ਆਟੇ ਦੀ ਚਿੜੀ: ਕਿਰਕਰਾ ‘ਆਟਾ’ ਹੀ ਖਿਲਾਰਿਆ

ਇਕਬਾਲ ਸਿੰਘ ਚਾਨਾ
ਫਿਲਮ ‘ਆਟੇ ਦੀ ਚਿੜੀ’ ਦਾ ਪਹਿਲਾ ਸੀਨ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਇਕ ‘ਹਿੱਟ ਕਲਿਪ’ ਵਰਗਾ ਹੈ, ਜਿਸ ਵਿਚ ਪੰਜਾਬ ‘ਚ ਖੁਸ਼ਹਾਲੀ ਅਤੇ ਰਸੂਖ ਭਰੀ ਜ਼ਿੰਦਗੀ ਗੁਜ਼ਾਰ ਰਹੇ ਬਜੁਰਗ ਕੈਨੇਡਾ ਪਹੁੰਚ ਕੇ ਉਥੋਂ ਦੇ ਖੇਤਾਂ ਵਿਚ ਮਜਦੂਰੀ ਕਰਨ ਲਈ ਮਜਬੂਰ ਤੇ ਲਾਚਾਰ ਹਨ, ਪਰ ਅਸਲ ਵੀਡੀਓ ਵਿਚ ਜਿੱਥੇ ਇਹ ਤ੍ਰਾਸਦੀ ਦਿਲ ਕੰਬਾਅ ਦਿੰਦੀ ਹੈ, ਉਥੇ ਫਿਲਮੀ ਸੀਨ ਇੱਕ ਘਟੀਆ ਜਿਹੀ ਕਾਮੇਡੀ ਤੋਂ ਇਲਾਵਾ ਕੁਝ ਨਹੀਂ ਹੈ। ਜਿਵੇਂ ਘਰ ਦੇ ਭਾਗ ਡਿਓੜ੍ਹੀ ਤੋਂ ਹੀ ਪਤਾ ਲੱਗ ਜਾਂਦੇ ਹਨ, ਉਵੇਂ ਫਿਲਮ ਦੇ ਪਹਿਲੇ ਦੋ-ਤਿੰਨ ਸੀਨ ਹੀ ਦੱਸ ਦਿੰਦੇ ਹਨ ਕਿ ‘ਮਾਮਲਾ ਗੜਬੜ ਹੈ’ ਜੀ!

ਫਿਲਮ ਬਣਾਉਣ ਦਾ ਮਕਸਦ ਕੀ ਹੈ? ਸਮਝ ਤੋਂ ਬਾਹਰ ਦੀ ਗੱਲ ਹੈ। ਪਹਿਲੇ ਅੱਧ ਵਿਚ ‘ਲਵ ਪੰਜਾਬ’ ਵਾਂਗ ਰਿਸ਼ਤਿਆਂ ਦੀ ਖਟਾਸ ਅਤੇ ਦੂਜੇ ਅੱਧ ਵਿਚ ‘ਮੇਰਾ ਪਿੰਡ-ਮਾਈ ਹੋਮ’ ਵਾਲਾ ਸਿਲਸਿਲਾ। ਪਰ ਦੋਹਾਂ ਫਿਲਮਾਂ ਵਿਚ ਜੋ ਦਰਦ ਤੇ ਟੀਸ ਸੀ, ‘ਆਟੇ ਦੀ ਚਿੜੀ’ ਉਸ ਦੇ ਨੇੜੇ-ਤੇੜੇ ਵੀ ਨਹੀਂ! ਸਭਿਆਚਾਰਕ ਟਾਈਟਲ ਰੱਖ ਕੇ ‘ਭੰਡਗਿਰੀ’ ਹੀ ਦਿਖਾਈ ਗਈ ਹੈ।
ਫਿਲਮ ਵਿਚ ਨਾ ਤਾਂ ਕਹਾਣੀ ਨਾਂ ਦੀ ਕੋਈ ਚੀਜ਼ ਹੈ ਤੇ ਨਾ ਹੀ ਕਿਰਦਾਰਾਂ ਨੂੰ ਸਿਰਜਣ ਦੀ ਲੇਖਕ ਤੇ ਨਿਰਦੇਸ਼ਕ ਨੂੰ ਕੋਈ ਸਮਝ ਹੈ। ਸਰਦਾਰ ਸੋਹੀ ਪਹਿਲੇ ਦੋ ਕੁ ਦ੍ਰਿਸ਼ਾਂ ਵਿਚ ਬੜਾ ਸੰਜੀਦਾ ਤੇ ਗੰਭੀਰ ਜਿਹਾ ਕਿਰਦਾਰ ਹੈ, ਪਰ ਜਦੋਂ ਘੁੱਗੀ ਅਤੇ ਬੀ. ਐਨ. ਸ਼ਰਮਾ ਜਿਹੇ ਕਿਰਦਾਰਾਂ ਦੀ ਐਂਟਰੀ ਹੁੰਦੀ ਹੈ ਤਾਂ ਉਹ ਵੀ ਉਨ੍ਹਾਂ ਨਾਲ ਉਹੋ ਜਿਹਾ ਭੰਡ ਬਣ ਜਾਂਦਾ ਹੈ। ਦੂਜੇ ਅੱਧ ਵਿਚ ਪੰਜਾਬ ਆ ਕੇ ਤਾਂ ਇੰਜ ਲਗਦਾ ਹੈ ਕਿ ਉਹ ਹੀ ਸਭ ਤੋਂ ਵੱਡਾ ਭੰਡ ਹੈ। ਸਾਰੇ ਪਰਿਵਾਰ ਨੂੰ ਜਿਸ ਤਰ੍ਹਾਂ ਦੀਆਂ ਡਰੈਸਾਂ ਪੁਆ ਕੇ ਉਨ੍ਹਾਂ ਦਾ ਜਲੂਸ ਕੱਢਿਆ ਹੈ, ਇਹ ਸਿਰਫ ਨਿਰਦੇਸ਼ਕ ਤੇ ਲੇਖਕ ਦੇ ਜ਼ਰਖੇਜ਼ ਦਿਮਾਗ ਦੀ ਉਪਜ ਹੋ ਸਕਦਾ ਹੈ, ਪੰਜਾਬ ਵਿਚ ਏਨੇ ਬੇਵਕੂਫ ਕਿਰਦਾਰ ਤਾਂ ਕਿਤੇ ਨਜ਼ਰ ਨਹੀਂ ਆਉਂਦੇ।
ਕੈਨੇਡਾ ਵਿਚ ਘਰ ਦਾ ਕਿਰਾਇਆ ਨਾ ਦੇਣਾ, ਘੁੱਗੀ ਦਾ ਸ਼ੱਰੇਆਮ ਦੇਸੀ ਸ਼ਰਾਬ ਕੱਢਣਾ, ਬੀ. ਐਨ. ਸ਼ਰਮਾ ਦੀਆਂ ਬੇਤੁਕੀਆਂ ਹਰਕਤਾਂ ਤੇ ਡਾਇਲਾਗ ਵੇਖ-ਸੁਣ ਕੇ ਮੱਥਾ ਪਿੱਟਣ ਨੂੰ ਜੀ ਕਰਦਾ ਸੀ ਕਿਉਂਕਿ ਫਿਲਮ ਵੇਖਣ ਲਈ ਸਿਰਦਰਦ ਦੀ ਗੋਲੀ ਤਾਂ ਕੋਈ ਜੇਬ ‘ਚ ਪਾ ਕੇ ਨਾਲ ਲਿਜਾਂਦਾ ਨਹੀਂ।
ਨੀਰੂ ਬਾਜਵਾ ਦਾ ਇਕ ਪਾਸੇ ਤਾਂ ਘਰ ‘ਚ ਇਸ ਗੱਲੋਂ ਕਲੇਸ਼ ਰਹਿਣਾ ਕਿ ਪਤੀ ਅਤੇ ਸਹੁਰੇ ਦੇ ਕੰਮ ਨਾ ਕਰਨ ਕਰਕੇ ਘਰ ਦੇ ਬਿੱਲ ਤਕ ਨਹੀਂ ਦੇ ਹੋ ਰਹੇ ਪਰ ਜਦੋਂ ਵੇਖਦੀ ਹੈ ਕਿ ਸਹੁਰਾ ਇੰਡੀਆ ਜਾਣ ਲਈ ਸੈਂਟੀ ਹੈ ਤਾਂ ਸਾਰਾ ਟੱਬਰ ਹੀ ਤਿਆਰ ਹੋ ਜਾਂਦਾ ਹੈ। ਕੋਈ ਲਾਟਰੀ ਨਿਕਲੀ ਤਾਂ ਦਿਖਾਈ ਹੀ ਨਹੀਂ! ਜੇ ਕੈਨੇਡਾ ਦਾ ਅਕਸ ਬੁਰਾ ਵਿਖਾਇਆ ਹੈ ਤਾਂ ਪੰਜਾਬ ਦਾ ਉਸ ਤੋਂ ਵੀ ਬੁਰਾ। ਕੋਈ ਵੀ ਦ੍ਰਿਸ਼ ਅਸਲੀਅਤ ਦੇ ਨੇੜੇ ਨਹੀਂ।
ਕਲਾਕਾਰਾਂ ‘ਚੋਂ ਮੁਖ ਰੋਲ ਸਰਦਾਰ ਸੋਹੀ ਦਾ ਹੈ। ਉਹ ਐਕਟਰ ਵਧੀਆ ਹੈ ਪਰ ਜਿਵੇਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਹੈ, ਉਵੇਂ ਫਿਲਮ ਵਿਚ ‘ਭੰਡਾਂ’ ਦੇ ਝੁੰਡ ਵਿਚ ਘਿਰ ਕੇ ਖੁਦ ਵੀ ਭੰਡ ਜਿਹਾ ਬਣ ਜਾਂਦਾ ਹੈ।
ਸਭ ਤੋਂ ਵੱਧ ਨਿਰਾਸ਼ ਨੀਰੂ ਬਾਜਵਾ ਨੇ ਕੀਤਾ ਹੈ। ਉਸ ਨੇ ਚੱਜ ਦੀ ਐਕਟਿੰਗ ਤਾਂ ਕੀ ਕਰਨੀ ਸੀ, ਡਾਇਲਾਗ ਵੀ ਚੰਗੀ ਤਰ੍ਹਾਂ ਨਹੀਂ ਉਚਾਰੇ। ਕਈ ਥਾਂ ਉਚਾਰਨ ਵੀ ਗਲਤ ਹੈ ਕੀਤਾ ਹੈ, ਜਿਵੇਂ ਭੁੱਚੋ ਮੰਡੀ ਨੂੰ ਪੁਚੋ ਮੰਡੀ, ਕਾਂ ਨੂੰ ਕਾ, ਮਕਾਣ ਨੂੰ ਮਕਾਨ, ਮੁਲਕ ਨੂੰ ਮੁਲਖ, ਘਰ ਨੂੰ ਗਰ ਤੇ ਭੰਗੜੇ ਨੂੰ ਪੰਗੜੇ। ਡਾਇਰੈਕਟਰ ਨੇ ਡਬਿੰਗ ਵੇਲੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ।
ਅੰਮ੍ਰਿਤ ਮਾਨ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਹੈ। ਹੀਰੋ ਘੱਟ ਤੇ ‘ਫੁਕਰਪੁਣੇ’ ਵਾਲੇ ਆਪਣੇ ਗਾਣਿਆਂ ਵਾਂਗ ‘ਫੁਕਰਾ’ ਵੱਧ ਲਗਦਾ ਹੈ। ਐਕਟਿੰਗ ਵਿਚ ਉਸ ਨੂੰ ਵੀ ਪੂਰਾ ਜ਼ੀਰੋ ਨੰਬਰ ਦਿੱਤਾ ਜਾ ਸਕਦਾ ਹੈ। ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ ਨੇ ਇਹ ਫਿਲਮ ਕੀ ਸੋਚ ਕੇ ਕੀਤੀ, ਉਹੀ ਜਾਣਦੇ ਹੋਣਗੇ ਪਰ ਜਾਪਦਾ ਹੈ ਕਿ ਸਭ ਕਮੇਡੀਅਨ ਹੁਣ ਭਰਿਆ ਮੇਲਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਨੋਟਾਂ ਨਾਲ ਜੇਬਾਂ ਭਰ ਲੈਣੀਆਂ ਚਾਹੁੰਦੇ ਹਨ। ਚੁਟਕਲਿਆਂ ਤੇ ਪੰਚਾਂ ਦਾ ਸਟਾਕ ਵੀ ਉਨ੍ਹਾਂ ਦਾ ਮੁੱਕ ਚੁਕਾ ਹੈ। ਹਾਰਬੀ ਸੰਘਾ, ਨਿਰਮਲ ਰਿਸ਼ੀ ਤੇ ਗੁਰਮੀਤ ਭੰਗੂ ਵੀ ਇੱਕਾ ਦੁੱਕਾ ਸੀਨਾਂ ਵਿਚ ਫਾਲਤੂ ਜਿਹੇ ਲਗਦੇ ਹਨ। ਫਿਲਮ ਵਿਚ ਕੰਕਰਾਂ ਭਰਿਆ ਕਿਰਕਰਾ ਆਟਾ ਹੀ ਖਿਲਾਰਿਆ ਹੈ, ਚਿੜੀ ਬਣੀ ਹੋਈ ਕਿਤੇ ਨਜ਼ਰ ਨਹੀਂ ਆਉਂਦੀ!