ਹੁਣ ਜਥੇਦਾਰ ਬਦਲ ਕੇ ਸਾਖ ਬਚਾਉਣ ਦੀ ਕਵਾਇਦ

ਗਿਆਨੀ ਗੁਰਬਚਨ ਸਿੰਘ ਦੀ ਜਥੇਦਾਰ ਵਜੋਂ ਛੁੱਟੀ ਜਾਂ ਅਸਤੀਫਾ?
ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ
ਅੰਮ੍ਰਿਤਸਰ: ਗਿਆਨੀ ਗੁਰਬਚਨ ਸਿੰਘ ਨੇ ਆਖਰ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਹੀ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਕਾਰਨ ਵਿਵਾਦਾਂ ਵਿਚ ਘਿਰਨ ਪਿਛੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਲਗਾਤਾਰ ਉਠਦੀ ਰਹੀ, ਪਰ ਵਿਰੋਧ ਦੇ ਬਾਵਜੂਦ ਉਹ ਅਹੁਦੇ ਉਤੇ ਡਟੇ ਰਹੇ। ਜਥੇਦਾਰ ਨੇ ਭਾਵੇਂ ਅਹੁਦਾ ਛੱਡਣ ਦਾ ਕਾਰਨ ਸਿਹਤ ਢਿੱਲੀ ਹੋਣਾ ਦੱਸਿਆ ਹੈ ਪਰ ਚਰਚਾ ਹੈ ਕਿ ਉਹ ਜਾਂਦੇ-ਜਾਂਦੇ ਵੀ ਬਾਦਲ ਪਰਿਵਾਰ ਦਾ ਹੁਕਮ ਪੁਗਾ ਗਏ।

ਅਸਤੀਫਾ ਦੇਣ ਤੋਂ ਇਕ ਦਿਨ ਪਹਿਲਾਂ ਉਹ ਦਾਅਵਾ ਕਰ ਰਹੇ ਸਨ ਕਿ ਉਹ ਚੰਗੇ ਭਲੇ ਹਨ ਤੇ ਜਦੋਂ ਮਨ ਕਰੇਗਾ, ਉਦੋਂ ਹੀ ਅਹੁਦਾ ਛੱਡਣਗੇ, ਪਰ ਅਗਲੇ ਹੀ ਦਿਨ ਉਨ੍ਹਾਂ ਦਾ ਮਨ ਬਦਲ ਗਿਆ। ਦਰਅਸਲ, ਇਹ ਗੱਲ ਲੁਕੀ ਹੋਈ ਨਹੀਂ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚ ਜਥੇਦਾਰ ਦੀ ਛੁੱਟੀ ਕਰਨ ਸਬੰਧੀ ਹੋ ਰਹੀ ਲਾਮਬੰਦੀ ਪਿਛੋਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਇਸ ਦੀ ਕਾਫੀ ਦਿਨ ਪਹਿਲਾਂ ਹੀ ਤਿਆਰੀ ਹੋ ਗਈ ਸੀ ਅਤੇ ਮੌਕਾ ਦੇਖ ਕੇ ਐਲਾਨ ਕਰਨਾ ਹੀ ਬਾਕੀ ਸੀ। ਚਰਚਾ ਹੈ ਕਿ ਜਥੇਦਾਰ ਦਾ ਅਸਤੀਫਾ ਪੂਰੀ ਰਣਨੀਤੀ ਤਹਿਤ ਲਿਆ ਗਿਆ ਹੈ। ਜਿਸ ਦਿਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਮ ਕਮੇਟੀ ਵਿਚ 13 ਨਵੰਬਰ ਨੂੰ ਕਮੇਟੀ ਦੀ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਦਾ ਐਲਾਨ ਕੀਤਾ ਗਿਆ, ਉਸੇ ਦਿਨ ਸ਼ਾਮ ਨੂੰ ਜਥੇਦਾਰ ਤੋਂ ਅਸਤੀਫਾ ਮੰਗ ਲਿਆ ਗਿਆ; ਕਿਉਂਕਿ ਨਿਯਮਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਦੇ ਐਲਾਨ ਪਿਛੋਂ ਪੁਰਾਣੀ ਕਮੇਟੀ ਜਥੇਦਾਰ ਦੀ ਚੋਣ ਸਬੰਧੀ ਫੈਸਲਾ ਨਹੀਂ ਕਰ ਸਕਦੀ।
ਇਸ ਲਈ ਨਵਾਂ ਜਥੇਦਾਰ ਚੁਣਨ ਲਈ ਕਾਫੀ ਸਮਾਂ ਮਿਲ ਗਿਆ। ਇਸ ਸੂਰਤ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾ ਦਿੱਤਾ ਗਿਆ। ਚਰਚਾ ਹੈ ਕਿ ਇਹ ਵਿਸ਼ੇਸ਼ ਰਣਨੀਤੀ ਤਹਿਤ ਕੀਤਾ ਗਿਆ ਹੈ, ਕਿਉਂਕਿ ਇੰਨੇ ਸਮੇਂ ਵਿਚ ਲੋਕਾਂ ਦਾ ਮਨ ਪੜ੍ਹਨ ਦਾ ਮੌਕਾ ਮਿਲ ਜਾਵੇਗਾ ਅਤੇ ਇਹ ਵੀ ਪਤਾ ਲੱਗ ਜਾਵੇਗਾ ਕਿ ਉਹ ਬਾਦਲ ਪਰਿਵਾਰ ਲਈ ਫਿੱਟ ਬੈਠਦੇ ਹਨ ਜਾਂ ਨਹੀਂ। ਦਿਲਚਸਪ ਤੱਥ ਇਹ ਵੀ ਹੈ ਕਿ ਸੇਵਾ ਮੁਕਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਬਾਦਲਾਂ ਦੇ ਗੜ੍ਹ ਜ਼ਿਲ੍ਹਾ ਮੁਕਤਸਰ ਦੇ ਸਨ ਅਤੇ ਗਿਆਨੀ ਹਰਪ੍ਰੀਤ ਸਿੰਘ ਵੀ ਜ਼ਿਲ੍ਹਾ ਮੁਕਤਸਰ ਦੇ ਕਸਬਾ ਗਿੱਦੜਬਾਹਾ ਤੋਂ ਹਨ। ਅਹਿਮ ਗੱਲ ਹੈ ਕਿ ਇਸ ਨਿਯੁਕਤੀ ਲਈ ਸ਼੍ਰੋਮਣੀ ਕਮੇਟੀ ਨੇ ਪੰਥਕ ਜਥੇਬੰਦੀਆਂ ਨਾਲ ਕੋਈ ਵਿਚਾਰ ਚਰਚਾ ਨਹੀਂ ਕੀਤੀ। ਇਸ ਬਾਰੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਫਿਲਹਾਲ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ। ਇਸ ਮਗਰੋਂ ਪੱਕੇ ਤੌਰ ‘ਤੇ ਜਥੇਦਾਰ ਦੀ ਨਿਯੁਕਤੀ ਸਮੂਹ ਪੰਥਕ ਧਿਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਹੀ ਕੀਤੀ ਜਾਏਗੀ। ਸਿੱਖ ਪੰਥ ਵਿਚ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰ ਦੀ ਨਿਯੁਕਤੀ ਸਮੂਹ ਸਿੱਖ ਸੰਸਥਾਵਾਂ ਦੀ ਸਲਾਹ ਨਾਲ ਹੀ ਕੀਤੀ ਜਾਵੇ ਅਤੇ ਨਾਲ ਹੀ ਇਸ ਬਾਰੇ ਠੋਸ ਨਿਯਮ ਬਣਾਏ ਜਾਣ।
ਦਰਅਸਲ, ਇਸ ਵੇਲੇ ਸ਼੍ਰੋਮਣੀ ਅਕਾਲੀ ਦਲ, ਖਾਸਕਰ ਬਾਦਲ ਪਰਿਵਾਰ ਵੱਡੇ ਸੰਕਟ ਵਿਚ ਘਿਰਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦੇ ਇਲਜ਼ਾਮਾਂ ਕਰ ਕੇ ਸਾਬਕਾ ਜਥੇਦਾਰ ਖਿਲਾਫ ਸਿੱਖ ਸੰਗਤ ਵਿਚ ਰੋਹ ਸੀ। ਇਸ ਲਈ ਬਾਦਲ ਪਰਿਵਾਰ ਉਨ੍ਹਾਂ ਨੂੰ ਹਟਾ ਕੇ ਕਿਸੇ ਅਜਿਹੇ ਸ਼ਖ਼ਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਾਉਣਾ ਚਾਹੁੰਦੇ ਸੀ ਜਿਹੜੇ ਉਨ੍ਹਾਂ ਦੇ ਭਰੋਸੇਯੋਗ ਹੋਣ ਅਤੇ ਉਨ੍ਹਾਂ ਦਾ ਅਕਸ ਵੀ ਸਾਫ ਸੁਥਰਾ ਹੋਏ। ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਵੱਧ ਪੜ੍ਹੇ-ਲਿਖੇ ਜਥੇਦਾਰ ਹਨ। ਉਹ ਪੰਜਾਬੀ ਯੂਨੀਵਰਸਿਟੀ ਤੋਂ ਪੀæਐਚæਡੀæ ਕਰ ਰਹੇ ਹਨ। ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਨੇੜਤਾ ਹੈ।

ਬਾਕਸ
ਜਥੇਦਾਰ ਵਜੋਂ ਵਿਵਾਦਪੂਰਨ ਕਾਰਜਕਾਲ
2008 ਵਿਚ ਅਹੁਦਾ ਸੰਭਾਲਣ ਪਿਛੋਂ ਗਿਆਨੀ ਗੁਰਬਚਨ ਸਿੰਘ ਦਾ ਇਕ ਦਹਾਕੇ ਦਾ ਕਾਰਜਕਾਲ ਵਿਵਾਦਪੂਰਨ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ‘ਤੇ ਸਰਬਸੰਮਤੀ ਬਣਾਏ ਬਿਨਾਂ ਇਸ ਵਿਚ ਸੋਧਾਂ ਨੂੰ 2009 ਵਿਚ ਦਿੱਤੀ ਮਨਜ਼ੂਰੀ ਅਜੇ ਤੱਕ ਵਿਵਾਦ ਬਣੀ ਹੋਈ ਹੈ। ਜਥੇਦਾਰ ਵੱਲੋਂ 2011 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਦਾ ਖਿਤਾਬ ਦੇਣ ਦਾ ਫੈਸਲਾ ਵੀ ਵਿਵਾਦ ਵਿਚ ਘਿਰਿਆ ਰਿਹਾ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਸਭ ਤੋਂ ਵੱਧ ਵਿਵਾਦ ਦਾ ਕਾਰਨ ਬਣੀ। ਉਨ੍ਹਾਂ ਉਤੇ ਬਾਦਲ ਦੇ ਹੁਕਮ ਮੁਤਾਬਕ ਚੱਲਣ ਦੇ ਦੋਸ਼ ਲੱਗੇ। ਇਸ ਪਿੱਛੋਂ ਉਨ੍ਹਾਂ ਉਤੇ ਅਹੁਦਾ ਛੱਡਣ ਦਾ ਦਬਾਅ ਬਣਿਆ। ਲੋਕ ਰੋਹ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਨੇ ਸਰਬੱਤ ਖਾਲਸਾ ਬੁਲਾ ਕੇ ਮੁਤਵਾਜ਼ੀ ਜਥੇਦਾਰ ਚੁਣ ਦਿੱਤੇ। ਬਰਗਾੜੀ ਮੋਰਚਾ ਉਨ੍ਹਾਂ ਦੀ ਹੀ ਅਗਵਾਈ ਵਿਚ ਚੱਲ ਰਿਹਾ ਹੈ।