ਰੇਲ ਹਾਦਸਾ: ਮੋਇਆਂ ‘ਤੇ ਵੀ ਸਿਆਸਤ

ਚੰਡੀਗੜ੍ਹ: ਅੰਮ੍ਰਿਤਸਰ ਦੇ ਭਿਆਨਕ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਥਾਂ ਇਸ ਮੁੱਦੇ ਉਤੇ ਸਿਆਸੀ ਰੋਟੀਆਂ ਸੇਕਣ ਉਤੇ ਜ਼ੋਰ ਲੱਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਜਿਥੇ ਇਸ ਹਾਦਸੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ, ਉਥੇ ਹਾਕਮ ਧਿਰ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਸਿੱਧੂ ਦਾ ਅਕਸ ਖਰਾਬ ਕਰਨ ਲਈ ਜਾਣਬੁਝ ਕੇ ਇਹ ਹਾਦਸਾ ਕਰਵਾਇਆ ਗਿਆ ਹੈ।

ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਸਿੱੱਧੂ ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਤਰਕ ਦੇ ਰਹੇ ਹਨ ਕਿ ਆਮ ਤੌਰ ਉਤੇ 30-40 ਦੀ ਰਫਤਾਰ ਉਤੇ ਚੱਲਣ ਵਾਲੀ ਇਹ ਲੋਕਲ ਰੇਲਗੱਡੀ ਨੇ 100 ਤੋਂ ਵੀ ਵੱਧ ਦੀ ਰਫਤਾਰ ਕਿਵੇਂ ਫੜੀ।
ਦੂਜਾ, ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ਉਤੇ ਗੇਟਮੈਨ ਭੀੜ ਨੂੰ ਵੇਖ ਰਿਹਾ ਸੀ, ਉਸ ਨੇ ਗਰੀਨ ਸਿਗਨਲ ਕਿਵੇਂ ਦੇ ਦਿੱਤਾ। ਦੂਜੇ ਪਾਸੇ ਅਕਾਲੀ ਆਖ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਜੇਕਰ ਦੁਸਹਿਰਾ ਪ੍ਰੋਗਰਾਮ ਵਿਚ ਸਹੀ ਸਮੇਂ ਉਤੇ ਪੁੱਜਦੀ ਤਾਂ ਹਾਦਸਾ ਹੋਣਾ ਹੀ ਨਹੀਂ ਸੀ। ਦੱਸ ਦਈਏ ਕਿ ਰੇਲ ਵਿਭਾਗ ਪਹਿਲਾਂ ਹੀ ਇਸ ਹਾਦਸੇ ਦੀ ਜਾਂਚ ਤੋਂ ਇਹ ਕਹਿ ਕੇ ਭੱਜ ਗਿਆ ਹੈ ਕਿ ਲੋਕ ਗੈਰ ਕਾਨੂੰਨੀ ਢੰਗ ਨਾਲ ਰੇਲ ਲਾਈਨ ਉਤੇ ਖੜ੍ਹੇ ਸਨ, ਇਸ ਲਈ ਉਹ ਆਪਣੀ ਮੌਤ ਦੇ ਆਪ ਜਿੰਮੇਵਾਰ ਹਨ ਪਰ ਹਾਦਸੇ ਸਮੇਂ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਰੇਲ ਦੀ ਹੈੱਡ ਲਾਈਟ ਬੰਦ ਸੀ, ਡਰਾਇਵਰ ਨੇ ਭੀੜ ਵੇਖਣ ਦੇ ਬਾਵਜੂਦ ਹਾਰਨ ਤੱਕ ਨਹੀਂ ਵਜਾਇਆ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਹਾਦਸੇ ਸਮੇਂ ਰੇਲ ਦਾ ਡਰਾਇਵਰ ਖਿੜਕੀ ਵਿਚੋਂ ਬਾਹਰ ਝਾਕ ਕੇ ਰਾਵਣ ਸੜਦਾ ਵੇਖ ਰਿਹਾ ਸੀ। ਇਸ ਤੋਂ ਵੱਡੀ ਗੱਲ ਇਹ ਹੈ ਕਿ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ਉਤੇ ਗੇਟਮੈਨ ਟਰੈਕ ਉਤੇ ਖੜ੍ਹੇ ਵੱਡੀ ਗਿਣਤੀ ਲੋਕਾਂ ਨੂੰ ਵੇਖ ਰਿਹਾ ਸੀ ਪਰ ਉਸ ਨੇ ਆਪਣੇ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ 100 ਤੋਂ ਵੀ ਵੱਧ ਰਫਤਾਰ ਉਤੇ ਆਈ ਰੇਲ ਲੋਕਾਂ ਨੂੰ ਦਰੜ ਕੇ ਚਲੀ ਗਈ।
ਇਥੋਂ ਤੱਕ ਕਿ ਟਰੇਨ ਨੂੰ ਹਾਦਸੇ ਵਾਲੀ ਥਾਂ ਉਤੇ ਰੋਕਣ ਦੀ ਥਾਂ ਇਸ ਨੂੰ ਸਟੇਸ਼ਨ ਉਤੇ ਰੋਕਿਆ ਗਿਆ। ਡਰਾਇਵਰ ਦਾਅਵਾ ਕਰ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਲੋਕ ਟਰੇਨ ਨੂੰ ਪੱਥਰ ਮਾਰਨ ਲੱਗੇ ਤਾਂ ਉਸ ਨੇ ਗੱਡੀ ਭਜਾ ਲਈ। ਹਾਲਾਂਕਿ ਹਾਦਸੇ ਸਮੇਂ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਇਵਰ ਨੇ ਹਾਦਸੇ ਤੋਂ ਬਾਅਦ ਰਫਤਾਰ ਘੱਟ ਕੀਤੀ ਹੀ ਨਹੀਂ ਤੇ ਲਾਸ਼ਾਂ ਨੂੰ ਨਾਲ ਹੀ ਘੜੀਸਦਾ ਟਰੇਨ ਨੂੰ ਸਟੇਸ਼ਨ ਉਤੇ ਲੈ ਗਿਆ। ਹੁਣ ਸਵਾਲ ਉਠ ਰਹੇ ਹਨ ਕਿ ਰੇਲ ਵਿਭਾਗ ਨੇ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸਿਆਸੀ ਧਿਰਾਂ ਇਸ ਨੂੰ ਇਕ ਦੂਜੇ ਦੀ ਸਾਜ਼ਿਸ਼ ਵਜੋਂ ਪ੍ਰਚਾਰ ਰਹੀਆਂ ਹਨ, ਅਜਿਹੇ ਵਿਚ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ।