ਗੁਰੂ ਨਾਨਕ ਦੇਵ ਜੀ ਦੀ ਜੀਵਨ-ਸ਼ੈਲੀ ਅਤੇ ਮੌਜੂਦਾ ਸਿੱਖ ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪੰਜਾਬ ਦੇ ਪੇਂਡੂ ਸਭਿਆਚਾਰ ਦੀ ਸਾਂਝ ਬਿਆਨੀ ਹੈ, ਜਦੋਂ ਜਿਮੀਂਦਾਰਾਂ ਦੇ ਕੰਮੀਆਂ ਕਾਰੀਆਂ ਵਿਚ ਇਕ ਖਾਸ ਸਾਂਝ ਹੁੰਦੀ ਸੀ ਅਤੇ ਅਮੀਰ-ਗਰੀਬ ਦਾ ਪਾੜਾ ਵੀ ਪਿਛੇ ਰਹਿ ਜਾਂਦਾ ਸੀ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਸਾਨੂੰ ਚੇਤੇ ਕਰਵਾਇਆ ਹੈ, ਜੋ ਸਿੱਖ ਭੁੱਲਦੇ ਜਾ ਰਹੇ ਹਨ। ਉਹ ਸਵਾਲ ਕਰਦੇ ਹਨ, “ਕੀ ਅਸੀਂ ਸਿੱਖ-ਸੋਚ ਅਤੇ ਬਾਣੀ ਵਿਚਲੀ ਸੇਧ ਅਨੁਸਾਰ ਆਪਣਾ ਨਿੱਤਾਪ੍ਰਤੀ ਦਾ ਜੀਵਨ ਜਿਉਂਦੇ ਹਾਂ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਸਿੱਖੀ ਦਾ ਲਿਬਾਸ ਪਹਿਨਣ ਤੀਕ ਹੀ ਸੀਮਤ ਹੋ ਗਏ ਹਾਂ?…ਕੀ ਧਾਰਮਕ ਪਖੰਡਵਾਦ ਅਤੇ ਨਿੱਜ-ਪ੍ਰਸਤੀ ਹਾਵੀ ਹੋ ਗਈ ਏ ਜਿਸ ਦਾ ਗੁਰੂ ਜੀ ਨੇ ਖੰਡਨ ਕੀਤਾ ਸੀ? ਕੀ ਧਾਰਮਕ ਆਗੂਆਂ ਦਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਏ?…ਸੱਚੀ-ਸੁੱਚੀ ਕਿਰਤ ਰਾਹੀਂ ਸੁਲਤਾਨਪੁਰ ਲੋਧੀ ਵਿਚ ਮੋਦੀਖਾਨੇ ਦੀ ਨੌਕਰੀ ਕਰਦਿਆਂ ਇਮਾਨਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਗੁਰੂ ਜੀ ਦੇ ਅਸੀਂ ਕਿਹੋ ਜਿਹੇ ਸੇਵਕ ਹਾਂ ਕਿ ਅਸੀਂ ਬੇਈਮਾਨੀ ‘ਤੇ ਫਖਰ ਕਰਦੇ ਹਾਂ।” -ਸੰਪਾਦਕ ਡਾ. ਗੁਰਬਖਸ਼ ਸਿੰਘ ਭੰਡਾਲ ਗੁਰੂ ਨਾਨਕ ਦੇਵ ਦੁਨੀਆਂ ਦੇ ਹਰ ਮਨੁੱਖ ਲਈ ਹਰ ਦੌਰ ਵਿਚ ਸੰਪੂਰਨ ਰੋਲ ਮਾਡਲ ਹਨ। ਸੰਸਾਰਕ, ਅਧਿਆਤਮਕ, ਪਰਿਵਾਰਕ ਅਤੇ ਸਮਾਜਕ ਪੱਧਰ ‘ਤੇ ਇਕ ਅਜਿਹੀ ਮਨੁੱਖੀ ਸ਼ਖਸੀਅਤ ਦਾ ਬਿੰਬ ਹਨ, ਜੋ ਰੌਸ਼ਨ ਚਿਰਾਗ ਬਣ ਕੇ ਹਰ ਵਕਤ ਦੀ ਦਹਿਲੀਜ਼ ਨੂੰ ਰੁਸ਼ਨਾ ਰਹੀ ਏ ਅਤੇ ਹਨੇਰੇ ਦੇ ਹਾਮੀ ਭਰਦੇ ਮਨੁੱਖਾਂ ਨੂੰ ਚਾਨਣ ਦੀ ਦੱਸ ਪਾਉਂਦੀ ਏ। ਧਾਰਮਕ ਫਲਸਫੇ ਦੇ ਮੋਢੀ, ਪ੍ਰਤੀਬੱਧ ਪਤੀ, ਕਾਮਯਾਬ ਕਰਮਵੇਤਾ ਅਤੇ ਸਫਲ ਕਿਰਸਾਨ। ਵੱਖ-ਵੱਖ ਰਹਿਤਲਾਂ, ਬੋਲੀਆਂ ਅਤੇ ਖੇਤਰਾਂ ਦੇ ਲੋਕਾਂ ਨੂੰ ਆਪਣੇ ਉਪਦੇਸ਼ਾਂ ਨਾਲ ਮੰਤਰ-ਮੁਗਧ ਕਰਨ ਵਾਲੇ ਨਾਨਕ ਦੇ ਵਾਰਸਾਂ ਨੇ ਆਪਣੇ ਨਾਨਕ ਨੂੰ ਭੁਲਾ ਲਿਆ ਏ। ਅਸੀਂ ਕੂੜ-ਕਸੱਤ ਦੇ ਵਿਉਪਾਰੀ ਬਣ ਕੇ ਹਊਮੈ ਅਤੇ ਲਾਲਚ ਦੇ ਚਿੱਕੜ ਵਿਚ ਖੁੱਭ ਕੇ ਆਪਣੇ ਸਾਹਾਂ ਦੀ ਅਰਥੀ ਢੋਣ ਜੋਗੇ ਰਹਿ ਗਏ ਜਦ ਕਿ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਉਨ੍ਹਾਂ ਨੂੰ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਮਾਰਗ-ਦਰਸ਼ਕ ਅਤੇ ਸਮਿਆਂ ਦੀ ਹਾਣੀ ਸੋਚ ਦਾ ਪੈਗੰਬਰ ਕਹਿੰਦੇ ਨੇ। ਉਨ੍ਹਾਂ ਦੀਆਂ ਲਿਖਤਾਂ ਦੇ ਸਦਕੇ ਜਾਂਦੇ, ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਬਣਨ ਦੀ ਚੇਸ਼ਟਾ ਮਨ ਵਿਚ ਪਾਲ ਰਹੇ ਨੇ। ਗੁਰੂ ਨਾਨਕ ਦੇਵ ਸਿੱਖ ਧਰਮ ਦੇ ਬਾਨੀ, ਮਾਨਵੀ ਸੋਚ ਦੇ ਸਿਰਜਕ, ਸਿੱਖ ਫਿਲਾਸਫੀ ਦੀ ਰਹਿਤਲ ਸਨ ਅਤੇ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਆਮ ਲੋਕਾਂ ਤੀਕ ਪਹੁੰਚਾਉਣ ਲਈ ਚਾਰ ਉਦਾਸੀਆਂ ਰਾਹੀਂ ਦੁਨੀਆਂ ਦਾ ਭਰਮਣ ਕੀਤਾ। ਅੰਦਾਜ਼ਨ 25 ਹਜਾਰ ਮੀਲ ਦਾ ਸਫਰ ਕਰਨ ਵਾਲੇ ਗੁਰੂ ਜੀ ਪ੍ਰਚਾਰਕ, ਸਮਾਜ ਸੁਧਾਰਕ ਅਤੇ ਤਰਕਸ਼ੀਲ ਸੋਚ ਦੇ ਪੈਗੰਬਰ ਦੇ ਰੂਪ ਵਿਚ ਪਾਕ ਵਿਚਾਰਧਾਰਾ ਨੂੰ ਆਪਣੇ ਵਿਰੋਧੀਆਂ ਤੀਕ ਪਹੁੰਚਾਉਣ ਵਿਚ ਸਭ ਤੋਂ ਜ਼ਿਆਦਾ ਨਿਪੁੰਨ ਤੇ ਸਾਜ਼ਗਾਰ ਸਿੱਧ ਹੋਏ। ਗੁਰੂ ਨਾਨਕ ਦੇਵ ਦਾ ਸਮੁੱਚਾ ਜੀਵਨ, ਉਨ੍ਹਾਂ ਦੀਆਂ ਸਿਖਿਆਵਾਂ ਦਾ ਪਾਕ-ਦਰਪਣ ਏ। ਉਨ੍ਹਾਂ ਦੇ ਜੀਵਨ ਵਿਚੋਂ ਹੀ ਅਸੀਂ ਉਨ੍ਹਾਂ ਦੇ ਪ੍ਰਵਚਨ ਪੜ੍ਹ, ਸੁਣ ਅਤੇ ਆਪਣੇ ਜੀਵਨ ਵਿਚ ਢਾਲ ਕੇ ਜੀਵਨ ਨੂੰ ਨਿਵੇਕਲੀਆਂ ਅਤੇ ਉਚਤਮ ਤਰਜ਼ੀਹਾਂ ਵੰਨੀਂ ਸੇਧਤ ਕਰ ਸਕਦੇ ਹਾਂ। ਉਨ੍ਹਾਂ ਦੀ ਸਮੁੱਚੀ ਬਾਣੀ ਸਮਾਜਕ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ, ਹਰ ਪਾਠਕ, ਸ਼ਰਧਾਲੂ ਜਾਂ ਸੇਵਕ ਦੇ ਮਨ ਵਿਚ ਉਚੀ-ਸੁੱਚੀ ਜੀਵਨ-ਸ਼ੈਲੀ ਦਾ ਬਿੰਬ ਉਸਾਰਦੀ ਹੈ। ਇਸ ਬਿੰਬ ਵਿਚੋਂ ਹੀ ਅਸੀਂ ਖੁਦ ਨੂੰ ਨਿਹਾਰ, ਖੁਦ ਵਿਚੋਂ ਖੁਦ ਦੀ ਜਾਮਾ-ਤਲਾਸ਼ੀ ਕਰਦੇ, ਆਪੇ ਨੂੰ ਪਰਖ ਅਤੇ ਪੜਚੋਲ ਸਕਦੇ ਹਾਂ ਕਿ ਅਸੀਂ ਕਿੰਨੇ ਕੁ ਗੁਰੂ ਜੀ ਦੇ ਸੱਚੇ ਸ਼ਰਧਾਲੂ ਹਾਂ? ਅਸੀਂ ਜੀਵਨ ਸਿੱਖੀ ਸਿਖਿਆਵਾਂ ਅਨੁਸਾਰ ਕਿਵੇਂ ਆਪੇ ਨੂੰ ਢਾਲਿਆ ਏ? ਕੀ ਅਸੀਂ ਸਿੱਖ-ਸੋਚ ਅਤੇ ਬਾਣੀ ਵਿਚਲੀ ਸੇਧ ਅਨੁਸਾਰ ਆਪਣਾ ਨਿੱਤਾਪ੍ਰਤੀ ਦਾ ਜੀਵਨ ਜਿਉਂਦੇ ਹਾਂ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਸਿੱਖੀ ਦਾ ਲਿਬਾਸ ਪਹਿਨਣ ਤੀਕ ਹੀ ਸੀਮਤ ਹੋ ਗਏ ਹਾਂ? ਅਸਾਡੇ ਕਰਮ ਤੇ ਧਰਮ ਵਿਚ ਕਿੱਡਾ ਕੁ ਪਾੜਾ ਏ? ਕੀ ਇਸ ਦੀ ਪੂਰਨਤਾ ਵੱਲ ਕਦੇ ਕੋਈ ਕਦਮ ਉਠਾਇਆ ਏ ਜਾਂ ਕਦੇ ਇਸ ਬਾਰੇ ਸਾਡੇ ਮਨ ਵਿਚ ਕੋਈ ਸੋਚ ਵੀ ਪੈਦਾ ਹੋਈ ਏ? ਬਹੁਤ ਵੱਡੇ ਸਵਾਲ ਨੇ ਅਜੋਕੇ ਸਿੱਖ ਦੇ ਸਨਮੁੱਖ। ਜਦ ਅਸੀਂ ਗੁਰੂ ਜੀ ਦੇ 550ਵੇਂ ਜਨਮ ਦਿਨ ਨੂੰ ਸੰਸਾਰ ਪੱਧਰ ‘ਤੇ ਮਨਾਉਣ ਦਾ ਉਦਮ ਕਰ ਰਹੇ ਹਾਂ ਤਾਂ ਇਸ ਬਾਰੇ ਸੋਚਣਾ ਹੋਰ ਵੀ ਅਹਿਮ ਤੇ ਮਹੱਤਵਪੂਰਨ ਹੈ। ਕੀ ਧਾਰਮਕ ਅਦਾਰਿਆਂ ਦੀ ਅਹਿਮੀਅਤ ਗਵਾਚ ਗਈ ਹੈ? ਕੀ ਧਾਰਮਕ ਪਖੰਡਵਾਦ ਅਤੇ ਨਿੱਜ-ਪ੍ਰਸਤੀ ਹਾਵੀ ਹੋ ਗਈ ਏ ਜਿਸ ਦਾ ਗੁਰੂ ਜੀ ਨੇ ਖੰਡਨ ਕੀਤਾ ਸੀ? ਕੀ ਧਾਰਮਕ ਆਗੂਆਂ ਦਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਏ? ਕੀ ਅਜੋਕੇ ਧਾਰਮਕ ਰਹਿਨੁਮਾ ਪਲੀਤ ਹੋਏ ਬਿੰਬ ਨੂੰ ਪਾਕ ਕਰਨ ਲਈ ਤੱਤਪਰ ਨੇ? ਬਹੁਤ ਸਾਰੇ ਪ੍ਰਸ਼ਨ ਚੇਤਨ ਮਨ ਵਿਚ ਉਠਦੇ ਨੇ ਅਤੇ ਉਹ ਇਨ੍ਹਾਂ ਦੇ ਸਹੀ ਜਵਾਬ ਦੀ ਤਲਾਸ਼ ਵਿਚ ਏ। ਸਿੱਖ ਧਰਮ, ਇਕ ਸੁਰਖ-ਸੋਚ, ਕਿਰਤੀ-ਵਿਚਾਰਧਾਰਾ, ਜੀਵਨ-ਸ਼ੈਲੀ, ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦਾ ਉਭਾਰ ਹੈ। ਕੁਦਰਤ ਦੇ ਹਰ ਪਹਿਲੂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਪਰਿਭਾਸ਼ਤ ਅਤੇ ਵਿਸਥਾਰਨ ਦਾ ਸੁਚਾਰੂ ਉਦਮ ਏ। ਪਰ ਅਸੀਂ ਇਸ ਨੂੰ ਸਮਝਣ ਅਤੇ ਖੁਦ ‘ਤੇ ਲਾਗੂ ਕਰਨ ਤੋਂ ਅਵੇਸਲੇ ਹੋ ਗਏ ਹਾਂ। ਗੁਰੂ ਨਾਨਕ ਦੇਵ ਦੀ ਸੋਚ ਨੂੰ ਪ੍ਰਚਾਰਨ ਅਤੇ ਇਸ ਦੇ ਬਹੁਮੁਖੀ ਪਾਸਾਰਾਂ ਨੂੰ ਦੁਨੀਆਂ ਦੇ ਹਰ ਵਰਗ ਤੀਕ ਪਹੁੰਚਾਉਣ ਦੀ ਥਾਂ ਅਸੀਂ ਇਸ ਨੂੰ ਮਿਥਿਹਾਸਕ ਅਤੇ ਤਰਕਹੀਣ ਤੱਥਾਂ ਵੱਲ ਸੇਧਤ ਕਰ, ਇਸ ਨੂੰ ਸੰਗੋੜਨ ਦੇ ਰਾਹ ਤੁਰ ਪਏ ਹਾਂ ਜਦ ਕਿ ਇਸ ਨੂੰ ਵਿਸਥਾਰਨ ਦੀ ਲੋੜ ਹੈ ਕਿਉਂਂਕਿ ਸਿੱਖੀ ਦੀ ਸ਼ਬਦ-ਵਿਚਾਰਧਾਰਾ ਅਜੋਕੇ ਸਮਿਆਂ ਵਿਚ ਸਭ ਤੋਂ ਵੱਧ ਲੋੜੀਂਦੀ ਅਤੇ ਮੌਜੂਦਾ ਪ੍ਰਸਥਿਤੀਆਂ ਵਿਚ ਗਵਾਚ ਰਹੀ ਮਨੁੱਖਤਾ ਲਈ ਅਤਿ ਜਰੂਰੀ ਏ। ਇਹ ਤਾਂ ਇਕ ਮਾਰਗ ਦਰਸ਼ਨ ਏ, ਜਿਸ ਨੇ ਕੁਰਾਹੇ ਪਏ ਸਮਾਜ ਨੂੰ ਸੇਧ ਦੇ ਕੇ ਸੁਚਾਰੂ ਉਪਰਾਲਿਆਂ ਵੰਨੀਂ ਤੋਰਨਾ ਏ। ਗੁਰੂ ਨਾਨਕ ਦੇਵ ਦੇ ਸਮੁੱਚੇ ਜੀਵਨ ‘ਤੇ ਝਾਤ ਮਾਰਿਆਂ ਅਤੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਬਾਰੀਕ-ਬੀਨੀ ਨਾਲ ਦੇਖਿਆਂ ਸਾਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਉਨ੍ਹਾਂ ਦਾ ਜੀਵਨ ਇਕ ਉਤਮ ਪੁਰਖ ਦਾ ਜੀਵਨ ਸੀ। ਬਾਪ ਵਲੋਂ ਵਪਾਰ ਲਈ ਮਿਲੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ-ਪ੍ਰਥਾ ਦਾ ਮੁੱਢ ਬੰਨਣ ਵਾਲੇ ਬਾਬੇ ਨਾਨਕ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦੇ ਸ਼ਰਧਾਲੂ ਲੰਗਰ ਪ੍ਰਥਾ ਨੂੰ ਇੰਨਾ ਗੰਧਲਾ ਕਰ ਦੇਣਗੇ ਕਿ ਲੰਗਰ ਦੇ ਨਾਮ ‘ਤੇ ਭੋਜਨ ਦੀ ਦੁਰਗਤੀ ਹੋਵੇਗੀ। ਕਈ ਕਿਸਮਾਂ ਦੇ ਭੋਜਨ ਲੰਗਰ ਦੇ ਨਾਮ ‘ਤੇ ਪਰੋਸੇ ਜਾਣਗੇ ਅਤੇ ਰੱਜਿਆਂ ਨੂੰ ਰਜਾਉਣ ਲਈ ਹੀ ਥਾਂ ਥਾਂ ‘ਤੇ ਲੰਗਰ ਲਾਏ ਜਾਣਗੇ। ਸੜਕਾਂ ‘ਤੇ ਰੋਕਾਂ ਲਾ ਕੇ, ਆਮ ਲੋਕਾਂ ਦੀ ਜੀਵਨ-ਰਫਤਾਰ ਨੂੰ ਉਲਝਾਇਆ ਜਾਵੇਗਾ। ਪਲਾਸਟਿਕ ਦੀਆਂ ਪਲੇਟਾਂ, ਕੱਪ ਅਤੇ ਭੋਜਨ ਦੀ ਰਹਿੰਦ-ਖੂੰਹਦ ਕਈ ਕਈ ਦਿਨਾਂ ਤੀਕ ਸੜਿਹਾਂਦ ਪੈਦਾ ਕਰਦੀ, ਅਜਿਹਾ ਪ੍ਰਦੂਸ਼ਣ ਪੈਦਾ ਕਰੇਗੀ ਜੋ ਕਈ ਸਾਲਾਂ ਤੀਕ ਧਰਤੀ ਅਤੇ ਵਾਤਾਵਰਣ ਨੂੰ ਪਲੀਤ ਕਰਦਾ ਰਹੇਗਾ। ਕੀ ਅਸੀਂ ਲੰਗਰ ਨੂੰ ਲੰਗਰ ਰਹਿਣ ਦਿਤਾ ਏ? ਸਿਹਤ ਨਾਲ ਖਲਵਾੜ ਕਰਦੇ ਲੰਗਰ ਦੇ ਰੂਪ ਵਿਚ ਪਰੋਸੇ ਜਾ ਰਹੇ ਵੱਖ ਵੱਖ ਪ੍ਰਕਾਰ ਦੇ ਖਾਣੇ, ਕੀ ਨਾਨਕ-ਸੋਚ ਨੂੰ ਪ੍ਰਗਟ ਕਰਦੇ ਨੇ? ਅਸੀਂ ਇਸ ਨਾਲ ਕੀ ਸਿੱਧ ਕਰਨਾ ਚਾਹੁੰਦੇ ਹਾਂ? ਲੰਗਰ ਪ੍ਰਥਾ ਨੂੰ ਢਾਹ ਲਾਉਣ ਦੇ ਰਾਹ ਕਿਉਂ ਪਏ ਹਾਂ? ਭੋਜਨ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਧਾਰਮਕ ਆਗੂ ਕਿਉਂ ਅਵੇਸਲੇ ਨੇ? ਥਾਂ ਥਾਂ ‘ਤੇ ਲੱਗ ਰਹੇ ਲੰਗਰਾਂ ਵਿਚੋਂ ਕਿਹੜਾ ਸਿੱਖੀ ਪਿਆਰ ਦਿਖਾ ਰਹੇ ਹਾਂ? ਦੁਨੀਆਂ ਵਿਚ ਬਹੁਤ ਲੋਕ ਭੁੱਖੇ ਅਤੇ ਲੋੜਵੰਦ ਨੇ ਜਿਨ੍ਹਾਂ ਦੀਆਂ ਲੋੜਾਂ ਨੂੰ ਲੰਗਰ ਦੇ ਬੇਲੋੜਾ ਖਰਚੇ ਨਾਲ ਪੂਰਾ ਕੀਤਾ ਜਾ ਸਕਦਾ ਏ। ਅਸੀਂ ਉਸ ਰਾਹ ਕਿਉਂ ਨਹੀਂ ਤੁਰਦੇ? ‘ਖਾਲਸਾ ਏਡ’ ਵਰਗੀਆਂ ਸੰਸਥਾਵਾਂ ਬਹੁਤ ਸੁਚਾਰੂ ਕੰਮ ਕਰ ਰਹੀਆਂ ਨੇ। ਵਿਦੇਸ਼ਾਂ ਵਿਚਲੇ ਬਹੁਤ ਸਾਰੇ ਗੁਰਦੁਆਰਿਆਂ ਵਿਚ ਲੰਗਰ ਨੂੰ ਅਸੀਂ ਇਕ ਹੋਟਲ-ਨੁਮਾ ਖਾਣਾ ਬਣਾ ਦਿਤਾ ਏ ਅਤੇ ਜ਼ਿਆਦਾਤਰ ਲੋਕ ਉਥੇ ਪੰਜ-ਸਿਤਾਰਾ ਖਾਣਾ ਖਾਣ ਹੀ ਜਾਂਦੇ ਨੇ। ਅਫਸੋਸ ਇਸ ਗੱਲ ਦਾ ਹੈ ਕਿ ਲੰਗਰ ਵਿਚੋਂ ਚੁੱਕਵੀਂ ਰੋਟੀ ਦਾ ਰਿਵਾਜ਼ ਵੀ ਆਮ ਹੈ। ਕਿੰਨਾ ਸ਼ਰਮਨਾਕ ਹੈ ਕਿ ਅਸੀਂ ਲੰਗਰ ਨੂੰ ਬੇਘਰੇ ਲੋਕਾਂ ਤੀਕ ਜਾਂ ਲੋੜਵੰਦਾਂ ਤੀਕ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਕੀ ਪ੍ਰਬੰਧਕਾਂ ਅਤੇ ਸਿੱਖ-ਆਗੂਆਂ ਨੇ ਇਸ ਬਾਰੇ ਕਦੇ ਸੋਚਿਆ ਏ, ਜੋ ਖੁਦ ਨੂੰ ਸਿੱਖੀ ਸੋਚ ਨੂੰ ਪ੍ਰਣਾਏ ਕਹਾਉਂਦੇ ਨੇ? ਲੰਗਰ, ਲੰਗਰ ਹੀ ਰਹੇ ਤਾਂ ਇਹ ਮਨੁੱਖੀ ਸੋਚ ਵਿਚ ਵੀ ਸੁੱਚਮ ਅਤੇ ਸਾਦਗੀ ਪੈਦਾ ਕਰੇਗਾ, ਜੋ ਲੰਗਰ ਦੀ ਆਤਮਾ ਦਾ ਸੂਖਮ ਸੰਦੇਸ਼ ਏ। ਲੰਗਰ ਰਾਹੀਂ ਤਾਜਾ ਅਤੇ ਪੌਸ਼ਟਿਕ ਖਾਣਾ ਸਾਨੂੰ ਗੁਰੂਆਂ ਨੇ ਵਿਰਾਸਤੀ ਰੂਪ ਵਿਚ ਦਿਤਾ ਸੀ। ਅਸੀਂ ਇਸ ਤੋਂ ਹੀ ਮੁਨਕਰ ਹੋਈ ਜਾ ਰਹੇ ਹਾਂ ਅਤੇ ਸਰੀਰਕ ਅਲਾਮਤਾਂ ਨੂੰ ਸੱਦਾ ਦੇ ਰਹੇ ਹਾਂ। ਵਾਸਤਾ ਈ! ਲੰਗਰ ਨੂੰ ਉਹੀ ਲੰਗਰ ਰਹਿਣ ਦਿਓ ਜੋ ਬਾਬੇ ਨਾਨਕ ਦੀ ਬਖਸ਼ਿਸ਼ ਏ। ਗੁਰੂ ਨਾਨਕ ਦੇਵ ਨੇ ਗ੍ਰਹਿਸਥੀ ਜੀਵਨ ਵਿਚ ਰੰਗ ਕੇ ਆਪਣੇ ਅਧਿਆਤਮਕ ਜੀਵਨ ਦੀ ਸ਼ੁਰੂਆਤ ਕੀਤੀ। ਪਰਾਇਆ ਧਨ ਅਤੇ ਪਰਾਈ ਇਸਤਰੀ ਤੋਂ ਨਿਰਲੇਪ ਰਹਿਣ ਦੇ ਸੰਦੇਸ਼ ਦੀ ਸਾਰਥਕਤਾ ਨੂੰ ਕਿਵੇਂ ਅਸੀਂ ਉਲੰਘ ਰਹੇ ਹਾਂ, ਇਹ ਇਸ ਤੱਥ ਤੋਂ ਸਪੱਸ਼ਟ ਹੈ ਕਿ ਕੁਝ ਧਾਰਮਕ ਆਗੂ ਅਤੇ ਸਿਰਕਰਦਾ ਸਿੱਖ ਲੀਡਰ ਇਨ੍ਹਾਂ ਦੋਹਾਂ ਅਲਾਮਤਾਂ ਵਿਚ ਗ੍ਰਸੇ, ਸਿੱਖੀ-ਲਿਬਾਸ ਨੂੰ ਸ਼ਰਮਸਾਰ ਕਰ ਰਹੇ ਹਨ। ਸੱਚੀ-ਸੁੱਚੀ ਕਿਰਤ ਰਾਹੀਂ ਸੁਲਤਾਨਪੁਰ ਲੋਧੀ ਵਿਚ ਮੋਦੀਖਾਨੇ ਦੀ ਨੌਕਰੀ ਕਰਦਿਆਂ ਇਮਾਨਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਗੁਰੂ ਜੀ ਦੇ ਅਸੀਂ ਕਿਹੋ ਜਿਹੇ ਸੇਵਕ ਹਾਂ ਕਿ ਅਸੀਂ ਬੇਈਮਾਨੀ ‘ਤੇ ਫਖਰ ਕਰਦੇ ਹਾਂ। ਹੇਰਾ-ਫੇਰੀ, ਰਿਸ਼ਵਤ ਅਤੇ ਕਮੀਨਗੀ ਸਾਡੇ ਸਾਹਾਂ ਵਿਚ ਰੱਚ ਗਈ ਏ। ਇਹ ਪਾਪ ਦੀ ਕਮਾਈ ਘਰ ਵਿਚ ਆ ਕੇ ਸਮਾਜਕ ਅਤੇ ਪਰਿਵਾਰਕ ਉਲਝਣਾਂ ਦਾ ਮੁੱਢ ਬੰਨਦੀ, ਨਸ਼ਿਆਂ, ਬਲਾਤਕਾਰਾਂ, ਕਤਲਾਂ ਅਤੇ ਰਿਸ਼ਤਿਆਂ ਬਾਹਰੀ ਸਬੰਧ ਬਣਾਉਣ ਲਈ ਉਤੇਜਿੱਤ ਕਰਦੀ ਏ। ਕਲੰਕਿਤ ਅਲਾਮਤਾਂ ਵਿਚ ਉਲਝ ਕੇ ਜੀਵਨ ਦੀ ਸਾਰਥਕਤਾ ਅਤੇ ਸੁੱਚਮਤਾ ਨੂੰ ਗਵਾਉਣ ਲਈ ਅਸੀਂ ਕਾਹਲੇ ਹੋਏ ਬੈਠੇ ਹਾਂ। ਕੀ ਗੁਰੂ ਨਾਨਕ ਦੇਵ ਦਾ ਨੌਕਰੀ ਕਰਨ ਵਾਲਾ ਸਿਧਾਂਤ ਸਾਡੀ ਸੋਚ ਦਾ ਹਿੱਸਾ ਬਣਿਆ ਏ? ਕੀ ਅਸੀਂ ਇਮਾਨਦਾਰੀ ਵਿਚੋਂ ਹੀ ਜੀਵਨ ਦਾ ਸਚਿਆਰਾਪਣ ਸਿਰਜਣ ਵਾਲੇ ਗਰੂ ਜੀ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਕੋਈ ਨੌਕਰੀ, ਵਪਾਰ ਜਾਂ ਲੈਣ-ਦੇਣ ਵਿਚ ਪਾਕ ਹਾਂ? ਕਿਉਂ ਅਸੀਂ ਪਾਪ ਦੀ ਕਮਾਈ ਨੂੰ ‘ਕੱਠਾ ਕਰਨ ਲਈ ਉਤਾਵਲੇ ਹਾਂ? ਖੁਦ ਦੀ ਆਤਮਕਤਾ ਨੂੰ ਗੰਧਲਾਉਣ ਵੱਲ ਕਿਉਂ ਰੁਚਿਤ ਹਾਂ? ਅਸੀਂ ਗੁਰਬਾਣੀ ਵਿਚਲੇ ਸੰਦੇਸ਼ ਨੂੰ ਅੰਤਰੀਵ ਵਿਚ ਵਸਾਉਣ ਤੋਂ ਮੁਨਕਰ ਹਾਂ। ਅਜਿਹਾ ਕਿਉਂ? ਕੀ ਅਸੀਂ ਮਖੌਟਾਧਾਰੀ ਹਾਂ? ਕੀ ਅਸੀਂ ਸਿੱਖ ਬਣਨ ਦੇ ਕਾਬਲ ਹਾਂ? ਕੀ ਗੁਰੂ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਦਾਇਕ ਨਹੀਂ? ਕੀ ਮੋਦੀਖਾਨੇ ਦੇ ਵੱਟਿਆਂ ਨੂੰ ਨਤਮਸਤਕ ਹੋਣਾ ਹੀ ਸਾਡੀ ਆਸਥਾ ਰਹਿ ਗਈ ਏ? ਜਪੁਜੀ ਸਾਹਿਬ ਦੇ ਮੂਲ ਮੰਤਰ ਰਾਹੀਂ ਸਿੱਖ-ਜੋਤ ਜਗਾਉਣ ਵਾਲੇ ਗੁਰੂ ਜੀ ਦੇ ਪੈਰੋਕਾਰ ਘਰ ਘਰ ਡੇਰੇ ਬਣਾ ਕੇ ਖੁਦ ਹੀ ਗੁਰੂ-ਡੰਮ ਦਾ ਰਾਗ ਅਲਾਪ ਰਹੇ ਨੇ। ਕੀ ਇਨ੍ਹਾਂ ਦੀ ਸੋਚ ਵਿਚ ਕਦੇ ਮੂਲ ਮੰਤਰ ਦੀ ਆਤਮਾ ਦਾ ਨਿਵਾਸ ਹੋਇਆ ਏ? ਖੁਦ ਨੂੰ ਗੁਰੂ ਆਖ ਕੇ ਖੁਦ ਦੀ ਪੂਜਾ ਕਰਵਾਉਣ ਵਾਲੇ ਅਤੇ ਗੁਫਾਵਾਂ ਤੇ ਭੋਰਿਆਂ ਵਿਚ ਕੁਕਰਮ ਬੀਜਣ ਅਤੇ ਬੁੱਤ-ਪ੍ਰਸਤੀ ਵਿਚੋਂ ਹੀ ਰੱਬ ਨੂੰ ਪਾਉਣ ਦਾ ਹੋਕਰਾ ਦੇਣ ਵਾਲੇ ਇਹ ਰੱਬ ਬਣੇ ਲੋਕ ਕਿਧਰੇ ਸਿੱਖੀ ਬਾਣੇ ਵਿਚ ਸਿੱਖੀ ਦੇ ਦੁਸ਼ਮਣ ਤਾਂ ਨਹੀਂ? ਕੀ ਅਜਿਹੇ ਲੋਕ ਸਿੱਖ-ਸਿਧਾਂਤਾਂ ਤੇ ਸਿੱਖੀ-ਸਰੋਕਾਰਾਂ ਨੂੰ ਖੋਰਾ ਲਾਉਣ ਅਤੇ ਸਿੱਖ ਵਿਚਾਰਾਂ ਨੂੰ ਗੰਧਲਾ ਕਰਨ ਲਈ ਦੋਖੀ ਤਾਕਤ ਵਲੋਂ ਘੁਸਪੈਠ ਤਾਂ ਨਹੀਂ ਕਰਵਾਈ ਗਈ? ਸਿੱਖਾਂ ਨੂੰ ਸੇਧ ਅਤੇ ਸੰਦੇਸ਼ ਦੇਣ ਵਾਲੇ ਸਰਬਉਚ ਸੰਸਥਾਵਾਂ ਦੇ ਮੋਹਰੀ ਕਿਧਰੇ ਕੋਝੀ ਚਾਲ ਦਾ ਸ਼ਿਕਾਰ ਤਾਂ ਨਹੀਂ ਹੋ ਗਏ? ਕੀ ਸਿੱਖ ਫਿਲਾਸਫੀ ਨੂੰ ਖੋਰਾ ਲਾਇਆ ਜਾ ਰਿਹਾ ਏ? ਕੀ ਕਾਰਨ ਹੈ ਕਿ ਕੁਝ ਬਾਬੇ ਰਾਜਸੀ ਅਤੇ ਧਾਰਮਕ ਪੁਸ਼ਤਪਨਾਹੀ ਕਾਰਨ ਖੁਦ ਦੀ ਸਲਤਨਤ ਉਸਾਰਨ ਵਿਚ ਮੋਹਰੀ ਨੇ? ਅਸੀਂ ਮੂਕ ਦਰਸ਼ਕ ਕਿਉਂ ਬਣੇ ਬੈਠੇ ਹਾਂ? ਕੀ ਅਸੀਂ ਸਿੱਖੀ ਸੋਚ ਦੇ ਵਾਰਸ ਹਾਂ? ਦੋਗਲੀ ਸ਼ਖਸੀਅਤ ਨੇ ਸਾਡੇ ਖੋਖਲੇਪਣ ਨੂੰ ਜਾਹਰ ਕਰ ਦਿਤਾ ਏ। ਗੁਰੂ ਨਾਨਕ ਦੇਵ ਜਦ ਉਦਾਸੀ ਨੂੰ ਤੁਰਦੇ ਨੇ ਤਾਂ ਗੁਰਬਾਣੀ ਨੂੰ ਆਮ ਲੋਕਾਂ ਤੀਕ ਪਹੁੰਚਾਉਣ ਅਤੇ ਸੰਗੀਤ ਰਾਹੀਂ ਲੋਕ-ਮਾਨਸਿਕਤਾ ਵਿਚ ਵਸਾਉਣ ਲਈ ਬਚਪਨ ਦੇ ਸਾਥੀ ਮਰਦਾਨਾ ਰਬਾਬੀ ਨੂੰ ਨਾਲ ਲੈਂਦੇ ਨੇ। ਇਹ ਅਚੇਤ ਰੂਪ ਵਿਚ ਧਾਰਮਕ ਕੱਟੜਤਾ ਨੂੰ ਚੁਣੌਤੀ ਸੀ। ਜਾਤ-ਪਾਤ ਦੇ ਪਾੜੇ ਨੂੰ ਉਲੰਘ ਕੇ ਨੀਵੀਂ ਜਾਤ ਵਾਲੇ ਮਰਦਾਨੇ ਨੂੰ ਬਰਾਬਰ ਦਾ ਰੁਤਬਾ ਦੇ ਕੇ ਉਦਾਸੀਆਂ ਦਾ ਸਦੀਵੀ ਸਾਥੀ ਬਣਾਉਣਾ, ਉਸ ਸਮੇਂ ਦੀ ਸਮਾਜਕ ਨਾ-ਬਰਾਬਰੀ ਨੂੰ ਬਰਾਬਰੀ ਵਿਚ ਤਬਦੀਲ ਕਰਨ ਦਾ ਪਲੇਠਾ ਉਦਮ ਸੀ। ਅਜੋਕੇ ਸਿੱਖ ਤਾਂ ਜਾਤਾਂ ਵਿਚ ਹੀ ਉਲਝ ਕੇ ਰਹਿ ਗਏ ਨੇ। ਜੱਟਾਂ, ਲੁਬਾਣਿਆਂ, ਰਾਮਦਾਸੀਆਂ, ਰਾਮਗੜ੍ਹੀਆਂ ਆਦਿ ਵੱਖ-ਵੱਖ ਫਿਰਕਿਆਂ ਨੇ ਆਪੋ-ਆਪਣੇ ਗੁਰਦੁਆਰੇ ਬਣਾ ਕੇ ਗੁਰਬਾਣੀ ਵਿਚਲੀ ਸਰਬ-ਪ੍ਰਮਾਣਕਿਤਾ ਅਤੇ ਸਭ ਵਰਗਾਂ ਲਈ ਸਤਿਕਾਰ ਨੂੰ ਢਾਹ ਲਾਈ ਏ। ਬਾਬੇ ਨਾਨਕ ਦੀ ਆਤਮਾ ਵਿਚਲੀ ਕੁਰਲਾਹਟ ਅਤੇ ਗੁਰਬਾਣੀ ਦੀ ਤ੍ਰਾਸਦੀ ਨੂੰ ਕਿੰਜ ਕਿਆਸੋਗੇ ਅਤੇ ਕਿੰਜ ਨਾਨਕ-ਸੋਚ ਨੂੰ ਮੁਖਾਤਬ ਹੋਵੋਗੇ? ਗੁਰਦੁਆਰਾ ਤਾਂ ਸਭ ਲਈ ਸਾਂਝਾ ਹੋਣਾ ਚਾਹੀਦਾ ਏ, ਪਰ ਅਸੀਂ ਸਿੱਖੀ ਦੇ ਸੇਵਕ ਹੋ ਕੇ ਖਾਸ ਜਾਤ/ਵਰਗ ਦੇ ਵਿਅਕਤੀਆਂ ਲਈ ਪਾਬੰਦੀਆਂ ਦੇ ਰਾਹ ਤੁਰ ਪਏ ਹਾਂ। ਕੀ ਇਹ ਸਿੱਖੀ ਹੈ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਸਿੱਖੀ-ਜੋਤ ਦੀ ਕੋਈ ਕਿਰਨ ਸਾਡੀ ਮਾਨਸਿਕਤਾ ਵਿਚ ਚਾਨਣ ਨਹੀਂ ਬਿਖੇਰਦੀ? ਕੀ ਅਸੀਂ ਸ਼ਬਦ-ਗੁਰੂ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਇਆ ਏ? ਗੁਰੂ ਨਾਨਕ ਦੇਵ ਨੇ ਚਾਰ ਉਦਾਸੀਆਂ ਚਾਰ ਦਿਸ਼ਾਵਾਂ ਵਿਚ ਕੀਤੀਆਂ ਅਤੇ ਵੱਖ-ਵੱਖ ਖੇਤਰਾਂ ਦੇ ਲੋਕਾਂ, ਵੱਖੋ ਵੱਖਰੇ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਅਤੇ ਉਨ੍ਹਾਂ ਦੇ ਰੰਗ ਵਿਚ ਖੁਦ ਨੂੰ ਰੰਗ ਕੇ ਸਿੱਖ-ਸੋਚ ਅਤੇ ਫਿਲਾਸਫੀ ਨੂੰ ਪ੍ਰਚਾਰਿਆ। ਇਕ ਤਰਕ ਸੀ, ਉਨ੍ਹਾਂ ਦੇ ਪ੍ਰਵਚਨਾਂ ਵਿਚ ਅਤੇ ਇਕ ਪੁਖਤਾ ਦਲੀਲ ਸੀ, ਉਨ੍ਹਾਂ ਦੇ ਹਰ ਬੋਲ ਵਿਚ। ਉਹ ਸੱਚ ਨੂੰ ਸੱਚ ਕਹਿਣ ਤੋਂ ਕਦੇ ਵੀ ਹਿਚਕਚਾਉਂਦੇ ਨਹੀਂ ਸਨ। ਭਾਵੇਂ ਉਹ ਬਾਦਸ਼ਾਹ ਬਾਬਰ ਹੋਵੇ, ਮਲਕ ਭਾਗੋ ਹੋਵੇ, ਸਿੱਧ ਯੋਗੀ ਹੋਣ, ਮੌਲਵੀ ਜਾਂ ਪੰਡਿਤ ਹੋਣ। ਉਨ੍ਹਾਂ ਨੇ ਪ੍ਰਚਲਤ ਵਹਿਮਾਂ-ਭਰਮਾਂ ਅਤੇ ਥੋਥੇ ਵਿਚਾਰਾਂ ਨੂੰ ਆਪਣੇ ਤਰਕਸ਼ੀਲ ਵਿਚਾਰਾਂ ਦੀ ਸਾਣ ਨਾਲ ਖੁੰਡੇ ਕੀਤਾ ਅਤੇ ਅਗਿਆਨ ਦੀ ਹਨੇਰ-ਜੂਹ ਵਿਚ ਅਜਿਹੀ ਚਾਨਣ ਕਾਤਰ ਧਰੀ ਕਿ ਸਭ ਲੋਕ ਉਨ੍ਹਾਂ ਦੇ ਮੁਰੀਦ ਹੋ ਗਏ। ਅਸੀਂ ਉਨ੍ਹਾਂ ਦੀਆਂ ਬਾ-ਕਮਾਲ, ਬਾ-ਦਲੀਲ ਅਤੇ ਤਰਕਸ਼ੀਲ ਵਿਚਾਰਧਾਰਾ ਨੂੰ ਨਕਾਰ ਕੇ ਇਸ ਨੂੰ ਕਰਾਮਾਤੀ ਰੰਗਣ ਵਿਚ ਅਜਿਹਾ ਰੰਗਿਆ ਕਿ ਉਨ੍ਹਾਂ ਦੀ ਸੋਚ ਨੂੰ ਧੁੰਦਲਾ ਕਰਨ ਵਿਚ ਸਿੱਖ ਪ੍ਰਚਾਰਕ, ਮਿਥਿਹਾਸਕ ਸਾਖੀਆਂ ਜਾਂ ਕੱਚਘਰੜ ਲੇਖਕ ਹੀ ਸਭ ਤੋਂ ਮੋਹਰੀ ਨੇ। ਵਿਗਿਆਨਕ ਨਜ਼ਰੀਆ ਅਤੇ ਤੱਥ ਭਰਪੂਰ ਦਲੀਲ ਰਾਹੀਂ ਸਿੱਖ ਧਰਮ ਨੂੰ ਦੁਨੀਆਂ ਦੇ ਵੱਡੇ ਹਿੱਸੇ ਵਿਚ ਫੈਲਾਉਣ ਵਾਲੇ ਗੁਰੂ ਦੇ ਸਿੱਖਾਂ ਦੀ ਕੇਹੀ ਮਾਨਸਿਕਤਾ ਬਣ ਗਈ ਏ ਕਿ ਉਹ ਅਜੋਕੇ ਸਮਿਆਂ ਵਿਚ ਤਰਕ ਅਤੇ ਦਲੀਲ ਤੋਂ ਕੋਰੇ ਨੇ। ਉਨ੍ਹਾਂ ਕੋਲ ਸਿਰਫ ਦੂਸਰੀ ਧਿਰ ਨੂੰ ਡਰਾਉਣ, ਧਮਕਾਉਣ ਜਾਂ ਉਸ ਦੀ ਹਸਤੀ ਮਿਟਾਉਣ ਵਾਲਾ ਮਾਰਗ ਹੀ ਇਕ ਬਦਲ ਬਣ ਕੇ ਰਹਿ ਗਿਆ ਏ। ਕਿਉਂ ਨਹੀਂ ਬਾਬੇ ਨਾਨਕ ਦੇ ਸਿੱਖ ਉਨ੍ਹਾਂ ਦੀ ਸੋਚ ਨੂੰ ਅਪਨਾ ਕੇ ਹਰ ਮਸਲੇ ਅਤੇ ਮੱਤਭੇਦ ਨੂੰ ਦਲੀਲ ਰਾਹੀਂ ਮਿਲ ਬੈਠ ਕੇ ਨਜਿੱਠਣ ਅਤੇ ਭਾਈਚਾਰਕ ਤੰਦਾਂ ਨੂੰ ਹੋਰ ਮਜਬੂਤ ਕਰਨ ਵੱਲ ਪਹਿਲਕਦਮੀ ਕਰਦੇ? ਇਸ ਵਿਚ ਕਿਸੇ ਦਾ ਘਟਾਅ ਨਹੀਂ ਸਗੋਂ ਸਮਾਜਕ ਪੱਧਰ ‘ਤੇ ਇੱਜਤ ਵੱਧਦੀ ਏ। ਵੱਖ-ਵੱਖ ਧਾਰਮਕ ਅਦਾਰਿਆਂ ਜਾਂ ਆਗੂਆਂ ਵਲੋਂ ਮਹੱਤਵਪੂਰਨ ਗੁਰਪੁਰਬ ਅਤੇ ਧਾਰਮਕ ਸਮਾਗਮ ਵੱਖ-ਵੱਖ ਤਰੀਕਾਂ ‘ਤੇ ਮਨਾਉਣ ਦੀ ਨਵੀਂ ਪਿਰਤ ਸ਼ੁਰੂ ਕਰਕੇ ਸਿੱਖ ਕੌਮ ਹੀ ਮਖੌਲ ਦੀ ਪਾਤਰ ਬਣ ਗਈ ਏ। ਸਾਨੂੰ ਤਾਂ ਹਰ ਦੂਸਰੇ ਵਿਅਕਤੀ ਵਿਚੋਂ ਰੱਬ ਦਾ ਰੂਪ ਨਹੀਂ ਸਗੋਂ ਇਕ ਦੋਖੀ ਨਜ਼ਰ ਆਉਂਦਾ ਏ ਅਤੇ ਉਸ ਦੀ ਹੋਂਦ ਨੂੰ ਖਤਮ ਕਰਨ ਲਈ ਕਾਹਲੇ ਪੈ ਜਾਂਦੇ ਹਾਂ। ਦਰਅਸਲ ਇਹ ਸਾਡੇ ਮਨ ਵਿਚ ਘਰ ਕਰੀ ਬੈਠੀ ਹੀਣ-ਭਾਵਨਾ ਏ, ਜੋ ਮਨੁੱਖ ਨੂੰ ਕਮਜ਼ੋਰ ਕਰ, ਖੁਦ ਨੂੰ ਖੁਦ ਦੇ ਵਿਨਾਸ਼ ਦੇ ਰਾਹ ਤੋਰਦੀ ਏ। ਕੀ ਗੁਰੂ ਨਾਨਕ ਦੇਵ ਨੇ ਕਿਸੇ ਨਾਲ ਕੋਈ ਲੜਾਈ-ਝਗੜਾ ਕੀਤਾ ਸੀ? ਉਨ੍ਹਾਂ ਦੀ ਸ਼ਖਸੀਅਤ ਅਤੇ ਸੋਚ ਦਾ ਕੇਹਾ ਕ੍ਰਿਸ਼ਮਾ ਸੀ ਕਿ ਉਹ ਆਪਣੇ ਪ੍ਰਭਾਵਸ਼ਾਲੀ, ਨਿਰਲੇਪ ਅਤੇ ਸਰਬ-ਪ੍ਰਵਾਨਤ ਵਿਚਾਰਾਂ ਨਾਲ ਵਿਰੋਧੀ ਸੋਚ ਨੂੰ ਪ੍ਰਭਾਵਤ ਕਰ, ਆਪਣੀ ਬੁੱਕਲ ਵਿਚ ਲੈ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਹਰ ਮਸਤਕ ਵਿਚ ਧਰਦੇ, ਲੋਕਾਈ ਦੀ ਸਰਬ-ਸੁਖਨਤਾ ਦਾ ਪੈਗਾਮ ਫਿਜ਼ਾ ਦੇ ਨਾਮ ਲਾਉਂਦੇ ਸਨ। ਉਹ ਤਾਂ ਪਿਆਰ ਅਤੇ ਮੋਹ ਦਾ ਅਜਿਹਾ ਮੁਜੱਸਮਾ ਸਨ, ਜਿਸ ਦੀ ਬਰਾਬਰੀ ਕੌਣ ਕਰੇਗਾ? ਪਰ ਕੀ ਅਸੀਂ ਉਨ੍ਹਾਂ ਦੀ ਸੋਚ ਦਾ ਕਿਣਕਾ ਮਾਤਰ ਅਪਨਾਉਣ ਵਿਚ ਪਹਿਲ ਕਰ ਸਕਦੇ ਹਾਂ? ਅਸੀਂ ਤਾਂ ਆਪਸ ਵਿਚ ਹੀ ਲੜਦੇ, ਖੁਦ ਵਿਚੋਂ ਸ਼ਬਦ-ਸੋਚ ਨੂੰ ਮਨਫੀ ਕਰ, ਲਾਸ਼ ਬਣ ਕੇ ਜਿਉਣ ਦਾ ਢਕਵੰਜ ਕਰਦੇ ਹਾਂ। ਜੀਵਨ ਦੇ ਹਰ ਪੜਾਅ ‘ਤੇ ਗੁਰੂ ਨਾਨਕ ਦਾ ਵੱਖ-ਵੱਖ ਲੋਕਾਂ ਨਾਲ ਸੰਵਾਦ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਇਕ ਅਜਿਹੀ ਦਿੱਭ-ਦ੍ਰਿਸ਼ਟੀ ਦਾ ਚਾਨਣ ਸੀ, ਜਿਸ ਦੀ ਆਭਾ ਵਿਚ ਮਨੁੱਖੀ ਹੋਂਦ ਨੂੰ ਚੰਗੇਰੇ ਮਾਰਗ ਦੀ ਦਰਸ਼ਨਾ ਪ੍ਰਾਪਤ ਹੁੰਦੀ ਸੀ। ਇਹ ਭਾਵੇਂ ਮੱਕੇ ਮਦੀਨੇ ਦੀ ਯਾਤਰਾ ਹੋਵੇ, ਹਰਿਦੁਆਰ ਵਿਚ ਗੰਗਾ ਕਿਨਾਰੇ ਸੂਰਜ ਨੂੰ ਪਾਣੀ ਦੇਣ ਦੀ ਪਰੰਪਰਾ ਨੂੰ ਤਰਕਸ਼ੀਲ ਸੋਚ ਨਾਲ ਝੁਠਲਾਉਣਾ ਹੋਵੇ ਜਾਂ ਯੋਗੀਆਂ ਤੇ ਸਿੱਧਾਂ ਸੰਗ ਕੀਤੀ ਗੋਸ਼ਟ ਨਾਲ ਦੁਨਿਆਵੀ ਜੀਵਨ ਨੂੰ ਨਕਾਰਨ ਦੀ ਪ੍ਰਥਾ ਨੂੰ ਜਿੰਮੇਵਾਰੀਆਂ ਤੋਂ ਭੱਜਣ ਨਾਲ ਜੋੜਨਾ ਹੋਵੇ। ਦੁਨਿਆਵੀ ਜੀਵਨ ਵਿਚ ਰਹਿੰਦਿਆਂ, ਪ੍ਰਮਾਰਥ ਦੇ ਮਾਰਗੀ ਬਣਨ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਸਮਾਜਕ ਫਰਜ਼ਾਂ ਪ੍ਰਤੀ ਕੁਤਾਹੀ ਤੋਂ ਸੁਚੇਤ ਕੀਤਾ। ਇਸ ਨੂੰ ਸੰਤੁਲਤ ਜ਼ਿੰਦਗੀ ਦਾ ਅੰਗ ਮੰਨ ਕੇ, ਪਰਿਵਾਰ ਪਾਲਦਿਆਂ ਹੀ ਆਤਮਕ ਵਿਕਾਸ ਦੇ ਰਾਹ ਪੈਣ ਦੀ ਤਾਕੀਦ ਕੀਤੀ। ਗੁਰੂ ਨਾਨਕ ਦੇਵ ਦਾ ਸਮੁੱਚਾ ਜੀਵਨ ਪਰਮ-ਪੁਰਖ ਦਾ ਅਜਿਹਾ ਉਚਤਮ ਰੂਪ ਏ ਜੋ ਉਨ੍ਹਾਂ ਦੀ ਬਾਣੀ ਅਤੇ ਜੀਵਨ-ਸ਼ੈਲੀ ਵਿਚੋਂ ਪ੍ਰਤੱਖ ਨਜਰੀਂ ਪੈਂਦਾ ਏ। ਕੀ ਅਸੀਂ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਪੜ੍ਹਿਆ ਏ? ਇਨ੍ਹਾਂ ਨੂੰ ਆਪਣੀ ਕਰਮਯੋਗਤਾ ਦਾ ਹਿੱਸਾ ਬਣਾਇਆ ਏ? ਕੀ “ਘਾਲਿ ਖਾਇ ਕਿਛ ਹਥਹੁ ਦੇਇ…” ਵਰਗੀ ਚੇਤਨਾ ਸਾਡੀ ਜ਼ਮੀਰ ਨੂੰ ਝੰਜੋੜਦੀ ਏ? ਕੀ ਅਸੀਂ ਆਪਣੀ ਕਿਰਤ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਕੀਤੀ ਏ? ਕੀ ਕਿਸੇ ਗਰੀਬ ਗੁਰਬੇ ਲਈ ਆਪਣੀਆਂ ਅਸੀਮਤ ਸੁੱਖ-ਸਹੂਲਤਾਂ ਨੂੰ ਸੀਮਤ ਕਰਨ ਲਈ ਪਹਿਲ ਕਦਮੀ ਕੀਤੀ ਏ? ਕੀ ਇਹ ਸਮਾਜਕ ਬਰਾਬਰੀ ਲਈ ਇਨਕਲਾਬੀ ਕਦਮ ਨਹੀਂ ਹੋਵੇਗਾ ਜਿਸ ਦੀ ਚਾਹਨਾ ਗੁਰੂ ਜੀ ਨੇ ਕੀਤੀ ਸੀ? ਅਜੋਕੇ ਸਮਿਆਂ ਦੀ ਕੇਹੀ ਤ੍ਰਾਸਦੀ ਹੈ ਕਿ ਅਸੀਂ ਬੇਗੈਰਤ ਹੋ ਗਏ ਹਾਂ। ਮਨੁੱਖ ਦਾ ਬੇਗੈਰਤ ਹੋਣਾ, ਉਸ ਦੀ ਮਾਨਸਿਕ ਮੌਤ ਏ, ਜੋ ਸਰੀਰਕ ਮੌਤ ਨਾਲੋਂ ਵੀ ਜ਼ਿਆਦਾ ਦਰਦੀਲੀ ਅਤੇ ਪੀੜਤ ਹੁੰਦੀ ਏ। ਧੁਖ ਧੁਖ ਕੇ ਮਰਨਾ ਅਤੇ ਆਪਣੀ ਹੋਣੀ ‘ਤੇ ਅੱਥਰੂ ਵਹਾਉਣ ਤੋਂ ਵੀ ਤ੍ਰਹਿਣਾ, ਅੱਜ ਦੇ ਸਿੱਖ ਦਾ ਸੰਤਾਪ ਹੈ ਕਿਉਂਕਿ ਅਸੀਂ ਤਾਂ ਗੁਰੂ ਨਾਨਕ ਦੇਵ ਦਾ ਇਹ ਵਾਕ ਤਾਂ ਕਦੇ ਚੇਤਿਆਂ ਵਿਚ ਵਸਾਇਆ ਹੀ ਨਹੀਂ ਕਿ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮ ਜੇਤਾ ਕਿਛ ਖਾਇ॥” ਅਣਖ ਨਾਲ ਜਿਉਣ ਵਾਲੀਆਂ ਕੌਮਾਂ ਇਤਿਹਾਸ ਦਾ ਵਰਕਾ ਬਣਦੀਆਂ ਨੇ। ਪੰਜਾਬੀਆਂ ਨੂੰ ਤਾਂ ਸਮੇਂ ਦੀਆਂ ਸਰਕਾਰਾਂ ਨੇ ਬੌਣੇ, ਹੀਣੇ ਅਤੇ ਮੰਗਤੇ ਬਣਾ ਦਿਤਾ ਏ ਅਤੇ ਅਸੀਂ ਇਸ ਲਾਚਾਰਗੀ ਵਿਚੋਂ ਹੀ ਜਿਉਣ ਦੀ ਲੋਚਾ ਪਾਲਣ ਲੱਗ ਪਏ ਹਾਂ। ਆਪਣੇ ਸਵੈ-ਅਭਿਮਾਨ, ਨਿਸ਼ਕਾਮਤਾ ਅਤੇ ਪਰਉਪਕਾਰੀ ਸੁਭਾਅ ਨੂੰ ਛੱਡ ਕੇ ਹੰਕਾਰੀ, ਲਾਲਚੀ, ਕਪਟੀ ਅਤੇ ਸੁਆਰਥੀ ਬਣ ਕੇ ਅਸੀਂ ਬਹੁਤ ਕੁਝ ਗਵਾਇਆ ਏ। ਕੁਝ ਪ੍ਰਾਪਤੀ ਲਈ ਨਿੱਜਤਾ ਤੋਂ ਉਪਰ ਉਠ ਕੇ ਸਮਾਜ ਲਈ ਜਿਉਣਾ ਹੀ ਮਨੁੱਖੀ ਸੋਚ ਦੀ ਅਸੀਮਤਾ ਏ। ਇਸ ਲਈ ਮਨੁੱਖੀ ਸ਼ਖਸੀਅਤ ਵਿਚਲੀ ਪਾਕੀਜ਼ਗੀ, ਪਰਉਪਕਾਰਤਾ ਅਤੇ ਪਹਿਲ-ਕਦਮੀ ਦਾ ਰਾਹ ਪਕੜਨਾ ਪਵੇਗਾ। ਕਿਰਤ-ਕਮਾਈ ਦੀ ਸੁੱਚਮਤਾ ਅਤੇ ਉਚਮਤਾ ਪੰਜਾਬੀਆਂ ਦੇ ਜੀਵਨ ਵਿਚੋਂ ਕਿਉਂ ਅਤੇ ਕਿਸ ਨੇ ਗਾਇਬ ਕੀਤੀ ਏ? ਸੋਚਣ ਤੇ ਸਮਝਣ ਦੀ ਲੋੜ ਏ। ਅਜੋਕਾ ਮਨੁੱਖ ਆਪਣੀਆਂ ਲੋੜਾਂ ਤੇ ਥੋੜ੍ਹਾਂ ਵਿਚ ਉਲਝਿਆ, ਸਮਾਜਕ ਤੇ ਆਰਥਕ ਨਾ-ਬਰਾਬਰੀ, ਬੇਇਨਸਾਫੀ ਅਤੇ ਕਿਰਤ-ਲੁੱਟ ਤੋਂ ਅਣਜਾਣ ਆਪਣੀ ਆਵਾਜ਼ ਬੁਲੰਦ ਕਰਨ ਤੋਂ ਡਰਨ ਲੱਗ ਪਿਆ ਏ। ਅਸੀਂ ਤਾਂ ਆਪਣੇ ਰਹਿਬਰ ਦੇ ਉਸ ਉਲਾਹਮੇ ਨੂੰ ਵੀ ਭੁੱਲ ਗਏ ਹਾਂ, ਜਿਸ ਨੇ ਬਾਬਰ ਵਲੋਂ ਢਾਹੇ ਜਾ ਰਹੇ ਜੁਲਮ ਅਤੇ ਨਿਤਾਣਿਆਂ ਤੇ ਨਿਮਾਣਿਆਂ ‘ਤੇ ਹੋ ਰਹੇ ਤਸ਼ਦੱਦ ਨੂੰ ਦੇਖਦਿਆਂ ਰੱਬ ਨੂੰ ਉਲਾਹਮਾ ਦਿੱਤਾ ਸੀ, “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ॥” ਜਾਂ “ਜੇ ਸਕਤਾ ਸਕਤੇ ਕੋ ਮਾਰੇ ਤਾ ਮਨਿ ਰੋਸ ਨ ਹੋਈ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ॥” ਅਸੀਂ ਬਾਬੇ ਨਾਨਕ ਦੀ ਉਸ ਆਵਾਜ਼ ਦੀ ਬੁਲੰਦਗੀ ਅਤੇ ਬੇਖੌਫਤਾ ਤੋਂ ਕਾਇਰ ਕਿਉਂ ਹੋ ਗਏ ਹਾਂ? ਆਪਣੇ ਰਹਿਬਰ ਤੋਂ ਕਿਨਾਰਾ-ਕਸ਼ੀ, ਕਿਸੇ ਸੋਚ ਦਾ ਦਫਨ ਹੋਣਾ ਏ ਅਤੇ ਸੋਚ ਮਰਨ ਤੋਂ ਬਾਅਦ ਮਨੁੱਖ ਇਕ ਤਾਬੂਤ ਹੁੰਦਾ ਏ, ਜੋ ਮਿੱਟੀ ‘ਚ ਮਿੱਟੀ ਹੋਣ ਤੋਂ ਵੱਧ ਕੁਝ ਨਹੀਂ ਹੁੰਦਾ। ਅਸੀਂ ਤਾਂ ਨਾ-ਸ਼ੁਕਰੇਪਨ ਦਾ ਸਿਖਰ ਹੀ ਸਿਰਜ ਬੈਠੇ ਹਾਂ। ਇਸ ਨਾ-ਸ਼ੁਕਰੇਪਨ ਨੇ ਸਾਡੇ ਪੱਲੇ ਜੀਵਨ-ਦੁਸ਼ਵਾਰੀਆਂ ਅਤੇ ਪੀੜਾਂ ਭਰੇ ਰਾਹਾਂ ਦਾ ਨਾਮਕਰਨ ਹੀ ਦਿਤਾ ਏ। ਗੁਰੂ ਨਾਨਕ ਦੇਵ ਦੀ ਸੋਚ ਦੀ ਵਿਸ਼ਾਲਤਾ ਅਤੇ ਅਸੀਮ ਦਿਸਹੱਦਿਆਂ ਦੀ ਹਾਥ ਲੈਣ ਦੀ ਚਾਹਨਾ ਤੋਂ ਮੁੱਕਰ ਚੁਕਾ ਮਨੁੱਖ ਖੁਦ ਵਿਚ ਹੀ ਸਿਮਟ ਕੇ ਰਹਿ ਗਿਆ। ਅਜੋਕਾ ਸਿੱਖ ਅਜਿਹੀਆਂ ਪਰੰਪਰਾਵਾਂ, ਰਸਮਾਂ ਅਤੇ ਵਹਿਮਾਂ ‘ਚ ਸਾਹਾਂ ਦੀ ਸੰਘੀ ਨੱਪ ਰਿਹਾ ਏ, ਜਿਨ੍ਹਾਂ ਤੋਂ ਨਿਜਾਤ ਲਈ ਗੁਰੂ ਜੀ ਨੇ ਸਿੱਖ-ਸੋਚ ਨੂੰ ਨਵੇਂ ਪੈਗੰਬਰੀ ਅਵਤਾਰ ਦੇ ਰੂਪ ਵਿਚ ਦੁਨੀਆਂ ‘ਚ ਪ੍ਰਚੰਡ ਕੀਤਾ ਸੀ। ਵਿਸ਼ਾਲ ਅੰਬਰ ਦੀ ਆਰਤੀ ਉਤਾਰਨ ਵਾਲੇ ਬਾਬਾ ਜੀ ਦੇ ਕੁਝ ਸ਼ਿਸ਼ ਅੱਜ ਕਲ ਥਾਲ ਵਿਚ ਦੀਵਿਆਂ ਨਾਲ ਆਰਤੀ ਉਤਾਰਦੇ ਆਪਣੀ ਬੌਣੀ ਸੋਚ ਦਾ ਪ੍ਰਮਾਣ ਦੇਣ ਲੱਗਿਆਂ ਠਿੱਠ ਵੀ ਨਹੀਂ ਹੁੰਦੇ। ਅਜਿਹੇ ਵਰਤਾਰੇ ਲਈ ਆਪੂ ਬਣੇ ਬਾਬਿਆਂ ਦਾ ਮੋਹਰੀ ਹੋਣਾ, ਸਿੱਖ ਸਮਾਜ ਲਈ ਨਮੋਸ਼ੀ ਦਾ ਸਬੱਬ ਏ ਕਿਉਂਕਿ ਸਿੱਖ ਸਮਾਜ ਵਿਚਲੇ ਧਰਮੀ ਵਿਅਕਤੀ ਅਡੰਬਰੀ ਹੋ ਗਏ ਨੇ। ਇਸ ਅਡੰਬਰ ਵਿਚ ਹੀ ਉਹ ਆਪਣੀਆਂ ਨਿੱਜੀ ਖਾਹਸ਼ਾਂ, ਤੰਗ-ਦਾਅਰਿਆਂ ਅਤੇ ਸੌੜੀ ਸੋਚ ਨਾਲ ਸਿੱਖ-ਸੋਚ ਵਿਚਲੀ ਵਿਸ਼ਾਲਤਾ ਨੂੰ ਨਿੱਕੇ ਜਿਹੇ ਦਾਇਰੇ ਵਿਚ ਸੀਮਤ ਕਰਕੇ, ਇਕ ਫਿਰਕੇ ਤੀਕ ਹੀ ਨਿਯਮਿਤ ਕਰਨ ਲਈ ਹਰ ਹਰਬਾ ਵਰਤ ਰਹੇ ਹਨ। ਲੋੜ ਹੈ ਕਿ ਅਸੀਂ ਗੁਰ-ਸ਼ਬਦ ਵਿਚਲੀ ਅਸੀਮਤਾ, ਉਚਮਤਾ, ਪਾਕੀਜ਼ਗੀ ਅਤੇ ਮਾਨਸਿਕ ਉਡਾਣ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰੀਏ। ਗੁਰੂ ਨਾਨਕ ਦੇਵ ਦਾ ਸਮੁੱਚਾ ਜੀਵਨ ਸਾਧਨਾ, ਸਮਰਪਣ ਅਤੇ ਸਪੱਸ਼ਟਤਾ ਨੂੰ ਅਰਪਿੱਤ ਸੀ। ਇਸ ਅਰਪਣ ਵਿਚੋਂ ਹੀ ਉਨ੍ਹਾਂ ਨੇ ਜੀਵਨ ਦੇ ਉਚਤਮ ਗੁਣਾਂ ਦੀ ਨਿਸ਼ਾਨਦੇਹੀ ਕਰਦਿਆਂ ਇਨ੍ਹਾਂ ਨੂੰ ਆਖਰੀ ਸਵਾਸ ਤੱਕ ਜੀਵਿਆ। ‘ਤਖਤ ਬਹੈ ਤਖਤੇ ਕੇ ਲਾਇਕ’ ਦੇ ਕਥਨ ਅਨੁਸਾਰ ਉਨ੍ਹਾਂ ਨੇ ਗੁਰਗੱਦੀ ਅਤੇ ਸ਼ਬਦ-ਗੁਰੂ ਦੇ ਵਾਰਸ ਵਜੋਂ ਆਪਣੇ ਪੁੱਤਰ-ਮੋਹ ਨੂੰ ਤਰਜ਼ੀਹ ਨਹੀਂ ਦਿਤੀ। ਸਿੱਖੀ-ਸਿਧਾਂਤ ਨੂੰ ਅਪਨਾਉਣ, ਪ੍ਰਚਾਰਨ ਅਤੇ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਸਭ ਤੋਂ ਕਾਬਲ ਭਾਈ ਲਹਿਣਾ ਨੂੰ ਗੁਰੂ ਅੰਗਦ ਦੇਵ ਦੀ ਉਪਾਧੀ ਦੇ ਕੇ ਗੁਰ-ਸ਼ਬਦ ਦਾ ਵਾਰਸ ਬਣਾਇਆ। ਕੀ ਅਸੀਂ ਅਜੋਕੇ ਸਮੇਂ ਵਿਚ ਅਜਿਹਾ ਸੋਚ ਸਕਦੇ ਹਾਂ? ਕੀ ਸਾਡੇ ਧਾਰਮਕ, ਸਿਆਸੀ ਅਤੇ ਸਮਾਜਕ ਲੀਡਰਾਂ ਨੇ ਕਦੇ ਇਸ ਸੋਚ ‘ਤੇ ਪਹਿਰਾ ਦਿਤਾ ਏ? ਕੀ ਆਪਣੇ ਵੰਸ਼ ਦੀ ਚੌਧਰ ਨੂੰ ਬਰਕਰਾਰ ਰੱਖਣ ਅਤੇ ਧਾਰਮਕ/ਸਿਆਸੀ ਅਦਾਰਿਆਂ ‘ਤੇ ਆਪਣਾ ਗਲਬਾ ਕਾਇਮ ਰੱਖਣ ਲਈ ਹਰ ਲੀਡਰ ਹਰ ਹਰਬਾ ਨਹੀਂ ਵਰਤ ਰਿਹਾ? ਕੀ ਗੁਰੂ ਜੀ ਵਲੋਂ ਪ੍ਰਚਾਰੇ ਸਿੱਖੀ ਸਿਧਾਂਤ ਸਿਰਫ ਬੇਗਾਨਿਆਂ ਲਈ ਹਨ ਜਾਂ ਸਿਰਫ ਕਿਤਾਬਾਂ ਜਾਂ ਗ੍ਰੰਥਾਂ ਤੀਕ ਹੀ ਸੀਮਤ ਹਨ? ਅਸੀਂ ਕਿਹੋ ਜਿਹੇ ਸਿੱਖ ਹਾਂ ਜੋ ਸਿੱਖੀ ਭੇਸ ਵਿਚ ਸਿੱਖ ਵਿਚਾਰਧਾਰਾ ਨੂੰ ਕਤਲ ਕਰਨ ਲਈ ਜਿੰਮੇਵਾਰ ਹਾਂ? ਸਿੱਖ ਸੋਚ ਨੂੰ ਸੰਕੀਰਨਤਾ ਵੱਲ ਧਕੇਲਣ ਲਈ ਕੌਣ ਕਸੂਰਵਾਰ ਏ? ਅਜਿਹੇ ‘ਚ ਕਿਹੋ ਜਿਹੇ ਮਨੁੱਖ ਦੀ ਸਿਰਜਣਾ ਦਾ ਕਿਆਸ ਕੀਤਾ ਜਾ ਸਕਦਾ ਏ, ਇਹ ਸਾਡੇ ਸਭ ਦੇ ਸਾਹਮਣੇ ਹੈ। ਅਜਿਹਾ ਮਨੁੱਖ ਜੋ ਗੁਰੂ ਵਲੋਂ ਚਿਤਵੇ ਮਨੁੱਖ ਤੋਂ ਹੀਣਾ ਅਤੇ ਨਿਗੂਣਾ ਏ, ਜਿਸ ਦੀ ਸੋਚ ਨੂੰ ਫੋਕੀਆਂ ਸ਼ੁਹਰਤਾਂ, ਸਿਫਤਾਂ ਅਤੇ ਸੰਕੀਰਨਤਾ ਨੇ ਅੰਦਰੋਂ ਛਲਨੀ ਕੀਤਾ ਹੋਇਆ ਏ, ਉਹ ਪੂਰਨ ਮਨੁੱਖ ਦਾ ਮਖੌਟਾ ਪਾ ਕੇ ਪੂਰਨਤਾ ਦਾ ਦਾਅਵੇਦਾਰ ਬਣ ਰਿਹਾ ਏ। ਯਾਦ ਰੱਖਣਾ! ਸਿੱਖ ਸੋਚ ਨੂੰ ਅੰਤਰੀਵ ਵਿਚ ਵਸਾ ਅਤੇ ਵਿਸਥਾਰ ਕੇ ਹੀ ਅਸੀਂ ਗੁਰੂ ਜੀ ਵਲੋਂ ਕਿਆਸੇ ਮਨੁੱਖੀ ਸ਼ਖਸੀ ਬਿੰਬ ਨੂੰ ਸਿਰਜਣ ਦੇ ਰਾਹ ਤੁਰ ਸਕਦੇ ਹਾਂ। ਇਹ ਮਾਰਗ ਬਿਖੜਾ ਤਾਂ ਹੈ ਪਰ ਇਸ ਦੀਆਂ ਰਹਿਮਤਾਂ ਨੇ ਹੀ ਮਨੁੱਖ ਨੂੰ ਮਾਨਵਵਾਦੀ ਸੋਚ ਦਾ ਮੁੱਦਈ ਬਣਾ ਕੇ, ਪਰਮ ਮਨੁੱਖ ਦਾ ਉਪਨਾਮ ਦੇਣਾ ਏ। ਬਾਬੇ ਨਾਨਕ ਨੇ ਥੋਥੇ ਮਨੁੱਖੀ ਕਿਰਦਾਰ ਬਾਰੇ ਕੇਡੇ ਵੱਡੇ ਸੱਚ ਦਾ ਖੁਲਾਸਾ ਕਰਦਿਆਂ ਕਿਹਾ ਸੀ, “ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸਧਾ ਕਾਲੀਆ ਬਾਹਰਿ ਚਿਟਵੀਆਹ॥” ਇਹ ਸੱਚ ਅਜੋਕੇ ਮਨੁੱਖ ਦਾ ਹੈ, ਜੋ ਬਾਬੇ ਨੇ 550 ਸਾਲ ਪਹਿਲਾਂ ਕਹਿ ਦਿਤਾ ਸੀ। ਕੀ ਅਸੀਂ ਬਾਹਰੋਂ ਅਤੇ ਅੰਦਰੋਂ ਇਕਸਾਰ ਹਾਂ? ਕੀ ਅਸੀਂ ਪਰਤਾਂ ਵਿਚ ਜਿਉਂਦੇ ਹਾਂ? ਕੀ ਅਸੀਂ ਮਖੌਟੇ ਬਦਲਣ ਦੇ ਮਾਹਰ ਹਾਂ ਅਤੇ ਲੋੜ ਅਨੁਸਾਰ ਮਖੌਟੇ ਦਾ ਰੰਗ ਅਤੇ ਰੂਪ ਬਦਲ ਕੇ ਨਿੱਜੀ ਮੁਫਾਦ ਦੀ ਪੂਰਤੀ ਲਈ ਜ਼ਮੀਰ ਵੇਚਣ ਲਈ ਵੀ ਤਿਆਰ ਰਹਿੰਦੇ ਹਾਂ? ਜਦ ਹਰ ਮਨੁੱਖ ਵਿਕਾਊ ਹੋ ਜਾਵੇ ਤਾਂ ਕਦਰਾਂ-ਕੀਮਤਾਂ ਦੀ ਕੌਣ ਸ਼ਾਹਦੀ ਭਰੇਗਾ? ਕੌਣ ਸਮਾਜਕ ਤੰਦਾਂ ਵਿਚਲੇ ਮੋਹ ਅਤੇ ਪਕਿਆਈ ਦਾ ਰਾਗ ਗਾਵੇਗਾ? ਕੌਣ ਸੁੱਚੀਆਂ ਸੱਧਰਾਂ, ਸੁਗੰਧਤ ਸਬੰਧਾਂ ਅਤੇ ਮੋਹਵੰਤੀਆਂ ਤਰੰਗਾਂ ਨਾਲ ਮਨ ਦੀਆਂ ਰਮਜਾਂ ਦਾ ਗੀਤ ਗੁਣਗੁਣਾਵੇਗਾ? ਪਰਮ ਮਨੁੱਖ ਦੀਆਂ ਵਿਸ਼ੇਸ਼ਤਾਵਾਂ, ਗੁਣਾਂ ਅਤੇ ਇਸ ਦੀਆਂ ਬਹੁ-ਪਰਤਾਂ ਨੂੰ ਫਰੋਲਦੀ ਗੁਰ-ਸ਼ਬਦ ਦੀ ਮਹਿਮਾ, ਸੱਚੀ-ਸੁੱਚੀ ਜੀਵਨ ਸ਼ੈਲੀ ਹੈ। ਅਸੀਂ ਇਸ ਜੀਵਨ ਸ਼ੈਲੀ ਨੂੰ ਅਪਨਾਉਣ ਤੋਂ ਆਕੀ ਅਤੇ ਇਸ ਦੀ ਬਹੁ-ਰੰਗਤਾ ਤੋਂ ਕੋਰੇ ਹਾਂ। ਲੋੜ ਹੈ ਕਿ ਅਸੀਂ ਇਸ ਦੀਆਂ ਬਹੁਮੁਲੀਆਂ ਪਰਤਾਂ ਨੂੰ ਜੀਵਨੀ ਪਰਤ ਦਾ ਨਾਮ ਦੇ ਕੇ ਇਸ ਦੀ ਵਿਸ਼ਾਲਤਾ ਵਿਚੋਂ ਹੀ ਸ਼ਖਸੀਅਤ ਨੂੰ ਵਿਸਥਾਰੀਏ। ਇਸ ਦੀ ਉਚਮਤਾ ਵਿਚੋਂ ਕਰਮ-ਧਰਮ ਵਿਚਲੀ ਪਾਕੀਜ਼ਗੀ ਨੂੰ ਹਰ ਸਾਹ ਨਾਲ ਸਿਮਰੀਏ। ਇਸ ਰਾਹੀਂ ਗੁਰੂ-ਮਾਰਗ ਦੇ ਪਾਂਧੀ ਬਣ ਕੇ ਉਤਮ ਮਨੁੱਖ ਦੀ ਪਰਮ ਪਦਵੀ ਪਾਈਏ। ਅਜਿਹਾ ਵਿਸ਼ਵਾਸ ਰੱਖਣ ਵਿਚ ਤਾਂ ਕੋਈ ਹਰਜ਼ ਨਹੀਂ। ਆਸ ਹੈ ਕਿ ਗੁਰੂ ਜੀ ਦੀ ਨਿਵੇਕਲੀ ਸੋਚ ਦੀ ਕਿਰਨ ਸਾਡੇ ਦਰਾਂ ‘ਤੇ ਚਾਨਣ ਚੋਂਦੀ, ਮਸਤਕ ਧਰਾਤਲ ਨੂੰ ਨਵੀਆਂ ਦਿਸ਼ਾਵਾਂ, ਸੰਭਾਵਨਾਵਾਂ, ਸੁਪਨਿਆਂ, ਸਮਰਥਾਵਾਂ ਅਤੇ ਸਫਲਤਾਵਾਂ ਦਾ ਸਬੱਬ ਬਣਨ ਵਿਚ ਮਦਦ ਜਰੂਰ ਕਰੇਗੀ।

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪੰਜਾਬ ਦੇ ਪੇਂਡੂ ਸਭਿਆਚਾਰ ਦੀ ਸਾਂਝ ਬਿਆਨੀ ਹੈ, ਜਦੋਂ ਜਿਮੀਂਦਾਰਾਂ ਦੇ ਕੰਮੀਆਂ ਕਾਰੀਆਂ ਵਿਚ ਇਕ ਖਾਸ ਸਾਂਝ ਹੁੰਦੀ ਸੀ ਅਤੇ ਅਮੀਰ-ਗਰੀਬ ਦਾ ਪਾੜਾ ਵੀ ਪਿਛੇ ਰਹਿ ਜਾਂਦਾ ਸੀ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਸਾਨੂੰ ਚੇਤੇ ਕਰਵਾਇਆ ਹੈ, ਜੋ ਸਿੱਖ ਭੁੱਲਦੇ ਜਾ ਰਹੇ ਹਨ। ਉਹ ਸਵਾਲ ਕਰਦੇ ਹਨ, “ਕੀ ਅਸੀਂ ਸਿੱਖ-ਸੋਚ ਅਤੇ ਬਾਣੀ ਵਿਚਲੀ ਸੇਧ ਅਨੁਸਾਰ ਆਪਣਾ ਨਿੱਤਾਪ੍ਰਤੀ ਦਾ ਜੀਵਨ ਜਿਉਂਦੇ ਹਾਂ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਸਿੱਖੀ ਦਾ ਲਿਬਾਸ ਪਹਿਨਣ ਤੀਕ ਹੀ ਸੀਮਤ ਹੋ ਗਏ ਹਾਂ?…ਕੀ ਧਾਰਮਕ ਪਖੰਡਵਾਦ ਅਤੇ ਨਿੱਜ-ਪ੍ਰਸਤੀ ਹਾਵੀ ਹੋ ਗਈ ਏ ਜਿਸ ਦਾ ਗੁਰੂ ਜੀ ਨੇ ਖੰਡਨ ਕੀਤਾ ਸੀ? ਕੀ ਧਾਰਮਕ ਆਗੂਆਂ ਦਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਏ?…ਸੱਚੀ-ਸੁੱਚੀ ਕਿਰਤ ਰਾਹੀਂ ਸੁਲਤਾਨਪੁਰ ਲੋਧੀ ਵਿਚ ਮੋਦੀਖਾਨੇ ਦੀ ਨੌਕਰੀ ਕਰਦਿਆਂ ਇਮਾਨਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਗੁਰੂ ਜੀ ਦੇ ਅਸੀਂ ਕਿਹੋ ਜਿਹੇ ਸੇਵਕ ਹਾਂ ਕਿ ਅਸੀਂ ਬੇਈਮਾਨੀ ‘ਤੇ ਫਖਰ ਕਰਦੇ ਹਾਂ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਗੁਰੂ ਨਾਨਕ ਦੇਵ ਦੁਨੀਆਂ ਦੇ ਹਰ ਮਨੁੱਖ ਲਈ ਹਰ ਦੌਰ ਵਿਚ ਸੰਪੂਰਨ ਰੋਲ ਮਾਡਲ ਹਨ। ਸੰਸਾਰਕ, ਅਧਿਆਤਮਕ, ਪਰਿਵਾਰਕ ਅਤੇ ਸਮਾਜਕ ਪੱਧਰ ‘ਤੇ ਇਕ ਅਜਿਹੀ ਮਨੁੱਖੀ ਸ਼ਖਸੀਅਤ ਦਾ ਬਿੰਬ ਹਨ, ਜੋ ਰੌਸ਼ਨ ਚਿਰਾਗ ਬਣ ਕੇ ਹਰ ਵਕਤ ਦੀ ਦਹਿਲੀਜ਼ ਨੂੰ ਰੁਸ਼ਨਾ ਰਹੀ ਏ ਅਤੇ ਹਨੇਰੇ ਦੇ ਹਾਮੀ ਭਰਦੇ ਮਨੁੱਖਾਂ ਨੂੰ ਚਾਨਣ ਦੀ ਦੱਸ ਪਾਉਂਦੀ ਏ। ਧਾਰਮਕ ਫਲਸਫੇ ਦੇ ਮੋਢੀ, ਪ੍ਰਤੀਬੱਧ ਪਤੀ, ਕਾਮਯਾਬ ਕਰਮਵੇਤਾ ਅਤੇ ਸਫਲ ਕਿਰਸਾਨ। ਵੱਖ-ਵੱਖ ਰਹਿਤਲਾਂ, ਬੋਲੀਆਂ ਅਤੇ ਖੇਤਰਾਂ ਦੇ ਲੋਕਾਂ ਨੂੰ ਆਪਣੇ ਉਪਦੇਸ਼ਾਂ ਨਾਲ ਮੰਤਰ-ਮੁਗਧ ਕਰਨ ਵਾਲੇ ਨਾਨਕ ਦੇ ਵਾਰਸਾਂ ਨੇ ਆਪਣੇ ਨਾਨਕ ਨੂੰ ਭੁਲਾ ਲਿਆ ਏ। ਅਸੀਂ ਕੂੜ-ਕਸੱਤ ਦੇ ਵਿਉਪਾਰੀ ਬਣ ਕੇ ਹਊਮੈ ਅਤੇ ਲਾਲਚ ਦੇ ਚਿੱਕੜ ਵਿਚ ਖੁੱਭ ਕੇ ਆਪਣੇ ਸਾਹਾਂ ਦੀ ਅਰਥੀ ਢੋਣ ਜੋਗੇ ਰਹਿ ਗਏ ਜਦ ਕਿ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਉਨ੍ਹਾਂ ਨੂੰ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਮਾਰਗ-ਦਰਸ਼ਕ ਅਤੇ ਸਮਿਆਂ ਦੀ ਹਾਣੀ ਸੋਚ ਦਾ ਪੈਗੰਬਰ ਕਹਿੰਦੇ ਨੇ। ਉਨ੍ਹਾਂ ਦੀਆਂ ਲਿਖਤਾਂ ਦੇ ਸਦਕੇ ਜਾਂਦੇ, ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਬਣਨ ਦੀ ਚੇਸ਼ਟਾ ਮਨ ਵਿਚ ਪਾਲ ਰਹੇ ਨੇ।
ਗੁਰੂ ਨਾਨਕ ਦੇਵ ਸਿੱਖ ਧਰਮ ਦੇ ਬਾਨੀ, ਮਾਨਵੀ ਸੋਚ ਦੇ ਸਿਰਜਕ, ਸਿੱਖ ਫਿਲਾਸਫੀ ਦੀ ਰਹਿਤਲ ਸਨ ਅਤੇ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਆਮ ਲੋਕਾਂ ਤੀਕ ਪਹੁੰਚਾਉਣ ਲਈ ਚਾਰ ਉਦਾਸੀਆਂ ਰਾਹੀਂ ਦੁਨੀਆਂ ਦਾ ਭਰਮਣ ਕੀਤਾ। ਅੰਦਾਜ਼ਨ 25 ਹਜਾਰ ਮੀਲ ਦਾ ਸਫਰ ਕਰਨ ਵਾਲੇ ਗੁਰੂ ਜੀ ਪ੍ਰਚਾਰਕ, ਸਮਾਜ ਸੁਧਾਰਕ ਅਤੇ ਤਰਕਸ਼ੀਲ ਸੋਚ ਦੇ ਪੈਗੰਬਰ ਦੇ ਰੂਪ ਵਿਚ ਪਾਕ ਵਿਚਾਰਧਾਰਾ ਨੂੰ ਆਪਣੇ ਵਿਰੋਧੀਆਂ ਤੀਕ ਪਹੁੰਚਾਉਣ ਵਿਚ ਸਭ ਤੋਂ ਜ਼ਿਆਦਾ ਨਿਪੁੰਨ ਤੇ ਸਾਜ਼ਗਾਰ ਸਿੱਧ ਹੋਏ।
ਗੁਰੂ ਨਾਨਕ ਦੇਵ ਦਾ ਸਮੁੱਚਾ ਜੀਵਨ, ਉਨ੍ਹਾਂ ਦੀਆਂ ਸਿਖਿਆਵਾਂ ਦਾ ਪਾਕ-ਦਰਪਣ ਏ। ਉਨ੍ਹਾਂ ਦੇ ਜੀਵਨ ਵਿਚੋਂ ਹੀ ਅਸੀਂ ਉਨ੍ਹਾਂ ਦੇ ਪ੍ਰਵਚਨ ਪੜ੍ਹ, ਸੁਣ ਅਤੇ ਆਪਣੇ ਜੀਵਨ ਵਿਚ ਢਾਲ ਕੇ ਜੀਵਨ ਨੂੰ ਨਿਵੇਕਲੀਆਂ ਅਤੇ ਉਚਤਮ ਤਰਜ਼ੀਹਾਂ ਵੰਨੀਂ ਸੇਧਤ ਕਰ ਸਕਦੇ ਹਾਂ। ਉਨ੍ਹਾਂ ਦੀ ਸਮੁੱਚੀ ਬਾਣੀ ਸਮਾਜਕ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ, ਹਰ ਪਾਠਕ, ਸ਼ਰਧਾਲੂ ਜਾਂ ਸੇਵਕ ਦੇ ਮਨ ਵਿਚ ਉਚੀ-ਸੁੱਚੀ ਜੀਵਨ-ਸ਼ੈਲੀ ਦਾ ਬਿੰਬ ਉਸਾਰਦੀ ਹੈ। ਇਸ ਬਿੰਬ ਵਿਚੋਂ ਹੀ ਅਸੀਂ ਖੁਦ ਨੂੰ ਨਿਹਾਰ, ਖੁਦ ਵਿਚੋਂ ਖੁਦ ਦੀ ਜਾਮਾ-ਤਲਾਸ਼ੀ ਕਰਦੇ, ਆਪੇ ਨੂੰ ਪਰਖ ਅਤੇ ਪੜਚੋਲ ਸਕਦੇ ਹਾਂ ਕਿ ਅਸੀਂ ਕਿੰਨੇ ਕੁ ਗੁਰੂ ਜੀ ਦੇ ਸੱਚੇ ਸ਼ਰਧਾਲੂ ਹਾਂ? ਅਸੀਂ ਜੀਵਨ ਸਿੱਖੀ ਸਿਖਿਆਵਾਂ ਅਨੁਸਾਰ ਕਿਵੇਂ ਆਪੇ ਨੂੰ ਢਾਲਿਆ ਏ? ਕੀ ਅਸੀਂ ਸਿੱਖ-ਸੋਚ ਅਤੇ ਬਾਣੀ ਵਿਚਲੀ ਸੇਧ ਅਨੁਸਾਰ ਆਪਣਾ ਨਿੱਤਾਪ੍ਰਤੀ ਦਾ ਜੀਵਨ ਜਿਉਂਦੇ ਹਾਂ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਸਿੱਖੀ ਦਾ ਲਿਬਾਸ ਪਹਿਨਣ ਤੀਕ ਹੀ ਸੀਮਤ ਹੋ ਗਏ ਹਾਂ? ਅਸਾਡੇ ਕਰਮ ਤੇ ਧਰਮ ਵਿਚ ਕਿੱਡਾ ਕੁ ਪਾੜਾ ਏ? ਕੀ ਇਸ ਦੀ ਪੂਰਨਤਾ ਵੱਲ ਕਦੇ ਕੋਈ ਕਦਮ ਉਠਾਇਆ ਏ ਜਾਂ ਕਦੇ ਇਸ ਬਾਰੇ ਸਾਡੇ ਮਨ ਵਿਚ ਕੋਈ ਸੋਚ ਵੀ ਪੈਦਾ ਹੋਈ ਏ? ਬਹੁਤ ਵੱਡੇ ਸਵਾਲ ਨੇ ਅਜੋਕੇ ਸਿੱਖ ਦੇ ਸਨਮੁੱਖ। ਜਦ ਅਸੀਂ ਗੁਰੂ ਜੀ ਦੇ 550ਵੇਂ ਜਨਮ ਦਿਨ ਨੂੰ ਸੰਸਾਰ ਪੱਧਰ ‘ਤੇ ਮਨਾਉਣ ਦਾ ਉਦਮ ਕਰ ਰਹੇ ਹਾਂ ਤਾਂ ਇਸ ਬਾਰੇ ਸੋਚਣਾ ਹੋਰ ਵੀ ਅਹਿਮ ਤੇ ਮਹੱਤਵਪੂਰਨ ਹੈ। ਕੀ ਧਾਰਮਕ ਅਦਾਰਿਆਂ ਦੀ ਅਹਿਮੀਅਤ ਗਵਾਚ ਗਈ ਹੈ? ਕੀ ਧਾਰਮਕ ਪਖੰਡਵਾਦ ਅਤੇ ਨਿੱਜ-ਪ੍ਰਸਤੀ ਹਾਵੀ ਹੋ ਗਈ ਏ ਜਿਸ ਦਾ ਗੁਰੂ ਜੀ ਨੇ ਖੰਡਨ ਕੀਤਾ ਸੀ? ਕੀ ਧਾਰਮਕ ਆਗੂਆਂ ਦਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਏ? ਕੀ ਅਜੋਕੇ ਧਾਰਮਕ ਰਹਿਨੁਮਾ ਪਲੀਤ ਹੋਏ ਬਿੰਬ ਨੂੰ ਪਾਕ ਕਰਨ ਲਈ ਤੱਤਪਰ ਨੇ? ਬਹੁਤ ਸਾਰੇ ਪ੍ਰਸ਼ਨ ਚੇਤਨ ਮਨ ਵਿਚ ਉਠਦੇ ਨੇ ਅਤੇ ਉਹ ਇਨ੍ਹਾਂ ਦੇ ਸਹੀ ਜਵਾਬ ਦੀ ਤਲਾਸ਼ ਵਿਚ ਏ।
ਸਿੱਖ ਧਰਮ, ਇਕ ਸੁਰਖ-ਸੋਚ, ਕਿਰਤੀ-ਵਿਚਾਰਧਾਰਾ, ਜੀਵਨ-ਸ਼ੈਲੀ, ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦਾ ਉਭਾਰ ਹੈ। ਕੁਦਰਤ ਦੇ ਹਰ ਪਹਿਲੂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਪਰਿਭਾਸ਼ਤ ਅਤੇ ਵਿਸਥਾਰਨ ਦਾ ਸੁਚਾਰੂ ਉਦਮ ਏ। ਪਰ ਅਸੀਂ ਇਸ ਨੂੰ ਸਮਝਣ ਅਤੇ ਖੁਦ ‘ਤੇ ਲਾਗੂ ਕਰਨ ਤੋਂ ਅਵੇਸਲੇ ਹੋ ਗਏ ਹਾਂ।
ਗੁਰੂ ਨਾਨਕ ਦੇਵ ਦੀ ਸੋਚ ਨੂੰ ਪ੍ਰਚਾਰਨ ਅਤੇ ਇਸ ਦੇ ਬਹੁਮੁਖੀ ਪਾਸਾਰਾਂ ਨੂੰ ਦੁਨੀਆਂ ਦੇ ਹਰ ਵਰਗ ਤੀਕ ਪਹੁੰਚਾਉਣ ਦੀ ਥਾਂ ਅਸੀਂ ਇਸ ਨੂੰ ਮਿਥਿਹਾਸਕ ਅਤੇ ਤਰਕਹੀਣ ਤੱਥਾਂ ਵੱਲ ਸੇਧਤ ਕਰ, ਇਸ ਨੂੰ ਸੰਗੋੜਨ ਦੇ ਰਾਹ ਤੁਰ ਪਏ ਹਾਂ ਜਦ ਕਿ ਇਸ ਨੂੰ ਵਿਸਥਾਰਨ ਦੀ ਲੋੜ ਹੈ ਕਿਉਂਂਕਿ ਸਿੱਖੀ ਦੀ ਸ਼ਬਦ-ਵਿਚਾਰਧਾਰਾ ਅਜੋਕੇ ਸਮਿਆਂ ਵਿਚ ਸਭ ਤੋਂ ਵੱਧ ਲੋੜੀਂਦੀ ਅਤੇ ਮੌਜੂਦਾ ਪ੍ਰਸਥਿਤੀਆਂ ਵਿਚ ਗਵਾਚ ਰਹੀ ਮਨੁੱਖਤਾ ਲਈ ਅਤਿ ਜਰੂਰੀ ਏ। ਇਹ ਤਾਂ ਇਕ ਮਾਰਗ ਦਰਸ਼ਨ ਏ, ਜਿਸ ਨੇ ਕੁਰਾਹੇ ਪਏ ਸਮਾਜ ਨੂੰ ਸੇਧ ਦੇ ਕੇ ਸੁਚਾਰੂ ਉਪਰਾਲਿਆਂ ਵੰਨੀਂ ਤੋਰਨਾ ਏ।
ਗੁਰੂ ਨਾਨਕ ਦੇਵ ਦੇ ਸਮੁੱਚੇ ਜੀਵਨ ‘ਤੇ ਝਾਤ ਮਾਰਿਆਂ ਅਤੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਬਾਰੀਕ-ਬੀਨੀ ਨਾਲ ਦੇਖਿਆਂ ਸਾਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਉਨ੍ਹਾਂ ਦਾ ਜੀਵਨ ਇਕ ਉਤਮ ਪੁਰਖ ਦਾ ਜੀਵਨ ਸੀ। ਬਾਪ ਵਲੋਂ ਵਪਾਰ ਲਈ ਮਿਲੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ-ਪ੍ਰਥਾ ਦਾ ਮੁੱਢ ਬੰਨਣ ਵਾਲੇ ਬਾਬੇ ਨਾਨਕ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦੇ ਸ਼ਰਧਾਲੂ ਲੰਗਰ ਪ੍ਰਥਾ ਨੂੰ ਇੰਨਾ ਗੰਧਲਾ ਕਰ ਦੇਣਗੇ ਕਿ ਲੰਗਰ ਦੇ ਨਾਮ ‘ਤੇ ਭੋਜਨ ਦੀ ਦੁਰਗਤੀ ਹੋਵੇਗੀ। ਕਈ ਕਿਸਮਾਂ ਦੇ ਭੋਜਨ ਲੰਗਰ ਦੇ ਨਾਮ ‘ਤੇ ਪਰੋਸੇ ਜਾਣਗੇ ਅਤੇ ਰੱਜਿਆਂ ਨੂੰ ਰਜਾਉਣ ਲਈ ਹੀ ਥਾਂ ਥਾਂ ‘ਤੇ ਲੰਗਰ ਲਾਏ ਜਾਣਗੇ। ਸੜਕਾਂ ‘ਤੇ ਰੋਕਾਂ ਲਾ ਕੇ, ਆਮ ਲੋਕਾਂ ਦੀ ਜੀਵਨ-ਰਫਤਾਰ ਨੂੰ ਉਲਝਾਇਆ ਜਾਵੇਗਾ। ਪਲਾਸਟਿਕ ਦੀਆਂ ਪਲੇਟਾਂ, ਕੱਪ ਅਤੇ ਭੋਜਨ ਦੀ ਰਹਿੰਦ-ਖੂੰਹਦ ਕਈ ਕਈ ਦਿਨਾਂ ਤੀਕ ਸੜਿਹਾਂਦ ਪੈਦਾ ਕਰਦੀ, ਅਜਿਹਾ ਪ੍ਰਦੂਸ਼ਣ ਪੈਦਾ ਕਰੇਗੀ ਜੋ ਕਈ ਸਾਲਾਂ ਤੀਕ ਧਰਤੀ ਅਤੇ ਵਾਤਾਵਰਣ ਨੂੰ ਪਲੀਤ ਕਰਦਾ ਰਹੇਗਾ। ਕੀ ਅਸੀਂ ਲੰਗਰ ਨੂੰ ਲੰਗਰ ਰਹਿਣ ਦਿਤਾ ਏ? ਸਿਹਤ ਨਾਲ ਖਲਵਾੜ ਕਰਦੇ ਲੰਗਰ ਦੇ ਰੂਪ ਵਿਚ ਪਰੋਸੇ ਜਾ ਰਹੇ ਵੱਖ ਵੱਖ ਪ੍ਰਕਾਰ ਦੇ ਖਾਣੇ, ਕੀ ਨਾਨਕ-ਸੋਚ ਨੂੰ ਪ੍ਰਗਟ ਕਰਦੇ ਨੇ? ਅਸੀਂ ਇਸ ਨਾਲ ਕੀ ਸਿੱਧ ਕਰਨਾ ਚਾਹੁੰਦੇ ਹਾਂ? ਲੰਗਰ ਪ੍ਰਥਾ ਨੂੰ ਢਾਹ ਲਾਉਣ ਦੇ ਰਾਹ ਕਿਉਂ ਪਏ ਹਾਂ? ਭੋਜਨ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਧਾਰਮਕ ਆਗੂ ਕਿਉਂ ਅਵੇਸਲੇ ਨੇ? ਥਾਂ ਥਾਂ ‘ਤੇ ਲੱਗ ਰਹੇ ਲੰਗਰਾਂ ਵਿਚੋਂ ਕਿਹੜਾ ਸਿੱਖੀ ਪਿਆਰ ਦਿਖਾ ਰਹੇ ਹਾਂ? ਦੁਨੀਆਂ ਵਿਚ ਬਹੁਤ ਲੋਕ ਭੁੱਖੇ ਅਤੇ ਲੋੜਵੰਦ ਨੇ ਜਿਨ੍ਹਾਂ ਦੀਆਂ ਲੋੜਾਂ ਨੂੰ ਲੰਗਰ ਦੇ ਬੇਲੋੜਾ ਖਰਚੇ ਨਾਲ ਪੂਰਾ ਕੀਤਾ ਜਾ ਸਕਦਾ ਏ। ਅਸੀਂ ਉਸ ਰਾਹ ਕਿਉਂ ਨਹੀਂ ਤੁਰਦੇ?
‘ਖਾਲਸਾ ਏਡ’ ਵਰਗੀਆਂ ਸੰਸਥਾਵਾਂ ਬਹੁਤ ਸੁਚਾਰੂ ਕੰਮ ਕਰ ਰਹੀਆਂ ਨੇ। ਵਿਦੇਸ਼ਾਂ ਵਿਚਲੇ ਬਹੁਤ ਸਾਰੇ ਗੁਰਦੁਆਰਿਆਂ ਵਿਚ ਲੰਗਰ ਨੂੰ ਅਸੀਂ ਇਕ ਹੋਟਲ-ਨੁਮਾ ਖਾਣਾ ਬਣਾ ਦਿਤਾ ਏ ਅਤੇ ਜ਼ਿਆਦਾਤਰ ਲੋਕ ਉਥੇ ਪੰਜ-ਸਿਤਾਰਾ ਖਾਣਾ ਖਾਣ ਹੀ ਜਾਂਦੇ ਨੇ। ਅਫਸੋਸ ਇਸ ਗੱਲ ਦਾ ਹੈ ਕਿ ਲੰਗਰ ਵਿਚੋਂ ਚੁੱਕਵੀਂ ਰੋਟੀ ਦਾ ਰਿਵਾਜ਼ ਵੀ ਆਮ ਹੈ। ਕਿੰਨਾ ਸ਼ਰਮਨਾਕ ਹੈ ਕਿ ਅਸੀਂ ਲੰਗਰ ਨੂੰ ਬੇਘਰੇ ਲੋਕਾਂ ਤੀਕ ਜਾਂ ਲੋੜਵੰਦਾਂ ਤੀਕ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਕੀ ਪ੍ਰਬੰਧਕਾਂ ਅਤੇ ਸਿੱਖ-ਆਗੂਆਂ ਨੇ ਇਸ ਬਾਰੇ ਕਦੇ ਸੋਚਿਆ ਏ, ਜੋ ਖੁਦ ਨੂੰ ਸਿੱਖੀ ਸੋਚ ਨੂੰ ਪ੍ਰਣਾਏ ਕਹਾਉਂਦੇ ਨੇ? ਲੰਗਰ, ਲੰਗਰ ਹੀ ਰਹੇ ਤਾਂ ਇਹ ਮਨੁੱਖੀ ਸੋਚ ਵਿਚ ਵੀ ਸੁੱਚਮ ਅਤੇ ਸਾਦਗੀ ਪੈਦਾ ਕਰੇਗਾ, ਜੋ ਲੰਗਰ ਦੀ ਆਤਮਾ ਦਾ ਸੂਖਮ ਸੰਦੇਸ਼ ਏ। ਲੰਗਰ ਰਾਹੀਂ ਤਾਜਾ ਅਤੇ ਪੌਸ਼ਟਿਕ ਖਾਣਾ ਸਾਨੂੰ ਗੁਰੂਆਂ ਨੇ ਵਿਰਾਸਤੀ ਰੂਪ ਵਿਚ ਦਿਤਾ ਸੀ। ਅਸੀਂ ਇਸ ਤੋਂ ਹੀ ਮੁਨਕਰ ਹੋਈ ਜਾ ਰਹੇ ਹਾਂ ਅਤੇ ਸਰੀਰਕ ਅਲਾਮਤਾਂ ਨੂੰ ਸੱਦਾ ਦੇ ਰਹੇ ਹਾਂ। ਵਾਸਤਾ ਈ! ਲੰਗਰ ਨੂੰ ਉਹੀ ਲੰਗਰ ਰਹਿਣ ਦਿਓ ਜੋ ਬਾਬੇ ਨਾਨਕ ਦੀ ਬਖਸ਼ਿਸ਼ ਏ।
ਗੁਰੂ ਨਾਨਕ ਦੇਵ ਨੇ ਗ੍ਰਹਿਸਥੀ ਜੀਵਨ ਵਿਚ ਰੰਗ ਕੇ ਆਪਣੇ ਅਧਿਆਤਮਕ ਜੀਵਨ ਦੀ ਸ਼ੁਰੂਆਤ ਕੀਤੀ। ਪਰਾਇਆ ਧਨ ਅਤੇ ਪਰਾਈ ਇਸਤਰੀ ਤੋਂ ਨਿਰਲੇਪ ਰਹਿਣ ਦੇ ਸੰਦੇਸ਼ ਦੀ ਸਾਰਥਕਤਾ ਨੂੰ ਕਿਵੇਂ ਅਸੀਂ ਉਲੰਘ ਰਹੇ ਹਾਂ, ਇਹ ਇਸ ਤੱਥ ਤੋਂ ਸਪੱਸ਼ਟ ਹੈ ਕਿ ਕੁਝ ਧਾਰਮਕ ਆਗੂ ਅਤੇ ਸਿਰਕਰਦਾ ਸਿੱਖ ਲੀਡਰ ਇਨ੍ਹਾਂ ਦੋਹਾਂ ਅਲਾਮਤਾਂ ਵਿਚ ਗ੍ਰਸੇ, ਸਿੱਖੀ-ਲਿਬਾਸ ਨੂੰ ਸ਼ਰਮਸਾਰ ਕਰ ਰਹੇ ਹਨ।
ਸੱਚੀ-ਸੁੱਚੀ ਕਿਰਤ ਰਾਹੀਂ ਸੁਲਤਾਨਪੁਰ ਲੋਧੀ ਵਿਚ ਮੋਦੀਖਾਨੇ ਦੀ ਨੌਕਰੀ ਕਰਦਿਆਂ ਇਮਾਨਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਗੁਰੂ ਜੀ ਦੇ ਅਸੀਂ ਕਿਹੋ ਜਿਹੇ ਸੇਵਕ ਹਾਂ ਕਿ ਅਸੀਂ ਬੇਈਮਾਨੀ ‘ਤੇ ਫਖਰ ਕਰਦੇ ਹਾਂ। ਹੇਰਾ-ਫੇਰੀ, ਰਿਸ਼ਵਤ ਅਤੇ ਕਮੀਨਗੀ ਸਾਡੇ ਸਾਹਾਂ ਵਿਚ ਰੱਚ ਗਈ ਏ। ਇਹ ਪਾਪ ਦੀ ਕਮਾਈ ਘਰ ਵਿਚ ਆ ਕੇ ਸਮਾਜਕ ਅਤੇ ਪਰਿਵਾਰਕ ਉਲਝਣਾਂ ਦਾ ਮੁੱਢ ਬੰਨਦੀ, ਨਸ਼ਿਆਂ, ਬਲਾਤਕਾਰਾਂ, ਕਤਲਾਂ ਅਤੇ ਰਿਸ਼ਤਿਆਂ ਬਾਹਰੀ ਸਬੰਧ ਬਣਾਉਣ ਲਈ ਉਤੇਜਿੱਤ ਕਰਦੀ ਏ। ਕਲੰਕਿਤ ਅਲਾਮਤਾਂ ਵਿਚ ਉਲਝ ਕੇ ਜੀਵਨ ਦੀ ਸਾਰਥਕਤਾ ਅਤੇ ਸੁੱਚਮਤਾ ਨੂੰ ਗਵਾਉਣ ਲਈ ਅਸੀਂ ਕਾਹਲੇ ਹੋਏ ਬੈਠੇ ਹਾਂ। ਕੀ ਗੁਰੂ ਨਾਨਕ ਦੇਵ ਦਾ ਨੌਕਰੀ ਕਰਨ ਵਾਲਾ ਸਿਧਾਂਤ ਸਾਡੀ ਸੋਚ ਦਾ ਹਿੱਸਾ ਬਣਿਆ ਏ? ਕੀ ਅਸੀਂ ਇਮਾਨਦਾਰੀ ਵਿਚੋਂ ਹੀ ਜੀਵਨ ਦਾ ਸਚਿਆਰਾਪਣ ਸਿਰਜਣ ਵਾਲੇ ਗਰੂ ਜੀ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਕੋਈ ਨੌਕਰੀ, ਵਪਾਰ ਜਾਂ ਲੈਣ-ਦੇਣ ਵਿਚ ਪਾਕ ਹਾਂ? ਕਿਉਂ ਅਸੀਂ ਪਾਪ ਦੀ ਕਮਾਈ ਨੂੰ ‘ਕੱਠਾ ਕਰਨ ਲਈ ਉਤਾਵਲੇ ਹਾਂ? ਖੁਦ ਦੀ ਆਤਮਕਤਾ ਨੂੰ ਗੰਧਲਾਉਣ ਵੱਲ ਕਿਉਂ ਰੁਚਿਤ ਹਾਂ? ਅਸੀਂ ਗੁਰਬਾਣੀ ਵਿਚਲੇ ਸੰਦੇਸ਼ ਨੂੰ ਅੰਤਰੀਵ ਵਿਚ ਵਸਾਉਣ ਤੋਂ ਮੁਨਕਰ ਹਾਂ। ਅਜਿਹਾ ਕਿਉਂ? ਕੀ ਅਸੀਂ ਮਖੌਟਾਧਾਰੀ ਹਾਂ? ਕੀ ਅਸੀਂ ਸਿੱਖ ਬਣਨ ਦੇ ਕਾਬਲ ਹਾਂ? ਕੀ ਗੁਰੂ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਦਾਇਕ ਨਹੀਂ? ਕੀ ਮੋਦੀਖਾਨੇ ਦੇ ਵੱਟਿਆਂ ਨੂੰ ਨਤਮਸਤਕ ਹੋਣਾ ਹੀ ਸਾਡੀ ਆਸਥਾ ਰਹਿ ਗਈ ਏ?
ਜਪੁਜੀ ਸਾਹਿਬ ਦੇ ਮੂਲ ਮੰਤਰ ਰਾਹੀਂ ਸਿੱਖ-ਜੋਤ ਜਗਾਉਣ ਵਾਲੇ ਗੁਰੂ ਜੀ ਦੇ ਪੈਰੋਕਾਰ ਘਰ ਘਰ ਡੇਰੇ ਬਣਾ ਕੇ ਖੁਦ ਹੀ ਗੁਰੂ-ਡੰਮ ਦਾ ਰਾਗ ਅਲਾਪ ਰਹੇ ਨੇ। ਕੀ ਇਨ੍ਹਾਂ ਦੀ ਸੋਚ ਵਿਚ ਕਦੇ ਮੂਲ ਮੰਤਰ ਦੀ ਆਤਮਾ ਦਾ ਨਿਵਾਸ ਹੋਇਆ ਏ? ਖੁਦ ਨੂੰ ਗੁਰੂ ਆਖ ਕੇ ਖੁਦ ਦੀ ਪੂਜਾ ਕਰਵਾਉਣ ਵਾਲੇ ਅਤੇ ਗੁਫਾਵਾਂ ਤੇ ਭੋਰਿਆਂ ਵਿਚ ਕੁਕਰਮ ਬੀਜਣ ਅਤੇ ਬੁੱਤ-ਪ੍ਰਸਤੀ ਵਿਚੋਂ ਹੀ ਰੱਬ ਨੂੰ ਪਾਉਣ ਦਾ ਹੋਕਰਾ ਦੇਣ ਵਾਲੇ ਇਹ ਰੱਬ ਬਣੇ ਲੋਕ ਕਿਧਰੇ ਸਿੱਖੀ ਬਾਣੇ ਵਿਚ ਸਿੱਖੀ ਦੇ ਦੁਸ਼ਮਣ ਤਾਂ ਨਹੀਂ? ਕੀ ਅਜਿਹੇ ਲੋਕ ਸਿੱਖ-ਸਿਧਾਂਤਾਂ ਤੇ ਸਿੱਖੀ-ਸਰੋਕਾਰਾਂ ਨੂੰ ਖੋਰਾ ਲਾਉਣ ਅਤੇ ਸਿੱਖ ਵਿਚਾਰਾਂ ਨੂੰ ਗੰਧਲਾ ਕਰਨ ਲਈ ਦੋਖੀ ਤਾਕਤ ਵਲੋਂ ਘੁਸਪੈਠ ਤਾਂ ਨਹੀਂ ਕਰਵਾਈ ਗਈ? ਸਿੱਖਾਂ ਨੂੰ ਸੇਧ ਅਤੇ ਸੰਦੇਸ਼ ਦੇਣ ਵਾਲੇ ਸਰਬਉਚ ਸੰਸਥਾਵਾਂ ਦੇ ਮੋਹਰੀ ਕਿਧਰੇ ਕੋਝੀ ਚਾਲ ਦਾ ਸ਼ਿਕਾਰ ਤਾਂ ਨਹੀਂ ਹੋ ਗਏ? ਕੀ ਸਿੱਖ ਫਿਲਾਸਫੀ ਨੂੰ ਖੋਰਾ ਲਾਇਆ ਜਾ ਰਿਹਾ ਏ? ਕੀ ਕਾਰਨ ਹੈ ਕਿ ਕੁਝ ਬਾਬੇ ਰਾਜਸੀ ਅਤੇ ਧਾਰਮਕ ਪੁਸ਼ਤਪਨਾਹੀ ਕਾਰਨ ਖੁਦ ਦੀ ਸਲਤਨਤ ਉਸਾਰਨ ਵਿਚ ਮੋਹਰੀ ਨੇ? ਅਸੀਂ ਮੂਕ ਦਰਸ਼ਕ ਕਿਉਂ ਬਣੇ ਬੈਠੇ ਹਾਂ? ਕੀ ਅਸੀਂ ਸਿੱਖੀ ਸੋਚ ਦੇ ਵਾਰਸ ਹਾਂ? ਦੋਗਲੀ ਸ਼ਖਸੀਅਤ ਨੇ ਸਾਡੇ ਖੋਖਲੇਪਣ ਨੂੰ ਜਾਹਰ ਕਰ ਦਿਤਾ ਏ।
ਗੁਰੂ ਨਾਨਕ ਦੇਵ ਜਦ ਉਦਾਸੀ ਨੂੰ ਤੁਰਦੇ ਨੇ ਤਾਂ ਗੁਰਬਾਣੀ ਨੂੰ ਆਮ ਲੋਕਾਂ ਤੀਕ ਪਹੁੰਚਾਉਣ ਅਤੇ ਸੰਗੀਤ ਰਾਹੀਂ ਲੋਕ-ਮਾਨਸਿਕਤਾ ਵਿਚ ਵਸਾਉਣ ਲਈ ਬਚਪਨ ਦੇ ਸਾਥੀ ਮਰਦਾਨਾ ਰਬਾਬੀ ਨੂੰ ਨਾਲ ਲੈਂਦੇ ਨੇ। ਇਹ ਅਚੇਤ ਰੂਪ ਵਿਚ ਧਾਰਮਕ ਕੱਟੜਤਾ ਨੂੰ ਚੁਣੌਤੀ ਸੀ। ਜਾਤ-ਪਾਤ ਦੇ ਪਾੜੇ ਨੂੰ ਉਲੰਘ ਕੇ ਨੀਵੀਂ ਜਾਤ ਵਾਲੇ ਮਰਦਾਨੇ ਨੂੰ ਬਰਾਬਰ ਦਾ ਰੁਤਬਾ ਦੇ ਕੇ ਉਦਾਸੀਆਂ ਦਾ ਸਦੀਵੀ ਸਾਥੀ ਬਣਾਉਣਾ, ਉਸ ਸਮੇਂ ਦੀ ਸਮਾਜਕ ਨਾ-ਬਰਾਬਰੀ ਨੂੰ ਬਰਾਬਰੀ ਵਿਚ ਤਬਦੀਲ ਕਰਨ ਦਾ ਪਲੇਠਾ ਉਦਮ ਸੀ। ਅਜੋਕੇ ਸਿੱਖ ਤਾਂ ਜਾਤਾਂ ਵਿਚ ਹੀ ਉਲਝ ਕੇ ਰਹਿ ਗਏ ਨੇ। ਜੱਟਾਂ, ਲੁਬਾਣਿਆਂ, ਰਾਮਦਾਸੀਆਂ, ਰਾਮਗੜ੍ਹੀਆਂ ਆਦਿ ਵੱਖ-ਵੱਖ ਫਿਰਕਿਆਂ ਨੇ ਆਪੋ-ਆਪਣੇ ਗੁਰਦੁਆਰੇ ਬਣਾ ਕੇ ਗੁਰਬਾਣੀ ਵਿਚਲੀ ਸਰਬ-ਪ੍ਰਮਾਣਕਿਤਾ ਅਤੇ ਸਭ ਵਰਗਾਂ ਲਈ ਸਤਿਕਾਰ ਨੂੰ ਢਾਹ ਲਾਈ ਏ। ਬਾਬੇ ਨਾਨਕ ਦੀ ਆਤਮਾ ਵਿਚਲੀ ਕੁਰਲਾਹਟ ਅਤੇ ਗੁਰਬਾਣੀ ਦੀ ਤ੍ਰਾਸਦੀ ਨੂੰ ਕਿੰਜ ਕਿਆਸੋਗੇ ਅਤੇ ਕਿੰਜ ਨਾਨਕ-ਸੋਚ ਨੂੰ ਮੁਖਾਤਬ ਹੋਵੋਗੇ? ਗੁਰਦੁਆਰਾ ਤਾਂ ਸਭ ਲਈ ਸਾਂਝਾ ਹੋਣਾ ਚਾਹੀਦਾ ਏ, ਪਰ ਅਸੀਂ ਸਿੱਖੀ ਦੇ ਸੇਵਕ ਹੋ ਕੇ ਖਾਸ ਜਾਤ/ਵਰਗ ਦੇ ਵਿਅਕਤੀਆਂ ਲਈ ਪਾਬੰਦੀਆਂ ਦੇ ਰਾਹ ਤੁਰ ਪਏ ਹਾਂ। ਕੀ ਇਹ ਸਿੱਖੀ ਹੈ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਸਿੱਖੀ-ਜੋਤ ਦੀ ਕੋਈ ਕਿਰਨ ਸਾਡੀ ਮਾਨਸਿਕਤਾ ਵਿਚ ਚਾਨਣ ਨਹੀਂ ਬਿਖੇਰਦੀ? ਕੀ ਅਸੀਂ ਸ਼ਬਦ-ਗੁਰੂ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਇਆ ਏ?
ਗੁਰੂ ਨਾਨਕ ਦੇਵ ਨੇ ਚਾਰ ਉਦਾਸੀਆਂ ਚਾਰ ਦਿਸ਼ਾਵਾਂ ਵਿਚ ਕੀਤੀਆਂ ਅਤੇ ਵੱਖ-ਵੱਖ ਖੇਤਰਾਂ ਦੇ ਲੋਕਾਂ, ਵੱਖੋ ਵੱਖਰੇ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਅਤੇ ਉਨ੍ਹਾਂ ਦੇ ਰੰਗ ਵਿਚ ਖੁਦ ਨੂੰ ਰੰਗ ਕੇ ਸਿੱਖ-ਸੋਚ ਅਤੇ ਫਿਲਾਸਫੀ ਨੂੰ ਪ੍ਰਚਾਰਿਆ। ਇਕ ਤਰਕ ਸੀ, ਉਨ੍ਹਾਂ ਦੇ ਪ੍ਰਵਚਨਾਂ ਵਿਚ ਅਤੇ ਇਕ ਪੁਖਤਾ ਦਲੀਲ ਸੀ, ਉਨ੍ਹਾਂ ਦੇ ਹਰ ਬੋਲ ਵਿਚ। ਉਹ ਸੱਚ ਨੂੰ ਸੱਚ ਕਹਿਣ ਤੋਂ ਕਦੇ ਵੀ ਹਿਚਕਚਾਉਂਦੇ ਨਹੀਂ ਸਨ। ਭਾਵੇਂ ਉਹ ਬਾਦਸ਼ਾਹ ਬਾਬਰ ਹੋਵੇ, ਮਲਕ ਭਾਗੋ ਹੋਵੇ, ਸਿੱਧ ਯੋਗੀ ਹੋਣ, ਮੌਲਵੀ ਜਾਂ ਪੰਡਿਤ ਹੋਣ। ਉਨ੍ਹਾਂ ਨੇ ਪ੍ਰਚਲਤ ਵਹਿਮਾਂ-ਭਰਮਾਂ ਅਤੇ ਥੋਥੇ ਵਿਚਾਰਾਂ ਨੂੰ ਆਪਣੇ ਤਰਕਸ਼ੀਲ ਵਿਚਾਰਾਂ ਦੀ ਸਾਣ ਨਾਲ ਖੁੰਡੇ ਕੀਤਾ ਅਤੇ ਅਗਿਆਨ ਦੀ ਹਨੇਰ-ਜੂਹ ਵਿਚ ਅਜਿਹੀ ਚਾਨਣ ਕਾਤਰ ਧਰੀ ਕਿ ਸਭ ਲੋਕ ਉਨ੍ਹਾਂ ਦੇ ਮੁਰੀਦ ਹੋ ਗਏ। ਅਸੀਂ ਉਨ੍ਹਾਂ ਦੀਆਂ ਬਾ-ਕਮਾਲ, ਬਾ-ਦਲੀਲ ਅਤੇ ਤਰਕਸ਼ੀਲ ਵਿਚਾਰਧਾਰਾ ਨੂੰ ਨਕਾਰ ਕੇ ਇਸ ਨੂੰ ਕਰਾਮਾਤੀ ਰੰਗਣ ਵਿਚ ਅਜਿਹਾ ਰੰਗਿਆ ਕਿ ਉਨ੍ਹਾਂ ਦੀ ਸੋਚ ਨੂੰ ਧੁੰਦਲਾ ਕਰਨ ਵਿਚ ਸਿੱਖ ਪ੍ਰਚਾਰਕ, ਮਿਥਿਹਾਸਕ ਸਾਖੀਆਂ ਜਾਂ ਕੱਚਘਰੜ ਲੇਖਕ ਹੀ ਸਭ ਤੋਂ ਮੋਹਰੀ ਨੇ। ਵਿਗਿਆਨਕ ਨਜ਼ਰੀਆ ਅਤੇ ਤੱਥ ਭਰਪੂਰ ਦਲੀਲ ਰਾਹੀਂ ਸਿੱਖ ਧਰਮ ਨੂੰ ਦੁਨੀਆਂ ਦੇ ਵੱਡੇ ਹਿੱਸੇ ਵਿਚ ਫੈਲਾਉਣ ਵਾਲੇ ਗੁਰੂ ਦੇ ਸਿੱਖਾਂ ਦੀ ਕੇਹੀ ਮਾਨਸਿਕਤਾ ਬਣ ਗਈ ਏ ਕਿ ਉਹ ਅਜੋਕੇ ਸਮਿਆਂ ਵਿਚ ਤਰਕ ਅਤੇ ਦਲੀਲ ਤੋਂ ਕੋਰੇ ਨੇ। ਉਨ੍ਹਾਂ ਕੋਲ ਸਿਰਫ ਦੂਸਰੀ ਧਿਰ ਨੂੰ ਡਰਾਉਣ, ਧਮਕਾਉਣ ਜਾਂ ਉਸ ਦੀ ਹਸਤੀ ਮਿਟਾਉਣ ਵਾਲਾ ਮਾਰਗ ਹੀ ਇਕ ਬਦਲ ਬਣ ਕੇ ਰਹਿ ਗਿਆ ਏ।
ਕਿਉਂ ਨਹੀਂ ਬਾਬੇ ਨਾਨਕ ਦੇ ਸਿੱਖ ਉਨ੍ਹਾਂ ਦੀ ਸੋਚ ਨੂੰ ਅਪਨਾ ਕੇ ਹਰ ਮਸਲੇ ਅਤੇ ਮੱਤਭੇਦ ਨੂੰ ਦਲੀਲ ਰਾਹੀਂ ਮਿਲ ਬੈਠ ਕੇ ਨਜਿੱਠਣ ਅਤੇ ਭਾਈਚਾਰਕ ਤੰਦਾਂ ਨੂੰ ਹੋਰ ਮਜਬੂਤ ਕਰਨ ਵੱਲ ਪਹਿਲਕਦਮੀ ਕਰਦੇ? ਇਸ ਵਿਚ ਕਿਸੇ ਦਾ ਘਟਾਅ ਨਹੀਂ ਸਗੋਂ ਸਮਾਜਕ ਪੱਧਰ ‘ਤੇ ਇੱਜਤ ਵੱਧਦੀ ਏ। ਵੱਖ-ਵੱਖ ਧਾਰਮਕ ਅਦਾਰਿਆਂ ਜਾਂ ਆਗੂਆਂ ਵਲੋਂ ਮਹੱਤਵਪੂਰਨ ਗੁਰਪੁਰਬ ਅਤੇ ਧਾਰਮਕ ਸਮਾਗਮ ਵੱਖ-ਵੱਖ ਤਰੀਕਾਂ ‘ਤੇ ਮਨਾਉਣ ਦੀ ਨਵੀਂ ਪਿਰਤ ਸ਼ੁਰੂ ਕਰਕੇ ਸਿੱਖ ਕੌਮ ਹੀ ਮਖੌਲ ਦੀ ਪਾਤਰ ਬਣ ਗਈ ਏ। ਸਾਨੂੰ ਤਾਂ ਹਰ ਦੂਸਰੇ ਵਿਅਕਤੀ ਵਿਚੋਂ ਰੱਬ ਦਾ ਰੂਪ ਨਹੀਂ ਸਗੋਂ ਇਕ ਦੋਖੀ ਨਜ਼ਰ ਆਉਂਦਾ ਏ ਅਤੇ ਉਸ ਦੀ ਹੋਂਦ ਨੂੰ ਖਤਮ ਕਰਨ ਲਈ ਕਾਹਲੇ ਪੈ ਜਾਂਦੇ ਹਾਂ। ਦਰਅਸਲ ਇਹ ਸਾਡੇ ਮਨ ਵਿਚ ਘਰ ਕਰੀ ਬੈਠੀ ਹੀਣ-ਭਾਵਨਾ ਏ, ਜੋ ਮਨੁੱਖ ਨੂੰ ਕਮਜ਼ੋਰ ਕਰ, ਖੁਦ ਨੂੰ ਖੁਦ ਦੇ ਵਿਨਾਸ਼ ਦੇ ਰਾਹ ਤੋਰਦੀ ਏ।
ਕੀ ਗੁਰੂ ਨਾਨਕ ਦੇਵ ਨੇ ਕਿਸੇ ਨਾਲ ਕੋਈ ਲੜਾਈ-ਝਗੜਾ ਕੀਤਾ ਸੀ? ਉਨ੍ਹਾਂ ਦੀ ਸ਼ਖਸੀਅਤ ਅਤੇ ਸੋਚ ਦਾ ਕੇਹਾ ਕ੍ਰਿਸ਼ਮਾ ਸੀ ਕਿ ਉਹ ਆਪਣੇ ਪ੍ਰਭਾਵਸ਼ਾਲੀ, ਨਿਰਲੇਪ ਅਤੇ ਸਰਬ-ਪ੍ਰਵਾਨਤ ਵਿਚਾਰਾਂ ਨਾਲ ਵਿਰੋਧੀ ਸੋਚ ਨੂੰ ਪ੍ਰਭਾਵਤ ਕਰ, ਆਪਣੀ ਬੁੱਕਲ ਵਿਚ ਲੈ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਹਰ ਮਸਤਕ ਵਿਚ ਧਰਦੇ, ਲੋਕਾਈ ਦੀ ਸਰਬ-ਸੁਖਨਤਾ ਦਾ ਪੈਗਾਮ ਫਿਜ਼ਾ ਦੇ ਨਾਮ ਲਾਉਂਦੇ ਸਨ। ਉਹ ਤਾਂ ਪਿਆਰ ਅਤੇ ਮੋਹ ਦਾ ਅਜਿਹਾ ਮੁਜੱਸਮਾ ਸਨ, ਜਿਸ ਦੀ ਬਰਾਬਰੀ ਕੌਣ ਕਰੇਗਾ? ਪਰ ਕੀ ਅਸੀਂ ਉਨ੍ਹਾਂ ਦੀ ਸੋਚ ਦਾ ਕਿਣਕਾ ਮਾਤਰ ਅਪਨਾਉਣ ਵਿਚ ਪਹਿਲ ਕਰ ਸਕਦੇ ਹਾਂ? ਅਸੀਂ ਤਾਂ ਆਪਸ ਵਿਚ ਹੀ ਲੜਦੇ, ਖੁਦ ਵਿਚੋਂ ਸ਼ਬਦ-ਸੋਚ ਨੂੰ ਮਨਫੀ ਕਰ, ਲਾਸ਼ ਬਣ ਕੇ ਜਿਉਣ ਦਾ ਢਕਵੰਜ ਕਰਦੇ ਹਾਂ।
ਜੀਵਨ ਦੇ ਹਰ ਪੜਾਅ ‘ਤੇ ਗੁਰੂ ਨਾਨਕ ਦਾ ਵੱਖ-ਵੱਖ ਲੋਕਾਂ ਨਾਲ ਸੰਵਾਦ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਇਕ ਅਜਿਹੀ ਦਿੱਭ-ਦ੍ਰਿਸ਼ਟੀ ਦਾ ਚਾਨਣ ਸੀ, ਜਿਸ ਦੀ ਆਭਾ ਵਿਚ ਮਨੁੱਖੀ ਹੋਂਦ ਨੂੰ ਚੰਗੇਰੇ ਮਾਰਗ ਦੀ ਦਰਸ਼ਨਾ ਪ੍ਰਾਪਤ ਹੁੰਦੀ ਸੀ। ਇਹ ਭਾਵੇਂ ਮੱਕੇ ਮਦੀਨੇ ਦੀ ਯਾਤਰਾ ਹੋਵੇ, ਹਰਿਦੁਆਰ ਵਿਚ ਗੰਗਾ ਕਿਨਾਰੇ ਸੂਰਜ ਨੂੰ ਪਾਣੀ ਦੇਣ ਦੀ ਪਰੰਪਰਾ ਨੂੰ ਤਰਕਸ਼ੀਲ ਸੋਚ ਨਾਲ ਝੁਠਲਾਉਣਾ ਹੋਵੇ ਜਾਂ ਯੋਗੀਆਂ ਤੇ ਸਿੱਧਾਂ ਸੰਗ ਕੀਤੀ ਗੋਸ਼ਟ ਨਾਲ ਦੁਨਿਆਵੀ ਜੀਵਨ ਨੂੰ ਨਕਾਰਨ ਦੀ ਪ੍ਰਥਾ ਨੂੰ ਜਿੰਮੇਵਾਰੀਆਂ ਤੋਂ ਭੱਜਣ ਨਾਲ ਜੋੜਨਾ ਹੋਵੇ। ਦੁਨਿਆਵੀ ਜੀਵਨ ਵਿਚ ਰਹਿੰਦਿਆਂ, ਪ੍ਰਮਾਰਥ ਦੇ ਮਾਰਗੀ ਬਣਨ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਸਮਾਜਕ ਫਰਜ਼ਾਂ ਪ੍ਰਤੀ ਕੁਤਾਹੀ ਤੋਂ ਸੁਚੇਤ ਕੀਤਾ। ਇਸ ਨੂੰ ਸੰਤੁਲਤ ਜ਼ਿੰਦਗੀ ਦਾ ਅੰਗ ਮੰਨ ਕੇ, ਪਰਿਵਾਰ ਪਾਲਦਿਆਂ ਹੀ ਆਤਮਕ ਵਿਕਾਸ ਦੇ ਰਾਹ ਪੈਣ ਦੀ ਤਾਕੀਦ ਕੀਤੀ।
ਗੁਰੂ ਨਾਨਕ ਦੇਵ ਦਾ ਸਮੁੱਚਾ ਜੀਵਨ ਪਰਮ-ਪੁਰਖ ਦਾ ਅਜਿਹਾ ਉਚਤਮ ਰੂਪ ਏ ਜੋ ਉਨ੍ਹਾਂ ਦੀ ਬਾਣੀ ਅਤੇ ਜੀਵਨ-ਸ਼ੈਲੀ ਵਿਚੋਂ ਪ੍ਰਤੱਖ ਨਜਰੀਂ ਪੈਂਦਾ ਏ। ਕੀ ਅਸੀਂ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਪੜ੍ਹਿਆ ਏ? ਇਨ੍ਹਾਂ ਨੂੰ ਆਪਣੀ ਕਰਮਯੋਗਤਾ ਦਾ ਹਿੱਸਾ ਬਣਾਇਆ ਏ? ਕੀ “ਘਾਲਿ ਖਾਇ ਕਿਛ ਹਥਹੁ ਦੇਇ…” ਵਰਗੀ ਚੇਤਨਾ ਸਾਡੀ ਜ਼ਮੀਰ ਨੂੰ ਝੰਜੋੜਦੀ ਏ? ਕੀ ਅਸੀਂ ਆਪਣੀ ਕਿਰਤ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਕੀਤੀ ਏ? ਕੀ ਕਿਸੇ ਗਰੀਬ ਗੁਰਬੇ ਲਈ ਆਪਣੀਆਂ ਅਸੀਮਤ ਸੁੱਖ-ਸਹੂਲਤਾਂ ਨੂੰ ਸੀਮਤ ਕਰਨ ਲਈ ਪਹਿਲ ਕਦਮੀ ਕੀਤੀ ਏ? ਕੀ ਇਹ ਸਮਾਜਕ ਬਰਾਬਰੀ ਲਈ ਇਨਕਲਾਬੀ ਕਦਮ ਨਹੀਂ ਹੋਵੇਗਾ ਜਿਸ ਦੀ ਚਾਹਨਾ ਗੁਰੂ ਜੀ ਨੇ ਕੀਤੀ ਸੀ?
ਅਜੋਕੇ ਸਮਿਆਂ ਦੀ ਕੇਹੀ ਤ੍ਰਾਸਦੀ ਹੈ ਕਿ ਅਸੀਂ ਬੇਗੈਰਤ ਹੋ ਗਏ ਹਾਂ। ਮਨੁੱਖ ਦਾ ਬੇਗੈਰਤ ਹੋਣਾ, ਉਸ ਦੀ ਮਾਨਸਿਕ ਮੌਤ ਏ, ਜੋ ਸਰੀਰਕ ਮੌਤ ਨਾਲੋਂ ਵੀ ਜ਼ਿਆਦਾ ਦਰਦੀਲੀ ਅਤੇ ਪੀੜਤ ਹੁੰਦੀ ਏ। ਧੁਖ ਧੁਖ ਕੇ ਮਰਨਾ ਅਤੇ ਆਪਣੀ ਹੋਣੀ ‘ਤੇ ਅੱਥਰੂ ਵਹਾਉਣ ਤੋਂ ਵੀ ਤ੍ਰਹਿਣਾ, ਅੱਜ ਦੇ ਸਿੱਖ ਦਾ ਸੰਤਾਪ ਹੈ ਕਿਉਂਕਿ ਅਸੀਂ ਤਾਂ ਗੁਰੂ ਨਾਨਕ ਦੇਵ ਦਾ ਇਹ ਵਾਕ ਤਾਂ ਕਦੇ ਚੇਤਿਆਂ ਵਿਚ ਵਸਾਇਆ ਹੀ ਨਹੀਂ ਕਿ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮ ਜੇਤਾ ਕਿਛ ਖਾਇ॥”
ਅਣਖ ਨਾਲ ਜਿਉਣ ਵਾਲੀਆਂ ਕੌਮਾਂ ਇਤਿਹਾਸ ਦਾ ਵਰਕਾ ਬਣਦੀਆਂ ਨੇ। ਪੰਜਾਬੀਆਂ ਨੂੰ ਤਾਂ ਸਮੇਂ ਦੀਆਂ ਸਰਕਾਰਾਂ ਨੇ ਬੌਣੇ, ਹੀਣੇ ਅਤੇ ਮੰਗਤੇ ਬਣਾ ਦਿਤਾ ਏ ਅਤੇ ਅਸੀਂ ਇਸ ਲਾਚਾਰਗੀ ਵਿਚੋਂ ਹੀ ਜਿਉਣ ਦੀ ਲੋਚਾ ਪਾਲਣ ਲੱਗ ਪਏ ਹਾਂ। ਆਪਣੇ ਸਵੈ-ਅਭਿਮਾਨ, ਨਿਸ਼ਕਾਮਤਾ ਅਤੇ ਪਰਉਪਕਾਰੀ ਸੁਭਾਅ ਨੂੰ ਛੱਡ ਕੇ ਹੰਕਾਰੀ, ਲਾਲਚੀ, ਕਪਟੀ ਅਤੇ ਸੁਆਰਥੀ ਬਣ ਕੇ ਅਸੀਂ ਬਹੁਤ ਕੁਝ ਗਵਾਇਆ ਏ। ਕੁਝ ਪ੍ਰਾਪਤੀ ਲਈ ਨਿੱਜਤਾ ਤੋਂ ਉਪਰ ਉਠ ਕੇ ਸਮਾਜ ਲਈ ਜਿਉਣਾ ਹੀ ਮਨੁੱਖੀ ਸੋਚ ਦੀ ਅਸੀਮਤਾ ਏ। ਇਸ ਲਈ ਮਨੁੱਖੀ ਸ਼ਖਸੀਅਤ ਵਿਚਲੀ ਪਾਕੀਜ਼ਗੀ, ਪਰਉਪਕਾਰਤਾ ਅਤੇ ਪਹਿਲ-ਕਦਮੀ ਦਾ ਰਾਹ ਪਕੜਨਾ ਪਵੇਗਾ। ਕਿਰਤ-ਕਮਾਈ ਦੀ ਸੁੱਚਮਤਾ ਅਤੇ ਉਚਮਤਾ ਪੰਜਾਬੀਆਂ ਦੇ ਜੀਵਨ ਵਿਚੋਂ ਕਿਉਂ ਅਤੇ ਕਿਸ ਨੇ ਗਾਇਬ ਕੀਤੀ ਏ? ਸੋਚਣ ਤੇ ਸਮਝਣ ਦੀ ਲੋੜ ਏ।
ਅਜੋਕਾ ਮਨੁੱਖ ਆਪਣੀਆਂ ਲੋੜਾਂ ਤੇ ਥੋੜ੍ਹਾਂ ਵਿਚ ਉਲਝਿਆ, ਸਮਾਜਕ ਤੇ ਆਰਥਕ ਨਾ-ਬਰਾਬਰੀ, ਬੇਇਨਸਾਫੀ ਅਤੇ ਕਿਰਤ-ਲੁੱਟ ਤੋਂ ਅਣਜਾਣ ਆਪਣੀ ਆਵਾਜ਼ ਬੁਲੰਦ ਕਰਨ ਤੋਂ ਡਰਨ ਲੱਗ ਪਿਆ ਏ। ਅਸੀਂ ਤਾਂ ਆਪਣੇ ਰਹਿਬਰ ਦੇ ਉਸ ਉਲਾਹਮੇ ਨੂੰ ਵੀ ਭੁੱਲ ਗਏ ਹਾਂ, ਜਿਸ ਨੇ ਬਾਬਰ ਵਲੋਂ ਢਾਹੇ ਜਾ ਰਹੇ ਜੁਲਮ ਅਤੇ ਨਿਤਾਣਿਆਂ ਤੇ ਨਿਮਾਣਿਆਂ ‘ਤੇ ਹੋ ਰਹੇ ਤਸ਼ਦੱਦ ਨੂੰ ਦੇਖਦਿਆਂ ਰੱਬ ਨੂੰ ਉਲਾਹਮਾ ਦਿੱਤਾ ਸੀ, “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ॥” ਜਾਂ “ਜੇ ਸਕਤਾ ਸਕਤੇ ਕੋ ਮਾਰੇ ਤਾ ਮਨਿ ਰੋਸ ਨ ਹੋਈ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ॥”
ਅਸੀਂ ਬਾਬੇ ਨਾਨਕ ਦੀ ਉਸ ਆਵਾਜ਼ ਦੀ ਬੁਲੰਦਗੀ ਅਤੇ ਬੇਖੌਫਤਾ ਤੋਂ ਕਾਇਰ ਕਿਉਂ ਹੋ ਗਏ ਹਾਂ? ਆਪਣੇ ਰਹਿਬਰ ਤੋਂ ਕਿਨਾਰਾ-ਕਸ਼ੀ, ਕਿਸੇ ਸੋਚ ਦਾ ਦਫਨ ਹੋਣਾ ਏ ਅਤੇ ਸੋਚ ਮਰਨ ਤੋਂ ਬਾਅਦ ਮਨੁੱਖ ਇਕ ਤਾਬੂਤ ਹੁੰਦਾ ਏ, ਜੋ ਮਿੱਟੀ ‘ਚ ਮਿੱਟੀ ਹੋਣ ਤੋਂ ਵੱਧ ਕੁਝ ਨਹੀਂ ਹੁੰਦਾ। ਅਸੀਂ ਤਾਂ ਨਾ-ਸ਼ੁਕਰੇਪਨ ਦਾ ਸਿਖਰ ਹੀ ਸਿਰਜ ਬੈਠੇ ਹਾਂ। ਇਸ ਨਾ-ਸ਼ੁਕਰੇਪਨ ਨੇ ਸਾਡੇ ਪੱਲੇ ਜੀਵਨ-ਦੁਸ਼ਵਾਰੀਆਂ ਅਤੇ ਪੀੜਾਂ ਭਰੇ ਰਾਹਾਂ ਦਾ ਨਾਮਕਰਨ ਹੀ ਦਿਤਾ ਏ।
ਗੁਰੂ ਨਾਨਕ ਦੇਵ ਦੀ ਸੋਚ ਦੀ ਵਿਸ਼ਾਲਤਾ ਅਤੇ ਅਸੀਮ ਦਿਸਹੱਦਿਆਂ ਦੀ ਹਾਥ ਲੈਣ ਦੀ ਚਾਹਨਾ ਤੋਂ ਮੁੱਕਰ ਚੁਕਾ ਮਨੁੱਖ ਖੁਦ ਵਿਚ ਹੀ ਸਿਮਟ ਕੇ ਰਹਿ ਗਿਆ। ਅਜੋਕਾ ਸਿੱਖ ਅਜਿਹੀਆਂ ਪਰੰਪਰਾਵਾਂ, ਰਸਮਾਂ ਅਤੇ ਵਹਿਮਾਂ ‘ਚ ਸਾਹਾਂ ਦੀ ਸੰਘੀ ਨੱਪ ਰਿਹਾ ਏ, ਜਿਨ੍ਹਾਂ ਤੋਂ ਨਿਜਾਤ ਲਈ ਗੁਰੂ ਜੀ ਨੇ ਸਿੱਖ-ਸੋਚ ਨੂੰ ਨਵੇਂ ਪੈਗੰਬਰੀ ਅਵਤਾਰ ਦੇ ਰੂਪ ਵਿਚ ਦੁਨੀਆਂ ‘ਚ ਪ੍ਰਚੰਡ ਕੀਤਾ ਸੀ। ਵਿਸ਼ਾਲ ਅੰਬਰ ਦੀ ਆਰਤੀ ਉਤਾਰਨ ਵਾਲੇ ਬਾਬਾ ਜੀ ਦੇ ਕੁਝ ਸ਼ਿਸ਼ ਅੱਜ ਕਲ ਥਾਲ ਵਿਚ ਦੀਵਿਆਂ ਨਾਲ ਆਰਤੀ ਉਤਾਰਦੇ ਆਪਣੀ ਬੌਣੀ ਸੋਚ ਦਾ ਪ੍ਰਮਾਣ ਦੇਣ ਲੱਗਿਆਂ ਠਿੱਠ ਵੀ ਨਹੀਂ ਹੁੰਦੇ। ਅਜਿਹੇ ਵਰਤਾਰੇ ਲਈ ਆਪੂ ਬਣੇ ਬਾਬਿਆਂ ਦਾ ਮੋਹਰੀ ਹੋਣਾ, ਸਿੱਖ ਸਮਾਜ ਲਈ ਨਮੋਸ਼ੀ ਦਾ ਸਬੱਬ ਏ ਕਿਉਂਕਿ ਸਿੱਖ ਸਮਾਜ ਵਿਚਲੇ ਧਰਮੀ ਵਿਅਕਤੀ ਅਡੰਬਰੀ ਹੋ ਗਏ ਨੇ। ਇਸ ਅਡੰਬਰ ਵਿਚ ਹੀ ਉਹ ਆਪਣੀਆਂ ਨਿੱਜੀ ਖਾਹਸ਼ਾਂ, ਤੰਗ-ਦਾਅਰਿਆਂ ਅਤੇ ਸੌੜੀ ਸੋਚ ਨਾਲ ਸਿੱਖ-ਸੋਚ ਵਿਚਲੀ ਵਿਸ਼ਾਲਤਾ ਨੂੰ ਨਿੱਕੇ ਜਿਹੇ ਦਾਇਰੇ ਵਿਚ ਸੀਮਤ ਕਰਕੇ, ਇਕ ਫਿਰਕੇ ਤੀਕ ਹੀ ਨਿਯਮਿਤ ਕਰਨ ਲਈ ਹਰ ਹਰਬਾ ਵਰਤ ਰਹੇ ਹਨ। ਲੋੜ ਹੈ ਕਿ ਅਸੀਂ ਗੁਰ-ਸ਼ਬਦ ਵਿਚਲੀ ਅਸੀਮਤਾ, ਉਚਮਤਾ, ਪਾਕੀਜ਼ਗੀ ਅਤੇ ਮਾਨਸਿਕ ਉਡਾਣ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰੀਏ।
ਗੁਰੂ ਨਾਨਕ ਦੇਵ ਦਾ ਸਮੁੱਚਾ ਜੀਵਨ ਸਾਧਨਾ, ਸਮਰਪਣ ਅਤੇ ਸਪੱਸ਼ਟਤਾ ਨੂੰ ਅਰਪਿੱਤ ਸੀ। ਇਸ ਅਰਪਣ ਵਿਚੋਂ ਹੀ ਉਨ੍ਹਾਂ ਨੇ ਜੀਵਨ ਦੇ ਉਚਤਮ ਗੁਣਾਂ ਦੀ ਨਿਸ਼ਾਨਦੇਹੀ ਕਰਦਿਆਂ ਇਨ੍ਹਾਂ ਨੂੰ ਆਖਰੀ ਸਵਾਸ ਤੱਕ ਜੀਵਿਆ। ‘ਤਖਤ ਬਹੈ ਤਖਤੇ ਕੇ ਲਾਇਕ’ ਦੇ ਕਥਨ ਅਨੁਸਾਰ ਉਨ੍ਹਾਂ ਨੇ ਗੁਰਗੱਦੀ ਅਤੇ ਸ਼ਬਦ-ਗੁਰੂ ਦੇ ਵਾਰਸ ਵਜੋਂ ਆਪਣੇ ਪੁੱਤਰ-ਮੋਹ ਨੂੰ ਤਰਜ਼ੀਹ ਨਹੀਂ ਦਿਤੀ। ਸਿੱਖੀ-ਸਿਧਾਂਤ ਨੂੰ ਅਪਨਾਉਣ, ਪ੍ਰਚਾਰਨ ਅਤੇ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਸਭ ਤੋਂ ਕਾਬਲ ਭਾਈ ਲਹਿਣਾ ਨੂੰ ਗੁਰੂ ਅੰਗਦ ਦੇਵ ਦੀ ਉਪਾਧੀ ਦੇ ਕੇ ਗੁਰ-ਸ਼ਬਦ ਦਾ ਵਾਰਸ ਬਣਾਇਆ। ਕੀ ਅਸੀਂ ਅਜੋਕੇ ਸਮੇਂ ਵਿਚ ਅਜਿਹਾ ਸੋਚ ਸਕਦੇ ਹਾਂ? ਕੀ ਸਾਡੇ ਧਾਰਮਕ, ਸਿਆਸੀ ਅਤੇ ਸਮਾਜਕ ਲੀਡਰਾਂ ਨੇ ਕਦੇ ਇਸ ਸੋਚ ‘ਤੇ ਪਹਿਰਾ ਦਿਤਾ ਏ? ਕੀ ਆਪਣੇ ਵੰਸ਼ ਦੀ ਚੌਧਰ ਨੂੰ ਬਰਕਰਾਰ ਰੱਖਣ ਅਤੇ ਧਾਰਮਕ/ਸਿਆਸੀ ਅਦਾਰਿਆਂ ‘ਤੇ ਆਪਣਾ ਗਲਬਾ ਕਾਇਮ ਰੱਖਣ ਲਈ ਹਰ ਲੀਡਰ ਹਰ ਹਰਬਾ ਨਹੀਂ ਵਰਤ ਰਿਹਾ? ਕੀ ਗੁਰੂ ਜੀ ਵਲੋਂ ਪ੍ਰਚਾਰੇ ਸਿੱਖੀ ਸਿਧਾਂਤ ਸਿਰਫ ਬੇਗਾਨਿਆਂ ਲਈ ਹਨ ਜਾਂ ਸਿਰਫ ਕਿਤਾਬਾਂ ਜਾਂ ਗ੍ਰੰਥਾਂ ਤੀਕ ਹੀ ਸੀਮਤ ਹਨ? ਅਸੀਂ ਕਿਹੋ ਜਿਹੇ ਸਿੱਖ ਹਾਂ ਜੋ ਸਿੱਖੀ ਭੇਸ ਵਿਚ ਸਿੱਖ ਵਿਚਾਰਧਾਰਾ ਨੂੰ ਕਤਲ ਕਰਨ ਲਈ ਜਿੰਮੇਵਾਰ ਹਾਂ? ਸਿੱਖ ਸੋਚ ਨੂੰ ਸੰਕੀਰਨਤਾ ਵੱਲ ਧਕੇਲਣ ਲਈ ਕੌਣ ਕਸੂਰਵਾਰ ਏ? ਅਜਿਹੇ ‘ਚ ਕਿਹੋ ਜਿਹੇ ਮਨੁੱਖ ਦੀ ਸਿਰਜਣਾ ਦਾ ਕਿਆਸ ਕੀਤਾ ਜਾ ਸਕਦਾ ਏ, ਇਹ ਸਾਡੇ ਸਭ ਦੇ ਸਾਹਮਣੇ ਹੈ।
ਅਜਿਹਾ ਮਨੁੱਖ ਜੋ ਗੁਰੂ ਵਲੋਂ ਚਿਤਵੇ ਮਨੁੱਖ ਤੋਂ ਹੀਣਾ ਅਤੇ ਨਿਗੂਣਾ ਏ, ਜਿਸ ਦੀ ਸੋਚ ਨੂੰ ਫੋਕੀਆਂ ਸ਼ੁਹਰਤਾਂ, ਸਿਫਤਾਂ ਅਤੇ ਸੰਕੀਰਨਤਾ ਨੇ ਅੰਦਰੋਂ ਛਲਨੀ ਕੀਤਾ ਹੋਇਆ ਏ, ਉਹ ਪੂਰਨ ਮਨੁੱਖ ਦਾ ਮਖੌਟਾ ਪਾ ਕੇ ਪੂਰਨਤਾ ਦਾ ਦਾਅਵੇਦਾਰ ਬਣ ਰਿਹਾ ਏ। ਯਾਦ ਰੱਖਣਾ! ਸਿੱਖ ਸੋਚ ਨੂੰ ਅੰਤਰੀਵ ਵਿਚ ਵਸਾ ਅਤੇ ਵਿਸਥਾਰ ਕੇ ਹੀ ਅਸੀਂ ਗੁਰੂ ਜੀ ਵਲੋਂ ਕਿਆਸੇ ਮਨੁੱਖੀ ਸ਼ਖਸੀ ਬਿੰਬ ਨੂੰ ਸਿਰਜਣ ਦੇ ਰਾਹ ਤੁਰ ਸਕਦੇ ਹਾਂ। ਇਹ ਮਾਰਗ ਬਿਖੜਾ ਤਾਂ ਹੈ ਪਰ ਇਸ ਦੀਆਂ ਰਹਿਮਤਾਂ ਨੇ ਹੀ ਮਨੁੱਖ ਨੂੰ ਮਾਨਵਵਾਦੀ ਸੋਚ ਦਾ ਮੁੱਦਈ ਬਣਾ ਕੇ, ਪਰਮ ਮਨੁੱਖ ਦਾ ਉਪਨਾਮ ਦੇਣਾ ਏ।
ਬਾਬੇ ਨਾਨਕ ਨੇ ਥੋਥੇ ਮਨੁੱਖੀ ਕਿਰਦਾਰ ਬਾਰੇ ਕੇਡੇ ਵੱਡੇ ਸੱਚ ਦਾ ਖੁਲਾਸਾ ਕਰਦਿਆਂ ਕਿਹਾ ਸੀ, “ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸਧਾ ਕਾਲੀਆ ਬਾਹਰਿ ਚਿਟਵੀਆਹ॥” ਇਹ ਸੱਚ ਅਜੋਕੇ ਮਨੁੱਖ ਦਾ ਹੈ, ਜੋ ਬਾਬੇ ਨੇ 550 ਸਾਲ ਪਹਿਲਾਂ ਕਹਿ ਦਿਤਾ ਸੀ। ਕੀ ਅਸੀਂ ਬਾਹਰੋਂ ਅਤੇ ਅੰਦਰੋਂ ਇਕਸਾਰ ਹਾਂ? ਕੀ ਅਸੀਂ ਪਰਤਾਂ ਵਿਚ ਜਿਉਂਦੇ ਹਾਂ? ਕੀ ਅਸੀਂ ਮਖੌਟੇ ਬਦਲਣ ਦੇ ਮਾਹਰ ਹਾਂ ਅਤੇ ਲੋੜ ਅਨੁਸਾਰ ਮਖੌਟੇ ਦਾ ਰੰਗ ਅਤੇ ਰੂਪ ਬਦਲ ਕੇ ਨਿੱਜੀ ਮੁਫਾਦ ਦੀ ਪੂਰਤੀ ਲਈ ਜ਼ਮੀਰ ਵੇਚਣ ਲਈ ਵੀ ਤਿਆਰ ਰਹਿੰਦੇ ਹਾਂ? ਜਦ ਹਰ ਮਨੁੱਖ ਵਿਕਾਊ ਹੋ ਜਾਵੇ ਤਾਂ ਕਦਰਾਂ-ਕੀਮਤਾਂ ਦੀ ਕੌਣ ਸ਼ਾਹਦੀ ਭਰੇਗਾ? ਕੌਣ ਸਮਾਜਕ ਤੰਦਾਂ ਵਿਚਲੇ ਮੋਹ ਅਤੇ ਪਕਿਆਈ ਦਾ ਰਾਗ ਗਾਵੇਗਾ? ਕੌਣ ਸੁੱਚੀਆਂ ਸੱਧਰਾਂ, ਸੁਗੰਧਤ ਸਬੰਧਾਂ ਅਤੇ ਮੋਹਵੰਤੀਆਂ ਤਰੰਗਾਂ ਨਾਲ ਮਨ ਦੀਆਂ ਰਮਜਾਂ ਦਾ ਗੀਤ ਗੁਣਗੁਣਾਵੇਗਾ?
ਪਰਮ ਮਨੁੱਖ ਦੀਆਂ ਵਿਸ਼ੇਸ਼ਤਾਵਾਂ, ਗੁਣਾਂ ਅਤੇ ਇਸ ਦੀਆਂ ਬਹੁ-ਪਰਤਾਂ ਨੂੰ ਫਰੋਲਦੀ ਗੁਰ-ਸ਼ਬਦ ਦੀ ਮਹਿਮਾ, ਸੱਚੀ-ਸੁੱਚੀ ਜੀਵਨ ਸ਼ੈਲੀ ਹੈ। ਅਸੀਂ ਇਸ ਜੀਵਨ ਸ਼ੈਲੀ ਨੂੰ ਅਪਨਾਉਣ ਤੋਂ ਆਕੀ ਅਤੇ ਇਸ ਦੀ ਬਹੁ-ਰੰਗਤਾ ਤੋਂ ਕੋਰੇ ਹਾਂ। ਲੋੜ ਹੈ ਕਿ ਅਸੀਂ ਇਸ ਦੀਆਂ ਬਹੁਮੁਲੀਆਂ ਪਰਤਾਂ ਨੂੰ ਜੀਵਨੀ ਪਰਤ ਦਾ ਨਾਮ ਦੇ ਕੇ ਇਸ ਦੀ ਵਿਸ਼ਾਲਤਾ ਵਿਚੋਂ ਹੀ ਸ਼ਖਸੀਅਤ ਨੂੰ ਵਿਸਥਾਰੀਏ। ਇਸ ਦੀ ਉਚਮਤਾ ਵਿਚੋਂ ਕਰਮ-ਧਰਮ ਵਿਚਲੀ ਪਾਕੀਜ਼ਗੀ ਨੂੰ ਹਰ ਸਾਹ ਨਾਲ ਸਿਮਰੀਏ। ਇਸ ਰਾਹੀਂ ਗੁਰੂ-ਮਾਰਗ ਦੇ ਪਾਂਧੀ ਬਣ ਕੇ ਉਤਮ ਮਨੁੱਖ ਦੀ ਪਰਮ ਪਦਵੀ ਪਾਈਏ।
ਅਜਿਹਾ ਵਿਸ਼ਵਾਸ ਰੱਖਣ ਵਿਚ ਤਾਂ ਕੋਈ ਹਰਜ਼ ਨਹੀਂ। ਆਸ ਹੈ ਕਿ ਗੁਰੂ ਜੀ ਦੀ ਨਿਵੇਕਲੀ ਸੋਚ ਦੀ ਕਿਰਨ ਸਾਡੇ ਦਰਾਂ ‘ਤੇ ਚਾਨਣ ਚੋਂਦੀ, ਮਸਤਕ ਧਰਾਤਲ ਨੂੰ ਨਵੀਆਂ ਦਿਸ਼ਾਵਾਂ, ਸੰਭਾਵਨਾਵਾਂ, ਸੁਪਨਿਆਂ, ਸਮਰਥਾਵਾਂ ਅਤੇ ਸਫਲਤਾਵਾਂ ਦਾ ਸਬੱਬ ਬਣਨ ਵਿਚ ਮਦਦ ਜਰੂਰ ਕਰੇਗੀ।