢ ਕੇ ਕਿਹਾ ਕਿ ਬੋਲਿਓ ਲੋਕੋ, ਭਗਵਤੀ ਦੇਵੀ ਇਹ ਤਲਵਾਰ ਹੈ। ਇਸ ਤਰ੍ਹਾਂ ਅੰਗਰੇਜ਼ੀ ਹਕੂਮਤ (ਦੇ) ਕੀਤੇ ਦੀ ਸਜ਼ਾ ਕੇਵਲ ਤੁਸੀਂ ਹੀ ਦੇ ਸਕਦੇ ਹੋ, ਤੁਹਾਡਾ ਖੂਨ ਹਿੰਦ ਦੇ ਸੁੱਕੇ ਬੂਟੇ ਨੂੰ ਦਿਨਾਂ ਵਿਚ ਲਹਿਰਾ ਦੇਵੇਗਾ। ਹਿੰਦੀ ਕੌਮ ਦੀ ਖੁਦਾਰੀ ਨੂੰ ਕੇਵਲ ਤੁਸਾਂ ਹੀ ਬਚਾਉਣਾ ਹੈ ਤੇ ਇਸ ਗੁਲਾਮੀ ਦੇ ਗੰਦੇ ਭਾਗ ਨੂੰ ਸਿਰਫ ਤੁਸਾਂ ਹੀ ਧੋਣਾ ਹੈ। ਬੱਸ ਡਟੇ ਰਹੋ, ਮੋਰਚਾ ਤੁਹਾਡਾ ਹੈ।

ਵੱਖਰਾ ਬਕਸਾ:
ਭਾਈ ਸੂਰਤ ਸਿੰਘ ਦੀਆਂ ਦੋ ਟਿੱਪਣੀਆਂ
ਸਾਡੀ ਹਾਲਤ ਬੇਜ਼ਾਰ
ਅੱਜ ਜਿਧਰ ਵੀ ਨਿਗਾਹ ਮਾਰੋ, ਹਾਲ ਦੁਹਾਈ ਅਤੇ ਚੀਕ ਪੁਕਾਰ ਹੀ ਸੁਣਦੀ ਅਤੇ ਨਜ਼ਰ ਆਉਂਦੀ ਹੈ। ਹੋਰ ਸੈਂਕੜੇ ਆਫਤਾਂ ਤੋਂ ਇਲਾਵਾ ਬੇਰੁਜ਼ਗਾਰੀ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਇਸ ਬੀਮਾਰੀ ਦੇ ਸਤਾਏ ਲੱਖਾਂ ਆਦਮੀ ਅਨਿਆਈ ਮੌਤ ਮਰ ਰਹੇ ਹਨ। ਇੱਦਾਂ ਆਪਣੀ ਅਸਲੀ ਕਾਰਨ ਗੁਲਾਮੀ ਹੈ। ਜਿੰਨਾ ਚਿਰ ਅਸੀਂ ਇਸ ਬੀਮਾਰੀ ਯਾਨਿ ਗੁਲਾਮੀ (ਵਿਚ) ਹਾਂ, ਜਿੰਨਾ ਚਿਰ ਅਸੀਂ ਗੈਰਾਂ ਦੇ ਪੰਜੇ ਵਿਚ ਹਾਂ, ਉਨਾ ਚਿਰ ਅਸੀਂ ਇਸ ਬੀਮਾਰੀ ਦੇ ਸ਼ਿਕਾਰ ਰਹਾਂਗੇ। “ਗੁਲਾਮੀ” ਹਜ਼ਾਰਾਂ ਬੀਮਾਰੀਆਂ ਔਕੜਾਂ ਦੀ ਜੜ੍ਹ ਹੈ। ਗੁਲਾਮ ਆਦਮੀ ਆਪਣੀ ਮਨ ਮਰਜ਼ੀ ਨਾਲ ਕੋਈ ਵਿਹਾਰ ਨਹੀਂ ਕਰ ਸਕਦਾ। ਗੁਲਾਮ ਮਨੁੱਖ ਆਪਣੇ ਖਿਆਲਾਂ ਅਨੁਸਾਰ ਆਪਣੀ ਰੋਜ਼ੀ ਆਪ ਨਹੀਂ ਕਮਾ ਸਕਦਾ। ਗੱਲ ਕੀ, ਗੁਲਾਮੀ ਵਰਗੀ ਹੋਰ ਕੋਈ ਬੁਰੀ ਚੀਜ਼ ਨਹੀਂ। ਤਦੇ ਹੀ ਇਕ ਕਵੀ ਨੇ ਕਿਹਾ ਹੈ:
ਗਿਰ ਸੇ ਗਿਰ ਕਰ ਮਰ ਜਾਨਾ ਭਲਾ,
ਪੜ ਆਤਸ਼ ਮੇ ਜਲ ਜਾਨਾ ਭਲਾ।
ਮਰ ਨਾ ਕਟ ਅੰਗ ਤਮਾਮ ਭਲਾ,
ਪਰ ਜੀਵਨ ਨਾਂਹਿ ਗੁਲਾਮ ਭਲਾ।
ਜਿਥੇ ਗੁਲਾਮੀ ਚੰਦਰੀ ਅਤੇ ਭੈੜੀ ਵਸਤੂ ਹੈ, ਉਥੇ ਇਸ ਦੇ ਟਾਕਰੇ ਵਿਚ ਅਮੁੱਲ ਅਤੇ ਸੋਹਣੀ ਤੇ ਸੁੱਖਦਾਈ ਵਸਤੂ ‘ਆਜ਼ਾਦੀ’ ਹੈ। ਜਿਸ ਮਨੁੱਖ ਪਾਸ ਆਜ਼ਾਦੀ ਹੈ, ਉਹ ਆਦਮੀ ਧੰਨ ਹੈ। ਸਾਡੀ ਬੇਰੁਜ਼ਗਾਰੀ ਤਦੇ ਹੈ, ਜੇ ਸਾਡੇ ‘ਤੇ ਰਾਜ ਕਰਨ ਵਾਲੀ ਹਕੂਮਤ ਸਾਨੂੰ ਕੁਲੀ ਕੁਲੀ ਅਤੇ ਕਾਲੇਮੈਨ ਆਦਿ ਲਫਜ਼ ਆਖ ਆਖ ਠੁੱਡੇ ਮਾਰ ਰਹੀ ਤੇ ਸਦਾ ਹੀ ਸਾਨੂੰ ਆਪਣੇ ਰੋਹਬ ਹੇਠ ਰੱਖਣ ਲਈ ਹਜ਼ਾਰਾਂ ਬੇਗੁਨਾਹਾਂ ਦਾ ਖੂਨ ਬਹਾ ਰਹੀ ਹੈ ਅਤੇ ਭੈੜੀਆਂ ਚਾਲਾਂ ਚਲ ਰਹੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਜ਼ਾਦ ਹੋਣ ਲਈ ਆਪਣੀ ਹਰ ਇਕ ਪਿਆਰੀ ਚੀਜ਼ ਕੁਰਬਾਨ ਕਰ ਦੇਈਏ ਤਾਂ ਕਿ ਅਸੀਂ ਆਪਣੀਆਂ ਸਾਰੀਆਂ ਔਕੜਾਂ ਤੋਂ ਛੁਟਕਾਰਾ ਪਾਈਏ।
ਆਜ਼ਾਦੀ ਲੈਣ ਲਈ ਤਨ ਮਨ ਅਤੇ ਧਨ ਆਦਿ ਹਰ ਇਕ ਪ੍ਰਕਾਰ ਦੀ ਲੋੜ ਹੈ। ਹੋਰ ਚੀਜ਼ਾਂ ਨਾਲੋਂ ਸਰੀਰਕ ਕੁਰਬਾਨੀ ਦੀ ਵਧੇਰੇ ਲੋੜ ਹੈ। ਮਾਇਆ ਆਦਿ ਦਾ ਨੁਕਸਾਨ ਤਾਂ ਸਹਾਰ ਲਿਆ ਜਾਂਦਾ ਹੈ ਪਰ ਸਰੀਰਕ ਤਕਲੀਫਾਂ ਕੋਈ ਮਾਂ ਦਾ ਸ਼ੇਰ ਹੀ ਝੱਲ ਸਕਦਾ ਹੈ। ਸਰੀਰਕ ਕੁਰਬਾਨੀ ਕਰਨੀ ਤਕੜੇ ਅਤੇ ਸਰੀਰ ਵਾਲੇ ਮਨੁੱਖਾਂ ਦੀ ਲੋੜ ਹੈ ਅਤੇ ਨਾਲ ਹੀ ਉਤਸ਼ਾਹ ਦੀ ਵੀ ਲੋੜ ਹੈ। ਇਹ ਆਮ ਦੇਖਣ ਵਿਚ ਆਇਆ ਹੈ ਕਿ ਇਹ ਬਹੁਤ ਹੱਦ ਤਾਂਈਂ ਸੱਚ ਵੀ ਹੈ ਕਿ ਆਜ਼ਾਦੀ ਦੀਆਂ ਲਹਿਰਾਂ ਵਿਚ ਸਭ ਤੋਂ ਵਧ ਕੇ ਅਤੇ ਉਤਸ਼ਾਹ ਨਾਲ ਨੌਜਵਾਨ ਹੀ ਹਿੱਸਾ ਲੈਂਦੇ ਰਹਿਣ। ਹੁਣ ਜਦ ਸਾਡਾ ਦੇਸ਼ ਮੁਸੀਬਤਾਂ ਵਿਚੋਂ ਲੰਘ ਰਿਹਾ ਹੈ, ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਪਿਆ ਹੈ ਅਤੇ ਇਸ ਦੀਆਂ ਇਹ ਜ਼ੰਜੀਰਾਂ ਤੋੜਨ ਲਈ ਨੌਜਵਾਨਾਂ ਨੂੰ ਮੈਦਾਨ ਵਿਚ ਆਉਣਾ ਚਾਹੀਦਾ ਹੈ।

ਗਦਰ ਦੀ ਕਾਮਯਾਬੀ ਵਾਸਤੇ ਕਿਹੜੇ ਕਿਹੜੇ ਹਥਿਆਰ ਦੀ ਲੋੜ ਹੈ
ਗਦਰ ਦਾ ਭਾਵ ਸਿੱਧੇ-ਸਾਦੇ ਲਫਜ਼ਾਂ ਵਿਚ ਤਬਦੀਲੀ ਜਾਂ ਜੰਗ-ਗਰਦੀ ਹੈ। ਇਹ ਤਬਦੀਲੀ ਦੋ ਤਰ੍ਹਾਂ (ਅਥਵਾ ਦੋ ਹਥਿਆਰਾਂ) ਨਾਲ ਆ ਸਕਦੀ ਹੈ-ਤਿੱਖਾ ਪ੍ਰਚਾਰ ਅਤੇ ਤਲਵਾਰ। ਤਲਵਾਰ ਬਿਨਾ ਕਿਸੇ ਸ਼ੱਕ ਦੇ। ਪ੍ਰਚਾਰ ਅਤੇ ਤਲਵਾਰ ਦੋ ਪਰਖੇ ਹੋਏ ਹਥਿਆਰ ਹਨ, ਜਿਨ੍ਹਾਂ ਨੂੰ ਵਰਤ ਕੇ ਗਦਰੀ ਆਪਣੇ ਆਦਰਸ਼ ਨੂੰ ਸਿੱਧ ਕਰ ਸਕਦੇ ਹਨ। ਦੁਨੀਆਂ ਵਿਚ ਅੱਜ ਤਕ ਕੋਈ ਵੀ ਗਦਰ ਇਨ੍ਹਾਂ ਦੋ ਹਥਿਆਰਾਂ ਦੇ ਇਸਤੇਮਾਲ ਕੀਤੇ ਬਿਨਾ ਕਾਮਯਾਬ ਨਹੀਂ ਹੋਇਆ। ਇਤਿਹਾਸ ਇਸ ਗੱਲ ਦੀ ਪੂਰੀ ਪੂਰੀ ਗਵਾਹੀ ਦਿੰਦਾ ਹੈ। ਪ੍ਰਚਾਰ ਤਲਵਾਰ ਤੋਂ ਪਹਿਲਾਂ ਆਉਂਦਾ ਹੈ, ਜਾਂ ਇਉਂ ਕਹੋ ਕਿ ਪ੍ਰਚਾਰ, ਤਲਵਾਰ ਉਠਾਉਣ ਲਈ ਤਿਆਰ ਕਰਦਾ ਹੈ। ਇਹ ਲੋਕਾਂ ਨੂੰ ਉਨ੍ਹਾਂ ਦੀ ਦੁਰਦਸ਼ਾ ਤੋਂ (ਖਬਰਦਾਰ) ਕਰਦਾ ਹੈ ਅਤੇ ਉਨ੍ਹਾਂ ਦੀ ਹਾਲਤ ਨੂੰ ਸੁਧਾਰਨ ਦੇ ਰਸਤੇ ਦੱਸਦਾ ਹੈ। ਬਿਨਾ ਪ੍ਰਚਾਰ ਤੋਂ ਤਲਵਾਰ ਉਠਾਉਣਾ ਜਾਂ ਇੰਜ ਆਖੋ ਕਿ ਪ੍ਰਚਾਰ ਨਾਲ ਲੋਕਾਂ ਨੂੰ ਉਨ੍ਹਾਂ ਦੀ ਦੁਰਦਸ਼ਾ ਤੋਂ ਜਾਣੂ ਕਰਾਉਣ ਤੋਂ ਬਗੈਰ ਤਲਵਾਰ ਉਠਾਉਣੀ ਜਾਣ-ਬੁਝ ਕੇ ਨਾਕਾਮਯਾਬੀ ਦੇ ਕਰਜ਼ੇ ਅਤੇ ਦਰਵਾਜੇ ‘ਤੇ ਦਸਤਕ ਦੇਣੀ ਹੈ। ਇਸ ਲਈ ਪ੍ਰਚਾਰ ਬਾਰੇ ਇਕ ਫਾਰਸੀ ਦਾ ਸ਼ਾਇਰ ਇਉਂ ਲਿਖਦਾ ਹੈ:
ਖਿਚੇ ਨਾ ਕਮਾਨੋ ਕੋ ਤਲਵਾਰ ਨਿਕਾਲੋ।
ਗਰ ਤੋਪ ਮੁਕਾਬਲ ਹੋ ਅਖਬਾਰ ਨਿਕਾਲੋ।
ਸੋ ਸਭ ਤੋਂ ਵੱਡੀ ਗੱਲ ਪਹਿਲੇ ਪ੍ਰਚਾਰ ਦਾ ਹੋਣਾ ਹੈ। ਸੁੱਤਿਆਂ ਨੂੰ ਜਗਾਉਣਾ ਇਸ ਦਾ ਮਿਸ਼ਨ ਹੈ। ਬਿਨਾ ਪ੍ਰਚਾਰ ਗਦਰੀ ਲਹਿਰ ਦਾ ਜਿੰਦਾ ਜਾਂ ਕਾਇਮ ਰਹਿਣਾ ਬਿਲਕੁਲ ਅਸੰਭਵ ਅਤੇ ਨਾ-ਮੁਮਕਿਨ ਹੈ। ਜਦ ਪ੍ਰਚਾਰ ਦੇ ਜ਼ੋਰ ਆਪ ਲੋਕਾਂ ਦੇ ਖਿਆਲ ਪਲਟੀ ਖਾ ਜਾਂਦੇ ਹਨ, ਤਦ ਉਹ ਆਪਣੇ ਖਿਆਲਾਂ ਨੂੰ ਅਮਲੀ ਜਾਮਾ ਪਹਿਨਾਏ ਬਿਨਾ ਨਹੀਂ ਰਹਿ ਸਕਦੇ। ਹੁਣ ਤਲਵਾਰ ਦਾ ਵਕਤ ਆਉਂਦਾ ਹੈ ਅਤੇ ਤੇਜ਼ਧਾਰ ਗਦਰੀ ਤਲਵਾਰ ਮਿਆਨ ਵਿਚੋਂ ਬਾਹਰ ਨਿਕਲਦੀ ਹੈ ਅਤੇ ਜ਼ਾਲਮਾਂ ਦੀ ਰੰਜ ਨਾਲ ਆਪਣੇ ਦਿਲ ਦੀ ਅੱਗ ਨੂੰ ਬੁਝਾਉਂਦੀ ਹੈ।