ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਡਾæ ਗੁਰਨਾਮ ਕੌਰ, ਕੈਨੇਡਾ
ਟੋਰਾਂਟੋ ਤੋਂ ਨਿਕਲਦੀ ਇਕ ਪੰਜਾਬੀ ਅਖ਼ਬਾਰ ਮੇਰੇ ਸਾਹਮਣੇ ਪਈ ਹੈ। ਇਸ ਦੇ ਮੁੱਖ ਪੰਨੇ ‘ਤੇ ਖ਼ਬਰ ਲੱਗੀ ਹੈ, “ਬਰਤਾਨੀਆਂ ‘ਚ ਦਲਿਤਾਂ ਨੂੰ ਹੁਣ ਵੀ ਸਵਰਨ ਜਾਤੀਆਂ ਦੀ ਨਫ਼ਰਤ ਦਾ ਹੋਣਾ ਪੈਂਦਾ ਹੈ ਸ਼ਿਕਾਰ; ਸਕੂਲ ‘ਚ ਬੱਚਿਆਂ ਨੂੰ ਸੁਣਨੇ ਪੈਂਦੇ ਨੇ ਅਪਸ਼ਬਦ, ਸਰਕਾਰੀ ਦਫ਼ਤਰਾਂ ‘ਚ ਦਲਿਤ ਮੁਲਾਜ਼ਮਾਂ ਨਾਲ ਹੁੰਦੈ ਵਿਤਕਰਾ” ਅੱਗੇ ਹਵਾਲੇ ਦੇ ਕੇ ਦੱਸਿਆ ਹੈ ਕਿ ਸਕੂਲ ਵਿਚ ਕਥਿੱਤ ਛੋਟੀਆਂ ਜਾਤਾਂ ਦੇ ਬੱਚਿਆਂ ਨੂੰ ਕਥਿੱਤ ਉਚੀਆਂ ਜਾਤਾਂ ਦੇ ਬੱਚਿਆਂ ਵੱਲੋਂ ਉਨ੍ਹਾਂ ਦੀ ਜਾਤ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਅਤੇ ਕੰਮ ਦੀਆਂ ਥਾਂਵਾਂ ‘ਤੇ ਵੀ ਅਜਿਹੇ ਹੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਂਦਰੀ ਇੰਗਲੈਂਡ ਦੇ ਕੁਵੈਂਟਰੀ ਸ਼ਹਿਰ ਦਾ ਹਵਾਲਾ ਦਿੱਤਾ ਗਿਆ ਹੈ ਕਿ ਇੱਕ ਦਲਿਤ ਔਰਤ ਨੂੰ ਸਿਟੀ ਕੌਂਸਲ ਦੁਆਰਾ ਹੋਮਕੇਅਰ ਦੀ ਸੇਵਾ ਮੁਹੱਈਆ ਕਰਵਾਈ ਗਈ ਸੀ ਅਤੇ ਨਹਾਉਣ ਲਈ ਇੱਕ ਵਰਕਰ ਨੂੰ ਭੇਜਿਆ ਗਿਆ। ਉਹ ਵਰਕਰ ਭਾਰਤੀ ਮੂਲ ਦੀ ਸੀ ਅਤੇ ਕਥਿੱਤ ਉੱਚ ਜਾਤ ਨਾਲ ਸਬੰਧ ਰੱਖਦੀ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਜਿਸ ਨੂੰ ਨਹਾਉਣਾ ਹੈ ਉਹ ਦਲਿਤ ਜਾਤੀ ਨਾਲ ਸਬੰਧਤ ਹੈ ਤਾਂ ਉਸ ਨੇ ਉਸ ਨੂੰ ਨਹਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਤਾ ਲੱਗਦਾ ਹੈ ਕਿ ਇੱਕੀਵੀਂ ਸਦੀ ਦਾ ਦੂਜਾ ਦਹਾਕਾ ਸ਼ੁਰੂ ਹੋ ਜਾਣ ‘ਤੇ ਵੀ ਹਿੰਦੁਸਤਾਨੀ ਸਮਾਜਕ ਸੋਚ ਕਿੱਥੇ ਖੜ੍ਹੀ ਹੈ। ਇੱਕ ਪਾਸੇ ਹਰਿਆਣਾ ਵਰਗੇ ਪ੍ਰਾਂਤਾਂ ਵਿਚ ਖ਼ਾਪ ਪੰਚਾਇਤਾਂ ਹਨ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਨੂੰ ਵੀ ਛਿੱਕੇ ਟੰਗ ਕੇ ਆਮ ਲੋਕਾਂ ਦੀ ਨਿਜੀ ਜ਼ਿੰਦਗੀ ਵਿਚ ਹੱਦੋਂ ਵੱਧ ਦਖ਼ਲ ਦੇ ਕੇ ਲੋਕਾਂ ਦਾ ਸਾਹ ਲੈਣਾ ਵੀ ਮੁਹਾਲ ਕੀਤਾ ਹੋਇਆ ਹੈ। ਦੂਸਰੇ ਪਾਸੇ ਇੰਗਲੈਂਡ ਵਰਗੇ ਅਗਾਂਹ-ਵਧੂ ਮੁਲਕ ਵਿਚ ਰਹਿ ਕੇ ਵੀ ਜਾਤੀਵਾਦ ਵਰਗੇ ਗਲ ਸੜ ਚੁੱਕੇ ਪ੍ਰਬੰਧ ਨੂੰ ਲੋਕ ਤਿਆਗ ਨਹੀਂ ਰਹੇ। ਇੰਗਲੈਂਡ ਵਿਚ ਜੰਮੇ ਪਲੇ ਭਾਰਤੀ ਮੂਲ ਦੇ ਬੱਚੇ ਵੀ ਅਜਿਹੀ ਘਟੀਆ ਸੋਚ ਨੂੰ ਪਰਨਾਏ ਹੋਏ ਹਨ। ਇਸ ਘਟੀਆ ਸੋਚ ਵਿਚ ਸਿਰਫ ਹਿੰਦੂ ਭਾਈਚਾਰਾ ਹੀ ਸ਼ਾਮਲ ਨਹੀਂ ਹੋਵੇਗਾ, ਲਾਜ਼ਮੀ ਤੌਰ ‘ਤੇ ਸਿੱਖ ਭਾਈਚਾਰੇ ਦਾ ਵੀ ਇਹੋ ਹਾਲ ਹੋਵੇਗਾ ਕਿਉਂਕਿ ਅੱਜ ਦਾ ਸਿੱਖ ਵੀ ਬਾਣੀ ਨਾਲੋਂ ਟੁੱਟ ਚੁੱਕਾ ਹੈ। ਸਿੱਖ ਨੂੰ ਵੀ ਅੱਜ ਗੁਰੂ ਸਾਹਿਬਾਨ ਦੀ ਸਿੱਖਿਆ ਨਾਲੋਂ ਰਾਜਨੀਤਕ ਸ਼ਕਤੀ ਨੂੰ ਹਥਿਆਉਣ ਦੀ ਵੱਧ ਪਰਵਾਹ ਹੈ। ਸਿੱਖ ਵੀ ਅੱਜ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਨਾਲੋਂ ਗੁਰੂ ਵਾਲਾ ਹੋਣ ਦਾ ਦਿਖਾਵਾ ਕਰਕੇ ਜ਼ਿਆਦਾ ਖੁਸ਼ ਹੁੰਦਾ ਹੈ। ਇਹੀ ਕਾਰਨ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਤੇ ਅੱਜ ਗੁਰੂ ਘਰ ਵੀ ਵੱਖ ਵੱਖ ਜਾਤਾਂ ਦੇ ਨਾਂ ‘ਤੇ ਉਸਰੇ ਹੋਏ ਹਨ ਅਤੇ ਜਿਹੜੇ ਗੁਰੂ ਘਰ ਉਸਰੇ ਹੀ ਗੁਰੂ ਦੀ ਸਿੱਖਿਆ ਤੋਂ ਉਲਟ ਹਨ, ਉਹ ਸੰਗਤ ਨੂੰ ਗੁਰੂ ਦੇ ਲੜ ਕਿਵੇਂ ਲਾਉਣਗੇ?
ਮਸਲਾ ਗੁਰੂ ਦੇ ਦਰਸਾਏ ਰਾਹ ‘ਤੇ ਚੱਲਣ ਦਾ ਨਾ ਹੋ ਕੇ ਚੌਧਰ ਅਤੇ ਰਾਜਨੀਤਕ ਸ਼ਕਤੀ ਹਥਿਆਉਣ ਦਾ ਬਣ ਗਿਆ ਹੈ। ਇਹ ਵਰਤਾਰਾ ਹਰ ਥਾਂ, ਹਰ ਸੰਸਥਾ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਆਪਣੇ ਔਗੁਣਾਂ ਨੂੰ ਢਕਣ ਲਈ ਰਾਗ ‘ਬ੍ਰਹਮਣਵਾਦੀ ਕੇਂਦਰੀ ਸਰਕਾਰ’ ਦਾ ਅਲਾਪ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਦੋਸ਼ੀ ਗਰਦਾਨ ਦਿੱਤਾ ਜਾਂਦਾ ਹੈ। ਪੰਜਾਬ ਵਿਚ ਪੰਥਕ ਸਰਕਾਰ ਹੋਣ ‘ਤੇ ਵੀ ਲੋਕਾਂ ਨਾਲ ਹਰ ਤਰ੍ਹਾਂ ਦਾ ਧੱਕਾ ਹੋ ਰਿਹਾ ਹੈ। ਨੌਜੁਆਨ ਪੀੜ੍ਹੀ ਦਿਨ-ਬਦਿਨ ਨਸ਼ਿਆਂ ਵਿਚ ਗ਼ਰਕ ਰਹੀ ਹੈ, ਲੜਕੀਆਂ ਦੀ ਇੱਜ਼ਤ ਮਹਿਫ਼ੂਜ਼ ਨਹੀਂ ਹੈ, ਬੇਰੁਜ਼ਗਾਰੀ ਨੇ ਜੁਆਨੀ ਦੇ ਸੁਪਨੇ ਖੋਹ ਲਏ ਹਨ। ਅੱਜ ਜਿਹੋ-ਜਿਹੇ ਹਾਲਾਤ ਵਿਚੋਂ ਲੋਕ ਗੁਜ਼ਰ ਰਹੇ ਹਨ ਸ਼ਾਇਦ ਹੀ ਕਿਸੇ ਕਾਂਗਰਸੀ ਸਰਕਾਰ ਵੇਲੇ ਗੁਜ਼ਰੇ ਹੋਣਗੇ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੰਸਾਰ ਦੀ ਉਤਪਤੀ ਦਾ ਮੂਲ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ। ਸਭ ਦੀ ਉਤਪਤੀ ਦਾ ਮੂਲ ਸ੍ਰੋਤ ਪਰਮਾਤਮਾ ਹੋਣ ਕਰਕੇ ਕੋਈ ਵੀ ਮਨੁੱਖ ਜਨਮ ਜਾਂ ਜਾਤ ਕਰਕੇ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਨਹੀਂ ਹੈ। ਹਰ ਇੱਕ ਵਿਚ ਉਸ ਇੱਕ ਪਰਮਾਤਮਾ ਦੀ ਜੋਤਿ ਵਿਆਪਕ ਹੈ। ਇਸ ਲਈ ਸਾਰੇ ਮਨੁੱਖ ਜਨਮ ਕਰਕੇ ਬਰਾਬਰ ਹਨ। ਮਨੁੱਖ ਛੋਟਾ ਜਾਂ ਵੱਡਾ ਆਪਣੀਆਂ ਬਿਰਤੀਆਂ ਅਨੁਸਾਰ ਕੀਤੇ ਕਰਮਾਂ ਕਰਕੇ ਹੁੰਦਾ ਹੈ, ਕਿਸੇ ਖਾਸ ਭਾਈਚਾਰੇ, ਕੁਲ ਜਾਂ ਜਾਤ ਵਿਚ ਜਨਮ ਲੈਣ ਕਰਕੇ ਨਹੀਂ। ਬਾਣੀ ਵਿਚ ਮਨੁੱਖ ਦੇ ਜੋਤਿ-ਸਰੂਪ ਹੋਣ ਕਰਕੇ ਸਾਰੇ ਮਨੁੱਖਾਂ ਦੇ ਬਰਾਬਰ ਹੋਣ ਦੇ ਸਿਧਾਂਤ ਦਾ ਤਰਕ ਸਿਰਜਿਆ ਗਿਆ ਹੈ ਕਿ ਇੱਕੋ ਸਿਰਜਕ ਪਿਤਾ ਅਕਾਲ ਪੁਰਖ ਤੋਂ ਪੈਦਾ ਹੋਣ ਕਰਕੇ ਵੱਖਰੇ ਵੱਖਰੇ ਹੋ ਕੇ ਵੀ ਸਾਰੇ ਮਨੁੱਖ ਬਰਾਬਰ ਹਨ। ਬਾਬਾ ਨਾਨਕ ਰਾਗ ਪ੍ਰਭਾਤੀ ਵਿਚ ਸਪੱਸ਼ਟ ਦੱਸਦੇ ਹਨ ਕਿ ਹਰ ਇੱਕ ਜੀਵ ਦੇ ਅੰਦਰ ਉਹ ਪਰਮਾਤਮਾ ਵੱਸ ਰਿਹਾ ਹੈ, ਪਰਮਾਤਮਾ ਹਰ ਇੱਕ ਦੀ ਜਾਤ ਅਤੇ ਪਤਿ ਅਰਥਾਤ ਇੱਜ਼ਤ ਹੈ। ਇਸ ਲਈ ਇਹ ਪੁੱਛਣਾ ਕਿ ਕਿਸੇ ਦੀ ਜਾਤ ਜਾਂ ਕੁਲ ਕਿਹੜੀ ਹੈ, ਉਸ ਦਾ ਜਨਮ ਕਿਸ ਜਾਤ ਜਾਂ ਕੁਲ ਵਿਚ ਹੋਇਆ ਹੈ? ਠੀਕ ਨਹੀਂ ਹੈ। ਪੁੱਛਣਾ ਤਾਂ ਇਹ ਬਣਦਾ ਹੈ ਕਿ ਕਿਸ ਹਿਰਦੇ ਰੂਪੀ ਘਰ ਵਿਚ ਪਰਮਾਤਮਾ ਪ੍ਰਗਟ ਹੋਇਆ ਹੈ? ਭਾਵ ਕਿਸ ਮਨੁੱਖ ਨੇ ਆਪਣੇ ਅੰਦਰ ਪਰਮਾਤਮ-ਜੋਤਿ ਨੂੰ ਅਨੁਭਵ ਕਰ ਲਿਆ ਹੈ। ਜਾਤ ਜਾਂ ਕੁਲ ਤਾਂ ਜੀਵ ਦੀ ਉਹੀ ਹੈ ਜਿਸ ਕਿਸਮ ਦੇ ਉਹ ਕਰਮ ਕਮਾਉਂਦਾ ਹੈ, ਭਾਵ ਮਨੁੱਖ ਦਾ ਚੰਗਾ ਜਾਂ ਬੁਰਾ ਹੋਣਾ, ਉਚਾ ਜਾਂ ਨੀਵਾਂ ਹੋਣਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਚੰਗੇ ਕਰਮ ਕਰਦਾ ਹੈ ਜਾਂ ਮਾੜੇ। ਜਨਮ-ਮਰਨ ਦੇ ਚੱਕਰ ਵਿਚੋਂ ਮਨੁੱਖ ਉਦੋਂ ਨਿਕਲਦਾ ਹੈ ਜਦੋਂ ਉਹ ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਹੈ। ਨਾਮ ਨਾਲ ਜੁੜਨ ਨਾਲ ਹੀ ਮਨੁੱਖ ਪੰਜ ਵਿਕਾਰਾਂ ਤੋਂ ਛੁਟਕਾਰਾ ਪਾਉਂਦਾ ਹੈ ਜੋ ਬੁਰੇ ਕਰਮਾਂ ਦਾ ਕਾਰਨ ਬਣਦੇ ਹਨ,
ਜਾਤਿ ਜਨਮੁ ਨਹ ਪੂਛੀਐ
ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ
ਜੇਹੇ ਕਰਮ ਕਮਾਇ॥
ਜਨਮ ਮਰਨ ਦੁਖੁ ਕਾਟੀਐ
ਨਾਨਕ ਛੁਟਸਿ ਨਾਇ॥ (ਪੰਨਾ 1330)
ਭਗਤ ਕਬੀਰ ਫਰਮਾਉਂਦੇ ਹਨ ਕਿ ਸੰਸਾਰ ਦੇ ਸਾਰੇ ਜੀਵ ਪਰਮਾਤਮ-ਅੰਸ਼ ਤੋਂ ਪੈਦਾ ਹੁੰਦੇ ਹਨ ਅਰਥਾਤ ਸਾਰੇ ਜੀਵਾਂ ਦਾ ਮੂਲ ਸ੍ਰੋਤ ਅਤੇ ਕਾਰਨ ਪਰਮਾਤਮਾ ਆਪ ਹੈ। ਮਾਂ ਦੇ ਪੇਟ ਵਿਚ ਜਦੋਂ ਇਨਸਾਨ ਹੁੰਦਾ ਹੈ ਤਾਂ ਉਸ ਨੂੰ ਕੋਈ ਸੋਝੀ ਨਹੀਂ ਹੁੰਦੀ ਕਿ ਉਸ ਦੀ ਜਾਤ ਜਾਂ ਕੁਲ ਕੀ ਹੈ ਅਰਥਾਤ ਮਾਂ ਦੇ ਪੇਟ ਵਿਚ ਬੱਚੇ ਦੀ ਕੋਈ ਜਾਤ ਜਾਂ ਕੁਲ ਨਹੀਂ ਹੁੰਦੀ। ਜਾਤ ਜਾਂ ਕੁਲ ਮਨੁੱਖ ਦੀ ਆਪ ਘੜੀ ਹੋਈ ਹੈ। ਇਸ ਨੂੰ ਕੋਈ ਰੱਬੀ ਮਨਜ਼ੂਰੀ ਪ੍ਰਾਪਤ ਨਹੀਂ ਹੈ। ਉਹ ਪੰਡਿਤ ਨੂੰ ਪੁੱਛਦੇ ਹਨ ਕਿ ਤੁਸੀਂ ਕਦੋਂ ਦੇ ਬ੍ਰਾਹਮਣ ਹੋ ਗਏ? ਇਹ ਆਖ ਆਖ ਕੇ ਕਿ ਤੁਸੀਂ ਬ੍ਰਾਹਮਣ ਹੋ ਕੁਲ ਅਤੇ ਜਾਤ ਦੇ ਅਹੰਕਾਰ ਵਿਚ ਆਪਣਾ ਮਨੁੱਖਾ ਜਨਮ ਅਜਾਈਂ ਨਾ ਗਵਾਉ। ਭਗਤ ਕਬੀਰ ਅੱਗੇ ਪ੍ਰਸ਼ਨ ਕਰਦੇ ਹਨ ਕਿ ਜੇ ਤੂੰ ਸੱਚੀਂ ਹੀ ਬ੍ਰਾਹਮਣ ਹੈਂ (ਅਰਥਾਤ ਤੇਰੀ ਜਾਤ ਖਾਸ ਕਿਸਮ ਦੀ ਉਤਮ ਹੈ) ਅਤੇ ਤੂੰ ਬ੍ਰਾਹਮਣੀ ਦੇ ਪੇਟ ਤੋਂ ਹੀ ਪੈਦਾ ਹੋਇਆ ਹੈਂ ਤਾਂ ਤੂੰ ਕਿਸੇ ਹੋਰ ਢੰਗ ਨਾਲ ਪੈਦਾ ਕਿਉਂ ਨਹੀਂ ਹੋਇਆ, ਆਮ ਮਨੁੱਖਾਂ ਦੀ ਤਰ੍ਹਾਂ ਹੀ ਕਿਉਂ ਪੈਦਾ ਹੋਇਆ ਹੈਂ? ਕਹਿਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਬਾਕੀ ਮਨੁੱਖ ਪੈਦਾ ਹੁੰਦੇ ਹਨ, ਬ੍ਰਾਹਮਣ ਵੀ ਉਸੇ ਤਰ੍ਹਾਂ ਜਨਮ ਲੈਂਦਾ ਹੈ। ਜੇ ਉਹ ਆਮ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਤੋਂ ਵੱਖਰਾ ਹੈ, ਫਿਰ ਕਿਸੇ ਹੋਰ ਢੰਗ ਨਾਲ ਸੰਸਾਰ ‘ਤੇ ਜਨਮ ਕਿਉਂ ਨਹੀਂ ਲੈਂਦਾ? ਆਮ ਮਨੁੱਖਾਂ ਦੀ ਤਰ੍ਹਾਂ ਹੀ ਕਿਉਂ ਪੈਦਾ ਹੁੰਦਾ ਹੈ? ਜਾਤ-ਪਾਤ ਦੇ ਵਖਰੇਵੇਂ ਦੀ ਨਿਰਾਰਥਕਤਾ ਦਾ ਤਰਕ ਸਿਰਜਦੇ ਹੋਏ ਭਗਤ ਕਬੀਰ ਅੱਗੇ ਪ੍ਰਸ਼ਨ ਕਰਦੇ ਹਨ ਕਿ ਤੁਸੀਂ ਕਿਵੇਂ ਬ੍ਰਾਹਮਣ ਹੋ ਗਏ ਅਤੇ ਅਸੀਂ ਕਿਵੇਂ ਸ਼ੂਦਰ ਹੋ ਗਏ, ਕੀ ਤੁਹਾਡੀਆਂ ਨਸਾਂ ਵਿਚ ਦੁੱਧ ਵਹਿ ਰਿਹਾ ਹੈ ਅਤੇ ਸਾਡੀਆਂ ਨਾੜਾਂ ਵਿਚ ਖੂਨ ਵਹਿ ਰਿਹਾ ਹੈ? ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਸੰਸਾਰ ‘ਤੇ ਆਉਣ ਦਾ ਢੰਗ ਤਰੀਕਾ ਵੀ ਇੱਕ ਹੈ, ਨਸਾਂ ਵਿਚ ਵਹਿ ਰਹੇ ਖੂਨ ਦਾ ਰੰਗ ਵੀ ਇੱਕ ਹੈ, ਫਿਰ ਜਾਤ-ਪਾਤ ਦਾ ਵਖਰੇਵਾਂ ਕਿਉਂ? ਜੇ ਇਹ ਵਖਰੇਵਾਂ ਸਿਰਜਣਹਾਰ ਵੱਲੋਂ ਪਾਇਆ ਹੁੰਦਾ ਤਾਂ ਸੰਸਾਰ ਤੇ ਪੈਦਾ ਹੋਣ ਦਾ ਤਰੀਕਾ ਵੀ ਅਲੱਗ ਅਲੱਗ ਹੋਣਾ ਸੀ ਅਤੇ ਨਾੜਾਂ ਵਿਚ ਵਹਿ ਰਹੇ ਖੂਨ ਦਾ ਰੰਗ ਵੀ ਵੱਖਰਾ ਵੱਖਰਾ ਹੋਣਾ ਸੀ। ਕਬੀਰ ਜੀ ਨਤੀਜਾ ਇਹ ਕੱਢਦੇ ਹਨ ਕਿ ਅਸਲ ਵਿਚ ਉਹੀ ਬ੍ਰਾਹਮਣ ਹੈ ਜੋ ਬ੍ਰਹਮ ਅਰਥਾਤ ਪਰਮਾਤਮਾ ਦਾ ਸਿਮਰਨ ਕਰਦਾ ਹੈ ਅਤੇ ਉਸ ਨੂੰ ਯਾਦ ਰੱਖਦਾ ਹੈ,
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥1॥
ਕਹੁ ਰੇ ਪੰਡਤਿ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥1॥ਰਹਾਉ॥
(ਪੰਨਾ 324)
ਗੁਰੂ ਅਮਰਦਾਸ ਜਾਤ ਦਾ ਮਾਣ ਕਰਨ ਵਾਲੇ ਮਨੁੱਖ ਨੁੰ ਮੂਰਖ ਗਰਦਾਨਦੇ ਹੋਏ ਪ੍ਰਾਣੀ-ਮਾਤਰ ਨੂੰ ਜਾਤ-ਪਾਤ ਦਾ ਝੂਠਾ ਅਹੰਕਾਰ ਕਰਨ ਤੋਂ ਮਨ੍ਹਾਂ ਕਰਦੇ ਹੋਏ ਅਜਿਹੀ ਝੂਠੀ ਹਉਮੈ ਤੋਂ ਸੁਚੇਤ ਕਰਦੇ ਹਨ ਕਿਉਂਕਿ ਜਾਤ ਦੇ ਅਹੰਕਾਰ ਤੋਂ ਕਈ ਕਿਸਮ ਦੇ (ਸਮਾਜਕ ਅਤੇ ਭਾਈਚਾਰਕ) ਵਿਗਾੜ ਪੈਦਾ ਹੁੰਦੇ ਹਨ। ਜਾਤ-ਪਾਤ ਦਾ ਮਾਣ ਅਤੇ ਵਖਰੇਵਾਂ ਬਹੁਤ ਸਾਰੀਆਂ ਸਮਾਜਕ ਬੁਰਾਈਆਂ ਨੂੰ ਜਨਮ ਦਿੰਦਾ ਹੈ। ਗੁਰੂ ਸਾਹਿਬ ਅਨੁਸਾਰ ਕੋਈ ਮਨੁੱਖ ਆਪਣੇ ਜਨਮ ਜਾਂ ਜਾਤ ਕਰਕੇ ਉਚੀ ਕੁਲ ਦਾ ਨਹੀਂ ਬਣ ਜਾਂਦਾ। ਬ੍ਰਾਹਮਣ ਉਹ ਨਹੀਂ ਜੋ ਉੱਚੀ ਕਹੀ ਜਾਣ ਵਾਲੀ ਬ੍ਰਾਹਮਣ ਜਾਤ ਵਿਚ ਪੈਦਾ ਹੋਇਆ ਹੈ। ਬ੍ਰਾਹਮਣ ਉਹ ਹੈ ਜਿਸ ਨੇ ਆਪਣੇ ਅੰਦਰ ਵੱਸ ਰਹੀ ਪਰਮਾਤਮ-ਜੋਤਿ ਦਾ ਅਨੁਭਵ ਕਰ ਲਿਆ ਹੈ, ਉਸ ਨੁੰ ਜਗਾ ਲਿਆ ਹੈ, ਪਰਮਾਤਮ-ਗੁਣਾਂ ਨਾਲ ਸਾਂਝ ਪਾ ਲਈ ਹੈ ਅਤੇ ਉਸ ਦਾ ਅਨੁਸਾਰੀ ਹੋ ਕੇ ਚੰਗੇ ਕਰਮ ਕਰ ਰਿਹਾ ਹੈ। ਅੱਗੇ ਦੱਸਿਆ ਹੈ ਕਿ ਹਰ ਮਨੁੱਖ ਇਹ ਸਮਝਦਾ ਹੈ ਕਿ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਚਾਰ ਵੱਖ ਵੱਖ ਵਰਣ ਹਨ, ਪਰ ਉਹ ਇਹ ਤੱਥ ਨਹੀਂ ਸਮਝਦੇ ਕਿ ਉਸ ਪਰਮਾਤਮ-ਜੋਤਿ ਤੋਂ ਹੀ ਇਸ ਸਾਰੇ ਬ੍ਰਹਿਮੰਡ ਦੀ ਰਚਨਾ ਹੁੰਦੀ ਹੈ, ਉਹੀ ਸਾਰੀ ਸ੍ਰਿਸ਼ਟੀ ਦਾ ਸੋਮਾ ਹੈ।
ਗੁਰੂ ਸਾਹਿਬ ਪਰਮਾਤਮ-ਜੋਤਿ ਰੂਪੀ ਸੋਮੇ ਦੀ ਸਾਂਝ ਨੂੰ ਸਮਝਾਉਂਦੇ ਹੋਏ ਦੱਸਦੇ ਹਨ ਕਿ ਜਿਸ ਤਰ੍ਹਾਂ ਮਿੱਟੀ ਇੱਕੋ ਹੀ ਹੁੰਦੀ ਹੈ ਪਰ ਘੁਮਿਆਰ ਉਸ ਤੋਂ ਵੱਖਰੀ ਵੱਖਰੀ ਕਿਸਮ ਦੇ ਭਾਂਡੇ ਘੜ ਲੈਂਦਾ ਹੈ। ਇਸੇ ਤਰਾਂ ਪਰਮਾਤਮਾ ਨੇ ਆਪਣੀ ਜੋਤਿ ਤੋਂ ਹੀ ਇਸ ਵੰਨ-ਸਵੰਨੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਹਰ ਇੱਕ ਸਰੀਰ ਦੀ ਰਚਨਾ ਉਨ੍ਹਾਂ ਹੀ ਪੰਜ ਤੱਤਾਂ ਤੋਂ ਹੁੰਦੀ ਹੈ ਪਰ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਕਿਸ ਸਰੀਰ ਵਿਚ ਕਿਹੜਾ ਤੱਤ ਘੱਟ ਜਾਂ ਵੱਧ ਹੈ। ਹਰ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਇਸ ਸੰਸਾਰ ਦੇ ਸੰਸਕਾਰਾਂ ਦੇ ਬੰਧਨਾਂ ਵਿਚ ਪੈਂਦਾ ਹੈ ਅਤੇ ਇਨ੍ਹਾਂ ਬੰਧਨਾਂ ਤੋਂ ਖ਼ਲਾਸੀ ਗੁਰੂ ਨੂੰ ਮਿਲਣ ਤੋਂ ਬਿਨਾ ਨਹੀਂ ਹੁੰਦੀ,
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥1॥
ਜਾਤਿ ਕਾ ਗਰੁਬ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁਵਿਕਾਰਾ॥1॥ਰਹਾਉ॥
ਭਗਤ ਕਬੀਰ ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਂਦਿਆ ਊਚ-ਨੀਚ ਦੀ ਗ੍ਰਿਫਤ ਵਿਚ ਜਕੜੇ ਹੋਏ ਸਮਾਜ ਨੂੰ ਕਿਸੇ ਭਰਮ-ਭੁਲੇਖੇ ਵਿਚ ਪੈ ਕੇ ਖ਼ੁਆਰ ਹੋਣ ਤੋਂ ਆਗਾਹ ਕਰਦੇ ਹਨ। ਇਸ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਉਹੀ ਇੱਕੋ ਖ਼ਾਲਕ ਹੈ ਜੋ ਸਾਰੀ ਖ਼ਲਕਤ ਵਿਚ ਵੱਸ ਰਿਹਾ ਹੈ, ਉਹ ਹਰ ਥਾਂ ਮੌਜੂਦ ਅਤੇ ਭਰਪੂਰ ਹੈ। ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਤੋਂ ਉਸ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ। ਇਸ ਦੁਨੀਆਂ ਦੇ ਸਾਰੇ ਜੀਅ-ਜੰਤ ਉਸ ਰੱਬ ਨੇ ਆਪਣੀ ਕੁਦਰਤ ਰਾਹੀਂ ਬਣਾਏ ਹੋਏ ਹਨ। ਉਸ ਇੱਕ ਅਕਾਲ ਪੁਰਖ਼ ਦੀ ਜੋਤ ਤੋਂ ਹੀ ਇਹ ਸਾਰਾ ਸੰਸਾਰ ਪੈਦਾ ਹੋਇਆ ਹੈ। ਇਸ ਲਈ ਕਿਸੇ ਜਾਤ-ਪਾਤ ਜਾਂ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ ਕਿਸੇ ਨੂੰ ਵੀ ਉੱਚਾ ਜਾਂ ਨੀਵਾਂ, ਚੰਗਾ ਜਾਂ ਮਾੜਾ ਨਹੀਂ ਸਮਝਣਾ ਚਾਹੀਦਾ। ਸਿਰਜਣਹਾਰ ਨੇ ਇੱਕੋ ਹੀ ਮਿੱਟੀ ਤੋਂ, ਇੱਕੋ ਜਿਹੇ ਤੱਤਾਂ ਤੋਂ ਅਨੇਕਾਂ ਕਿਸਮਾਂ ਦੇ ਜੀਵ-ਜੰਤੂ ਪੈਦਾ ਕਰ ਦਿੱਤੇ ਹਨ। ਇੱਕੋ ਸੋਮਾ ਹੋਣ ਕਰਕੇ ਹੀ ਨਾ ਇਨ੍ਹਾਂ ਮਿੱਟੀ ਦੇ ਭਾਂਡਿਆਂ ਵਿਚ ਕੋਈ ਦੋਸ਼ ਜਾਂ ਊਣਤਾਈ ਹੈ ਅਤੇ ਨਾ ਹੀ ਇਨ੍ਹਾਂ ਨੂੰ ਘੜਨ ਵਾਲੇ ਘੁਮਿਆਰ ਵਿਚ। ਉਹ ਸਦਾ ਕਾਇਮ ਰਹਿਣ ਵਾਲਾ ਇੱਕ ਅਕਾਲ ਪੁਰਖ ਸਾਰਿਆਂ ਵਿਚ ਵੱਸ ਰਿਹਾ ਹੈ ਜਿਸ ਦੇ ਹੁਕਮ ਵਿਚ ਇਸ ਸੰਸਾਰ ਦਾ ਚਲਨ ਵਾਪਰ ਰਿਹਾ ਹੈ। ਉਸੇ ਮਨੁੱਖ ਨੂੰ ਰੱਬ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ ਹੈ ਜੋ ਉਸ ਦੇ ਹੁਕਮ ਨੂੰ ਪਛਾਣਦਾ ਹੈ ਅਤੇ ਉਸ ਨਾਲ ਸਾਂਝ ਪੈਦਾ ਕਰਦਾ ਹੈ। ਉਹ ਰੱਬੀ ਹਸਤੀ ਐਸੀ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਦੇ ਪੂਰੇ ਗੁਣ ਦੱਸੇ ਜਾ ਸਕਦੇ ਹਨ।
ਭਗਤ ਕਬੀਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਗੁਣਾਂ ਦੀ ਸੂਝ ਦੇ ਰੂਪ ਵਿਚ ਮਿੱਠਾ ਗੁੜ ਦਿੱਤਾ ਹੈ ਜਿਸ ਕਰਕੇ ਉਨ੍ਹਾਂ ਨੇ ਉਸ ਅਕਾਲ ਪੁਰਖ ਦੀ ਵਿਆਪਕਤਾ ਨੂੰ ਹਰ ਥਾਂ ਅਨੁਭਵ ਕਰ ਲਿਆ ਹੈ। ਹੁਣ ਉਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦਾ ਭਰਮ ਅਤੇ ਭੁਲੇਖਾ ਨਹੀਂ ਰਿਹਾ,
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ॥1॥ਰਹਾਉ॥
ਮਾਟੀ ਏਕ ਅਨੇਕ ਭਾਂਤਿ ਕਰਿ
ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ
ਨਾ ਕਛੁ ਪੋਚ ਕੁੰਭਾਰੈ॥2॥ (ਪੰਨਾ 1349)
ਗੁਰੂ ਨਾਨਕ ਸਾਹਿਬ ਇਸ ਦਾ ਨਿਸ਼ਕਰਸ਼ ਕੱਢਦੇ ਹਨ ਕਿ ਜਦੋਂ ਤੋਂ ਗੁਰੂ ਦੇ ਬਚਨ ਵਿਚ ਯਕੀਨ ਲੈ ਆਂਦਾ ਹੈ ਕਿ ਉਹ ਪਰਮਾਤਮਾ ਮੇਰੇ ਤੋਂ ਦੂਰ ਨਹੀਂ, ਮੇਰੇ ਨੇੜੇ ਵੱਸ ਰਿਹਾ ਹੈ, ਉਸ ਸਮੇਂ ਤੋਂ ਹੀ ਮੈਂ ਆਪਣੀ ਜਿੰਦ-ਜਾਨ ਦਾ ਆਸਰਾ ਅਕਾਲ ਪੁਰਖ ਲੱਭ ਲਿਆ ਹੈ। ਇਹੀ ਇੱਕ ਤਰੀਕਾ ਹੈ ਅਰਥਾਤ ਗੁਰੂ ਦੇ ਸ਼ਬਦ ‘ਤੇ ਯਕੀਨ ਕੀਤਿਆਂ ਪਰਮਾਤਮਾ ਮਿਲਦਾ ਹੈ ਅਤੇ ਉਸ ਜੀਵ ਦੇ ਭਾਗ ਜਾਗ ਪੈਂਦੇ ਹਨ ਜੋ ਪਰਮਾਤਮਾ ਦਾ ਪਿਆਰ ਪਾ ਲੈਂਦਾ ਹੈ। ਗੁਰੂ ਦੀ ਮਤਿ ਲੈ ਕੇ ਗੁਰੂ ਦੇ ਸ਼ਬਦ ਰਾਹੀਂ ਅਜਿਹਾ ਮਨੁੱਖ ਵਿਚਾਰਵਾਨ ਹੋ ਜਾਂਦਾ ਹੈ ਅਤੇ ਜਾਤ-ਵਰਣ ਆਦਿ ਦੇ ਉਸ ਦੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ,
ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ॥
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ
ਹਰਿ ਪਾਏ ਪ੍ਰਾਨ ਅਧਾਰਾ॥1॥ਰਹਾਉ॥
ਇਨ ਬਿਧਿ ਹਰਿ ਮਿਲੀਐ ਵਰ ਕਾਮਨਿ
ਧਨ ਸੋਹਾਗੁ ਪਿਆਰੀ॥
ਜਾਤਿ ਬਰਨ ਕੁਲ ਸਹਸਾ ਚੂਕਾ
ਗੁਰਮਤਿ ਸਬਦਿ ਬੀਚਾਰੀ॥1॥
ਛੋਟਾ-ਵੱਡਾ, ਊਚ-ਨੀਚ ਇਨ੍ਹਾਂ ਸਾਰੇ ਵਖਰੇਵਿਆਂ ਨੂੰ ਅਮਲੀ ਰੂਪ ਵਿਚ ਸਮਾਜ ਵਿਚੋਂ ਦੂਰ ਕਰਨ ਲਈ ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਕਾਇਮ ਕੀਤੀ ਤਾਂ ਕਿ ਗੁਰੂ ਘਰ ਵਿਚ ਸੰਗਤ ਵਿਚ ਬੈਠ ਕੇ ਬਾਣੀ ਸਰਵਣ ਕਰਕੇ ਮਨੁੱਖ ਆਪਣੇ ਮਨ ਵਿਚੋਂ ਇਸ ਕਿਸਮ ਦੇ ਭੁਲੇਖਿਆਂ ਨੂੰ ਦੂਰ ਕਰ ਸਕੇ, ਲੰਗਰ ਵਿਚ ਇਕੱਠਿਆਂ ਸੇਵਾ ਕਰਕੇ ਅਤੇ ਪੰਗਤ ਵਿਚ ਇੱਕ ਥਾਂ ਇਕੱਠਿਆਂ ਬੈਠ ਕੇ ਪਰਸ਼ਾਦਾ ਛਕ ਕੇ ਇਸ ਬਰਾਬਰੀ ਨੂੰ ਅਮਲੀ ਰੂਪ ਵਿਚ ਅਨੁਭਵ ਕਰ ਸਕੇ।

Be the first to comment

Leave a Reply

Your email address will not be published.