ਰੇਲ ਹਾਦਸੇ: ਤਕਨੀਕੀ ਨੁਕਸ ਤੇ ਲਾਪ੍ਰਵਾਹੀ ਦਾ ਸਿੱਟਾ

-ਜਤਿੰਦਰ ਪਨੂੰ
‘ਬਦੀ ਦਾ ਪ੍ਰਤੀਕ’ ਕਹਿ ਕੇ ਸਾਰੇ ਭਾਰਤ ਵਿਚ ਜਦੋਂ ਰਾਵਣ ਦੇ ਬੁੱਤ ਸਾੜੇ ਜਾ ਰਹੇ ਸਨ, ਅੰਮ੍ਰਿਤਸਰ ਤੋਂ ਉਸ ਵਕਤ ਇਹ ਖਬਰ ਆ ਗਈ ਕਿ ਰਾਵਣ ਸੜਦਾ ਵੇਖ ਰਹੇ ਲੋਕਾਂ ਉਤੇ ਦੋ ਰੇਲ ਗੱਡੀਆਂ ਆਣ ਚੜ੍ਹੀਆਂ ਤੇ ਸੱਠ ਤੋਂ ਵੱਧ ਲੋਕ ਮਾਰੇ ਗਏ। ਇਹ ਲੋਕ ਰੇਲਵੇ ਲਾਈਨਾਂ ਉਤੇ ਖੜ੍ਹ ਕੇ ਦੁਸਹਿਰੇ ਦੀ ਰੌਣਕ ਦੇਖ ਰਹੇ ਸਨ ਤੇ ਇਸ ਗੱਲ ਵੱਲ ਕਿਸੇ ਦਾ ਧਿਆਨ ਹੀ ਨਹੀਂ ਸੀ ਕਿ ਉਥੋਂ ਲੰਘਦੀਆਂ ਤਿੰਨ ਲਾਈਨਾਂ ਵਿਚੋਂ ਕਿਸੇ ਉਤੇ ਕਿਸੇ ਵਕਤ ਕੋਈ ਗੱਡੀ ਵੀ ਆ ਸਕਦੀ ਹੈ।

ਅੰਮ੍ਰਿਤਸਰ-ਦਿੱਲੀ ਰੂਟ ਦੀਆਂ ਦੋ ਲਾਈਨਾਂ ਦੇ ਨਾਲ ਉਥੋਂ ਬਟਾਲਾ-ਗੁਰਦਾਸਪੁਰ ਵਾਲੀ ਰੇਲ ਲਾਈਨ ਵੀ ਲੰਘਦੀ ਹੈ ਤੇ ਦੋਹਾਂ ਰੂਟਾਂ ਦਾ ਨਿਖੇੜਾ ਉਥੋਂ ਹੋਣ ਕਾਰਨ ਦੋ ਫਾਟਕ ਨਾਲੋ ਨਾਲ ਬਣੇ ਹੋਏ ਹਨ, ਜਿਨ੍ਹਾਂ ਨੂੰ ਜੌੜੇ ਫਾਟਕ ਕਿਹਾ ਜਾਂਦਾ ਹੈ। ਅਚਾਨਕ ਇੱਕ ਪਾਸੇ ਤੋਂ ਗੱਡੀ ਆ ਗਈ, ਲੋਕ ਮਿੱਧੇ ਜਾਣ ਲੱਗੇ ਤਾਂ ਬਚਣ ਲਈ ਦੂਸਰੇ ਟਰੈਕ ਉਤੇ ਜਾ ਚੜ੍ਹੇ, ਜਿੱਥੇ ਦੂਸਰੇ ਪਾਸੇ ਤੋਂ ਗੱਡੀ ਆਉਂਦੀ ਪਈ ਸੀ। ਨਤੀਜੇ ਵਜੋਂ ਲਾਸ਼ਾਂ ਦੇ ਢੇਰ ਲੱਗਦੇ ਗਏ।
ਇਸ ਹਾਦਸੇ ਨੂੰ ਕਈ ਪੱਖਾਂ ਤੋਂ ਵੇਖਣ ਤੇ ਸਬਕ ਸਿੱਖਣ ਦੀ ਲੋੜ ਹੈ, ਪਰ ਪਿਛਲੇ ਸਮੇਂ ਦਾ ਤਜਰਬਾ ਇਹੋ ਹੈ ਕਿ ਜਿੰਨੇ ਦਿਨ ਪੀੜਤਾਂ ਦੀਆਂ ਚੀਕਾਂ ਸੁਣਦੀਆਂ ਰਹਿੰਦੀਆਂ ਹਨ, ਚਰਚਾ ਹੁੰਦੀ ਹੈ ਤੇ ਫਿਰ ਕੁਝ ਨਹੀਂ ਹੁੰਦਾ।
ਭਾਰਤ ਵਿਚ ਹੁੰਦੇ ਰੇਲ ਹਾਦਸਿਆਂ ਦਾ ਪਹਿਲਾ ਅਹਿਮ ਪੱਖ ਦੋ ਹਿੱਸਿਆਂ ਵਿਚ ਵੰਡ ਕੇ ਵੇਖਿਆ ਜਾਵੇ ਤਾਂ ਅਸਲੀ ਗੱਲ ਕੁਝ-ਕੁਝ ਪੱਲੇ ਪੈ ਸਕਦੀ ਹੈ। ਇੱਕ ਪੱਖ ਤਕਨੀਕੀ ਨੁਕਸਾਂ ਦਾ ਹੈ। ਇੱਕ ਥਾਂ ਰੇਲਵੇ ਲਾਈਨ ਵਿਚ ਕਿਤੇ ਕੋਈ ਪੇਚ ਢਿੱਲਾ ਰਹਿ ਗਿਆ, ਲਾਈਨ ਉਖੜ ਜਾਣ ਕਾਰਨ ਉਥੋਂ ਲੰਘਦੀ ਗੱਡੀ ਉਲਟ ਗਈ ਤੇ ਓਨੀ ਦੇਰ ਨੂੰ ਦੂਸਰੀ ਗੱਡੀ ਉਸੇ ਥਾਂ ਪਹੁੰਚ ਕੇ ਪਹਿਲੀ ਗੱਡੀ ਵਿਚ ਜਾ ਵੱਜੀ ਤੇ ਪੰਜਾਬ ਵਿਚ ਵਾਪਰੇ ਇਸ ਹਾਦਸੇ ਵਿਚ ਮੌਤਾਂ ਦੀ ਗਿਣਤੀ ਦੋ ਸੌ ਤੋਂ ਟੱਪ ਗਈ ਸੀ। ਇਹ ਕੁਝ ਕਈ ਥਾਂਈਂ ਵਾਪਰ ਚੁਕਾ ਹੈ।
ਦੂਸਰਾ ਪੱਖ ਲਾਪ੍ਰਵਾਹੀ ਦੀ ਸਿਖਰ ਹੈ, ਜਿਸ ਕਾਰਨ ਢਾਈ ਦਹਾਕੇ ਪਹਿਲਾਂ ਕਾਨਪੁਰ ਨੇੜੇ ਇੱਕੋ ਹਾਦਸੇ ਵਿਚ ਕੋਈ ਤਿੰਨ ਸੌ ਸੱਠ ਮੌਤਾਂ ਹੋਈਆਂ ਸਨ। ਕਾਰਨ ਇਹ ਬਣਿਆ ਕਿ ਉਥੋਂ ਲੰਘਦੀ ਕਾਲਿੰਦੀ ਐਕਸਪ੍ਰੈਸ ਦੇ ਅੱਗੇ ਇੱਕ ਆਵਾਰਾ ਫਿਰਦੀ ਗਾਂ ਰੇਲਵੇ ਟਰੈਕ ਉਤੇ ਆ ਗਈ ਅਤੇ ਮਰਨ ਪਿੱਛੋਂ ਗੱਡੀ ਦੇ ਇੰਜਣ ਵਿਚ ਫਸਣ ਨਾਲ ਸਿਸਟਮ ਜਾਮ ਹੋ ਗਿਆ। ਇਹ ਹਾਦਸਾ ਰੇਲਵੇ ਸਿਗਨਲ ਦੇ ਬਰਾਬਰ ਹੋਇਆ ਅਤੇ ਅੱਧੀ ਗੱਡੀ ਅੱਗੇ ਤੇ ਅੱਧੀ ਪਿੱਛੇ ਹੋਣ ਕਾਰਨ ਸਿਗਨਲ ਵੀ ਹਰਾ ਜਗਦਾ ਫਸ ਗਿਆ। ਓਨੀ ਦੇਰ ਨੂੰ ਪੁਰਸ਼ੋਤਮ ਐਕਸਪ੍ਰੈਸ ਵੀ ਪਿੱਛੋਂ ਆ ਗਈ ਤੇ ਅੱਗੇ ਖੜ੍ਹੀ ਕਾਲਿੰਦੀ ਐਕਸਪ੍ਰੈਸ ਵਿਚ ਸਿੱਧੀ ਜਾ ਵੱਜਣ ਨਾਲ ਕਹਿਰ ਵਾਪਰ ਗਿਆ ਸੀ।
ਦੂਸਰਾ ਅਹਿਮ ਪੱਖ ਖਤਰੇ ਬਾਰੇ ਦੱਸਣ ਦੇ ਬਾਵਜੂਦ ਉਸ ਨੂੰ ਲੋਕਾਂ ਵੱਲੋਂ ਅਣਗੌਲੇ ਕਰਨ ਦਾ ਹੈ। ਕੁੰਭ ਮੇਲੇ ਵੇਲੇ ਇੱਕ ਵਾਰੀ ਲੋਕਾਂ ਨੂੰ ਗੱਡੀਆਂ ਵਿਚ ਥਾਂ ਨਾ ਮਿਲੀ ਤਾਂ ਛੱਤਾਂ ਉਤੇ ਚੜ੍ਹ ਗਏ ਤੇ ਰਾਤ ਦੇ ਵਕਤ ਅੱਗੇ ਆਉਂਦੇ ਪੁਲ ਨਾਲ ਵੱਜ-ਵੱਜ ਕੇ ਹੇਠਾਂ ਡਿੱਗਦੇ ਗਏ। ਇਹੋ ਜਿਹੇ ਹਾਦਸੇ ਵੀ ਕਈ ਵਾਰੀ ਵਾਪਰ ਚੁਕੇ ਹਨ। ਕਿਸੇ ਵੱਡੇ ਮੇਲੇ ਵੇਲੇ ਇਹੋ ਜਿਹਾ ਹਾਦਸਾ ਹੋਣਾ ਆਮ ਜਿਹੀ ਗੱਲ ਹੁੰਦੀ ਹੈ। ਲੋਕ ਫਿਰ ਵੀ ਇਸ ਦੀ ਪ੍ਰਵਾਹ ਨਹੀਂ ਕਰਦੇ।
ਤੀਸਰਾ ਪੱਖ ਸਾਡੇ ਮੇਲਿਆਂ ਮੌਕੇ ਵਰਤੀ ਜਾਂਦੀ ਆਮ ਲਾਪ੍ਰਵਾਹੀ ਹੈ। ਅੰਮ੍ਰਿਤਸਰ ਦੇ ਦੁਸਹਿਰਾ ਮੇਲੇ ਦੌਰਾਨ ਵਾਪਰੀ ਤਾਜ਼ਾ ਘਟਨਾ ਇਸੇ ਦਾ ਨਮੂਨਾ ਹੈ। ਪਿਛਲੇ ਕਈ ਸਾਲਾਂ ਤੋਂ ਉਸ ਥਾਂ ਇਹ ਮੇਲਾ ਲਾਇਆ ਜਾਂਦਾ ਸੀ, ਪ੍ਰਬੰਧਕ ਮਨਜ਼ੂਰੀ ਲੈਂਦੇ ਸਨ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਉਥੇ ਸੰਕਟ ਦੀ ਘੜੀ ਬਾਰੇ ਸੋਚਣ ਦੀ ਲੋੜ ਕਦੀ ਵੀ ਨਹੀਂ ਸੀ ਸਮਝੀ ਗਈ। ਜੇ ਸਮਝੀ ਗਈ ਹੁੰਦੀ ਤਾਂ ਸਥਾਨਕ ਪ੍ਰਸ਼ਾਸਨ ਜਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਏਦਾਂ ਦੀ ਥਾਂ ਉਚੇਚੇ ਬੈਰੀਕੇਡ ਵਗੈਰਾ ਲਾਉਣ ਬਾਰੇ ਸੋਚਣਾ ਚਾਹੀਦਾ ਸੀ, ਤਾਂ ਕਿ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਣ। ਇਹੋ ਨਹੀਂ, ਉਨ੍ਹਾਂ ਨੂੰ ਇਹੋ ਜਿਹੇ ਮੌਕੇ ਰੇਲ ਗੱਡੀ ਦੇ ਡਰਾਈਵਰ ਨੂੰ ਵੀ ਕਹਿ ਦੇਣਾ ਚਾਹੀਦਾ ਸੀ ਕਿ ਉਹ ਉਸ ਥਾਂ ਤੋਂ ਸਪੀਡ ਹੌਲੀ ਰੱਖੇ ਤਾਂ ਕਿ ਲੋਕ ਬਚੇ ਰਹਿਣ। ਇਹੋ ਜਿਹੀ ਕਿਸੇ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਸੀ ਕੀਤੀ ਗਈ। ਹਾਦਸਾ ਹੋਣ ਪਿੱਛੋਂ ਜਿੱਥੇ ਕਿਤੇ ਚਰਚਾ ਹੋ ਰਹੀ ਹੈ, ਹਰ ਵਿਅਕਤੀ ਸਿਰਫ ਅੰਮ੍ਰਿਤਸਰ ਦੇ ਇਸ ਹਾਦਸੇ ਤੱਕ ਸੀਮਤ ਹੋ ਕੇ ਗੱਲ ਕਰਦਾ ਹੈ।
ਕਰੀਬ ਤਿੰਨ ਦਰਜਨ ਸ਼ਹਿਰਾਂ ਤੋਂ ਛਪਦੇ ਹਿੰਦੀ ਦੇ ਇੱਕ ਕੌਮੀ ਅਖਬਾਰ ਨੇ ਇਹ ਹੈਰਾਨੀ ਭਰੀ ਰਿਪੋਰਟ ਛਾਪੀ ਹੈ ਕਿ ਸਿਰਫ ਲੁਧਿਆਣੇ ਵਿਚ ਹੀ ਪੰਜ ਥਾਂਈਂ ਰੇਲਵੇ ਲਾਈਨਾਂ ਦੇ ਨਾਲ-ਨਾਲ ਰਾਵਣ ਦੇ ਪੁਤਲੇ ਫੂਕੇ ਜਾ ਰਹੇ ਸਨ। ਅੰਮ੍ਰਿਤਸਰ ਵਿਚ ਕਿੰਨੇ ਥਾਂਈਂ ਸਨ ਤੇ ਜਲੰਧਰ ਜਾਂ ਹੋਰ ਥਾਂਈਂ ਇਹੋ ਜਿਹੇ ਕਿੰਨੇ ਰਾਵਣ ਰੇਲਵੇ ਲਾਈਨਾਂ ਕਿਨਾਰੇ ਸਾੜੇ ਗਏ ਹੋਣਗੇ, ਇਸ ਦੀ ਸੂਚੀ ਛਾਪਣ ਦੀ ਥਾਂ ਇੱਕ ਅਖਬਾਰ ਨੇ ਇਹ ਲਿਖਿਆ ਹੈ ਕਿ ਸਾਰੇ ਪੰਜਾਬ ਵਿਚੋਂ ਇਹੋ ਜਿਹੀਆਂ ਇੱਕੀ ਥਾਂਵਾਂ ਬਣਦੀਆਂ ਹਨ। ਇਨ੍ਹਾਂ ਸਭਨਾਂ ਥਾਂਵਾਂ ਬਾਰੇ ਰੇਲਵੇ ਵਿਭਾਗ ਨੂੰ ਪਤਾ ਕਿਉਂ ਨਹੀਂ ਲੱਗਾ ਤੇ ਜੇ ਲੱਗਾ ਤਾਂ ਕੋਈ ਪ੍ਰਬੰਧ ਕਿਉਂ ਨਾ ਕੀਤੇ ਗਏ? ਇਸ ਬਾਰੇ ਨਾ ਕਿਸੇ ਨੇ ਬਹੁਤਾ ਪੁੱਛਣਾ ਹੈ ਤੇ ਨਾ ਕਿਸੇ ਨੇ ਜਵਾਬਦੇਹੀ ਤੈਅ ਕਰਨੀ ਹੈ।
ਭਾਰਤ ਸਰਕਾਰ ਅਤੇ ਭਾਰਤੀਅਤਾ ਦੀ ਬੁਲੰਦੀ ਦੇ ਹੱਦੋਂ ਬਾਹਰੇ ਢੰਡੋਰੇਬਾਜ਼ ਇਹ ਗੱਲ ਬੜੇ ਮਾਣ ਨਾਲ ਕਹੀ ਜਾਂਦੇ ਹਨ ਕਿ ਭਾਰਤ ਅਗਲੇ ਸਾਲਾਂ ਵਿਚ ਸੰਸਾਰ ਦਾ ਅਗਵਾਨੂੰ ਦੇਸ਼ ਬਣਨ ਵਾਲਾ ਹੈ। ਚੰਗੀ ਗੱਲ ਹੈ ਕਿ ਬਣ ਜਾਵੇ, ਪਰ ਗੱਲ ਸਿਰਫ ਅਗਵਾਨੂੰ ਕਹਾਉਣ ਦੀ ਨਹੀਂ, ਮਿਆਰਾਂ ਦੀ ਵੀ ਹੈ। ਪੰਜਾਬੀ ਦਾ ਮੁਹਾਵਰਾ ਹੈ, ‘ਗੱਲੀਂਬਾਤੀਂ ਮੈਂ ਵੱਡੀ, ਕਰਤੂਤੀਂ ਵੱਡੀ ਜੇਠਾਣੀ।’ ਅਸੀਂ ਗੱਲਾਂ ਵਿਚ ਵੱਡੇ ਹਾਂ, ਮਿਆਰਾਂ ਵਿਚ ਬਹੁਤ ਊਣੇ ਹਾਂ। ਜਿਹੜੇ ਅਮਰੀਕਾ, ਬ੍ਰਿਟੇਨ ਅਤੇ ਹੋਰ ਵਿਕਸਿਤ ਦੇਸ਼ਾਂ ਨਾਲ ਮੁਕਾਬਲਾ ਕਰਨ ਨੂੰ ਤਾਂਘਦੇ ਹਾਂ, ਉਨ੍ਹਾਂ ਵਿਚ ਇਹੋ ਜਿਹਾ ਕੋਈ ਸਮਾਗਮ ਹੋਣਾ ਹੋਵੇ ਤਾਂ ਇਸ ਬਾਰੇ ਪਹਿਲਾ ਫੈਸਲਾ ਇਹ ਹੁੰਦਾ ਹੈ ਕਿ ਅੱਗ ਦਾ ਭਾਂਬੜ ਮੱਚਣਾ ਹੈ ਤਾਂ ਇਹ ਜਨਤਕ ਵਸੇਬੇ ਦੀਆਂ ਥਾਂਵਾਂ ਤੋਂ ਦੂਰ ਕਿਸੇ ਗਰਾਊਂਡ ਵਿਚ ਕਰਵਾਇਆ ਜਾਵੇ। ਦੂਸਰਾ ਇਹ ਕਿ ਉਸ ਥਾਂ ਅੱਗ ਬੁਝਾਉਣ ਅਤੇ ਕਿਸੇ ਹਾਦਸੇ ਵਕਤ ਜ਼ਖਮੀ ਹੋ ਰਹੇ ਲੋਕਾਂ ਨੂੰ ਸੰਭਾਲਣ ਲਈ ਐਂਬੂਲੈਂਸ ਗੱਡੀਆਂ ਤੇ ਡਾਕਟਰੀ ਟੀਮਾਂ ਦਾ ਉਚੇਚਾ ਅਤੇ ਅਗੇਤਾ ਪ੍ਰਬੰਧ ਕੀਤਾ ਜਾਵੇ।
ਭਾਰਤ ਦਾ ਬਾਬਾ ਆਦਮ ਨਿਰਾਲਾ ਹੈ। ਹਜ਼ਾਰਾਂ ਕੀ, ਕਈ ਵਾਰ ਦਿੱਲੀ ਵਿਚ ਲੱਖਾਂ ਵਰਗੀ ਭੀੜ ਵਾਲੇ ਮੈਦਾਨ ਵਿਚ ਅਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਨੂੰ ਜਾਂਦੇ ਅਤੇ ਰਸਮਾਂ ਪੂਰੀਆਂ ਕਰ ਕੇ ਫਿਰ ਰਾਵਣ ਦੇ ਬੁੱਤ ਵੱਲ ਤੀਰ ਚਲਾ ਕੇ ਫੋਟੋ ਖਿਚਵਾਉਂਦੇ ਵੇਖਦੇ ਹਾਂ। ਜਿੰਨੀ ਭੀੜ ਉਥੇ ਹੁੰਦੀ ਹੈ, ਕਿਸੇ ਦਿਨ ਜ਼ਰਾ ਜਿੰਨੀ ਚੰਗਿਆੜੀ ਭੜਕ ਪਈ ਤਾਂ ਸਭ ਕਿਸਮਾਂ ਦੇ ਅਹਿਮ ਵਿਅਕਤੀ ਘਿਰੇ ਰਹਿ ਜਾਣਗੇ ਜਾਂ ਫਿਰ ਉਹ ਕੁਝ ਕਰਨਗੇ, ਜੋ ਡੱਬਵਾਲੀ ਵਿਚ ਕੀਤਾ ਸੀ।
ਦਸੰਬਰ 1995 ਵਿਚ ਡੱਬਵਾਲੀ ਵਿਚ ਡੀ. ਏ. ਵੀ. ਪਬਲਿਕ ਸਕੂਲ ਦਾ ਸਮਾਗਮ ਸੀ। ਅਚਾਨਕ ਅੱਗ ਭੜਕੀ ਤੇ ਫਿਰ ਕਾਬੂ ਤੋਂ ਬਾਹਰ ਹੋ ਗਈ। ਸਮਾਗਮ ਇੱਕ ਮੈਰਿਜ ਪੈਲੇਸ ਵਿਚ ਹੋ ਰਿਹਾ ਸੀ। ਡਿਪਟੀ ਕਮਿਸ਼ਨਰ ਤੇ ਹੋਰ ਅਹਿਮ ਵਿਅਕਤੀ ਸਟੇਜ ਉਤੇ ਸਨ ਤੇ ਉਨ੍ਹਾਂ ਦੇ ਪਿੱਛੇ ਕੰਧ ਵਿਚ ਕੋਈ ਦਰਵਾਜਾ ਨਹੀਂ ਸੀ। ਉਨ੍ਹਾਂ ਨੇ ਅੱਗ ਬੁਝਾਉਣ ਦੇ ਪ੍ਰਬੰਧਾਂ ਦੀ ਚਿੰਤਾ ਕਰਨ ਦੀ ਥਾਂ ਆਪ ਨਿਕਲਣ ਵਾਸਤੇ ਜਦੋਂ ਵੇਖਿਆ ਕਿ ਮੁੱਖ ਦਰਵਾਜੇ ਵੱਲ ਭੀੜ ਹੈ ਤਾਂ ਟਰੈਕਟਰ ਟਰਾਲੀ ਦੀ ਟੱਕਰ ਨਾਲ ਪਿਛਲੀ ਕੰਧ ਤੁੜਵਾ ਕੇ ਨਿਕਲ ਗਏ ਤੇ ਲੋਕ ਸੜ ਕੇ ਮਰਦੇ ਰਹੇ ਸਨ। ਉਸ ਕਾਂਡ ਵਿਚ ਮਾਰੇ ਗਏ ਪੰਜ ਸੌ ਚਾਲੀ ਲੋਕਾਂ ਵਿਚੋਂ ਇੱਕ ਸੌ ਸੱਤਰ ਸਿਰਫ ਬੱਚੇ ਸਨ।
ਭਾਰਤ ਵਿਚ ਕਿਸੇ ਥਾਂ ਰਾਮ ਲੀਲਾ ਜਾਂ ਦੁਸਹਿਰਾ ਆਦਿ ਦਾ ਕੋਈ ਵੀ ਸਮਾਗਮ ਹੁੰਦਾ ਜਦੋਂ ਵੀ ਵੇਖਦੇ ਹਾਂ, ਮੈਨੂੰ ਹਰ ਵਾਰੀ ਡੱਬਵਾਲੀ ਦਾ ਕਾਂਡ ਯਾਦ ਆ ਜਾਂਦਾ ਹੈ, ਬੱਚਿਆਂ ਦੀਆਂ ਭੜਥਾ ਬਣੀਆਂ ਲਾਸ਼ਾਂ ਦਿੱਸਦੀਆਂ ਹਨ, ਵੀ. ਆਈ. ਪੀ. ਲੋਕਾਂ ਦਾ ਖਿਸਕ ਜਾਣਾ ਚੇਤੇ ਆਉਂਦਾ ਤੇ ਮਨ ਮਸੋਸਿਆ ਜਾਂਦਾ ਹੈ। ਕਾਸ਼! ਇਹ ਸਾਰਾ ਕੁਝ ਇਸ ਦੇਸ਼ ਦੇ ਲੀਡਰਾਂ ਦੀ ਨੀਂਦ ਉਡਾ ਸਕਦਾ। ਬਦਕਿਸਮਤੀ ਨਾਲ ਭਾਰਤ ਦੇ ਲੀਡਰਾਂ ਦੀ ਚਮੜੀ ਬੜੀ ਮੋਟੀ ਹੈ, ਉਨ੍ਹਾਂ ਨੂੰ ਏਦਾਂ ਦੀਆਂ ਗੱਲਾਂ ਨਾਲ ਫਰਕ ਨਹੀਂ ਪੈਂਦਾ।