ਸਾਕਾ ਨੀਲਾ ਤਾਰਾ ਦੇ ਹਰਜਾਨੇ ਦਾ ਮਾਮਲਾ:ਸ਼੍ਰੋਮਣੀ ਕਮੇਟੀ ਵੱਲੋਂ ਮੁੜ ਮੁਕੱਦਮਾ ਲੜਨ ਦਾ ਐਲਾਨ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਸਮੇਂ ਹੋਏ ਨੁਕਸਾਨ ਦਾ ਹਰਜਾਨਾ ਵਸੂਲਣ ਲਈ ਕੇਂਦਰ ਸਰਕਾਰ ਖਿਲਾਫ ਕੀਤੇ ਕੇਸ ਨੂੰ ਸ਼੍ਰੋਮਣੀ ਕਮੇਟੀ ਨੇ ਮੁੜ ਲੜਨ ਦਾ ਇਰਾਦਾ ਕਰ ਲਿਆ ਹੈ ਤੇ ਇਸ ਮਾਮਲੇ ਵਿਚ 23 ਮਾਰਚ ਨੂੰ ਦਿੱਲੀ ਵਿਚ ਕਾਨੂੰਨੀ ਮਾਹਿਰਾਂ ਤੇ ਸਿੱਖ ਵਿਦਵਾਨਾਂ ਦੀ ਮੀਟਿੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਸਿੱਖ ਵਿਦਵਾਨ ਸ਼ਖਸੀਅਤਾਂ ਵਿਚ ਜਸਵੰਤ ਸਿੰਘ ਨੇਕੀ, ਸ੍ਰੀ ਤਰਲੋਚਨ ਸਿੰਘ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਉਪ ਕੁਲਪਤੀ ਡਾæ ਜਸਪਾਲ ਸਿੰਘ  ਤੇ ਹੋਰ ਵਿਦਵਾਨ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਕੇਸ ਨੂੰ ਹਰ ਸੂਰਤ ਵਿਚ ਲੜਿਆ ਜਾਵੇ। ਸ਼੍ਰੋਮਣੀ ਕਮੇਟੀ ਕਾਨੂੰਨੀ ਮਾਹਰਾਂ ਦੀ ਮਦਦ ਨਾਲ ਇਸ ਕੇਸ ਦੀ ਤਾਰੀਖ ਵਿਚ ਵਾਧਾ ਕਰਵਾਏਗੀ ਤੇ ਅਗਲੀ ਚਾਰਾਜੋਈ ਸ਼ੁਰੂ ਕਰੇਗੀ।
ਇਥੇ ਦੱਸਣਯੋਗ ਹੈ ਕਿ 1985 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਅੰਮ੍ਰਿਤਸਰ ਦੀ ਅਦਾਲਤ ਵਿਚ ਕੇਂਦਰ ਸਰਕਾਰ ਦੇ ਖਿਲਾਫ ਇਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਕੀਤਾ ਸੀ। ਇਸ ਦਾਅਵੇ ਰਾਹੀਂ ਸ਼੍ਰੋਮਣੀ ਕਮੇਟੀ ਨੇ ਦੋਸ਼ ਲਾਇਆ ਸੀ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਵੱਡੇ ਪੱਧਰ ‘ਤੇ ਜਾਨੀ ਮਾਲੀ ਨੁਕਸਾਨ ਹੋਇਆ ਹੈ ਤੇ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਇਸ ਨੁਕਸਾਨ ਲਈ ਕੇਂਦਰ ਸਰਕਾਰ ਇਕ ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਦੇਵੇ। ਇਹ ਕੇਸ ਉਸ ਵੇਲੇ ਮੁਫਲਿਸੀ ਦਾਅਵੇ ਵਜੋਂ ਕੀਤਾ ਗਿਆ ਸੀ ਜੋ ਬਾਅਦ ਵਿਚ ਦਿੱਲੀ ਹਾਈ ਕੋਰਟ ਵਿਖੇ ਤਬਦੀਲ ਹੋ ਗਿਆ।
ਲੰਮੇ ਸਮੇਂ ਬਾਅਦ ਅਦਾਲਤ ਨੇ ਇਸ ਵਰ੍ਹੇ ਜਨਵਰੀ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਨੂੰ ਅੱਠ ਹਫਤਿਆਂ ਦਾ ਸਮਾਂ ਦਿੰਦੇ ਹੋਏ ਹਰਜਾਨੇ ਬਾਰੇ ਕੇਸ ਲਈ ਲੋੜੀਂਦੀ 10 ਕਰੋੜ ਰੁਪਏ ਦੀ ਅਗਾਉਂ ਫੀਸ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿਚ ਕੁਝ ਢਿੱਲ ਦਿਖਾਏ ਜਾਣ ਕਾਰਨ ਅਦਾਲਤ ਵਲੋਂ ਤੈਅ ਆਖਰੀ ਮਿਤੀ 15 ਮਾਰਚ ਲੰਘ ਗਈ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਮੁੜ ਫੈਸਲਾ ਕੀਤਾ ਹੈ ਕਿ ਇਸ ਮਾਮਲੇ ਨੂੰ ਅਦਾਲਤ ਵਿਚ ਹਰ ਸੂਰਤ ਵਿਚ ਲੜੇਗੀ।
ਇਸੇ ਦੌਰਾਨ ਉਘੇ ਸਿੱਖ ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਸਾਕਾ ਨੀਲਾ ਤਾਰਾ ਸਮੇਂ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਮੁਫਲਿਸੀ ਦਾਅਵੇ ਨੂੰ ਸੁਪਰੀਮ ਕੋਰਟ ਤੱਕ ਲਿਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੇਂਦਰ ਵਿਚ ਐਨæਡੀæਏæਦੀ ਸਰਕਾਰ ਸੀ ਤਾਂ ਉਸ ਵੇਲੇ ਜਥੇਦਾਰ ਟੌਹੜਾ ਨੇ ਭਾਜਪਾ ਆਗੂਆਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਇਸ ਕੇਸ ਬਾਰੇ ਜਾਣੂ ਕਰਵਾਇਆ ਸੀ।
ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਕਿ ਜੇਕਰ ਦਿੱਲੀ ਹਾਈ ਕੋਰਟ ਵਿਚ ਇਹ ਮਾਮਲਾ ਨਹੀਂ ਨਿੱਬੜਦਾ ਤਾਂ ਇਸ ਨੂੰ ਸੁਪਰੀਮ ਕੋਰਟ ਤੱਕ ਲਿਜਾਇਆ ਜਾਵੇ। ਜੇਕਰ ਸੁਪਰੀਮ ਕੋਰਟ ਵਿਚ ਜਾ ਕੇ ਵੀ ਕੇਸ ਹੱਲ ਨਹੀਂ ਹੁੰਦਾ ਤਾਂ ਇਸ ਦਾ ਸਮੁੱਚਾ ਰਿਕਾਰਡ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ ਜੋ ਆਉਂਦੇ ਸਮੇਂ ਵਿਚ ਇਤਿਹਾਸਕ ਦਸਤਾਵੇਜ਼ ਸਾਬਤ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸੀਬੀਆ ਜੋ ਖੁਦ ਵਕੀਲ ਹਨ, ਵੀ ਸੁਝਾਅ ਦੇ ਚੁੱਕੇ ਹਨ ਕਿ ਇਸ ਕੇਸ ਨੂੰ ਹਰ ਸੂਰਤ ਵਿਚ ਲੜਣਾ ਚਾਹੀਦਾ ਹੈ। ਇਸ ਕੇਸ ਰਾਹੀਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
_____________________________________________
ਵਿਸਾਖੀ ਤੱਕ ਤਿਆਰ ਹੋ ਜਾਵੇਗੀ ਯਾਦਗਾਰ
ਅੰਮ੍ਰਿਤਸਰ:  ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਨਜ਼ਦੀਕ ਬਣ ਰਹੀ ਸਾਕਾ ਨੀਲਾ ਤਾਰਾ 1984 ਦੇ ਸ਼ਹੀਦਾਂ ਦੀ ਯਾਦਗਾਰ ਇਸ ਸਾਲ 6 ਜੂਨ, 2013 ਤੋਂ ਪਹਿਲਾਂ ਹੀ ਤਿਆਰ ਹੋ ਜਾਵੇਗੀ। ਜਿਸ ਦੀ ਕਾਰ ਸੇਵਾ ਦਾ ਕੰਮ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਪਿਛਲੇ ਸਾਲ 2012 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਾਪਿਆ ਗਿਆ ਸੀ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਪੱਥਰ ਦੀ ਰਗੜਾਈ ਤੇ ਕਢਾਈ ਦਾ ਕੰਮ 90 ਫੀਸਦੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਮਕਰਾਨੇ ਤੋਂ ਆਏ ਸੰਗਮਰਮਰ ਦੇ ਮਾਹਰ ਕਾਰੀਗਰਾਂ ਨੇ ਕਰੀਬ 100 ਕਾਰੀਗਰ ਲਿਆ ਕੇ ਰਾਤ ਦਿਨ ਕੰਮ ਕਰਕੇ ਸੱਤ ਮਹੀਨਿਆਂ ਵਿਚ ਨਿਕਾਸ਼ੀ ਦਾ ਕੰਮ ਮੁਕੰਮਲ ਕੀਤਾ। ਇਹ ਸਾਲ ਮੁਕੰਮਲ ਹੋ ਰਹੀ ਯਾਦਗਾਰੀ ‘ਤੇ ਸਾਕਾ ਨੀਲਾ ਤਾਰਾ ਦਾ ਇਤਿਹਾਸ ਇਕ ਬੋਰਡ ‘ਤੇ ਅੰਕਿਤ ਕੀਤਾ ਜਾਵੇਗਾ। ਇਸ ਯਾਦਗਾਰ ‘ਤੇ ਅੱਠੇ ਪਹਿਰ ਗੁਰਬਾਣੀ ਦਾ ਪ੍ਰਵਾਹ ਚੱਲੇਗਾ। ਇਸ ਸ਼ਹੀਦੀ ਯਾਦਗਾਰ ਦੀ ਇਮਾਰਤ ਦੀਆਂ ਅੱਠ ਗੁੰਬਦੀਆਂ ਤੇ ਸੱਤ ਦਰਵਾਜੇ ਹਨ। ਸ਼ਾਨਦਾਰ ਮੀਨਾਕਾਰੀ ਸੰਗਮਰਮਰ ‘ਤੇ ਕੀਤੀ ਗਈ ਹੈ। ਕਲਸ ਤੇ ਕਲਸੀਆਂ ‘ਤੇ ਪੰਜ ਕਿਲੋ ਸੋਨਾ ਲਾਉਣ ਦਾ ਕਾਰਜ ਹੋਣਾ ਬਾਕੀ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਵਿਸਾਖੀ ਤੱਕ ਸ਼ਹੀਦੀ ਯਾਦਗਾਰ ਮੁਕੰਮਲ ਹੋ ਜਾਵੇਗੀ।

Be the first to comment

Leave a Reply

Your email address will not be published.