ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੇ ਚਿਰਾਂ ਦੀ ਢਿੱਲ-ਮੱਠ ਤੋਂ ਬਾਅਦ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸਵੀਕਾਰ ਕਰ ਗਿਆ। ਇਸ ਵੇਲੇ ਬਿਨਾ ਸ਼ੱਕ, ਸ਼੍ਰੋਮਣੀ ਕਮੇਟੀ ਅਤੇ ਹੋਰ ਅਹਿਮ ਸਿੱਖ ਸੰਸਥਾਵਾਂ ਉਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਇਸ ਅਕਾਲੀ ਦਲ ਨੂੰ ਪਿਛਲੇ ਸਮੇਂ ਤੋਂ ਬਾਦਲ ਪਰਿਵਾਰ ਹੀ ਚਲਾ ਰਿਹਾ ਹੈ।
ਅਸਲ ਵਿਚ ਹੁਣ ਵਾਲਾ ਪੰਥਕ ਸੰਕਟ ਬਾਦਲ ਪਰਿਵਾਰ ਦੀ ਇਸ ਤਾਨਾਸ਼ਾਹੀ ਕਰਕੇ ਹੀ ਪੈਦਾ ਹੋਇਆ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸਰਕਰਦਾ ਅਤੇ ਸੀਨੀਅਰ ਲੀਡਰਾਂ ਤੋਂ ਇਲਾਵਾ ਕਈ ਸਥਾਨਕ ਲੀਡਰਾਂ ਨੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਦੇ ਪੁਰਾਣੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਉਨ੍ਹਾਂ ਦੀ ਕੋਈ ਸੱਦ-ਪੁੱਛ ਨਹੀਂ ਰਹੀ ਅਤੇ ਪਾਰਟੀ ਨੂੰ ਪ੍ਰਬੰਧਕੀ ਆਧਾਰ ਉਤੇ ਚਲਾਉਣ ਦੀ ਕੋਸ਼ਿਸ਼ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਲਗਾਤਾਰ ਖਿਲਵਾੜ ਕੀਤਾ ਹੈ।
ਪੰਥਕ ਸਿਆਸਤ ਅੰਦਰ ਇਹ ਸੰਕਟ ਪਿਛਲੇ ਕਾਫੀ ਸਮੇਂ ਤੋਂ ਮੰਡਰਾ ਰਿਹਾ ਸੀ। ਸਾਲ 2007 ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਦਿੱਤੀ ਗਈ। ਇਹੀ ਉਹ ਵਕਤ ਸੀ ਜਦੋਂ ਸਮੁੱਚੀ ਪਾਰਟੀ ਉਤੇ ਬਾਦਲ ਪਰਿਵਾਰ ਦੇ ਕਬਜ਼ੇ ਦੀ ਕਹਾਣੀ ਅਰੰਭ ਹੋਈ। ਇਹੀ ਉਹ ਵਕਤ ਵੀ ਸੀ, ਜਦੋਂ ਡੇਰਾ ਸਿਰਸਾ ਦੇ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਦੇ ਮਾਮਲੇ ਮਗਰੋਂ ਅਕਾਲ ਤਖਤ ਨੇ ਡੇਰੇ ਖਿਲਾਫ ਹੁਕਮਨਾਮਾ ਜਾਰੀ ਕਰ ਦਿੱਤਾ ਸੀ।
ਜਿਥੋਂ ਤਕ ਗਿਆਨੀ ਗੁਰਬਚਨ ਸਿੰਘ ਦਾ ਮਾਮਲਾ ਹੈ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਗ੍ਹਾ 2008 ਵਿਚ ਲਾਏ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਇਕ ਦਹਾਕੇ ਦਾ ਕਾਰਜਕਾਲ ਸਦਾ ਵਿਵਾਦਾਂ ਵਿਚ ਘਿਰਿਆ ਰਿਹਾ। ਨਾਨਕਸ਼ਾਹੀ ਕੈਲੰਡਰ ਉਤੇ ਸਰਬਸੰਮਤੀ ਬਣਾਏ ਬਿਨਾ ਇਸ ਵਿਚ ਸੋਧਾਂ ਨੂੰ 2009 ਵਿਚ ਦਿੱਤੀ ਮਨਜ਼ੂਰੀ ਅਜੇ ਤੱਕ ਵਿਵਾਦ ਬਣੀ ਹੋਈ ਹੈ। 2011 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖਰ-ਏ-ਕੌਮ’ ਦਾ ਖਿਤਾਬ ਦੇਣ ਦਾ ਫੈਸਲਾ ਵੀ ਪੰਥਕ ਹਲਕਿਆਂ ਵਿਚ ਵਿਵਾਦ ਬਣਿਆ ਰਿਹਾ। 2015 ਵਿਚ ਫਿਲਮ ‘ਨਾਨਕਸ਼ਾਹ ਫਕੀਰ’ ਨੂੰ ਥਾਪੜਾ ਦੇਣ ਅਤੇ ਲੋਕਾਂ ਦੇ ਵਿਰੋਧ ਤੋਂ ਬਾਅਦ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ। ਸਤੰਬਰ 2015 ਵਿਚ ਜਥੇਦਾਰ ਨੇ ਡੇਰਾ ਮੁਖੀ ਨੂੰ ਮੁਆਫੀ ਦੇ ਦਿੱਤੀ ਪਰ ਪੰਥਕ ਹਲਕਿਆਂ ਵਿਚ ਭੜਕੇ ਰੋਹ ਕਾਰਨ ਇਹ ਵਾਪਸ ਵੀ ਲੈਣੀ ਪਈ। ਹੁਣ ਅਸਤੀਫਾ ਦੇਣ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਮੁਖੀ ਨੂੰ ਮੁਆਫੀ ਬਾਰੇ ਗਲਤੀ ਸਵੀਕਾਰ ਕਰਕੇ ਪੰਥ ਕੋਲੋਂ ਮੁਆਫੀ ਮੰਗੀ ਹੈ।
ਅਸਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਸਬੰਧਿਤ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਤਾਂ ਦੂਰ ਰਹੀ, ਢੰਗ ਨਾਲ ਜਾਂਚ ਵੀ ਨਹੀਂ ਕਰਵਾਈ ਗਈ। ਹੁਣ ਬਰਗਾੜੀ ਵਿਚ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਮੋਰਚੇ ਨੇ ਪੰਜਾਬ ਨੂੰ ਦੀ ਸਿਆਸੀ ਅਤੇ ਧਾਰਮਿਕ ਫਿਜ਼ਾ ਅੰਦਰ ਕਿਸੇ ਤਬਦੀਲੀ ਦੇ ਸੰਕੇਤ ਦਿੱਤੇ ਹਨ। ਆਮ ਲੋਕਾਂ ਦੀ ਸ਼ਰਧਾ ਅਤੇ ਹੁੰਗਾਰੇ ਨੇ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਉਧਰ, ਪੰਥਕ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਵਿਚ ਕੀਤੀ ਦੋ ਰੋਜ਼ਾ ਪੰਥਕ ਅਸੈਂਬਲੀ ਨੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਲਈ ਮਾਪਦੰਡ ਤੈਅ ਕਰਨ, ਬਰਗਾੜੀ ਮੋਰਚੇ ਦੀ ਹਮਾਇਤ ਅਤੇ ਬਾਦਲਾਂ ਦੇ ਬਾਈਕਾਟ ਬਾਰੇ ਸੱਦਾ ਵੀ ਦਿੱਤਾ ਹੈ। ਜਾਹਰ ਹੈ ਕਿ ਇਸ ਮਸਲੇ ਦੀ ਹੁਣ ਇਕ ਨਹੀਂ, ਅਨੇਕ ਪਰਤਾਂ ਹਨ ਅਤੇ ਬਾਦਲਾਂ ਨੂੰ ਇਹ ਮਸਲੇ ਨਜਿੱਠਣ ਲਈ ਕੋਈ ਲੜ-ਸਿਰਾ ਨਹੀਂ ਲੱਭ ਰਿਹਾ। ਹੁਣ ਸਭ ਦੀਆਂ ਨਜ਼ਰਾਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਤੇ ਹਨ। ਇਸ ਅਹੁਦੇ ਲਈ ਅਜਿਹੀ ਸ਼ਖਸੀਅਤ ਦੀ ਭਾਲ ਕੀਤੀ ਜਾ ਰਹੀ ਸੀ ਜੋ ਸਭ ਪੰਥਕ ਧਿਰਾਂ ਨੂੰ ਸਵੀਕਾਰ ਹੋਵੇ ਜਾਂ ਘੱਟੋ-ਘੱਟ ਵਿਰੋਧ ਨਾ ਹੋਵੇ। ਇਸ ਲਈ ਪਿਛਲੇ ਸਮੇਂ ਦੌਰਾਨ ਬਾਦਲਾਂ ਨੂੰ ਪਈ ਪਛਾੜ ਅਤੇ ਪੰਥਕ ਧਿਰਾਂ ਦੀ ਚੜ੍ਹਤ ਦੀਆਂ ਸਭ ਗਿਣਤੀਆਂ-ਮਿਣਤੀਆਂ ਤੋਂ ਬਾਅਦ ਗੁਣਾ ਗਿਆਨੀ ਹਰਪ੍ਰੀਤ ਸਿੰਘ ਉਤੇ ਪਾਇਆ ਗਿਆ ਹੈ।
ਦੱਸਣਾ ਬਣਦਾ ਹੈ ਕਿ ਉਨ੍ਹਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਉਦੋਂ ਥਾਪਿਆ ਗਿਆ ਸੀ ਜਦੋਂ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਬਾਦਲਾਂ ਖਿਲਾਫ ਧੀਮੀ ਸੁਰ ਵਿਚ ਹੀ ਸਹੀ, ਪਰ ਆਵਾਜ਼ ਉਠਾਈ ਸੀ। ਉਦੋਂ ਗਿਆਨੀ ਗੁਰਮੁਖ ਸਿੰਘ ਦੀ ਤੁਰੰਤ ਬਦਲੀ ਕਰ ਦਿੱਤੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਬਾਦਲਾਂ ਦੇ ਦਬਾਅ ਕਾਰਨ ਉਨ੍ਹਾਂ ਇਕ ਵਾਰ ਫਿਰ ਬਾਦਲਾਂ ਦੀ ਸੁਰ ਵਿਚ ਸੁਰ ਮਿਲਾ ਲਈ ਅਤੇ ਡੇਰਾ ਮੁਖੀ ਨੂੰ ਮੁਆਫੀ ਦੇ ਮਾਮਲੇ ‘ਤੇ ਆਪਣੇ ਪਹਿਲੇ ਬਿਆਨ ਤੋਂ ਪਿਛਾਂਹ ਹਟ ਗਏ ਸਨ। ਉਂਜ, ਲੋਕ ਇਹ ਭਲੀ-ਭਾਂਤ ਜਾਣ ਗਏ ਸਨ ਕਿ ਇਹ ਸਾਰਾ ਕੁਝ ਬਾਦਲਾਂ ਦੇ ਦਬਾਅ ਕਾਰਨ ਹੀ ਹੋ ਰਿਹਾ ਹੈ। ਸਿੱਟੇ ਵਜੋਂ ਬਾਦਲ ਪਰਿਵਾਰ ਖਿਲਾਫ ਰੋਹ ਅਤੇ ਰੋਸ ਹੋਰ ਵਧ ਗਿਆ। ਹੁਣ ਹਾਲਾਤ ਇਹ ਹਨ ਕਿ ਬਾਦਲ ਪਰਿਵਾਰ ਨੂੰ ਆਪਣੇ ਜਨਤਕ ਸਮਾਗਮਾਂ ਤੋਂ ਵੀ ਪਾਸਾ ਵੱਟਣਾ ਪੈ ਰਿਹਾ ਹੈ। ਇਸ ਲਈ ਸਵਾਲ ਹੁਣ ਇਹ ਹੈ ਕਿ ਅਕਾਲੀ ਦਲ ਨੂੰ ਵੱਜੀ ਪਛਾੜ ਕਾਰਨ ਪੈਦਾ ਹੋਇਆ ਪੰਥਕ ਖਲਾਅ ਕੌਣ ਭਰੇਗਾ? ਬਰਗਾੜੀ ਮੋਰਚੇ ਤੋਂ ਪਹਿਲਾਂ ਵੀ ਪੰਥਕ ਧਿਰਾਂ ਇਕਜੁਟ ਹੋਣ ਦੀ ਕਵਾਇਦ ਕਰਦੀਆਂ ਰਹੀਆਂ ਹਨ, ਪਰ ਬਾਦਲਾਂ ਨੂੰ ਚੁਣੌਤੀ ਕਦੀ ਵੀ ਨਾ ਦੇ ਸਕੀਆਂ। ਹੁਣ ਵੀ ਇਹ ਧਿਰਾਂ ਇਕਮੁਠਤਾ ਦਾ ਮੁਜਾਹਰਾ ਕਰਨ ਤੋਂ ਨਾਕਾਮ ਰਹੀਆਂ ਹਨ। ਅਸਲ ਵਿਚ ਇਨ੍ਹਾਂ ਧਿਰਾਂ ਦਾ ਅਸਲ ਮਸਲਾ ਲੀਡਰਸ਼ਿਪ ਦਾ ਹੈ। ਕੋਈ ਠੁੱਕਦਾਰ ਲੀਡਰਸ਼ਿਪ ਉਭਰ ਕੇ ਸਾਹਮਣੇ ਨਾ ਆਉਣ ਕਾਰਨ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੂੰ ਅਗਾਂਹ ਹੁਲਾਰਾ ਨਹੀਂ ਮਿਲਦਾ। ਜਿੰਨੀ ਦੇਰ ਤੱਕ ਦਮਖਮ ਵਾਲੀ ਕੋਈ ਲੀਡਰਸ਼ਿਪ ਨਹੀਂ ਉਭਰਦੀ, ਓਨੀ ਦੇਰ ਸੂਬੇ ਅੰਦਰ ਕਿਸੇ ਵੱਡੀ ਤਬਦੀਲੀ ਦੀਆਂ ਉਮੀਦਾਂ ਲੱਗੀਆਂ ਰਹਿਣਗੀਆਂ।